੩੦ ਪੋਹ ੨੦੧੫ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਘਰ ਕਾਦਰਾਬਾਦ
ਨਿਰਗੁਣ ਰੂਪ ਸਤਿ, ਸਤਿ ਸਮਾਇਆ। ਆਪ ਆਪਣਾ ਕਰ ਉਤਪਤ, ਆਪੇ ਵੇਖ ਵਖਾਇਆ। ਆਪੇ ਪਰਮ ਪੁਰਖ ਪ੍ਰਭ ਕਮਲਾਪਾਤ, ਆਪੇ ਨਾਰੀ ਵੇਸ ਵਟਾਇਆ । ਆਪੇ ਆਪਣਾ ਅੰਤਰ ਬੀਜੇ ਆਪਣੇ ਵਤ, ਆਪੇ ਖੇਲ ਖਿਲਾਇਆ। ਆਪੇ ਜਾਣੇ ਆਪਣੀ ਗਤ ਮਿਤ, ਆਪ ਆਪਣੇ ਭੇਵ ਸਮਾਇਆ। ਆਪੇ ਆਪਣੀ ਰੱਖੇ ਪਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਉਤਪਤ ਕਰਨੇਹਾਰਾ ਆਦਿ ਨਿਰੰਜਣ, ਏਕਾ ਏਕ ਏਕੰਕਾਰਿਆ। ਆਪੇ ਸਾਜਣ ਆਪੇ ਸੱਜਣ, ਹਰਿ ਆਪੇ ਮੀਤ ਮੁਰਾਰਿਆ। ਆਪ ਚਲਾਏ ਆਪਣਾ ਜਹਾਜ਼ਨ, ਆਪੇ ਵੇਖੇ ਪਾਰ ਕਿਨਾਰਿਆ। ਆਪ ਸਵਾਰੇ ਆਪਣਾ ਕਾਜਨ, ਆਪ ਆਪਣਾ ਕਰਮ ਕਮਾ ਰਿਹਾ। ਆਪ ਆਪਣਾ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਰਿਹਾ। ਹਰਿ ਕਾ ਰੂਪ ਅਪਰ ਅਪਾਰ, ਆਪੇ ਆਪ ਉਪਾਈਆ। ਨਾ ਕੋਈ ਪਾਵਣਹਾਰਾ ਸਾਰ, ਨਾ ਕੋਈ ਵੇਖ ਵਖਾਈਆ। ਨਾ ਕੋਈ ਲੇਖਾ ਲਿਖੇ ਸੰਸਾਰ, ਨਾ ਕੋਈ ਕਲਮ ਚਲਾਈਆ। ਅਲਖ ਅਗੋਚਰ ਅਗੰਮ ਅਪਾਰ, ਅਗੰਮ ਅਗੰਮੜਾ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਉਤਪਤ ਆਪੇ ਨਾਉਂ ਧਰਾਈਆ। ਆਪਣਾ ਆਪ ਆਪੇ ਰੱਖ, ਆਪਣੀ ਕਲ ਵਰਤਾਇੰਦਾ। ਅਬਿਨਾਸ਼ੀ ਕਰਤਾ ਹੋ ਪਰਤੱਖ, ਆਪਣਾ ਦਰਸ ਦਿਖਾਇੰਦਾ। ਆਪ ਆਪਣਾ ਕਰੇ ਵੱਖ, ਆਪ ਆਪਣੀ ਵੰਡ ਵੰਡਾਇੰਦਾ। ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਨਾਉਂ ਧਰਾਇੰਦਾ। ਆਪੇ ਗਾਏ ਆਪਣੀ ਕਥਾ ਅਕੱਥ, ਆਪਣਾ ਸ਼ਬਦ ਅਲਾਇੰਦਾ। ਆਪੇ ਦੇਵੇ ਆਪਣੀ ਵੱਥ, ਆਪਣਾ ਅੰਗ ਕਟਾਇੰਦਾ। ਪਾਰਬ੍ਰਹਮ ਬ੍ਰਹਮ ਖੋਲ੍ਹੇ ਅੱਖ, ਆਪ ਆਪਣਾ ਨੂਰ ਚਮਕਾਇੰਦਾ। ਲੱਖ ਚੁਰਾਸੀ ਅੰਦਰ ਰੱਖ, ਦਿਵਸ ਰੈਣ ਡਗਮਗਾਇੰਦਾ। ਆਪਣੇ ਪਰਦੇ ਆਪੇ ਢਕ, ਆਪਣਾ ਮੁਖ ਛੁਪਾਇੰਦਾ। ਖੇਲੇ ਖੇਲ ਅਲਖਣਾ ਅਲੱਖ, ਭੇਵ ਕੋਇ ਨਾ ਪਾਇੰਦਾ। ਬ੍ਰਹਮ ਵਿਸ਼ਨ ਸ਼ਿਵ ਕੋਈ ਨਾ ਚਲੇ ਵਸ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਜੁਗ ਜੁਗ ਰਾਹ ਰਿਹਾ ਦੱਸ, ਆਪਣਾ ਕਰਮ ਕਮਾਇੰਦਾ। ਲੋਆਂ ਪੁਰੀਆਂ ਆਪੇ ਨੱਸ, ਬ੍ਰਹਿਮੰਡ ਖੰਡ ਫਿਰਾਇੰਦਾ। ਆਪੇ ਜਾਣੇ ਆਪਣਾ ਜਸ, ਸਿਫ਼ਤ ਸਲਾਹੀ ਆਪ ਅਖਵਾਇੰਦਾ। ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਹਿਰਦੇ ਅੰਦਰ ਵਸ, ਆਪ ਆਪਣਾ ਭੇਵ ਖੁਲਾਇੰਦਾ। ਕੋਟਨ ਕੋਟ ਪਰਕਾਸ਼ ਕਰੇ ਰਵ ਸਸ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਉਤਪਤ ਕਮਲਾਪਤ, ਲੱਖ ਚੁਰਾਸੀ ਆਪ ਸਮਾਇੰਦਾ। ਆਦਿ ਨਿਰੰਜਣ ਆਤਮ ਬ੍ਰਹਮ, ਆਪਣੀ ਅੰਸ ਬਣਾਈਆ। ਆਪੇ ਦੇਵਣਹਾਰਾ ਜਨਮ, ਆਪੇ ਲਏ ਮਿਲਾਈਆ। ਆਪੇ ਸੰਗ ਰਲਾਏ ਕਰਮ, ਕਰਮ ਕਰਮਾਂ ਲੇਖ ਲਿਖਾਈਆ। ਆਪ ਜਣਾਏ ਆਪਣਾ ਧਰਮ, ਆਪੇ ਦਏ ਵਡਿਆਈਆ। ਆਪੇ ਵੇਖੇ ਵਰਨ ਬਰਨ, ਆਪੇ ਖੇਲ ਖਿਲਾਈਆ। ਆਪ ਬੁਝਾਏ ਆਪਣੀ ਸਰਨ, ਜਿਸ ਜਨ ਦਇਆ ਕਮਾਈਆ। ਪਾਰਬ੍ਰਹਮ ਪ੍ਰਭ ਤਰਨੀ ਤਰਨ, ਤਾਰਨਹਾਰ ਆਪ ਹੋ ਜਾਈਆ। ਗੁਰਮੁਖ ਸਾਚੇ ਕਰਨੀ ਕਰਨ, ਕਿਰਿਆ ਕਿਰਤ ਇਕ ਵਖਾਈਆ। ਖੋਲ੍ਹਣਹਾਰ ਹਰਨ ਫਰਨ, ਨੇਤਰ ਨੈਣ ਇਕ ਖੁਲ੍ਹਾਈਆ। ਆਪ ਚੁਕਾਏ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰਾਈਆ। ਸੰਤ ਸੁਹੇਲੇ ਤੇਰਾ ਰੰਗ, ਹਰਿ ਸਾਚਾ ਆਪ ਰੰਗਾਈਆ। ਸਚ ਸਿੰਘਾਸਣ ਬੈਠ ਪਲੰਘ, ਸਚਖੰਡ ਦਵਾਰਾ ਇਕ ਵੇਖ ਵਖਾਈਆ। ਅੰਮ੍ਰਿਤ ਧਾਰਾ ਏਕਾ ਗੰਗ, ਚਰਨ ਕਵਲ ਹਰਿ ਵਹਾਈਆ। ਕੱਟਣਹਾਰਾ ਭੁੱਖ ਨੰਗ, ਵਡ ਦਾਤਾ ਬੇਪਰਵਾਹੀਆ। ਭਗਤਨ ਮੀਤਾ ਵਸਿਆ ਸੰਗ, ਵਿਛੜ ਕਦੇ ਨਾ ਜਾਈਆ। ਆਪਣੇ ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਪਾਈਆ। ਸ਼ਾਹ ਸਵਾਰਾ ਹਰਿ ਮਲੰਘ, ਦਿਸ ਕਿਸੇ ਨਾ ਆਈਆ। ਚੌਦਾਂ ਲੋਕਾਂ ਰਿਹਾ ਲੰਘ, ਤ੍ਰਿਲੋਕੀ ਚਰਨਾ ਹੇਠ ਦਬਾਈਆ। ਭਗਤ ਦਵਾਰਾ ਰਿਹਾ ਲੰਘ, ਹਰਿ ਵਡ ਵੱਡਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿਜਨ ਸਾਚੇ ਲਏ ਤਰਾਈਆ। ਭਗਤ ਵਛਲ ਹਰਿ ਗਿਰਧਾਰਾ, ਆਦਿ ਜੁਗਾਦਿ ਸਮਾਇਆ। ਨਿਤ ਨਵਿਤ ਲੈ ਅਵਤਾਰਾ, ਹਰਿਜਨ ਸਾਚੇ ਲਏ ਤਰਾਇਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਭੇਵ ਕਿਸੇ ਨਾ ਪਾਇਆ। ਏਕਾ ਏਕੰਕਾਰਾ ਖੇਲ ਨਿਆਰਾ, ਆਪ ਆਪਣਾ ਰਿਹਾ ਕਰਾਇਆ। ਆਪੇ ਨਿਰਗੁਣ ਨੂਰ ਕਰ ਉਜਿਆਰਾ, ਆਪ ਆਪਣਾ ਡਗਮਗਾਇਆ। ਆਪੇ ਥਿਰ ਘਰ ਬੈਠ ਸੱਚੇ ਦਰਬਾਰਾ, ਸਚ ਸਿੰਘਾਸਣ ਆਪ ਸੁਹਾਇਆ। ਆਪੇ ਸ਼ਾਹੋ ਭੂਪ ਸਿਕਦਾਰਾ, ਸਚ ਸੁਲਤਾਨ ਆਪ ਅਖਵਾ ਰਿਹਾ। ਆਪੇ ਜਾਣੇ ਆਪਣੀ ਧਾਰਾ, ਨਾ ਕੋਈ ਸੰਗ ਰਲਾ ਲਿਆ। ਇਕ ਅਕੱਲਾ ਖੇਲ ਅਪਾਰਾ, ਅਕਲ ਕਲਾ ਵਰਤਾ ਰਿਹਾ। ਆਦਿ ਨਿਰੰਜਣ ਹੋ ਉਜਿਆਰਾ, ਅਬਿਨਾਸ਼ੀ ਪੁਰਖ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਰਿਹਾ। ਆਦਿ ਪੁਰਖ ਨਿਰੰਜਣ ਕਰਤਾ ਅਬਿਨਾਸ਼ੀ, ਏਕਾ ਏਕ ਅਖਵਾਈਆ। ਜੁਗ ਜੁਗ ਖੇਲੇ ਖੇਲ ਤਮਾਸ਼ੀ, ਸਤਿਗੁਰ ਨਾਉਂ ਧਰਾਈਆ। ਗਗਨ ਮੰਡਲ ਪਾਵੇ ਰਾਸੀ, ਲੋਕ ਪਰਲੋਕ ਵੇਖ ਵਖਾਈਆ। ਸਚਖੰਡ ਦਵਾਰੇ ਕਰਿਆ ਵਾਸੀ, ਨੂਰ ਨੂਰ ਕਰੇ ਰੁਸ਼ਨਾਈਆ। ਪਾਵੇ ਸਾਰ ਪ੍ਰਿਥਮੀ ਅਕਾਸ਼ੀ, ਅਕਾਸ਼ ਪਾਤਾਲਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਸਰਬ ਗੁਣ ਦਾਤਾ, ਏਕਾ ਏਕ ਅਖਵਾਇੰਦਾ। ਪੁਰਖ ਅਕਾਲ ਪੁਰਖ ਬਿਧਾਤਾ, ਏਕਾ ਜੋਤ ਡਗਮਗਾਇੰਦਾ। ਆਪੇ ਜਾਣੇ ਆਪਣੀ ਜਾਤਾ, ਆਪੇ ਆਪਣਾ ਧਰਮ ਰਖਾਇੰਦਾ। ਆਪਣੀ ਕਲ ਆਪ ਪਛਾਤਾ, ਕੁਲਵੰਤਾ ਨਾਉਂ ਧਰਾਇੰਦਾ। ਆਪੇ ਪਿਤਾ ਆਪੇ ਮਾਤਾ, ਆਪੇ ਬਾਲਕ ਰੂਪ ਅਖਵਾਇੰਦਾ। ਆਪੇ ਦੇਵਣਹਾਰਾ ਦਾਤਾਂ, ਆਪੇ ਝੋਲੀ ਅੱਗੇ ਡਾਹਿੰਦਾ। ਆਪੇ ਬੈਠਾ ਰਹੇ ਇਕ ਇਕਾਂਤਾ, ਆਦਿ ਜੁਗਾਦਿ ਰਹਾਇੰਦਾ। ਆਪੇ ਆਪਣੀ ਪੁੱਛਣਹਾਰਾ ਵਾਤਾ, ਹਰਿ ਆਪੇ ਆਪਣੀ ਦਇਆ ਕਮਾਇੰਦਾ। ਆਪੇ ਪੁਰਖ ਪੁਰਖ ਸਮਰਾਥਾ, ਸਮਰਥ ਪੁਰਖ ਅਖਵਾਇੰਦਾ। ਆਪੇ ਵੇਖ ਅਨਾਥ ਅਨਾਥਾਂ, ਨਾਥ ਅਨਾਥੀ ਆਪ ਹੋ ਜਾਇੰਦਾ। ਆਪੇ ਜਾਣੇ ਆਪਣੀ ਗਾਥਾ, ਜੁਗ ਜੁਗ ਆਪ ਅਲਾਇੰਦਾ। ਆਪ ਚਲਾਏ ਆਪਣਾ ਰਾਥਾ, ਰਥਵਾਹੀ ਦਿਸ ਨਾ ਆਇੰਦਾ। ਆਪੇ ਹੋਏ ਸਗਲਾ ਸਾਥਾ, ਸਾਚਾ ਸੰਗ ਨਿਭਾਇੰਦਾ। ਆਪੇ ਹੋਏ ਤ੍ਰਿਲੋਕੀ ਨਾਥਾ, ਤ੍ਰੈ ਤ੍ਰੈ ਲੋਕ ਵੇਸ ਵਟਾਇੰਦਾ। ਆਪੇ ਫੋਲੇ ਚੌਦਾਂ ਹਾਟਾਂ, ਚੌਦਾਂ ਹੱਟ ਮੂਲ ਚੁਕਾਇੰਦਾ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਨਟ ਨਟੂਆ ਸਾਂਗ ਵਰਤਾਇੰਦਾ। ਆਪੇ ਆਦਿ ਸ਼ਕਤ ਜੋਤ ਲਿਲਾਟਾ, ਆਪੇ ਨੂਰੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸੁਲਤਾਨਾ, ਏਕ ਏਕ ਅਖਵਾਈਆ। ਖੇਲੇ ਖੇਲ ਦੋ ਜਹਾਨਾ, ਭੇਵ ਕੋਈ ਨਾ ਪਾਈਆ। ਆਪ ਝੁਲਾਏ ਸਚ ਨਿਸ਼ਾਨਾ, ਸਚਖੰਡ ਦਵਾਰਾ ਵੇਖ ਵਖਾਈਆ। ਰਾਗ ਅਲਾਏ ਸਚ ਤਰਾਨਾ, ਘਰ ਸਾਚੇ ਵੱਜੇ ਵਧਾਈਆ।
