Granth 10 Likhat 054: 21 Faggan 2017 Bikarmi Bibi Pooro de Greh Pind Babu Pura Jila Gurdaspur

੨੧ ਫਗਣ ੨੦੧੭ ਬਿਕ੍ਰਮੀ ਬੀਬੀ ਪੂਰੋ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਗੁਰਮੁਖ ਸਮੇਰੂ ਵਿਚ ਸੰਸਾਰ, ਸ਼ਾਸਤਰ ਸਿਮਰਤ ਭੇਵ ਨਾ ਆਇੰਦਾ। ਜਿਸ ਦਾ ਲੇਖਾ ਜਾਣੇ ਆਪ ਨਿਰੰਕਾਰ, ਜਗਤ ਵਿਦਿਆ ਭੇਵ ਨਾ ਆਇੰਦਾ। ਕਾਗਦ ਕ਼ਲਮ ਲਿਖਣ ਤੋਂ ਬਾਹਰ, ਅਲੇਖ ਲੇਖਾ ਆਪਣੇ ਹੱਥ ਰਖਾਇੰਦਾ। ਨਵ ਨੌਂ ਚਾਰ ਕਰ ਕਰ ਪਿਆਰ, ਸਾਚੀ ਧਾਰ ਆਪ ਬਣਾਇੰਦਾ। ਭਗਤ ਸੰਤ ਕਰ ਉਜਿਆਰ, ਜੁਗ ਜੁਗ ਖੇਲ ਖਿਲਾਇੰਦਾ। ਫਲ ਫੁਲਵਾੜੀ ਲਾ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਆਪੇ ਅੰਮ੍ਰਿਤ ਸਿੰਚ ਹਰਿਆ ਕਰੇ ਨਿਰੰਕਾਰ, ਖ਼ਿਜ਼ਾਂ ਬਸੰਤ ਏਕਾ ਰੰਗ ਰੰਗਾਇੰਦਾ। ਕਲਜੁਗ ਅੰਤਮ ਆਏ ਵਾਰ, ਸਾਚਾ ਮਾਲੀ ਦੀਨ ਦਿਆਲਾ ਗੁਰਮੁਖ ਬੂਟਾ ਵੇਖਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਗੁਰਮੁਖ ਫੁਲਵਾੜੀ ਫੁਲ ਗਿਆ ਫੁਲ, ਹਰਿ ਸਾਚਾ ਵੇਖ ਵਖਾਈਆ। ਬਣ ਬਣ ਮਾਲਣ ਤੋੜੇ ਅਡੋਲ, ਦਿਸ ਕਿਸੇ ਨਾ ਆਈਆ। ਕਰੇ ਖੇਲ ਉਪਰ ਧੌਲ, ਧਵਲ ਮੰਗੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਸਾਚੇ ਕਰ ਪਿਆਰ, ਕਲੀ ਕਲੀ ਆਪ ਮਹਿਕਾਈਆ। ਕੈਲਾਸ਼ ਹੋਇਆ ਖ਼ਬਰਦਾਰ, ਸ਼ੰਕਰ ਨੈਣ ਖੁਲ੍ਹਾਈਆ। ਵਿਸ਼ਨ ਬਣ ਬਣ ਸੇਵਾਦਾਰ, ਸਾਚੀ ਸੇਵਾ ਇਕ ਵਖਾਈਆ। ਬ੍ਰਹਮਾ ਦੇਵੇ ਇਕ ਆਧਾਰ, ਸੁਤ ਆਪਣਾ ਆਪ ਪਰਗਟਾਈਆ। ਖਿਚੇ ਤਾਰ ਆਪ ਨਿਰੰਕਾਰ, ਸਾਚਾ ਤਾਗਾ ਲਏ ਬਣਾਈਆ। ਲੋਕਮਾਤ ਆਏ ਹੋਏ ਉਜਿਆਰ, ਨਿਰਗੁਣ ਆਪਣਾ ਰੂਪ ਵਟਾਈਆ। ਗੁਰਸਿਖ ਸੋਹਣੇ ਫੜ ਫੜ ਗੁੰਦੇ ਹਾਰ, ਕਲੀ ਨਾਲ ਕਲੀ ਮਿਲਾਈਆ। ਅੰਮ੍ਰਿਤ ਛਿੜਕੇ ਪਹਿਲੀ ਵਾਰ, ਸਚ ਮਹਿਕ ਵਿਚ ਭਰਾਈਆ। ਆਪਣੇ ਗਲ ਕਰੇ ਸ਼ੰਗਾਰ, ਜਗਤ ਸ਼ੰਗਾਰ ਨਾ ਕੋਇ ਹੰਢਾਈਆ। ਅੰਤਮ ਆਪਣੇ ਅੰਦਰ ਰੱਖੇ ਸੰਭਾਲ, ਆਪਣੀ ਵਸਤ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਤੋੜ ਸ਼ਾਹ ਕੰਗਾਲ, ਗੁਰਸਿਖ ਏਕਾ ਰੰਗ ਰੰਗਾਈਆ। ਸਾਚਾ ਹਾਰ ਹਰਿ ਹਰਿ ਮਾਲਣ, ਸਚ ਪਟਾਰੀ ਆਪ ਰਖਾਈਆ। ਬਣ ਕੇ ਆਈ ਭਗਤ ਦਲਾਲਣ, ਜੋਤੀ ਨਾਰ ਵੇਸ ਵਟਾਈਆ। ਗੁਰਸਿਖਾਂ ਅਗੇ ਬਣੀ ਸਵਾਲਣ, ਮੰਗੇ ਭਿਛਿਆ ਏਕਾ ਮੰਗ ਮੰਗਾਈਆ। ਮੈਂ ਵੈਰਾਗਣ ਹੋਈ ਬੇਦਾਮਨ, ਬਿਰਹੋਂ ਵਿਛੋੜਾ ਨਾ ਝੱਲਿਆ ਜਾਈਆ। ਸੱਚਖੰਡੀ ਡਿਗੇ ਆਪਣੇ ਆਹਲਣ, ਗੁਰਸਿਖ ਤੇਰੀ ਗੋਦ ਏਕਾ ਓਟ ਰਖਾਈਆ। ਤੂੰ ਨਾ ਜਾਣਾ ਕਿਸੇ ਦਰ ਭਾਲਣ, ਤੈਨੂੰ ਭਾਲੇ ਆਦਿ ਸ਼ਕਤ ਤੇਰੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਵਾਹ ਵਾ ਮਾਲਣ ਜੋਤ ਅਕਾਲਣ, ਘਰ ਘਰ ਸੇਵ ਕਮਾਈਆ । ਗੁਰਸਿਖਾਂ ਕਰੇ ਪੂਰੀ ਘਾਲਣ, ਕੀਤੀ ਘਾਲ ਲੇਖੇ ਪਾਈਆ। ਪਹਿਲਾਂ ਤੋੜੇ ਜਗਤ ਜੰਜਾਲਣ, ਦੂਜੀ ਸਿਖਿਆ ਕਰੇ ਪੜ੍ਹਾਈਆ। ਤੀਜਾ ਵਜਾਏ ਅੰਦਰ ਤਾਲਨ, ਚੌਥੇ ਘਰ ਦਏ ਵਡਿਆਈਆ। ਪੰਚਮ ਬਣੀ ਆਪ ਦਲਾਲਣ, ਛੇਵੇਂ ਛੱਪਰ ਛੰਨ ਛੁਹਾਈਆ। ਸਤਵੇਂ ਸਤਿ ਪੁਰਖ ਨਿਰੰਜਣ ਬਨ੍ਹਿਆ ਬਾਨਣ, ਸਾਚੇ ਬੇੜੇ ਆਪ ਚੜ੍ਹਾਈਆ। ਅੱਠਾਂ ਤੱਤਾਂ ਦੇਵੇ ਦਾਨਨ, ਆਪਣਾ ਨਾਮ ਆਪ ਵਰਤਾਈਆ। ਨੌਂ ਦਵਾਰ ਬਖ਼ਸ਼ੇ ਆਪਣਾ ਭਾਨਨ, ਨਵ ਨੌਂ ਕਰੇ ਰੁਸ਼ਨਾਈਆ। ਦਸਵੇਂ ਮੇਲਾ ਸ੍ਰੀ ਭਗਵਾਨਨ, ਸ੍ਰੀ ਭਗਵਾਨ ਗੁਰਮੁਖ ਸੁਤਿਆ ਰਾਤੀਂ ਦਰਸ ਦਿਖਾਈਆ। ਸੇਵਾ ਕਰੇ ਸਾਚੀ ਮਾਲਣ, ਸੀਸ ਆਪਣੇ ਖਾਰੀ ਰਹੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹਾਰ ਇਕ ਨਿਰੰਕਾਰ, ਆਪਣੇ ਹੱਥ ਰਖਾਈਆ। ਸਾਚਾ ਹਾਰ ਹਰੀ ਹਰਿ ਨਰਾਇਣ, ਨਰ ਹਰਿ ਬਨਵਾਰੀ ਆਪਣੇ ਹੱਥ ਰਖਾਇੰਦਾ। ਰਸਨਾ ਕਿਸੇ ਨਾ ਸਕੇ ਕਹਿਣ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਆਪੇ ਜਾਣੇ ਲਹਿਣਾ ਦੇਣ, ਦੇਣਾ ਲਹਿਣਾ ਆਪਣੇ ਹੱਥ ਰਖਾਇੰਦਾ। ਗੁਰਸਿਖ ਗੁਰ ਗੁਰ ਧਾਮ ਇਕੱਠੇ ਬਹਿਣ, ਪਲੰਘ ਰੰਗੀਲਾ ਸਾਚੀ ਸੇਜ ਆਪ ਵਿਛਾਇੰਦਾ। ਸਤਿ ਸਤਿਵਾਦੀ ਮਿਲਿਆ ਸਾਕ ਸੱਜਣ ਸੈਣ, ਵਿਛੜ ਕਦੇ ਨਾ ਜਾਇੰਦਾ। ਲੇਖਾ ਜਾਣੇ ਐਨ ਗ਼ੈਨ, ਨੁਕਤਾ ਰੂਪ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਦੀ ਦਰਦੀਆਂ ਦੇਵੇ ਮਾਣ, ਗੁਰਸਿਖਾਂ ਦਲਿਦ੍ਰ ਆਪ ਹੰਢਾਇੰਦਾ।