Granth 10 Likhat 050: 20 Faggan 2017 Bikarmi Gandha Singh de Greh Pind Babu pura Jila Gurdaspur

੨੦ ਫੱਗਣ ੨੦੧੭ ਬਿਕ੍ਰਮੀ ਗੰਡਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਅੱਲਾ ਰਾਣੀ ਰਾਹ ਤਕਾਏ, ਕਵਣ ਵੇਲਾ ਘਰ ਮੀਆਂ ਆਏ। ਆਪਣੀ ਬੀਵੀ ਲਏ ਪਰਨਾਏ, ਜਗਤ ਸਦੀਵੀ ਪੰਧ ਮੁਕਾਏ। ਨੈਣਾਂ ਖੀਵੀ ਰਾਹ ਤਕਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਦਾ ਆਪ ਉਠਾਏ। ਅੱਲਾ ਰਾਣੀ ਚੜ੍ਹਿਆ ਚਾ, ਹੱਸ ਹੱਸ ਖ਼ੁਸ਼ੀ ਮਨਾਇੰਦੀ। ਰਾਹ ਤਕੇ ਬੇਪਰਵਾਹ, ਨੇਤਰ ਨੈਣ ਉਠਾਇੰਦਾ। ਸਖ਼ੀਆਂ ਘਰ ਘਰ ਰਹੀ ਸੁਣਾ, ਸਚ ਸਨੇਹੜਾ ਆਪ ਪੁਚਾਇੰਦੀ। ਗੀਤ ਸੁਹਾਗੀ ਲੈਣਾ ਗਾ, ਅੱਖਰ ਇਕ ਪੜ੍ਹਾਇੰਦੀ। ਮੇਰਾ ਹੋਣਾ ਅੰਤ ਨਕਾਹ, ਸਾਬਤ ਸੂਰਤ ਇਕ ਵਖਾਇੰਦੀ। ਪਰਵਰਦਿਗਾਰ ਸਾਹ ਲਏ ਸੁਧਾ, ਹੋਰ ਵਿਚੋਲਾ ਨਾ ਕੋਇ ਬਣਾਇੰਦੀ। ਸਾਚਾ ਮੇਲਾ ਦਏ ਮਲਾ, ਏਕਾ ਘਰ ਵਡਿਆਇੰਦੀ। ਆਪਣੀ ਹੱਥੀਂ ਪਕੜੇ ਬਾਂਹ, ਏਕਾ ਸੁਖਨ ਸੁਣਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਓਟ ਇਕ ਤਕਾਇੰਦੀ। ਅੱਲਾ ਰਾਣੀ ਕਰੇ ਪੁਕਾਰ, ਸਾਚੀ ਸਖ਼ੀਆਂ ਆਖ ਸੁਣਾਈਆ। ਆਓ ਸਈਓ ਗੁੰਦੋ ਹਾਰ, ਕਲੀ ਕਲੀ ਤੋੜ ਲਿਆਈਆ। ਘਰ ਔਣਾ ਪੀਆ ਪ੍ਰੀਤਮ ਕਰ ਪਿਆਰ, ਪ੍ਰੇਮ ਵਛੌਣਾ ਰਹੀ ਵਛਾਈਆ। ਸੇਵਾ ਕਰੇ ਅਪਰ ਅਪਾਰ, ਆਪਣੀ ਸੇਵਾ ਆਪ ਸਮਝਾਈਆ। ਹਉਂ ਘੋਲੀ ਹਉਂ ਘੋਲੀ ਚਰਨ ਕਵਲ ਜਾਵਾਂ ਬਲਹਾਰ, ਚਰਨ ਧੂੜੀ ਮਸਤਕ ਟਿੱਕਾ ਲਾਈਆ। ਮੀਆਂ ਦਰਸ ਦੇਵੇ ਧੁਰ ਦਰਬਾਰ, ਮੈਂ ਨਿਮਾਣੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਓਟ ਰਖਾਈਆ। ਆਓ ਸਈਓ ਦਿਓ ਸਲਾਹ, ਰਲ ਮਿਲ ਮੰਗਲ ਗਾਈਏ। ਮੇਰਾ ਮੀਆਂ ਘਰ ਜਾਏ ਆ, ਕਵਣ ਵੇਸ ਕਵਣ ਰੂਪ ਕਵਣ ਰੰਗ ਰੰਗ ਚੜ੍ਹਾਈਏ। ਕਵਣ ਘਰ ਸੁਹੇਲਾ ਸੁਹੰਜਣਾ ਦਏ ਸੁਹਾ, ਕਵਣ ਮਾਟੀ ਪੋਚ ਪੁਚਾਈਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗਾਂ ਤੇਰੀ ਦੁਆ, ਤੇਰੇ ਅੱਗੇ ਸੀਸ ਝੁਕਾਈਏ। ਅੱਲਾ ਰਾਣੀ ਉਠ ਉਠ ਵੇਖੇ ਚਾਰੋਂ ਕੁੰਟ ਨੈਣ ਉਠਾਈਆ। ਕਵਣ ਵੇਖੇ ਮੇਰੇ ਲੇਖੇ, ਲੇਖਾ ਆਪਣੇ ਹੱਥ ਰਖਾਈਆ। ਕਵਣ ਰੂਪ ਧਾਰੇ ਭੇਸੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਵਣ ਸਵਾਰ ਆਏ ਨਰ ਨਰੇਸ਼ੇ, ਕਵਣ ਅਸਵ ਲਏ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਸੱਚਾ ਵਰ, ਤੇਰੇ ਚਰਨ ਸੱਚੀ ਸਰਨਾਈਆ। ਮੇਰਾ ਮਾਹੀ ਸਾਚਾ ਔਣਾ, ਉਠ ਉਠ ਰਾਹ ਤਕਾਇੰਦੀ। ਸਖ਼ੀਆਂ ਮਿਲ ਮਿਲ ਮੰਗਲ ਗੌਣਾ, ਸੋਹੰ ਢੋਲਾ ਇਕ ਸੁਣਾਇੰਦੀ। ਆਪਣੀ ਹੱਥੀਂ ਨੇਤਰ ਕੱਜਲ ਪੌਣਾ, ਧਾਰ ਦੋ ਧਾਰ ਆਪ ਬਣਾਇੰਦੀ। ਨੀਵੀਂ ਹੋ ਹੋ ਆਪੇ ਬਹਿਣਾ, ਚਰਨਾਂ ਹੇਠ ਆਪਣਾ ਸੀਸ ਰਖਾਇੰਦੀ। ਹਉਂ ਸੇਵਕ ਮੰਨਾਂ ਤੇਰਾ ਕਹਿਣਾ, ਭੁਲ ਕਦੇ ਨਾ ਜਾਇੰਦੀ। ਔਖਾ ਹੋਇਆ ਵਿਛੋੜਾ ਸਹਿਣਾ, ਚੌਦਾਂ ਲੋਕ ਆਪ ਕੁਰਲਾਇੰਦੀ। ਤੇਰਾ ਪ੍ਰੇਮ ਮੇਰਾ ਗਹਿਣਾ, ਤੇਰਾ ਨੇਮ ਮੇਰਾ ਅੰਗ ਅੰਗੀਕਾਰ ਇਕ ਵਖਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਮਨਾਇੰਦੀ। ਅੱਲਾ ਰਾਣੀ ਨੇਤਰ ਉਠਾ, ਸਾਚੀ ਸਖ਼ੀਆਂ ਨਾਲ ਰਲਾਈਆ। ਪਰਵਰਦਿਗਾਰ ਔਣਾ ਬੇਪਰਵਾਹ, ਬੇਐਬ ਨਾਮ ਖ਼ੁਦਾਈਆ। ਮੇਰਾ ਪਰਦਾ ਦਏ ਉਠਾ, ਆਪਣਾ ਪਰਦਾ ਆਪੇ ਲਾਹੀਆ। ਸਾਚੇ ਪੀੜ੍ਹੇ ਰੰਗਲੇ ਲਏ ਬਹਾ, ਬਾਢੀ ਆਪੇ ਘਾੜਤ ਲਏ ਘੜਾਈਆ। ਬਣੇ ਤਰਖਾਨ ਸੱਚਾ ਸ਼ਹਿਨਸ਼ਾਹ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਮਹਾਕਾਲ ਦਏ ਸਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਏਕਾ ਥਾਈਂਆ। ਮਹਾਕਾਲ ਕਰੇ ਵਿਚਾਰ, ਆਪਣੀ ਕਲ ਆਪੇ ਧਾਰਿਆ। ਕਵਣ ਖੇਲ ਕਰਾਂ ਵਿਚ ਸੰਸਾਰ, ਚੌਦਾਂ ਲੋਕ ਹੋਏ ਉਜਿਆਰਿਆ। ਕਵਣ ਰੂਪ ਵਰਾਂ ਨਾਰ, ਨਾਰੀ ਆਪਣਾ ਅੰਗ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਤਾ ਆਪ ਪਕਾ ਲਿਆ। ਸਾਚਾ ਮਤਾ ਆਪ ਪਕਾਇੰਦਾ, ਹਰਿ ਹਰਿ ਪੁਰਖ ਅਕਾਲ। ਮਹਾਕਾਲ ਆਪ ਅਖਵਾਇੰਦਾ, ਦੀਨਾਂ ਬੰਧਪ ਦੀਨ ਦਿਆਲ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਮਾ ਹੋ ਨਿਹਾਲ। ਆਪਣੇ ਸੀਸ ਤਾਜ ਟਿਕਾਇੰਦਾ, ਸ਼ਾਹ ਪਾਤਸ਼ਾਹ ਖੇਲੇ ਖੇਲ ਕੰਗਾਲ। ਆਪਣਾ ਲੇਖਾ ਪਹਿਲੋਂ ਆਪ ਲਿਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਬੇਮਿਸਾਲ। ਬੇਮਿਸਾਲ ਪ੍ਰਭ ਹੋਇਆ, ਲੇਖਾ ਲਿਖਣ ਵਿਚ ਨਾ ਆਈਆ। ਆਪਣੇ ਜੇਹਾ ਅਵਰ ਨਾ ਵੇਖੇ ਕੋਆ, ਦੂਸਰ ਅਵਰ ਨਾ ਕੋਇ ਵਡਿਆਈਆ। ਆਪਣੀ ਜਾਣੇ ਆਪੇ ਸੋਆ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਲੈ ਕੇ ਆਏ ਢੋਆ, ਵਸਤ ਅਮੋਲਕ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਇਕ ਸੁਣਾਈਆ। ਸਚ ਸੰਦੇਸ਼ ਸੁਣਾਇੰਦਾ, ਅਕਲ ਕਲ ਹਰੀ ਹਰਿ ਧਾਰ। ਸੰਮਤ ਸਤਾਰਾਂ ਵੇਖ ਵਖਾਇੰਦਾ, ਬੀਸ ਬੀਸਾ ਕਰ ਪਿਆਰ। ਅੱਲਾ ਰਾਣੀ ਆਪ ਉਠਾਇੰਦਾ, ਸੋਈ ਰਹੇ ਨਾ ਵਿਚ ਸੰਸਾਰ। ਗ਼ਫ਼ਲਤ ਸਭ ਦੀ ਆਪ ਗਵਾਇੰਦਾ, ਉਲਫ਼ਤ ਆਪਣੀ ਦੱਸ ਨਿਰੰਕਾਰ। ਆਪਣਾ ਖੇਲ ਆਪ ਕਰਾਇੰਦਾ, ਖ਼ਾਲਕ ਖ਼ਲਕ ਰੂਪ ਨਿਰਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦੇਵੇ ਏਕਾ ਵਾਰ। ਸਚ ਸਨੇਹੜਾ ਦੇਵਣਾ, ਕਿਰਪਾ ਨਿਧ ਗੁਣ ਨਿਧਾਨ। ਚੌਦਾਂ ਤਬਕ ਏਕਾ ਨਾਉਂ ਸੇਵਣਾ, ਏਕਾ ਸ਼ਬਦ ਇਕ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਮਹਾਕਾਲਾ, ਭਗਵਨ ਆਪਣਾ ਖੇਲ ਖਿਲਾਈਆ। ਆਪੇ ਵੇਖਣਹਾਰਾ ਆਪਣੀ ਧਰਮਸਾਲਾ, ਆਪਣੇ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਧਰਾਈਆ। ਆਪਣਾ ਰੂਪ ਆਪੇ ਧਰ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਆਪਣੀ ਕਰਨੀ ਆਪੇ ਕਰ ਕਰ, ਕਰਤਾ ਪੁਰਖ ਆਪ ਵੇਖ ਵਖਾਇੰਦਾ। ਆਪਣੇ ਪੌੜੇ ਆਪੇ ਚੜ੍ਹ ਚੜ੍ਹ, ਆਪਣਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਰ ਥਿਤ ਥਿਤ ਵਾਰ ਆਪਣੇ ਹੱਥ ਰਖਾਇੰਦਾ। ਵਾਰ ਥਿਤ ਸਤਾਰਾਂ ਹਾੜ, ਪਰਵਰਦਿਗਾਰ ਆਪ ਜਣਾਇੰਦਾ। ਹਰਿ ਜੂ ਬਣੇ ਸਾਚਾ ਲਾੜ, ਸੀਸ ਜਗਦੀਸ ਸੇਹਰਾ ਇਕ ਲਗਾਇੰਦਾ। ਕਰੇ ਖੇਲ ਅਪਰ ਅਪਾਰ, ਲੋਕ ਪਰਲੋਕ ਵੇਖ ਵਖਾਇੰਦਾ। ਟੱਪਦਾ ਜਾਏ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਪਾਰ ਕਰਾਇੰਦਾ। ਅੱਲਾ ਰਾਣੀ ਕਰੇ ਪਿਆਰ, ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੰਦੇਸ਼ ਇਕ ਸੁਣਾਇੰਦਾ। ਸਚ ਸੰਦੇਸ਼ ਹਰਿ ਸੁਣਾਇਆ, ਸ਼ਬਦੀ ਸ਼ਬਦ ਗੁਫ਼ਤਾਰ। ਆਪਣਾ ਹੁਕਮ ਆਪ ਜਣਾਇਆ, ਆਪੇ ਹੋਏ ਦੇਵਣਹਾਰ। ਤੇਰਾ ਮੰਦਰ ਦਏ ਸੁਹਾਇਆ, ਦਿਨ ਥੋੜੇ ਰਹਿ ਗਏ ਚਾਰ। ਦਰ ਘਰ ਆਏ ਲਏ ਪਰਨਾਇਆ, ਛੈਲ ਛਬੀਲਾ ਏਕੰਕਾਰ। ਤੇਰੀ ਰਾਂਗਲੀ ਮਹਿੰਦੀ ਵੇਖੇ ਅਪਰ ਅਪਾਰ। ਅੰਦਰ ਬਾਹਿਰ ਖੋਜ ਖੁਜਾਇਆ, ਤੇਰੇ ਨੈਣ ਤਰਕਸ਼ ਵੇਖੇ ਤੇਜ ਕਟਾਰ। ਦੋ ਜਹਾਨਾਂ ਤੀਰ ਚਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਲਏ ਮਨਾਇਆ। ਅੱਲਾ ਰਾਣੀ ਸੁਣ ਸੰਦੇਸ਼, ਪਹਿਲੀ ਚੇਤਰ ਖ਼ੁਸ਼ੀ ਮਨਾਵਨੀ। ਸਾਚੇ ਸਾਹਿਬ ਕਰਿਆ ਵੇਸ, ਮਸਤਕ ਆਏ ਧੂੜੀ ਲਾਵਨੀ। ਤੇਰਾ ਮੇਲਾ ਰਹੇ ਹਮੇਸ਼, ਏਕਾ ਮੰਗਾਂ ਤੇਰੀ ਜ਼ਾਮਨੀ। ਬਿਰਹੋਂ ਵੈਰਾਗਨ ਖੁਲ੍ਹੜੇ ਕੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਕਰਨੀ ਭਾਵਨੀ। ਖੁਲ੍ਹੜੇ ਕੇਸ ਨੇਤਰ ਨੀਰ, ਨੈਣਾਂ ਛਹਿਬਰ ਲਾਈਆ। ਚੁੱਪ ਕਰਾਇਨ ਛੋਟੇ ਵੀਰ, ਈਸਾ ਮੂਸਾ ਸੰਗ ਰਲਾਈਆ। ਮੁਹੰਮਦ ਬੰਨ੍ਹੇ ਨਾ ਕੋਈ ਧੀਰ, ਅਹਿਮਦ ਹੋਏ ਨਾ ਕੋਈ ਸਹਾਈਆ। ਨਾਤਾ ਤੁਟਾ ਦਸਤਗੀਰ, ਦਸਤ ਬਰਦਾਰ ਹੋਇਆ ਆਪ ਖ਼ੁਦਾਈਆ। ਜਗਤ ਵਿਛੋੜੇ ਪਾੜੇ ਚੀਰ, ਲੀਰ ਲੀਰ ਆਪ ਲਮਕਾਈਆ। ਏਕਾ ਮਿਲੇ ਸੱਚਾ ਪੀਰ, ਬੇਨਜ਼ੀਰ ਜਿਸ ਦੀ ਸ਼ਹਿਨਸ਼ਾਹੀਆ। ਮੇਰੀ ਬਦਲੇ ਆਣ ਤਕ਼ਦੀਰ, ਤਦਬੀਰ ਆਪਣੀ ਲਏ ਬਣਾਈਆ। ਮੇਰੀ ਆਪਣੀ ਹੱਥੀਂ ਲਿਖੇ ਫੇਰ ਤਕ਼ਸੀਰ, ਆਪਣੀ ਤਸਬੀ ਮੇਰੇ ਗਲ ਪਾਈਆ। ਆਪਣੀ ਚੋਟੀ ਚਾੜ੍ਹੇ ਫੜ ਅਖ਼ੀਰ, ਰਾਹ ਵਿਚ ਨਾ ਕੋਈ ਅਟਕਾਈਆ। ਮੇਰਾ ਤੁਟੇ ਜਗਤ ਜ਼ੰਜੀਰ, ਤੋੜਨਹਾਰਾ ਇਕ ਅਖਵਾਈਆ। ਜਿਸ ਨੂੰ ਗੌਂਦੇ ਮਨੌਂਦੇ ਰਹੇ ਪੀਰ ਫ਼ਕੀਰ, ਸੋ ਮੇਰਾ ਸੱਚਾ ਮਾਹੀਆ। ਕਵਣ ਵੇਲਾ ਆਏ ਘਤ ਵਹੀਰ, ਮੈਂ ਬੈਠੀ ਰਾਹ ਤਕਾਈਆ। ਮੇਰੀ ਬਦਲ ਨਾ ਜਾਏ ਦਲੀਲ, ਛੈਲ ਛਬੀਲ ਏਕਾ ਵਸੇ ਸੱਚਾ ਸ਼ਹਿਨਸ਼ਾਹੀਆ। ਅੰਤਮ ਕਰਾਂ ਤੇਰੇ ਅੱਗੇ ਅਪੀਲ, ਮੇਰੀ ਦੇਵੇ ਨਾ ਕੋਈ ਗਵਾਹੀਆ। ਬਿਨ ਤੇਰੇ ਦਿਸੇ ਨਾ ਕੋਈ ਵਕੀਲ, ਜੋ ਬਰੀ ਸਾਫ਼ ਦਏ ਕਰਾਈਆ। ਤੂੰ ਬਨਵਾਰੀ ਬਸਤਰ ਪਹਿਨ ਨੀਲ, ਗੋਬਿੰਦ ਮਤ ਗਿਆ ਸਮਝਾਈਆ। ਤੂੰ ਖ਼ਾਲਕ ਵੇਖ ਖ਼ਲੀਲ, ਖ਼ਾਲਕ ਤੇਰਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਾਰ ਔਣਾ ਘਰ, ਮੈਂ ਨਿਮਾਣੀ ਬਿਰਹੋਂ ਕੁੱਠੀ ਬੈਠੀ ਰਾਹ ਤਕਾਈਆ। ਰਾਹ ਤਕਾਂ ਤੇਰਾ ਮਾਹੀਆ, ਦਿਵਸ ਰੈਣ ਪ੍ਰਭਾਤ। ਘਰ ਆ ਮੈਂਡੇ ਸਾਈਂਆ, ਦੇ ਆਪਣਾ ਦਰਸ ਸੁਗਾਤ। ਮੇਰੀ ਚੌਦਾਂ ਸਦੀਆਂ ਦੀ ਧੋ ਸ਼ਾਹੀਆ, ਆਪਣੀ ਹੱਥੀਂ ਫੜ ਕ਼ਲਮ ਦਵਾਤ। ਮੈਂ ਤੇਰੇ ਮਗਰ ਦਿਆਂ ਦੁਹਾਈਆ, ਤੂੰ ਬੈਠਾ ਰਹਿਉਂ ਇਕ ਇਕਾਂਤ। ਮੈਂ ਗਲੀਆਂ ਹੂੰਝ ਹੂੰਝ ਸਾਫ਼ ਕਰਾਈਆ, ਅੰਤਮ ਦੇਣੀ ਆ ਨਜਾਤ। ਮੈਂ ਤੇਰੇ ਅੱਗੇ ਔਂਸੀਆਂ ਪਾਈਆਂ, ਮੇਰਾ ਛੁੱਟ ਨਾ ਜਾਏ ਤੇਰਾ ਸਾਥ। ਮੈਂ ਗਲ ਤੇਰੇ ਵਿਚ ਬਾਹੀਂਆਂ ਅੜਾਈਆ, ਮੈਨੂ ਲਗੌਣਾ ਆਪਣੇ ਘਾਟ। ਮੈਂ ਤੇਰੇ ਚਰਨਾਂ ਦਿਆਂ ਦੁਹਾਈਆ, ਤੇਰਾ ਦਿਸੇ ਸਾਚਾ ਹਾਟ। ਇਕੋ ਵਸਤ ਮੰਗਣ ਆਈਆ, ਸਾਚਾ ਲਾਹਾ ਲਵਾਂ ਖਾਟ। ਅੰਤ ਤੇਰੀ ਤੇਰੇ ਰੰਗ ਸਮਾਈਆ, ਦੂਸਰ ਅਵਰ ਨਾ ਕੋਈ ਚਾਟ। ਤੇਰਾ ਪਲੰਘ ਰੰਗੀਲਾ ਮੇਰੀ ਸੇਜ ਸੁਹਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਨਿਮਾਣੀ ਤੱਕਾਂ ਤੇਰੀ ਵਾਟ। ਵਾਟ ਤਕੇਂਦੜੀ ਥੱਕੀ ਨੱਢੀ, ਬਾਲੀ ਬੁਧ ਅਞਾਣ। ਕਵਣ ਔਗੁਣ ਮੈਂ ਨਿਮਾਣੀ ਛੱਡੀ, ਮੇਰਾ ਸੁੱਕਿਆ ਦੀਨ ਇਮਾਨ। ਕਵਣ ਵਿਛੋੜਾ ਘਰੋਂ ਕੱਢੀ, ਬਿਰਹੋਂ ਮਾਰਿਆ ਨਿਰਾਲਾ ਬਾਣ। ਲੱਭਦੀ ਫਿਰਦੀ ਰਹੀ ਚੌਦਾਂ ਸਦੀ, ਤੇਰਾ ਮਿਲਿਆ ਨਾ ਸਚ ਨਿਸ਼ਾਨ। ਫਿਰਦੀ ਰਹੀ ਤੇਰੇ ਹੁਕਮ ਬੱਧੀ, ਤੂੰ ਹੈ ਅਭੁਲ ਮਿਹਰਵਾਨ। ਮੈਂ ਕਰੂੰ ਗੁਜ਼ਾਰਾ ਤੇਰੇ ਘਰ ਖਾ ਖਾ ਅੱਧੀ, ਤੇਰਾ ਮਨਦੀ ਰਹੂੰ ਫ਼ਰਮਾਨ। ਮੈਂ ਹੋਈ ਦੁਹਾਗਣ ਬੁੱਢੀ, ਕਬੁੱਧ ਡੂੰਮਣੀ ਫਿਰਾਂ ਵਿਚ ਸੁੰਞ ਮਸਾਣ। ਅੰਤਮ ਵਾਸਤਾ ਤੇਰੇ ਚਰਨਾਂ ਦਾ ਆਪਣੇ ਘਰ ਆਪੇ ਸੱਦੀਂ, ਤੇਰੇ ਓਤੋਂ ਹੋਵਾਂ ਕੁਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੀਂ ਧੁਰ ਫ਼ਰਮਾਨ। ਧੁਰ ਫਰਮਾਨ ਸੁਣਾਇੰਦਾ, ਪੁਰਖ ਅਕਾਲ ਅਗੰਮ। ਸੋਈ ਸੁਵਾਣੀ ਆਪ ਉਠਾਇੰਦਾ, ਇਕ ਜਣਾਏ ਸਾਚਾ ਕੰਮ। ਚੌਦਾਂ ਤਬਕਾਂ ਤੇਰੀ ਸੇਵਾ ਲਾਇੰਦਾ, ਕਿਸੇ ਕਲਬੂਤ ਅੰਦਰ ਰਹਿਣ ਨਾ ਦੇਣਾ ਦਮ। ਪੁਰਖ ਅਬਿਨਾਸ਼ੀ ਫੇਰ ਮੇਲ ਮਿਲਾਇੰਦਾ, ਤੇਰਾ ਬੇੜਾ ਦੇਵੇ ਬੰਨ੍ਹ। ਆਪਣੇ ਘੋੜੇ ਆਪ ਚੜ੍ਹਾਇੰਦਾ, ਲੇਖਾ ਮੁਕਾਏ ਚੌਦਵੀਂ ਚੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਇਕ ਸੰਦੇਸ ਸੁਣਾਏ ਕੰਨ। ਸੁਨਣਾ ਕੰਨ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਪੀਰ ਫ਼ਕੀਰਾਂ ਦੇਣਾ ਇਕ ਗਿਆਨ, ਸ਼ਾਹ ਪਾਤਸ਼ਾਹ ਆਪ ਸੁਣਾਇੰਦਾ। ਸੋ ਪੁਰਖ ਨਿਰੰਜਣ ਨੌ ਜਵਾਨ, ਆਪਣਾ ਰੂਪ ਆਪ ਪਰਗਟਾਇੰਦਾ। ਹੰ ਬ੍ਰਹਮ ਇਕ ਨਿਸ਼ਾਨ, ਲੋਕਮਾਤ ਵੇਖ ਵਖਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਹਾਂ ਵਿਚੋਲਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਾਰੀ ਕੰਤ ਸਰਬ ਪਰਨਾਇੰਦਾ। ਸਖ਼ੀਓ ਮੇਰਾ ਦੂਲਹਾ ਔਣਾ, ਇਕ ਅਕੱਲਾ ਪਰਵਰਦਿਗਾਰ। ਮੈਂ ਦੁਲਹਣ ਬਣ ਬਣ ਮੁਖ ਸ਼ਰਮੌਣਾ, ਨੇਤਰ ਨੈਣ ਨਾ ਸਕਾਂ ਉਠਾਲ। ਜਿਸ ਨੇ ਮੇਰਾ ਪਰਦਾ ਲੌਹਣਾ, ਮੇਰੀ ਵੇਖੇ ਸਚ ਨੁਹਾਰ। ਆਪਣਾ ਦਰਸ ਆਪ ਵਖੌਣਾ, ਨੂਰੀ ਜਲਵਾ ਨਿਰਾਕਾਰ। ਮੈਂ ਨਿਮਾਣੀ ਗਲ ਲਗੌਣਾ, ਬਖ਼ਸ਼ੇ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਅਪਾਰਾ ਕਰਨੇ ਆਏ, ਕ਼ਾਦਰ ਕਰਤਾ ਬੇਪਰਵਾਹ। ਮੇਰਾ ਭੌ ਨਿਰਭੈ ਡਰਨਾ ਲਾਹੇ, ਏਕਾ ਦੇਵੇ ਸਚ ਸਲਾਹ। ਆਪਣਾ ਘਰ ਦਏ ਵਖਾਏ, ਘਰ ਸੱਚਾ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਮਿਹਰਵਾਂ। ਮਿਹਰਬਾਨ ਮੇਰੀ ਸਲਾਮ ਅਲੈਕਮ, ਸਲਾਮ ਕਰੇ ਪਰਨਾਮ। ਮੇਰਾ ਤੇਰਾ ਏਕਾ ਦਾਮ, ਦਾਮਨਗੀਰ ਦੋ ਜਹਾਂ। ਮੇਰਾ ਤੇਰਾ ਏਕਾ ਕਾਮ, ਕਾਮਨੀ ਕਾਮਨ ਹਿਰਸ ਗਈ ਮਿਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਥਾਂ। ਸਾਚਾ ਥਾਨ ਮੰਗੇ ਮਾਰੇ ਬੋਲੀ, ਰੁੱਸ ਰੁੱਸ ਆਪਣੀ ਕਰਵਟ ਬਦਲਾਈਆ। ਮੈਂ ਅੰਞਾਣੀ ਭੋਲੀ ਭਾਲੀ, ਤੇਰੀ ਸਮਝ ਮੇਰੀ ਸਮਝ ਵਿਚ ਨਾ ਆਈਆ। ਤੇਰੀ ਵੇਖੀ ਰਤੜੀ ਡੋਲੀ, ਤੇਰੇ ਕਹਾਰ ਰਹੇ ਉਠਾਈਆ। ਮੇਰਾ ਭਾਰ ਰਹੇ ਤੋਲੀ, ਕੰਧੇ ਨਾਲ ਕੰਧਾ ਮਿਲਾਈਆ। ਮੇਰੇ ਨਾਲ ਮੇਰੀ ਇਛਿਆ ਬਣੇ ਗੋਲੀ, ਦੋਏ ਜੋੜ ਵਾਸਤਾ ਰਹੀ ਪਾਈਆ। ਜੇ ਪਿੱਛੇ ਰਹਿ ਗਈ ਖੇਡੂੰ ਹੋਲੀ, ਘਰ ਘਰ ਵਿਚ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਦੇਣੀ ਵਡਿਆਈਆ। ਤੇਰੀ ਇਛਿਆ ਜਾਵੇ ਛੱਡ, ਤੇਰੇ ਨਾਲ ਰਹਿਣ ਨਾ ਪਾਇਆ। ਤੇਰੇ ਅੰਦਰੋਂ ਦੇਵੇ ਕੱਢ, ਕਰੇ ਆਪ ਸਫ਼ਾਇਆ। ਆਪਣੀ ਵਿਚੋਂ ਲਏ ਆਪੇ ਰੱਖ, ਕਰੇ ਖੇਲ ਆਪ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਨੱਥ ਸੁਹਾਗ ਦਏ ਘੜਾਇਆ। ਨੱਥ ਸੁਹਾਗ ਤੇਰੀ ਘਾੜਨ ਘੜਤ, ਸਤਿ ਪੁਰਖ ਨਿਰੰਜਣ ਆਪ ਘੜਾਈਆ। ਆਪਣੇ ਤਾਜ ਜੜੇ ਜੜਤ, ਤੇਰੀ ਇਛਿਆ ਪੂਰ ਕਰਾਈਆ। ਤੇਰਾ ਨੇਤਰ ਸੋਹੰ ਅੱਖਰ ਏਕਾ ਪੜ੍ਹਤ, ਸੋਲਾਂ ਸ਼ਿੰਗਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਨੱਥ ਦਏ ਸਮਝਾਈਆ। ਤੇਰੀ ਨੱਥ ਸ਼ਬਦ ਡੋਰ, ਹਰਿ ਸਾਚਾ ਆਪ ਘੜਾਇੰਦਾ। ਕਲਜੁਗ ਅੰਤਮ ਪਕੜੇ ਠਗ ਚੋਰ, ਏਕਾ ਬੰਧਨ ਪਾਇੰਦਾ। ਚਾਰ ਯਾਰੀ ਤੇਰੇ ਅੱਗੇ ਦੇਵੇ ਤੋਰ, ਤੇਰੀ ਹੱਥੀਂ ਆਪ ਮਿਟਾਇੰਦਾ। ਵੇਖਣਹਾਰਾ ਅੰਧਘੋਰ, ਸੂਰਤ ਸ਼ਬਦੀ ਆਪ ਬਣਾਇੰਦਾ। ਆਪੇ ਜਾਣੇ ਆਪਣਾ ਜ਼ੋਰ, ਜੋਰੂ ਜ਼ਰ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਸਮਝਾਇੰਦਾ। ਤੇਰੀ ਨੱਥ ਬਲਾਕ, ਹਰਿ ਹਰਿ ਆਪ ਸਮਝਾਈਆ। ਤੇਰੀ ਉਡਦੀ ਵੇਖੇ ਖ਼ਾਕ, ਚੌਦਾਂ ਲੋਕ ਪਏ ਦੁਹਾਈਆ । ਸ਼ਾਹ ਨਵਾਬ ਅਸਵ ਘੋੜੇ ਚੜ੍ਹਿਆ ਰਾਕ, ਦਸਤਗੀਰ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਮਾਰੇ ਪਹਿਲੋ ਇਕ ਪਲਾਕ, ਸੀਸ ਆਪਣੇ ਤਾਜ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪ ਸਮਝਾਈਆ। ਤੇਰੀ ਨੱਥ ਵੇਖੇ ਮੋਤੀ, ਮਨਕ ਮਨਕਾ ਵੇਖ ਵਖਾਇੰਦਾ। ਸਦੀ ਚੌਦਵੀਂ ਕੱਢੇ ਵਾਸਨਾ ਖੋਟੀ, ਵਾਸਤਕ ਆਪਣਾ ਰੂਪ ਜਣਾਇੰਦਾ। ਪੀਰ ਪੈਗੰਬਰ ਫੜ ਫੜ ਲਾਹੇ, ਜੋ ਚੜ੍ਹ ਚੜ੍ਹ ਬੈਠੇ ਚੋਟੀ, ਆਪਣੇ ਚਰਨਾ ਹੇਠ ਦਬਾਇੰਦਾ। ਸਭਦਾ ਭੰਨ੍ਹੇ ਹੁੱਕਾ ਲੋਟੀ, ਹੁਕਮ ਹਾਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਸਮਾਇੰਦਾ। ਤੇਰੇ ਨੱਕ ਨੱਥ ਪਾਏ ਸੁਹਾਗ, ਸੋਭਾਵੰਤ ਵਡੀ ਵਡਿਆਈਆ। ਪਹਿਲੋਂ ਧੋਵੇ ਤੇਰਾ ਦਾਗ਼, ਆਪਣੀ ਹੱਥੀਂ ਸਾਫ਼ ਕਰਾਈਆ। ਫੇਰ ਉਪਜਾਏ ਇਕ ਵੈਰਾਗ, ਵੈਰਾਗਣ ਹੋ ਹੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਕੰਤ ਦਏ ਸਮਝਾਈਆ। ਤੇਰਾ ਕੰਤ ਇਕ ਖ਼ੁਦਾਵੰਦ, ਖ਼ੁਦੀ ਖ਼ੁਦ ਆਪ ਮਿਟਾਇੰਦਾ। ਤੇਰਾ ਰੂਪ ਵੇਖੇ ਨੂਰ ਨੂਰਾਨਾ ਚੰਦ, ਸੀਤਲ ਸੀਤਲ ਧਾਰ ਵਹਾਇੰਦਾ। ਤੇਰੇ ਦਵਾਰ ਆਏ ਮੁਕਾਏ ਪੰਧ, ਪਾਂਧੀ ਆਪਣਾ ਪੰਧ ਨਾ ਕੋਇ ਰਖਾਇੰਦਾ। ਤੇਰਾ ਖ਼ੁਸ਼ੀ ਕਰੇ ਬੰਦ ਬੰਦ, ਆਪ ਆਪਣੇ ਅੰਗ ਲਗਾਇੰਦਾ। ਇਕ ਜਣਾਏ ਸਾਚਾ ਪਰਮਾਨੰਦ, ਪਰਮ ਪੁਰਖ ਖੇਲ ਖਿਲਾਇੰਦਾ। ਨਿਉਂ ਨਿਉਂ ਸੁਨਣ ਸਾਚਾ ਛੰਦ, ਸੋਹੰ ਸ਼ਬਦ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਅੱਲਾ ਰਾਣੀ ਪਾਏ ਵਾਸਤਾ, ਵਾਸਤਕ ਤੇਰੀ ਇਕ ਸਰਨਾਈਆ। ਕਿਉਂ ਚਲੇ ਆਹਿਸਤਾ ਆਹਿਸਤਾ, ਤੇਰੀ ਰਫ਼ਤਾਰ ਦਿਸ ਕਿਸੇ ਨਾ ਆਈਆ। ਮੈਂ ਤੱਕਾਂ ਤੇਰੀ ਆਮਦਾ, ਆਮਦ ਵਿਚ ਖ਼ੁਸ਼ੀ ਮਨਾਈਆ। ਤੇਰੀ ਖ਼ੁਸ਼ੀ ਖੇਲ ਦੋ ਜਹਾਨ ਦਾ, ਦੋ ਜਹਾਨਾਂ ਤੇਰੀ ਸੱਚੀ ਸ਼ਹਿਨਸ਼ਾਹੀਆ। ਆਪਣਾ ਮੀਆਂ ਆਪਣੀ ਬੀਵੀ ਆਪ ਪਛਾਣਦਾ, ਖ਼ਾਵੰਦ ਇਕ ਵਡੀ ਵਡਿਆਈਆ। ਸਾਚਾ ਮੰਦਰ ਆਪ ਸੁਹਾਂਵਦਾ, ਪਤਿ ਪਰਮੇਸ਼ਵਰ ਸਾਚਾ ਮਾਹੀਆ। ਆਪਣੀ ਖੇਲ ਆਪੇ ਜਾਣਦਾ, ਕੋਈ ਲਿਖੇ ਨਾ ਕ਼ਲਮ ਸ਼ਾਹੀਆ। ਮਹਾਕਾਲ ਖੇਲ ਸ੍ਰੀ ਭਗਵਾਨ ਦਾ, ਦਿਆਲ ਆਪਣਾ ਰੂਪ ਵਟਾਈਆ। ਕਲਜੁਗ ਅੰਤਮ ਗੁਰਮੁਖ ਗੁਰਸਿਖ ਆਪੇ ਭਾਲ ਦਾ, ਨਿਰਗੁਣ ਨਿਰਵੈਰ ਸੇਵ ਕਮਾਈਆ। ਲੇਖਾ ਜਾਣੇ ਭਗਤ ਬੇਹਾਲ ਦਾ, ਬੇਵਾ ਰਹਿਣ ਨਾ ਦੇਵੇ ਸੱਚਾ ਮਾਹੀਆ। ਆਪਣਾ ਮਾਰਗ ਇਕ ਵਖਾਲ ਦਾ, ਮਹਾਕਾਲ ਆਪਣਾ ਬਲ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪਤ ਡਾਲ ਦਾ, ਫੁਲ ਪੰਖੜੀਆਂ ਆਪੇ ਫੋਲ ਫੋਲਾਈਆ। ਜਿਸ ਘਰ ਮੇਰੇ ਮਾਹੀ ਔਣਾ, ਸੋ ਘਰ ਸੋਭਾਵੰਤ। ਜਿਸ ਸਖ਼ੀ ਮੇਰਾ ਦੁੱਖ ਮਿਟੌਣਾ, ਸੋ ਸਾਹਿਬ ਸੱਚਾ ਭਗਵੰਤ। ਜਿਸ ਦਾਸੀ ਬਣ ਕੇ ਸੇਵ ਕਮੌਣਾ, ਰਸਨਾ ਨਾਮ ਮਣੀਆ ਮੰਤ। ਜਿਸ ਜਮ ਕੀ ਫ਼ਾਸੀ ਫੰਦ ਕਟੌਣਾ, ਸੋ ਪੂਰਨ ਭਗਵੰਤ। ਜਿਸ ਆਪ ਆਪਣਾ ਮੇਲ ਮਿਲੌਣਾ, ਸੋ ਸੁਣਾਏ ਸੋਹੰ ਛੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਬਣੌਣੀ ਮੇਰੀ ਬਣਤ। ਜੋ ਮੇਰੀ ਬਣਤ ਬਣਾਇੰਦਾ, ਮੈਂ ਉਸ ਦੀ ਦਾਸੀ ਦਾਸ। ਜੋ ਮੇਰਾ ਸੰਗ ਨਿਭਾਇੰਦਾ, ਮੈ ਉਸ ਦੇ ਵਸਾਂ ਪਾਸ। ਜੋ ਨਿਮਾਣੀ ਗਲ ਲਗਾਇੰਦਾ, ਪੂਰੀ ਕਰੇ ਆਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਣਾ ਸਹਾਈ ਅੰਤ ਵਿਚ ਪ੍ਰਭਾਸ। ਪ੍ਰਭਾਸ ਸਹੇਲਾ ਤੇਰੀ ਓਟ, ਤੁਧ ਬਿਨ ਅਵਰ ਨਾ ਕੋਈ ਜਣਾਈਆ। ਮੈਂ ਵਿਛੜੀ ਤੇਰੇ ਨਾਲ ਤੇਰੀ ਜੋਤ, ਬਿਨ ਤੁਧ ਮੇਰਾ ਹੋਰ ਨਾ ਕੋਈ ਸਹਾਈਆ। ਨਾ ਮੇਰਾ ਵਰਨ ਨਾ ਮੇਰੀ ਗੋਤ, ਮੈਂ ਤੇਰੀ ਤੂੰ ਮੇਰਾ, ਮੈਂ ਤੇਰੇ ਚਰਨ ਸਰਨ ਰਹਾਂ ਸਦ ਸਰਨਾਈਆ। ਤੇਰਾ ਕਲਮਾ ਤੇਰੀ ਓਟ, ਮੈਂ ਬੈਠੀ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦੇਣਾ ਗਿਆਨ, ਬੋਹਧ ਬੋਹਥ ਹੱਥ ਕਿਸੇ ਨਾ ਆਈਆ। ਮੈਂ ਨਿਮਾਣੀ ਭੁੱਲੀ, ਅਭੁਲ ਮੇਰੇ ਸੁਲਤਾਨਾ। ਤੁਧ ਬਾਝੋਂ ਮਾਤ ਰੁੱਲੀ, ਮੇਰੇ ਸਚਿਆ ਸਾਹਿਬ ਕਾਹਨਾ। ਤੇਰੇ ਚਰਨ ਲਗ ਫਲੀ ਫੁਲੀ, ਬਿਨ ਤੇਰੇ ਹੋਈ ਅੰਤ ਵੈਰਾਨਾ। ਭਾਗ ਲਗੌਣਾ ਮੇਰੀ ਕੁੱਲੀ, ਮੈਂ ਤੇਰਾ ਰਾਹ ਤਕਾਨਾ। ਤੇਰੀ ਵਸਤ ਇਕ ਅਨਮੁਲੀ, ਮੇਰਾ ਭਰਿਆ ਰਹੇ ਖ਼ਜ਼ਾਨਾ। ਮੈਂ ਭੁੱਲੀ ਤੂੰ ਕਦੀ ਨਾ ਭੁੱਲੀਂ, ਤੂੰ ਸ਼ਮਅ ਮੈਂ ਤੇਰਾ ਪਰਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੰਗੇ ਮੰਗ ਬਾਲ ਅਞਾਣਾ। ਤੂੰ ਦਾਤਾ ਗਹਿਰ ਗੰਭੀਰ, ਮੈਂ ਅਵਗੁਣ ਭਰੀ ਨਿਮਾਣੀ। ਤੂੰ ਬਖ਼ਸ਼ੀਂ ਠੰਡਾ ਸੀਰ, ਮੈਂ ਤਿਹਾਈ ਮੰਗਾਂ ਪਾਣੀ। ਤੂੰ ਕੱਢ ਬਿਰਹੋਂ ਪੀੜ, ਹਉਂ ਤੇਰੇ ਚੋਜ ਵਡਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਆਤਮ ਅੰਤਰ ਆਪਣੀ ਸੱਚੀ ਬਾਣੀ। ਸਾਚੀ ਬਾਣੀ ਸ਼ਬਦ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿਜਨ ਮੇਲਾ ਧੁਰ ਦਰਬਾਰਾ, ਦਰ ਦਰਵਾਜ਼ਾ ਆਪ ਸੁਹਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਭੇਵ ਕੋਈ ਨਾ ਪਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਘਟ ਘਟ ਆਪਣਾ ਰੂਪ ਧਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਖੇਲ ਖਿਲਾਇੰਦਾ। ਭਗਤ ਵਛਲ ਬਣ ਗਿਰਧਾਰਾ, ਭਗਤਨ ਭਗਤੀ ਮੇਲ ਮਿਲਾਇੰਦਾ। ਅਛਲ ਅਛੱਲ ਕਰ ਸੰਸਾਰਾ, ਲੱਖ ਚੁਰਾਸੀ ਜੀਵ ਭੁਲਾਇੰਦਾ। ਰਾਤੀ ਰੁੱਤੀ ਥਿਤੀ ਜਾਣੇ ਆਪਣੀ ਵਾਰਾ, ਦਿਵਸ ਰਾਤ ਬਰਖ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ ਸਾਚੇ ਸ਼ਹਿਨਸ਼ਾਹ ਦਏ ਸਹਾਰਾ, ਸਤਿਗੁਰ ਆਪਣੀ ਖੇਲ ਖਿਲਾਇੰਦਾ। ਸਾਚੇ ਸ਼ਹਿਨਸ਼ਾਹ ਸਤਿ ਸਹਾਰਾ, ਹਰਿ ਸਾਚਾ ਆਪ ਧਰਾਈਆ। ਏਕਾ ਸ਼ਬਦ ਇਕ ਆਧਾਰਾ, ਏਕਾ ਮੰਤਰ ਨਾਮ ਦ੍ਰਿੜਾਈਆ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਵਖਾਈਆ। ਏਕਾ ਮੰਗ ਏਕਾ ਮੰਗਣਹਾਰਾ, ਏਕਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸਾਚਾ ਲਾਲ ਗੁਲਾਲਾ, ਗੁਰ ਗੁਰ ਆਪ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਵਖਾਇੰਦਾ। ਹਰਿਜਨ ਸਾਚੇ ਹਰਿ ਹਰਿ ਬੰਨ੍ਹੇ ਗਾਨਾ, ਸਾਚਾ ਸਗਨ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਧੰਦੇ ਲਾਇੰਦਾ। ਗੁਰਮੁਖ ਧੰਦੇ ਜਾਏ ਲੱਗ, ਜਿਸ ਜਨ ਆਪਣੀ ਬੂਝ ਬੁਝਾਈਆ । ਹੰਸ ਬਣਾਏ ਫੜ ਫੜ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜਗਤ ਤ੍ਰਿਸ਼ਨਾ ਬੁਝਾਏ ਅੱਗ, ਅੰਮ੍ਰਿਤ ਮੇਘ ਆਪ ਬਰਸਾਈਆ। ਕਰੇ ਖੇਲ ਸੂਰਾ ਸਰਬਗ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਲੇਖਾ ਜਾਣੇ ਉਪਰ ਸ਼ਾਹ ਰਗ, ਅੰਦਰ ਮੰਦਰ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਕੱਢ, ਹੀਰੇ ਲਾਲ ਮਾਣਕ ਮੋਤੀ ਨਿਰਗੁਣ ਜੋਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਪਣੀ ਅੱਖ ਖੁਲ੍ਹਾਈਆ। ਗੁਰਮੁਖ ਖੁੱਲੀ ਅੱਖ, ਹਰਿ ਨੇਤਰ ਆਪ ਖੁਲਾਇਆ। ਲੱਖ ਚੁਰਾਸੀ ਵਿਚੋਂ ਕੀਤਾ ਵੱਖ, ਦਰਸੀ ਆਪਣਾ ਦਰਸ ਕਰਾਇਆ। ਏਕਾ ਦੇਵੇ ਸਾਚੀ ਵਥ, ਨਾਮ ਨਿਧਾਨਾ ਝੋਲੀ ਪਾਇਆ। ਸਿਰ ਰੱਖ ਹੱਥ ਸਮਰਥ, ਭੇਦ ਅਭੇਦ ਦਏ ਜਣਾਇਆ। ਕਾਇਆ ਖੇੜਾ ਵਖਾਏ ਭਠ, ਪੰਜ ਤੱਤ ਅੰਤ ਰਹਿਣ ਨਾ ਪਾਇਆ। ਨਾ ਕੋਈ ਚਤਰਾਈ ਮਨ ਬੁਧ ਮਤ, ਮਤ ਮਤੀ ਨਾ ਕੋਈ ਸਮਝਾਇਆ। ਅੰਤਮ ਨਾਤਾ ਤੁਟੇ ਰਤੀ ਰਤ, ਰਤੀ ਰਤ ਕੰਮ ਕਿਸੇ ਨਾ ਆਇਆ। ਗੁਰਮੁਖ ਵਿਰਲੇ ਨਾਤਾ ਬੰਨ੍ਹੇ ਚਰਨ ਨਤ, ਆਪ ਆਪਣਾ ਮੇਲ ਮਿਲਾਇਆ। ਸਾਚਾ ਮਾਰਗ ਆਪੇ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਜਪਾਇਆ। ਹਰਿ ਹਰਿ ਆਪਣਾ ਨਾਮ ਜਪਾਇੰਦਾ, ਗੁਰਮੁਖ ਸੱਜਣ ਦਏ ਅਧਾਰ। ਮਨਮੁਖ ਮੂੜੇ ਦਰ ਦੁਰਕਾਇੰਦਾ, ਏਕਾ ਧੱਕਾ ਦੇਵੇ ਮਾਰ। ਗੁਰਸਿਖ ਆਪਣੀ ਗੋਦ ਸੁਹਾਇੰਦਾ, ਗੁਰ ਪੂਰਾ ਨਰ ਅਵਤਾਰ। ਮਨਮੁਖਾਂ ਮੁਖ ਭਵਾਇੰਦਾ, ਮਸਤਕ ਟਿੱਕਾ ਧੂੜੀ ਛਾਰ। ਆਪ ਆਪਣਾ ਵੇਸ ਵਟਾਇੰਦਾ, ਨਿਹਕਲੰਕ ਨਰਾਇਣ ਨਰ ਅਵਤਾਰ। ਮੁਛ ਦਾੜ੍ਹੀ ਨਾ ਕੋਈ ਵਖਾਇੰਦਾ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਨਿਰਗੁਣ ਜੋਤੀ ਜੋਤ ਜਗਾਇੰਦਾ, ਜੋਤੀ ਜਾਤਾ ਆਪ ਕਰਤਾਰ। ਸਾਚਾ ਕਿਲਾ ਕੋਟ ਵਸਾਇੰਦਾ, ਕੰਚਨ ਗੜ੍ਹ ਕਰ ਅਪਾਰ। ਉਪਰ ਆਪਣਾ ਆਸਣ ਲਾਇੰਦਾ, ਸਚ ਸਿੰਘਾਸਣ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ, ਹਰਿਜਨ ਬੇੜਾ ਚੁਕਿਆ ਕੰਧ, ਸਤਿਗੁਰ ਪੂਰਾ ਭਾਰ ਉਠਾਈਆ। ਜਨਮ ਜਨਮ ਦਾ ਮਿਟੇ ਪੰਧ, ਪਾਂਧੀ ਬਣਿਆ ਸਾਚਾ ਮਾਹੀਆ। ਕਾਇਆ ਕਰਮ ਕਰੇ ਖੰਡ ਖੰਡ, ਨਾਮ ਖੰਡਾ ਇਕ ਉਠਾਈਆ। ਨਾਤਾ ਤੋੜ ਦੁਹਾਗਣ ਰੰਡ, ਕੰਤ ਸੁਹਾਗ ਇਕ ਵਖਾਈਆ। ਆਦਿ ਅੰਤ ਪਰਮਾਨੰਦ, ਪਰਮ ਪੁਰਖ ਬੂਝ ਬੁਝਾਈਆ। ਮਿਲ ਸੱਜਣ ਸਖ਼ੀਆਂ ਗਾਇਆ ਸੁਹਾਗੀ ਛੰਦ, ਸੋਹੰ ਸ਼ਬਦ ਵੱਜੀ ਵਧਾਈਆ। ਲੋਕ ਪਕਲੋਕ ਰਹੇ ਮੰਗ, ਅਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਆਪਣੇ ਅੰਦਰ ਨੌ ਸੌ ਚੁਰਾਨਵੇ ਚੌਕੜੀ ਰੱਖਿਆ ਬੰਦ, ਕਲਜੁਗ ਅੰਤਮ ਬਾਹਰ ਕਢਾਈਆ। ਜੋ ਸੁਤਾ ਰਹਿਆ ਦੇ ਕਰ ਕੰਡ, ਆਪਣਾ ਮੁਖੜਾ ਦਏ ਵਖਾਈਆ। ਮਨਮੁਖ ਜੀਵ ਭਾਗਾਂ ਮੰਦ, ਜਿਸ ਰਿਹਾ ਦਰ ਦੁਰਕਾਈਆ। ਗੁਰਸਿਖ ਗੁਰਮੁਖ ਗੁਰ ਗਾਏ ਸ਼ਬਦ ਬੱਤੀ ਦੰਦ, ਬੰਦ ਬੰਦ ਖੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਸਦ ਬਖ਼ਸ਼ਿੰਦ ਬਖ਼ਸ਼ਸ਼ ਬਖ਼ਸ਼ੀਸ਼ ਆਪਣੇ ਹੱਥ ਰਖਾਈਆ। ਗੁਰਸਿਖ ਤੇਰੀ ਕੋਇ ਨਾ ਕਰੇ ਰੀਸ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਰਹੇ ਜਸ ਗਾਈਆ।