Granth 10 Likhat 051: 20 Faggan 2017 Bikarmi Aasa Singh Piara Singh de Greh Babu pura

੨੦ ਫੱਗਣ ੨੦੧੭ ਬਿਕ੍ਰਮੀ ਆਸਾ ਸਿੰਘ ਪਿਆਰਾ ਸਿੰਘ ਦੇ ਗ੍ਰਹਿ ਬਾਬੂ ਪੁਰਾ

ਨਿਧਾਨ ਠਾਕਰ ਗੁਣ ਸਵਾਮੀ, ਭਗਵੰਤ ਬੇਪ੍ਰਵਾਹ ਬੇਅੰਤ ਅਖਵਾਇੰਦਾ। ਨਿਰਵੈਰ ਪੁਰਖ ਅਕਾਲ ਸਦਾ ਨਿਹਕਾਮੀ, ਨਿਹਕਰਮੀ ਕਰਮ ਕਰਾਇੰਦਾ। ਆਦਿ ਅੰਤ ਹਰਿ ਘਟ ਘਟ ਅੰਤਰਜਾਮੀ, ਅੰਤਰ ਆਪਣਾ ਭੇਵ ਖੁਲ੍ਹਾਇੰਦਾ। ਜੁਗਾ ਜੁਗੰਤਰ ਸ਼ਬਦ ਅਗੰਮੀ ਬੋਲੇ ਬਾਣੀ, ਰਾਗੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸ਼ਬਦ ਅਗੰਮੀ ਬੋਧ ਅਗਾਧ, ਅਲਖ ਅਲਖਨਾ ਆਪੇ ਗਾਈਆ। ਆਪਣੇ ਅੰਦਰੋਂ ਆਪੇ ਕਾਢ, ਆਪਣੀ ਧਾਰਾ ਆਪ ਪਰਗਟਾਈਆ। ਆਪ ਵਸਾਏ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਵੇਖਣ ਆਈਆ। ਜੁਗ ਜੁਗ ਖੇਲ ਖਿਲਾਇੰਦਾ, ਖੇਲਣਹਾਰਾ ਏਕੰਕਾਰ। ਆਪਣੀ ਕਲ ਆਪ ਧਰਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਜੁਗ ਜੁਗ ਆਪਣੀ ਵੰਡ ਵੰਡਾਇੰਦਾ, ਆਪੇ ਹੋਏ ਵੇਖਣਹਾਰ। ਸਤਿਜੁਗ ਆਪਣੇ ਰੰਗ ਰੰਗਾਇੰਦਾ, ਰੰਗ ਰੰਗੀਲਾ ਖੇਲ ਅਪਾਰ। ਬਾਵਣ ਆਪਣਾ ਭੇਖ ਵਟਾਇੰਦਾ, ਆਪੇ ਮੰਗੇ ਬਲ ਦਵਾਰ। ਭਗਤ ਭਗਵੰਤ ਆਪ ਤਰਾਇੰਦਾ, ਨਰ ਸਿੰਘ ਖੇਲ ਕਰੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸੱਚਖੰਡ ਸਚੇ ਦਰਬਾਰ। ਸਚਖੰਡ ਦਵਾਰ ਸੁਹਾਇੰਦਾ, ਮਹਿਮਾ ਗਣਤ ਗਣੀ ਨਾ ਜਾ। ਰੂਪ ਅਨੂਪ ਆਪ ਵਟਾਇੰਦਾ, ਨਿਰਗੁਣ ਸਰਗੁਣ ਨਾਉਂ ਧਰਾ। ਸਤਿਜੁਗ ਅੰਤਮ ਪੰਧ ਮੁਕਾਇੰਦਾ, ਤਰੇਤਾ ਲਏ ਰੂਪ ਵਟਾ। ਤ੍ਰੈਗੁਣ ਆਪਣਾ ਖੇਲ ਖਿਲਾਇੰਦਾ, ਤ੍ਰੈ ਕਾਲ ਦਰਸੀ ਬੰਧਨ ਪਾ। ਰੂਪ ਅਨੂਪ ਆਪਣਾ ਆਪ ਵਖਾਇੰਦਾ, ਪੰਜ ਤੱਤ ਕਾਇਆ ਚੋਲਾ ਲਏ ਹੰਢਾ। ਏਕਾ ਦੂਆ ਮੇਲ ਮਿਲਾਇੰਦਾ, ਦੂਆ ਏਕਾ ਗੰਢ ਪਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹ। ਤਰੇਤਾ ਧਾਰ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਸਰਗੁਣ ਨਿਰਗੁਣ ਵੇਸ ਵਟਾਇੰਦਾ। ਸਾਚਾ ਮਾਰਗ ਲਾਏ ਆਪ ਅਪਾਰ, ਭੇਵ ਕੋਇ ਨਾ ਪਾਇੰਦਾ। ਏਕਾ ਸੁਰਤੀ ਵਰੇ ਏਕਾ ਵਾਰ, ਏਕਾ ਨਾਰੀ ਕੰਤ ਹੰਢਾਇੰਦਾ। ਜਨਕ ਸਪੁਤਰੀ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜਨਕ ਸਪੁਤਰੀ ਨਾਤਾ ਜੋੜ, ਰਘਪਤ ਆਪਣਾ ਖੇਲ ਖਿਲਾਈਆ। ਆਪੇ ਲੱਗੀ ਦੇਵੇ ਤੋੜ, ਤੋੜਣਹਾਰਾ ਆਪ ਹੋ ਜਾਈਆ। ਆਪੇ ਜਗਨ ਨਾਥ ਚਰਨ ਕਵਲਾਂ ਦਏ ਵਿਛੋੜ, ਜਗਦੀਸਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਆਪੇ ਤੋੜੇ ਆਪਣਾ ਨਾਤਾ, ਹਰਿ ਹਰਿ ਆਪੇ ਬੰਧਨ ਪਾਇੰਦਾ। ਆਪੇ ਵੇਖੇ ਖੇਲ ਤਮਾਸ਼ਾ, ਆਪੇ ਨਟੂਆ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਵੇਸ ਕਰਾਇਆ ਏਕਾ ਦੂਆ, ਦੂਆ ਏਕਾ ਭੇਵ ਨਾ ਆਇੰਦਾ। ਲੇਖਾ ਜਾਣੇ ਤਿਰਿਆ ਤ੍ਰੈਆ, ਤਿੰਨਾਂ ਲੋਕਾਂ ਖੋਜ ਖੋਜਾਇੰਦਾ। ਆਪਣੇ ਜੇਹਾ ਆਪੇ ਹੋਇਆ, ਆਪਣਾ ਸੇਵਕ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਰਥ ਸੁਤ ਆਪ ਅਖਵਾਇੰਦਾ। ਆਪੇ ਦਸਰਥ ਸੁਤ ਜਗਤ ਜਗ ਬੇਟਾ, ਆਪੇ ਖੇਵਟ ਖੇਟਾ ਨਾਉਂ ਧਰਾਈਆ। ਆਪੇ ਆਪਣਾ ਤਨ ਆਪਣੇ ਸਿਰ ਲਪੇਟਾ, ਆਪਣਾ ਪੜਦਾ ਆਪੇ ਪਾਈਆ। ਆਪੇ ਹੋਏ ਘਟ ਘਟ ਲੇਟਾ, ਰੂਪ ਰੰਗ ਨਾ ਕੋਇ ਜਣਾਈਆ। ਆਪੇ ਹੋਏ ਅਲਖਣਾ ਲੇਖਾ, ਲਿਖ ਲਿਖ ਲੇਖਾ ਆਪਣਾ ਪੂਰ ਕਰਾਈਆ। ਆਪੇ ਮਸਤਕ ਹੋਏ ਮੇਖਾ, ਗੁਣ ਆਪਣੇ ਲਏ ਵਖਾਈਆ। ਆਪੇ ਸੁਤ ਬ੍ਰਹਮਾ ਕਰੇ ਭੇਸਾ, ਸੰਤ ਕੁਮਾਰ ਕਰੇ ਜਣਾਈਆ। ਆਪੇ ਰਾਵਣ ਦਏ ਆਦੇਸਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪੇ ਰਾਵਣ ਵਿਦਿਆ ਦਾਤਾ, ਅੱਖਰ ਅੱਖਰ ਆਪ ਪੜ੍ਹਾਇੰਦਾ। ਆਪ ਜਣਾਏ ਆਪਣੀ ਗਾਥਾ, ਆਪਣਾ ਭੇਵ ਖੁਲ੍ਹਾਇੰਦਾ। ਆਪੇ ਹੋ ਰਘਪਤ ਰਘਨਾਥਾ, ਜਗਦੀਸ਼ ਆਪ ਸੁਹਾਇੰਦਾ। ਆਪੇ ਹੋ ਕਮਲਾਪਾਤਾ, ਕਵਲ ਨੈਣ ਆਪ ਮਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਪੇ ਰਾਵਣ ਕਰ ਤਿਆਰ, ਆਪਣਾ ਬਲ ਆਪ ਧਰਾਈਆ। ਆਪੇ ਦੇਵਣਹਾਰ ਹੰਕਾਰ, ਹਉਮੇ ਹੰਗਤਾ ਨਾਲ ਰਲਾਈਆ । ਆਪੇ ਸੈਨਾਪਤ ਕਰੇ ਸ਼ੰਗਾਰ, ਆਪੇ ਬਖ਼ਸ਼ੇ ਸਾਚੀ ਸ਼ਾਹੀਆ। ਆਪੇ ਰਣ ਭੂਮੀ ਸੁੱਤਾ ਪੈਰ ਪਸਾਰ, ਚਿੱਲਾ ਤੀਰ ਕਮਾਨ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਖੇਲ ਖਿਲਾਈਆ। ਆਪੇ ਗੜ੍ਹ ਹੰਕਾਰੀ ਤੋੜਦਾ, ਤੋੜਨਹਾਰਾ ਏਕਾ ਏਕ। ਆਪੇ ਲੱਗੀ ਪਰੀਤ ਆਪਣੇ ਨਾਲ ਜੋੜਦਾ, ਨਿਰਗੁਣ ਨਿਰਗੁਣ ਹਰਿ ਹਰਿ ਵੇਖ। ਆਪੇ ਮਨਮੁਖਤਾ ਸ਼ੌਹ ਦਰਯਾਏ ਰੋੜ੍ਹਦਾ, ਕਰ ਕਰ ਅਵੱਲਾ ਭੇਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਲਿਖਣਹਾਰਾ ਲੇਖ। ਜੁਗ ਜੁਗ ਲੇਖ ਲਿਖਾਇਆ, ਗ਼ਰੀਬ ਨਿਮਾਣਿਆ ਪਾਵੇ ਸਾਰ। ਤਰੇਤਾ ਰੂਪ ਆਪ ਹੰਢਾਇਆ, ਭਗਵਨ ਮਾਤ ਲੋਕ ਸੰਸਾਰ। ਗ਼ਰੀਬ ਨਿਮਾਣੇ ਗਲੇ ਲਗਾਇਆ, ਜਗਤ ਭੀਲਣੀ ਲਏ ਉਧਾਰ। ਚਰਨ ਕਵਲ ਚਰਨ ਛੁਹਾਇਆ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਸਤੀ ਅਹੱਲਿਆ ਲੇਖ ਚੁਕਾਇਆ, ਪੱਥਰ ਪਾਹਨ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਕਰੇ ਨਿਰੰਕਾਰ, ਜੁਗ ਜੁਗ ਵੇਸ ਵਟਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਸਤਿਜੁਗ ਤਰੇਤਾ ਆਪਣੀ ਗੋਦ ਬਹਾਇੰਦਾ, ਦਵਾਪਰ ਲੋਕ ਮਾਤ ਕਰੇ ਉਜਿਆਰ। ਰੂਪ ਅਨੂਪ ਆਪ ਵਟਾਇੰਦਾ, ਮੁਕੰਦ ਮਨੋਹਰ ਲਖਮੀ ਨਰਾਇਣ ਬਾਲ ਬਾਲਾ ਹੋ ਤਿਆਰ। ਮੋਰ ਮੁਕਟ ਸੀਸ ਟਿਕਾਇੰਦਾ, ਮਧੁਰ ਨੈਣ ਮਧੁਰ ਕਰੇ ਸਚੀ ਗੁਫ਼ਤਾਰ। ਏਕਾ ਬੰਸਰੀ ਸਚ ਵਜਾਇੰਦਾ, ਆਪੇ ਹੋਏ ਵਜਾਵਣਹਾਰ। ਸਾਚੇ ਮੰਡਲ ਰਾਸ ਰਚਾਇੰਦਾ, ਗੋਪੀ ਕਾਹਨਾ ਕਰੇ ਸੰਗਾਰ। ਸਾਚੀ ਸਖ਼ੀਆਂ ਖੇਲ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਗਵਾਲਾ ਫਿਰੇ ਵਿਚ ਸੰਸਾਰ। ਗਵਾਲਾ ਬਣਿਆ ਗੋਪੀ ਕਾਹਨ, ਘਰ ਘਰ ਬੰਸਰੀ ਨਾਮ ਵਜਾਈਆ। ਆਤਮ ਦੇਵੇ ਇਕ ਗਿਆਨ, ਕਰੇ ਸਚ ਪੜ੍ਹਾਈਆ। ਦਰੋਪਦ ਸੁਤ ਲਜ ਰੱਖੇ ਆਣ, ਦਰੋਪਦ ਲਜਿਆ ਆਪ ਰਖਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਬਿਦਰ ਸੁਦਾਮਾ ਕੋਲ ਬਹਾਈਆ। ਅਰਜਣ ਬਖ਼ਸ਼ੇ ਇਕ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਅਠਾਰਾਂ ਧਿਆਏ ਗੀਤਾ ਵਖਾਣ, ਇਕ ਇਕ ਨਾਲ ਕਰੇ ਪੜ੍ਹਾਈਆ। ਰਥ ਰਥਵਾਹੀ ਬਣਿਆ ਵਿਚ ਜਹਾਨ, ਸਾਚੀ ਸੇਵਾ ਆਪ ਕਮਾਈਆ। ਦਵਾਪਰ ਮੇਟ ਅੰਤ ਨਿਸ਼ਾਨ, ਯਾਦਵ ਬੰਸ ਗਿਆ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਈਆ। ਜੁਗ ਜੁਗ ਭੇਵ ਜਣਾਵਨਹਾਰਾ, ਏਕਾ ਰੰਗ ਸਮਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਇਲਾਹੀ ਨੂਰ ਆਪ ਪਰਗਟਾਇੰਦਾ। ਏਕਾ ਅਲਫ਼ੀ ਤਨ ਸ਼ੰਗਾਰਾ, ਹੱਥ ਮੁਸੱਲਾ ਆਪ ਰਖਾਇੰਦਾ। ਗਲ ਤਸਬੀ ਪਾਏ ਏਕਾ ਮਾਲਾ, ਮਣਕਾ ਮਣਕਾ ਨਾਲ ਮਿਲਾਇੰਦਾ। ਏਕਾ ਸਿਫ਼ਰਾ ਆਠਾ ਕਰ ਪਿਆਰਾ, ਏਕਾ ਤੰਦ ਬੰਧਾਇੰਦਾ। ਅੱਠਾਂ ਤੱਤਾਂ ਤੱਤ ਵਿਚਾਰਾ, ਸਿਫ਼ਰਾ ਬਲ ਨਾ ਕੋਏ ਰਖਾਇੰਦਾ। ਇਕ ਇਕੱਲਾ ਪਰਵਰਦਿਗਾਰਾ, ਆਪਣੀ ਅਲਫ਼ ਆਪ ਪਰਗਟਾਇੰਦਾ। ਏਕਾ ਅਲਫ਼ ਦਏ ਸਹਾਰਾ, ਨੁਕਤਾ ਹੋਰ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਭੇਵ ਅਵੱਲੜਾ, ਹਰਿ ਸਾਚਾ ਸਚ ਕਰਾਏ। ਕਰੇ ਖੇਲ ਅਗੰਮ ਅਗੰਮੜਾ, ਅਗੰਮੜਾ ਰੂਪ ਵਟਾਏ। ਨਿਰਗੁਣ ਸਰਗੁਣ ਫੜਾਏ ਪਲੜਾ, ਸਾਚਾ ਪੱਲੂ ਇਕ ਫੜਾਏ। ਸਚ ਸੰਦੇਸ਼ ਏਕਾ ਘਲੜਾ, ਸਾਚਾ ਕਲਮਾ ਆਪ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੇ। ਸਾਚਾ ਕਲਮਾ ਹਰਿ ਕਲਾਮ, ਆਪਣੀ ਆਪ ਜਣਾਈਆ। ਆਪ ਬਣਾਏ ਜਗਤ ਅਮਾਮ, ਸਿਰ ਆਪਣਾ ਹੱਥ ਟਿਕਾਈਆ। ਈਸਾ ਮੂਸਾ ਭੇਜੇ ਆਪ ਗ਼ੁਲਾਮ, ਸਾਚੀ ਸੇਵਾ ਇਕ ਸਮਝਾਈਆ। ਆਪਣੇ ਹੱਥ ਰੱਖੇ ਲਗਾਮ, ਚਾਰੋਂ ਕੁੰਟ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਈਸਾ ਮੂਸਾ ਖੇਲ ਖਿਲਾਇਆ, ਕਰੇ ਖੇਲ ਅਲਾਹੀ ਨੂਰ। ਮੁਕਾਮੇ ਹੱਕ ਨਾਅਰਾ ਲਾਇਆ, ਇਕ ਵਜਾਈ ਸਾਚੀ ਤੂਰ। ਵੇਲਾ ਵਕ਼ਤ ਰਿਹਾ ਸਮਝਾਇਆ, ਵਸਣਹਾਰਾ ਨੇੜੇ ਦੂਰ। ਸਾਚਾ ਹੁਜਰਾ ਆਪ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜਲਵਾ ਕੋਹਤੂਰ। ਕੋਹਤੂਰ ਭੇਵ ਨਾ ਆਇੰਦਾ, ਨੂਰ ਨੂਰਾਨਾ ਨੂਰ ਖ਼ੁਦਾ। ਮੂਸਾ ਢਹਿ ਢਹਿ ਸੀਸ ਝੁਕਾਇੰਦਾ, ਤੂੰ ਦਾਤਾ ਬੇਪਰਵਾਹ। ਤੇਰਾ ਅੰਤ ਕੋਈ ਨਾ ਪਾਇੰਦਾ, ਤੂੰ ਸਿਫ਼ਤੀ ਸਿਫ਼ਤ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾ। ਸਾਚਾ ਹੁਕਮ ਹਰਿ ਸੁਣਾਇਆ, ਮੂਸਾ ਐਲੀ ਆਪ ਉਠਾ। ਹੁਣ ਦਾ ਸੁਣਿਆ ਭੁਲ ਨਾ ਜਾਇਆ, ਅਭੁਲ ਰਿਹਾ ਬਤਾ। ਲੋਕਮਾਤ ਤੇਰੀ ਕੁਲ ਵਧਾਇਆ, ਕੁਲਵੰਤ ਬਣੇ ਖ਼ੁਦਾ। ਖ਼ਾਲਕ ਖ਼ਲਕ ਰੂਪ ਵਟਾਇਆ, ਕਰੇ ਖੇਲ ਸ਼ਹਿਨਸ਼ਾਹ। ਆਪਣੀ ਅਜ਼ਮਤ ਤੇਰੇ ਅੰਗ ਲਗਾਇਆ, ਤੇਰੀ ਗ਼ਫ਼ਲਤ ਦਏ ਗਵਾ। ਆਪਣਾ ਨਾਉਂ ਕਲਮਾ ਰਿਹਾ ਪੜ੍ਹਾਇਆ, ਸਚ ਹਦੀਸ ਇਕ ਸੁਣਾ। ਲਾਸ਼ਰੀਕ ਇਕ ਖ਼ੁਦਾਇਆ, ਸਦ ਮੰਗਦਾ ਰਹਾ ਪਨਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਧੁਰ ਫ਼ਰਮਾਨਾ ਆਪ ਜਣਾ। ਏਕਾ ਮੰਗ ਮੰਗਨੀ ਅੰਤ, ਹਰਿ ਸਾਚਾ ਸਚ ਜਣਾਇੰਦਾ। ਕੋਹਤੂਰ ਬਣਾਈ ਜਿਸ ਤੇਰੀ ਬਣਤ, ਮਾਟੀ ਪਾਥਰ ਵੇਖ ਵਖਾਇੰਦਾ। ਮੇਰਾ ਰੂਪ ਜੀਵ ਜੰਤ, ਈਸ਼ ਜੀਵ ਭਰਮ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਅੰਤ ਕੰਤ ਆਪ ਸਮਝਾਇੰਦਾ। ਵੇਲਾ ਅੰਤ ਅੰਤਮ ਔਣਾ, ਹਰਿ ਸਾਚਾ ਸਚ ਸਮਝਾਈਆ। ਤੇਰਾ ਨੂਰ ਆਪਣੇ ਵਿਚ ਟਿਕੌਣਾ, ਨੂਰ ਨੂਰ ਵਿਚ ਸਮਾਈਆ। ਤੇਰੀ ਆਸਾ ਮਨਸਾ ਪੂਰ ਕਰੌਣਾ, ਪੰਜ ਤੱਤ ਚੋਲਾ ਵੇਖ ਵਖਾਈਆ। ਬਿਸਮਲ ਹੋਏ ਖੇਲ ਖਿਲੌਣਾ, ਖੇਲਣਹਾਰਾ ਇਕ ਖ਼ੁਦਾਈਆ। ਨੇਤਰ ਨੈਣ ਇਕ ਉਠਾਉਣਾ, ਤੇਰੀ ਮੇਟੇ ਜਗਤ ਜੁਦਾਈਆ। ਅੰਤਮ ਕਲ ਪੰਧ ਮੁਕਾਉਣਾ, ਲੋਕਮਾਤ ਨਾ ਰਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਣ ਆਪ ਸਮਝਾਈਆ। ਸੁਣਿਆ ਹਰਿ ਸਚ ਗਿਆਨਾ, ਮੂਸਾ ਸੀਸ ਝੁਕਾਇੰਦਾ। ਮੇਰੀ ਰਬਾਬ ਸਤਾਰ ਤੇਰਾ ਤਰਾਨਾ, ਤੇਰਾ ਨਾਉਂ ਬੋਲਾ ਗਾਇੰਦਾ। ਆਪਣਾ ਆਪੇ ਦੇਵੇ ਆਪ ਬਿਆਨਾ, ਆਪਣੀ ਵਸਤ ਆਪਣੇ ਅੱਗੇ ਆਪ ਟਿਕਾਇੰਦਾ। ਕਵਣ ਰੂਪ ਪਹਿਰਿਆ ਬਾਣਾ, ਕਵਣ ਵੇਲਾ ਵਕ਼ਤ ਸੁਹਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਆਪਣਾ ਭੇਵ ਜਣਾਇੰਦਾ। ਅਮਾਮ ਅਮਾਮਾ ਸਿਰ ਸ਼ਾਹ ਸੁਲਤਾਨਾ, ਆਪਣਾ ਰੂਪ ਆਪ ਧਰਾਇੰਦਾ। ਮੌਲੀ ਤੰਦ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਹੱਥੀ ਮਹਿੰਦੀ ਇਕ ਨਿਸ਼ਾਨਾ, ਲਾਲ ਰੰਗ ਇਕ ਚੜ੍ਹਾਇੰਦਾ। ਅਮਾਮ ਮਹਿੰਦੀ ਨੌਜਵਾਨਾ, ਆਪਣਾ ਰੂਪ ਆਪ ਵਖਾਇੰਦਾ। ਸ੍ਰਿਸ਼ਟ ਸਬਾਈ ਵੇਖੇ ਜਗਤ ਈਮਾਨਾ, ਇਬਨਉਲਵਕ਼ਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਸਰ ਪਿਦਰ ਦਿਸ ਕਿਸੇ ਨਾ ਆਇੰਦਾ। ਪਿਸਰ ਪਿਦਰ ਨਾ ਦਿਸੇ ਬਰਾਦਰ, ਬੇਅਫ਼ਤਮ ਆਪਣੀ ਖੇਲ ਖਿਲਾਈਆ। ਪਰਗਟ ਹੋਵੇ ਕ਼ੁਦਰਤ ਵਿਚ ਕ਼ਾਦਰ, ਕ਼ਾਦਰ ਕ਼ੁਦਰਤ ਖੇਲ ਖਿਲਾਈਆ। ਏਕਾ ਅੱਖਰ ਗਾਏ ਆਪਣਾ ਕ਼ਾਦਰ, ਹਜ਼ਾਰਾ ਦਰੂਦ ਕਰੇ ਪੜ੍ਹਾਈਆ। ਬਸਰੀ ਇਸਮ ਗਾਏ ਮਾਜਰਾ, ਅੰਜੀਲ ਕ਼ੁਰਾਨ ਭੇਵ ਨਾ ਆਈਆ। ਆਪੇ ਹੋਏ ਸਿਦਕ ਸਬੂਰੀ ਸਾਦਰਾ, ਸਾਬਤ ਇਕ ਈਮਾਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ੈਤਾਨ ਦਏ ਮਿਟਾਈਆ। ਜਗਤ ਸ਼ੈਤਾਨਾ ਹੋਏ ਅਬਲੀਸ, ਹਦੀਸ ਆਪ ਪੜ੍ਹਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਤੀਸ ਬਤੀਸ, ਗੁਣਵੰਤਾ ਗੁਣ ਸਮਝਾਇੰਦਾ। ਅੰਤਮ ਕਲ ਸਭ ਦੇ ਖ਼ਾਲੀ ਕਰੇ ਖ਼ੀਸ, ਵਸਤ ਹੱਥ ਨਾ ਕੋਇ ਰਖਾਇੰਦਾ। ਏਕਾ ਸਿਫ਼ਰਾ ਆਠਾ ਜਾਏ ਬੀਤ, ਏਕਾ ਨਾਇਆ ਮੇਲ ਮਿਲਾਇੰਦਾ। ਇਕ ਨੌਂ ਖੇਲ ਜਗਦੀਸ, ਨੌਂ ਇਕ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਸੁਣਾਇੰਦਾ। ਇਕ ਅਗੇ ਦੂਆ ਧਰ, ਏਕਾ ਇਕ ਖਪਾਈਆ। ਨਾਏ ਅੱਗੇ ਸਿਫ਼ਰਾ ਬਣਾਏ ਆਪਣਾ ਘਰ, ਦੂਆ ਸਿਫ਼ਰਾ ਮੇਲ ਮਿਲਾਈਆ। ਦੂਆ ਸਿਫ਼ਰਾ ਇਕ ਦੂਜੇ ਦਾ ਦਾਮਨ ਫੜ, ਨਾ ਕੋਈ ਮੇਟੇ ਮੇਟ ਮਿਟਾਈਆ। ਸਿਫ਼ਰਾ ਰੂਪ ਨਿਰਗੁਣ ਕਰ, ਦਿਸ ਕਿਸੇ ਨਾ ਆਈਆ। ਦੋ ਜਹਾਨਾਂ ਵੇਖੇ ਖੜ, ਪਰਵਰਦਿਗਾਰ ਬੇਪਰਵਾਹੀਆ। ਅੱਠ ਤੱਤ ਜਾਇਣ ਝੜ, ਫਲ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਬੀਸ ਦਏ ਵਡਿਆਈਆ। ਬੀਸ ਬੀਸ ਕਰ ਪਿਆਰਾ, ਹਰਿ ਸਾਚੀ ਖੇਲ ਖਿਲਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਨੂਰੋ ਨੂਰ ਡਗਮਗਾਇੰਦਾ। ਇਕ ਸਤਿ ਬੋਲ ਜੈਕਾਰਾ, ਸ਼ਬਦ ਸੰਦੇਸ਼ ਆਪ ਸੁਣਾਇੰਦਾ। ਇਕ ਅੱਠ ਮਾਰੇ ਮਾਰਾ, ਬਚਿਆ ਕੋਈ ਰਹਿਣ ਨਾ ਪਾਇੰਦਾ। ਏਕਾ ਨੌ ਪਾਰ ਕਿਨਾਰਾ, ਈਸਾ ਮੂਸਾ ਪੰਧ ਮੁਕਾਇੰਦਾ। ਬੀਸ ਬੀਸ ਹਰਿ ਕਰਤਾਰਾ, ਜਗਤ ਜਗਦੀਸ ਰੂਪ ਵਟਾਇੰਦਾ। ਛੱਤਰ ਝੁਲਾਏ ਸਾਚੇ ਸੀਸਾ, ਸੀਸ ਆਪਣਾ ਆਪ ਵਖਾਇੰਦਾ। ਇਕ ਸ਼ਬਦ ਇਕ ਹਦੀਸਾ, ਏਕਾ ਰਾਗ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਹੱਥੋ ਹੱਥ ਚੁਕਾਇੰਦਾ।