Granth 10 Likhat 112: 16 Jeth 2018 Bikarmi Premo Devi de Ghar Pind Khairwala Jammu

੧੬ ਜੇਠ ੨੦੧੮ ਬਿਕ੍ਰਮੀ ਪ੍ਰੇਮੋ ਦੇਵੀ ਦੇ ਘਰ ਪਿੰਡ ਖ਼ੈਰਵਾਲਾ ਜੰਮੂ

ਜਨਮ ਕਰਮ ਨਾ ਕੋਇ ਬੰਧਨ, ਬੰਦੀਖਾਨਾ ਨਾ ਕੋਇ ਰਖਾਇੰਦਾ। ਜਿਸ ਜਨ ਮਸਤਕ ਲਾਏ ਚੰਦਨ, ਨਿਮ ਵਾਸਨਾ ਮੇਟ ਮਿਟਾਇੰਦਾ। ਨਾਮ ਨਿਧਾਨ ਟਿਕਾਏ ਪਰਮਾਨੰਦਨ, ਨਿਜ ਘਰ ਸਾਚੇ ਸੋਭਾ ਪਾਇੰਦਾ। ਸਾਹਿਬ ਠਾਕਰ ਦੀਨ ਦਿਆਲ ਭੈ ਭੰਜਨ, ਭਵਸਾਗਰ ਪਾਰ ਕਰਾਇੰਦਾ। ਨੇਤਰ ਗਿਆਨ ਦੇਵੇ ਅੰਜਨ, ਅੰਧ ਅੰਧੇਰ ਚੁਕਾਇੰਦਾ। ਸਤਿਗੁਰ ਮਿਲੇ ਸਾਚਾ ਸੱਜਣ, ਹਰੀ ਹਰਿ ਆਪਣਾ ਦਰ ਸੁਹਾਇੰਦਾ। ਜੁਗਾ ਜੁਗੰਤਰ ਪਰਦਾ ਕੱਜਣ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਦੀਨਾਂ ਨਾਥ ਸ੍ਰੀ ਭਗਵੰਤ, ਭਗਵਨ ਆਪਣਾ ਖੇਲ ਖਿਲਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤ, ਆਦਿ ਆਪਣਾ ਮੂਲ ਧਰਾਇੰਦਾ। ਜਿਸ ਜਨ ਬਣਾਈ ਤੇਰੀ ਬਣਤ, ਲੇਖਾ ਆਪਣੇ ਹੱਥ ਰਖਾਇੰਦਾ। ਆਪ ਸੁਣਾਏ ਸੁਹਾਗੀ ਛੰਤ, ਛੰਦ ਸੁਹਾਗੀ ਇਕ ਜਣਾਇੰਦਾ। ਗੜ੍ਹ ਟੁੱਟੇ ਹਉਮੇ ਹੰਗਤ, ਹੰ ਬ੍ਰਹਮ ਸਰਬ ਦਰਸਾਇੰਦਾ। ਮੇਲ ਮਿਲਾਵਾ ਸਾਚੀ ਸੰਗਤ, ਸੰਗ ਸਗਲਾ ਇਕ ਰਖਾਇੰਦਾ। ਲੇਖਾ ਚੁੱਕੇ ਭੁੱਖ ਨੰਗਤ, ਧੁਰ ਦਾ ਲੇਖਾ ਆਪ ਸਮਝਾਇੰਦਾ। ਗੁਰਚਰਨ ਦਵਾਰਾ ਸਾਚਾ ਜੰਨਤ, ਸਚਖੰਡ ਨਿਵਾਸੀ ਸਚਖੰਡ ਦਵਾਰੇ ਸੋਭਾ ਪਾਇੰਦਾ। ਹਰਿਜਨ ਸਦਾ ਰਹੇ ਮੰਗਤ, ਏਕਾ ਭਿਛਿਆ ਮੰਗ ਮੰਗਾਇੰਦਾ। ਨਰ ਹਰਿ ਨਰਾਇਣ ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਮਜੀਠੀ ਇਕ ਰੰਗਾਇੰਦਾ। ਮਾਨਸ ਜਨਮ ਨਾ ਹੋਏ ਭੰਗਤ, ਜਨਮ ਜਨਮਾਂ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਮੇਲੇ ਆਪਣੇ ਘਰ, ਸੋ ਜਨ ਵਿਛੜ ਕਦੇ ਨਾ ਜਾਇੰਦਾ। ਖਾਣਾ ਪੀਣਾ ਜਿਸ ਦਾ ਓਢਣ, ਭੂਸ਼ਨ ਬਸਤਰ ਦਏ ਵਡਿਆਈਆ। ਜੀਵ ਗੁਣ ਨਾ ਜਾਣੇ ਮਾਤਲੋਕਨ, ਅਵਗੁਣ ਰਹੇ ਖੇਲ ਖਿਲਾਈਆ। ਜਿਸ ਜਨ ਕਿਰਪਾ ਕਰੇ ਸੁਣਾਏ ਸਚ ਸਲੋਕਨ, ਸੋਲਾਂ ਸ਼ੰਗਾਰ ਦਏ ਵਖਾਈਆ। ਲੇਖਾ ਚੁਕਾਏ ਕੋਟ ਕੋਟਨ, ਜੋ ਜਨ ਦੂਰ ਦੁਰਾਡਾ ਪੰਧ ਮੁਕਾਈਆ। ਏਕਾ ਦਰ ਵਖਾਏ ਕਰ ਸੰਬੋਧਨ, ਸੋਭਾਵੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਟੀ ਖ਼ਾਕੀ ਵੇਖ ਵਖਾਈਆ। ਤਨ ਮਾਟੀ ਖ਼ਾਕੀ ਬਸਤਰ ਅੰਗ, ਹੱਡ ਮਾਸ ਨਾੜੀ ਜੋੜ ਜੁੜਾਈਆ। ਸਾਹਿਬ ਸੁਲਤਾਨ ਸੂਰਾ ਸਰਬੰਗ, ਤ੍ਰੈਗੁਣ ਮੇਲਾ ਪੰਚਮ ਚੇਲਾ, ਗ੍ਰਹਿ ਮੰਦਰ ਵੇਖ ਵਖਾਈਆ। ਜੋਤ ਅਕਾਲੀ ਖੇਲ ਨਿਰਾਲੀ ਸ਼ਬਦ ਨਾਦ ਧੁਨ ਵਜਾਏ ਸੱਜਣ ਸੁਹੇਲਾ, ਗਹਿਰ ਗੰਭੀਰ ਬੇਪਰਵਾਹੀਆ। ਘਟ ਭੀਤਰ ਕਰਾਏ ਆਪਣਾ ਮੇਲਾ, ਦਰਸ ਵਖਾਏ ਇਕ ਇਕੇਲਾ, ਅਕਲ ਕਲ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਬਸਤਰ ਵੇਖ ਵਖਾਈਆ। ਤਨ ਬਸਤਰ ਸੱਚਾ ਨਾਮ ਦੋਸ਼ਾਲਾ, ਆਦਿ ਅੰਤ ਉਤਰ ਨਾ ਜਾਈਆ। ਹਰਿ ਸੱਜਣ ਦੇਵੇ ਦੀਨ ਦਿਆਲਾ, ਕਰ ਕਿਰਪਾ ਆਪ ਉਪਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲਾ, ਰੂਪ ਅਨੂਪ ਇਕ ਦਰਸਾਈਆ। ਨਾਮ ਨਿਹਕਰਮੀ ਕਾਮੀ ਪਾਏ ਮਾਲਾ, ਨਿਹਕਰਮੀ ਕਰਮ ਕਮਾਈਆ। ਜੀਵਣ ਜਗਤ ਤੋੜ ਜੰਜਾਲਾ, ਜੀਵਣ ਜੁਗਤ ਆਪ ਸਮਝਾਈਆ। ਸਚ ਦਵਾਰਾ ਸੱਚੀ ਧਰਮਸਾਲਾ, ਘਰ ਹਰਿ ਮੰਦਰ ਦਏ ਵਖਾਈਆ। ਦੀਪਕ ਪਰਕਾਸ਼ ਇਕ ਉਜਾਲਾ, ਬਾਤੀ ਤੇਲ ਨਾ ਕੋਇ ਪਾਈਆ। ਅੱਠੇ ਪਹਿਰ ਖੇਲ ਨਿਰਾਲਾ, ਜਿਸ ਜਨ ਮਿਲਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਸਤਰ ਭੂਸ਼ਨ ਸਾਰ ਤਨ ਪਹਿਨਾਏ ਆਪ ਨਿਰੰਕਾਰ, ਦੁਰਮਤ ਮੈਲ ਨਾ ਲੱਗੇ ਰਾਈਆ। ਦੁਰਮਤ ਮੈਲ ਨਾ ਲੱਗੇ ਤਨ, ਪਤਿਤ ਪੁਨੀਤ ਆਪ ਕਰਾਇੰਦਾ। ਬੁਧ ਬਿਬੇਕ ਨਿਰਮਲ ਮਨ, ਮਨ ਵਾਸਨਾ ਆਪ ਖਪਾਇੰਦਾ। ਨਿਰਧਨ ਦੇਵੇ ਨਾਮ ਧਨ, ਸਚ ਭੰਡਾਰ ਆਪ ਵਰਤਾਇੰਦਾ। ਅੰਧ ਅੰਧੇਰ ਚੜ੍ਹਾਏ ਚੰਨ, ਸਤਿ ਪਰਕਾਸ਼ ਕਰਾਇੰਦਾ। ਜੋ ਜਨ ਸਤਿਗੁਰ ਕਹਿਣਾ ਜਾਏ ਮੰਨ, ਜਨਮ ਮਰਨ ਵਿਚ ਨਾ ਆਇੰਦਾ। ਰਸਨਾ ਕਹੇ ਧੰਨ ਧੰਨ, ਧੁਰ ਲੇਖਾ ਮਸਤਕ ਭਾਗ ਵੰਡ ਵੰਡਾਇੰਦਾ। ਹਰਿ ਦਾਤਾ ਦਾਨੀ ਬੇੜਾ ਦੇਵੇ ਬੰਨ੍ਹ, ਡੁਬਦਾ ਬੇੜਾ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਗ ਸੁਣਾਏ ਕੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਈਸ਼ ਜੀਵ ਜੀਵ ਈਸ਼ ਜਗਦੀਸ ਸਾਚਾ ਮੇਲ ਮਿਲਾਇੰਦਾ। ਕੂੜਾ ਕਰਕਟ ਕਰ ਕਰ ਸਾਫ਼, ਘਰ ਮੰਦਰ ਆਪ ਸੁਹਾਇਆ। ਹਰਿਜਨ ਰੱਖੇ ਏਕਾ ਆਸ, ਨੇਤਰ ਨੈਣ ਉਠਾਇਆ। ਪ੍ਰਭ ਮੇਟੇ ਮੇਰੀ ਲੱਗੀ ਪਿਆਸ, ਅੰਮ੍ਰਿਤ ਜਾਮ ਪਿਆਇਆ। ਅਵਗੁਣ ਮੇਰੇ ਕਰੇ ਮੁਆਫ਼, ਮਾਨਸ ਜਨਮ ਅਮੋਲਕ ਪਾਇਆ। ਬਣ ਮਾਨਸ ਜੋ ਰਿਹਾ ਗੁਸਤਾਖ, ਭੁਲ ਹਰਿ ਕਾ ਨਾਉਂ ਭੁਲਾਇਆ। ਕਰ ਕਿਰਪਾ ਕਲ ਮੇਰੀ ਰਾਖ, ਰਾਏ ਧਰਮ ਨਾ ਦਏ ਸਜ਼ਾਇਆ। ਦਰਸ ਵਖਾਏ ਰੂਪ ਸਾਖ, ਸਾਖਿਆਤ ਆਪਣਾ ਰੂਪ ਵਟਾਇਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਲੇਖਾ ਮਸਤਕ ਆਪ ਮੁਕਾਇਆ। ਰਾਮ ਨਾਮ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਕਾਹਨਾ ਕ੍ਰਿਸ਼ਨਾ ਰੂਪ ਧਰਾਇਆ। ਲੇਖਾ ਆਪਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚਮਾਰਾ ਲੇਖਾ ਲਿਖਤ ਆਪ ਲਿਖਾਇਆ। ਗੁਰਸਿਖ ਕਿਸੇ ਨਾ ਵਿਕੇ ਹਾਟ, ਕਰਤਾ ਕੀਮਤ ਆਪੇ ਪਾਇਆ। ਆਪੇ ਪਾਰ ਲਗਾਏ ਆਪਣੇ ਤਾਟ, ਅਧਵਿਚਕਾਰ ਨਾ ਕੋਇ ਰੁੜ੍ਹਾਇਆ। ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਆਪ ਰਖਾਇਆ। ਹੋਏ ਸਹਾਈ ਤ੍ਰਿਲੋਕੀ ਨਾਥ, ਤ੍ਰੈਲੋਕੀ ਨੰਦਨ ਰੂਪ ਧਰਾਇਆ। ਮੇਲ ਮਿਲਾਵਾ ਰਾਮ ਰਾਮਾ ਪੂਤ ਸਪੂਤਾ ਦਸਰਾਥ, ਮਨ ਰਾਵਨ ਦਏ ਖਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕੂੜੀ ਕਿਰਿਆ ਦੇਵੇ ਹਰ, ਕੂੜ ਕੁੜਿਆਰਾ ਰਹਿਣ ਨਾ ਪਾਇਆ। ਕੂੜੀ ਕਿਰਿਆ ਜਾਏ ਛੁਟ, ਨਾਤਾ ਜਗਤ ਮੋਹ ਚੁਕਾਇਆ। ਸਚ ਸੁੱਚ ਸੋਮਾਂ ਪਏ ਫੁੱਟ, ਘਟ ਮੰਦਰ ਨੀਰ ਵਹਾਇਆ। ਜਾਮ ਪਿਆਏ ਏਕਾ ਘੁੱਟ, ਅੰਮ੍ਰਿਤ ਸੀਰ ਮੁਖ ਚੁਆਇਆ। ਮਾਨਸ ਭਾਗ ਨਾ ਜਾਏ ਨਿਖੁਟ, ਅਮੋਲਾ ਜਨਮ ਨਾ ਬਿਰਥਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਏਕਾ ਓਟ, ਜਗਤ ਵਾਸਨਾ ਕੱਢੇ ਖੋਟ, ਤਨ ਨਗਾਰੇ ਲਗਾਏ ਚੋਟ, ਅਨਾਦ ਅਨਾਦੀ ਸ਼ਬਦ ਬ੍ਰਹਿਮਾਦੀ ਬ੍ਰਹਮ ਮੇਲਾ ਮੇਲ ਮਿਲਾਇੰਦਾ। ਪਤਿਤ ਪੁਨੀਤ ਕਰੇ ਹਰਿ ਠਾਕਰ, ਠੋਕਰ ਨਾਮ ਇਕ ਲਗਾਇੰਦਾ। ਅੰਮ੍ਰਿਤ ਸਰੋਵਰ ਸਿੰਧ ਸਾਗਰ, ਸਿੰਧ ਆਪਣਾ ਨਾਉਂ ਜਣਾਇੰਦਾ। ਲੇਖਾ ਜਾਣੇ ਕਾਇਆ ਗਾਗਰ, ਗਾਗਰ ਆਪਣਾ ਜਲ ਭਰਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਰਤੀ ਰਤਨਾਗਰ, ਰੰਗ ਅਨਮੋਲਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਰਮਤ ਮੈਲ ਜਿਸ ਧਵਾਇੰਦਾ। ਦੁਰਮਤ ਮੈਲ ਉਤਾਰੇ ਆਪ, ਆਪਣਾ ਰੰਗ ਵਖਾਈਆ। ਜਿਸ ਜਨ ਬਣੇ ਮਾਈ ਬਾਪ, ਤਿਸ ਸਾਚੀ ਗੋਦ ਸੁਹਾਈਆ। ਤ੍ਰੈਗੁਣ ਮਾਇਆ ਨਾ ਚੜ੍ਹੇ ਤਾਪ, ਅਗਨ ਤੱਤ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰੰਗ ਰੰਗਾਈਆ। ਰੰਗ ਰੰਗਾਏ ਠਾਕਰ ਗੁਰਦੇਵਾ, ਪਾਰਬ੍ਰਹਮ ਵਡੀ ਵਡਿਆਈਆ। ਜਿਸ ਜਨ ਬਖ਼ਸ਼ੇ ਆਪਣੀ ਸੇਵਾ, ਸੇਵਕ ਰੂਪ ਵਖਾਈਆ। ਅੰਮ੍ਰਿਤ ਫਲ ਖਵਾਵੇ ਮੇਵਾ, ਕਾਇਆ ਜਾਮੇ ਵਿਚ ਟਿਕਾਈਆ। ਲੇਖਾ ਜਾਣੇ ਅਲਖ ਅਭੇਵਾ, ਜੀਵ ਜੰਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਈਆ । ਵੇਖੇ ਨੈਣ ਨੰਦ ਬਲਿਹਾਰੀ, ਅਨਦ ਬਨੋਦ ਖੇਲ ਖਿਲਾਇੰਦਾ। ਕਵਲ ਨੈਣ ਮੁਕਟ ਮੁਰਾਰੀ, ਮਧੁਰ ਬੈਣ ਆਪ ਹੋ ਜਾਇੰਦਾ। ਸਾਕ ਸੈਣ ਬਣ ਸੰਸਾਰੀ, ਸਗਲਾ ਸੰਗ ਵਖਾਇੰਦਾ। ਜਿਸ ਜਨ ਕਿਰਪਾ ਆਪਣੀ ਧਾਰੀ, ਧਾਰਨ ਮਾਤਲੋਕ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤਾਰੇ ਵਾਰੋ ਵਾਰੀ, ਵੇਲਾ ਵਕ਼ਤ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੀਆਂ ਜੰਤਾਂ ਕਰਦਾ ਆਇਆ ਦਾਰੀ, ਦੁਖ ਸੁਖ ਵਿਚ ਬਦਲਾਇੰਦਾ।