Granth 10 Likhat 172: 27 Savan 2018 Bikarmi Bakhshish Singh de Greh Kadrabad

੨੭ ਸਾਵਣ ੨੦੧੮ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਕ਼ਾਦਰਾਬਾਦ

ਹਰਿ ਬਖ਼ਸ਼ੇ ਸਚ ਪਿਆਰ, ਸਤਿਗੁਰ ਸੱਚੀ ਸਰਨਾਈਆ। ਸੋਹੰ ਸ਼ਬਦ ਸਚ ਜੈਕਾਰ, ਸਚਖੰਡ ਦਵਾਰ ਵੱਜੇ ਵਧਾਈਆ। ਮਹਾਰਾਜ ਸ਼ੇਰ ਸਿੰਘ ਨਿਰਗੁਣ ਸਰਗੁਣ ਧਾਰ, ਲੋਕਮਾਤ ਖੇਲ ਖਿਲਾਈਆ। ਵਿਸ਼ਨੂੰ ਦਾਤਾ ਭਰ ਭੰਡਾਰ, ਵਡ ਭੰਡਾਰੀ ਲਏ ਮਿਲਾਈਆ। ਭਗਵਨ ਖੇਲ ਕਰੇ ਅਪਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾਂ ਜੈ ਜੈਕਾਰ, ਏਕਾ ਨਾਅਰਾ ਨਾਉਂ ਸੁਣਾਈਆ। ਬ੍ਰਹਮਾ ਗਾਏ ਆਪਣੀ ਵਾਰ, ਚਾਰੇ ਮੁਖ ਮੁਖ ਸਾਲਾਹੀਆ। ਸ਼ੰਕਰ ਕੰਠ ਕਰੇ ਵਿਚਾਰ, ਕੰਠ ਕੰਠ ਸਮਾਈਆ। ਸੁਰਪਤ ਮੰਗੇ ਧੂੜੀ ਛਾਰ, ਸੀਸ ਜਗਦੀਸ ਝੁਕਾਈਆ। ਕਰੋੜ ਤੇਤੀਸਾ ਬਣ ਭਿਖਾਰ, ਖ਼ਾਲੀ ਝੋਲੀ ਰਿਹਾ ਵਖਾਈਆ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪੰਜ ਤੱਤ ਹਾਹਾਕਾਰ, ਸਤਿ ਸੰਤੋਖ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਿਆਰ ਇਕ ਸਮਝਾਈਆ। ਸਚ ਪਿਆਰ ਦੇਵੇ ਦਾਤ, ਨਿਰਗੁਣ ਦਾਤਾ ਬੇਪਰਵਾਹ। ਸੋਹੰ ਸ਼ਬਦ ਸਚ ਕਰਾਮਾਤ, ਦੋ ਜਹਾਨਾਂ ਬਣੇ ਮਲਾਹ। ਮਹਾਰਾਜ ਸ਼ੇਰ ਸਿੰਘ ਮੇਟੇ ਅੰਧੇਰੀ ਰਾਤ, ਸਾਚਾ ਚੰਦ ਦਏ ਚੜ੍ਹਾ। ਵਿਸ਼ਨੂੰ ਦੇਵੇ ਸਾਚੀ ਦਾਤ, ਆਪਣਾ ਭੰਡਾਰਾ ਆਪ ਵਰਤਾ। ਭਗਵਾਨ ਸੁਣਾਏ ਸਾਚੀ ਗਾਥ, ਸ਼ਬਦ ਅਗੰਮੀ ਆਪੇ ਗਾ। ਜੈ ਜੈਕਾਰ ਕਰੇ ਰਘੁਨਾਥ, ਆਪ ਆਪਣਾ ਨਾਅਰਾ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਂ। ਸਚ ਪਿਆਰ ਹਰਿ ਨਿਰੰਕਾਰਾ, ਏਕਾ ਏਕ ਜਣਾਈਆ। ਆਦਿ ਜੁਗਾਦੀ ਬੋਲ ਜੈਕਾਰਾ, ਦੋ ਜਹਾਨ ਸੁਣਾਈਆ। ਸਚਖੰਡ ਸਾਚੇ ਖੇਲ ਨਿਆਰਾ, ਥਿਰ ਘਰ ਵੱਜੇ ਵਧਾਈਆ। ਲੋਕਮਾਤ ਕਰ ਪਸਾਰਾ, ਘਟ ਘਟ ਰਿਹਾ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਲਾਈਆ। ਸਾਚਾ ਮਾਰਗ ਨਾਮ ਸਤਿ, ਜੈ ਜੈਕਾਰ ਕਰਾਇਆ। ਘਰ ਘਰ ਦੇਵੇ ਏਕਾ ਮਤ, ਏਕਾ ਹਰਿ ਹਰਿ ਨਾਦ ਸੁਣਾਇਆ। ਬੀਜ ਬੀਜੇ ਸਾਚੇ ਵਤ, ਬਣ ਕਰਸਾਣਾ ਹਲ ਚਲਾਇਆ। ਫੁਲ ਫੁਲਵਾੜੀ ਲਾਏ ਵੇਖੇ ਡਾਲ੍ਹੀ ਪੱਤ, ਸਾਚੀ ਪੰਖੜੀਆਂ ਆਪ ਪਰਗਟਾਇਆ। ਕਰੇ ਖੇਲ ਪੁਰਖ ਸਮਰਥ, ਆਪਣਾ ਪਿਆਰ ਆਪ ਉਪਾਇਆ। ਸ਼ਬਦੀ ਸੁਤ ਦੁਲਾਰਾ ਜੋੜੇ ਨੱਤ, ਵਿਸ਼ਨ ਬ੍ਰਹਮਾ ਸ਼ਿਵ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪਿਆਰ ਆਪਣੇ ਹੱਥ ਰਖਾਇਆ। ਸਚ ਪਿਆਰ ਬੰਨ੍ਹੇ ਡੋਰ, ਹਰਿ ਸਾਚੇ ਹੱਥ ਵਡਿਆਈਆ। ਆਦਿ ਜੁਗਾਦੀ ਚੜ੍ਹੇ ਘੋੜ, ਨਿਰਗੁਣ ਘੋੜਾ ਆਪ ਦੌੜਾਈਆ। ਲੋਆਂ ਪੁਰੀਆਂ ਜਾਏ ਬੌਹੜ, ਗਗਨ ਪਾਤਾਲਾਂ ਫੇਰਾ ਪਾਈਆ। ਲੱਖ ਚੁਰਾਸੀ ਬੁਝਾਏ ਔੜ, ਏਕਾ ਮੇਘ ਬਰਸਾਈਆ। ਵੇਖੇ ਪਰਖੇ ਮਿੱਠਾ ਕੌੜ, ਕੌੜਾ ਰੀਠਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚ ਪਿਆਰ ਪਾਇਆ ਬੰਧ, ਹਰਿ ਸਾਚਾ ਖੇਲ ਖਿਲਾਇੰਦਾ। ਪ੍ਰੇਮ ਅੰਦਰ ਸੂਰਜ ਚੰਦ, ਮੰਡਲ ਮੰਡਪ ਰਾਸ ਰਚਾਇੰਦਾ। ਪ੍ਰੇਮ ਢੋਲਾ ਗਾਇਣ ਛੰਦ, ਗੁਰ ਅਵਤਾਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਪ ਕਮਾਇੰਦਾ। ਸਚ ਪਿਆਰ ਕਰੇ ਕਰਤਾਰਾ, ਵਿਸ਼ਨ ਬ੍ਰਹਮਾ ਸ਼ਿਵ ਉਪਾਈਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਚਮ ਨਾਤਾ ਜੋੜ ਜੁੜਾਈਆ। ਲੱਖ ਚੁਰਾਸੀ ਘਾੜਨ ਘੜ ਠਠਿਆਰਾ, ਘੜ ਘੜ ਭਾਂਡੇ ਦਏ ਧਰਾਈਆ। ਵਸਤ ਰੱਖੇ ਇਕ ਹਰਿ ਥਾਰਾ, ਆਪਣਾ ਪਿਆਰ ਬੰਧਨ ਪਾਈਆ। ਪ੍ਰੇਮ ਜੋਤ ਕਰ ਉਜਿਆਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਪਿਆਰ ਸ਼ਬਦ ਸੱਚੀ ਧੁੰਨਕਾਰਾ, ਸ਼ਬਦ ਅਨਾਦੀ ਨਾਦ ਵਜਾਈਆ। ਪਾਰਬ੍ਰਹਮ ਬ੍ਰਹਮ ਕਰੇ ਪਿਆਰਾ, ਜੁਗ ਜੁਗ ਆਪਣਾ ਵੇਸ ਵਟਾਈਆ। ਵੰਡੇ ਵੰਡ ਵਿਚ ਸੰਸਾਰਾ, ਸਾਚਾ ਹਿੱਸਾ ਆਪ ਰਖਾਈਆ। ਨਾਉਂ ਧਰਾਏ ਗੁਰ ਅਵਤਾਰਾ, ਰੂਪ ਅਨੂਪ ਆਪ ਅਖਵਾਈਆ। ਜੀਵਾਂ ਜੰਤਾਂ ਦਏ ਸਹਾਰਾ, ਸਚ ਪਿਆਰਾ ਬੰਧਨ ਪਾਈਆ। ਉਚੀ ਕੂਕ ਬੋਲ ਜੈਕਾਰਾ, ਜੁਗ ਜੁਗ ਆਪਣੇ ਨਾਉਂ ਦਏ ਵਡਿਆਈਆ। ਸਤਿਜੁਗ ਕਰਿਆ ਸਚ ਵਿਹਾਰਾ, ਸਤਿ ਸਤਿਵਾਦੀ ਖੇਲ ਖਿਲਾਈਆ। ਪਰਗਟ ਹੋਇਆ ਵਾਰ ਅਠਾਰਾਂ, ਬਲ ਬਾਵਣ ਦਏ ਵਡਿਆਈਆ। ਧਰੂ ਪ੍ਰਹਿਲਾਦ ਪਾਰ ਕਿਨਾਰਾ, ਸਵੱਛ ਸਰੂਪੀ ਦਰਸ ਦਿਖਾਈਆ। ਨਰ ਨਰਾਇਣ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਆਪੇ ਪਾਈਆ। ਆਪਣਾ ਪਿਆਰ ਗੁਰ ਅਵਤਾਰ, ਆਪਣੀ ਧਾਰ ਚਲਾਇੰਦਾ। ਵਰਤੇ ਵਰਤਾਵੇ ਸਚ ਵਰਤਾਰ, ਜੁਗ ਜੁਗ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਕਰ ਤਿਆਰ, ਦੁਆਪਰ ਜਨਮ ਦਿਵਾਇੰਦਾ। ਕਲਜੁਗ ਸਤਿਗੁਰ ਲਏ ਉਠਾਲ, ਸਾਚੀ ਸੇਵਾ ਇਕ ਸਮਝਾਇੰਦਾ। ਜੁਗ ਚੌਕੜੀ ਚਲੇ ਨਾਲ ਨਾਲ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਖੇਲ ਖਿਲਾਇੰਦਾ। ਅੰਤਮ ਸਭ ਨੂੰ ਖਾਏ ਕਾਲ, ਕਾਲ ਪਿਆਰ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪ ਚੁਕਾਇੰਦਾ। ਸਤਿਜੁਗ ਸਾਚੇ ਜਨਮ ਦਵਾ, ਲੋਕਮਾਤ ਧਰਾਇਆ। ਜਨਨੀ ਜਨ ਬਣੇ ਬੇਪਰਵਾਹ, ਆਪ ਆਪਣੀ ਕੁੱਖ ਸੁਹਾਇਆ। ਧਰਤ ਮਾਤ ਦੀ ਗੋਦੀ ਦਏ ਬਹਾ, ਸਿਰ ਆਪਣਾ ਹੱਥ ਟਿਕਾਇਆ। ਏਕਾ ਹੁਕਮ ਦਏ ਜਣਾ, ਸਚ ਸੁੱਚ ਵਰਤਾਇਆ। ਭਗਤ ਭਗਵੰਤ ਮੇਲ ਮਿਲਾ, ਸਾਚੇ ਸੰਤਾਂ ਸੰਗ ਨਿਭਾਇਆ। ਏਕਾ ਵਸਤ ਝੋਲੀ ਪਾ, ਮਸਤਕ ਟਿਕਾ ਧੂੜੀ ਲਾਇਆ। ਵਰਨ ਗੋਤ ਨਾ ਕੋਇ ਰਖਾ, ਏਕਾ ਘਰ ਵਸਾਇਆ। ਸਾਚੇ ਪੌੜੇ ਦਏ ਬਹਾ, ਚੌਥਾ ਪਦ ਆਪ ਜਣਾਇਆ । ਬ੍ਰਹਿਮਣ ਰੀਤਾ ਆਪੇ ਆ, ਬ੍ਰਹਮ ਵੇਖੇ ਥਾਉਂ ਥਾਇਆ। ਏਕਾ ਦੇਵੇ ਸਚ ਸਲਾਹ, ਸਚ ਸਾਲਾਹੀ ਦਇਆ ਕਮਾਇਆ। ਸਤਿਜੁਗ ਖੇੜਾ ਦਏ ਵਸਾ, ਲੱਖ ਚੁਰਾਸੀ ਮੇਲ ਮਿਲਾਇਆ। ਅੰਡਜ ਜੇਰਜ ਰੂਪ ਵਟਾ, ਉਤਭੁਜ ਸੇਤਜ ਆਪਣੀ ਧਾਰ ਰਖਾਇਆ। ਨਾਰੀ ਨਰ ਵੇਸ ਕਰਾ, ਜੋੜੀ ਜੋੜਾ ਜੋੜ ਜੁੜਾਇਆ। ਘਟ ਘਟ ਬ੍ਰਹਮ ਵਾਸਨਾ ਦਏ ਭਰਾ, ਜਗਤ ਵਾਸਨਾ ਨਾਲ ਬੰਧਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾ, ਨਾਤਾ ਬਿਧਾਤਾ ਜੋੜ ਜੁੜਾਇਆ। ਮਾਣਸ ਮਾਨੁਖ ਖੇਲ ਖਿਲਾ, ਮਾਨਵ ਧੰਦੇ ਲਾਇਆ। ਨਿਹਕਰਮੀ ਆਪਣਾ ਕਰਮ ਕਮਾ, ਆਪਣਾ ਪਰਦਾ ਆਪੇ ਪਾਇਆ। ਘਰ ਵਿਚ ਬੈਠਾ ਮੁਖ ਛੁਪਾ, ਦਿਸ ਕਿਸੇ ਨਾ ਆਇਆ। ਜਿਸ ਜਨ ਦਇਆ ਦਏ ਕਮਾ, ਤਿਸ ਨੇਤਰ ਨੈਣ ਖੁਲ੍ਹਾਇਆ। ਆਪਣਾ ਪ੍ਰੇਮ ਲਏ ਨਿਭਾ, ਏਕਾ ਬੰਧਨ ਪਾਇਆ। ਸੁਰਤੀ ਸ਼ਬਦੀ ਮੇਲ ਮਿਲਾ, ਪ੍ਰੇਮ ਡੋਰੀ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਧਾਰ ਚਲਾਇਆ। ਸਤਿਜੁਗ ਸਾਚਾ ਮਾਤ ਲਾ, ਹਰਿ ਸਾਚੀ ਦਇਆ ਕਮਾਇੰਦਾ। ਓਅੰ ਸੋਹੰ ਖੇਲ ਖਿਲਾ, ਸੋਇਮ ਰੂਪ ਆਪ ਪਰਗਟਾਇੰਦਾ। ਨਾਉਂ ਨਿਰੰਕਾਰਾ ਆਪ ਅਖਵਾ, ਆਪਣੇ ਨਾਉਂ ਸਾਲਾਹਿੰਦਾ। ਧਰਨੀ ਧਰਤ ਧਵਲ ਦਏ ਟਿਕਾ, ਜਲ ਬਿੰਬ ਆਪ ਸਮਾ, ਨੀਰ ਸੀਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਧੰਦਾ ਆਪ ਕਮਾਇੰਦਾ। ਹਰਿ ਨਿਰੰਕਾਰ ਸਾਚਾ ਧੰਦਾ, ਆਪਣਾ ਆਪ ਜਣਾਈਆ। ਲੱਖ ਚੁਰਾਸੀ ਵੇਖੇ ਜੀਵ ਜੰਤ ਬੰਦੀ ਬੰਦਾ, ਬੰਦੀਖਾਨਾ ਇਕ ਖੁਲ੍ਹਾਈਆ। ਆਦਿ ਜੁਗਾਦਿ ਬਣ ਬਖ਼ਸ਼ੰਦਾ, ਸਾਚੀ ਧਾਰ ਲਏ ਪਰਗਟਾਈਆ। ਕਰੇ ਖੇਲ ਗੁਣੀ ਗਹਿੰਦਾ, ਗਹਿਰ ਗੰਭੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਦਏ ਜਣਾਈਆ। ਗੁਰਸਿਖ ਸਚ ਪਿਆਰ, ਗੁਰ ਸਤਿਗੁਰ ਮੇਲ ਮਿਲਾਇਆ। ਮਨਮੁਖ ਸਚ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਗੁਰਮੁਖ ਸਚ ਪਿਆਰ, ਗੁਰ ਚਰਨ ਓਟ ਤਕਾਇਆ। ਮਨਮੁਖ ਸਚ ਪਿਆਰ, ਹਉਮੇ ਹੰਗਤਾ ਰੋਗ ਵਧਾਇਆ। ਸੰਤਨ ਸਚ ਪਿਆਰ, ਸਤਿ ਸਤਿਵਾਦੀ ਏਕਾ ਗੁਣ ਗਾਇਆ। ਮਨਮੁਖ ਸਚ ਪਿਆਰ, ਝੂਠੇ ਧੰਦੇ ਮਨ ਚਿਤ ਲਾਇਆ। ਭਗਤਨ ਸਚ ਪਿਆਰ, ਭਗਵਨ ਭਗਤੀ ਇਕ ਦ੍ਰਿੜਾਇਆ। ਮਨਮੁਖਾਂ ਸਚ ਪਿਆਰ, ਮਾਇਆ ਮਮਤਾ ਮੋਹ ਵਧਾਇਆ। ਦੋਹਾਂ ਵਿਚੋਲਾ ਬਣ ਨਿਰੰਕਾਰ, ਲੋਕਮਾਤ ਖੇਲ ਖਿਲਾਇਆ। ਗੁਰਮੁਖ ਗੁਰਸਿਖ ਦੇਵੇ ਸਚ ਪਿਆਰ, ਆਪਣਾ ਮੰਤਰ ਨਾਮ ਦ੍ਰਿੜਾਇਆ। ਮਨਮੁਖ ਦੇਵੇ ਸਚ ਪਿਆਰ, ਠਗ ਚੋਰ ਯਾਰ ਬਣਾਇਆ। ਗੁਰਸਿਖ ਦੇਵੇ ਸਚ ਪਿਆਰ, ਆਤਮ ਧੁਨ ਨਾਦ ਵਜਾਇਆ। ਮਨਮੁਖ ਦੇਵੇ ਸਚ ਪਿਆਰ, ਰਾਤੀਂ ਸੌਂ ਸੌਂ ਵਕ਼ਤ ਲੰਘਾਇਆ। ਸਾਚੇ ਸੰਤਾਂ ਦੇਵੇ ਸਚ ਪਿਆਰ, ਆਤਮ ਬ੍ਰਹਮ ਗਿਆਨ ਦ੍ਰਿੜਾਇਆ। ਮਨਮੁਖਾਂ ਦੇਵੇ ਸਚ ਪਿਆਰ, ਨੌਂ ਦਰ ਵਾਸਨਾ ਵਿਚ ਫਿਰਾਇਆ। ਭਗਤਾਂ ਦੇਵੇ ਸਚ ਪਿਆਰ, ਭਗਵਨ ਆਪਣਾ ਨੂਰ ਦਰਸਾਇਆ। ਮਨਮੁਖਾਂ ਦੇਵੇ ਸਚ ਪਿਆਰ, ਕੂੜ ਕੁੜਿਆਰਾ ਝੋਲੀ ਪਾਇਆ। ਦੋਹਾਂ ਵਿਚੋਲਾ ਬਣ ਨਿਰੰਕਾਰ, ਲੋਕਮਾਤ ਖੇਲ ਖਿਲਾਇਆ। ਸਚ ਪਿਆਰ ਗੁਰਸਿਖ ਦਾਤ, ਆਤਮ ਬ੍ਰਹਮ ਜਣਾਈਆ। ਸਚ ਪਿਆਰ ਮਨਮੁਖ ਜ਼ਾਤ, ਚਾਰ ਵਰਨ ਲੜਾਈਆ। ਸਚ ਪਿਆਰ ਗੁਰਸਿਖ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਚ ਪਿਆਰ ਮਨਮੁਖ ਘਾਟ, ਵਹਿੰਦੇ ਵਹਿਣ ਰਿਹਾ ਵਹਾਈਆ। ਸਚ ਪਿਆਰ ਸੰਤਨ ਜ਼ਾਤ, ਜ਼ਾਤ ਅਜ਼ਾਤੀ ਦਏ ਖਪਾਈਆ। ਸਚ ਪਿਆਰ ਮਨਮੁਖਾਂ ਖਾਤ, ਡੂੰਘੇ ਸਾਗਰ ਦਏ ਰੁੜ੍ਹਾਈਆ। ਸਚ ਪਿਆਰ ਭਗਤਨ ਪੁੱਛੇ ਵਾਤ, ਆਦਿ ਜੁਗਾਦਿ ਹੋਏ ਸਹਾਈਆ। ਸਚ ਪਿਆਰ ਮਨਮੁਖਾਂ ਦੇਵੇ ਮਾਤ, ਰਾਏ ਧਰਮ ਹੱਥ ਫੜਾਈਆ। ਦੋਹਾਂ ਵਿਚੋਲਾ ਪੁਰਖ ਅਬਿਨਾਸ਼, ਲੋਕਮਾਤ ਖੇਲ ਖਿਲਾਈਆ। ਸਚ ਪਿਆਰ ਵਿਸ਼ਨੂੰ ਮੰਗ, ਆਪਣਾ ਸੀਸ ਝੁਕਾਇਆ। ਸਚ ਪਿਆਰ ਬ੍ਰਹਮੇ ਰੰਗ, ਰੰਗ ਮਜੀਠੀ ਇਕ ਚੜ੍ਹਾਇਆ। ਸਚ ਪਿਆਰ ਸ਼ੰਕਰ ਕੱਟੇ ਭੁੱਖ ਨੰਗ, ਹੱਥ ਤ੍ਰਿਸੂਲ ਰਿਹਾ ਸੁਟਾਇਆ। ਸਚ ਪਿਆਰ ਸੂਰਜ ਚੰਦ, ਏਕਾ ਕਿਰਨ ਕਰੇ ਰੁਸ਼ਨਾਇਆ। ਸਚ ਪਿਆਰ ਵੰਡ ਬ੍ਰਹਿਮੰਡ, ਸ਼ਬਦੀ ਸ਼ਬਦ ਨਾਦ ਸੁਣਾਇਆ। ਸਚ ਪਿਆਰ ਜੇਰਜ ਅੰਡ, ਨਿਰਗੁਣ ਜੋਤੀ ਜੋਤ ਜਗਾਇਆ। ਸਚ ਪਿਆਰ ਸੁਹਾਗੀ ਛੰਦ, ਗੁਰ ਸਤਿਗੁਰ ਆਪ ਸੁਣਾਇਆ। ਸਚ ਪਿਆਰ ਕਿਸੇ ਦਰ ਨਾ ਹੋਵੇ ਬੰਦ, ਕਿਲਾ ਕੋਟ ਅੰਦਰ ਰੱਖ ਨਾ ਕੋਇ ਟਿਕਾਇਆ। ਸਚ ਪਿਆਰ ਸਦਾ ਬਖ਼ਸ਼ੰਦ, ਆਪ ਆਪਣੇ ਹੱਥ ਰਖਾਇਆ। ਜੋ ਜਨ ਰਸਨਾ ਜੇਹਵਾ ਗਾਏ ਬੱਤੀ ਦੰਦ, ਤਿਸ ਜਨ ਹਰਿ ਹਰਿ ਲਏ ਮਿਲਾਇਆ। ਸਚ ਪਿਆਰ ਆਤਮ ਅੰਤਰ ਅਨੰਦ, ਨਿਜ ਘਰ ਆਪਣਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਪਣਾ ਬੰਧਨ ਪਾਇਆ। ਬੰਧਨ ਬੰਧ ਪਿਆਰ, ਬ੍ਰਹਮਾ ਸੁਤ ਭਰਾਈਆ। ਪਿਆਰ ਪਿਆਰ ਆਧਾਰ, ਬਰਾਹ ਰੂਪ ਵਟਾਈਆ। ਪਿਆਰ ਪਿਆਰ ਸੁਧਾਰ, ਯਗੈ ਪੁਰਸ਼ ਖੇਲ ਖਿਲਾਈਆ। ਪਿਆਰ ਪਿਆਰ ਵਿਚਾਰ, ਹਾਵ ਗ਼ਰੀਵ ਦਏ ਵਡਿਆਈਆ। ਪਿਆਰ ਪਿਆਰ ਸ਼ੰਗਾਰ, ਨਰ ਨਰਾਇਣ ਰੂਪ ਧਰਾਈਆ। ਪਿਆਰ ਪਿਆਰ ਜੈਕਾਰ, ਕਪਲ ਮੁਨ ਸੰਗ ਰਖਾਈਆ। ਪਿਆਰ ਪਿਆਰ ਪੈਜ ਸਵਾਰ, ਦੱਤਾ ਤ੍ਰੈ ਜੋਤ ਰੁਸ਼ਨਾਈਆ। ਪਿਆਰ ਪਿਆਰ ਕਰੇ ਖ਼ਬਰਦਾਰ, ਰਿਖਪ ਦੇਵ ਉਠਾਈਆ। ਪਿਆਰ ਪਿਆਰ ਮੇਲੇ ਸਾਚਾ ਯਾਰ, ਪਿਰਥੂ ਦੇਵੇ ਮਾਣ ਵਡਿਆਈਆ। ਪਿਆਰ ਪਿਆਰ ਅੰਦਰ ਧਾਰ, ਮਤਸ ਆਪਣੇ ਰੰਗ ਰੰਗਾਈਆ। ਪਿਆਰ ਕਰੇ ਆਪਣੀ ਵਾਰ, ਕਛਪ ਆਪਣਾ ਨੂਰ ਰੁਸ਼ਨਾਈਆ। ਪਿਆਰ ਖੇਲ ਕਰੇ ਕਰਤਾਰ, ਧਨੰਤਰ ਏਕਾ ਗੁਣ ਜਣਾਈਆ। ਪਿਆਰ ਹੰਸਾ ਉਡੇ ਉਡਾਰ, ਹੰਸਾ ਖੇਲ ਖਿਲਾਈਆ। ਪਿਆਰ ਬਲ ਮੰਗੇ ਦਵਾਰ, ਬਾਵਣ ਭੇਖ ਵਟਾਈਆ। ਪਿਆਰ ਬਾਲਾ ਲਾਏ ਪਾਰ, ਪ੍ਰਹਿਲਾਦ ਨਰ ਸਿੰਘ ਰੂਪ ਵਟਾਈਆ। ਪਿਆਰ ਏਕਾ ਜਾਣੇ ਆਪਣੀ ਸਾਰ, ਧਰੂ ਆਪਣੀ ਗੋਦ ਬਹਾਈਆ। ਪਿਆਰ ਗਜ ਦਏ ਆਧਾਰ, ਤੰਦੂਆ ਤੰਦ ਕਟਾਈਆ। ਪਿਆਰ ਕਰੇ ਖੇਲ ਕਰਤਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਆਪਣੇ ਹੱਥ ਰਖਾਈਆ। ਕਰੇ ਪਿਆਰ ਪਿਆਰਾ ਪਰਸ, ਰਾਮ ਰਾਮ ਵਡਿਆਇੰਦਾ। ਪਿਆਰ ਮੇਟੇ ਹਿਰਸ ਹਵਸ, ਹੋਰ ਨਾ ਕੋਇ ਰਖਾਇੰਦਾ। ਪਿਆਰ ਮੇਘ ਦੇਵੇ ਬਰਸ, ਅੰਮ੍ਰਿਤ ਧਾਰ ਚਲਾਇੰਦਾ। ਪਿਆਰ ਮਿਟਾਏ ਸੋਗ ਹਰਖ, ਰਾਮਾ ਏਕਾ ਰੰਗ ਰੰਗਾਇੰਦਾ । ਪਿਆਰ ਪਿਆਰੇ ਕਰੇ ਪਰਖ, ਸ਼ਾਹ ਭਬੀਖਣ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਇਕ ਪਿਆਰ, ਆਪਣੇ ਸੰਗ ਰਖਾਇੰਦਾ। ਕਰਿਆ ਪਿਆਰ ਵੇਦ ਵਿਆਸ, ਚਰਨ ਓਟ ਤਕਾਈਆ। ਪੂਰੀ ਕਰੇ ਹਰਿ ਹਰਿ ਆਸ, ਗਿਆਨ ਬੋਧ ਪੜ੍ਹਾਈਆ। ਪੁਰਾਨ ਅਠਾਰਾਂ ਰਸਨ ਸਵਾਸ, ਜੇਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਇਕ ਵਖਾਈਆ। ਕਰੇ ਪਿਆਰ ਗੋਪੀ ਨਾਥ, ਸਖ਼ੀਆਂ ਮੰਡਲ ਰਾਸ ਰਚਾਇੰਦਾ। ਕਰੇ ਖੇਲ ਖੇਲ ਤਮਾਸ਼, ਏਕਾ ਬੰਸਰੀ ਨਾਮ ਵਜਾਇੰਦਾ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਆਪੇ ਹੋਏ ਦਾਸੀ ਦਾਸ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਬਿਦਰ ਖਾ ਅਲੂਣਾ ਸਾਗ, ਸਾਚਾ ਪਿਆਰ ਆਪ ਪਰਗਟਾਇੰਦਾ। ਬਿਪਰ ਸੁਦਾਮੇ ਤੰਦਲ ਲਾਭ, ਮੁਖ ਆਪਣੇ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਆਪ ਪਰਗਟਾਇੰਦਾ। ਪਿਆਰ ਪਰਗਟੇ ਗੋਪੀ ਕਾਹਨ, ਸਾਚਾ ਖੇਲ ਖਿਲਾਈਆ। ਪਿਆਰ ਦੇਵੇ ਅਰਜਣ ਗਿਆਨ, ਗੀਤਾ ਗਿਆਨ ਇਕ ਦ੍ਰਿੜਾਈਆ। ਪਿਆਰ ਦੇਵੇ ਸਾਚਾ ਮਾਣ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਪਿਆਰ ਬੰਨ੍ਹੇ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਨਾਲ ਰਲਾਈਆ। ਪਿਆਰ ਪਾਇਆ ਬੰਧਨ, ਕਲਜੁਗ ਆਇਆ। ਮਸਤਕ ਲਾਏ ਟਿੱਕਾ ਚੰਦਨ, ਨਿਮ ਵਾਸਨਾ ਵਿਚ ਸਮਾਇਆ। ਬੋਧ ਗਿਆਨ ਆਤਮ ਹੋਇਆ ਪੰਡਤ, ਬੋਧ ਬੋਧਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਆਪ ਰਖਾਇਆ। ਪਿਆਰ ਰਖਾਏ ਨਿਰਗੁਣ ਧਾਰੀ, ਆਪਣੀ ਖੇਲ ਖਿਲਾਈਆ। ਕਰੇ ਖੇਲ ਅਗੰਮ ਅਪਾਰੀ, ਪਿਆਰ ਪਿਆਰ ਵਿਚ ਪਰਗਟਾਈਆ। ਲੱਖ ਚੁਰਾਸੀ ਪਾਵੇ ਸਾਰੀ, ਅਭੁਲ ਭੁਲ ਕਦੇ ਨਾ ਜਾਈਆ। ਕਲਜੁਗ ਨਾਤਾ ਤੋੜੇ ਖ਼ਵਾਰੀ, ਦੂਰ ਦੁਰਾਡਾ ਨੇੜੇ ਪੰਧ ਲਿਆਈਆ। ਈਸਾ ਮੂਸਾ ਨਿਭੇ ਯਾਰੀ, ਮੁਹਮੰਦ ਸੰਗ ਰਲਾਈਆ। ਏਕਾ ਪਿਆਰ ਕਲਮਾ ਕਰ ਜੈਕਾਰੀ, ਹੂ ਹੂ ਨਾਅਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਪਿਆਰ ਤੰਦ ਇਕ ਰਖਾਈਆ। ਅਪਰ ਅਪਾਰਾ ਪਿਆਰ ਤੰਦ, ਨਿਰਗੁਣ ਨਿਰਗੁਣ ਵਿਚ ਸਮਾਇਆ। ਆਪਣਾ ਖੇਲ ਕਰ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਰਤਾਇਆ। ਆਪਣੇ ਨੂਰ ਚੜ੍ਹ ਚੜ੍ਹ ਚੰਦ, ਸਚ ਉਜਾਲਾ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਪ ਪਰਗਟਾਇਆ। ਸਚ ਪਿਆਰ ਨਾਨਕ ਗੁਰ, ਹਰਿ ਸਤਿਗੁਰ ਆਪ ਪਰਗਟਾਈਆ। ਮੇਲ ਮਿਲਾਇਆ ਆਪੇ ਧੁਰ, ਧੁਰ ਬੈਠਾ ਸੱਚਾ ਮਾਹੀਆ। ਨਿਰਗੁਣ ਸਰਗੁਣ ਜੁੜੀ ਸੁਰ, ਤਾਰ ਸਤਾਰ ਨਾ ਕੋਇ ਵਖਾਈਆ। ਏਕਾ ਮੰਤਰ ਰਿਹਾ ਫੁਰ, ਨਾਮ ਸਤਿ ਪੜ੍ਹਾਈਆ। ਪਿਆਰ ਅੰਦਰ ਪ੍ਰੀਤਮ ਗਿਆ ਜੁੜ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਪਿਆਰ ਨਾਲ ਬੰਧਾਈਆ। ਪਿਆਰ ਨਾਲ ਬੱਧਾ ਨਾਤਾ, ਨਾਤਾ ਪਰਮ ਪੁਰਖ ਬੰਧਾਇਆ। ਨਾਨਕ ਗੁਰ ਇਕੋ ਜਾਤਾ, ਪੁਰਖ ਅਕਾਲ ਮਨਾਇਆ। ਆਦਿ ਜੁਗਾਦੀ ਪਿਤਾ ਮਾਤਾ, ਸਾਚੀ ਗੋਦ ਸੁਹਾਇਆ। ਸਾਚੀ ਦੇਵੇ ਏੇਕੋ ਦਾਤਾ, ਵਸਤ ਅਮੋਲਕ ਝੋਲੀ ਪਾਇਆ। ਆਪਣਾ ਨਾਉਂ ਸੁਣਾਏ ਸਾਚੀ ਗਾਥਾ, ਸਾਚੀ ਸਿਖਿਆ ਇਕ ਸਮਝਾਇਆ। ਏਥੇ ਓਥੇ ਹੋਏ ਰਾਖਾ, ਅੱਠੇ ਪਹਿਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪਿਆਰ ਧੁਰ ਦਰਬਾਰ, ਨਾਨਕ ਲੋਕਮਾਤ ਲੈ ਕੇ ਆਇਆ। ਸਚ ਪਿਆਰ ਨਾਨਕ ਨਿਰਗੁਣ, ਸਰਗੁਣ ਝੋਲੀ ਪਾਈਆ। ਗ਼ਰੀਬ ਨਿਮਾਣਿਆਂ ਪੁਕਾਰ ਸੁਣ ਸੁਣ, ਏਕਾ ਵਾਰ ਵਰਤਾਈਆ। ਅੰਗਦ ਅਮਰ ਆਪੇ ਚੁਣ ਚੁਣ, ਰਾਮ ਦਾਸੇ ਗੰਢ ਪਵਾਈਆ। ਅਰਜਣ ਹਰਿ ਹਰਿ ਆਪੇ ਬੌਹੜ, ਸ਼ਬਦ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਦਏ ਵਡਿਆਈਆ। ਸਚ ਪਿਆਰ ਨਾਉਂ ਬਾਣ, ਚਾਰੇ ਬਾਣੀ ਮੁਖ ਸਾਲਾਹਿਆ। ਪ੍ਰੀਤਮ ਪਿਆਰਾ ਲਿਆ ਪਛਾਣ, ਘਰ ਸਾਚੇ ਮੇਲ ਮਿਲਾਇਆ। ਹਾਣੀ ਮਿਲਿਆ ਸਾਚਾ ਹਾਣ, ਘਰ ਸਾਚੇ ਵੱਜੇ ਵਧਾਇਆ। ਨਾ ਜੀਵ ਨਾ ਕੋਇ ਪਰਾਣ, ਪੁਰਾਨੀ ਮੁਕਤ ਨਾ ਕੋਇ ਕਰਾਇਆ। ਏਕਾ ਸ਼ਕਤ ਸ੍ਰੀ ਭਗਵਾਨ, ਗੁਰ ਗੁਰ ਗੁਰ ਰੂਪ ਵਟਾਇਆ। ਏਕਾ ਰਕਤ ਕਰੇ ਪਰਵਾਨ, ਬੂੰਦ ਬੂੰਦੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਦਏ ਸਮਝਾਇਆ। ਸਚ ਪਿਆਰ ਗੁਰ ਸ਼ਬਦੀ ਧਾਰ, ਨਾਨਕ ਅਰਜਣ ਹਰਿ ਹਰਿ ਗਾਈਆ। ਦੋਹਾਂ ਵਿਚੋਲਾ ਬਣ ਕਰਤਾਰ, ਬੋਧ ਅਗਾਧਾ ਸ਼ਬਦ ਸੁਣਾਈਆ। ਭਗਤ ਭਗਵੰਤ ਕਰੇ ਖੇਲ ਨਿਆਰ, ਆਪ ਆਪਣਾ ਰੂਪ ਵਟਾਈਆ। ਚਾਰ ਜੁਗ ਦੇ ਵਿਛੜੇ ਯਾਰ, ਏਕਾ ਘਰ ਬਹਾਈਆ। ਪਾਂਜਾ ਏਕਾ ਵੇਖੇ ਏਕਾ ਵਾਰ, ਇਕਾਵਨ ਆਪਣੀ ਧਾਰ ਚਲਾਈਆ। ਪਾਂਜਾ ਦੋਆ ਆਪੇ ਪਾਏ ਆਪਣੀ ਸਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਸਤਿ ਸਤਿਵਾਦੀ ਹੋ ਤਿਆਰ, ਪੰਚਮ ਦੇਵੇ ਸੱਚੀ ਸ਼ਾਹੀਆ। ਪੰਚਮ ਨਾਦ ਸ਼ਬਦ ਧੁੰਨਕਾਰ, ਨਾਦ ਅਨਾਦੀ ਆਪ ਸੁਣਾਈਆ। ਸੱਤਵਾਂ ਘਰ ਸਤਿ ਸਤਿ ਆਵੇ ਜਾਵੇ ਵਾਰੋ ਵਾਰ, ਪਾਂਜਾ ਸਾਤਾ ਸਤਿ ਸਤਿ ਮੇਲਾ ਸਹਿਜ ਸੁਭਾਈਆ। ਏਕਾ ਪੈਂਤੀਸ ਕਰ ਤਿਆਰ, ਪੰਜ ਤੀਸ ਕਰੇ ਕੁੜਮਾਈਆ। ਦਸ ਬੀਸ ਖੇਲ ਕਰਤਾਰ, ਕਾਗਦ ਕ਼ਲਮ ਨਾ ਲਿਖੇ ਸ਼ਾਹੀਆ। ਏਕਾ ਗੁਰੂ ਕਰ ਤਿਆਰ, ਗੁਰ ਸ਼ਬਦ ਦਏ ਵਡਿਆਈਆ। ਗੁਰ ਚਰਨ ਸਚ ਪਿਆਰ, ਚਾਰ ਵਰਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਿਆਰ ਗੋਬਿੰਦ ਧਾਰ, ਹਰਿ ਖੰਡਾ ਨਾਲ ਮਿਲਾਈਆ। ਸਚ ਪਿਆਰ ਸਾਚਾ ਖੰਡਾ, ਹਰਿ ਗੋਬਿੰਦ ਮੇਲ ਮਿਲਾਇਆ। ਲੇਖਾ ਜਾਣੇ ਵਿਚ ਬ੍ਰਹਿਮੰਡਾਂ, ਬ੍ਰਹਿਮੰਡ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਪਿਆਰ ਨਾਲ ਪਰਗਟਾਇਆ। ਹਰਿਗੋਬਿੰਦ ਤੇਰਾ ਪਿਆਰ, ਤੇਰੀ ਧਾਰ ਸਮਾਈਆ। ਜੋਧਾ ਸੂਰਬੀਰ ਬਲੀ ਬਲਕਾਰ, ਏਕਾ ਡੰਕਾ ਰਿਹਾ ਵਜਾਈਆ। ਕਰੇ ਖੇਲ ਅਪਰ ਅਪਾਰ, ਨਾਤਾ ਬਿਧਾਤਾ ਪਿਆਰ ਜੋੜ ਜੁੜਾਈਆ। ਹਰਿਰਾਏ ਦਏ ਆਧਾਰ, ਨਿਸ਼ਅੱਖਰ ਕਰੇ ਪੜ੍ਹਾਈਆ। ਛੋਟੇ ਬਾਲੇ ਕਰ ਪਿਆਰ, ਹਰਿਕ੍ਰਿਸ਼ਨ ਲਏ ਉਠਾਈਆ। ਹਰਿਕ੍ਰਿਸ਼ਨਾ ਕੂਕ ਗਿਆ ਪੁਕਾਰ, ਤੇਗ਼ ਬਹਾਦਰ ਮਿਲੇ ਸਾਚਾ ਮਾਹੀਆ। ਕਰੇ ਸਚ ਪਿਆਰ ਡੁਬਦੇ ਲਏ ਤਾਰ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਦਿ ਜੁਗਾਦਿ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਵਿਚ ਵਰਤਾਈਆ। ਸਚ ਪਿਆਰ ਹਰਿ ਵਰਤਾਇਆ, ਆਪ ਆਪਣੀ ਵਾਰ। ਗੋਬਿੰਦ ਸੁਤ ਏਕਾ ਜਾਇਆ, ਬਣ ਸੁਲੱਖਣੀ ਨਾਰ। ਗੁਜਰੀ ਕੁੱਖ ਦਏ ਵਡਿਆਇਆ, ਨਾ ਕੋਈ ਜਾਣੇ ਜੀਵ ਸੰਸਾਰ। ਭੋਗੀ ਆਪਣਾ ਭੋਗ ਕਰਾਇਆ, ਭਸਮੜ ਹੋਏ ਨਾ ਅਗੰਮ ਅਪਾਰ। ਧੁਰ ਸੰਜੋਗੀ ਮੇਲ ਮਿਲਾਇਆ, ਮੇਲਾ ਕਰੇ ਆਪਣੀ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਵੰਡੇ ਵਿਚ ਸੰਸਾਰ। ਸਚ ਪਿਆਰ ਵੰਡਣ ਆਇਆ, ਗੁਰ ਸਤਿਗੁਰ ਰੂਪ ਧਾਰ। ਪੰਜ ਪਿਆਰੇ ਲਏ ਉਠਾਇਆ, ਕਰੇ ਖੇਲ ਅਪਾਰ। ਆਪਣਾ ਅੰਮ੍ਰਿਤ ਮੁਖ ਚੁਆਇਆ, ਆਪ ਆਪਾ ਵਿਚੋਂ ਨਿਕਾਲ। ਸੰਸਾ ਰੋਗ ਸਰਬ ਮਿਟਾਇਆ, ਨਿਮਾਣਿਆਂ ਬਣਿਆ ਸਾਚਾ ਯਾਰ। ਊਚਾਂ ਨੀਚਾਂ ਗਲੇ ਲਗਾਇਆ, ਕਰਿਆ ਸਚ ਪਿਆਰ। ਆਪ ਨਿਉਂ ਨਿਉਂ ਸੀਸ ਝੁਕਾਇਆ, ਬਣਿਆ ਦਰ ਭਿਖਾਰ। ਆਪਣੀ ਝੋਲੀ ਅੱਗੇ ਡਾਹਿਆ, ਕਰੇ ਇਕ ਪੁਕਾਰ। ਗੁਰਸਿਖ ਤੇਰਾ ਉਚਾ ਘਰ ਬਣਾਇਆ, ਪੁਰਖ ਅਬਿਨਾਸ਼ੀ ਸੇਵਾਦਾਰ। ਤੇਰੀਆਂ ਨੀਂਹਾਂ ਹੇਠ ਆਪਣਾ ਆਪ ਦਿਆਂ ਦਬਾਇਆ, ਆਪਾ ਤੇਰੇ ਉਤੋਂ ਵਾਰ। ਤੇਰਾ ਮੰਦਰ ਦਿਆਂ ਸੁਹਾਇਆ, ਲੋਕਮਾਤ ਹੋਏ ਉਜਿਆਰ। ਹਰਿ ਕਾ ਪਿਆਰ ਤੇਰੇ ਅੰਦਰ ਦਿਆਂ ਟਿਕਾਇਆ, ਦੂਸਰ ਰੱਖਾਂ ਨਾ ਕਿਸੇ ਦਵਾਰ। ਜੁਗ ਜੁਗ ਦਾ ਲਹਿਣਾ ਦਿਆਂ ਮੁਕਾਇਆ, ਕਲਜੁਗ ਆਵੇ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਚ ਵਿਹਾਰ। ਆਦਿ ਪਿਆਰ ਦਿਤਾ ਭਗਵਾਨ, ਆਪਣੀ ਦਾਤ ਵਰਤਾਈਆ। ਜੁਗ ਚੌਕੜੀ ਕਰਿਆ ਖੇਲ ਮਹਾਨ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਕਲਜੁਗ ਅੰਤਮ ਹੋਏ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਸੂਰਾ ਹੋਏ ਨਾਲ ਬਲਵਾਨ, ਆਪਣਾ ਬਲ ਧਰਾਈਆ। ਸ੍ਰਿਸ਼ਟ ਸਬਾਈ ਖੋਲ੍ਹੇ ਇਕ ਦੁਕਾਨ, ਝੂਠ ਦੁਕਾਨ ਦਏ ਮਿਟਾਈਆ। ਚਾਰ ਵਰਨਾਂ ਵੇਖੇ ਮਾਰ ਧਿਆਨ, ਜ਼ਾਤ ਪਾਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਦਏ ਸਮਝਾਈਆ। ਕਲਜੁਗ ਵੇਲਾ ਅੰਤਮ ਔਣਾ, ਗੁਰ ਸਤਿਗੁਰ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਫੇਰਾ ਪੌਣਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਮੇਲ ਮਿਲੌਣਾ, ਏਕਾ ਬੰਧਨ ਪਾਇੰਦਾ। ਸਚ ਪਿਆਰ ਇਕ ਵਖੌਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਦਰ ਬਹਾਇੰਦਾ। ਦੂਈ ਦਵੈਤੀ ਪੜਦਾ ਲੌਹਣਾ, ਮਾਇਆ ਮਮਤਾ ਮੋਹ ਮਿਟਾਇੰਦਾ। ਸਾਚਾ ਮਾਰਗ ਇਕ ਵਖੌਣਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਘਟ ਘਟ ਅੰਦਰ ਆਤਮ ਬ੍ਰਹਮ ਨਜ਼ਰੀ ਔਣਾ, ਅਗਿਆਨ ਅੰਧੇਰ ਚੁਕਾਇੰਦਾ। ਪੁਰਖ ਅਕਾਲ ਸਭ ਨੇ ਗੌਣਾ, ਗੋਬਿੰਦ ਸੂਰਾ ਆਪ ਸੁਣਾਇੰਦਾ। ਮਸਜਦ ਮੰਦਰ ਮਠ ਸ਼ਿਵਦਵਾਲਾ ਕੋਈ ਰਹਿਣ ਨਾ ਪੌਣਾ, ਕਲਜੁਗ ਅੰਤਮ ਪੰਧ ਮੁਕਾਇੰਦਾ। ਸਚ ਨਿਸ਼ਾਨਾ ਇਕ ਝੁਲੌਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਏਕਾ ਰਾਜ ਜੋਗ ਕਰੌਣਾ, ਜੁਗਤ ਆਪਣੇ ਹੱਥ ਰਖਾਇੰਦਾ। ਧੁਰ ਫ਼ਰਮਾਨਾ ਹੁਕਮ ਸੁਣੌਣਾ, ਹੁਕਮੀ ਹੁਕਮ ਆਪ ਅਲਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰਸਿਖ ਸਾਚੇ ਆਪ ਪਰਗਟੌਣਾ, ਧਰਤ ਮਾਤ ਦੀ ਗੋਦ ਬਹਾਇੰਦਾ। ਧਰਨੀ ਤੇਰਾ ਹੌਲਾ ਭਾਰ ਕਰੌਣਾ, ਬੇਮੁਖ ਨਜ਼ਰ ਕੋਇ ਨਾ ਆਇੰਦਾ। ਹਿੰਦੂ ਮੁਸਲਿਮ ਸਿੱਖ ਈਸਾਈ ਏਕਾ ਇਸ਼ਟ ਵਖੌਣਾ, ਦੂਜਾ ਦਰ ਨਾ ਕੋਇ ਬਣਾਇੰਦਾ। ਸ਼ਬਦ ਪਿਆਰ ਆਪ ਦਿਵੌਣਾ, ਸ਼ਬਦੀ ਸ਼ਬਦ ਮੇਲ ਮਿਲਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਰ ਘਰ ਨਾਦ ਵਜੌਣਾ, ਰਾਗੀ ਆਪਣਾ ਰਾਗ ਅਲਾਇੰਦਾ। ਰਸਨਾ ਜੇਹਵਾ ਸਭ ਨੇ ਗੌਣਾ, ਬੱਤੀ ਦੰਦ ਸਰਬ ਹਿਲਾਇੰਦਾ। ਉਣੰਜਾ ਪਵਣ ਆਪ ਸਮੌਣਾ, ਪਵਣ ਸਵਾਸ ਖੇਲ ਖਿਲਾਇੰਦਾ। ਅਠਾਰਾਂ ਭਾਰ ਬਨਾਸਪਤ ਬੰਧਨ ਪੌਣਾ, ਬੰਦੀ ਬੰਦ ਆਪ ਕਰਾਇੰਦਾ। ਰਵ ਸਸ ਰਾਗ ਅਲੌਣਾ, ਮੰਡਲ ਮੰਡਪ ਨਾਚ ਨਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਏਕਾ ਨਾਉਂ ਧਿਔਣਾ, ਹਰਿ ਸਾਚਾ ਸਚ ਜਣਾਇੰਦਾ। ਅੰਤਮ ਲੇਖਾ ਸਭ ਦਾ ਮੁਕੌਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਬ੍ਰਹਮਾ ਆਪਣੇ ਵਿਚ ਮਿਲੌਣਾ, ਜੋਤੀ ਜੋਤ ਜੋਤ ਮਿਲਾਇੰਦਾ। ਸ਼ੰਕਰ ਤੇਰਾ ਡੇਰਾ ਢੌਣਾ, ਜੋ ਘੜ੍ਹਿਆ ਭੰਨ ਵਖਾਇੰਦਾ। ਇੰਦਰ ਫੜ ਕੇ ਤਖ਼ਤੋਂ ਲੌਹਣਾ, ਤਖ਼ਤ ਨਿਵਾਸੀ ਖੇਲ ਖਿਲਾਇੰਦਾ। ਸਾਚਾ ਮਾਰਗ ਹਰਿ ਜੂ ਲੌਣਾ, ਗੁਰਮੁਖ ਸਾਚੇ ਆਪ ਉਠਾਇੰਦਾ। ਬ੍ਰਹਮਾ ਵੇਤਾ ਮਾਣ ਦਵੌਣਾ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਛੋਟੇ ਬਾਲੇ ਤਿਲਕ ਲਗੌਣਾ, ਭੋਲਾ ਨਾਥ ਸਵਾਇੰਦਾ। ਸੱਤ ਦੀਪ ਤਿੰਨ ਲੋਕ ਇਕ ਨਿਸ਼ਾਨ ਝੁਲੌਣਾ, ਸੁਰਪਤ ਇੰਦ ਢੇਰੀ ਢਾਇੰਦਾ। ਮਨਜੀਤਾ ਮਨਜੀਤ ਜਵੌਣਾ, ਜੋਬਨ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਸਚ ਪ੍ਰੀਤ ਆਪ ਨਿਭਾਇੰਦਾ। ਲੱਗੀ ਪ੍ਰੀਤ ਨਿਭਾਏ ਤੋੜ, ਗੁਰ ਸਤਿਗੁਰ ਹੱਥ ਵਡਿਆਈਆ। ਕਲਜੁਗ ਅੰਤ ਨਾ ਜਾਏ ਛੋੜ, ਆਪਣੀ ਗੋਦ ਬਹਾਈਆ। ਸ਼ਬਦ ਅਗੰਮੀ ਚੜ੍ਹਾਏ ਘੋੜ, ਥਿਰ ਘਰ ਸਾਚੇ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪ੍ਰੇਮ ਆਪ ਨਿਭਾਈਆ। ਆਪਣਾ ਪ੍ਰੇਮ ਨਿਭਾਏ ਸਾਥ, ਸਗਲਾ ਸੰਗ ਰਖਾਇੰਦਾ। ਗੁਰਮੁਖਾਂ ਬੁਝਾਏ ਲੱਗੀ ਪਿਆਸ, ਹਰਿਜਨ ਪਿਆਸਾ ਨਜ਼ਰ ਕੋਇ ਨਾ ਆਇੰਦਾ। ਦਿਵਸ ਰੈਣ ਕਰੇ ਹਾਸ ਬਲਾਸ, ਸੁਖ ਸ਼ਾਨਤੀ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਰ ਸੁਹਾਇੰਦਾ। ਹਰਿਜਨ ਸਾਚੇ ਸੋਹੇ ਦਰ, ਦਰ ਦਰਵੇਸ਼ ਅਲਖ ਜਗਾਈਆ। ਬ੍ਰਹਮ ਮਤ ਮਿਲਿਆ ਵਰ, ਵਰ ਏਕਾ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਲਿਆ ਫੜ, ਗੁਰਮੁਖ ਤੇਰੀ ਵਡ ਵਡਿਆਈਆ। ਆਪ ਬੰਧਾਇਆ ਆਪਣੇ ਲੜ, ਪੱਲੂ ਗੰਢ ਪਵਾਈਆ। ਸੌਹਰੇ ਪੇਈਏ ਵਿਹਾਰ ਕਰ, ਬਣ ਵਿਚੋਲਾ ਖੇਲ ਕਰਾਈਆ। ਸਚ ਦਵਾਰੇ ਆਪੇ ਖੜ, ਆਪਣਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਪਿਆਰ ਦਏ ਸਮਝਾਈਆ। ਗੁਰਸਿਖ ਨਾਰ ਕਰ ਪਿਆਰ, ਗੁਰ ਸਤਿਗੁਰ ਖੇਲ ਖਿਲਾਇੰਦਾ। ਪ੍ਰੇਮ ਮਹਿੰਦੀ ਕਰ ਤਿਆਰ, ਸਾਚੇ ਹੱਥ ਰੰਗਾਇੰਦਾ। ਸੂਹਾ ਵੇਸ ਖੇਲ ਅਪਾਰ, ਤਨ ਖ਼ਾਕੀ ਆਪ ਵਖਾਇੰਦਾ। ਨੱਥ ਸੁਹਾਗ ਕਰ ਤਿਆਰ, ਕੰਚਨ ਰੂਪ ਵਟਾਇੰਦਾ। ਮੀਂਢੀ ਗੁੰਦੇ ਏਕਾ ਵਾਰ, ਸਾਚਾ ਸੀਸ ਗੁੰਦਾਇੰਦਾ। ਵਟਣਾ ਮਿਲੇ ਵਿਚ ਸੰਸਾਰ, ਪ੍ਰੇਮ ਰਸ ਆਪ ਰਖਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ, ਘਰ ਗੀਤ ਗੋਬਿੰਦ ਅਲਾਇੰਦਾ। ਸਾਚੀ ਡੋਲੀ ਕਰ ਤਿਆਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਜੁਗ ਕਹਾਰ ਬਣਾਇੰਦਾ। ਮਾਰੇ ਬੋਲ ਨਾ ਕੋਇ ਅੰਤਮ ਵਾਰ, ਗੁਰਸਿਖ ਵਿਛੋੜਾ ਪੰਧ ਕਟਾਇੰਦਾ। ਜੋਬਨ ਵੇਖੇ ਨਾਰ ਮੁਟਿਆਰ, ਨੇਤਰ ਨੈਣਾਂ ਕਜਲਾ ਨਾਮ ਪਾਇੰਦਾ। ਬਿੰਦੀ ਲਾਏ ਅਪਰ ਅਪਾਰ, ਜੋਤ ਲਲਾਟੀ ਡਗਮਗਾਇੰਦਾ। ਸੁਰਖੀ ਵੇਖੇ ਸਿਰਜਣਹਾਰ, ਰਾਮ ਰਾਮ ਰਾਮ ਜਣਾਇੰਦਾ। ਰਾਹ ਤੱਕੇ ਪਰਵਰਦਿਗਾਰ, ਏਕਾ ਆਸ ਵਖਾਇੰਦਾ। ਦੂਲ੍ਹਾ ਬਣੇ ਆਪ ਨਿਰੰਕਾਰ, ਘਰ ਆਪਣੇ ਸੋਭਾ ਪਾਇੰਦਾ। ਸੋਲਾਂ ਇਛਿਆ ਕਰ ਸ਼ੰਗਾਰ, ਸਾਚਾ ਅਸਵ ਆਪ ਮੰਗਾਇੰਦਾ। ਸਾਚੇ ਘੋੜੇ ਹੋ ਅਸਵਾਰ, ਸੋਲਾਂ ਕਲੀਆਂ ਆਸਣ ਪਾਇੰਦਾ। ਸਚਖੰਡ ਦਵਾਰਿਉਂ ਆਏ ਬਾਹਰ, ਥਿਰ ਘਰ ਸ਼ਬਦੀ ਨਾਲ ਮਿਲਾਇੰਦਾ। ਸ਼ਬਦੀ ਰੂਪ ਚੜ੍ਹੇ ਅਪਾਰ, ਆਪਣਾ ਸੱਤ ਆਪ ਸੁਹਾਇੰਦਾ। ਆਪਣਾ ਚੀਰਾ ਬੰਨ੍ਹ ਦਸਤਾਰ, ਸੀਸ ਸਾਚਾ ਤਾਜ ਟਿਕਾਇੰਦਾ। ਸਾਚੀ ਖੜਗ ਕਰ ਤਿਆਰ, ਆਪਣਾ ਖੰਡਾ ਨਾਮ ਲਟਕਾਇੰਦਾ। ਛੈਲ ਛਬੀਲਾ ਹੋ ਤਿਆਰ, ਆਪਣਾ ਰਾਹ ਤਕਾਇੰਦਾ। ਲੋਆਂ ਪੁਰੀਆਂ ਚਰਨਾਂ ਹੇਠ ਲਤਾੜ, ਲੋਕਮਾਤ ਫੇਰਾ ਪਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਲੱਖ ਚੁਰਾਸੀ ਭੇਵ ਕੋਇ ਨਾ ਪਾਇੰਦਾ। ਹੌਲੀ ਹੌਲੀ ਆਵੇ ਸਾਂਝਾ ਯਾਰ, ਆਪਣਾ ਪੈਂਡਾ ਪੰਧ ਮੁਕਾਇੰਦਾ। ਸੋਹਰੇ ਘਰ ਵੇਖੇ ਏਕਾ ਬਾਰ, ਕਾਇਆ ਮੰਦਰ ਅੰਦਰ ਬੰਦ ਕਰਾਇੰਦਾ। ਤ੍ਰੈ ਧਾਤੂ ਲੱਗਾ ਤਾਲ, ਨਾ ਕੋਈ ਤੋੜ ਤੁੜਾਇੰਦਾ। ਕਰੇ ਖੇਲ ਸਾਹਿਬ ਦਿਆਲ, ਆਪਣੀ ਠੋਕਰ ਏਕਾ ਲਾਇੰਦਾ। ਆਪੇ ਖੋਲ੍ਹੇ ਆਪਣੀ ਧਰਮਸਾਲ, ਗੁਰੂਦਵਾਰਾ ਆਪ ਉਪਾਇੰਦਾ। ਘਰ ਵਿਚ ਘਰ ਕਰੇ ਖੇਲ ਨਿਰਾਲ, ਨਿਰਾਲੀ ਚਾਲ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਧਰਾਇੰਦਾ। ਸਾਚੇ ਘਰ ਆਇਆ ਦੂਲ੍ਹਾ, ਘਰ ਸਾਚੇ ਵੱਜੀ ਵਧਾਈਆ। ਆਪੇ ਪਾਏ ਹਾਰ ਸਾਚੇ ਫੂਲਾ, ਫੁਲ ਆਪਣਾ ਨਾਉਂ ਉਪਾਈਆ। ਆਪੇ ਗਾਏ ਆਪਣਾ ਸੋਹਲਾ, ਆਪਣਾ ਰਾਗ ਸੁਣਾਈਆ। ਆਪੇ ਬਣਿਆ ਭਾਲਾ ਭੋਲਾ, ਭੋਲੀ ਸੂਰਤ ਆਪਣਾ ਰੂਪ ਧਰਾਈਆ। ਆਪ ਚੁਕਾਏ ਆਪਣਾ ਉਹਲਾ, ਪਰਦਾ ਦਏ ਉਠਾਈਆ। ਪੰਚ ਸ਼ਬਦ ਪਾਇਣ ਰੌਲਾ, ਅਨਹਦ ਧੁੰਨ ਸੁਣਾਈਆ। ਉਲਟਾ ਕਰੇ ਨਾਭ ਕੌਲਾ, ਅੰਮ੍ਰਿਤ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਸਗਨ ਮਨਾਈਆ। ਅੰਮ੍ਰਿਤ ਝਿਰੇ ਠੰਡਾ ਪਾਣੀ, ਹਰਿ ਸਾਚਾ ਆਪ ਝਿਰਾਇੰਦਾ। ਆਪੇ ਨੈਣ ਬਣ ਬਣ ਰਾਣੀ, ਆਪਣਾ ਛੰਨਾ ਆਪ ਭਰਾਇੰਦਾ। ਆਪੇ ਬੋਲ ਆਪਣੀ ਬਾਣੀ, ਆਪਣਾ ਹੁਕਮ ਸੁਣਾਇੰਦਾ। ਆਪੇ ਵੇਖ ਸੁਘੜ ਸਿਆਣੀ, ਸਚ ਸੁਆਣੀ ਕੋਲ ਬਹਾਇੰਦਾ। ਆਪੇ ਹੋਇਆ ਜਾਣ ਜਾਣੀ, ਜਾਨਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਘਰ ਸਾਚੇ ਚੌਥੇ ਪਦ ਬੈਠਾ ਚੜ੍ਹ, ਆਪਣੀ ਦਇਆ ਕਮਾਈਆ। ਆਪਣੀ ਲਾਂਵ ਆਪੇ ਰਿਹਾ ਪੜ੍ਹ, ਪਹਿਲਾ ਦੂਜਾ ਤੀਜਾ ਘਰ ਤਜਾਈਆ। ਚੌਥੇ ਪੁਰਖ ਅਬਿਨਾਸ਼ੀ ਫੜਿਆ ਲੜ, ਛੁੱਟ ਕਦੇ ਨਾ ਜਾਈਆ। ਮੇਰਾ ਕੰਤ ਸੁਹਾਗੀ ਨਾ ਜਨਮੇ ਨਾ ਜਾਏ ਮਰ, ਗੁਰਮੁਖ ਨਾਰੀ ਖ਼ੁਸ਼ੀ ਮਨਾਈਆ। ਜਗਤ ਜੰਜਾਲਾ ਮਿਟਿਆ ਡਰ, ਨਿਰਭੌ ਤੱਕੀ ਇਕ ਸਰਨਾਈਆ। ਮੈਂ ਹੋਈ ਸੁਭਾਗਣ ਆਇਆ ਘਰ, ਦੂਰ ਦੁਰਾਡਾ ਚਲ ਕੇ ਮਾਹੀਆ। ਕਮਲੀ ਕੋਝੀ ਲਾਈ ਲੜ, ਅਵਗੁਣ ਗੁਣ ਨਾ ਕੋਇ ਵਖਾਈਆ। ਚਰਨ ਕਵਲ ਸੇਵਕ ਸੇਵਾ ਲਵਾਂ ਕਰ, ਸਾਚੀ ਸੇਵਾ ਮੋਹੇ ਬਣ ਆਈਆ। ਮੇਰਾ ਖ਼ਾਲੀ ਭੰਡਾਰਾ ਦੇਵੇ ਭਰ, ਆਪਣੀ ਦਇਆ ਕਮਾਈਆ। ਸੋਹੇ ਵੇਲਾ ਮੇਰੀ ਸੇਜਾ ਜਾਏ ਚੜ੍ਹ, ਕੰਤ ਭਤਾਰ ਸੱਚਾ ਸ਼ਹਿਨਸ਼ਾਹੀਆ। ਆਪਣਾ ਪ੍ਰੇਮ ਮੇਰੇ ਅੰਦਰ ਦੇਵੇ ਧਰ, ਮੇਰੇ ਘਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਜੁਗ ਦਾ ਸਚ ਪਿਆਰ, ਗੁਰਸਿਖਾਂ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਮੇਲਿਆ ਸੋ ਅੰਤ ਵਿਛੜ ਨਾ ਜਾਈਆ।