Granth 10 Likhat 044: 19 Faggan 2017 Bikarmi Kartar Kaur de Greh Pind Babu pura Jila Gurdaspur

੧੯ ਫਗਣ ੨੦੧੭ ਬਿਕ੍ਰਮੀ ਕਰਤਾਰ ਕੌਰ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਹਰਿ ਸਤਿਗੁਰ ਮਾਰਗ ਪਾਇੰਦਾ, ਗੁਰ ਗੁਰਸਿਖ ਬਾਲ ਨਾਦਾਨ। ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ, ਸ਼ਬਦ ਜਣਾਏ ਧੁਰ ਫ਼ਰਮਾਨ। ਅੰਤਰ ਆਤਮ ਵੇਖ ਵਖਾਇੰਦਾ, ਵਡ ਦਾਤਾ ਗੁਣ ਨਿਧਾਨ। ਜਗਤ ਬਸੰਤਰ ਆਪ ਬੁਝਾਇੰਦਾ, ਅੰਮ੍ਰਿਤ ਬਰਸੇ ਮੇਘ ਮਹਾਨ। ਸਾਚਾ ਸ਼ਸਤਰ ਹੱਥ ਫੜਾਇੰਦਾ, ਨਾਮ ਖੰਡਾ ਤੇਜ਼ ਕਿਰਪਾਨ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਫਿਰਾਇੰਦਾ, ਲੇਖਾ ਜਾਣੇ ਦੋ ਜਹਾਨ। ਅੰਡਜ ਜੇਰਜ ਵੇਖ ਵਖਾਇੰਦਾ, ਉਤਭੁਜ ਸੇਤਜ ਵੇਖੇ ਜਗਤ ਮਕਾਨ। ਕਾਗਦ ਕ਼ਲਮ ਭੇਵ ਨਾ ਆਇੰਦਾ, ਗਣਤੀ ਗਿਣੇ ਨਾ ਕੋਇ ਜ਼ਬਾਨ। ਬੇਅੰਤ ਬੇਅੰਤ ਬੇਅੰਤ ਪ੍ਰਭ ਆਪਣੀ ਖੇਲ ਖਿਲਾਇੰਦਾ, ਵਡ ਦਾਤਾ ਸ੍ਰੀ ਭਗਵਾਨ। ਜੁਗ ਜੁਗ ਆਪਣਾ ਵੇਸ ਵਟਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਸਾਚਾ ਮਾਰਗ ਆਪ ਰਖਾਇੰਦਾ, ਲੱਖ ਚੁਰਾਸੀ ਰੱਖੇ ਆਣ। ਘਟ ਘਟ ਅੰਦਰ ਵੇਖ ਵਖਾਇੰਦਾ, ਜੋਤੀ ਜਾਤਾ ਨੂਰ ਮਹਾਨ। ਆਪਣੀ ਵਿਦਿਆ ਆਪ ਪੜ੍ਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਮਿਹਰਵਾਨ। ਗੁਰਸਿਖ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਜਨਮ ਜਨਮ ਦਾ ਲੇਖ ਮੁਕਾਇੰਦਾ, ਵੇਖਣਹਾਰਾ ਮਾਰ ਧਿਆਨ। ਆਪਣਾ ਪੰਧ ਆਪਣੇ ਹੱਥ ਰਖਾਇੰਦਾ, ਪਾਂਧੀ ਬਣੇ ਸ੍ਰੀ ਭਗਵਾਨ। ਗੀਤ ਸੁਹਾਗੀ ਛੰਦ ਸੁਣਾਇੰਦਾ, ਕਲਮਾ ਕਲਮੀ ਇਕ ਈਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਨਿਗਹਬਾਨ। ਨਿਗਹਬਾਨ ਨਿਰਵੈਰ ਪੁਰਖ ਅਕਾਲ, ਹਰਿ ਵਡਾ ਵਡ ਵਡਿਆਈਆ। ਸਚਖੰਡ ਨਿਵਾਸੀ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਥਿਰ ਘਰ ਸੱਚੀ ਵਸੇ ਧਰਮਸਾਲ, ਦਰ ਦਰਬਾਰੇ ਸੋਭਾ ਪਾਈਆ। ਸ਼ਬਦ ਅਗੰਮੀ ਇਕ ਉਛਾਲ, ਆਪਣੀ ਇਛਿਆ ਆਪ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਦਲਾਲ, ਤ੍ਰੈਗੁਣ ਲੇਖਾ ਦਏ ਸਮਝਾਈਆ। ਨਾਲ ਰਲਾਏ ਕਾਲ ਮਹਾਕਾਲ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜਗਤ ਜੁਗ ਅਵੱਲੜੀ ਖੇਲ ਖਿਲਾਈਆ । ਖੇਲ ਅਵੱਲੜਾ ਹਰਿ ਨਿਰੰਕਾਰਾ, ਆਪਣਾ ਆਪ ਕਰਾਇੰਦਾ। ਸਾਚੇ ਮੰਦਰ ਹੋ ਉਜਿਆਰਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸ਼ਬਦੀ ਸ਼ਬਦ ਸੁਤ ਦੁਲਾਰਾ, ਆਦਿ ਪੁਰਖ ਕਰ ਪਿਆਰਾ, ਸਾਚੀ ਸੇਵਾ ਆਪ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣ ਵਣਜਾਰਾ, ਏਕਾ ਵਸਤ ਦੇਵੇ ਹਰਿ ਥਾਰਾ, ਸਾਚੀ ਵੰਡਣ ਵੰਡ ਵੰਡਾਇੰਦਾ। ਲੱਖ ਚੁਰਾਸੀ ਘਾੜਨ ਘੜ ਕਰੇ ਖੇਲ ਅਪਰ ਅਪਾਰਾ, ਪੰਜ ਤੱਤ ਮੇਲਾ ਵਿਚ ਸੰਸਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਬੰਧਨ ਪਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਆਤਮ ਜੋਤੀ ਜੋਤ ਜਗਾਇੰਦਾ। ਕਵਲ ਨਾਭੀ ਠੰਡੀ ਠਾਰਾ, ਅੰਮ੍ਰਿਤ ਝਿਰਨਾ ਨਿਝਰ ਰਸ ਆਪ ਭਰਾਇੰਦਾ। ਆਪਣਾ ਨਾਦ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਅਨਹਦ ਵੱਜੇ ਵਾਰੋ ਵਾਰਾ, ਤਾਲ ਤਲਵਾੜਾ ਦਿਸ ਕੋਇ ਨਾ ਆਇੰਦਾ। ਮਾਣਸ ਮਾਨੁਖ ਕਰ ਪਿਆਰਾ, ਹਰਿ ਜੂ ਹਰਿ ਹਰਿ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਆਪਣੇ ਰੰਗ ਰੰਗਾਇੰਦਾ। ਆਵੇ ਜਾਵੇ ਵਾਰੋ ਵਾਰਾ, ਜੁਗਾ ਜੁਗੰਤਰ ਆਪਣੀ ਖੇਲ ਆਪ ਖਿਲਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਭੇਵ ਕੋਇ ਨਾ ਪਾਇੰਦਾ। ਵਾਸ ਨਿਵਾਸਾ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਸਰਬ ਜੀਆਂ ਹਰਿ ਏਕਾ ਕੰਤ, ਲੱਖ ਚੁਰਾਸੀ ਨਾਰ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਖਿਲਾਇੰਦਾ। ਕੰਤ ਕੰਤੂਹਲ ਹਰਿ ਨਿਰੰਕਾਰਾ, ਨਰ ਨਰਾਇਣ ਵਡ ਵਡਿਆਈਆ। ਸਚਖੰਡ ਵਸੇ ਧਾਮ ਨਿਆਰਾ, ਥਿਰ ਘਰ ਬੈਠਾ ਸੇਜ ਸੁਹਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਜਗਾਈਆ। ਦੇਵਣਹਾਰਾ ਧੁਰ ਫ਼ਰਮਾਨਾ, ਹੁਕਮੀ ਹੁਕਮ ਆਪ ਸੁਣਾਈਆ। ਆਪੇ ਜਣਾਏ ਆਪਣੀ ਕਾਰਾ, ਕਰਤਾ ਪੁਰਖ ਕ਼ਾਦਰ ਕਰੀਮ ਬੇਐਬ ਪਰਵਰਦਿਗਾਰ ਸੱਚਾ ਸ਼ਹਿਨਸ਼ਾਹੀਆ। ਮੁਕਾਮੇ ਹਕ ਹਕ ਨਾਅਰਾ, ਲਾਸ਼ਰੀਕ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਵੰਡੇ ਵੰਡ ਅਪਰ ਅਪਾਰ। ਆਪਣਾ ਹਿੱਸਾ ਆਪਣੇ ਹੱਥ ਰਖਾਇੰਦਾ, ਨਾ ਕੋਈ ਦੂਜਾ ਪਾਵੇ ਸਾਰ। ਆਪਣਾ ਨਾਦ ਆਪ ਅਲਾਇੰਦਾ, ਬ੍ਰਹਮਾ ਵੇਤਾ ਗਾਏ ਮੁਖ ਚਾਰ। ਚਾਰੇ ਮੁਖ ਸਾਲਾਹਿੰਦਾ, ਚਾਰੇ ਵੇਦ ਦਏ ਆਧਾਰ। ਚਾਰੇ ਜੁਗ ਵੰਡੇ ਆਪਣੀ ਵੰਡ ਵੰਡਣਹਾਰਾ ਏਕੰਕਾਰਾ ਆਪਣੀ ਖੇਲ ਆਪ ਖਿਲਾਇੰਦਾ, ਨਿਰਗੁਣ ਸਰਗੁਣ ਦਏ ਆਧਾਰ। ਸਰਗੁਣ ਸਾਚਾ ਸੰਗ ਨਿਭਾਇੰਦਾ, ਦਿਸ ਨਾ ਆਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰੀ ਲੇਖਾ ਜਾਣਦਾ, ਆਦਿ ਅੰਤ ਭਗਵੰਤ। ਕਰੇ ਖੇਲ ਸ੍ਰੀ ਭਗਵਾਨ ਦਾ, ਜੁਗਾ ਜੁਗੰਤ ਮਹਿਮਾ ਅਗਣਤ। ਵੇਸ ਵਟਾਏ ਕਾਲ ਮਹਾਕਾਲ ਦਾ, ਲੇਖ ਚੁਕਾਏ ਜੀਵ ਜੰਤ। ਆਪਣਾ ਮੰਤਰ ਆਪਣਾ ਨਾਉਂ ਆਪ ਸਿਖਾਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਬੇਅੰਤ। ਨਾਉਂ ਨਿਰੰਕਾਰਾ ਆਪੇ ਦੱਸ, ਆਪਣੇ ਹੱਥ ਰੱਖੇ ਵਡਿਆਈਆ। ਪੰਜ ਤੱਤ ਕਾਇਆ ਅੰਦਰ ਜਾਏ ਵਸ, ਰੂਪ ਰੰਗ ਰੇਖ ਨਾ ਕੋਇ ਦਰਸਾਈਆ। ਕਰ ਪਰਕਾਸ਼ ਕੋਟਨ ਰਵ ਸਸ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੇ ਅੰਦਰ ਆਪੇ ਬਹਿ ਬਹਿ ਰਿਹਾ ਹੱਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਆਪ ਆਪਣੇ ਹੋਇਆ ਵਸ, ਪਾਰਬ੍ਰਹਮ ਬ੍ਰਹਮ ਆਪਣੇ ਅੰਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੱਚਾ ਸ਼ਹਿਨਸ਼ਾਹ ਹਰਿ ਭਗਵਾਨਾ, ਆਦਿ ਜੁਗਾਦਿ ਸਮਾਇਆ। ਲੱਖ ਚੁਰਾਸੀ ਦੇਵੇ ਦਾਨਾ, ਜੀਆ ਦਾਨ ਝੋਲੀ ਪਾਇਆ। ਈਸ਼ ਜੀਵ ਖੇਲ ਮਹਾਨਾ, ਜਗਦੀਸ਼ ਆਪ ਖਿਲਾਇਆ। ਆਪਣਾ ਨਾਉਂ ਧੁਰ ਫ਼ਰਮਾਨਾ, ਲੋਕਮਾਤ ਆਪ ਸੁਣਾਇਆ। ਲੱਖ ਚੁਰਾਸੀ ਵਿਚੋਂ ਮਾਣਸ ਮਾਨੁਖ ਕਰ ਪਰਵਾਨਾ, ਹਰਿਜਨ ਆਪਣਾ ਮੇਲ ਮਿਲਾਇਆ। ਆਪ ਸੁਣਾਏ ਆਪਣਾ ਗਾਨਾ, ਰਾਗ ਨਾਦ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਹਰਿ ਹਰਿ ਉਠਾਇੰਦਾ, ਕਰ ਕਿਰਪਾ ਸ੍ਰੀ ਭਗਵੰਤ। ਆਪਣੀ ਬੂਝ ਆਪ ਬੁਝਾਇੰਦਾ, ਆਪ ਜਣਾਏ ਮਣੀਆ ਮੰਤ। ਮਤ ਬੁਧ ਆਪ ਸਮਝਾਇੰਦਾ, ਸੁਰਤੀ ਸ਼ਬਦੀ ਮੇਲਾ ਨਾਰੀ ਕੰਤ। ਸਾਚੇ ਤਖ਼ਤ ਆਪ ਬਹਾਇੰਦਾ, ਵਡ ਦਾਤਾ ਗਹਿਰ ਗੰਭੀਰ ਗੁਣਵੰਤ। ਭਗਤ ਭਗਵੰਤ ਵੇਖ ਵਖਾਇੰਦਾ, ਕਰੇ ਖੇਲ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਲੇਖਾ ਜਾਣੇ ਜੀਵ ਜੰਤ। ਜੀਵ ਜੰਤ ਹਰਿ ਜਾਣਿਆ, ਲੱਖ ਚੁਰਾਸੀ ਕਾਇਆ ਫੋਲ। ਗੁਰਮੁਖ ਵਿਰਲਾ ਆਪ ਪਛਾਣਿਆ, ਸਾਚੇ ਕੰਡੇ ਹਰਿ ਹਰਿ ਤੋਲ। ਚਰਨ ਕਵਲ ਕਵਲ ਚਰਨ ਦੇਵੇ ਸਾਚਾ ਮਾਣਿਆ, ਵਡਿਆਈ ਦੇਵੇ ਉਪਰ ਧਰਤ ਧਵਲ। ਕਿਸੇ ਹੱਥ ਨਾ ਆਏ ਰਾਜੇ ਰਾਣਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਤਮ ਅੰਤਰ ਰਿਹਾ ਮਵਲ। ਆਤਮ ਅੰਤਰ ਵਸਿਆ, ਪੁਰਖ ਬਿਧਾਤਾ ਬੇਪਰਵਾਹ। ਆਦਿ ਜੁਗਾਦੀ ਫਿਰੇ ਨੱਸਿਆ, ਜਨ ਭਗਤਾਂ ਬਣੇ ਮਲਾਹ। ਸ਼ਬਦ ਨਿਰਾਲਾ ਤੀਰ ਏਕਾ ਕਸਿਆ, ਏਕੰਕਾਰਾ ਏਕਾ ਵਾਰ ਦੇਵੇ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਸਮਝਾ। ਹਰਿਜਨ ਹਰਿ ਸਮਝਾਇੰਦਾ, ਆਪ ਆਪਣਾ ਪਰਦਾ ਖੋਲ੍ਹ। ਮਾਣਸ ਜਨਮ ਮਾਤ ਦਿਵਾਇੰਦਾ, ਲੱਖ ਚੁਰਾਸੀ ਵਿਚੋਂ ਅਨਮੋਲ। ਆਪਣੀ ਬੂਝ ਆਪ ਬੁਝਾਇੰਦਾ, ਅੰਦਰ ਵੜ ਅਨਹਦ ਵਜਾਏ ਢੋਲ। ਬਜਰ ਕਪਾਟੀ ਆਪ ਖੁਲ੍ਹਾਇੰਦਾ, ਸਦਾ ਸੁਹੇਲਾ ਵਸੇ ਕੋਲ। ਅੰਮ੍ਰਿਤ ਜਾਮ ਆਪ ਪਿਆਇੰਦਾ, ਸਚ ਸੁੱਚ ਦੇਵੇ ਆਪਣੀ ਪਹੁਲ। ਆਪਣਾ ਕੀਤਾ ਕੌਲ ਨਿਭਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੁਕਾਏ ਪਰਦਾ ਉਹਲ। ਪਰਦਾ ਉਹਲਾ ਚੁੱਕਣਾ, ਹਰਿ ਸਤਿਗੁਰ ਆਪ ਚੁਕਾਏ। ਗੁਰਸਿਖ ਤੇਰਾ ਪੈਡਾ ਮੁੱਕਣਾ, ਰਵਦਾਸ ਚਮਾਰਾ ਲੇਖ ਲਿਖਾਏ। ਅੰਤਮ ਵੇਲਾ ਨੇੜੇ ਢੁਕਣਾ, ਜੁਗ ਚੌਕੜੀ ਰਹੇ ਵਿਹਾਏ। ਸਤਿ ਸਰੂਪ ਹੋ ਹੋ ਸ੍ਰੀ ਹਰਿ ਬੁੱਕਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੇ। ਗੁਰਸਿਖ ਤੇਰਾ ਉਜਲ ਕਰੇ ਮੁਖਨਾ ਸਾਚਾ ਮੁਖੜਾ ਆਪ ਸਾਲਾਹੇ। ਤੇਰੀ ਜਨਮ ਜਨਮ ਦੀ ਮੇਟੇ ਭੁੱਖਣਾ, ਆਤਮ ਅੰਤਰ ਦਰਸ ਦਿਖਾਏ। ਤੇਰੀ ਪੂਰੀ ਕਰੇ ਸੁਖਣਾ, ਸੁਖੀ ਘਰ ਇਕ ਵਸਾਏ। ਉਲਟਾ ਮਾਤ ਗਰਭ ਨਾ ਹੋਏ ਰੁੱਖਣਾ, ਲੱਖ ਚੁਰਾਸੀ ਫੰਦ ਕਟਾਏ। ਪੰਚ ਵਿਕਾਰਾ ਤੇਰੇ ਵਿਚੋਂ ਪੁੱਟਣਾ, ਜੜ ਲੱਗੀ ਰਹੇ ਨਾ ਰਾਏ। ਤੇਰਾ ਅੰਦਰੋਂ ਤੇਰਾ ਸਤਾਰਾ ਆਪੇ ਫੁਟਣਾ, ਸਤਿਗੁਰ ਪੂਰਾ ਦਏ ਪਰਗਟਾਏ। ਤੇਰਾ ਝੂਠਾ ਗੜ੍ਹ ਗੁਰ ਪੂਰੇ ਆਪ ਲੁੱਟਣਾ, ਮਾਇਆ ਮਮਤਾ ਮੋਹ ਮਿਟਾਏ। ਤੇਰਾ ਵਿਕਾਰਾ ਆਪਣੀ ਹੱਥੀਂ ਕੁਠਣਾ, ਦੇਵੇ ਅੰਤ ਸਜ਼ਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਗਣਾਏ। ਨੌਂ ਨੌਂ ਜਨਮ ਨਾ ਲੇਖਾ ਜਾਣਿਆ, ਮਾਣਸ ਮਾਣਸ ਰੂਪ ਧਰਾ। ਫਿਰਦਾ ਰਿਹਾ ਬਾਲ ਅੰਞਾਣਿਆ, ਮਤ ਮਨ ਬੁਧ ਨਾ ਚਲੇ ਕੋਇ ਚਤਰਾ। ਆਪਣਾ ਘਰ ਨਾ ਕਿਸੇ ਪਛਾਣਿਆ, ਦਰ ਦਰ ਰਿਹਾ ਫੇਰੀ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਗਾਹ। ਧੁਰ ਦਰਗਾਹੀ ਲੇਖਾ ਲਿਖ ਦਾ, ਆਦਿ ਅੰਤ ਏਕੰਕਾਰ। ਸਿਖਿਆ ਕਿਸੇ ਕੋਲੋਂ ਨਾ ਸਿਖ ਦਾ, ਸਿੱਖ ਸਿਖਿਆ ਸਿਖਾਵਣਹਾਰ। ਹਰਿ ਕਾ ਭਾਣਾ ਕਦੇ ਨਾ ਮਿਟਦਾ, ਨਾ ਕੋਈ ਹੋਏ ਮੇਟਣਹਾਰ। ਰਵਦਾਸ ਚਮਾਰਾ ਰਾਹ ਦੱਸੇ ਪ੍ਰਭ ਮਿਲਣ ਦੀ ਸਿਕ ਦਾ, ਸਿਕ ਏਕਾ ਮੀਤ ਮੁਰਾਰ। ਨਾਤਾ ਤੁੱਟੇ ਊਚ ਨੀਚ ਦਾ, ਰਾਓ ਆਏ ਰੰਕ ਦਵਾਰ। ਕਰੇ ਖੇਲ ਹਰਿ ਜਗਦੀਸ ਦਾ, ਜਗਤ ਜੁਗਤ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਲਿਖਣਹਾਰ। ਲੇਖਾ ਲੇਖ ਲਿਖਾਇੰਦਾ, ਲਿਖਣਹਾਰ ਗੋਪਾਲਾ। ਰਵਦਾਸ ਚਮਾਰੇ ਦਇਆ ਕਮਾਇੰਦਾ, ਦੀਨਾ ਬੰਧਪ ਦੀਨ ਦਿਆਲਾ। ਹੱਥ ਕਸੀਰਾ ਇਕ ਵਖਾਇੰਦਾ, ਜਗਤ ਜਾਣੇ ਨਾ ਕੋਇ ਮਾਲਾ। ਗੰਗਾ ਰਾਮ ਕਿਉਂ ਪਛਤਾਇੰਦਾ, ਕਰੇ ਖੇਲ ਹਰਿ ਨਿਰਾਲਾ। ਕਸੀਰਿਉਂ ਕੰਗਣ ਆਪ ਵਟਾਇੰਦਾ, ਕਰਿਆ ਖੇਲ ਬਣ ਦਲਾਲਾ। ਮਨ ਮਮਤਾ ਆਪ ਵਧਾਇੰਦਾ, ਤ੍ਰੈਗੁਣ ਮਾਇਆ  ਜਗਤ ਜੰਜਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਲ ਵੇਖੇ ਲੱਗਾ ਡਾਲ੍ਹਾ। ਸਾਚਾ ਕੰਗਣਾ ਏਕਾ ਕੰਗਣ, ਕੰਧੀ ਪਾਰ ਕੋਇ ਨਾ ਜਾਈਆ। ਤਨ ਮਨ ਕਾਇਆ ਚਾੜ੍ਹੇ ਰੰਗਣ, ਉਤਰ ਕਦੇ ਨਾ ਜਾਈਆ। ਕਿਸੇ ਹੱਥ ਨਾ ਆਏ ਵਿਚ ਬ੍ਰਹਿਮੰਡਨ, ਖੋਜੇ ਸਰਬ ਲੋਕਾਈਆ। ਏਕਾ ਕੰਗਣ ਦੇਵੇ ਦੰਡਨ, ਜਨਮ ਜਨਮ ਦੀ ਮੈਲ ਧਵਾਈਆ। ਲੇਖਾ ਜਾਣੇ ਵਿਚ ਵਰਭੰਡਨ, ਪਾਰਬ੍ਰਹਮ ਬੇਪਰਵਾਹੀਆ। ਰਵਦਾਸ ਚਮਾਰਾ ਗਾਏ ਏਕਾ ਛੰਦਨ, ਅੰਤਰ ਰਾਮ ਨਾਮ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖਾ ਦਏ ਸਮਝਾਈਆ। ਲੇਖ ਲਿਖਾਇਆ ਹਰਿ ਗੋਬਿੰਦ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਰਵਦਾਸ ਚਮਾਰੇ ਨਾ ਕੋਈ ਹਰਖ ਸੋਗ ਦਿਸੇ ਚਿੰਦ, ਚਿੰਤਾ ਚਿਖਾ ਨਾ ਕੋਇ ਵਖਾਇੰਦਾ। ਏਕਾ ਓਟ ਰੱਖੇ ਹਰਿ ਬਖ਼ਸ਼ਿੰਦ, ਚਰਨ ਕਵਲ ਧਿਆਨ ਲਗਾਇੰਦਾ। ਭਗਤ ਭਗਵੰਤ ਬਣਾਏ ਬਿੰਦ, ਨਾਦੀ ਸੁਤ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਕੰਗਣ ਗਿਆ ਕੰਗਣ ਦਵਾਰ, ਕੰਗਣ ਕੰਗਣ ਹੱਥ ਨਾ ਆਈਆ। ਰਸਨਾ ਬੋਲ ਬੋਲ ਜੈਕਾਰ, ਰਵਦਾਸ ਚਮਾਰ ਇਕ ਸੁਣਾਈਆ। ਤੂੰ ਠਗ ਮੈਂ ਠਗਣਹਾਰ, ਪਾਰਬ੍ਰਹਮ ਠਗੌਰੀ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਗ ਨਾਲ ਠਗ ਕਰੇ ਕੁੜਮਾਈਆ। ਰਵਦਾਸ ਠੱਗਿਆ ਗਿਆ ਬ੍ਰਾਹਮਣ, ਆਪਣਾ ਭੇਵ ਨਾ ਮੂਲ ਜਣਾਇਆ। ਗੰਗਾ ਰਾਮ ਠੱਗਿਆ ਰਵਦਾਸ ਨਾ ਬਣਿਆ ਜ਼ਾਮਨ, ਕੰਗਣ ਇਕ ਚੁਰਾਇਆ। ਕਰੇ ਖੇਲ ਹਰਿ ਭਗਵਾਨਨ, ਦੋਹਾਂ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਇਆ। ਗੁਣ ਵਖਾਏ ਹਰਿ ਭਗਵੰਤ, ਰਵਦਾਸ ਰੰਗ ਰੰਗਾਈਆ। ਰਵੀਦਾਸ ਮਿਲਿਆ ਹਰਿ ਹਰਿ ਕੰਤ, ਨਾਰੀ ਆਪਣੀ ਖ਼ੁਸ਼ੀ ਮਨਾਈਆ। ਪਾਟੇ ਚੀਥੜ ਚੜ੍ਹਿਆ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਸਮਝਾਈਆ। ਬ੍ਰਹਮਣ ਰੋਵੇ ਕਰੇ ਪੁਕਾਰ, ਨੇਤਰ ਨੀਰ ਉਛਾਲਿਆ। ਕੰਗਣ ਵੇਖ ਹੋਇਆ ਹੰਕਾਰ, ਮਾਇਆ ਮਮਤਾ ਮੋਹ ਵਧਾ ਲਿਆ। ਨਾਤਾ ਤੁਟਿਆ ਏਕੰਕਾਰ, ਮਾਣਸ ਜਨਮ ਐਵੇਂ ਗਾਲਿਆ। ਚਰਨ ਧੂੜੀ ਢਹਿ ਢਹਿ ਮੰਗੇ ਚਰਨ ਛਾਰ, ਅੱਗੇ ਆਪਣੀ ਝੋਲੀ ਡਾਹ ਲਿਆ। ਹੌਂ ਭਿਖਕ ਭਿਖਾਰੀ ਆਇਆ ਦਵਾਰ, ਮੰਗੇ ਬਣ ਸਵਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਬਣ ਦਲਾਲੀਆ। ਰਵਦਾਸ ਚਮਾਰ ਸੁਣਾਇੰਦਾ, ਅੰਤਰ ਆਤਮ ਕਰ ਧਿਆਨ। ਤੇਰਾ ਮੇਰਾ ਮੇਰਾ ਤੇਰਾ ਏਕਾ ਕੰਤ ਨਜ਼ਰੀ ਆਇੰਦਾ, ਏਕਾ ਮੰਦਰ ਇਕ ਮਕਾਨ। ਤੇਰੀ ਮਹਿਮਾ ਪੰਡਤ ਨਾ ਕੋਇ ਗਣਾਇੰਦਾ, ਤੇਰੇ ਉਪਰ ਮੇਹਰ ਕਰੇ ਭਗਵਾਨ। ਗੰਗਾ ਹੋਏ ਤੇਰੇ ਨਾਲ ਹੱਥ ਮਿਲਾਇੰਦਾ, ਕੰਗਣ ਬਖ਼ਸ਼ਿਆ ਆਪਣਾ ਦਾਨ। ਜੀਵ ਜਗਤ ਭੇਵ ਕੋਇ ਨਾ ਪਾਇੰਦਾ, ਭੁੱਲੇ ਬਾਲ ਨਾਦਾਨ। ਤੇਰੀ ਮੇਰੀ ਮੇਰੀ ਤੇਰੀ ਆਪਣੀ ਹੱਥੀਂ ਗੰਢ ਪਵਾਇੰਦਾ, ਸ਼ਬਦ ਜਣਾਏ ਧੁਰ ਫ਼ਰਮਾਨ। ਕਲਜੁਗ ਕੰਢੇ ਆਪ ਬਹਾਇੰਦਾ, ਦੋਹਾਂ ਵਖਾਏ ਇਕ ਅਸਥਾਨ। ਪਰਮਾਨੰਦ ਆਪ ਸਮਾਇੰਦਾ, ਪਰਮ ਪੁਰਖ ਵਡ ਮਿਹਰਵਾਨ। ਮੇਰਾ ਮੇਰਾ ਆਪਣੇ ਵਿਚ ਮਿਲਾਇੰਦਾ, ਤੇਰਾ ਧਰੇ ਜਗਤ ਨਿਸ਼ਾਨ। ਨੌਂ ਨੌਂ ਗੇੜਾ ਆਪ ਚਲਾਇੰਦਾ, ਚੌਥੇ ਜੁਗ ਕਰੇ ਕਲਿਆਣ। ਮਾਣਸ ਮਾਣਸ ਰੂਪ ਵਟਾਇੰਦਾ, ਮਾਨੁਖ ਹੋਏ ਚਤੁਰ ਸੁਜਾਨ। ਮਾਨਵ ਆਪਣੀ ਗੋਦ ਬਹਾਇੰਦਾ, ਏਕਾ ਦੇਵੇ ਸਾਚਾ ਦਾਨ। ਅੰਤਮ ਪੰਧ ਮੁਕਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਕਲਜੁਗ ਅੰਤਮ ਵੇਖ ਵਖਾਇੰਦਾ, ਵੇਖਣਹਾਰਾ ਨੌਜਵਾਨ। ਬਾਲ ਬਿਰਧ ਨਾ ਰੂਪ ਧਰਾਇੰਦਾ, ਏਕਾ ਨੂਰੋ ਨੂਰ ਮਹਾਨ। ਔਂਦਾ ਜਾਂਦਾ ਦਿਸ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਇਆ ਹਰਿ ਫ਼ਰਮਾਨ। ਕਲਜੁਗ ਅੰਤਮ ਆਵਣਾ, ਜੁਗ ਚੌਕੜੀ ਰਹਿਣ ਨਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਵਣਾ, ਗੁਰ ਅਵਤਾਰ ਦੇਣ ਗਵਾਹੀਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਗੋਦ ਬਹਾਵਣਾ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਨਿਰਗੁਣ ਰੂਪ ਆਪ ਧਰਾਵਨਾ, ਜੋਤੀ ਜਾਮਾ ਜੋਤ ਜਗਾਈਆ। ਰਵ ਰਵ ਤੇਰਾ ਸਾਥ ਨਿਭਾਵਨਾ, ਦਾਸ ਦਾਸ ਸੇਵ ਕਮਾਈਆ। ਸ਼ਬਦੀ ਸ਼ਬਦ ਮੇਲ ਮਿਲਾਵਣਾ, ਸ਼ਬਦ ਵਿਚੋਲਾ ਇਕ ਰਘਰਾਈਆ। ਸਾਚਾ ਢੋਲਾ ਇਕ ਸੁਣਾਵਣਾ, ਆਪਣਾ ਨਾਉਂ ਕਰ ਰੁਸ਼ਨਾਈਆ। ਸੋ ਪੁਰਖ ਨਿਰੰਜਣ ਆਪਣਾ ਰੂਪ ਧਰਾਵਣਾ, ਹੰ ਮੇਲੇ ਸਹਿਜ ਸੁਭਾਈਆ। ਸੋਹੰ ਅੱਖਰ ਇਕ ਬਣਾਵਣਾ, ਨਾਰੀ ਕੰਤ ਬ੍ਰਹਮ ਪਾਰਬ੍ਰਹਮ ਏਕਾ ਸੇਜ ਸੁਹਾਈਆ। ਗੰਗਾ ਰਾਮ ਤੇਰਾ ਜਨਮ ਫੇਰ ਦਵਾਵਣਾ, ਪੰਜ ਸੱਤ ਦਏ ਵਡਿਆਈਆ। ਪੰਜਾਂ ਤੱਤਾਂ ਭੇਵ ਖੁਲ੍ਹ੍ਹਾਵਣਾ, ਸਤਿ ਸਤਿਵਾਦੀ ਸਤਵਾਂ ਦਰ ਆਪ ਵਖਾਈਆ। ਸਤਵੰਜਾ ਸਾਲ ਮੁਖ ਛੁਪਾਵਣਾ, ਮਾਣਸ ਪਰਦਾ ਫੇਰ ਚੁਕਾਈਆ। ਪਿਛਲੀ ਆਯੂ ਆਪਣੇ ਲੇਖੇ ਲਾਵਣਾ, ਅੱਗੇ ਮਾਰਗ ਆਪੇ ਪਾਈਆ। ਬਾਰਾਂ ਹਾੜ ਲਿਖਿਆ ਪੂਰ ਕਰਾਵਣਾ, ਭੁਲ ਕਦੇ ਨਾ ਜਾਈਆ। ਜੋ ਸੁਣਾਇਆ ਸੋ ਆਪਣੇ ਵਿਚ ਟਿਕਾਵਣਾ, ਆਪਾ ਤੇਰੇ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਪੂਰੀ ਆਸ ਕਰੇ ਕਰਨੇਯੋਗ, ਸਤਿਗੁਰ ਪੂਰੇ ਹੱਥ ਵਡਿਆਈਆ। ਪਹਿਲਾਂ ਪਿਛਲੇ ਜਨਮ ਦਾ ਕੱਟੇ ਵਜੋਗ, ਕੂੜਾ ਰੋਗ ਦਏ ਗਵਾਈਆ। ਦੂਜੇ ਸ਼ਬਦ ਸੁਰਤ ਕਰੇ ਸੰਜੋਗ, ਗੁਰ ਸਤਿਗੁਰ ਮੇਲ ਮਿਲਾਈਆ। ਤੀਜੇ ਆਤਮ ਸੇਜਾ ਭੋਗੇ ਭੋਗ, ਭਸਮੜ ਮਰ ਕਦੇ ਨਾ ਜਾਈਆ। ਚੌਥੇ ਘਰ ਇਕ ਵਖਾਏ ਸਾਚਾ ਜੋਗ, ਸੋਹੰ ਸ਼ਬਦ ਆਤਮ ਪਰਮਾਤਮ ਏਕਾ ਰੰਗ ਰੰਗਾਈਆ। ਪੰਚਮ ਲੇਖਾ ਜਾਣੇ ਕਾਇਆ ਕਿਲਾ ਕੋਟ, ਪੰਚਮ ਨਾਦ ਸ਼ਬਦ ਧੁਨ ਸੁਣਾਏ ਸੱਚੀ ਸ਼ਨਵਾਈਆ। ਛੇਵੇਂ ਘਰ ਅਗਾਧ ਬੋਧ, ਬੋਧ ਅਗਾਧੀ ਏਕਾ ਅੱਖਰ ਦਏ ਪੜ੍ਹਾਈਆ। ਸਤਵੇਂ ਸਤਿ ਸਤਿਵਾਦੀ ਲੇਖਾ ਜਾਣੇ ਚੌਦਾਂ ਲੋਕ, ਲੋਕ ਪਰਲੋਕ ਹੋਏ ਸਹਾਈਆ। ਅੱਠਵੇਂ ਅੱਠਾਂ ਤੱਤਾਂ ਦੇਵੇ ਮੋਖ, ਮੁਕਤੀ ਗੁਰ ਚਰਨ ਗੁਰਸਿਖ ਤੇਰੇ ਪੈਰਾਂ ਹੇਠ ਦਬਾਈਆ। ਨੌਂ ਦਵਾਰ ਹਰਖ ਚੁਕਾਏ ਸੋਗ, ਚਿੰਤਾ ਚਿਖਾ ਨਾ ਕੋਇ ਜਲਾਈਆ। ਦਸਵੇਂ ਦਰਸ ਦਖਾਏ ਅਮੋਘ, ਸੋਵਤ ਜਾਗਤ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪਣਾ ਭੇਵ ਆਪ ਖੁਲ੍ਹ੍ਹਾਈਆ। ਹਰਿ ਹਰਿ ਭੇਵ ਖੁਲ੍ਹਾਵਣਾ, ਕਾਇਆ ਅੰਦਰ ਬੰਕ ਦਵਾਰ। ਆਪੇ ਬ੍ਰਹਮ ਪਾਰਬ੍ਰਹਮ ਮੇਲ ਮਿਲਾਵਣਾ, ਸਾਚੀ ਸੇਜਾ ਕਰੇ ਪਿਆਰ। ਜੋਤ ਨਿਰੰਜਣ ਦੀਪ ਜਗਾਵਣਾ, ਆਠ ਪਹਿਰ ਰਹੇ ਉਜਿਆਰ। ਅਨਹਦ ਨਾਦੀ ਨਾਦ ਵਜਾਵਣਾ, ਆਪੇ ਗਾਏ ਮੰਗਲਾਚਾਰ। ਬਜਰ ਕਪਾਟੀ ਤੋੜ ਤੁੜਾਵਣਾ, ਨਾਤਾ ਤੋੜੇ ਧੂਆਂਧਾਰ। ਅਗਨੀ ਤੱਤ ਆਪ ਬੁਝਾਵਣਾ, ਅੰਮ੍ਰਿਤ ਬਰਖੇ ਠੰਡੀ ਠਾਰ। ਨਾਭੀ ਕਵਲ ਆਪ ਉਲਟਾਵਣਾ, ਕਵਲ ਕਵਲਾ ਪਾਵੇ ਸਾਰ। ਈੜਾ ਪਿੰਗਲ ਆਪ ਸਮਝਾਵਣਾ, ਦੇਵੇ ਮਤ ਸੱਚੀ ਸਰਕਾਰ। ਟੇਢੀ ਬੰਕ ਪਾਰ ਕਰਾਵਣਾ, ਸੁਖਮਨ ਰੱਖੇ ਆਪਣੀ ਧਾਰ। ਜਗਤ ਵਾਸਨਾ ਮੇਟ ਮਿਟਾਵਣਾ, ਮਨ ਮਨੂਆ ਨਾ ਕਰੇ ਖ਼ਵਾਰ। ਸਾਚੀ ਮਤ ਬੁਧ ਇਕ ਦਸਾਵਣਾ, ਹਰਿ ਚਰਨ ਪ੍ਰੀਤੀ ਸਚ ਪਿਆਰ। ਜਗਤ ਰੀਤੀ ਵੇਖ ਵਖਾਵਣਾ, ਪਤਿਤ ਪੁਨੀਤੀ ਕਿਰਪਾ ਧਾਰ। ਪਹਿਲੀ ਬੀਤੀ ਕੀ ਫੋਲ ਫੁਲਾਵਣਾ, ਉਪਰ ਪਰਦਾ ਦੇਵੇ ਡਾਰ। ਅੱਗੇ ਹੋਏ ਆਪ ਜ਼ਾਮਨਾ, ਮਾਰਗ ਦੱਸੇ ਇਕ ਸੁਖਾਲ। ਨੇੜ ਨਾ ਆਏ ਕਾਮਨੀ ਕਾਮਨਾ, ਗੁਰਸਿਖ ਹੋਏ ਨਾ ਤੇਰਾ ਜ਼ਵਾਲ। ਮੇਟੇ ਰੈਣ ਅੰਧੇਰੀ ਸ਼ਾਮਨਾ, ਜਲਵਾ ਨੂਰ ਵਖਾਏ ਇਕ ਜਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਲਾਲ। ਲਾਲ ਅਨਮੁਲੜਾ ਮੇਲਿਆ, ਗੁਰਸਿਖ ਕਰ ਪਿਆਰ। ਏਕਾ ਮੰਦਰ ਵਸੇ ਗੁਰੂ ਗੁਰ ਚੇਲਿਆ, ਸੋਹੇ ਬੰਕ ਦਵਾਰ। ਹਰਿ ਪਾਇਆ ਸੱਜਣ ਸੁਹੇਲਿਆ, ਵਿਛੜ ਨਾ ਜਾਏ ਵਿਚ ਸੰਸਾਰ। ਰਾਏ ਧਰਮ ਦੀ ਕੱਟੇ ਜੇਲਿਆ, ਚਿਤਰ ਗੁਪਤ ਨਾ ਕਰੇ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਏਕਾ ਸਾਚਾ ਵਰ, ਹਰਿਜਨ ਬਣੇ ਦਰ ਭਿਖਾਰ। ਹਰਿਜਨ ਭਿਖਾਰੀ ਮੰਗਦਾ, ਏਕਾ ਨਾਮ ਅਨਡਿਠ। ਸਤਿਗੁਰ ਪੂਰਾ ਚੋਲੀ ਰੰਗਦਾ, ਜੁਗ ਜੁਗ ਕਰੇ ਸਾਚਾ ਹਿਤ। ਵਜਾਏ ਤਾਲ ਨਾਮ ਏਕਾ ਮਰਦੰਗ ਦਾ, ਵੇਸ ਅਵੱਲੜਾ ਨਿਤ ਨਵਿਤ। ਰਸ ਮਾਣੇ ਸੇਜ ਪਲੰਘ ਦਾ, ਆਤਮ ਸੇਜਾ ਬਹਿ ਬਹਿ ਮਿਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਮਾਣਸ ਜਨਮ ਲੇਖ ਚੁਕਾਏ, ਪੂਰਬ ਕਰਮਾਂ ਜਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਇਕ ਜਮਾਲ ਰਖਾਏ, ਸੁਫਨ ਸਖੋਪਤ ਜਾਗਰਤ ਤੁਰੀਆ ਏਕਾ ਰੂਪ ਦਰਸਾਏ, ਨਾ ਕੋਈ ਵਾਰ ਨਾ ਕੋਈ ਥਿਤ।