Granth 10 Likhat 045: 19 Faggan 2017 Bikarmi Munsha Singh Mela Singh de Greh Pind Babu pura Jila Gurdaspur

੧੯ ਫਗਣ ੨੦੧੭ ਬਿਕ੍ਰਮੀ ਮੁਨਸ਼ਾ ਸਿੰਘ ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਆਦਿ ਪੁਰਖ ਏਕਾ ਹਰਿ, ਹਰਿ ਵੱਡਾ ਵਡ ਵਡਿਆਈਆ। ਵਸਣਹਾਰਾ ਸਾਚੇ ਘਰ, ਘਰ ਮੰਦਰ ਆਪ ਉਪਾਈਆ। ਨਿਰਭੈ ਭੌ ਨਾ ਰੱਖੇ ਕੋਇ ਡਰ, ਭੈ ਆਪਣਾ ਸਰਬ ਜਣਾਈਆ। ਕਰੇ ਖੇਲ ਅਗੰਮ ਅਪਰ, ਅਗੰਮ ਅਗੰਮੜੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਧਰਾਈਆ । ਸੋ ਪੁਰਖ ਨਿਰੰਜਣ ਰੂਪ ਅਵੱਲਾ, ਹਰਿ ਹਰਿ ਸਾਚਾ ਆਪ ਧਰਾਇੰਦਾ। ਕਰੇ ਖੇਲ ਇਕ ਇਕੱਲਾ, ਅਕਲ ਕਲ ਧਾਰੀ ਆਪਣਾ ਬਲ ਉਪਜਾਇੰਦਾ। ਆਪਣੇ ਨੂਰ ਆਪੇ ਰਲਾ, ਆਪਣਾ ਮੇਲ ਆਪ ਮਿਲਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਹਰਿ ਪੁਰਖ ਨਿਰੰਜਣ ਨਿਰਾਕਾਰਾ, ਨਿਰਵੈਰ ਨਾਉਂ ਧਰਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਰਖਾਇੰਦਾ। ਅਲਖ ਅਲਖਨਾ ਖੇਲ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਅਨੂਪ ਆਪ ਪਰਗਟਾਇੰਦਾ। ਏਕੰਕਾਰਾ ਪੁਰਖ ਅਕਾਲ, ਮਹਿਮਾ ਅਕਥ ਕਥੀ ਨਾ ਜਾਈਆ। ਵਸਣਹਾਰਾ ਸਚ ਘਰ ਸੱਚੀ ਧਰਮਸਾਲ, ਗ੍ਰਹਿ ਮੰਦਰ ਸੋਭਾ ਪਾਈਆ। ਸਦਾ ਸੁਹੇਲਾ ਚਲੇ ਨਾਲ ਨਾਲ, ਆਪਣਾ ਸੰਗ ਨਿਭਾਈਆ। ਆਪਣੀ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਵਡ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਆਦਿ ਨਿਰੰਜਣ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਆਪ ਆਪਣਾ ਕਰ ਪਸਾਰਾ, ਹਰਿ ਹਰਿ ਆਪੇ ਵੇਖ ਵਖਾਇੰਦਾ। ਆਪਣਾ ਘਾੜਨ ਘੜ ਠਠਿਆਰਾ, ਸਾਚੀ ਬਣਤ ਆਪ ਬਣਾਇੰਦਾ। ਆਪੇ ਵਸੇ ਸਚ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਇੰਦਾ। ਅਬਿਨਾਸ਼ੀ ਕਰਤਾ ਪੁਰਖ ਅਬਿਨਾਸ, ਏਕਾ ਰੰਗ ਸਮਾਇਆ। ਆਪੇ ਜਾਣੇ ਆਪਣਾ ਖੇਲ ਤਮਾਸ਼, ਸਾਚੀ ਮੰਡਲ ਰਾਸ ਰਚਾਇਆ। ਆਪ ਆਪਣਾ ਹੋਏ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇਆ। ਆਪੇ ਲੇਖਾ ਆਪਣੇ ਨਿਜ ਮੰਦਰ ਕਰ ਕਰ ਵਾਸ, ਘਟ ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਵਿਚ ਰਖਾਇਆ। ਸ੍ਰੀ ਭਗਵਾਨ ਸਰਬ ਗੁਣ ਦਾਤਾ, ਏਕਾ ਏਕ ਵਡੀ ਵਡਿਆਈਆ। ਆਪ ਬਣਾਏ ਆਪਣੀ ਜ਼ਾਤਾ, ਉਤਮ ਆਪਣੀ ਜ਼ਾਤ ਰਖਾਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਗੋਦੀ ਗੋਦ ਨਾ ਕੋਇ ਬਹਾਈਆ। ਨਾ ਕੋਈ ਸੁਣਾਏ ਸੁਣੇ ਗਾਥਾ, ਕਰੇ ਕਰਾਏ ਨਾ ਕੋਇ ਪੜ੍ਹਾਈਆ। ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਵਖਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਅਨਭਵ ਆਪਣੀ ਧਾਰ ਚਲਾਇੰਦਾ। ਆਪਣੇ ਪਰਕਾਸ਼ ਹੋ ਉਜਿਆਰਾ, ਨੂਰ ਜ਼ਹੂਰ ਆਪ ਕਰਾਇੰਦਾ। ਆਪ ਸੁਹਾਏ ਆਪਣਾ ਸਚ ਦਵਾਰਾ, ਦਰ ਘਰ ਸਾਚਾ ਆਪ ਬਣਾਇੰਦਾ। ਕਰੇ ਖੇਲ ਏਕਾ ਵਾਰਾ, ਦੂਜੀ ਧਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਰਗੁਣ ਹਰਿ, ਨਿਰਾਕਾਰ ਆਪਣੀ ਕਲ ਵਰਤਾਇੰਦਾ। ਸਚਖੰਡ ਦਵਾਰਾ ਸਾਚਾ ਘਰ, ਹਰਿ ਮੰਦਰ ਹਰਿ ਸੁਹਾਇੰਦਾ। ਆਪਣਾ ਘਾੜਨ ਆਪੇ ਘੜ, ਆਪੇ ਵੇਖ ਵਖਾਇੰਦਾ। ਆਪੇ ਬੈਠਾ ਅੰਦਰ ਵੜ, ਭੇਵ ਕੋਇ ਨਾ ਪਾਇੰਦਾ। ਆਪੇ ਸਚ ਸਿੰਘਾਸਣ ਬੈਠਾ ਚੜ੍ਹ, ਸਚ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਖਾਇੰਦਾ। ਥਿਰ ਘਰ ਸਾਚਾ ਆਪੇ ਖੋਲ੍ਹ, ਆਪਣੀ ਦਇਆ ਆਪ ਕਮਾਈਆ। ਆਪੇ ਬੈਠਾ ਰਹੇ ਅਡੋਲ, ਅਡੁਲ ਬੇਪਰਵਾਹੀਆ। ਆਪੇ ਤੋਲੇ ਆਪਣੇ ਤੋਲ, ਤੋਲਣਹਾਰਾ ਇਕ ਹੋ ਜਾਈਆ। ਆਪ ਵਜਾਏ ਆਪਣਾ ਢੋਲ, ਸਤਿ ਮਰਦੰਗਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਆਪੇ ਹੋਏ ਪਿਤਾ ਮਾਈਆ। ਪਿਤਾ ਮਾਤ ਹਰਿ ਨਿਰੰਕਾਰਾ, ਆਪਣਾ ਖੇਲ ਖਿਲਾਇੰਦਾ। ਆਪੇ ਜਣੇ ਸੁਤ ਦੁਲਾਰਾ, ਸ਼ਬਦੀ ਨਾਉਂ ਧਰਾਇੰਦਾ। ਆਪੇ ਵਣਜ ਕਰੇ ਵਣਜਾਰਾ, ਆਪਣਾ ਹੱਟ ਆਪ ਚਲਾਇੰਦਾ। ਆਪੇ ਦੇਵੇ ਸਚ ਭੰਡਾਰਾ, ਵਸਤ ਅਮੋਲਕ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਇੰਦਾ। ਆਪਣੀ ਧਾਰ ਆਪੇ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਆਪਣੀ ਕਿਰਨ ਆਪਾ ਵਿਚ ਆਪੇ ਕੱਢ, ਕਰੇ ਖੇਲ ਸਾਚਾ ਹਰਿ, ਹਰਿ ਆਪਣੀ ਖੇਲ ਖਿਲਾਇੰਦਾ। ਰੂਪ ਧਰਾਏ ਨਾਰੀ ਨਰ, ਨਾਰੀ ਕੰਤ ਆਪ ਹੰਢਾਇੰਦਾ। ਆਪਣੀ ਸੇਜਾ ਆਪੇ ਚੜ੍ਹ, ਆਪ ਆਪਣਾ ਮੇਲ ਮਿਲਾਇੰਦਾ। ਆਪਣੇ ਅੰਦਰ ਆਪੇ ਵੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਧੁਰ ਫ਼ਰਮਾਨਾ ਆਪਣੇ ਹੱਥ ਰਖਾਇੰਦਾ। ਧੁਰ ਫ਼ਰਮਾਨਾ ਰਾਜ ਰਾਜਾਨਾ, ਹਰਿ ਆਪਣਾ ਆਪ ਸੁਣਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਸਾਚਾ ਸੀਸ ਤਾਜ ਸੁਹਾਈਆ। ਸਤਿ ਸਰੂਪੀ ਇਕ ਕਮਾਨਾ, ਵਡ ਬਲਵਾਨਾ ਆਪ ਉਠਾਈਆ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਸਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਆਪਣੇ ਅੱਗੇ ਰੱਖ, ਹਰਿ ਹਰਿ ਸਾਚੀ ਖੇਲ ਖਿਲਾਇੰਦਾ। ਆਪਣਾ ਰੂਪ ਕਰ ਪਰਤੱਖ, ਵਿਸ਼ਵ ਵਿਸ਼ਨੂੰ ਨਾਉਂ ਧਰਾਇੰਦਾ। ਆਪ ਆਪਣਾ ਕੀਤਾ ਵੱਖ, ਭੇਵ ਕੋਏ ਨਾ ਪਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਵਿਸ਼ਨੂੰ ਅੰਦਰ ਬੰਧਨ ਪਾ, ਆਪਣੀ ਧਾਰ ਵਹਾਈਆ। ਪਰਮਾਨੰਦਨ ਗਿਆ ਸਮਾ, ਪਾਰਬ੍ਰਹਮ ਵਡੀ ਵਡਿਆਈਆ। ਆਪਣੀ ਚਰਨ ਧੂੜੀ ਚੰਦਨ ਮਸਤਕ ਇਕ ਲਗਾ, ਏਕਾ ਨੂਰ ਨੂਰ ਰੁਸ਼ਨਾਈਆ। ਏਕਾ ਕਵਲ ਲਏ ਖਿਲਾ੍ਹ, ਕਵਲ ਕਵਲਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨੂੰ ਅੰਦਰ ਕਵਲ ਧਾਰ, ਹਰਿ ਅੰਮ੍ਰਿਤ ਅਮਰ ਕਰਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਜੋਤੀ ਜੋਤ ਹੋਏ ਉਜਿਆਰ, ਤਤਵ ਤਤ ਨਾ ਕੋਇ ਬਣਾਇੰਦਾ। ਆਪਣੀ ਵੰਡ ਵੰਡੇ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਆਪੇ ਬ੍ਰਹਮ ਕਰ ਪਸਾਰ, ਆਪਣਾ ਨਾਉਂ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਆਪ ਰਚਾਇੰਦਾ। ਆਪੇ ਬ੍ਰਹਮਾ ਵੇਤਾ ਜਾਇਆ, ਜਨਨੀ ਜਨ ਆਪ ਅਖਵਾਇੰਦਾ। ਆਪੇ ਵਿਸ਼ਨੂੰ ਗੋਦ ਉਠਾਇਆ, ਆਪ ਆਪਣੀ ਗੋਦ ਸੁਹਾਇੰਦਾ। ਆਪੇ ਸ਼ਬਦ ਅਗੰਮੀ ਇਕ ਸੁਣਾਇਆ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਪੇ ਦਾਈ ਦਾਇਆ ਬਣ ਬਣ ਸੇਵ ਕਮਾਇਆ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਵੇਖ ਵਖਾਇੰਦਾ। ਆਪੇ ਥਿਰ ਘਰ ਪਾਰ ਕਰਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਵਿਸ਼ਨ ਬ੍ਰਹਮਾ ਘਾੜਤ ਲਏ ਘੜਾਇਆ, ਘੜਨਹਾਰ ਆਪ ਹੋ ਜਾਈਆ। ਆਪੇ ਆਪਣੇ ਰੰਗ ਸਮਾਇਆ, ਰੰਗ ਰੰਗੀਲਾ ਸਾਚਾ ਮਾਹੀਆ। ਆਪੇ ਆਪਣੀ ਸੁੰਨ ਅਗੰਮ ਡੇਰਾ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਸੁੰਨ ਅਗੰਮੀ ਹਰਿ ਸਮਾ, ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਦਰ ਬਹਾ, ਏਕਾ ਹੁਕਮ ਸੁਣਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਭੇਵ ਕੋਇ ਨਾ ਪਾਇੰਦਾ। ਆਪਣੀ ਇਛਿਆ ਲਏ ਪਰਗਟਾ, ਸਾਚੀ ਭਿਛਿਆ ਝੋਲੀ ਪਾਇੰਦਾ। ਏਕਾ ਸ਼ੰਕਰ ਚਰਨ ਧੂੜੀ ਲਏ ਤਾ, ਰੂਪ ਅਨੂਪ ਆਪ ਵਖਾਇੰਦਾ। ਮਸਤਕ ਟਿੱਕਾ ਦੇਵੇ ਲਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤਿੰਨਾਂ ਲੇਖਾ ਦਏ ਸਮਝਾ, ਏਕਾ ਗੁਣ ਜਣਾਇੰਦਾ। ਆਪੇ ਪਿਤਾ ਆਪੇ ਮਾਂ, ਆਪੇ ਬਾਲਕ ਰੂਪ ਵਟਾਇੰਦਾ। ਵਿਸ਼ਨੂੰ ਫੜੇ ਹਰਿ ਹਰਿ ਬਾਂਹ, ਬ੍ਰਹਮਾ ਸ਼ੰਕਰ ਹੱਥ ਮਿਲਾਇੰਦਾ। ਸ਼ੰਕਰ ਰੱਖ ਚਰਨ ਧਿਆਂ, ਪੁਰਖ ਅਬਿਨਾਸ਼ੀ ਇਕ ਮਨਾਇੰਦਾ। ਕਰੇ ਖੇਲ ਹਰਿ ਵਡ ਮਿਹਰਵਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਇੰਦਾ। ਵਿਸ਼ਨ ਵਿਸ਼ਵ ਕਰ ਤਿਆਰਾ, ਹਰਿ ਸਾਚੇ ਦਇਆ ਕਮਾਈਆ। ਏਕਾ ਬਖ਼ਸ਼ੇ ਚਰਨ ਸਹਾਰਾ, ਏਕਾ ਓਟ ਰਿਹਾ ਸਮਝਾਈਆ। ਏਕਾ ਸਤਿ ਦਏ ਭੰਡਾਰਾ, ਸਤੋ ਗੁਣੀ ਨਾਮ ਰਖਾਈਆ। ਏਕਾ ਬ੍ਰਹਮਾ ਕਰੇ ਭਿਖਾਰਾ, ਏਕਾ ਵਸਤ ਰਿਹਾ ਦਰਸਾਈਆ। ਏਕਾ ਨਾਮ ਕਰੇ ਉਜਿਆਰਾ, ਨਿਸ਼ਅੱਖਰ ਕਰੇ ਪੜ੍ਹਾਈਆ। ਚਾਰੇ ਮੁਖ ਦਏ ਸਹਾਰਾ, ਰਸਨਾ ਜਿਹਵਾ ਆਪ ਹਲਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਪਾਰਬ੍ਰਹਮ ਬ੍ਰਹਮ ਏਕਾ ਗੁਣ ਜਣਾਈਆ। ਆਪੇ ਬਣੇ ਸਚ ਲਿਖਾਰਾ, ਆਪਣਾ ਭੇਵ ਆਪ ਖੁਲ੍ਹ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਗਾਹੀਆ। ਧੁਰਦਰਗਾਹੀ ਖੇਲ ਖਿਲਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਭੋਲਾ ਨਾਥ ਆਪ ਜਗਾਇੰਦਾ, ਚਰਨ ਕਵਲ ਲਏ ਛੁਹਾ। ਸਾਚੀ ਧੂੜੀ ਖ਼ਾਕ ਰਮਾਇੰਦਾ, ਸੀਸ ਜਗਦੀਸ਼ ਆਪਣੇ ਚਰਨਾਂ ਹੇਠ ਦਬਾ। ਏਕਾ ਹੁਕਮੀ ਹੁਕਮ ਸੁਣਾਇੰਦਾ, ਹਰਿ ਜੂ ਰਖੇ ਆਪਣੀ ਸਦ ਰਜ਼ਾ। ਏਕਾ ਸ਼ਸਤਰ ਹੱਥ ਵਖਾਇੰਦਾ, ਤਿੰਨਾਂ ਮੂਲ ਤ੍ਰਿਸੂਲ ਦਏ ਵਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦਏ ਫੜਾ। ਸਾਚੀ ਵਸਤ ਹਰਿ ਨਿਰੰਕਾਰਾ, ਸਤਿ ਸਤਿ ਆਪ ਵਰਤਾਈਆ। ਵਿਸ਼ਨੂੰ ਦੇਵੇ ਇਕ ਆਧਾਰਾ, ਭੁਲ ਕਦੇ ਨਾ ਜਾਈਆ। ਬ੍ਰਹਮੇ ਦੇਵੇ ਚਰਨ ਕਵਲ ਇਕ ਸਹਾਰਾ, ਏਕਾ ਦਰ ਵਖਾਈਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਕਰੇ ਪੜ੍ਹਾਈਆ। ਸ਼ੰਕਰ ਬਣਾਏ ਇਕ ਵਣਜਾਰਾ, ਏਕਾ ਗੁਣ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜਸ ਤਾਮਸ ਤਾਮਸ ਰਾਜਸ ਸਾਂਤਕ ਸੰਗ ਆਪ ਨਿਭਾਈਆ। ਤ੍ਰੈਗੁਣ ਤੱਤ ਆਪ ਉਪਾ, ਹਰਿ ਤ੍ਰੈਗੁਣ ਮੇਲ ਮਿਲਾਇਆ। ਕਰਿਆ ਖੇਲ ਬੇਪਰਵਾਹ, ਭੇਵ ਕਿਸੇ ਨਾ ਆਇਆ। ਚਾਰੇ ਵੇਦ ਰਹੇ ਸਾਲਾਹ, ਸਿਫ਼ਤੀ ਸਿਫ਼ਤ ਹਰਿ ਸਾਲਾਹਿਆ। ਵਿਸ਼ਨ ਬ੍ਰਹਮਾ ਸ਼ਿਵ ਢਹਿ ਢਹਿ ਪਏ ਸਰਨਾ, ਚਰਨ ਕਵਲ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇਆ। ਹਰਿ ਪਰਦਾ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨੂੰ ਇਕ ਨਿਸ਼ਾਨ ਵਖਾਇੰਦਾ, ਸਤਿ ਪੁਰਖ ਨਿਰੰਜਣ ਹੋ ਮਿਹਰਵਾਨ। ਬ੍ਰਹਮਾ ਇਕ ਗਿਆਨ ਦ੍ਰਿੜਾਇੰਦਾ, ਸੋ ਪੁਰਖ ਨਿਰੰਜਣ ਗੁਣ ਨਿਧਾਨ। ਸ਼ੰਕਰ ਏਕਾ ਘਰ ਬਹਾਇੰਦਾ, ਹਰਿ ਪੁਰਖ ਨਿਰੰਜਣ ਦੇਵੇ ਦਾਨ। ਏਕੰਕਾਰਾ ਹੁਕਮ ਸੁਣਾਇੰਦਾ, ਭੁਲ ਨਾ ਜਾਏ ਬਣ ਨਾਦਾਨ। ਆਦਿ ਨਿਰੰਜਣ ਦੀਪ ਜਗਾਇੰਦਾ, ਜੋਤੀ ਨੂਰ ਹੋਏ ਮਹਾਨ। ਸ੍ਰੀ ਭਗਵਾਨ ਮਾਰਗ ਪਾਇੰਦਾ, ਦੇਵੇ ਧੁਰ ਫ਼ਰਮਾਨ। ਅਬਿਨਾਸ਼ੀ ਕਰਤਾ ਉਂਗਲੀ ਲਾਇੰਦਾ, ਆਪ ਵਖਾਏ ਸਚ ਮਕਾਨ। ਪਾਰਬ੍ਰਹਮ ਆਪਣਾ ਦਰਸ ਦਿਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਪਾਰਬ੍ਰਹਮ ਹਰਿ ਜਾਣਦਾ, ਜਾਨਣਹਾਰ ਕਰਤਾਰ। ਵਿਸ਼ਨ ਬ੍ਰਹਮਾ ਸ਼ਿਵ ਕੀ ਲੇਖਾ ਜਾਣੇ ਸ੍ਰੀ ਭਗਵਾਨ ਦਾ, ਸ੍ਰੀ ਭਗਵਾਨ ਗੁਣ ਨਿਧਾਨ। ਆਦਿ ਜੁਗਾਦਿ ਲੇਖਾ ਇਕ ਮਿਹਰਵਾਨ ਦਾ, ਮਿਹਰਵਾਨ ਨੌਜਵਾਨ। ਬਾਲ ਅੰਞਾਣੇ ਆਪ ਉਠਾਲ ਦਾ, ਦਰ ਦਵਾਰੇ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਰਖਾਏ ਸਾਚੀ ਆਣ। ਹਰਿ ਏਕਾ ਆਣ ਰਖਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਜਗਾ। ਹਰਿ ਏਕਾ ਬੰਧਨ ਪਾਇੰਦਾ, ਨਾ ਸਕੇ ਕੋਇ ਤੁੜਾ। ਹਰਿ ਏਕਾ ਅੰਦਰ ਬਹਾਇੰਦਾ, ਚਰਨ ਕਵਲ ਦਏ ਸਮਝਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹ੍ਹਾ। ਹਰਿ ਸਾਚਾ ਭੇਦ ਖੁਲ੍ਹਾਇੰਦਾ, ਨਾਉਂ ਨਿਰੰਕਾਰਾ ਆਪੇ ਬੋਲ। ਵਿਸ਼ਨ ਬ੍ਰਹਮਾ ਸ਼ਿਵ ਜਗਾਇੰਦਾ, ਨਾਦ ਵਜਾਏ ਆਪਣਾ ਢੋਲ। ਸਾਚੀ ਸੇਵਾ ਆਪ ਵਖਾਇੰਦਾ, ਤ੍ਰੈ ਤ੍ਰੈ ਕੰਡੇ ਤੋਲ। ਲੱਖ ਚੁਰਾਸੀ ਝੋਲੀ ਪਾਇੰਦਾ, ਆਪ ਬਣਿਆ ਰਹੇ ਅਨਭੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪੇ ਰਿਹਾ ਮੌਲ। ਲੱਖ ਚੁਰਾਸੀ ਘਾੜਨ ਘੜਨਾ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਤ੍ਰੈ ਤ੍ਰੈ ਲੇਖਾ ਆਪੇ ਵਰਨਾ, ਦੂਸਰ ਅਵਰ ਨਾ ਕੋਇ ਪਰਨਾਇੰਦਾ। ਇਕ ਦੂਜੇ ਦਾ ਲੜ ਫੜਨਾ, ਭੁਲ ਕੋਇ ਨਾ ਜਾਇੰਦਾ। ਵਿਸ਼ਨੂੰ ਭੰਡਾਰਾ ਘਰ ਘਰ ਧਰਨਾ, ਦਰ ਦਰ ਰਿਜ਼ਕ ਸਬਾਇੰਦਾ। ਬ੍ਰਹਮਾ ਬ੍ਰਹਮ ਰੂਪ ਜੀਵ ਜੰਤ ਕਰਨਾ, ਤੇਰੀ ਵੰਡ ਵੰਡਾਇੰਦਾ। ਸ਼ੰਕਰ ਤੇਰੇ ਹੱਥ ਰਖਾਇਆ ਮਰਨਾ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਆਪੇ ਬਣਨਾ, ਸ਼ਬਦ ਸਨੇਹੜਾ ਇਕ ਸੁਣਾਇੰਦਾ। ਮੇਰਾ ਲੇਖ ਕਿਸੇ ਨਾ ਪੜ੍ਹਨਾ, ਲੋਕਮਾਤ ਹੱਥ ਕਿਸੇ ਨਾ ਆਇੰਦਾ। ਮੇਰੇ ਪੌੜੇ ਕਿਸੇ ਨਾ ਚੜ੍ਹਨਾ, ਆਪਣਾ ਪੌੜਾ ਆਪਣੇ ਵਿਚ ਛੁਪਾਇੰਦਾ। ਆਦਿ ਜੁਗਾਦਿ ਵਿਸ਼ਨ ਬ੍ਰਹਮਾ ਸ਼ਿਵ ਆਪਣੀ ਬਖ਼ਸ਼ੇ ਸਾਚੀ ਸਰਨਾ, ਚਰਨ ਕਵਲ ਧਿਆਨ ਇਕ ਵਖਾਇੰਦਾ। ਆਪਣੀ ਕਰੇ ਆਪੇ ਕਰਨਾ, ਕਰਤਾ ਪੁਰਖ ਆਪਣਾ ਨਾਉਂ ਧਰਾਇੰਦਾ। ਨਾ ਜੰਮੇ ਨਾ ਕਦੇ ਮਰਨਾ, ਅਨੁਭਵ ਆਪਣਾ ਰੂਪ ਪਰਗਟਾਇੰਦਾ। ਏਕਾ ਲੜ ਹਰਿ ਹਰਿ ਫੜਨਾ, ਪੁਰਖ ਅਬਿਨਾਸ਼ੀ ਆਪ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਹਰਿ ਸਮਝਾਇਆ ਸ਼ਬਦ ਗੁਣ, ਤ੍ਰੈਗੁਣ ਤੱਤ ਵਿਚਾਰ। ਆਦਿ ਜੁਗਾਦਿ ਫ਼ਰਯਾਦ ਲਏ ਸੁਣ, ਅਭੁਲ ਗੁਰ ਕਰਤਾਰ। ਆਪਣੇ ਵਿਚੋਂ ਕੱਢੇ ਚੁਣ, ਆਪ ਆਪਾ ਕਰ ਪਿਆਰ। ਆਪ ਵਜਾਏ ਆਪਣੀ ਧੁੰਨ, ਨਾਦ ਅਨਾਦੀ ਇਕ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ ਇਕ ਆਧਾਰ। ਤਿੰਨਾਂ ਸੁਣਿਆ ਹਰਿ ਕਾ ਭਾਓ, ਭੈ ਵਿਚ ਬੈਠੇ ਸੀਸ ਝੁਕਾਈਆ । ਪ੍ਰਭ ਤੇਰੀ ਸੇਵਾ ਕਰਨ ਦਾ ਸਦਾ ਚਾਓ, ਚਾਓ ਘਨੇਰਾ ਇਕ ਰਖਾਈਆ। ਸਾਡੀ ਦਾਤ ਤੇਰਾ ਨਾਉਂ, ਵਿਸਰ ਕਦੇ ਨਾ ਜਾਈਆ। ਸਾਡੀ ਮਾਤ ਤੂੰ ਸਾਚੀ ਮਾਉਂ, ਪਿਤਾ ਤੇਰੀ ਗੋਦ ਸੁਹਾਈਆ। ਆਦਿ ਜੁਗਾਦਿ ਪਕੜਨਾ ਬਾਹੋਂ, ਹਉਂ ਬਾਲਕ ਬਾਲ ਸਖਾਈਆ। ਸਦਾ ਸਦ ਰੱਖਣੀ ਠੰਡੀ ਛਾਉਂ, ਸਮਰਥ ਤੇਰੀ ਵਡਿਆਈਆ। ਤੇਰੇ ਹੱਥ ਸਾਡਾ ਨਿਆਉਂ, ਨਿਉਂ ਨਿਉਂ ਬੈਠੇ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹੋਏ ਸਦਾ ਸਹਾਈਆ। ਸਦਾ ਸਹਾਈ ਹੋਵਣਾ, ਤਿੰਨਾਂ ਕਰੀ ਪੁਕਾਰ। ਲੱਖ ਚੁਰਾਸੀ ਤੇਰਾ ਨਾਉਂ ਬੀਜ ਬੋਵਣਾ, ਲੋਕਮਾਤ ਹੋਏ ਉਜਿਆਰ। ਤੇਰਾ ਰੂਪ ਤੇਰਾ ਰੰਗ ਤੇਰਾ ਸੰਗ ਕਦੇ ਨਾ ਖੋਵਣਾ, ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੀ ਸਚ ਪਿਆਰ। ਸਚ ਪਿਆਰ ਮੰਗਦਾ, ਵਿਸ਼ਨੂੰ ਨੈਣ ਉਠਾ। ਹਰਿ ਹਰਿ ਚੋਲੀ ਰੰਗਦਾ, ਰੰਗ ਮਜੀਠੀ ਇਕ ਚੜ੍ਹਾ। ਸ਼ੰਕਰ ਵੇਖੇ ਖੇਲ ਸੂਰੇ ਸਰਬੰਗ ਦਾ, ਚਰਨ ਧੂੜੀ ਤਨ ਰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ ਇਕ ਸਲਾਹ। ਸਚ ਸਲਾਹ ਦੇਵਣਹਾਰਾ, ਏਕਾ ਹੁਕਮ ਜਣਾਈਆ। ਲੱਖ ਚੁਰਾਸੀ ਕਰ ਆਕਾਰਾ, ਨਿਰਗੁਣ ਸਰਗੁਣ ਰੂਪ ਧਰਾਈਆ। ਘਰ ਘਰ ਅੰਦਰ ਭਰ ਭੰਡਾਰਾ, ਵਸਤ ਅਮੋਲਕ ਆਪ ਵਰਤਾਈਆ। ਘਟ ਘਟ ਅੰਦਰ ਕਰ ਉਜਿਆਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਘਰ ਘਰ ਅੰਮ੍ਰਿਤ ਭਰ ਭੰਡਾਰਾ, ਕਵਲੀ ਮੁਖ ਸੁਹਾਈਆ। ਘਰ ਨਾਦ ਸੱਚੀ ਧੁੰਨਕਾਰਾ, ਅਨਹਦ ਆਪ ਅਲਾਈਆ। ਘਰ ਘਰ ਮੰਦਰ ਕਰ ਪਸਾਰਾ, ਘਰ ਘਰ ਵਿਚ ਦਏ ਵਡਿਆਈਆ। ਘਰ ਘਰ ਨਾਰੀ ਕੰਤ ਭਤਾਰਾ, ਘਰ ਘਰ ਸੇਜ ਹੰਢਾਈਆ। ਘਰ ਘਰ ਸਖ਼ੀਆਂ ਮੰਗਲਚਾਰਾ, ਘਰ ਘਰ ਗੀਤ ਗੋਬਿੰਦ ਅਲਾਈਆ। ਘਰ ਘਰ ਵਸੇ ਧੂਆਂਧਾਰਾ, ਘਰ ਘਰ ਸੁੰਜ ਮਸਾਣ ਵਖਾਈਆ। ਘਰ ਘਰ ਵਸਾਏ ਕਾਮ ਕਰੋਧ ਲੋਭ ਮੋਹ ਹੰਕਾਰਾ, ਘਰ ਘਰ ਆਸਾ ਤ੍ਰਿਸ਼ਨਾ ਨਾਚ ਨਚਾਈਆ। ਘਰ ਘਰ ਜੂਠ ਝੂਠ ਕਰ ਪਸਾਰਾ, ਘਰ ਘਰ ਹਉਮੇ ਹੰਗਤਾ ਗੜ੍ਹ ਬਣਾਈਆ। ਘਰ ਘਰ ਭੁੱਖਾ ਨੰਗਤਾ ਫਿਰੇ ਵਾਰੋ ਵਾਰਾ, ਘਰ ਘਰ ਕਰੇ ਸੱਚੀ ਸ਼ਹਿਨਸ਼ਾਹੀਆ। ਘਰ ਘਰ ਹੋਵੇ ਚੋਬਦਾਰਾ, ਘਰ ਘਰ ਬੈਠਾ ਅਲਖ ਜਗਾਈਆ। ਘਰ ਘਰ ਵਿਸ਼ਨੂੰ ਦਏ ਸਹਾਰਾ, ਘਰ ਘਰ ਬ੍ਰਹਮਾ ਬ੍ਰਹਮ ਜੋਤ ਪਰਗਟਾਈਆ। ਘਰ ਘਰ ਸ਼ੰਕਰ ਵਜਾਏ ਤਾਲ ਨਗਾਰਾ, ਹੱਥ ਤ੍ਰਿਸ਼ੂਲ ਉਠਾਈਆ। ਘਰ ਘਰ ਲੱਖ ਚੁਰਾਸੀ ਕਰੇ ਖੇਲ ਆਪ ਕਰਤਾਰਾ, ਦਿਸ ਕਿਸੇ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਦਏ ਹੁਲਾਰਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸੇਵਕ ਸੇਵਾ ਲਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਵਿਸ਼ਨ ਸ਼ਿਵ ਸ਼ੰਕਰ ਮਨਾਇਆ। ਪੁਰਖ ਅਬਿਨਾਸ਼ੀ ਤੇਰੀ ਧਾਰ, ਤੇਰੇ ਅੱਗੇ ਦਏ ਟਿਕਾਇਆ। ਹਉਂ ਸਰਗੁਣ ਰੂਪ ਘੜਨੇਹਾਰ, ਨਿਰਗੁਣ ਤੇਰੀ ਵੰਡ ਵੰਡਾਇਆ। ਤੂੰ ਦਾਤਾ ਅੰਦਰ ਬਾਹਰ, ਗੁਪਤ ਜ਼ਾਹਰ ਤੇਰਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਕਵਣ ਵਾਰ ਕਵਣ ਥਿਤ ਕਵਣ ਰੂਪ ਕਰੇ ਹਿਤ, ਕਵਣ ਧਾਮ ਕਵਣ ਰਾਮ ਕਵਣ ਰੂਪ ਧਰੇ ਭਗਵਾਨ, ਨਿਰਗੁਣ ਨਿਰਗੁਣ ਮੇਲਾ ਲਏ ਮਿਲਾਇਆ। ਨਿਰਗੁਣ ਹਰਿ ਸਮਝਾਇੰਦਾ, ਨਿਰੰਕਾਰ ਕਰਤਾਰ। ਲੱਖ ਚੁਰਾਸੀ ਸਰਗੁਣ ਰੂਪ ਵਖਾਇੰਦਾ, ਲੋਕਮਾਤ ਖੇਲ ਅਪਾਰ। ਪੰਜ ਤੱਤ ਚੋਲਾ ਆਪ ਹੰਢਾਇੰਦਾ, ਮਨ ਮਤ ਬੁਧ ਦਏ ਆਧਾਰ। ਜੁਗ ਜੁਗ ਆਪਣੀ ਵੰਡ ਵੰਡਾਇੰਦਾ, ਆਪੇ ਹੋਏ ਵੰਡਣਹਾਰ। ਆਪਣਾ ਵੇਸ ਆਪ ਕਰਾਇੰਦਾ, ਵੇਸ ਅਵਲੜਾ ਏਕੰਕਾਰ। ਆਪਣਾ ਨਾਉਂ ਆਪ ਪਰਗਟਾਇੰਦਾ, ਆਪੇ ਬੋਲੇ ਸਚ ਜੈਕਾਰ। ਆਪਣਾ ਪਰਦਾ ਆਪ ਉਠਾਇੰਦਾ, ਆਪੇ ਅੰਦਰ ਆਪੇ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਖਿਲਾਵਣਾ, ਹਰਿ ਸਾਚਾ ਸਚ ਸਮਝਾਏ। ਲੱਖ ਚੁਰਾਸੀ ਤਨ ਹੰਢਾਵਣਾ, ਘਟ ਘਟ ਅੰਦਰ ਜੋਤ ਜਗਾਏ। ਨਿਰਗੁਣ ਸਰਗੁਣ ਮੇਲ ਮਿਲਾਵਣਾ, ਸਰਗੁਣ ਨਿਰਗੁਣ ਏਕਾ ਰੰਗ ਰੰਗਾਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਅੰਸ ਬਣਾਵਣਾ, ਸੁਤ ਦੁਲਾਰੇ ਲਏ ਉਠਾਏ। ਚਾਰੇ ਵੇਦਾਂ ਆਪ ਪੜ੍ਹਾਵਣਾ, ਆਪਣੀ ਵਿਦਿਆ ਆਪ ਜਣਾਏ। ਚਾਰੇ ਖਾਣੀ ਆਪ ਉਪਜਾਵਣਾ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਲੇਖੇ ਲਏ ਲਗਾਏ। ਨੌਂ ਦਵਾਰੇ ਆਪ ਖੁਲ੍ਹਾਵਣਾ, ਜਗਤ ਵਾਸਨਾ ਵਿਚ ਰਖਾਏ। ਨੌਂ ਖੰਡ ਪ੍ਰਿਥਮੀ ਆਪ ਪਰਗਟਾਵਣਾ, ਧਰਨੀ ਧਰਤ ਧਵਲ ਦਏ ਵਡਿਆਏ। ਚਾਰ ਜੁਗ ਗੇੜਾ ਆਪ ਦਿਵਾਵਣਾ, ਚਾਰੇ ਕੁੰਟਾਂ ਫੇਰਾ ਪਾਏ। ਚਾਰੇ ਵਰਨਾਂ ਆਪ ਉਪਜਾਵਣਾ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਉਂ ਧਰਾਏ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪਣੇ ਹੱਥ ਰਖਾਵਣਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਏ। ਗੁਰ ਅਵਤਾਰ ਸੇਵਾ ਲਾਵਣਾ, ਲੋਕਮਾਤ ਕਰੇ ਰੁਸ਼ਨਾਏ। ਭਗਤ ਭਗਵੰਤ ਭੇਵ ਖੁਲ੍ਹਾਵਣਾ, ਸਾਚੇ ਸੰਤਾਂ ਏਕਾ ਬੂਝ ਬੁਝਾਏ। ਗੁਰਮੁਖ ਗੁਰ ਗੁਰ ਗੋਦ ਬਹਾਵਣਾ, ਆਪ ਆਪਣਾ ਦਰਸ ਕਰਾਏ। ਗੁਰਸਿਖ ਸਾਚਾ ਸੰਸਾ ਲਾਹਵਣਾ, ਸਤਿਗੁਰ ਪੂਰਾ ਨਜ਼ਰੀ ਆਏ। ਜੁਗ ਚੌਕੜੀ ਆਪਣਾ ਬੰਧਨ ਪਾਵਣਾ, ਨਾ ਕੋਈ ਤੋੜੇ ਤੋੜ ਤੁੜਾਏ। ਬ੍ਰਹਮਾ ਵਿਸ਼ਨ ਸ਼ਿਵ ਭੁਲ ਨਾ ਜਾਵਣਾ, ਪੁਰਖ ਅਬਿਨਾਸ਼ੀ ਆਪ ਸਮਝਾਏ। ਦਵਾਰੇ ਬਹਿ ਬਹਿ ਏਕਾ ਗਾਵਣਾ, ਸੋ ਪੁਰਖ ਨਿਰੰਜਣ ਇਕ ਧਿਆਏ। ਕਲਜੁਗ ਵੇਲਾ ਅੰਤਮ ਆਵਣਾ, ਅਬਿਨਾਸ਼ੀ ਕਰਤਾ ਹੋਏ ਸਹਾਏ। ਨਿਰਗੁਣ ਆਪਣਾ ਵੇਸ ਵਟਾਵਣਾ, ਜੋਤੀ ਜਾਮਾ ਕਰ ਰੁਸ਼ਨਾਏ। ਮੰਦਰ ਮਸਜਿਦ ਗੁਰੂਦਵਾਰ ਨਾ ਕੋਇ ਬਣਾਵਣਾ, ਆਪਣੀ ਕਲ ਆਪ ਵਰਤਾਏ। ਸਾਚਾ ਸ਼ਬਦ ਅਗੰਮੀ ਢੋਲਾ ਏਕਾ ਗਾਵਣਾ, ਲਿਖਣ ਪੜ੍ਹਨ ਵਿਚ ਨਾ ਆਏ। ਦੋ ਜਾਹਾਨਾਂ ਖੇਲ ਖਿਲਾਵਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਸੁਣਾਏ। ਗੁਰਮੁਖ ਸਾਚੇ ਮਾਤ ਜਗਾਵਣਾ, ਜੁਗ ਜੁਗ ਵਿਛੜੇ ਲਏ ਮਿਲਾਏ। ਚਾਰੇ ਵੇਦਾਂ ਫੋਲ ਫੁਲਾਵਣਾ, ਬ੍ਰਹਮਾ ਵੇਤਾ ਨਾਲ ਰਲਾਏ। ਪੁਰਾਨ ਅਠਾਰਾਂ ਭੇਵ ਖੁਲ੍ਹਾਵਣਾ, ਵੇਦ ਵਿਆਸਾ ਆਪ ਉਠਾਏ। ਗੀਤਾ ਗਿਆਨ ਆਪ ਦ੍ਰਿੜਾਵਣਾ, ਅਠਾਰਾਂ ਧਿਆਏ ਆਪੇ ਗਾਏ। ਅੰਜੀਲ ਕ਼ੁਰਾਨਾ ਪਰਦਾ ਲਾਹਵਣਾ, ਤੀਸ ਬਤੀਸਾ ਏਕਾ ਗ੍ਰਹਿ ਦਏ ਸੁਣਾਏ। ਖਾਣੀ ਬਾਣੀ ਆਪੇ ਗਾਵਣਾ, ਰਾਗ ਛਤੀਸ ਰਹੇ ਸ਼ਰਮਾਏ। ਵਿਸ਼ਨੂੰ ਤੇਰਾ ਕੌਲ ਨਿਭਾਵਣਾ, ਪੁਰਖ ਅਬਿਨਾਸ਼ੀ ਹੋਏ ਸਹਾਏ। ਬ੍ਰਹਮਾ ਤੇਰਾ ਬ੍ਰਹਮ ਰੂਪ ਤੇਰੇ ਵਿਚ ਟਿਕਾਵਣਾ, ਸਿਰ ਆਪਣਾ ਹੱਥ ਰਖਾਏ। ਸ਼ੰਕਰ ਤੇਰੀ ਪਿਆਸ ਬੁਝਾਵਣਾ, ਲੱਖ ਚੁਰਾਸੀ ਤੇਰੀ ਝੋਲੀ ਪਾਏ। ਪੂਰਬ ਲੇਖਾ ਪੂਰ ਕਰਾਂਵਦਾ, ਪਾਰਬ੍ਰਹਮ ਬੇਪਰਵਾਹੇ। ਨਾਨਕ ਮੇਲਾ ਮੇਲ ਮਿਲਾਵਣਾ, ਗੋਬਿੰਦ ਏਕਾ ਘਰ ਵਖਾਏ। ਸੰਬਲ ਨਗਰੀ ਧਾਮ ਸੁਹਾਵਣਾ, ਧਰਤ ਧਵਲ ਨਾ ਕੋਇ ਵਡਿਆਏ। ਬਾਢੀ ਕੋਇ ਨਾ ਬਣਤ ਬਣਾਵਣਾ, ਛੱਪਰ ਛੰਨ ਨਾ ਕੋਇ ਛੁਹਾਏ। ਤਿੰਨ ਸੌ ਸੱਠ ਹਾਡੀ ਜੋੜ ਜੁੜਾਵਣਾ, ਬਹੱਤਰ ਨਾੜ ਮੇਲ ਮਿਲਾਏ। ਅੰਦਰ ਵੜ ਵੜ ਆਸਣ ਲਾਵਣਾ, ਉਚੇ ਟਿੱਲੇ ਪਰਬਤ ਸੋਭਾ ਪਾਏ। ਗੌੜ ਬ੍ਰਹਿਮਣ ਖੇਲ ਖਿਲਾਵਣਾ, ਪੂਤ ਸਪੂਤ ਏਕਾ ਜਾਏ। ਵਿਸ਼ਨੂੰ ਫੜਾਏ ਆਪਣਾ ਦਾਮਨਾ, ਦਾਮਨਗੀਰ ਸੱਚਾ ਪਾਤਸ਼ਾਹੇ। ਬ੍ਰਹਮਾ ਤੇਰਾ ਅੰਕ ਆਪਣੇ ਵਿਚ ਸਮਾਵਣਾ, ਅੰਗੀਕਾਰ ਆਪ ਕਰਾਏ। ਸ਼ੰਕਰ ਤੇਰਾ ਪੰਧ ਮੁਕਾਵਣਾ, ਥਿਰ ਕੋਇ ਰਹਿਣ ਨਾ ਪਾਏ। ਚੌਥੇ ਜੁਗ ਆਪ ਮਿਟਾਵਣਾ, ਨਿਹਕਲੰਕ ਨਾਉਂ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਵਰ ਦਾਤਾ ਹਰਿ ਰਘਰਾਏ। ਵਰ ਦੀਆ ਹਰਿ ਭਗਵਾਨ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਅੰਤਮ ਮਿਟੇ ਕਲ ਨਿਸ਼ਾਨ, ਕਾਲ ਮਹਾਕਾਲ ਕਰੇ ਸਫਾਈਆ। ਪਰਗਟ ਹੋਏ ਆਪ ਦਿਆਲ, ਦੀਨਨ ਵੇਖੇ ਥਾਉਂ ਥਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਹਰਿਜਨ ਸਾਚੇ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਜਨਮ ਜਨਮ ਘਾਲ ਜੋ ਰਹੇ ਘਾਲ, ਪੂਰਬ ਲੇਖਾ ਲੇਖੇ ਪਾਈਆ। ਹਾਲ ਮੁਰੀਦਾਂ ਸੁਣੇ ਆਣ, ਮੁਰਸ਼ਦ ਬਣੇ ਬੇਪਰਵਾਹੀਆ। ਦੀਦ ਈਦ ਦੋ ਜਹਾਨ, ਜਲਵਾ ਨੂਰ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਕਲਜੁਗ ਅੰਤਮ ਆਵਣਾ, ਪੁਰਖ ਅਗੰਮ ਅਪਾਰ। ਨਿਰਗੁਣ ਰੂਪ ਧਰਾਵਣਾ, ਦਿਸ ਆਏ ਨਾ ਵਿਚ ਸੰਸਾਰ । ਸ਼ਬਦ ਖੰਡਾ ਇਕ ਚਮਕਾਵਣਾ, ਦੋ ਜਹਾਨਾਂ ਮਾਰੇ ਮਾਰ। ਬ੍ਰਹਿਮੰਡਾਂ ਵੇਖ ਵਖਾਵਣਾ, ਲੋਆਂ ਪੁਰੀਆਂ ਦਏ ਹੁਲਾਰ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕਾਵਣਾ, ਕਰੋੜ ਤੇਤੀਸਾ ਕਰ ਖ਼ਵਾਰ। ਸੁਰਪਤ ਰਾਜਾ ਇੰਦ ਰਹਿਣ ਨਾ ਪਾਵਣਾ, ਵੇਲੇ ਅੰਤਮ ਆਵੇ ਹਾਰ। ਚੌਥੇ ਜੁਗ ਪੰਧ ਮੁਕਾਵਣਾ, ਜੁਗ ਚੌਕੜੀ ਪਾਰ ਕਿਨਾਰ। ਚਾਰੇ ਵੇਦਾਂ ਵਕ਼ਤ ਮੁਕਾਵਣਾ, ਪੁਰਾਨ ਅਠਾਰਾਂ ਬੰਨ੍ਹੇ ਭਾਰ। ਸ਼ਾਸਤਰ ਸਿਮਰਤ ਮੁਖ ਛੁਪਾਵਣਾ, ਉਚੀ ਕੂਕ ਨਾ ਕਰੇ ਪੁਕਾਰ। ਗੀਤਾ ਗਿਆਨ ਆਪਣੇ ਵਿਚ ਟਿਕਾਵਣਾ, ਧਰ ਰੂਪ ਸ੍ਰੀ ਭਗਵਾਨ। ਅੰਜੀਲ ਕ਼ੁਰਾਨਾ ਮੁਖ ਸ਼ਰਮਾਵਣਾ, ਕੋਇ ਨਾ ਗਾਏ ਆਪਣੀ ਵਾਰ। ਬਾਣੀ ਖਾਣੀ ਇਕ ਸਮਝਾਵਣਾ, ਨਿਰਗੁਣ ਦਾਤਾ ਪਰਵਰਦਿਗਾਰ। ਲਾਸ਼ਰੀਕ ਆਪ ਹੋ ਜਾਵਣਾ, ਕਰੇ ਖੇਲ ਸਾਂਝਾ ਯਾਰ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਰੂਪ ਆਪ ਪਰਗਟਾਵਣਾ, ਜਾਮਾ ਲੋਕਮਾਤ ਵਿਚ ਧਾਰ। ਮਹਾਂਬਲੀ ਬਲ ਵਖਾਵਣਾ, ਆਪੇ ਉਤਰੇ ਆਪਣੀ ਵਾਰ। ਮਾਤਾ ਕੁੱਖ ਨਾ ਕਿਸੇ ਰਖਾਵਣਾ, ਪਿਤਾ ਕਰੇ ਨਾ ਕੋਇ ਪਿਆਰ। ਅਬਿਨਾਸ਼ੀ ਕਰਤਾ ਆਪਣਾ ਖੇਲ ਖਿਲਾਵਣਾ, ਜੋਤੀ ਜੋਤ ਹੋ ਉਜਿਆਰ। ਸੰਬਲ ਨਗਰੀ ਭਾਗ ਲਗਾਵਣਾ, ਆਪ ਆਪਣੀ ਕਿਰਪਾ ਧਾਰ। ਸਾਚਾ ਤਖ਼ਤ ਆਪ ਸੁਹਾਵਣਾ, ਉਪਰ ਬੈਠ ਸੱਚੀ ਸਰਕਾਰ। ਸੀਸ ਸਾਚਾ ਤਾਜ ਟਿਕਾਵਣਾ, ਹੱਥ ਨਾ ਆਏ ਵਿਚ ਸੰਸਾਰ। ਕਲਜੁਗ ਸਤਿਜੁਗ ਆਪੇ ਕਾਜ ਰਚਾਵਣਾ, ਕਰੇ ਕਾਜ ਆਪ ਨਿਰੰਕਾਰ। ਕੂੜੀ ਕਿਰਿਆ ਪੰਧ ਮੁਕਾਵਣਾ, ਲੇਖਾ ਲਿਖੇ ਅਪਰ ਅਪਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ। ਖ਼ਬਰਦਾਰ ਹਰਿ ਖ਼ਬਰ ਕਰਾਇੰਦਾ, ਕਲਜੁਗ ਅੰਤਮ ਜੋਤੀ ਜਾਮਾ ਪਾ। ਸ਼ਬਦ ਅਗੰਮੀ ਡੰਕ ਵਜਾਇੰਦਾ, ਨਿਰਗੁਣ ਨਿਰਵੈਰ ਰਿਹਾ ਸੁਣਾ। ਸੋਇਆ ਕੋਇ ਰਹਿਣ ਨਾ ਪਾਇੰਦਾ, ਘਰ ਘਰ ਫੇਰੀ ਰਿਹਾ ਵਖਾ। ਚਾਰੋਂ ਕੁੰਟ ਉਠ ਉਠ ਧਾਇੰਦਾ, ਦਹਿ ਦਿਸ਼ਾ ਪੰਧ ਮੁਕਾ। ਰਾਹ ਵਿਚ ਨਾ ਕੋਇ ਅਟਕਾਇੰਦਾ, ਸਭ ਬੈਠੇ ਸੀਸ ਝੁਕਾ। ਸਯਦਾ ਸਭ ਦਾ ਵੇਖ ਵਖਾਇੰਦਾ, ਪੀਰ ਦਸਤਗੀਰ ਮੁਲਾ ਸ਼ੇਖ ਮੁਸਾਇਕ ਕਰਨ ਦੁਆ। ਜਗਤ ਕਾਅਬਾ ਵੇਖ ਵਖਾਇੰਦਾ, ਨੂਰੋ ਨੂਰ ਹੋ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਨੌਜਵਾਂ। ਨੌਜਵਾਂ ਪਰਵਰਦਿਗਾਰਾ, ਖ਼ਾਲਕ ਖ਼ਲਕ ਵੇਖ ਵਖਾਈਆ। ਮੁਕਾਮੇ ਹੱਕ ਬੋਲੇ ਏਕਾ ਨਾਅਰਾ, ਸਚ ਮਹਿਰਾਬੇ ਆਸਣ ਲਾਈਆ। ਚਾਰ ਕੁੰਟ ਵੇਖੇ ਏਕਾ ਵਾਰਾ, ਚੌਦਾਂ ਤਬਕ ਫੇਰਾ ਪਾਈਆ। ਅੱਲਾ ਰਾਣੀ ਸੁਣੇ ਪੁਕਾਰਾ, ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰਾ, ਯਾਰੀ ਯਾਰ ਨਾਲ ਨਿਭਾਈਆ। ਕਰੇ ਖੇਲ ਅਪਰ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਕ ਹਕ਼ੀਕ਼ਤ ਵੇਖਣਹਾਰਾ, ਹਕ ਹਕ ਹਕ ਆਪਣੀ ਧਾਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਸੌ ਚੁਰਾਨਵੇ ਚੌਕੜੀ ਜੁਗ ਰਾਹ ਰਿਹਾ ਤਕ, ਕਲਜੁਗ ਵੇਲਾ ਅੰਤਮ ਆਇਆ, ਅੰਤ ਦੇਵੇ ਪੰਧ ਮੁਕਾਈਆ।