੨੦ ਫੱਗਣ ੨੦੧੭ ਬਿਕ੍ਰਮੀ ਵਰਖਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਮਹਾਕਾਲ ਆਪਣਾ ਨਾਉਂ ਜਣਾਇਆ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਮਹਾਕਾਲ ਆਪਣਾ ਹੁਕਮ ਮਨਾਇਆ, ਹੁਕਮੇ ਅੰਦਰ ਖੇਲ ਖਿਲਾਇੰਦਾ। ਮਹਾਕਾਲ ਆਪਣੀ ਤੇਜ਼ ਧਾਰ ਚਲਾਇਆ, ਆਰ ਪਾਰ ਆਪ ਫਿਰਾਇੰਦਾ। ਮਹਾਕਾਲ ਆਪਣਾ ਹੁਲਾਰ ਇਕ ਕਰਾਇਆ, ਦੋ ਜਹਾਨਾਂ ਆਪ ਫਿਰਾਇੰਦਾ। ਮਹਾਕਾਲ ਰੂਪ ਨਿਰੰਕਾਰ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਮਹਾਕਾਲ ਹਰਿ ਕੀ ਧਾਰ, ਹਰਿ ਹਰਿ ਆਪ ਚਲਾਈਆ। ਮਹਾਕਾਲ ਰਹੇ ਆਦਿ ਜੁਗਾਦਿ ਜੁਗ ਜੁਗ ਪਾਵੇ ਸਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਮਹਾਕਾਲ ਹੋਏ ਸਹਾਰ, ਦੀਨਨ ਰੱਛਿਆ ਆਪ ਕਰਾਈਆ। ਮਹਾਕਾਲ ਵੰਡੇ ਭਾਰ, ਦੇਵੇ ਵੰਡ ਸ੍ਰਿਸ਼ਟ ਸਬਾਈਆ। ਮਹਾਕਾਲ ਮੀਤ ਮੁਰਾਰ, ਹਰਿਜਨ ਸਾਚੇ ਲਏ ਮਿਲਾਈਆ। ਮਹਾਕਾਲ ਸਬ ਤੋਂ ਬਾਹਰ, ਫੰਦਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਜਣਾਈਆ। ਮਹਾਕਾਲ ਹਰਿ ਕਾ ਬਲ, ਨਾ ਕੋਈ ਰੋਕੇ ਰੋਕ ਰੁਕਾਇੰਦਾ। ਮਹਾਕਾਲ ਵਸੇ ਧਾਮ ਅਟੱਲ, ਅਟਲ ਪਦਵੀ ਇਕ ਜਣਾਇੰਦਾ। ਮਹਾਕਾਲ ਅਛਲ ਅਛੱਲ, ਵਲ ਛਲ ਛਲਧਾਰੀ ਭੇਵ ਨਾ ਆਇੰਦਾ। ਮਹਾਕਾਲ ਤ੍ਰੈਭਵਨ ਦੇਵੇ ਦਲ, ਏਕਾ ਵਾਰ ਖੇਲ ਖਿਲਾਇੰਦਾ। ਮਹਾਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਮਹਾਕਾਲ ਸੂਰਬੀਰ ਬਲਵਾਨਾ, ਸਾਹਿਬ ਸਤਿਗੁਰ ਆਪ ਜਣਾਈਆ। ਮਹਾਕਾਲ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਮਹਾਕਾਲ ਆਦਿ ਜੁਗਾਦਿ ਮੰਗੇ ਮੰਗ ਧੁਰ ਫ਼ਰਮਾਨਾ, ਨਿਉਂ ਨਿਉਂ ਸੀਸ ਝੁਕਾਈਆ। ਮਹਾਕਾਲ ਦਰ ਦਰਵੇਸ਼ ਦਰ ਦਰਬਾਨਾ, ਅਲਖ ਅਲਖਨਾ ਅਲਖ ਜਗਾਈਆ। ਮਹਾਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਨਿਭਾਈਆ। ਮਹਾਕਾਲ ਹਰਿ ਹਰਿ ਕਾ ਰੰਗ, ਹਰਿ ਹਰਿ ਸਾਚਾ ਆਪ ਬਣਾਇੰਦਾ। ਮਹਾਕਾਲ ਬ੍ਰਹਿਮੰਡ ਵਜਾਏ ਮਰਦੰਗ, ਡੌਰੂ ਡੰਕਾ ਇਕ ਵਖਾਇੰਦਾ। ਮਹਾਕਾਲ ਸੂਰਾ ਸਰਬੰਗ, ਭੈ ਸੀਸ ਨਾ ਕੋਈ ਜਣਾਇੰਦਾ। ਮਹਾਕਾਲ ਲੇਖਾ ਜਾਣੇ ਅੰਧੇਰਾ ਅੰਧ, ਅੰਧ ਅੰਧੇਰ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਕਾਲ ਆਪ ਪਰਗਟਾਇੰਦਾ। ਮਹਾਕਾਲ ਹਰਿ ਪਰਗਟਾਏ, ਹਰਿ ਪੁਰਖ ਵਡੀ ਵਡਿਆਈਆ। ਆਪਣੀ ਇਛਿਆ ਆਪ ਵਿਚ ਟਿਕਾਏ, ਸਾਚੀ ਸਿਖਿਆ ਆਪ ਸਮਝਾਈਆ। ਆਪਣਾ ਲੇਖਾ ਲਿਖਿਆ ਅੱਗੇ ਧਰਾਏ, ਸਾਚੀ ਪੱਟੀ ਆਪ ਪੜ੍ਹਾਈਆ। ਹੁਕਮੀ ਹੁਕਮ ਰਿਹਾ ਜਣਾਏ, ਹਰਿ ਹਾਕਮ ਵੱਡਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਈਆ। ਖੇਲ ਅਵੱਲਾ ਇਕ ਅਕੱਲਾ, ਪੁਰਖ ਪੁਰਖੋਤਮ ਆਪ ਕਰਾਇੰਦਾ। ਜੋਤੀ ਧਾਰ ਸ਼ਬਦੀ ਭੱਲਾ, ਮਹਾਕਾਲ ਹੱਥ ਫੜਾਇੰਦਾ। ਨੌਂ ਨੌਂ ਪਾਏ ਤ੍ਰਥੱਲਾ, ਚਾਰ ਚਾਰ ਮੁਖ ਭਵਾਇੰਦਾ। ਲੇਖਾ ਜਾਣੇ ਘੜੀ ਘੜੀ ਪਲ ਪਲਾ, ਵਾਰ ਥਿਤ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਕਾਲ ਦੀਨ ਦਿਆਲ ਆਪ ਵਸਾਏ ਆਪਣੀ ਧਰਮਸਾਲ, ਧੁਰ ਦਰਬਾਰੇ ਆਪ ਬਹਾਇੰਦਾ। ਧੁਰ ਦਰਬਾਰ ਸੁਹੰਜਣਾ, ਸੋਭਾਵੰਤ ਹਰਿ ਕਰਤਾਰ। ਕਰੇ ਖੇਲ ਆਦਿ ਨਿਰੰਜਣਾ, ਆਦਿ ਜੁਗਾਦੀ ਸਾਚੀ ਕਾਰ। ਲੇਖਾ ਜਾਣੇ ਦੀਨਾਂ ਨਾਥ ਦਰਦ ਦੁੱਖ ਭੈ ਭੰਜਣਾ, ਦੇਵ ਦਾਨਵ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਖੁਲ੍ਹਾਏ ਮਹਾਕਾਲ। ਮਹਾਕਾਲ ਹਰਿ ਭੇਵ ਖੁਲ੍ਹਾਇੰਦਾ, ਬੇਅੰਤ ਬੇਪਰਵਾਹ। ਆਪਣਾ ਰੂਪ ਆਪ ਧਰਾਇੰਦਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰਿਹਾ ਜਣਾ। ਨਵ ਨੌਂ ਚਾਰ ਭੇਵ ਕੋਈ ਨਾ ਪਾਇੰਦਾ, ਸਭ ਬੈਠੇ ਸੀਸ ਝੁਕਾ। ਗੋਬਿੰਦ ਮਹਾਕਾਲ ਓਟ ਰਖਾਇੰਦਾ, ਹੋਏ ਸਹਾਈ ਦੋ ਜਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਕਾਲ ਆਪਣਾ ਨਾਉਂ ਲਏ ਪਰਗਟਾ।
