੨੦ ਫੱਗਣ ੨੦੧੭ ਬਿਕ੍ਰਮੀ ਵਿਰਸਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਮਹਾਕਾਲ ਰੂਪ ਹਰਿ ਖ਼ਾਲਕ, ਖ਼ਲਕਤ ਆਪਣੀ ਵੇਖ ਵਖਾਈਆ। ਮਹਾਕਾਲ ਆਦਿ ਜੁਗਾਦਿ ਸਲਾਮਤ, ਜੰਮਣ ਮਰਣ ਵਿਚ ਨਾ ਆਈਆ। ਮਹਾਕਾਲ ਕਰੇ ਸਚ ਅਦਾਲਤ, ਸਾਚੇ ਤਖ਼ਤ ਸੱਚਾ ਸ਼ਹਿਨਸ਼ਾਹੀਆ। ਮਹਾਕਾਲ ਜ਼ਾਮਨ ਨਾ ਦੇਵੇ ਵਕਾਲਤ, ਆਪਣੇ ਹੱਥ ਰੱਖੇ ਵਡਿਆਈਆ। ਮਹਾਕਾਲ ਆਪੇ ਬਣੇ ਆਪਣਾ ਸਾਲਸ, ਸਾਚੀ ਸਾਲਸੀ ਆਪ ਕਰਾਈਆ। ਮਹਾਕਾਲ ਨਿਰਵੈਰ ਨਿਰਗੁਣ ਏਕਾ ਰੂਪ ਵਖਾਏ ਖ਼ਾਲਸ, ਦੂਸਰ ਅਵਰ ਨਾ ਕੋਇ ਮਿਲਾਈਆ। ਕਲਜੁਗ ਮੇਟੇ ਝੂਠੀ ਨਾਲਸ਼, ਕੂੜੀ ਕਿਰਿਆ ਆਪ ਖਪਾਈਆ। ਆਪਣੇ ਵਕ਼ਤ ਨਾ ਕਰੇ ਕਦੇ ਆਲਸ, ਨਿੰਦਰਾ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਵੇਖ ਵਖਾਈਆ। ਮਹਾਕਾਲ ਸਾਚੀ ਧਾਰ, ਪਾਰਬ੍ਰਹਮ ਆਪ ਧਰਾਇੰਦਾ। ਮਹਾਕਾਲ ਸਚ ਸਿਕਦਾਰ, ਤਖ਼ਤ ਨਿਵਾਸੀ ਡੇਰਾ ਲਾਇੰਦਾ। ਮਹਾਕਾਲ ਸੀਸ ਰੱਖ ਦਸਤਾਰ, ਸਭ ਦੇ ਸੀਸ ਕਟਾਇੰਦਾ। ਮਹਾਕਾਲ ਮਾਰੇ ਮਾਰ, ਸਾਚਾ ਖੰਡਾ ਹੱਥ ਚਮਕਾਇੰਦਾ। ਮਹਾਕਾਲ ਇਕ ਅਖਾੜ, ਨਵ ਨੌਂ ਅਖਾੜਾ ਆਪ ਲਗਾਇੰਦਾ। ਮਹਾਕਾਲ ਉਠਾਏ ਅਗੰਮੀ ਧਾੜ, ਜੁਗ ਜੁਗ ਲੇਖਾ ਪੂਰ ਕਰਾਇੰਦਾ। ਮਹਾਕਾਲ ਹੋਏ ਉਜਿਆਰ, ਜੋਤੀ ਜਲਵਾ ਨੂਰ ਜਗਾਇੰਦਾ। ਮਹਾਕਾਲ ਆਪਣਾ ਸਭ ਤੋਂ ਪਹਿਲਾ ਕਰੇ ਵਾਰ, ਦੂਸਰ ਹੱਥ ਨਾ ਕੋਈ ਉਠਾਇੰਦਾ। ਮਹਾਕਾਲ ਕਰੇ ਕਲ ਖਵਾਰ, ਖ਼ਲਕ ਖ਼ਾਲਕ ਆਪ ਰੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਮਹਾਕਾਲ ਸ਼ਾਹ ਅਸਵਾਰਾ, ਅਸਵ ਆਪਣਾ ਆਪ ਦੌੜਾਈਆ। ਮਹਾਕਾਲ ਬਣ ਹਲਕਾਰਾ, ਨਿਰਗੁਣ ਸਰਗੁਣ ਸੇਵ ਕਮਾਈਆ। ਮਹਾਕਾਲ ਵੇਖੇ ਸਰਬ ਸੰਸਾਰਾ, ਲੱਖ ਚੁਰਾਸੀ ਫੋਲ ਫੁਲਾਈਆ। ਮਹਾਕਾਲ ਗੁਰਮੁਖ ਫਿਰੇ ਦੁਆਰ ਦੁਆਰਾ, ਅੰਤਰ ਆਤਮ ਕਰੇ ਜਣਾਈਆ। ਮਹਾਕਾਲ ਏਕਾ ਬੋਲੇ ਸਤਿ ਜੈਕਾਰਾ, ਸੋ ਪੁਰਖ ਨਿਰੰਜਣ ਆਪੇ ਗਾਈਆ। ਮਹਾਕਾਲ ਹੰ ਬ੍ਰਹਮ ਕਰੇ ਪਸਾਰਾ, ਆਪਣੀ ਅੰਸ ਆਪਣਾ ਬੰਸ ਵਖਾਈਆ। ਮਹਾਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਮਹਾਕਾਲ ਸੂਰਾ ਸਰਬੰਗ, ਹਰਿ ਵੱਡਾ ਵਡ ਅਖਵਾਇੰਦਾ। ਮਹਾਕਾਲ ਬਣ ਮਲੰਗ, ਨਵ ਨੌਂ ਆਪਣਾ ਫੇਰਾ ਪਾਇੰਦਾ। ਮਹਾਕਾਲ ਸ੍ਰਿਸ਼ਟ ਸਬਾਈ ਕਰੇ ਭੰਗ, ਜੋ ਘੜਿਆ ਭੰਨ ਵਖਾਇੰਦਾ। ਮਹਾਕਾਲ ਮਚਾਏ ਅੰਧੇਰ ਅੰਧ, ਸੂਰਜ ਚੰਦ ਨੂਰ ਨੂਰ ਵਿਚ ਛੁਪਾਇੰਦਾ। ਮਹਾਕਾਲ ਲੇਖਾ ਜਾਣੇ ਜਲ ਬਿੰਬ, ਜਲ ਜਲ ਆਪਣੇ ਮੁਖ ਪਾਇੰਦਾ। ਮਹਾਕਾਲ ਲੇਖਾ ਜਾਣੇ ਧਰਤ ਧਵਲ ਵਡ ਮਰਗਿੰਦ, ਸੂਰਬੀਰ ਆਪਣਾ ਬਲ ਵਖਾਇੰਦਾ। ਮਹਾਕਾਲ ਗਹਿਰ ਗੰਭੀਰ ਗੁਣੀ ਗਹਿੰਦ, ਗੋਬਿੰਦ ਏਕਾ ਓਟ ਰਖਾਇੰਦਾ। ਮਹਾਕਾਲ ਆਦਿ ਜੁਗਾਦਿ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਮੇਲ ਮਿਲਾਵਾ ਇਕ ਸਮਝਾਇੰਦਾ। ਮਹਾਕਾਲ ਸ਼ਬਦ ਲਲਕਾਰਾ, ਦੋ ਜਹਾਨਾਂ ਆਪ ਲਗਾਈਆ। ਤ੍ਰੈ ਤ੍ਰੈ ਲੇਖਾ ਜਾਣੇ ਏਕਾ ਵਾਰਾ, ਅਗੰਮੀ ਧੁਨ ਸਹਿਜ ਸੁਖਦਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰਾ, ਗਲ ਵਿਚ ਪੱਲੂ ਏਕਾ ਪਾਈਆ। ਤੇਰਾ ਭੌ ਭੈ ਨਾ ਝੱਲੇ ਕੋਈ ਵਿਚ ਸੰਸਾਰਾ, ਨਿਰਭੌ ਤੇਰੀ ਵਡ ਵਡਿਆਈਆ। ਤੇਰੀ ਮੂਰਤ ਸੂਰਤ ਮੇਲ ਨਿਆਰਾ, ਪੁਰਖ ਅਕਾਲ ਬੇਪਰਵਾਹੀਆ। ਅਜੂਨੀ ਰਹਿਤ ਤੇਰਾ ਧਾਮ ਨਿਆਰਾ, ਲੋਕਮਾਤ ਦਿਸ ਕਿਸੇ ਨਾ ਆਈਆ। ਪਾਰਬ੍ਰਹਮ ਤੇਰਾ ਰੂਪ ਅਗੰਮ ਅਪਾਰਾ, ਸ਼ਾਹ ਅਸਵਾਰਾ ਆਪ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਮਹਾਕਾਲ ਸਾਚਾ ਘੋੜਾ, ਇਕ ਇਕੱਲਾ ਆਪ ਦੌੜਾਇੰਦਾ। ਉਠ ਉਠ ਭੱਜੇ ਵਕ਼ਤ ਰਹਿ ਗਿਆ ਥੋੜਾ, ਆਪਣਾ ਪੰਧ ਆਪ ਮੁਕਾਇੰਦਾ। ਕਲਜੁਗ ਹਾਰੇ ਬਾਜ਼ੀ ਜਿਉਂ ਸਾਰ ਪਾਸ਼ ਮੋਹਰਾ, ਸ਼ਿਕਸਤ ਨਾ ਕੋਇ ਵਖਾਇੰਦਾ। ਮਹਾਕਾਲ ਆਪਣੇ ਹੱਥ ਉਠਾਏ ਏਕਾ ਡੋਰਾ, ਚੌਦਾਂ ਲੋਕ ਏਕਾ ਵਾਰ ਬੰਨ੍ਹ ਵਖਾਇੰਦਾ। ਮਹਾਕਾਲ ਕਰੇ ਵਾਸ ਅੰਧਘੋਰਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ, ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੁਲਾਇੰਦਾ। ਲੱਖ ਚੁਰਾਸੀ ਤੇਰੇ ਨਾਲ ਵਰਤੇ ਅੰਤਮ ਹੋ ਕੇ ਕੋਰਾ, ਪਿਆਰ ਦੁਲਾਰ ਨਾ ਕੋਇ ਵਖਾਇੰਦਾ। ਗੁਰਮੁਖਾਂ ਘਰ ਘਰ ਆਪੇ ਬੌਹੜਾ, ਆਪਣਾ ਘੋੜਾ ਆਪ ਦੌੜਾਇੰਦਾ। ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਖੰਡਾ ਇਕ ਵਖਾਇੰਦਾ। ਹਰਿ ਕਾ ਰੂਪ ਗਹਿਰ ਗਵਰਾ, ਟਿਪੀ ਬਿੰਦੀ ਆਪ ਸਮਝਾਇੰਦਾ। ਮਾਣਸ ਜਨਮ ਹਰਿਜਨ ਵਿਰਲੇ ਸਵਰਾ, ਜਿਸ ਜਨ ਸਰਵਰ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਮਹਾਕਾਲ ਹਰਿ ਵੇਸ ਅਵੱਲਾ, ਅੱਖਰ ਅੱਖਰ ਨਾ ਕੋਇ ਪੜ੍ਹਾਈਆ। ਲੇਖਾ ਜਾਣੇ ਨੂਰੀ ਅੱਲਾ, ਅੱਲਾ ਅਲਾਹ ਰੂਪ ਵਟਾਈਆ। ਹੱਥ ਰਖਾਏ ਮਤਿਹਰਾ ਭੱਲਾ, ਮਲੰਗ ਸੂਰਾ ਸਰਬੰਗ ਖੁਲੜੇ ਕੇਸ ਫਿਰੇ ਵਾਹੋ ਦਾਹੀਆ। ਆਪਣਾ ਚੋਲਾ ਆਪੇ ਰੰਗਾ, ਨੀਲ ਬਸਤਰ ਬਨ ਬਨਵਾਰੀ ਏਕਾ ਅਲਫ਼ੀ ਗਲ ਵਖਾਈਆ। ਚਾਰੋਂ ਕੁੰਟ ਹੋਕਾ ਦੇਵੇ ਵਾਰੋ ਵਾਰੀ, ਆਪਣੀ ਸਦਾ ਖ਼ੁਦਾ ਆਪ ਸੁਣਾਈਆ। ਲਾਸ਼ਰੀਕ ਬੇਐਬ ਪਰਵਰਦਿਗਾਰੀ, ਕਰੇ ਖੇਲ ਬੇਪਰਵਾਹੀਆ। ਆਪ ਨਿਭਾਵਣ ਆਇਆ ਆਪਣੀ ਲੱਗੀ ਯਾਰੀ, ਯਾਰੀ ਯਾਰ ਨਾਲ ਹੰਢਾਈਆ। ਚੌਦਾਂ ਸਦੀਆਂ ਅੱਲਾ ਰਾਣੀ ਰਹੀ ਕਵਾਰੀ, ਸਾਚਾ ਖੌਂਤ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਅਗੰਮ ਅਪਾਰੀ, ਰੂਪ ਅਨੂਪ ਆਪ ਧਰਾਈਆ। ਮਹਾਕਾਲ ਬਣ ਬਲਕਾਰੀ, ਆਪਣਾ ਖੇਲ ਕਰੇ ਸੱਚਾ ਸ਼ਹਿਨਸ਼ਾਹੀਆ। ਆਪਣਾ ਤਨ ਆਪਣੇ ਬਸਤਰ ਆਪੇ ਰਿਹਾ ਸ਼ੰਗਾਰੀ, ਆਪੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਅੱਲਾ ਰਾਣੀ ਕਵਾਰੀ ਕੰਨਿਆ, ਚੌਦਾਂ ਤਬਕ ਨੈਣ ਉਠਾਈਆ। ਚੌਦਾਂ ਲੋਕ ਵੇਖੇ ਛੱਪਰ ਛੰਨਿਆ, ਸਾਚਾ ਹਾਣੀ ਨਜ਼ਰ ਕੋਈ ਨਾ ਆਈਆ। ਕਲਜੁਗ ਅੰਤਮ ਮਹਾਕਾਲ ਏਕਾ ਮੰਨਿਆ, ਆਪਣੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅੱਲਾ ਰਾਣੀ ਗਲ ਪੱਲੂ ਪਾ, ਨੇਤਰ ਨੈਣਾਂ ਨੀਰ ਵਹਾਇੰਦੀ। ਕਵਣ ਪਤ ਰੱਖੇ ਮੇਰੀ ਮਿਹਰਬਾਂ, ਏਕਾ ਸਯਦਾ ਸੀਸ ਝੁਕਾਇੰਦੀ। ਤੁਧ ਬਿਨ ਕਵਣ ਕਰੇ ਸਚ ਨਿਆਂ, ਤੇਰਾ ਰਾਹ ਸਦ ਤਕਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਾਲ ਮਹਿਦੀ ਹੱਥਾਂ ਨਾਲ ਰੰਗਾਇੰਦੀ। ਲਾਲ ਮਹਿਦੀ ਰੰਗ ਚੜ੍ਹਾਇਆ ਇਕ ਗੁਲਾਲ, ਸਾਚਾ ਸਗਨ ਮਨਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਕਿਰਪਾ ਕਰ ਸੱਚੇ ਸਾਈਆ। ਮੇਰਾ ਜੋਬਨ ਨੌਜਵਾਨ, ਲੋਕਮਾਤ ਸਕੇ ਨਾ ਕੋਈ ਹੰਢਾਈਆ। ਚੌਦਾਂ ਸਦੀਆਂ ਰਹੀ ਭਾਲ, ਮਿਲਿਆ ਯਾਰ ਨਾ ਸਾਚਾ ਮਾਹੀਆ। ਬੇਆਬ ਹੋਈ ਬੇਹਾਲ, ਬੇਆਬ ਰਹੀ ਕੁਰਲਾਈਆ। ਨਾ ਕੋਈ ਭੁਲ ਨਾ ਸਵਾਬ, ਗੁਣ ਅਵਗੁਣ ਨਾ ਕੋਇ ਜਣਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਨਾ ਕੋਈ ਦੇਵੇ ਜਗਤ ਸਾਲਾਹੀਆ। ਇਕ ਸੁਣਿਆ ਵਡਾ ਤੇਰਾ ਪਰਤਾਪ, ਦਰ ਆਇਆਂ ਭਿਛਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਮਹਾਕਾਲ ਹਰਿ ਕਰ ਤਿਆਰ, ਸਾਚਾ ਹੁਕਮ ਜਣਾਇੰਦਾ। ਛੈਲ ਛਬੀਲਾ ਪਾਵੇ ਸਾਰ, ਆਪਣਾ ਰੂਪ ਆਪ ਪਰਗਟਾਇੰਦਾ। ਅੱਲਾ ਰਾਣੀ ਵਰੇ ਨਾਰ ਮੁਟਿਆਰ, ਜਗਤ ਰੰਡੇਪਾ ਆਪ ਕਟਾਇੰਦਾ। ਚਾਰ ਯਾਰ ਬਣਾਏ ਨਾਲ ਕਹਾਰ, ਮੁਹੰਮਦ ਪੱਲੂ ਪੱਲੂ ਨਾਲ ਫੜਾਇੰਦਾ। ਹੱਥੀਂ ਮਹਿਦੀ ਵੇਖੇ ਆਪ ਨਿਰੰਕਾਰ, ਲਾਲਨ ਲਾਲ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਕਾਲ ਖੇਲ ਖਿਲਾਇੰਦਾ। ਮਹਾਕਾਲ ਨਰ ਏਕਾ ਵਰ ਨਾਰੀ ਸੁਘੜ ਸੁਵਾਣੀ ਇਕ ਬਣਾਈਆ। ਆਬਹਯਾਤ ਪਿਆਏ ਠੰਡਾ ਪਾਣੀ, ਜਗਤ ਤ੍ਰਿਸ਼ਨ ਪਿਆਸ ਬੁਝਾਈਆ। ਮੁਖ ਨਕ਼ਾਬ ਉਠਾਏ ਦਰਸ ਦਿਖਾਏ ਹਾਣੀਆਂ ਹਾਣੀ, ਨੇਤਰ ਨੈਣ ਨਾਲ ਮਿਲਾਈਆ। ਫਿਰ ਕਲਮਾ ਅਮਾਮ ਸੁਣਾਏ ਧੁਰ ਦੀ ਬਾਣੀ, ਆਇਤ ਸ਼ਰਾਇਤ ਇਕ ਪੜ੍ਹਾਈਆ। ਹੋਏ ਨਿਕਾਹ ਦੋ ਜਹਾਨੀ, ਵਿਛੜ ਕਦੇ ਨਾ ਜਾਈਆ। ਦੇਵੇ ਪਨਾਹ ਹਰਿ ਲਾਸਾਨੀ, ਸਿਰ ਆਪਣਾ ਹੱਥ ਰਖਾਈਆ। ਪਿਛਲੇ ਬਖ਼ਸ਼ੇ ਸਰਬ ਗੁਨਾਹ ਚਾਰ ਯਾਰੀ ਮੁਖ ਸ਼ਰਮਾਨੀ, ਚੌਧਵੀਂ ਚੰਨ ਨਾ ਕੋਇ ਵਡਿਆਈਆ। ਚੌਦਾਂ ਸਦੀਆਂ ਜਿਸ ਦੀ ਸੁਣਦੀ ਆਈ ਕਹਾਣੀ, ਤੀਸ ਬਤੀਸਾ ਰਸਨਾ ਜਿਹਵਾ ਗਾਈਆ। ਅੰਤਮ ਮਿਲੇ ਸ਼ਾਹ ਸੁਲਤਾਨੀ, ਮਹਾਕਾਲ ਰੂਪ ਵਟਾਈਆ। ਅੱਲਾ ਬਣਾਏ ਅੱਲਾ ਹੂ ਰਾਣੀ, ਹੂ ਹੂ ਹਕ ਹਕ ਏਕਾ ਨਾਅਰਾ ਲਾਈਆ। ਦਿਲਦਾਰ ਬਣੇ ਸੱਚਾ ਦਿਲਜਾਨੀ, ਦਿਲਬਰ ਆਪਣਾ ਭੇਵ ਖੁਲ੍ਹਾਈਆ। ਈਦ ਬਕਰੀਦ ਜੋ ਮੰਗਦੀ ਰਹੀ ਕੁਰਬਾਨੀ, ਕਰਬਲਾ ਕੁਰਬਲਾ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਮਾਮਾਂ ਸਿਰ ਅਮਾਮ ਦੋ ਜਹਾਨਾ ਕਰੇ ਆਪਣਾ ਕਾਮ, ਦੋਜ਼ਖ਼ ਬਹਿਸ਼ਤ ਪੀਰ ਪੈਗ਼ੰਬਰ ਇਸ਼ਟ ਆਪਣਾ ਰੂਪ ਜਣਾਈਆ। ਗੁਰਸਿਖਾਂ ਵਡਿਆਈ ਕਲ ਅੰਤ ਵਿਚ ਸ੍ਰਿਸ਼ਟ, ਜਿਸ ਜਨ ਦੀਰਘ ਰੋਗ ਮਿਟਾਏ, ਸ਼ੀਘ੍ਰ ਆਪਣਾ ਦਰਸ ਦਿਖਾਈਆ।
