Granth 10 Likhat 047: 20 Faggan 2017 Bikarmi Hazara Singh de Greh Pind Babu pura

੨੦ ਫਗਣ ੨੦੧੭ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ

ਰਵ ਸਸ ਧਰਤ ਧਵਲ ਮਿਟੇ ਨਿਸ਼ਾਨ, ਨਿਸ਼ਾਨਾ ਕੋਇ ਰਹਿਣ ਨਾ ਪਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਸਰਬ ਕੁਰਲਾਨ, ਨੇਤਰ ਰੋਵਣ ਨੀਰ ਵਹਾਈਆ। ਲੱਖ ਚੁਰਾਸੀ ਬਾਲ ਨਾਦਾਨ, ਬਾਲੀ ਬੁਧ ਮਤ ਗਵਾਈਆ। ਚਾਰੋਂ ਕੁੰਟ ਜਗਤ ਸ਼ੈਤਾਨ, ਕਲਜੁਗ ਡੌਰੂ ਰਿਹਾ ਵਾਈਆ। ਕਿਸੇ ਨਾ ਦਿਸੇ ਸਿਦਕ ਈਮਾਨ, ਧਰਮ ਧੀਰ ਜਤ ਨਾ ਕੋਇ ਰਖਾਈਆ। ਕਿਸੇ ਨਾ ਬਖ਼ਸ਼ੇ ਕੋਇ ਮਾਣ, ਜੂਠ ਝੂਠ ਪ੍ਰੀਤ ਵਖਾਈਆ। ਕਿਸੇ ਨਾ ਦੇਵੇ ਕੋਇ ਦਾਨ, ਸਚ ਭੰਡਾਰਾ ਨਾ ਕੋਇ ਵਰਤਾਈਆ। ਘਰ ਘਰ ਦਿਸੇ ਮਾਣ ਅਭਿਮਾਣ, ਮਾਇਆ ਮਮਤਾ ਮੋਹ ਹਲਕਾਈਆ। ਕਿਸੇ ਨਾ ਸੁਣਾਏ ਕੋਇ ਗਾਨ, ਅੰਤਰ ਆਤਮ ਨਾਦ ਵਜਾਈਆ। ਕਿਸੇ ਨਾ ਕਰੇ ਕੋਇ ਪਛਾਣ, ਭਰਮੇ ਭੁੱਲੀ ਸਰਬ ਲੋਕਾਈਆ। ਨਵ ਨਵ ਨੌਂ ਦਿਸੇ ਵੈਰਾਨ, ਸਾਚਾ ਖੇੜਾ ਨਾ ਕੋਇ ਵਸਾਈਆ। ਕਿਸੇ ਨਾ ਦਿਸੇ ਸਤਿ ਬਬਾਣ, ਸ਼ਬਦ ਬਬਾਣ ਨਾ ਕੋਇ ਚੜ੍ਹਾਈਆ। ਕਿਸੇ ਨਾ ਨਿਭੇ ਹਾਣੀ ਹਾਣ, ਸਗਲਾ ਸੰਗ ਨਾ ਕੋਇ ਵਖਾਈਆ। ਵੇਲਾ ਅੰਤ ਸਰਬ ਪਛਤਾਣ, ਜੋ ਆਇਆ ਸੋ ਉਠ ਉਠ ਜਾਈਆ। ਗੁਰਮੁਖ ਸਾਚਾ ਨੌਜਵਾਨ, ਨਾ ਮਰੇ ਨਾ ਜਾਈਆ। ਜਿਸ ਜਨ ਸਤਿਗੁਰ ਮਿਲਿਆ ਆਣ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਚਰਨ ਕਵਲ ਬਖ਼ਸ਼ੇ ਇਕ ਮਹਾਨ, ਚਰਨ ਚਰਨੋਦਕ ਮੁਖ ਚੁਆਈਆ। ਆਤਮ ਅੰਤਰ ਇਕ ਗਿਆਨ, ਏਕਾ ਅੱਖਰ ਨਾਉਂ ਪੜ੍ਹਾਈਆ। ਤੀਰਥ ਤਟ ਸਰਬ ਸੁਕ ਜਾਣ, ਸਰੋਵਰ ਕੋਇ ਨਾ ਰਹੇ ਵਡਿਆਈਆ। ਪੂਜਾ ਪਾਠ ਸਰਬ ਮਿਟ ਜਾਣ, ਨਾਦ ਸੰਖ ਨਾ ਕੋਇ ਸੁਣਾਈਆ। ਵੇਦ ਪੁਰਾਨ ਸਰਬ ਮੁਖ ਛੁਪਾਣ, ਨੇਤਰ ਨੈਣ ਨਾ ਕੋਇ ਉਠਾਈਆ। ਚਾਰੇ ਵਰਨ ਤਜਣ ਪੁਰਾਨ, ਪੁਰਾਨੀ ਪੁਰਾਨ ਨਾ ਕੋਇ ਪੜ੍ਹਾਈਆ। ਆਲਮੀਨ ਦਿਸੇ ਨਾ ਕੋਇ ਨਿਸ਼ਾਨ, ਉਲਮਾ ਆਲਮ ਨਾ ਕੋਇ ਵਖਾਈਆ। ਮਕਤਬ ਦਿਸੇ ਨਾ ਕੋਇ ਈਮਾਨ, ਮਸਲਾ ਸ਼ਰਅ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮਿਟੇ ਨਿਸ਼ਾਨਾ ਅੰਤਮ ਕਲ, ਕਲ ਕਲੂਆ ਆਪ ਮਿਟਾਇੰਦਾ। ਪੁਰਖ ਅਬਿਨਾਸ਼ੀ ਹੋ ਪਰਬਲ, ਆਪਣਾ ਬਲ ਧਰਾਇੰਦਾ। ਵੇਖਣਹਾਰਾ ਜਲ ਥਲ, ਮਹੀਅਲ ਆਪਣੀ ਖੇਲ ਖਿਲਾਇੰਦਾ। ਆਕਾਸ਼ ਪਰਕਾਸ਼ ਬੈਠਾ ਰਲ, ਨੂਰ ਨੂਰ ਵਿਚ ਸਮਾਇੰਦਾ। ਆਪਣਾ ਨਗਰ ਵਸਾਏ ਅਬਚਲ, ਭੇਵ ਕੋਇ ਨਾ ਪਾਇੰਦਾ। ਗੁਰਮੁਖਾਂ ਮੇਟੇ ਜਗਤ ਸਲ, ਜਗਤ ਵਿਛੋੜਾ ਪੰਧ ਮੁਕਾਇੰਦਾ। ਅੰਮ੍ਰਿਤ ਪਿਆਏ ਸਾਚਾ ਜਲ, ਨੀਰ ਜਗਤ ਨਾ ਕੋਇ ਰਖਾਇੰਦਾ। ਦੀਪਕ ਜੋਤੀ ਜਾਏ ਬਲ, ਅਗਿਆਨ ਅੰਧੇਰ ਮੁਕਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੀਵਾਂ ਜੰਤਾਂ ਛੱਡ ਹੋਇਆ ਗੁਰਸਿਖਾਂ ਵਲ, ਆਪਣਾ ਫ਼ਰਜ਼ ਪੂਰਾ ਆਪ ਕਰਾਇੰਦਾ। ਨਿਹਕਰਮੀ ਕਰੇ ਅਛਲ ਅਛੱਲ, ਧਰਮੀ ਆਪਣਾ ਧਰਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਨਿਸ਼ਾਨਾ ਆਪ ਪਰਗਟਾਇੰਦਾ। ਗੁਰਸਿਖ ਨਿਸ਼ਾਨ ਉਠਾਇਆ, ਹਰਿ ਸਤਿਗੁਰ ਦੀਨ ਦਿਆਲ। ਨਿਰਗੁਣ ਆਪਣੀ ਸੇਵ ਕਮਾਇਆ, ਲੇਖਾ ਜਾਣੇ ਸ਼ਾਹ ਕੰਗਾਲ। ਸਚਖੰਡ ਨਿਵਾਸੀ ਚਲ ਕੇ ਆਇਆ, ਆਪੇ ਸੁਣੇ ਮੁਰੀਦਾਂ ਹਾਲ। ਗੋਬਿੰਦ ਸੂਰਾ ਨਾਲ ਮਿਲਾਇਆ, ਜਗ ਚਲੀ ਅਵੱਲੜੀ ਚਾਲ। ਔਦਾਂ ਜਾਂਦਾ ਦਿਸ ਨਾ ਆਇਆ, ਨਾ ਕੋਈ ਮਿਲਿਆ ਨਾਲ ਦਲਾਲ। ਖ਼ਾਲੀ ਠੂਠੇ ਰਿਹਾ ਭਰਾਇਆ, ਗੁਰਮੁਖ ਵੇਖੇ ਸਾਚੇ ਲਾਲ। ਜੁਗ ਜੁਗ ਵਿਛੜੇ ਰੁੱਠੇ ਲਏ ਮਨਾਇਆ, ਲੱਖ ਚੁਰਾਸੀ ਵਿਚੋਂ ਭਾਲ। ਆਪਣੀ ਸੇਵਾ ਆਪ ਕਮਾਇਆ, ਸ਼ਬਦ ਅਗੰਮੀ ਫੜਿਆ ਹੱਥ ਰੁਮਾਲ। ਕਲਜੁਗ ਮੈਲ ਦਏ ਧਵਾਇਆ, ਅੰਮ੍ਰਿਤ ਆਤਮ ਇਕ ਉਛਾਲ। ਆਪਣਾ ਮਾਰਗ ਦਏ ਵਖਾਇਆ, ਤ੍ਰੈਗੁਣ ਨਾਤਾ ਤੋੜ ਜੰਜਾਲ। ਆਪਣੀ ਗੋਦ ਲਏ ਬਹਾਇਆ, ਗੁਰਸਿਖ ਬਾਲ ਅਞਾਣ। ਆਪਣੀ ਕੂਟ ਆਪੇ ਲਏ ਫਿਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਜੀਆ ਦਾਨ। ਜੀਆ ਦਾਨ ਜਗਤ ਜੁਗਤ, ਹਰਿ ਸਾਚਾ ਆਪ ਜਣਾਇੰਦਾ। ਲੇਖਾ ਜਾਣੇ ਭਗਤੀ ਭੁਗਤ, ਭਗਵਨ ਆਪਣਾ ਖੇਲ ਖਿਲਾਇੰਦਾ। ਹਰਿਜਨ ਮਿਲਾਏ ਸਾਚੇ ਸੁਤ, ਅਬਿਨਾਸ਼ੀ ਅਚੁਤ ਰੂਪ ਧਰਾਇੰਦਾ। ਨਾ ਕੋਈ ਕਾਇਆ ਦਿਸੇ ਬੁਤ, ਤਤਵ ਤਤ ਨਾ ਕੋਇ ਵਖਾਇੰਦਾ। ਨਿਰਵੈਰ ਸੁਹਾਈ ਆਪਣੀ ਰੁਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਗੁਰਸਿਖਾਂ ਅੰਦਰ ਆਪੇ ਸੁਤਾ ਆਪੇ ਬਹੇ ਉਠ, ਉਠਤ ਬੈਠਤ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਸਾਚੇ ਖੋਲ੍ਹ ਜਾਗ, ਜਗਤ ਜੁਗਤ ਆਪਣੇ ਹੱਥ ਰਖਾਈਆ। ਆਪਣੇ ਤਨ ਲਾਈ ਆਗ, ਗੁਰਸਿਖਾਂ ਅਗਨ ਬੁਝਾਈਆ। ਆਪਣੀ ਫੜਾਈ ਗੁਰਸਿਖਾਂ ਹੱਥ ਵਾਗ, ਗੁਰਸਿਖ ਵਾਗ ਆਪਣੇ ਸੀਸ ਟਿਕਾਈਆ। ਆਪ ਉਪਜਾਇਆ ਗੁਰਸਿਖ ਤੇਰਾ ਵੈਰਾਗ, ਤੇਰੇ ਵੈਰਾਗ ਕੁੱਠਾ ਫਿਰੇ ਸੱਚਾ ਮਾਹੀਆ। ਆਪੇ ਧੋਵਣ ਆਇਆ ਤੇਰਾ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਕਿਆ ਕੋਈ ਜਾਣੇ ਹਰਿ ਕਾ ਅਨਰਾਗ, ਅਨਡਿਠੜਾ ਖੇਲ ਖਿਲਾਈਆ। ਆਪਣੇ ਵਿਚੋਂ ਆਪਾ ਕਾਢ, ਗੁਰਮੁਖਾਂ ਵਿਚ ਟਿਕਾਈਆ। ਗ਼ਰੀਬ ਨਿਮਾਣਿਆਂ ਕਰੇ ਲਾਡ, ਦੋ ਜਾਹਾਨਾਂ ਸੱਚਾ ਸ਼ਹਿਨਸ਼ਾਹੀਆ। ਗੁਰਸਿਖ ਤੇਰਾ ਨਿਸ਼ਾਨਾ ਆਦਿ ਜੁਗਾਦਿ, ਸਤਿਗੁਰ ਪੂਰਾ ਆਪ ਝੁਲਾਈਆ। ਰਾਹ ਤੱਕੇ ਤੇਰਾ ਬ੍ਰਹਿਮਾਦ, ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਵਡਿਆਈਆ। ਹਰਿ ਵਡਿਆਈ ਵੱਡੀ, ਵਡ ਬਲਵਾਨਾ ਆਪ ਦਵਾਇੰਦਾ। ਬੀਤਦੀ ਜਾਏ ਚੌਧਵੀਂ ਸਦੀ, ਮੁਲਾ ਸ਼ੇਖ਼ ਮਸਾਇਕ ਪੀਰ ਦਸਤਗੀਰ ਨੀਰ ਸਰਬ ਵਹਾਇੰਦਾ। ਗੁਰਮੁਖਾਂ ਗੁਰ ਸਤਿਗੁਰ ਨਾਮ ਡੋਰੀ ਏਕਾ ਬੱਧੀ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਗੁਰਸਿਖ ਤੇਰੀ ਮਾਰ ਮਾਰੀ ਜਾਏ ਕੋਈ ਨਾ ਦੀਸੇ ਦਾਰ ਗੱਦੀ, ਗੱਦੀਦਾਰਾਂ ਖ਼ਾਕ ਵਿਚ ਰੁਲਾਇੰਦਾ। ਕਲਜੁਗ ਅੰਤਮ ਵਹਿਣ ਵਹਾਏ ਝੂਠੀ ਨਦੀ, ਨੱਯਾ ਨਾਉਂ ਹੱਥ ਨਾ ਕਿਸੇ ਫੜਾਇੰਦਾ। ਗੁਰਸਿਖ ਏਕਾ ਆਤਮ ਜਾਮ ਪਿਆਇਆ ਮਦੀ, ਮਦਿ ਆਪਣਾ ਅੰਮ੍ਰਿਤ ਰਸ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪ ਉਠਾਇੰਦਾ। ਹਰਿਜਨ ਤੇਰਾ ਨਿਸ਼ਾਨਾ ਸੱਚ, ਹਰਿ ਸਾਚਾ ਸਚ ਵਖਾਇੰਦਾ। ਲੋਆਂ ਪੁਰੀਆਂ ਰਹੀਆਂ ਨੱਚ, ਨਟੂਆ ਨਾਚ ਆਪ ਕਰਾਇੰਦਾ। ਹਰਿਜਨ ਮਾਰਗ ਆਪਣਾ ਦੱਸ, ਸਾਚੇ ਪੌੜੇ ਆਪ ਚੜ੍ਹਾਇੰਦਾ। ਅੱਗੇ ਬੈਠੇ ਪੁਰਖ ਸਮਰਥ, ਔਣਾ ਜਾਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਜਾਗਣਹਾਰਾ ਜਾਗਿਆ, ਗੁਰਸਿਖ ਲਏ ਜਗਾਏ। ਦੂਰ ਦੁਰਾਡਾ ਫਿਰੇ ਭਾਗਿਆ, ਦਿਵਸ ਰੈਣ ਸੇਵ ਕਮਾਏ। ਗੁਰਸਿਖਾਂ ਸਰਨ ਸਰਨਾਈ ਆਪੇ ਲਾਗਿਆ, ਸਰਨਗਤ ਇਕ ਜਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਉਠਾਏ। ਹਰਿਜਨ ਸੱਚਾ ਉਠਿਆ, ਕਲਜੁਗ ਅੰਤਮ ਵਾਰ। ਸਤਿਗੁਰ ਪੂਰਾ ਤੁਠਿਆ, ਪਾਰਬ੍ਰਹਮ ਕਰਤਾਰ। ਅੰਮ੍ਰਿਤ ਦੇਵੇ ਸਾਚਾ ਘੁਟਿਆ, ਨਿਝਰ ਬਰਖੇ ਧਾਰ। ਗੁਰਸਿਖ ਕਦੇ ਨਾ ਜਾਏ ਲੁੱਟਿਆ, ਰਾਏ ਧਰਮ ਨਾ ਮਾਰੇ ਮਾਰ। ਗੁਰਮੁਖ ਲੱਖ ਚੁਰਾਸੀ ਵਿਚੋਂ ਆਪੇ ਫੁਟਿਆ, ਕਵਲ ਕਵਲਾ ਪਾੜ। ਉਜਲ ਹੋਇਆ ਮੁਖਿਆ, ਪ੍ਰਭ ਦਰਸਨ ਪਾਇਆ ਧੁਰ ਦਰਬਾਰ। ਜਨਮ ਜਨਮ ਦਾ ਸੰਸਾ ਮੁਕਿਆ, ਨਾਤਾ ਤੁਟਾ ਜਗਤ ਸੰਸਾਰ। ਦਰਸ ਦਿਖਾਏ ਜੋ ਬੈਠਾ ਲੁਕਿਆ, ਜਿਸ ਲੱਭਦੇ ਰਹੇ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਭਾਲ। ਭਾਲਣਹਾਰਾ ਆ ਗਿਆ, ਬੇਮੁਖ ਬੇਪਰਵਾਹ। ਆਪਣਾ ਰੂਪ ਆਪ ਉਲਟਾ ਗਿਆ, ਕਲਜੁਗ ਰੂਪ ਉਲਟਾ। ਆਪਣਾ ਮਾਣਸ ਜਨਮ ਗੁਰਸਿਖਾਂ ਲੇਖੇ ਲਾ ਗਿਆ, ਆਪਣੀ ਧੂੜੀ ਖ਼ਾਕ ਉਡਾ। ਆਪਣੀ ਜੋਤੀ ਜੋਤ ਜਗਾ ਲਿਆ, ਜੋਤੀ ਨੂਰ ਕਰ ਰੁਸ਼ਨਾ। ਨੂਰੋ ਨੂਰ ਵੇਸ ਵਟਾ ਲਿਆ, ਵੇਸ ਅਵੱਲਾ ਇਕ ਖ਼ੁਦਾ। ਖ਼ਾਲਕ ਦਿਸ ਕਿਸੇ ਨਾ ਆ ਰਿਹਾ, ਖ਼ਲਕਤ ਰੋਵੇ ਮਾਰੇ ਧਾਹ। ਗੁਰਸਿਖਾਂ ਇਕ ਪਨਾਹ ਵਖਾ ਰਿਹਾ, ਚਰਨ ਕਵਲ ਕਵਲ ਚਰਨ ਮੰਗਣ ਸਚ ਦੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਉਤੋਂ ਹੋਇਆ ਆਪ ਫ਼ਿਦਾ। ਹੋ ਫ਼ਿਦਾ ਫ਼ਿਤਰਤ ਗਵਾਈ, ਆਪਣਾ ਫ਼ੈਲ ਨਾ ਕੋਇ ਜਣਾਈਆ। ਘਟ ਘਟ ਅੰਤਰ ਆਪਣੀ ਸਦਾ ਲਗਾਈ, ਕਾਇਆ ਹੁਜਰੇ ਇਕ ਬਾਂਗ ਸੁਣਾਈਆ। ਸਚ ਮਹਿਰਾਬੇ ਡੇਰਾ ਲਾਈ, ਆਪਣਾ ਮਸੱਲਾ ਰਿਹਾ ਵਛਾਈਆ। ਗੁਰਸਿਖ ਤੇਰਾ ਪ੍ਰੇਮ ਵੁਜੂ ਲਏ ਕਰਾ, ਤੇਰੇ ਅੱਗੇ ਆਪਣਾ ਸਯਦਾ ਸੀਸ ਝੁਕਾਈਆ। ਆਪਣੀ ਕੰਨੀ ਆਪੇ ਹੱਥ ਰਿਹਾ ਲਗਾ, ਤੇਰਾ ਵਿਛੋੜਾ ਫੇਰ ਕਦੇ ਨਾ ਪਾਈਆ। ਬਿਸਮਲ ਹੋ ਹੋ ਰਿਹਾ ਸਮਾ, ਬਿਸਮਲ ਆਪਣਾ ਆਪ ਕਰਾਈਆ। ਇਲ ਲਿਲਾ ਇਲਾਹੀ ਨੂਰ ਆਪ ਪਰਗਟਾ, ਆਲਮੀਨ ਕਾਇਨਾਤ ਵੇਖੇ ਸੱਚਾ ਸ਼ਹਿਨਸ਼ਾਹੀਆ। ਕਲਮਾ ਨਬੀ ਰਸੂਲ ਆਪ ਅਖਵਾ, ਅਮਾਮ ਅਮਾਮਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਸਚ ਦਮਾਮਾ, ਆਪਣੀ ਹੱਥੀਂ ਆਪ ਵਜਾਈਆ। ਸਚ ਦਮਾਮਾਂ ਵੱਜੀ ਨੌਬਤ, ਨਿਰਗੁਣ ਆਪ ਵਜਾਈਆ। ਗੁਰਸਿਖਾਂ ਮਿਲਣ ਆਇਆ ਸੁਣ ਕੇ ਸੋਹਬਤ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਸੁਣੇ ਬੋਲ ਬੋਲਤ ਅਨਬੋਲਤ, ਅਨਬੋਲਿਆ ਸਮਝ ਵਿਚ ਕਿਸੇ ਨਾ ਆਈਆ। ਜਗਤ ਵਿਦਿਆਰਥੀ ਜਗਤ ਵਜਾਇਣ ਢੋਲਕ, ਢੋਰ ਚੰਮ ਪਿਆਰ ਕਮਾਈਆ। ਰਵਦਾਸ ਚਮਿਆਰ ਗੁਰਸਿਖਾਂ ਦੱਸੇ ਕਾਇਆ ਅੰਦਰ ਗੋਲਕ, ਹਰਿ ਨਾਮ ਖ਼ਜ਼ਾਨਾ ਬੈਠਾ ਦੱਸੇ ਵਿਚ ਛੁਪਾਈਆ। ਆਏ ਦਵਾਰ ਦੇਵੇ ਵਸਤ ਅਮੋਲਕ, ਮੁੱਲ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਭਗਵਾਨ ਭਗਤਾਂ ਸੇਵ ਕਮਾਈਆ।