Granth 10 Likhat 095: 11 Jeth 2018 Bikarmi Maluka Ram de Ghar Pind Deva Jammu

੧੧ ਜੇਠ ੨੦੧੮ ਬਿਕ੍ਰਮੀ ਮਲੂਕਾ ਰਾਮ ਦੇ ਘਰ ਪਿੰਡ ਦੇਵਾ ਜੰਮੂ

ਏਕਾ ਓਟ ਰਾਖੋ ਹਰਿ, ਹਰਿ ਬਿਨ ਅਵਰ ਨਾ ਕੋਇ ਤਰਾਇੰਦਾ। ਨਿਰਭਉ ਚੁਕਾਏ ਜਗਤ ਡਰ, ਭੈ ਭਿਆਨਕ ਨਾ ਕੋਇ ਵਖਾਇੰਦਾ। ਸੱਚਾ ਵਖਾਏ ਏਕਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਹਰਿਜਨ ਬਣਾਏ ਸਾਚੇ ਸਰ, ਅੰਮ੍ਰਿਤ ਸਰੋਵਰ ਤਾਲ ਭਰਾਇੰਦਾ। ਕਰ ਕਿਰਪਾ ਜਨ ਵਿਰਲੇ ਫੜ, ਨਾਮ ਡੋਰੀ ਬੰਧਨ ਪਾਇੰਦਾ। ਡੂੰਘੀ ਭਵਰੀ ਆਪੇ ਵੜ, ਕਾਇਆ ਕਵਰੀ ਫੋਲ ਫੁਲਾਇੰਦਾ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣਾ ਰੰਗ ਰੰਗਾਇੰਦਾ। ਸਰਨ ਸਰਨਾਈ ਸਰਨਗਤ ਜੋ ਜਨ ਜਾਏ ਪੜ, ਪਰਮ ਪੁਰਖ ਵੇਖ ਵਖਾਇੰਦਾ। ਲੇਖਾ ਚੁੱਕੇ ਨਾਰੀ ਨਰ, ਨਰ ਨਰਾਇਣ ਲੇਖ ਮਿਟਾਇੰਦਾ। ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਓਟ ਇਕ ਸਮਝਾਇੰਦਾ। ਏਕਾ ਓਟ ਅਲਖ ਅਪਾਰ, ਲੇਖਾ ਲੇਖ ਨਾ ਲਿਖਿਆ ਜਾਈਆ। ਡੁਬਦੇ ਪਾਹਿਨ ਲਾਏ ਪਾਰ, ਪਰਬਤ ਚੋਟੀ ਆਪ ਤਰਾਈਆ। ਦੇਵੇ ਨਾਮ ਗੁਣ ਨਿਧਾਨ, ਗੁਣ ਅੰਤਰ ਕਹਿਣ ਨਾ ਜਾਈਆ। ਲੇਖਾ ਜਾਣੇ ਬਿਰਧ ਬਾਲ ਨੌਜਵਾਨ, ਹਰ ਘਟ ਆਪਣਾ ਖੇਲ ਖਿਲਾਈਆ। ਹਰਿਜਨ ਵਿਰਲਾ ਚਤੁਰ ਸੁਜਾਨ, ਜਿਸ ਜਨ ਦਰ ਘਰ ਬੂਝ ਬੁਝਾਈਆ। ਆਤਮ ਜੋਤੀ ਨੂਰ ਮਹਾਨ, ਦੀਆ ਦੀਪਕ ਆਪ ਟਿਕਾਈਆ। ਸ਼ਬਦੀ ਸ਼ਬਦ ਧੁਰ ਫ਼ਰਮਾਨ, ਸਚ ਸੰਦੇਸ਼ਾ ਸਤਿ ਸੁਣਾਈਆ। ਏਕਾ ਓਟ ਸ੍ਰੀ ਭਗਵਾਨ, ਦੂਸਰ ਦਰ ਨਾ ਮੰਗਣ ਜਾਈਆ। ਕਿਲਾ ਕੋਟ ਵਿਚ ਜਹਾਨ, ਗੁਰ ਚਰਨ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦਏ ਵਖਾਈਆ। ਏਕਾ ਓਟ ਨਾਮ ਸਹਾਰਾ, ਸਹਿੰਸਾ ਰੋਗ ਰਹਿਣ ਨਾ ਪਾਈਆ। ਏਕਾ ਰਾਮ ਦਏ ਆਧਾਰਾ, ਏਕਾ ਘਰ ਦਏ ਵਸਾਈਆ। ਇਕ ਵਖਾਏ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਏਕਾ ਖੋਲ੍ਹੇ ਬੰਦ ਕਿਵਾੜਾ, ਦੂਈ ਦਵੈਤੀ ਪਰਦਾ ਦਏ ਉਠਾਈਆ। ਏਕਾ ਮੇਟੇ ਅਗਨੀ ਤੱਤ ਹਾੜ੍ਹਾ, ਸੀਤਲ ਸਾਂਤਕ ਧਾਰ ਚੁਆਈਆ। ਏਕਾ ਜੋਤ ਪਰਕਾਸ਼ ਕਰੇ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਈਆ। ਏਕਾ ਸਖ਼ੀਆਂ ਗਾਏ ਮੰਗਲਾਚਾਰਾ, ਗੀਤ ਗੋਬਿੰਦ ਇਕ ਅਲਾਈਆ। ਏਕਾ ਮੰਦਰ ਸੁਹਾਏ ਸਚ ਦੁਆਰਾ, ਸੋਭਾਵੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ਼ ਹੱਥ ਰਖਾਈਆ। ਏਕਾ ਓਟ ਸ੍ਰੀ ਭਗਵਾਨ, ਭਗਵਨ ਏਕਾ ਰੰਗ ਰੰਗਾਇੰਦਾ। ਆਦਿ ਜੁਗਾਦਿ ਸਦਾ ਮਿਹਰਵਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਲੇਖਾ ਜਾਣੇ ਗੋਪੀ ਕਾਹਨ, ਕਾਹਨ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਖੇਲ ਖਿਲਾਇੰਦਾ। ਏਕਾ ਓਟ ਪੁਰਖ ਸਮਰਥ, ਦੂਸਰ ਦਰ ਨਾ ਮੰਗਣ ਜਾਈਆ। ਕਾਇਆ ਚੋਲੀ ਚਲਾਏ ਰਥ, ਰਥ ਰਥਵਾਹੀ ਸੇਵ ਕਮਾਈਆ। ਨਾਮ ਅਨਮੁਲ ਦੇਵੇ ਵਥ, ਵਸਤ ਅਮੋਲਕ ਝੋਲੀ ਪਾਈਆ। ਆਪਣੀ ਮਹਿੰਮਾ ਸੁਣਾਏ ਅਕਥ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਲੇਖਾ ਜਾਣੇ ਰਾਮਾ ਦਸਰਥ, ਦਹਿਸਰ ਰਾਵਨ ਆਪੇ ਘਾਈਆ। ਨਾਤਾ ਤੋੜੇ ਤੱਤ ਅੱਠ, ਨੌਂ ਦਰ ਵੇਖੇ ਥਾਉਂ ਥਾਈਂਆ। ਏਕਾ ਰੂਪ ਬਣਾਏ ਸਤਿ, ਸਤਿ ਸਤਿਵਾਦੀ ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਹਰਿ ਚਰਨ ਸਰਨ, ਸਰਨ ਚਰਨ ਇਕ ਜਣਾਈਆ। ਏਕਾ ਓਟ ਪੁਰਖ ਅਕਾਲ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਦੀਨਾਂ ਬੰਧਪ ਦੀਨ ਦਿਆਲ, ਦੀਨਾਂ ਅਨਾਥਾਂ ਦਇਆ ਕਮਾਇੰਦਾ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਘਰ ਠਾਕਰ ਮੇਲ ਮਿਲਾਇੰਦਾ। ਜਗਤ ਨਾਤਾ ਤੋੜ ਜੰਜਾਲ, ਜਾਗਰਤ ਜੋਤ ਨੂਰ ਜਗਾਇੰਦਾ। ਹਰਿਜਨ ਵੇਖੇ ਆਪਣੇ ਲਾਲ, ਪੂਤ ਸਪੂਤਾ ਗਲੇ ਲਗਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਮਾਣਕ ਮੋਤੀ ਆਪ ਉਠਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਏਕਾ ਰੰਗ ਸਮਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਦਿਲਬਰ ਦਲੀਲ ਗੁਰਮੁਖ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਮਰੀਦਾਂ ਹਾਲ, ਹਾਲ ਮਰੀਦਾਂ ਆਪ ਸੁਣਾਇੰਦਾ। ਏਕਾ ਓਟ ਪੁਰਖ ਅਬਿਨਾਸ਼ਾ, ਅਬਿਨਾਸ਼ੀ ਪੁਰਖ ਖੇਲ ਖਿਲਾਇੰਦਾ। ਏਕਾ ਘਰ ਮੰਡਲ ਰਾਸਾ, ਏਕਾ ਰੂਪ ਅਨੂਪ ਧਰਾਇੰਦਾ । ਏਕਾ ਹਰਿ ਇਕ ਭਰਵਾਸਾ, ਧੀਰਜ ਧੀਰ ਇਕ ਧਰਾਇੰਦਾ। ਏਕਾ ਚਰਨ ਕਵਲ ਦਏ ਦਿਲਾਸਾ, ਏਕਾ ਹੁਕਮੀ ਹੁਕਮ ਸੁਣਾਇੰਦਾ। ਲੇਖੇ ਲਾਏ ਪਵਣ ਸਵਾਸਾ, ਪਵਣ ਪਵਣੀ ਆਪ ਸੁਹਾਇੰਦਾ। ਜਨ ਭਗਤਾਂ ਪੂਰੀ ਕਰੇ ਆਸਾ, ਜੋ ਜਨ ਹਰਿ ਹਰਿ ਓਟ ਰਖਾਇੰਦਾ। ਨਾਤਾ ਤੋੜੇ ਦਹਿ ਦਿਸ਼ ਮਾਸਾ, ਮਾਤ ਗਰਭ ਫੰਦ ਕਟਾਇੰਦਾ। ਨਿਜ ਆਤਮ ਨਿਜ ਘਰ ਨਿਜ ਗ੍ਰਹਿ ਕਰ ਕਰ ਵਾਸਾ, ਤੀਜੇ ਨੇਤਰ ਆਪ ਖੁਲ੍ਹਾਇੰਦਾ। ਭਗਤ ਵਛਲ ਪੂਰੀ ਕਰੇ ਆਸਾ, ਜਗਤ ਰਾਸ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਏਕਾ ਦਰ ਵਖਾਇੰਦਾ। ਏਕਾ ਦਰ ਇਕ ਦਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਏਕਾ ਨਾਮ ਇਕ ਜੈਕਾਰਾ, ਏਕਾ ਢੋਲਾ ਰਿਹਾ ਸੁਣਾਈਆ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਰਿਹਾ ਖੁਲ੍ਹਾਈਆ। ਏਕਾ ਵਸਤ ਇਕ ਭੰਡਾਰਾ, ਏਕਾ ਰਾਮ ਰਿਹਾ ਵਰਤਾਈਆ। ਏਕਾ ਮੰਗੇ ਮੰਗਣਹਾਰਾ, ਜਿਸ ਜਨ ਆਪਣੀ ਦਇਆ ਕਮਾਈਆ। ਦੇਵੇ ਵਸਤ ਵਸਤ ਹਰਿ ਥਾਰਾ, ਤ੍ਰੈਗੁਣ ਅਤੀਤਾ ਸਾਚਾ ਮਾਹੀਆ। ਏਕਾ ਓਟ ਇਕ ਸਹਾਰਾ, ਏਕਾ ਏਕ ਹੋਏ ਸਹਾਈਆ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਨਈਆ ਨਾਮ ਆਪ ਚੜ੍ਹਾਈਆ। ਸੋਹੰ ਸ਼ਬਦ ਹਰਿ ਜੈਕਾਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਸਚ ਪੜ੍ਹਾਈਆ।