Granth 10 Likhat 046: 20 Faggan 2017 Bikarmi Bhag Singh de Greh Pind Babu pura Jila Gurdaspur

੨੦ ਫਗਣ ੨੦੧੭ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਹਰਿ ਖੇਲੇ ਖੇਲ ਤਮਾਸ਼, ਕਲ ਆਪਣੇ ਹੱਥ ਰਖਾਇੰਦਾ। ਆਕਾਸ਼ ਕਰ ਨਿਰਗੁਣ ਪ੍ਰਕਾਸ਼, ਆਪਣੀ ਕਿਰਨ ਜੋਤ ਜਗਾਇੰਦਾ। ਜੋਤੀ ਨੂਰ ਸ਼ਾਹੋ ਸ਼ਾਬਾਸ, ਜਲਵਾ ਆਪਣਾ ਆਪ ਧਰਾਇੰਦਾ। ਆਪਣੀ ਇਛਿਆ ਅੰਦਰ ਕਰ ਕਰ ਵਾਸ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਗ ਆਪ ਰਖਾਇੰਦਾ। ਆਪਣੀ ਧਰਨੀ ਆਪ ਉਪਾ, ਧਵਲਾ ਧਵਲ ਆਪ ਹੋ ਜਾਈਆ। ਜਲ ਜਲ ਰੂਪ ਆਪ ਵਟਾ, ਆਪਣਾ ਨੀਰ ਆਪ ਵਹਾਈਆ। ਆਪਣੀ ਬਿੰਬ ਆਪ ਪਰਗਟਾ, ਆਪੇ ਵੇਖ ਵਖਾਈਆ। ਆਪੇ ਮਹੀਅਲ ਨਾਉਂ ਧਰਾ, ਮਹਿਮਾ ਆਪਣੇ ਵਿਚ ਰਖਾਈਆ। ਆਪੇ ਥਲ ਥਲ ਡੇਰਾ ਲਾ, ਆਪਣੀ ਧੂੜੀ ਆਪ ਉਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਵੇਖ ਵਖਾਈਆ। ਆਪੇ ਸੂਰਜ ਸੂਰਯਾ ਦੇਵੇ ਦਾਤ, ਅਨਡਿਠ ਆਪ ਵਰਤਾਇੰਦਾ। ਆਪੇ ਆਪਣੇ ਪਰਕਾਸ਼ ਵੇਖੇ ਮਾਰ ਝਾਤ, ਆਪਣੀ ਕਿਰਨ ਨੈਣ ਖੁਲਾਇੰਦਾ। ਆਪੇ ਸੇਵਾ ਲਾਏ ਬੌਹ ਬਿਧ ਭਾਂਤ, ਸੇਵਕ ਸੇਵਾ ਸਚ ਜਣਾਇੰਦਾ। ਆਪੇ ਲੇਖਾ ਜਾਣੇ ਆਦਿ ਜੁਗਾਦਿ, ਆਪਣਾ ਗੇੜਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਵਖਾਇੰਦਾ। ਆਪੇ ਧਵਲ ਦਏ ਸਹਾਰਾ, ਹਰਿ ਜਗਦੀਸ ਵਡੀ ਵਡਿਆਈਆ। ਆਪੇ ਜਲ ਕਰੇ ਪਿਆਰਾ, ਨੀਰ ਸੀਰ ਉਪਾਈਆ। ਆਪੇ ਦੋਹਾਂ ਵਿਚੋਲਾ ਸਿਰਜਣਹਾਰਾ, ਅੰਤਰ ਅੰਦਰ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਏ ਸਮਝਾਈਆ। ਆਪਣੀ ਕਿਰਨ ਹੋ ਉਜਿਆਰਾ, ਅਨਭਵ ਧਾਰ ਚਲਾਇੰਦਾ। ਆਪਣਾ ਨੇਤਰ ਕਰ ਪਸਾਰਾ, ਇਕ ਇਕ ਇਕ ਨਾਲ ਵੰਡ ਵੰਡਾਇੰਦਾ। ਆਪੇ ਵੇਖੇ ਵੇਖਣਹਾਰਾ, ਆਪਣਾ ਤੱਤ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਰਖਾਇੰਦਾ। ਧਰਤੀ ਧਵਲ ਚਰਨ ਖ਼ਾਕ, ਹਰਿ ਆਪਣੀ ਆਪ ਉਪਾਈਆ। ਆਪੇ ਕਰੇ ਪਾਕੀ ਪਾਕ, ਪਾਰਬ੍ਰਹਮ ਬੇਪਰਵਾਹੀਆ। ਆਪਣੀ ਕਿਰਪਾ ਆਪੇ ਲਏ ਰੱਖ, ਆਪਣੀ ਇਛਿਆ ਉਪਰ ਟਿਕਾਈਆ। ਦੂਜਾ ਕੋਇ ਨਾ ਸਕੇ ਭਾਰ ਚੁੱਕ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪ੍ਰਿਥਮ ਪ੍ਰਿਥਮੀ ਕਰੀ ਵੱਖ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸੂਰਜ ਜੋਤੀ ਏਕਾ ਧਾਰ, ਹਰਿ ਦਾਤਾ ਆਪ ਧਰਾਇੰਦਾ। ਆਪਣਾ ਨੈਣ ਕਵਲ ਉਘਾੜ, ਏਕਾ ਕਿਰਨ ਪਰਗਟਾਇੰਦਾ। ਏਕਾ ਪਲਕ ਹੋਏ ਉਜਿਆਰ, ਖ਼ਾਲਕ ਆਪਣਾ ਖੇਲ ਖਿਲਾਇੰਦਾ। ਏਕਾ ਫ਼ਲਕ ਕਰੇ ਪਸਾਰ, ਆਪਣਾ ਨੂਰ ਜ਼ਹੂਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤੱਤ ਆਪ ਪਰਗਟਾਇੰਦਾ। ਆਪਣੇ ਚਰਨ ਮਲ ਮਲ ਧੋ, ਹਰਿ ਆਪਣੀ ਸੇਵ ਕਮਾਈਆ। ਆਪਣਾ ਚਰਨ ਆਪੇ ਛੋਹ, ਆਪਣੀ ਬਣਤ ਬਣਾਈਆ। ਆਪਣੀ ਕਰਨੀ ਕਰੇ ਆਪੇ ਲੋ, ਪਰਕਾਸ਼ ਪਰਕਾਸ਼ ਆਪ ਜਣਾਈਆ। ਆਪੇ ਜਾਣੇ ਆਪਣੀ ਸੋ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੂੜੀ ਖ਼ਾਕ ਦਏ ਵਡਿਆਈਆ। ਚਰਨ ਧੂੜੀ ਜਾਏ ਲੱਥ, ਹਰਿ ਸਾਚਾ ਆਪ ਲਹਾਇੰਦਾ। ਕਰੇ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਆਦਿ ਆਦਿ ਜਾਣੇ ਆਪਣੀ ਗਥ, ਆਪਣੀ ਮਹਿਮਾ ਆਪੇ ਗਾਇੰਦਾ। ਆਪ ਚਲਾਏ ਆਪਣਾ ਰਥ, ਨਿਰਗੁਣ ਸੇਵਾ ਸਚ ਕਮਾਇੰਦਾ। ਚਰਨ ਧੂੜੀ ਉਪਰ ਰੱਖ, ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਚਰਨ ਧੂੜੀ ਖ਼ਾਕ ਦਬਾ, ਦਇਆਵਾਨ ਦਯਾ ਕਮਾਇੰਦਾ। ਚਰਨ ਚਰਨੋਦਕ ਨਾਲ ਰਲਾ, ਸਿੰਚ ਸਿੰਚ ਵੇਖ ਵਖਾਇੰਦਾ। ਦੋਹਾਂ ਮੇਲਾ ਸਹਿਜ ਸੁਭਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਲੇਖਾ ਜਾਣੇ ਪੂਤ ਮਾਂ, ਪਿਤਾ ਸਾਚੀ ਗੋਦ ਸੁਹਾਇੰਦਾ। ਇਕ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਖੇਲ ਖਿਲੰਦੜਾ ਹਰਿ ਭਗਵਾਨਾ, ਆਦਿ ਪੁਰਖ ਵਡੀ ਵਡਿਆਈਆ। ਨੂਰੋ ਨੂਰ ਨੂਰ ਮਹਾਨਾ, ਕਿਰਨੀ ਕਿਰਨ ਕਿਰਨ ਪਰਗਟਾਈਆ। ਆਫ਼ਤਾਬ ਦੇਵੇ ਦਾਨਾ, ਉਲਫ਼ਤ ਆਪਣੀ ਆਪ ਵਖਾਈਆ। ਮਿਹਰਬਾਂ ਹੋਏ ਮਿਹਰਵਾਨਾ, ਮੇਹਬਾਨ ਸੱਚਾ ਸ਼ਹਿਨਸ਼ਾਹੀਆ। ਆਪਣਾ ਵੇਖੇ ਮਾਰ ਧਿਆਨਾ, ਚਰਨ ਕਵਲ ਧਿਆਨ ਲਗਾਈਆ। ਧਰਨੀ ਧਵਲ ਦਏ ਟਿਕਾਣਾ, ਸਚ ਮਕਾਨਾ ਆਪ ਬਣਾਈਆ। ਜਲ ਜਲ ਰੂਪ ਵਿਚ ਸਮਾਨਾ, ਆਪਣਾ ਅੰਮ੍ਰਿਤ ਆਪ ਵਹਾਈਆ। ਕਰੇ ਖੇਲ ਆਪ ਮਹਾਨਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪਣਾ ਆਪਣੇ ਵਿਚ ਛੁਪਾਈਆ। ਧਰਤੀ ਜਲ ਜਲ ਮੇਲ ਮਿਲਾਇਆ, ਖ਼ਾਕੀ ਖ਼ਾਕ ਸਮਾਇੰਦਾ। ਧੂੜੀ ਧੂੜ ਟਿੱਕਾ ਲਾਇਆ, ਉਤਰ ਕਦੇ ਨਾ ਜਾਇੰਦਾ। ਚਰਨ ਕਵਲ ਕਵਲ ਨੀਰ ਛੁਪਾਇਆ, ਏਕਾ ਰਸ ਭਰਾਇੰਦਾ। ਦੋਹਾਂ ਵਿਚੋਲਾ ਬੇਪਰਵਾਹਿਆ, ਏਕਾ ਘਰ ਬਹਾਇੰਦਾ। ਅੰਤਰ ਅੰਦਰ ਮੇਲ ਮਿਲਾਇਆ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਨ ਆਪ ਪਰਗਟਾਇੰਦਾ। ਏਕਾ ਕਿਰਨ ਦੀਨ ਦਿਆਲ, ਹਰਿ ਸਾਚੇ ਸਚ ਉਪਾਈਆ। ਆਪਣੀ ਇਛਿਆ ਪਰਗਟ ਲਾਲ, ਆਪੇ ਦੇਵਣਹਾਰ ਵਡਿਆਈਆ। ਆਪੇ ਦਸੇ ਰਾਹ ਸੁਖਾਲ, ਸਾਚੇ ਮਾਰਗ ਆਪੇ ਪਾਈਆ। ਆਪੇ ਦਰਸ ਦਿਖਾਏ ਨਾਲ ਨਾਲ, ਆਦਿ ਜੁਗਾਦਿ ਵਡੀ ਵਡਿਆਈਆ। ਆਪੇ ਚਲਾਏ ਆਪਣੀ ਚਾਲ, ਚਲਨ ਫੜ ਕੋਇ ਨਾ ਪਾਈਆ। ਹੁਕਮੇ ਅੰਦਰ ਖੇਲ ਅਕਾਲ, ਪੁਰਖ ਅਕਾਲ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਨ ਆਪਣੇ ਨਾਲ ਬੰਧਾਈਆ। ਆਪਣੀ ਕਿਰਨ ਆਪੇ ਬੰਧ, ਹਰਿ ਹਰਿ ਸਾਚਾ ਖੇਲ ਖਿਲਾਇੰਦਾ। ਆਪੇ ਜਾਣੇ ਆਪਣਾ ਪੰਧ, ਸਦਾ ਸੁਹੇਲਾ ਆਪ ਮੁਕਾਇੰਦਾ। ਅਧਵਿਚਕਾਰ ਨਾ ਕੋਇ ਕੰਧ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਨ ਕਿਰਨ ਵਿਚ ਧਰਾਇੰਦਾ। ਕਿਰਨੀ ਕਿਰਨ ਕਰ ਪਸਾਰਾ, ਪਸਰ ਆਪਣਾ ਖੇਲ ਖਿਲਾਇੰਦਾ। ਅੰਤਰ ਅੰਦਰ ਕਰ ਉਜਿਆਰਾ, ਆਪੇ ਕੁੰਡਾ ਲਾਹਿੰਦਾ। ਇਕ ਇਕ ਇਕ ਵੰਡ ਕਰ ਨਿਰੰਕਾਰਾ, ਏਕਾ ਏਕੇ ਨਾਲ ਪਰਨਾਇੰਦਾ। ਏਕਾ ਏਕਾ ਰੱਖੇ ਅਧਵਿਚਕਾਰਾ, ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਲਖਨਾ ਖੇਲ ਖਿਲਾਇੰਦਾ । ਆਪਣਾ ਮਸਤਕ ਕਰ ਉਜਿਆਰਾ, ਆਪਣਾ ਪਰਦਾ ਆਪ ਉਠਾਇੰਦਾ। ਆਪੇ ਸੂਰਯਾ ਦਏ ਆਧਾਰਾ, ਸੂਰਬੀਰ ਆਪ ਹੋ ਜਾਇੰਦਾ। ਆਪੇ ਸੀਤਲ ਕਰ ਚਮਤਕਾਰਾ, ਠਾਂਡਾ ਦਰਬਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪੇ ਮਸਤਕ ਪਰਦਾ ਖੋਲ੍ਹਦਾ, ਕਰ ਕਿਰਪਾ ਗੁਣ ਨਿਧਾਨ। ਆਪਣੇ ਕੰਡੇ ਆਪੇ ਤੋਲਦਾ, ਆਪ ਆਪਣਾ ਕਰ ਪਛਾਣ। ਆਪਣੇ ਰੂਪ ਆਪੇ ਮੌਲਦਾ, ਮੌਲਣਹਾਰਾ ਇਕ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦੀਬਾਣ। ਧੁਰ ਦੀਬਾਣ ਲੇਖ ਅਵੱਲਾ, ਭੇਵ ਕੋਇ ਨਾ ਪਾਇੰਦਾ। ਕਰੇ ਕਰਾਏ ਇਕ ਇਕੱਲਾ, ਅਕਲ ਕਲ ਆਪਣਾ ਖੇਲ ਖਿਲਾਇੰਦਾ। ਆਪਣੇ ਨੂਰ ਆਪੇ ਬਲਾ, ਆਪਣਾ ਪਰਕਾਸ਼ ਆਪੇ ਵੰਡ ਵੰਡਾਇੰਦਾ। ਆਪੇ ਵਸੇ ਨਿਹਚਲ ਧਾਮ ਅਟੱਲਾ, ਸਚ ਦਵਾਰੇ ਸੋਭਾ ਪਾਇੰਦਾ। ਆਪਣੀ ਕਿਰਨ ਆਪ ਫੜਾਇਆ ਪੱਲਾ, ਛੁਟ ਕਦੇ ਨਾ ਜਾਇੰਦਾ। ਆਪਣੇ ਸਾਂਤਕ ਆਪੇ ਰਲਾ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਆਪਣੀ ਇਛਿਆ ਪਾਏ ਭਿਛਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਇਛਿਆ ਇਛਿਆ ਵਿਚ ਪਰਗਟਾਈਆ। ਆਪਣਾ ਮਸਤਕ ਵੇਖ ਦਵਾਰਾ, ਆਪਣਾ ਨੂਰ ਨੂਰ ਧਰਾਈਆ। ਆਪਣਾ ਨੂਰ ਦਏ ਸਹਾਰਾ, ਸਾਂਤਕ ਸਤਿ ਸਤਿ ਕਰਾਈਆ। ਆਪਣਾ ਪਰਕਾਸ਼ ਆਪਣੇ ਵਿਚੋਂ ਕੱਢੇ ਬਾਹਰਾ, ਪਤਿ ਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਆਪਣੀ ਲਏ ਅੰਗੜਾਈਆ। ਹਰਿ ਅੰਗੜਾਈ ਆਪਣੀ ਲੈ, ਆਪਣੀ ਖੇਲ ਖਿਲਾਇੰਦਾ। ਆਪਣੇ ਮੰਦਰ ਆਪੇ ਬਹਿ, ਆਪੇ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰੇ ਆਪਣਾ ਭਾਣਾ ਆਪੇ ਸਹਿ, ਦੂਸਰ ਸਿਰ ਭਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਨ ਕਿਰਨ ਕਿਰਨ ਵਿਚ ਆਪਣਾ ਆਪ ਧਰਾਇੰਦਾ। ਕਿਰਨ ਕਿਰਨ ਆਇਆ ਬਾਹਰ, ਕਿਰਤਮ ਆਪਣੀ ਧਾਰ ਵਹਾਈਆ। ਆਪਣੇ ਮਸਤਕ ਹੋ ਉਜਿਆਰ, ਆਪਣਾ ਪਰਦਾ ਆਪ ਉਠਾਈਆ। ਆਪੇ ਕਰੇ ਖੇਲ ਨਿਰੰਕਾਰ, ਨਿਰਗੁਣ ਦਾਤਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਇਕ ਅਧਵਿਚਕਾਰ ਆਪ ਸਮਾਈਆ। ਆਦਿ ਅੰਤ ਖੇਲ ਮਧ, ਖ਼ਾਲਕ ਆਪ ਖਿਲਾਇੰਦਾ। ਆਪੇ ਜਾਣੇ ਆਪਣੀ ਹੱਦ, ਦੂਸਰ ਭੇਵ ਕੋਇ ਨਾ ਪਾਇੰਦਾ। ਨੂਰ ਵਿਚੋਂ ਨੂਰ ਕੱਢ, ਨੂਰੀ ਨੂਰ ਧਰਾਇੰਦਾ। ਆਪ ਲਡਾਏ ਸਾਚਾ ਲਡ, ਪਿਤਾ ਪੂਤ ਪੋਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਸਾਚੀ ਖੇਲ ਆਪ ਖਿਲਾਇੰਦਾ। ਖੇਲ ਖਿਲਾਏ ਵਡ ਮਿਹਰਵਾਨ, ਆਪਣਾ ਰੂਪ ਆਪ ਧਰਾਈਆ। ਆਪੇ ਦੇਵਣਹਾਰਾ ਦਾਨ, ਆਪਣੀ ਵਸਤ ਆਪ ਵਰਤਾਈਆ। ਆਪੇ ਰਵ ਕਰ ਕਰ ਭਾਨ, ਪਰਕਾਸ਼ ਪਰਕਾਸ਼ ਆਪ ਸਮਾਈਆ। ਆਪੇ ਸੂਰਯਾ ਆਪੇ ਚੰਨ ਆਪੇ ਦੇਵੇ ਸਤਿ ਨਿਸ਼ਾਨ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਆਪੇ ਗੇੜਾ ਗੇੜੇ ਦੋ ਜਹਾਨ, ਆਪਣੀ ਲੱਠ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਰਘਰਾਈਆ । ਸਾਚਾ ਖੇਲ ਖਿਲਾਇੰਦਾ, ਹਰਿ ਸੱਚਾ ਪਾਤਸ਼ਾਹ। ਧਰਤ ਧਵਲ ਆਪ ਉਪਾਇੰਦਾ, ਜਲ ਜਲ ਰੂਪ ਰਿਹਾ ਸਮਾ। ਬਿੰਬ ਆਪਣੀ ਕਲ ਵਰਤਾਇੰਦਾ, ਪਾਰਬ੍ਰਹਮ ਬੇਪਰਵਾਹ। ਆਪਣੀ ਬਿੰਦ ਆਪ ਵਖਾਇੰਦਾ, ਸੁਤ ਦੁਲਾਰਾ ਆਪੇ ਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਲਏ ਚਮਕਾ। ਆਪਣੀ ਜੋਤ ਉਜਿਆਰ ਕਰ, ਆਪਣੀ ਖੇਲ ਖਿਲਾਇੰਦਾ। ਆਪਣੀ ਜੋਤ ਧਾਰ ਧਰ, ਧਰਤ ਧਵਲ ਮੇਲ ਮਿਲਾਇੰਦਾ। ਆਪਣਾ ਵੇਸ ਨਿਰੰਕਾਰ ਕਰ, ਆਪਣਾ ਰੋਮ ਆਪ ਪਰਗਟਾਇੰਦਾ। ਕੋਟਨ ਕੋਟ ਰਵ ਸਸ ਸੂਰਜ ਚੰਨ ਸਤਾਰ ਘਾੜਨ ਘੜ, ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਕੋਟਨ ਕੋਟ ਸਿਤਾਰ, ਕਿਰਨ ਕਿਰਨ ਆਪ ਪਰਗਟਾਈਆ। ਨੂਰ ਨੂਰ ਦਏ ਸਹਾਰ, ਨੂਰ ਨੂਰ ਵਿਚ ਟਿਕਾਈਆ। ਆਪ ਪਰਗਟਾਏ ਏਕਾ ਵਾਰ, ਮਾਤ ਪਿਤ ਨਾ ਕੋਇ ਜਾਈਆ। ਆਪ ਵਸਾਏ ਇਕ ਦਵਾਰ, ਸਚ ਮਕਾਨ ਇਕ ਸੁਹਾਈਆ। ਆਪ ਲਟਕਾਏ ਆਪਣੇ ਚਰਨ ਸਹਾਰ, ਚਰਨ ਬੰਧਨ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਮਹਿਮਾ ਗਣਤ ਬੇਅੰਤ ਆਪੇ ਗਾਈਆ। ਰਵ ਸਸ ਕਰ ਤਿਆਰਾ, ਨੈਣ ਮਸਤਕ ਅੰਗ ਲਗਾਇਆ। ਚਰਨ ਧੂੜ ਖੇਲ ਅਪਾਰਾ, ਧਰਤ ਧਵਲ ਵਡਿਆਇਆ। ਅੰਮ੍ਰਿਤ ਰਸ ਕਰ ਤਿਆਰਾ, ਜਲ ਜਲ ਨੀਰ ਸਮਾਇਆ। ਪ੍ਰਿਥਮੀ ਆਕਾਸ਼ ਇਕ ਅਖਾੜਾ, ਹਰਿ ਸਾਚੇ ਸਚ ਲਗਾਇਆ। ਆਪੇ ਹੋਏ ਵੇਖਣਹਾਰਾ, ਸਚਖੰਡ ਬੈਠਾ ਸੋਭਾ ਪਾਇਆ। ਏਕਾ ਹੁਕਮ ਦਏ ਸੱਚੀ ਸਰਕਾਰਾ, ਭੁਲ ਕੋਇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਏਕਾ ਦਏ ਵਖਾਇਆ। ਏਕਾ ਬੰਧਨ ਹਰਿ ਹਰਿ ਨਾਉਂ, ਆਪਣਾ ਆਪੇ ਪਾਇੰਦਾ। ਆਦਿ ਜੁਗਾਦਿ ਵਸਣਾ ਏਕਾ ਥਾਉਂ, ਸੋ ਥਾਨ ਸੁਹਾਵਾ ਜਿਸ ਥਾਨ ਆਪ ਸੁਹਾਇੰਦਾ। ਆਦਿ ਜੁਗਾਦਿ ਜਪਣਾ ਏਕਾ ਨਾਉਂ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਆਦਿ ਜੁਗਾਦਿ ਏਕਾ ਪਿਤਾ ਏਕਾ ਮਾਉਂ, ਆਪਣਾ ਘਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਏਕ ਏਕਾ ਸੋ ਜਣਾਇੰਦਾ। ਭੇਵ ਜਣਾਏ ਹਰਿ ਕਰਤਾਰਾ, ਆਪਣੀ ਦਇਆ ਕਮਾਈਆ। ਸੇਵਕ ਸੇਵਾ ਲਾਏ ਅਪਰ ਅਪਾਰਾ, ਸਾਚੀ ਸੇਵਾ ਆਪ ਸਮਝਾਈਆ। ਕਿਰਨੀ ਕਿਰਨ ਕਰੇ ਉਜਿਆਰਾ, ਰਵ ਸਸ ਡਗਮਗਾਈਆ। ਧਰਨੀ ਧਰਤ ਕਰ ਪਿਆਰਾ, ਚਰਨਾਂ ਹੇਠ ਰਖਾਈਆ। ਏਕਾ ਸ਼ਾਹ ਇਕ ਸਿਕਦਾਰਾ, ਏਕਾ ਹੁਕਮੀ ਹੁਕਮ ਫਿਰਾਈਆ। ਵੇਲਾ ਵਕ਼ਤ ਨਾ ਕੋਇ ਵਿਚਾਰਾ, ਥਿਤ ਵਾਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧੰਦੇ ਆਪੇ ਲਾਈਆ। ਸਾਚਾ ਸ਼ਬਦ ਹਰਿ ਫ਼ਰਮਾਨ, ਰਵ ਸਸ ਸੀਸ ਝੁਕਾਇਆ। ਹਉਂ ਬਾਲੀ ਬੁਧ ਬਾਲ ਅਞਾਣ, ਤੇਰਾ ਭੇਵ ਕੋਇ ਨਾ ਪਾਇਆ। ਤੇਰਾ ਦਰ ਤੇਰਾ ਦਰਬਾਨ, ਦਰ ਦਰਵੇਸ਼ ਸੇਵ ਕਮਾਇਆ। ਤੇਰਾ ਨੂਰ ਮੇਰੀ ਕਿਰਨ ਮਹਾਨ, ਕਿਰਨੀ ਕਿਰਨ ਵੰਡ ਵੰਡਾਇਆ। ਤੇਰੀ ਭੂਮਕਾ ਤੇਰਾ ਅਸਥਾਨ, ਧਰਤ ਧਵਲ ਸੀਸ ਝੁਕਾਇਆ। ਤੇਰਾ ਅੰਮ੍ਰਿਤ ਤੇਰਾ ਮਾਣ, ਤੇਰਾ ਨੀਰ ਤੇਰੇ ਵਿਚੋਂ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਸੋ ਵੇਲਾ ਲਏ ਮਿਲਾਇਆ। ਕਵਣ ਵੇਲਾ ਮਿਲਾਏ ਮੇਲਾ, ਜਲ ਜਲ ਨੀਰ ਕੁਰਲਾਇਆ। ਕਵਣ ਵੇਲਾ ਹੋਏ ਸੱਜਣ ਸੁਹੇਲਾ, ਧਰਨੀ ਖੁਲੜੇ ਕੇਸ ਦਏ ਦੁਹਾਇਆ। ਕਵਣ ਵੇਲਾ ਆਪਣਾ ਨੂਰ ਚਾੜ੍ਹੇ ਤੇਲਾ, ਰਵ ਸਸ ਏਕਾ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੇ ਝੋਲੀ ਡਾਹਿਆ। ਦੇਵਣਹਾਰਾ ਇਕ ਦਾਤਾਰਾ, ਸਿਰ ਆਪਣਾ ਹਥ ਰਖਾਇੰਦਾ। ਸੇਵਕ ਸੇਵਾ ਲਾਏ ਏਕਾ ਵਾਰਾ, ਏਕਾ ਗੁਣ ਸਮਝਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਅਪਾਰਾ, ਆਪਣੀ ਰਚਨਾ ਆਪ ਰਚਾਇੰਦਾ। ਲੱਖ ਚੁਰਾਸੀ ਭਾਂਡਾ ਘੜੇ ਬਣ ਠਠਿਆਰਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ। ਜੁਗ ਚੌਕੜੀ ਦਏ ਸਹਾਰਾ, ਸ਼ਬਦ ਸੰਦੇਸ਼ ਆਪ ਸੁਣਾਇੰਦਾ। ਨੌਂ ਨੌਂ ਲਾਏ ਮਾਤ ਅਖਾੜਾ, ਚਾਰ ਚਾਰ ਨਾਚ ਨਚਾਇੰਦਾ। ਮਹਾਕਾਲ ਕਾਲ ਕਰ ਪਸਾਰਾ, ਕਾਲ ਦਿਆਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖ਼ਿਆ ਇਕ ਸਿਖਾਇੰਦਾ। ਸਾਚੀ ਸਿਖਿਆ ਲੈਣੀ ਸਿਖ, ਹਰਿ ਸਾਚਾ ਆਪ ਸਮਝਾਈਆ। ਚਾਰਾਂ ਪਾਏ ਏਕਾ ਭਿੱਖ, ਚਾਰੇ ਵੇਦ ਆਪ ਅਲਾਈਆ। ਚਾਰੋਂ ਲੇਖਾ ਦੇਵੇ ਲਿਖ, ਚਾਰ ਜੁਗ ਵੰਡ ਵੰਡਾਈਆ। ਚਾਰ ਦਸਾਏ ਏਕਾ ਹਿਸ, ਚਾਰੇ ਖਾਣੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਮਝਾਇੰਦਾ, ਹਰਿ ਸਾਚਾ ਦੀਨ ਦਿਆਲ। ਚਾਰੇ ਚਾਰੋਂ ਕੁੰਟ ਆਪ ਵਖਾਇੰਦਾ, ਦੋ ਜਹਾਨ ਸੱਚੀ ਧਰਮਸਾਲ। ਲੋਕਮਾਤ ਆਪ ਬਣਾਇੰਦਾ, ਆਦਿ ਆਦਿ ਬਣ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਕਾਲ। ਪੁਰਖ ਅਕਾਲ ਜਣਾਇੰਦਾ, ਅਲਖ ਅਗੋਚਰ ਆਪਣੀ ਧਾਰ। ਨੌਂ ਨੌਂ ਗੇੜਾ ਆਪ ਗੜਾਇੰਦਾ, ਚਾਰ ਚਾਰ ਵਿਚ ਸੰਸਾਰ। ਅੰਤਮ ਆਪਣੇ ਹੱਥ ਰਖਾਇੰਦਾ, ਰਵ ਸਸ ਕਰੇ ਪਿਆਰ। ਧਰਨੀ ਚਰਨਾਂ ਨਾਲ ਮਿਲਾਇੰਦਾ, ਹਰਿ ਧਵਲ ਧੌਲ ਹੋ ਉਜਿਆਰ। ਕਵਲ ਅੰਮ੍ਰਿਤ ਰਸ ਨੀਰ ਤੇਰਾ ਖਿਚ ਵਖਾਇੰਦਾ, ਲੋਕਮਾਤ ਨਾ ਕੋਇ ਆਧਾਰ। ਆਪਣੀ ਵਸਤ ਆਪਣੇ ਵਿਚ ਟਿਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਵੇਖਣਹਾਰ। ਆਪਣਾ ਅੰਤ ਆਪੇ ਵੇਖਣਾ, ਪੁਰਖ ਅਬਿਨਾਸ਼ੀ ਬੇਪਰਵਾਹ। ਨਿਰਗੁਣ ਨਿਰਵੈਰ ਧਾਰੇ ਭੇਖਣਾ, ਜੋਤੀ ਜੋਤ ਕਰ ਰੁਸ਼ਨਾ। ਰੂਪ ਰੰਗ ਨਾ ਕੋਇ ਰੇਖਨਾ, ਚੱਕਰ ਚਿਹਨ ਨਾ ਕੋਇ ਦਰਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਦਏ ਮੁਕਾ। ਹਰਿ ਲਹਿਣਾ ਅੰਤ ਮੁਕਾਵਣਾ, ਨਿਰਗੁਣ ਜੋਤੀ ਜਾਮਾ ਧਾਰ। ਧਰਨੀ ਤੇਰਾ ਭਾਰ ਉਠਾਵਣਾ, ਕਰ ਕਿਰਪਾ ਆਪ ਨਿਰੰਕਾਰ। ਨੀਰ ਵਿਸ਼ਨੂੰ ਵਿਚ ਟਿਕਾਵਣਾ, ਨਾਭੀ ਭਰੇ ਇਕ ਭੰਡਾਰ। ਰਵ ਸਸ ਤੇਰੀ ਜੋਤ ਖਿਚਾਵਣਾ, ਜੋਤੀ ਖਿਚੇ ਏਕਾ ਵਾਰ। ਆਪਣਾ ਖੇਲ ਆਪੇ ਵੇਖ ਵਖਾਵਣਾ, ਨਾ ਕੋਈ ਦੂਜਾ ਵੇਖਣਹਾਰ। ਨੌਂ ਨੌਂ ਲੇਖਾ ਆਪ ਮੁਕਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਾਹਕਾਰ। ਸ਼ਾਹਕਾਰ ਖੇਲ ਖਿਲਾਇੰਦਾ, ਹਰਿ ਅੰਤ ਬੇਅੰਤ ਬੇਪਰਵਾਹ। ਅਨਭਵ ਭੇਵ ਕੋਇ ਨਾ ਪਾਇੰਦਾ, ਅਲਖ ਅਲਖਨਾ ਬੈਠਾ ਮੁਖ ਛੁਪਾ। ਵੇਦ ਕਤੇਬ ਮੁਖ ਸ਼ਰਮਾਇੰਦਾ, ਜੁਗ ਚੌਕੜੀ ਹੋਏ ਗਵਾਹ। ਗੁਰ ਪੀਰ ਰਾਹ ਤਕਾਇੰਦਾ, ਨੇਤਰ ਨੈਣ ਉਠਾ। ਰਵ ਸਸ ਸੀਸ ਝੁਕਾਇੰਦਾ, ਚਰਨ ਕਵਲ ਧਿਆਨ ਲਗਾ। ਨੀਰ ਚਰਨੋਦਕ ਮੁਖ ਲਗਾਇੰਦਾ, ਇਕ ਉਛਾਲ ਵਖਾ। ਧਰਨੀ ਚਰਨਾਂ ਹੇਠ ਦਬਾਇੰਦਾ, ਪੁਰਖ ਅਬਿਨਾਸ਼ੀ ਹੋ ਸਹਾ। ਆਪਣਾ ਵੇਲਾ ਆਪਣੇ ਹੱਥ ਰਖਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਕਿਸੇ ਨਾ ਦਿਤਾ ਜਣਾ। ਕਲਜੁਗ ਅੰਤਮ ਵੇਸ ਵਟਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ, ਆਪਣਾ ਨਾਉਂ ਧਰਾ। ਆਪਣਾ ਨੂਰ ਆਪ ਵਖਾਇੰਦਾ, ਕਿਰਨ ਕਿਰਨ ਕਰ ਰੁਸ਼ਨਾ। ਰਵ ਸਸ ਤੇਰਾ ਮਾਣ ਗਵਾਇੰਦਾ, ਗੁਰਮੁਖ ਸਾਚੇ ਲਏ ਜਗਾ। ਗੁਰਸਿਖਾਂ ਸਾਚੇ ਧਾਮ ਬਹਾਇੰਦਾ, ਪਿਛਲਾ ਲੇਖਾ ਦਏ ਮੁਕਾ। ਅਗਲਾ ਮਾਰਗ ਆਪੇ ਲਾਇੰਦਾ, ਜੀਵ ਜੰਤ ਕੋਈ ਜਾਣੇ ਨਾ। ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ, ਅੰਤਮ ਆਪਣੇ ਹੱਥ ਰੱਖੇ ਸ਼ਹਿਨਸ਼ਾਹ। ਸਾਚਾ ਕੰਤ ਆਪਣੀ ਸੇਜ ਹੰਢਾਇੰਦਾ, ਸਚ ਸਿੰਘਾਸਣ ਸੋਭਾ ਪਾ। ਲੋਕ ਪਰਲੋਕ ਬ੍ਰਹਿਮੰਡ ਖੰਡ ਵੇਖ ਵਖਾਇੰਦਾ, ਲੋਆਂ ਪੁਰੀਆਂ ਏਕਾ ਨੈਣ ਉਠਾ। ਆਪਣੀ ਕੀਤੀ ਆਪ ਮਿਟਾਇੰਦਾ, ਕਿਸੇ ਕੋਲੋਂ ਲੈਣ ਨਾ ਜਾਏ ਸਲਾਹ। ਆਪੇ ਘੜਿਆ ਆਪੇ ਭੰਨ ਵਖਾਇੰਦਾ, ਆਪੇ ਠੋਕਰ ਦੇਵੇ ਲਾ। ਆਪਣਾ ਮੰਦਰ ਆਪੇ ਢਾਇੰਦਾ, ਆਪੇ ਲਏ ਫੇਰ ਵਸਾ। ਆਪਣੀ ਘਾੜਤ ਆਪ ਘੜਾਇੰਦਾ, ਆਪੇ ਵੇਖਣਹਾਰਾ ਥਾਉਂ ਥਾਂ। ਰਵ ਸਸ ਤੇਰਾ ਪੰਧ ਮੁਕਾਇੰਦਾ, ਨਾਤਾ ਤੋੜੇ ਜਗਤ ਜੀਵ ਧਰਤੀ ਮਾਂ। ਨੀਰ ਸੀਰ ਨਾ ਕਿਸੇ ਪਿਆਇੰਦਾ, ਜਲ ਥਲ ਆਪੇ ਰਿਹਾ ਸਮਾ। ਗੁਰਮੁਖ ਵਿਰਲੇ ਆਪਣੇ ਵਿਚ ਮਿਲਾਇੰਦਾ, ਅਗਨੀ ਲਗੇ ਨਾ ਤੱਤੀ ਭਾ। ਸਚਖੰਡ ਦਵਾਰੇ ਆਪ ਬਹਾਇੰਦਾ, ਜਿਥੇ ਬੈਠਾ ਸ਼ਹਿਨਸ਼ਾਹ। ਅਗਲਾ ਜੁਗ ਫੇਰ ਵਸਾਇੰਦਾ, ਪਹਿਲਾਂ ਬ੍ਰਹਮਾ ਵਿਸ਼ਨ ਸ਼ਿਵ ਆਪਣੇ ਵਿਚ ਮਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਆਪੇ ਬੈਠਾ ਛੁਪਾ।