੨੮ ਸਾਵਣ ੨੦੧੮ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਸਰੀਂਹ ਪੁਰ ਜ਼ਿਲਾ ਹੁਸ਼ਿਆਰਪੁਰ
ਘਰ ਆਏ ਵਖਾਏ ਘਰ, ਘਰ ਘਰ ਵਿਚ ਦਇਆ ਕਮਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਅਵਰ ਨਾ ਕੋਇ ਰਖਾਈਆ। ਬੰਦ ਤਾਕੀ ਖੋਲ੍ਹ ਕਿਵਾੜ, ਦੂਈ ਪਰਦਾ ਦਏ ਉਠਾਈਆ। ਤ੍ਰੈਗੁਣ ਅਗਨੀ ਬੁਝੇ ਹਾੜ, ਤਤਵ ਤਤ ਨਾ ਕੋਇ ਰਖਾਈਆ। ਕਰੇ ਪਰਕਾਸ਼ ਬਹੱਤਰ ਨਾੜ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਘਰ ਵਿਚ ਘਰ ਦਏ ਵਖਾਲ, ਸਤਿਗੁਰ ਪੂਰਾ ਬੇਪਰਵਾਹੀਆ। ਚਲੇ ਚਲਾਏ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਤੋੜਨਹਾਰ ਜਗਤ ਜੰਜਾਲ, ਜਾਗਰਤ ਜੋਤ ਲਏ ਜਗਾਈਆ। ਲੇਖਾ ਜਾਣੇ ਕਾਲ ਮਹਾਕਾਲ, ਦੀਨ ਦਿਆਲ ਸੱਚਾ ਸ਼ਹਿਨਸ਼ਾਹੀਆ। ਸੁਰਤ ਸੁਆਣੀ ਨਾ ਹੋਏ ਬੇਹਾਲ, ਗੁਰ ਸ਼ਬਦੀ ਹੋਏ ਸਹਾਈਆ। ਗ੍ਰਹਿ ਮੰਦਰ ਵਖਾਏ ਅੰਮ੍ਰਿਤ ਤਾਲ, ਨਿਝਰ ਝਿਰਨਾ ਆਪ ਝਿਰਾਈਆ। ਘਰ ਵਖਾਏ ਸੱਚੀ ਧਰਮਸਾਲ, ਘਰ ਮੰਦਰ ਸੋਭਾ ਪਾਈਆ। ਘਰ ਘਰ ਵਿਚ ਦੀਪਕ ਦੇਵੇ ਬਾਲ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਘਰ ਮੇਲਾ ਹਰਿ ਭਗਵਾਨ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਏਕੰਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਹੋ ਮਿਹਰਵਾਨ, ਵਸਤ ਅਮੋਲਕ ਆਪ ਵਰਤਾਇੰਦਾ। ਸ੍ਰੀ ਭਗਵਾਨ ਘਰ ਵਿਚ ਵਖਾਏ ਸਚ ਨਿਸ਼ਾਨ, ਘਰ ਘਰ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਆਪਣਾ ਮੰਦਰ ਆਪ ਸੁਹਾਇੰਦਾ। ਗੁਰਸਿਖ ਸਾਚਾ ਕਰ ਪਰਵਾਨ, ਜੁਗ ਜੁਗ ਆਪਣਾ ਭੇਵ ਖੁਲ੍ਹਾਇੰਦਾ। ਆਤਮ ਦਰਸੀ ਦੇਵੇ ਆਤਮ ਦਾਨ, ਆਤਮ ਅੰਤਰ ਨਿਜ ਝੋਲੀ ਆਪ ਭਰਾਇੰਦਾ। ਸ਼ਬਦ ਅਨਾਦੀ ਇਕ ਧੁਨਕਾਨ, ਨਾਦ ਅਨਾਦੀ ਨਾਦ ਵਜਾਇੰਦਾ। ਬੋਧ ਅਗਾਧੀ ਸ਼ਬਦ ਗਿਆਨ, ਗਿਆਨ ਮੰਤ ਇਕ ਦ੍ਰਿੜਾਇੰਦਾ। ਬ੍ਰਹਮ ਬ੍ਰਹਿਮਾਦੀ ਵੇਖ ਵਖਾਨ, ਆਤਮ ਬ੍ਰਹਮ ਆਪ ਵਖਾਇੰਦਾ। ਸਾਚੀ ਸੇਜਾ ਕਰ ਪਰਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਆਪ ਬਣਾਏ ਸਚ ਮਕਾਨ, ਘਰ ਘਰ ਵਿਚ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਵੇਖ ਵਖਾਇੰਦਾ। ਘਰ ਘਰ ਵੇਖ ਸ੍ਰੀ ਭਗਵੰਤ, ਆਪਣਾ ਖੇਲ ਖਿਲਾਈਆ। ਘਰ ਮੇਲਾ ਨਾਰੀ ਕੰਤ, ਘਰ ਸਾਚੀ ਸੇਜ ਸੁਹਾਈਆ। ਘਰ ਮਹਿਮਾ ਗਾਏ ਅਗਣਤ, ਲੇਖਾ ਕਰ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਵੇਖ ਵਖਾਈਆ। ਘਰ ਵਿਚ ਘਰ ਸਚ ਮਹੱਲਾ, ਸਤਿਗੁਰ ਪੂਰਾ ਆਪ ਜਣਾਇੰਦਾ। ਵਸਣਹਾਰਾ ਇਕ ਇਕੱਲਾ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਬ੍ਰਹਮ ਧਾਰ ਚਲਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਮਨਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਪ ਸੁਹਾਇੰਦਾ। ਘਰ ਘਰ ਹਰਿ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਦੀਪ ਜਗਾਏ ਜੋਤ ਨਿਰੰਜਣਾ, ਆਦਿ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨਾ, ਭੈ ਅਵਰ ਨਾ ਕੋਇ ਜਣਾਈਆ। ਅੰਮ੍ਰਿਤ ਸਰੋਵਰ ਏਕਾ ਮਜਨਾ, ਸਚ ਅਸ਼ਨਾਨ ਕਰਾਈਆ। ਨਾ ਘੜਿਆ ਨਾ ਭੱਜਣਾ, ਸੋ ਘਰ ਸਾਚਾ ਆਪ ਬਣਾਈਆ। ਨੌਂ ਦਵਾਰੇ ਗੁਰਸਿਖ ਤਜਣਾ, ਜਗਤ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਵਜਾਏ ਸਚ ਰਬਾਬਾ, ਤਾਰ ਸਤਾਰ ਨਾ ਕੋਇ ਵਖਾਈਆ। ਘਰ ਵਿਚ ਘਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੋਤੀ ਨੂਰ ਇਲਾਹੀ, ਅੱਲਾ ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਰੂਪ ਕਰ ਬਿਸਮਿੱਲਾ, ਬਿਸਮਿਲ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਜੋਤ ਜਗਾਇੰਦਾ। ਘਰ ਘਰ ਵਿਚ ਨਿਰਗੁਣ ਧਾਰ, ਨਿਰਗੁਣ ਨਿਰਵੈਰ ਆਪ ਚਲਾਈਆ। ਅਜੂਨੀ ਰਹਿਤ ਹੋ ਤਿਆਰ, ਰੂਪ ਅਨੂਪ ਆਪ ਵਟਾਈਆ। ਕਰਤਾ ਪੁਰਖ ਕਰੇ ਕਾਰ, ਕਰਨਹਾਰ ਇਕ ਅਖਵਾਈਆ। ਚਾਰ ਕੁੰਟ ਦਹਿ ਦਿਸ਼ਾ ਆਪੇ ਹੋਇਆ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਸਾਚਾ ਮੰਦਰ ਕਰ ਤਿਆਰ, ਆਪੇ ਵੇਖ ਵਖਾਈਆ। ਬਾਢੀ ਬਣਾਏ ਨਾ ਕੋਇ ਵਿਚ ਸੰਸਾਰ, ਇੱਟ ਗਾਰਾ ਨਾ ਕੋਇ ਲਗਾਈਆ। ਸੂਰਜ ਚੰਨ ਨਾ ਕਰੇ ਕੋਇ ਉਜਿਆਰ, ਰਵ ਸਸ ਬੈਠਣ ਮੁਖ ਸ਼ਰਮਾਈਆ। ਗੁਰ ਕਾ ਮੰਦਰ ਅਪਰ ਅਪਾਰ, ਸਤਿਗੁਰ ਸਾਚਾ ਆਪ ਬਣਾਈਆ। ਗੁਰਮੁਖ ਵਿਰਲੇ ਦਏ ਵਖਾਲ, ਜਿਸ ਆਪਣੀ ਬੂਝ ਬੁਝਾਈਆ। ਦਿਵਸ ਰੈਣ ਵੱਜੇ ਤਾਲ, ਅਨਹਦ ਆਪਣਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ। ਸਾਚਾ ਘਰ ਸੋਭਨੀਕ, ਹਰਿ ਸਾਚਾ ਆਪ ਸੁਹਾਇੰਦਾ। ਨਾ ਕੋਈ ਦੂਸਰ ਵਸੇ ਸ਼ਰੀਕ, ਲਾਸ਼ਰੀਕ ਖੇਲ ਖਿਲਾਇੰਦਾ। ਆਪਣੇ ਹੱਥ ਰੱਖੀ ਤੌਫ਼ੀਕ਼, ਆਪਣੀ ਰਹਿਮਤ ਆਪ ਕਮਾਇੰਦਾ। ਆਪਣਾ ਮਾਰਗ ਇਕ ਬਾਰੀਕ, ਪ੍ਰੇਮ ਆਪ ਰਖਾਇੰਦਾ। ਮਿਹਬਾਨ ਬੀਦੋ ਵਸੇ ਨਜ਼ਦੀਕ, ਬੀ ਖ਼ੈਰ ਯਾ ਅੱਲਾ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਖੋਲ੍ਹੇ ਤਾਕੀ, ਗੁਰ ਸਤਿਗੁਰ ਦਇਆ ਕਮਾਈਆ। ਗੁਰਸਿਖਾਂ ਚੁਕਾਏ ਲਹਿਣਾ ਦੇਣਾ ਬਾਕੀ, ਪੂਰਬ ਜਨਮਾਂ ਵੇਖ ਵਖਾਈਆ। ਆਪ ਚੜ੍ਹਾਏ ਔਖੀ ਘਾਟੀ, ਸਾਚੇ ਮਾਰਗ ਆਪੇ ਲਾਈਆ। ਜਿਸ ਕਿਰਪਾ ਕਰੇ ਤਿਸ ਬਜਰ ਕਪਾਟੀ ਪਾਟੀ, ਪਰਦਾ ਰਹੇ ਨਾ ਰਾਈਆ। ਘਰ ਘਰ ਵਿਚ ਵਖਾਏ ਸਾਚੀ ਹਾਟੀ, ਚੌਦਾਂ ਲੋਕ ਬੈਠੇ ਸੀਸ ਨਿਵਾਈਆ। ਘਰ ਤੀਰਥ ਘਰ ਤਾਟੀ, ਘਰ ਸਰੋਵਰ ਦਏ ਨੁਹਾਈਆ। ਘਰ ਦੀਵਾ ਘਰ ਬਾਤੀ, ਘਰ ਘਰ ਕਰੇ ਰੁਸ਼ਨਾਈਆ। ਘਰ ਮੇਲਾ ਕਮਲਾਪਾਤੀ, ਕੰਤ ਸੁਹਾਗ ਬੈਠਾ ਆਸਣ ਲਾਈਆ। ਘਰ ਪਿਆਵੇ ਬਣ ਬਣ ਸਾਕੀ, ਸਚ ਪਿਆਲਾ ਹੱਥ ਉਠਾਈਆ। ਘਰ ਬਹਿ ਬਹਿ ਪੁੱਛੇ ਵਾਤੀ, ਸਤਿਗੁਰ ਪੂਰਾ ਭੁਲ ਕਦੇ ਨਾ ਜਾਈਆ। ਘਰ ਹਵਨ ਕਰੇ ਆਰਤੀ, ਮੰਡਲ ਰਾਸੀ ਰਾਸ ਰਚਾਈਆ। ਗੁਰ ਕਾ ਭੇਵ ਨਾ ਪਾਏ ਚੌਦਾਂ ਵਿਦਿਆ ਉਰਦੂ ਫ਼ਾਰਸੀ, ਹਿੰਦੀ ਪੰਜਾਬੀ ਨੀਰ ਨੈਣਾਂ ਰੋ ਰੋ ਦਏ ਵਹਾਈਆ। ਸਤਿਗੁਰ ਪੂਰਾ ਆਪੇ ਚੜ੍ਹੇ ਆਪਣੀ ਸਾਚੀ ਘਾਟੀ, ਆਤਮ ਸਿੰਘਾਸਣ ਸੋਭਾ ਪਾਈਆ। ਆਪੇ ਜਾਣੇ ਆਪਣੀ ਵਾਟੀ, ਲੱਖ ਚੁਰਾਸੀ ਪੰਧ ਮੁਕਾਈਆ। ਗੁਰਸਿਖ ਤੇਰੀ ਨਾ ਕੋਈ ਗੋਤ ਨਾ ਕੋਈ ਜ਼ਾਤੀ, ਤੇਰਾ ਰੂਪ ਅਨੂਪ ਬ੍ਰਹਮ ਬ੍ਰਹਮ ਪਰਗਟਾਈਆ। ਆਦਿ ਜੁਗਾਦੀ ਸਾਚਾ ਸਾਥੀ, ਸੋ ਪੁਰਖ ਨਿਰੰਜਣ ਇਕ ਅਖਵਾਈਆ। ਜੁਗਾ ਜੁਗੰਤਰ ਗੁਰ ਅਵਤਾਰ ਗੌਣ ਗਾਥੀ, ਰਸਨਾ ਜੇਹਵਾ ਜੇਹਵਾ ਸਰਬ ਸੁਣਾਈਆ। ਸਰਬ ਜੀਆਂ ਦਾ ਏਕਾ ਦਾਤੀ, ਮੁਕਾਮੇ ਹੱਕ ਬੈਠਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਘਰ ਹੋਏ ਚਾਨਣ, ਘਰ ਘਰ ਖੇਲ ਖਿਲਾਇੰਦਾ। ਘਰ ਘਰ ਰੂਪ ਧਾਰੇ ਛੱਤ੍ਰੀ ਸ਼ੂਦਰ ਵੈਸ਼ ਬ੍ਰਹਿਮਣ, ਰੂਪ ਅਨੂਪ ਆਪ ਵਟਾਇੰਦਾ। ਘਰ ਘਰ ਹੋਏ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਇੰਦਾ। ਘਰ ਘਰ ਆਸਾ ਤ੍ਰਿਸਨਾ ਪਕੜੇ ਦਾਮਨ, ਮਾਇਆ ਮਮਤਾ ਨਾਲ ਰਲਾਇੰਦਾ। ਘਰ ਘਰ ਰੱਖੇ ਅੰਧੇਰੀ ਸ਼ਾਮਨ, ਅੰਧ ਅੰਧੇਰ ਆਪ ਵਖਾਇੰਦਾ। ਜੁਗ ਜੁਗ ਗੁਰਮੁਖ ਵਿਰਲੇ ਹੋਵੇ ਜ਼ਾਮਨ, ਆਪਣਾ ਪੱਲੂ ਨਾਮ ਫੜਾਇੰਦਾ। ਏਕਾ ਦੇਵੇ ਸੱਚਾ ਨਾਮਨ, ਨਾਮ ਅਮੋਲਕ ਝੋਲੀ ਪਾਇੰਦਾ। ਮਿਟੇ ਰੈਣ ਅੰਧੇਰੀ ਸ਼ਾਮਨ, ਜੋਤੀ ਨੂਰ ਇਕ ਜਗਾਇੰਦਾ। ਦਰਸ ਦਿਖਾਏ ਆਮ੍ਹਣੋ ਸਾਮ੍ਹਣ, ਆਪਣਾ ਪਰਦਾ ਆਪ ਚੁਕਾਇੰਦਾ। ਇਕ ਦੂਜੇ ਨੂੰ ਗੁਰੂ ਗੁਰਸਿਖ ਪਛਾਨਣ, ਗੁਰ ਆਪਣਾ ਮੇਲ ਮਿਲਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਇ ਨਿਦਾਨਨ, ਰਿਧ ਸਿਧ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਰਾਸ ਰਚਾਇੰਦਾ। ਘਰ ਵਿਚ ਮੰਡਲ ਘਰ ਵਿਚ ਰਾਸ, ਘਰ ਗੋਪੀ ਕਾਹਨ ਨਚਾਈਆ। ਘਰ ਵਿਚ ਜੋਤ ਕਰ ਪਰਕਾਸ਼, ਘਰ ਸ਼ਬਦ ਨਾਦ ਧੁਨ ਸੁਣਾਈਆ। ਘਰ ਸਖ਼ੀਆਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਘਰ ਘਰ ਪੂਰੀ ਕਰੇ ਆਸ, ਜੋ ਜਨ ਬੈਠੇ ਧਿਆਨ ਲਗਾਈਆ। ਕੱਟਣਹਾਰਾ ਜਮ ਕੀ ਫਾਸ, ਨਾਮ ਫਾਸੀ ਗਲ ਵਿਚ ਪਾਈਆ। ਗੁਰਸਿਖ ਹੋਏ ਨਾ ਕਦੇ ਉਦਾਸ, ਜਿਸ ਸਤਿਗੁਰ ਮਿਲਿਆ ਸੱਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤ ਕਰੇ ਬੰਦ ਖ਼ੁਲਾਸ, ਬੰਦੀ ਛੋੜ ਆਪ ਹੋ ਜਾਈਆ। ਘਰ ਵੇਖੇ ਖੇਲ ਤਮਾਸ਼, ਆਪ ਆਪਣੀ ਦਇਆ ਕਮਾਈਆ। ਆਦਿ ਜੁਗਾਦਿ ਨਾ ਹੋਏ ਵਿਨਾਸ, ਸੋ ਸਤਿਗੁਰ ਸੱਚਾ ਨਾਉਂ ਧਰਾਈਆ। ਘਰ ਘਰ ਵਿਚ ਬੁਝਾਏ ਪਿਆਸ, ਗੁਰਸਿਖ ਤ੍ਰਿਸਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸਾਲਾਹੀਆ। ਘਰ ਮੰਦਰ ਹਰਿ ਸਾਲਾਹਿੰਦਾ, ਜੁਗਾ ਜੁਗੰਤਰ ਕਾਰ। ਭਗਤ ਭਗਵੰਤ ਆਪ ਉਠਾਇੰਦਾ, ਆਪ ਆਪਣਾ ਕਰ ਵਿਚਾਰ, ਸੰਤ ਸਾਜਨ ਮੇਲ ਮਿਲਾਇੰਦਾ, ਸਤਿ ਸਤਿਵਾਦੀ ਮੀਤ ਮੁਰਾਰ। ਗੁਰਮੁਖ ਗੁਰ ਗੁਰ ਗੋਦ ਬਹਾਇੰਦਾ, ਏਕਾ ਦੇਵੇ ਨਾਮ ਆਧਾਰ। ਗੁਰਸਿਖ ਏਕਾ ਰੰਗ ਰੰਗਾਇੰਦਾ, ਉਤਰ ਨਾ ਜਾਏ ਦੂਜੀ ਵਾਰ। ਸੁਰਤੀ ਸ਼ਬਦ ਡੋਰ ਮਿਲਾਇੰਦਾ, ਘਰ ਮੰਦਰ ਪਾਵੇ ਸਾਰ। ਜਗਤ ਵਿਛੋੜਾ ਆਪ ਕਟਾਇੰਦਾ, ਨਾਤਾ ਤੁਟੇ ਦੁਹਾਗੁਣ ਨਾਰ। ਕੰਤ ਕੰਤੂਹਲ ਖ਼ੁਸ਼ੀ ਮਨਾਇੰਦਾ, ਸੋਹੇ ਬੰਕ ਦਵਾਰ। ਗੁਰਸਿਖ ਆਪਣੇ ਅੰਕ ਲਗਾਇੰਦਾ, ਅੰਗੀਕਾਰ ਕਰੇ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖੇ ਸਚ ਦਵਾਰ। ਘਰ ਘਰ ਦਵਾਰਾ ਖੋਲ੍ਹਦਾ, ਗੁਰ ਸਤਿਗੁਰ ਸੱਜਣ ਮੀਤ। ਗੁਰਸਿਖਾਂ ਨਾਲ ਸਦਾ ਬੋਲਦਾ, ਆਪ ਸੁਣਾਏ ਆਪਣਾ ਗੀਤ। ਸ਼ਬਦ ਕੰਡੇ ਆਪੇ ਤੋਲਦਾ, ਆਦਿ ਜੁਗਾਦੀ ਸਾਚੀ ਰੀਤ। ਭੇਵ ਖੁਲ੍ਹਾਏ ਸਦਾ ਅਡੋਲ ਦਾ, ਏਕਾ ਪਰਖਣਹਾਰਾ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਵਖਾਏ ਅੱਗੇ ਖੜ, ਸਾਚਾ ਮੰਦਰ ਗੁਰੂਦਵਾਰ ਮਸੀਤ। ਘਰ ਮੰਦਰ ਘਰ ਮਸੀਤ, ਘਰ ਗੁਰੂਦਵਾਰ ਵਖਾਈਆ। ਘਰ ਠਾਂਡਾ ਘਰ ਸੀਤ, ਘਰ ਸਾਂਤਕ ਸਤਿ ਵਰਤਾਈਆ। ਘਰ ਪਤਤ ਘਰ ਪੁਨੀਤ, ਘਰ ਪਾਪੀ ਰਿਹਾ ਤਰਾਈਆ। ਘਰ ਦੇਵੇ ਨਾਮ ਅਨਡੀਠ, ਲਿਖਣ ਪੜ੍ਹਨ ਵਿਚ ਨਾ ਆਈਆ। ਸੋ ਸਤਿਗੁਰ ਸੱਜਣ ਮੀਤ, ਲੱਖ ਚੁਰਾਸੀ ਵਿਚੋਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਨਾਦ ਵਜਾਈਆ। ਘਰ ਘਰ ਵੱਜੇ ਨਾਦ ਤੂਰ, ਤੁਰੀਆ ਰਾਗ ਅਲਾਇੰਦਾ। ਸਰਬ ਕਲਾ ਭਰਪੂਰ, ਸਤਿਗੁਰ ਸੱਜਣ ਖੇਲ ਖਿਲਾਇੰਦਾ। ਆਸਾ ਮਨਸਾ ਕਰੇ ਪੂਰ, ਮਨਸਾ ਮਨਸਾ ਵਿਚ ਸਮਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਇਕ ਦ੍ਰਿੜਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਆਪਣਾ ਨਾਮ ਜਪਾਇੰਦਾ। ਹਉਮੇਂ ਹੰਗਤਾ ਤੋੜੇ ਗੜ੍ਹ ਗ਼ਰੂਰ, ਨਿਵਣ ਸੁ ਅੱਖਰ ਆਪ ਸਮਝਾਇੰਦਾ। ਘਰ ਵਿਚ ਦੇਵੇ ਸਤਿ ਸਰੂਰ, ਘਰ ਘਰ ਵਿਚ ਖੇਲ ਖਿਲਾਇੰਦਾ। ਪੰਜ ਤੱਤ ਕਾਇਆ ਨਾ ਬਣੇ ਤੰਦੂਰ, ਜਿਸ ਸਿਰ ਹੱਥ ਟਿਕਾਇੰਦਾ। ਮਨੂਆ ਮਾਰ ਕਰੇ ਮਨੂਰ, ਜੋਤੀ ਅਗਨੀ ਹੇਠਾਂ ਡਾਹਿੰਦਾ। ਜਨਮ ਜਨਮ ਦੇ ਮੁਆਫ਼ ਕਰੇ ਕਸੂਰ, ਜੋ ਜਨ ਚਰਨੀ ਸੀਸ ਝੁਕਾਇੰਦਾ। ਅੱਠੇ ਪਹਿਰ ਹਾਜ਼ਰ ਹਜ਼ੂਰ, ਹਰਿ ਆਪਣਾ ਮੇਲ ਮਿਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਚੂਰੋ ਚੂਰ, ਨਾਮ ਖੰਡਾ ਇਕ ਚਲਾਇੰਦਾ। ਜਿਸ ਜਨ ਬਖ਼ਸ਼ੇ ਸਾਚੀ ਧੂੜ, ਜੋਤ ਲਲਾਟੀ ਡਗਮਗਾਇੰਦਾ। ਘਰ ਵਿਚ ਘਰ ਵਖਾਏ ਜ਼ਰੂਰ, ਕੀਤਾ ਕੌਲ ਭੁਲ ਨਾ ਜਾਇੰਦਾ। ਆਪਣਾ ਦੇਵੇ ਸਾਚਾ ਨੂਰ, ਨੂਰ ਨੁਰਾਨਾ ਆਪ ਅਖਵਾਇੰਦਾ। ਮੂਸਾ ਜਲਵਾ ਤੱਕੇ ਉਤੇ ਕੋਹਤੂਰ, ਗੁਰਮੁਖਾਂ ਘਰ ਘਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਆਪ ਬਣਾਇੰਦਾ। ਘਰ ਮੰਦਰ ਬਣਿਆ ਸਚ ਟਿਕਾਣਾ, ਘਰ ਘਰ ਵਿਚ ਵੱਜੀ ਵਧਾਈਆ। ਕਿਸੇ ਹੱਥ ਨਾ ਆਏ ਰਾਜਾ ਰਾਣਾ, ਲੱਖ ਚੁਰਾਸੀ ਰਹੀ ਬਿਲਲਾਈਆ। ਬਿਨ ਸਤਿਗੁਰ ਪੰਧ ਨਾ ਕਿਸੇ ਮੁਕਾਣਾ, ਭਰਮੇ ਭੁੱਲੀ ਸਰਬ ਲੋਕਾਈਆ। ਰਸਨਾ ਜੇਹਵਾ ਗਾ ਗਾ ਥੱਕੇ ਗਾਨਾ, ਗਾਵਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਦੇਵੇ ਉਠਾਈ, ਜਿਸ ਜਨ ਆਪਣੇ ਰੰਗ ਰੰਗਾਈਆ। ਘਰ ਵਿਚ ਘਰ ਸਾਚਾ ਰੰਗ, ਸਤਿਗੁਰ ਗੋਬਿੰਦ ਆਪ ਚੜ੍ਹਾਇੰਦਾ। ਆਤਮ ਸੇਜਾ ਬੈਠ ਪਲੰਘ, ਘਰ ਸਾਚੀ ਖ਼ੁਸ਼ੀ ਮਨਾਇੰਦਾ। ਇਕ ਵਜਾਏ ਨਾਦ ਮਰਦੰਗ, ਨਾਦ ਅਨਾਦੀ ਆਪ ਸੁਣਾਇੰਦਾ। ਨਾਤਾ ਤੋੜ ਦੁਹਾਗਣ ਰੰਡ, ਗੁਰਮੁਖ ਸੁਰਤੀ ਸ਼ਬਦ ਪਰਨਾਇੰਦਾ। ਏਕਾ ਵਸਤ ਅਮੋਲਕ ਵੰਡ, ਕਾਇਆ ਗੋਲਕ ਆਪ ਭਰਾਇੰਦਾ। ਅੱਠੇ ਪਹਿਰ ਪਰਮਾਨੰਦ, ਨਿਜਾਨੰਦ ਆਪ ਰਖਾਇੰਦਾ। ਜਗਤ ਵਿਕਾਰਾ ਝੂਠਾ ਗੰਦ, ਰਸਨਾ ਰਸ ਤਜਾਇੰਦਾ। ਘਰ ਵਿਚ ਘਰ ਵਖਾਏ ਸਾਚਾ ਚੰਦ, ਨੂਰ ਨੁਰਾਨਾ ਆਪ ਉਪਾਇੰਦਾ। ਨਾਤਾ ਤੋੜੇ ਜੇਰਜ ਅੰਡ, ਉਤਭੁਜ ਸੇਤਜ ਵਕ਼ਤ ਚੁਕਾਇੰਦਾ। ਸਾਹਿਬ ਦਿਆਲ ਸਦਾ ਬਖ਼ਸ਼ੰਦ, ਸਤਿਗੁਰ ਪੂਰਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਪ ਜਗਾਇੰਦਾ। ਘਰ ਜਾਗੇ ਜਾਗਣਹਾਰਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਘਰ ਭਾਗੇ ਭਾਗਣਹਾਰਾ, ਭਗਵਨ ਆਪਣੀ ਖੇਲ ਖਿਲਾਈਆ। ਘਰ ਰਾਗੀ ਰਾਗ ਗਾਏ ਗਾਵਣਹਾਰਾ, ਰਾਗ ਅਨਾਦੀ ਆਪ ਸੁਣਾਈਆ। ਘਰ ਬਾਣੀ ਬੋਲੇ ਬੋਲਣਹਾਰਾ, ਬੋਧ ਅਗਾਧ ਕਰੇ ਪੜ੍ਹਾਈਆ। ਘਰ ਬੈਠਾ ਸੁਣੇ ਸੁਣਨੇਹਾਰਾ, ਸੁੰਨ ਸਮਾਧ ਆਪ ਲਗਾਈਆ। ਕਾਗਦ ਕ਼ਲਮ ਲਿਖ ਲਿਖ ਹਾਰਾ, ਭੇਵ ਨਾ ਪਾਏ ਸੱਚੇ ਮਾਹੀਆ। ਮਸ ਰੋਵੇ ਜ਼ਾਰੋ ਜ਼ਾਰਾ, ਸੱਤ ਸਮੁੰਦਰ ਦੇਣ ਦੁਹਾਈਆ। ਬਨਾਸਪਤ ਕੂਕੇ ਕਰੇ ਪੁਕਾਰਾ, ਅਠਾਰਾਂ ਭਾਰ ਸਾਰ ਨਾ ਆਈਆ। ਹਰਿ ਕਾ ਖੇਲ ਅਗੰਮ ਨਿਆਰਾ, ਅਲਖ ਅਗੋਚਰ ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਹੋ ਉਜਿਆਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਦੂਰ ਦੁਰਾਡਾ ਚਲ ਕੇ ਆਏ ਭਗਤ ਦਵਾਰਾ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਸਾਚੇ ਸੰਤ, ਗੁਰਮੁਖ ਮੇਲੇ ਨਾਰੀ ਕੰਤ, ਗੁਰਸਿਖ ਚਾੜ੍ਹੇ ਸਾਚੀ ਰੰਗਤ, ਰੰਗ ਰੰਗੀਲਾ ਆਪ ਅਖਵਾਈਆ। ਰੰਗ ਰੰਗੀਲਾ ਸਾਹਿਬ ਸੁਲਤਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਅਗੰਮ ਅਗੰਮੜਾ ਵਸੇ ਮਕਾਨ, ਅਗੰਮੜੀ ਆਪਣੀ ਖੇਲ ਖਿਲਾਇੰਦਾ। ਅਲਖ ਅਲਖਨਾ ਬੋਲ ਜੈਕਾਰ, ਘਰ ਆਪਣੀ ਅਲਖ ਜਗਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਆਪਣਾ ਚਰਨ ਟਿਕਾਇੰਦਾ। ਸ਼ਬਦੀ ਸੁਤ ਕਰ ਪਿਆਰ, ਸੀਸ ਜਗਦੀਸ ਹੱਥ ਰਖਾਇੰਦਾ। ਕਰੇ ਖੇਲ ਅਪਰ ਅਪਾਰ, ਸੁੰਨ ਅਗੰਮ ਭੇਵ ਚੁਕਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਆਧਾਰ, ਗਗਨ ਮੰਡਲ ਵੇਖ ਵਖਾਇੰਦਾ। ਜ਼ਿਮੀਂ ਅਸਮਾਨਾਂ ਦਏ ਸਹਾਰ, ਲੋਕ ਪਰਲੋਕ ਖੇਲ ਖਿਲਾਇੰਦਾ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਚੌਦਾਂ ਲੋਕ ਡੰਕ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਿਆ ਖ਼ਬਰਦਾਰ, ਸੁਰਪਤ ਰਾਜਾ ਇੰਦ ਨਾਲ ਮਿਲਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਨਾਚ ਨਚਾਇੰਦਾ। ਪੰਜ ਪੰਜ ਖੇਲ ਕਰੇ ਕਰਤਾਰ, ਦਸ ਦਸ ਆਪਣਾ ਬੰਧਨ ਪਾਇੰਦਾ। ਕਾਇਆ ਮਾਟੀ ਕਰ ਤਿਆਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜਗਤ ਵਾਸਨਾ ਨੌਂ ਦਵਾਰ, ਦਰ ਦਰਵਾਜ਼ੇ ਆਪ ਵਸਾਇੰਦਾ। ਆਪਣਾ ਘਰ ਅਪਰ ਅਪਾਰ, ਅਪਰੰਪਰ ਆਪ ਰਖਾਇੰਦਾ। ਟੇਢੀ ਬੰਕ ਖੇਲ ਨਿਆਰ, ਦਿਸ ਕਿਸੇ ਨਾ ਆਇੰਦਾ। ਦੋਏ ਦੋ ਪਹਿਰੇਦਾਰ, ਅੱਠੇ ਪਹਿਰ ਹੁਕਮ ਜਣਾਇੰਦਾ। ਨਾ ਕੋਈ ਜਾਣੇ ਆਰ ਪਾਰ, ਅਧਵਿਚਕਾਰ ਸਰਬ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਆਪਣਾ ਆਪ ਸਮਝਾਇੰਦਾ। ਘਰ ਸਮਝਾਏ ਆਪ ਨਿਰੰਕਾਰਾ, ਆਪਣੀ ਦਇਆ ਕਮਾਈਆ। ਪੰਜ ਤੱਤ ਕਰਿਆ ਤਨ ਸ਼ਿੰਗਾਰਾ, ਤ੍ਰੈ ਤ੍ਰੈ ਮੇਲਾ ਮੇਲ ਮਿਲਾਈਆ। ਨਿਰਗੁਣ ਵੰਡ ਕਰੀ ਅਪਾਰਾ, ਮਨ ਮਤ ਬੁਧ ਵਰਤਾਈਆ। ਕਰੇ ਖੇਲ ਜਗਤ ਨਿਆਰਾ, ਲੱਖ ਚੁਰਾਸੀ ਵੇਖ ਵਖਾਈਆ। ਆਪਣੀ ਇਛਿਆ ਆਪੇ ਭਰ ਭੰਡਾਰਾ, ਆਪੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਪਣੀ ਧਾਰ ਚਲਾਈਆ। ਘਰ ਬਣਾਇਆ ਗਿਆ ਬਣ, ਸੋ ਪੁਰਖ ਨਿਰੰਜਣ ਆਪ ਬਣਾਇਆ। ਨਾ ਕੋਈ ਜਨਨੀ ਨਾ ਕੋਈ ਜਨ, ਜਨ ਜਣੇਂਦੀ ਨਾ ਕੋਇ ਮਾਇਆ। ਨਾ ਕੋਈ ਘੜੇ ਨਾ ਸਕੇ ਭੰਨ, ਘੜਨ ਭੰਨਣਹਾਰ ਆਪ ਅਖਵਾਇਆ। ਨਾ ਕੋਈ ਸੂਰਜ ਨਾ ਕੋਈ ਚੰਨ, ਦੀਵਾ ਬਾਤੀ ਨਾ ਕੋਇ ਟਿਕਾਇਆ। ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਰਖਾਇਆ। ਨਾ ਕੋਈ ਬੁਧੀ ਨਾ ਕੋਈ ਮਨ, ਮਤ ਰੰਗ ਨਾ ਕੋਇ ਵਖਾਇਆ। ਨਾ ਕੋਈ ਹੱਥ ਮੂੰਹ ਨੱਕ ਕੰਨ, ਨੇਤਰ ਨੈਣ ਨਾ ਕੋਇ ਮਟਕਾਇਆ। ਨਾ ਕੋਈ ਦੇਵਣਹਾਰਾ ਦਿਸੇ ਡੰਨ, ਭੈ ਭੌ ਨਾ ਕੋਇ ਜਣਾਇਆ। ਨਾ ਕੋਈ ਪਾਣੀ ਨਾ ਕੋਈ ਅੰਨ, ਨਾ ਕੋਈ ਖਾਵਣਹਾਰ ਆਪਣਾ ਪਟ ਵਖਾਇਆ। ਕਰੇ ਖੇਲ ਸ੍ਰੀ ਭਗਵਨ, ਆਪਣੇ ਮੰਦਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਸੁਹਾਇਆ। ਘਰ ਮੰਦਰ ਗ੍ਰਹਿ ਸੁਹਾਇਆ, ਘਰ ਵੇਖ ਵਿਚਾਰ। ਮਨ ਬੰਦਰ ਆਪ ਬੰਧਾਇਆ, ਦਹਿ ਦਿਸ਼ਾ ਨਾ ਕਰੇ ਵਿਚਾਰ। ਡੂੰਘੀ ਕੰਦਰ ਆਪ ਸੁਟਾਇਆ, ਉਠ ਸਕੇ ਨਾ ਦੂਜੀ ਵਾਰ। ਜਗ ਝੰਜਟ ਆਪ ਮੁਕਾਇਆ, ਗੁਰਮੁਖ ਸਾਚੇ ਕਰ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇਆ, ਬ੍ਰਹਮ ਪਾਰਬ੍ਰਹਮ ਦਏ ਆਧਾਰ। ਜੋਗ ਅਭਿਆਸ ਨਾ ਕੋਇ ਕਰਾਇਆ, ਸੁਰਤੀ ਸ਼ਬਦ ਕਰੇ ਪਿਆਰ। ਜਨਮ ਜਨਮ ਦੀ ਪਿਆਸ ਮਿਟਾਇਆ, ਦੇਵੇ ਦਰਸ ਗੁਰ ਕਰਤਾਰ। ਤ੍ਰਿਸਨਾ ਹਰਸ ਦਏ ਗਵਾਇਆ, ਹਉਮੇਂ ਹੰਗਤਾ ਰੋਗ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਦਏ ਸਚ ਵਿਚਾਰ। ਘਰ ਸੱਚਾ ਸਚ ਦਰਬਾਰਾ, ਸਤਿਗੁਰ ਪੂਰਾ ਆਪ ਵਖਾਇੰਦਾ। ਘਰ ਸੱਜਣ ਮੀਤ ਮੁਰਾਰਾ, ਗੁਰ ਅਵਤਾਰਾਂ ਵੇਖ ਵਖਾਇੰਦਾ। ਘਰ ਮੰਦਰ ਠਾਕਰ ਦਵਾਰਾ, ਘਰ ਇਸ਼ਟ ਦੇਵ ਪਰਗਟਾਇੰਦਾ। ਘਰ ਸ਼ਬਦ ਨਾਦ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਘਰ ਰਾਜ ਜੋਗ ਸਿਕਦਾਰਾ, ਸ਼ਾਹੋ ਭੂਪ ਆਪ ਸਮਝਾਇੰਦਾ। ਘਰ ਪੰਚਮ ਸਖ਼ੀਆਂ ਲੱਗਾ ਅਖਾੜਾ, ਨਟੂਆ ਨਾਟ ਆਪ ਕਰਾਇੰਦਾ। ਘਰ ਤ੍ਰੈਗੁਣ ਅਗਨੀ ਬੁਝੇ ਤੱਤੀ ਹਾੜਾ, ਘਰ ਪੰਚਮ ਮੋਹ ਚੁਕਾਇੰਦਾ। ਘਰ ਘਰ ਵਿਚ ਕਰੇ ਸਚ ਪਿਆਰਾ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਹਿਣਾ ਝੋਲੀ ਪਾਇੰਦਾ। ਗੁਰਸਿਖ ਲਹਿਣਾ ਝੋਲੀ ਪੌਣਾ, ਘਰ ਘਰ ਵਿਚ ਵੱਜੇ ਵਧਾਈਆ। ਆਤਮ ਸੇਜਾ ਆਪ ਬਹੌਣਾ, ਡੂੰਘੀ ਭਵਰੀ ਪਾਰ ਕਰਾਈਆ। ਅੰਦਰ ਬਾਹਰ ਆਪਣਾ ਸੰਗ ਨਿਭੌਣਾ, ਗੁਪਤ ਜ਼ਾਹਰ ਹੋਏ ਸਹਾਈਆ। ਅੰਮ੍ਰਿਤ ਜਾਮ ਇਕ ਪਿਔਣਾ, ਪ੍ਰੇਮ ਪਿਆਲਾ ਹੱਥ ਉਠਾਈਆ। ਗੜ੍ਹ ਹੰਕਾਰੀ ਬੁਰਜ ਢੌਣਾ, ਏਕਾ ਧੱਕਾ ਲਾਈਆ। ਅਨੰਦ ਅਨੰਦ ਅਨੰਦ ਇਕ ਦਰਸੌਣਾ, ਅਨੰਦ ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੇ ਘਰ ਭਾਗ ਲਗਾਈਆ। ਗੁਰਸਿਖ ਘਰ ਲੱਗੇ ਭਾਗ, ਹਰਿ ਸਤਿਗੁਰ ਆਪ ਲਗਾਈਆ। ਦੁਰਮਤ ਮੈਲ ਧੋਵੇ ਦਾਗ਼, ਨਿਰਮਲ ਨੀਰ ਸੀਰ ਪਿਲਾਈਆ। ਅਗਨੀ ਬੁਝੇ ਲੱਗੀ ਆਗ, ਸਾਂਤਕ ਸਤਿ ਵਰਤਾਈਆ। ਹੰਸ ਬਣਾਏ ਫੜ ਫੜ ਕਾਗ, ਕਾਗੋਂ ਹੰਸ ਰਲਾਈਆ। ਸ਼ਬਦ ਅਗੰਮੀ ਮਾਰ ਵਾਜ, ਸੁੱਤਿਆਂ ਲਏ ਉਠਾਈਆ। ਘਰ ਘਰ ਵਿਚ ਰਚਿਆ ਕਾਜ, ਘਰ ਘਰ ਸਾਹ ਰਿਹਾ ਸੁਧਾਈਆ। ਘਰ ਘਰ ਆਵੇ ਜਾਵੇ ਭਾਜ, ਆਪ ਆਪਣਾ ਪੰਧ ਮੁਕਾਈਆ। ਘਰ ਵਿਚ ਸਾਜਣ ਰਿਹਾ ਸਾਜ, ਹਰਿ ਸੱਜਣ ਸ਼ਹਿਨਸ਼ਾਹੀਆ। ਗੁਰਸਿਖ ਤੇਰੀ ਰੱਖੇ ਲਾਜ, ਤੇਰੀ ਪੱਤ ਹੱਥ ਨਾ ਕਿਸੇ ਫੜਾਈਆ। ਝੂਠ ਮੁਲੱਮੇ ਲਾਹੇ ਪਾਜ, ਕੰਚਨ ਸਵਰਨ ਦਏ ਬਣਾਈਆ। ਘਰ ਵਿਚ ਘਰ ਮਿਲੇ ਗੁਰੂ ਮਹਾਰਾਜ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ । ਆਦਿ ਜੁਗਾਦਿ ਕਰੇ ਸੱਚਾ ਰਾਜ, ਦੋ ਜਹਾਨਾਂ ਕਰੇ ਸੱਚੀ ਸ਼ਹਿਨਸ਼ਾਹੀਆ। ਬਣਿਆ ਰਹੇ ਗ਼ਰੀਬ ਨਿਵਾਜ਼, ਗ਼ਰੀਬਾਂ ਆਪਣੇ ਗਲੇ ਲਗਾਈਆ। ਵਸਤ ਅਮੋਲਕ ਦੇਵੇ ਦਾਤ, ਨਾਮ ਭੰਡਾਰ ਵਰਤਾਈਆ। ਮਨ ਮਤ ਰਹੇ ਨਾ ਨਾਰ ਕਮਜ਼ਾਤ, ਗੁਰਮਤ ਸਾਚੀ ਇਕ ਸਮਝਾਈਆ। ਤੇਰਾ ਸਤਿਗੁਰ ਤੇਰੀ ਖ਼ਾਤਰ ਗੁਰਮੁਖ ਬਣਾਏ ਇਕ ਬਰਾਤ, ਦੂਲ੍ਹਾ ਬਣੇ ਸੱਚਾ ਮਾਹੀਆ। ਲੋਕਮਾਤ ਹੋਈ ਸੁਹੰਜਣੀ ਰਾਤ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਧੰਨ ਭਾਗ ਮਿਲੇ ਕਮਲਾਪਾਤ, ਜਨਮ ਜਨਮ ਦਾ ਵਿਛੋੜਾ ਦਏ ਕਟਾਈਆ। ਘਰ ਆਏ ਸ਼ਾਹੋ ਸ਼ਾਬਾਸ, ਨੀਲੇ ਵਾਲਾ ਸਾਚਾ ਮਾਹੀਆ। ਗੁਰਮੁਖ ਨਾਰ ਸੁਹਾਗਣ ਰੱਖੇ ਪਾਸ, ਆਪ ਆਪਣੇ ਅੰਕ ਲਗਾਈਆ। ਸੁਆਣੀ ਹੋਈਂ ਕਿਉਂ ਅੰਤ ਉਦਾਸ, ਜਗਤ ਉਦਾਸੀ ਦਏ ਮਿਟਾਈਆ। ਆਪਣਾ ਰੂਪ ਧਰੇ ਤੇਰੇ ਪਵਣ ਸਵਾਸ, ਤੇਰਾ ਪਵਣ ਸਵਾਸ ਆਪਣੇ ਵਿਚ ਸਮਾਈਆ। ਤੇਰੇ ਘਰ ਵਿਚ ਪਏ ਸਾਚੀ ਰਾਸ, ਕੋਟਨ ਕੋਟ ਬ੍ਰਹਿਮੰਡ ਰਹੇ ਰਾਸ ਰਚਾਈਆ। ਰਾਹ ਤੱਕੇ ਪ੍ਰਿਥਮੀ ਆਕਾਸ਼, ਗੁਰਸਿਖ ਤੇਰੇ ਦਵਾਰੇ ਨੈਣ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਬੈਠੇ ਆਸ, ਕਵਣ ਵੇਲਾ ਗੁਰਮੁਖ ਪੂਰਾ ਦਰਸ ਦਿਖਾਈਆ। ਜਿਸ ਘਰ ਸਤਿਗੁਰ ਵਸੇ ਪਾਸ, ਸੋ ਸਤਿਗੁਰ ਸਾਚਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਘਰ ਵਸਿਆ ਘਰ ਪਾਇਆ, ਹਰਿ ਸੱਜਣ ਸਾਹਿਬ ਸੁਲਤਾਨ। ਗੁਰਮੁਖ ਆਪਣਾ ਪੰਧ ਮੁਕਾਇਆ, ਮਿਲਿਆ ਗੁਰ ਸੂਰਬੀਰ ਬਲਵਾਨ। ਆਪਾ ਸਤਿਗੁਰ ਝੋਲੀ ਪਾਇਆ, ਤੁੱਟਾ ਮਾਣ ਅਭਿਮਾਨ। ਸਤਿਗੁਰ ਪੂਰਾ ਹੋਏ ਸਹਾਇਆ, ਜਿਸ ਦਿਤਾ ਜੀਆ ਦਾਨ। ਲੱਖ ਚੁਰਾਸੀ ਲਏ ਤਰਾਇਆ, ਰਾਏ ਧਰਮ ਨਾ ਪੁਛੇ ਆਣ। ਚਿਤਰ ਗੁਪਤ ਨਾ ਹਿਸਾਬ ਵਖਾਇਆ, ਲਾੜੀ ਮੌਤ ਨਾ ਕਰੇ ਪਹਿਚਾਨ। ਕਾਲ ਗਰਾਸ ਨਾ ਕੋਇ ਖਾਇਆ, ਸਤਿਗੁਰ ਸੱਜਣ ਮਿਲੇ ਆਣ। ਮਹਾਕਾਲ ਹੋਏ ਸਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਭਗਵਾਨ ਵਸਾਇਆ ਘਰ ਵਿਚ ਘਰ, ਘਰ ਮੰਦਰ ਬੰਕ ਵਡਿਆਈਆ। ਭਗਵਾਨ ਸੁਹਾਇਆ ਘਰ ਵਿਚ ਘਰ, ਘਰ ਜੋਤ ਜੋਤ ਰੁਸ਼ਨਾਈਆ। ਭਗਵਾਨ ਵਡਿਆਇਆ ਘਰ ਵਿਚ ਘਰ, ਘਰ ਨਾਦੀ ਨਾਦ ਵਜਾਈਆ। ਭਗਵਾਨ ਉਪਾਇਆ ਘਰ ਵਿਚ ਘਰ, ਘਰ ਘਰ ਵਿਚ ਆਪ ਸੁਹਾਈਆ। ਭਗਵਾਨ ਮਿਲਾਇਆ ਕਿਰਪਾ ਕਰ, ਲੋਕਮਾਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਭੇਵ ਖੁਲ੍ਹਾਈਆ। ਗੁਰਮੁਖ ਸਾਚੇ ਭੇਵ ਖੁਲੌਣਾ, ਹਰਿ ਸੱਜਣ ਸਚ ਜਣਾਇੰਦਾ। ਚਾਰ ਜੁਗ ਦਾ ਪੰਧ ਮੁਕੌਣਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪ ਦਿਵਾਇੰਦਾ। ਦੋ ਜਹਾਨਾਂ ਵੇਖ ਵਖੌਣਾ, ਵੇਸ ਅਨੇਕ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜੋਤ ਮਿਲੌਣਾ, ਜੋਤੀ ਜਾਤਾ ਆਪ ਹੋ ਜਾਇੰਦਾ। ਲੱਖ ਚੁਰਾਸੀ ਭਾਂਡਾ ਭੰਨ ਵਖੌਣਾ, ਜੋ ਘੜਿਆ ਆਪ ਭੰਨਾਇੰਦਾ। ਤ੍ਰੈਗੁਣ ਡੇਰਾ ਅੰਤਮ ਢੌਣਾ, ਪੰਜ ਤੱਤ ਖੇੜਾ ਨਾ ਕੋਇ ਵਖਾਇੰਦਾ। ਗੁਰਮੁਖ ਵਿਰਲਾ ਆਪ ਉਠੌਣਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸ਼ਬਦੀ ਗੁਰ ਆਪ ਮਿਲੌਣਾ, ਗੁਰ ਸ਼ਬਦੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਗੁਰਮੁਖ ਸਾਚੇ ਆਪ ਤਰਾਇੰਦਾ। ਗੁਰਸਿਖ ਤਾਰੇ ਸਤਿਗੁਰ ਸਵਰਨ, ਸਵਰਨ ਰੂਪ ਵਟਾਈਆ। ਭਗਤਨ ਖੋਲ੍ਹੇ ਹਰਨ ਫਰਨ, ਤੀਜੇ ਲੋਇਣ ਕਰੇ ਰੁਸ਼ਨਾਈਆ। ਨਾਤਾ ਜੋੜੇ ਸਾਚੇ ਚਰਨ, ਹਰਿ ਚਰਨ ਸੱਚੀ ਸਰਨਾਈਆ। ਭੈ ਚੁੱਕੇ ਮਰਨ ਡਰਨ, ਜੰਮਣ ਮਰਨ ਵਿਚ ਨਾ ਆਈਆ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਘਰ ਪਾਇਆ ਭਗਵਾਨ, ਤਨ ਹੋਏ ਸ਼ਾਂਤ ਸਰੀਰਾ। ਮਿਲੇ ਸੱਚਾ ਦਾਨ, ਨਾਮ ਨਿਧਾਨ ਦੇਵੇ ਗਹਿਰ ਗੰਭੀਰਾ। ਝੁੱਲੇ ਸਚ ਨਿਸ਼ਾਨ, ਸੀਸ ਬੰਧਾਏ ਸਾਚਾ ਚੀਰਾ। ਏਥੇ ਓਥੇ ਦੇਵੇ ਮਾਣ, ਲੱਖ ਚੁਰਾਸੀ ਕੱਟ ਜ਼ੰਜੀਰਾ। ਆਤਮ ਅੰਤਰ ਇਕ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪੀਰਨ ਪੀਰਾ। ਆਤਮ ਅੰਤਰ ਏਕਾ ਮੰਦਰ, ਬਿਨ ਮਾਤਰ ਆਪ ਜਣਾਈਆ। ਭੇਵ ਚੁਕਾਏ ਗਗਨ ਗਗਨੰਤਰ, ਗ੍ਰਹਿ ਮੰਡਲ ਦਏ ਵਖਾਈਆ। ਲੱਗੀ ਬੁਝਾਏ ਜਗਤ ਬਸੰਤਰ, ਵਿਸ਼ਵ ਆਪਣੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਘਰ ਘਰ ਵਿਚ ਵੱਜੇ ਸਚ ਵਧਾਈਆ। ਨਾਮ ਨਿਧਾਨਾ ਗੁਰੂ ਗੁਰਦੇਵ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਪਾਰਬ੍ਰਹਮ ਪ੍ਰਭ ਅਲਖ ਅਭੇਵ, ਅਗੰਮ ਅਥਾਹ ਬੇਪਰਵਾਹ ਆਪਣਾ ਸੰਗ ਆਪ ਨਿਭਾਇੰਦਾ। ਅੰਮ੍ਰਿਤ ਆਤਮ ਦੇਵੇ ਸਾਚਾ ਮੇਵ, ਅੰਮ੍ਰਿਤ ਰਸ ਮੁਖ ਚੁਆਇੰਦਾ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਆਪਣਾ ਧਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਘਰ ਬਹਾਇੰਦਾ। ਗੁਰਮੁਖ ਘਰ ਵਖਾਇੰਦਾ, ਇਕ ਇਕੱਲਾ ਏਕੰਕਾਰ। ਚਰਨ ਦਵਾਰ ਆਪ ਸਮਝਾਇੰਦਾ, ਸਤਿਗੁਰ ਚਰਨ ਅਪਰ ਅਪਾਰ। ਘਰ ਬੰਕ ਆਪ ਸੁਹਾਇੰਦਾ, ਆਪ ਆਪਣੀ ਕਿਰਪਾ ਧਾਰ। ਹਰਿਜਨ ਸਾਚੇ ਸਚਖੰਡ ਦਵਾਰ ਆਪ ਬਹਾਇੰਦਾ, ਉਚੇ ਟਿੱਲੇ ਪਰਬਤ ਆਪੇ ਚਾੜ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰਾ ਗੁਰਸਿਖ ਘਰ, ਦੂਸਰ ਅਵਰ ਨਾ ਕੋਇ ਵਡਿਆਈਆ। ਜਿਸ ਸਤਿਗੁਰ ਸੱਚਾ ਲਏ ਵਰ, ਘਰ ਸੱਚੇ ਹੋਏ ਕੁੜਮਾਈਆ । ਨਾਤਾ ਜੋੜੇ ਨਾਰੀ ਨਰ, ਨਰ ਨਰੈਣ ਸੱਚਾ ਸ਼ਹਿਨਸ਼ਾਹੀਆ। ਆਪਣੀ ਕਿਰਪਾ ਲਏ ਫੜ, ਮਿਹਰਵਾਨ ਮਿਹਰਵਾਨ ਆਪਣੀ ਮਿਹਰ ਕਰਾਈਆ। ਆਪਣੇ ਪੌੜੇ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਈਆ। ਆਪਣਾ ਸੁਹਾਏ ਸਾਚਾ ਗੜ੍ਹ, ਕਿਲਾ ਕੋਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਗੁਰਸਿਖ ਸਮਝਾਏ ਹਰਿ ਕਰਤਾਰ, ਗੁਰ ਗੁਰ ਰੂਪ ਵਟਾਈਆ। ਨਾਮ ਕੁਠਾਲੀ ਕਰ ਤਿਆਰ, ਪੰਜ ਤੱਤ ਕਾਇਆ ਸਵਰਨ ਵਿਚ ਟਿਕਾਈਆ। ਫੁੰਕਾਰਾ ਮਾਰੇ ਏਕਾ ਵਾਰ, ਪਵਣ ਉਣੰਜਾ ਸੇਵਾ ਲਾਈਆ। ਪ੍ਰੇਮ ਸੁਹਾਗਾ ਦੇਵੇ ਡਾਰ, ਕਰੇ ਖੇਲ ਬੇਪਰਵਾਹੀਆ। ਕੂੜ ਮੁਲੰਮਾ ਦਏ ਉਤਾਰ, ਨਾਮ ਠੋਕਰ ਏਕਾ ਲਾਈਆ। ਨਿਹਕਰਮੀ ਕਰਮ ਲਏ ਵਿਚਾਰ। ਪੂਰਬ ਕਰਮਾਂ ਫੋਲ ਫੋਲਾਈਆ। ਸਚ ਸਵਰਨ ਕਰ ਤਿਆਰ, ਨਾਮ ਕੰਡੇ ਲਵੇ ਪਾਈਆ। ਨਾਮ ਕੰਡੇ ਦਏ ਹੁਲਾਰ, ਤੋਲਾ ਰਤੀ ਨਾ ਕੋਇ ਰਖਾਈਆ। ਦੋਹਾਂ ਪਾਸਾ ਵੇਖ ਕਰੇ ਵਿਚਾਰ, ਵਿਚਾਰ ਵਿਚਾਰ ਵਿਚ ਪਰਗਟਾਈਆ। ਗੁਰਮੁਖ ਤੁੁਲੇ ਆਪਣੇ ਭਾਰ, ਜਗਤ ਭਾਰ ਨਾ ਤੋਲ ਤੁਲਾਈਆ। ਸਚ ਸਵਰਨ ਕਰ ਤਿਆਰ, ਸਤਿਗੁਰ ਆਪਣੀ ਹੱਟੀ ਲਏ ਟਿਕਾਈਆ। ਚਾਰ ਵਰਨਾਂ ਕਰਾਏ ਵਣਜ ਵਪਾਰ, ਏਕਾ ਹੁਕਮ ਸੁਣਾਈਆ। ਜਿਸ ਔਣਾ ਹੱਥ ਸੱਚੇ ਸੁਨਿਆਰ, ਪਹਿਲੋਂ ਆਪਣਾ ਤਨ ਕੁਠਾਲੀ ਵਿਚ ਰਖਾਈਆ। ਸਿਰ ਤੇ ਵੱਜੇ ਹਥੌੜਾ ਮਾਰ, ਅਹਿਰਨ ਥੱਲੇ ਰਹੀ ਖੇਲ ਖਿਲਾਈਆ। ਕਰੇ ਖੇਲ ਗੁਰ ਕਰਤਾਰ, ਜਗਤ ਕੁਠਾਲੀ ਫੋਲ ਫੋਲਾਈਆ। ਗੁਰਮੁਖ ਸਵਰਨ ਕਰ ਪਿਆਰ, ਆਪਣੀ ਸੇਵਾ ਆਪੇ ਲਾਈਆ। ਸਾਚਾ ਕੰਗਣ ਕਰੇ ਸ਼ੰਗਾਰ, ਆਪ ਆਪਣੇ ਤਨ ਛੁਹਾਈਆ। ਮੰਗਣ ਮੰਗ ਮੰਗੇ ਆਪ ਕਰਤਾਰ, ਲੋਕਮਾਤ ਫੇਰਾ ਪਾਈਆ। ਸ਼ਬਦ ਵਿਚੋਲਾ ਵੇਖਣਹਾਰ, ਆਵੇ ਜਾਵੇ ਵੇਖੇ ਥਾਉਂ ਥਾਈਂਆ। ਜਿਸ ਦਵਾਰੇ ਗੁਰਸਿਖ ਕਰੇ ਪਿਆਰ, ਸੋ ਦਵਾਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਲੇਖੇ ਲਾਈਆ। ਭਗਵੰਤ ਭਗਤ ਸਦ ਰੱਖੇ ਚਾ, ਆਦਿ ਜੁਗਾਦਿ ਖੇਲ ਖਿਲਾਇੰਦਾ। ਆਤਮ ਅੰਤਰ ਬਣੇ ਮਲਾਹ, ਸਾਚੇ ਬੇੜੇ ਆਪ ਚੜ੍ਹਾਇੰਦਾ। ਸਿਫ਼ਤੀ ਸਿਫ਼ਤ ਦਏ ਸਲਾਹ, ਸਲਾਹਗੀਰ ਆਪ ਹੋ ਜਾਇੰਦਾ। ਨਿਸ਼ਅੱਖਰ ਪੜ੍ਹਾਏ ਏਕਾ ਨਾਂ, ਨਾਮ ਨਿਧਾਨਾ ਝੋਲੀ ਪਾਇੰਦਾ। ਪਕੜ ਉਠਾਏ ਫੜ ਫੜ ਬਾਂਹ, ਆਪਣੀ ਦਇਆ ਕਮਾਇੰਦਾ। ਹੰਸ ਕਾਗ ਦਏ ਬਣਾ, ਜਿਸ ਜਨ ਸੋਹੰ ਹੰਸਾ ਚੋਗ ਚੁਗਾਇੰਦਾ। ਬਣੇ ਸਹੇਲਾ ਪਿਤਾ ਮਾਂ, ਹਰਿਜਨ ਸਾਚੇ ਗੋਦ ਬਹਾਇੰਦਾ। ਨਥਾਵਿਆਂ ਦੇਵੇ ਆਪਣਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਇੰਦਾ। ਸਦਾ ਚਾ ਭਗਤ ਭਗਵੰਤ, ਜੁਗ ਜੁਗ ਖੇਲ ਖਿਲਾਈਆ। ਹਰਿਜਨ ਮੇਲੇ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਏਕਾ ਨਾਮ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਈਆ। ਗੜ੍ਹ ਤੋੜੇ ਹਉਮੇ ਹੰਗਤ, ਮਮਤਾ ਮੋਹ ਦਏ ਚੁਕਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਵਿਚ ਸਮਾਈਆ। ਚਰਨ ਕਵਲ ਵਖਾਏ ਸਾਚਾ ਜੰਨਤ, ਮੁਕਾਮੇ ਹੱਕ ਇਕ ਖ਼ੁਦਾਈਆ। ਜਿਸ ਜਨ ਬਣਾਏ ਸਾਚੀ ਬਣਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਵੱਡਾ ਬੇਪਰਵਾਹੀਆ। ਭਗਤ ਭਗਵੰਤ ਚਾਓ ਘਨੇਰਾ, ਹਰਿਜਨ ਹਰਿ ਰਖਾਇੰਦਾ। ਨਾਤਾ ਤੋੜੇ ਤੇਰਾ ਮੇਰਾ, ਮੇਰਾ ਤੇਰਾ ਭੇਵ ਚੁਕਾਇੰਦਾ। ਏਕਾ ਰੰਗ ਵਖਾਏ ਸੰਞ ਸਵੇਰਾ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਆਪੇ ਢਾਏ ਭਰਮਾਂ ਢੇਰਾ, ਜੋ ਜਨ ਦਵਾਰੇ ਆਇੰਦਾ। ਤਨ ਵਸਾਏ ਸਾਚਾ ਖੇੜਾ, ਘਰ ਮੰਦਰ ਸੋਭਾ ਪਾਇੰਦਾ। ਦੂਰ ਦੁਰਾਡਾ ਦਿਸੇ ਨੇਰਾ, ਨੂਰੋ ਨੂਰ ਨੂਰ ਚਮਕਾਇੰਦਾ। ਕਲਜੁਗ ਅੰਤਮ ਪਾਇਆ ਫੇਰਾ, ਹਰਿਜਨ ਸਾਚੇ ਵੇਖ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਇਕ ਇਕੱਲਾ ਹੋਇਆ ਦਲੇਰਾ, ਭੈ ਭੌ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਵੇਖਣਹਾਰਾ ਖੁਲ੍ਹਾ ਵੇਹੜਾ, ਘਟ ਘਟ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੰਗਣ ਆਪ ਰੰਗਾਇੰਦਾ। ਰੱਖੇ ਚਾ ਭਗਤ ਭਗਵਾਨ, ਆਦਿ ਜੁਗਾਦਿ ਭੁਲ ਨਾ ਜਾਈਆ। ਘਰ ਆਏ ਚਲ ਮਿਹਰਵਾਨ, ਮਿਹਰਵਾਨ ਦਇਆ ਕਮਾਈਆ। ਘਰ ਭਾਗ ਲਗਾਏ ਸਚ ਮਕਾਨ, ਘਰ ਘਰ ਵਿਚ ਸੋਭਾ ਪਾਈਆ। ਘਰ ਜੋਤੀ ਜੋਤ ਜਗਾਏ ਸ੍ਰੀ ਭਗਵਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਘਰ ਨਾਦ ਸ਼ਬਦ ਧੁੰਨਕਾਨ, ਅਨਹਦ ਸਾਚਾ ਨਾਦ ਵਜਾਈਆ। ਘਰ ਅੰਮ੍ਰਿਤ ਦੇਵੇ ਪੀਣ ਖਾਣ, ਅਠਸਠ ਤੀਰਥ ਪੰਧ ਮੁਕਾਈਆ। ਘਰ ਵਖਾਏ ਸਚ ਨਿਸ਼ਾਨ, ਸ਼ਬਦ ਅਗੰਮੀ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਵੇਖੇ ਥਾਉਂ ਥਾਈਂਆ। ਰੱਖੇ ਚਾਓ ਪਾਰਬ੍ਰਹਮ, ਹਰਿਜਨ ਸਾਚਾ ਮੇਲ ਮਲੰਨਿਆ। ਜੁਗਾ ਜੁਗੰਤਰ ਸਾਚਾ ਕੰਮ, ਕਰੇ ਕਰਾਏ ਦੋ ਜਹੰਨਿਆ। ਸਾਚੇ ਸੰਤਨ ਬੇੜਾ ਦੇਵੇ ਬੰਨ੍ਹ, ਸਾਚੀ ਸੇਵਕ ਸੇਵ ਕਮੰਨਿਆ। ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਮੁਖ ਸ਼ਰਮੰਨਿਆ। ਪੰਚ ਵਿਕਾਰਾ ਦੇਵੇ ਡੰਨ, ਝੂਠਾ ਭਾਂਡਾ ਭਰਮ ਭੌ ਭੰਨਿਆ। ਭਾਗ ਲਗਾਏ ਕਾਇਆ ਤਨ, ਕਰੇ ਪਰਕਾਸ਼ ਬਿਨ ਸੂਰਜ ਚੰਨਿਆ। ਜੂਠ ਝੂਠ ਠਗ ਚੋਰ ਯਾਰ ਕੋਇ ਨਾ ਲਾਏ ਸੰਨ੍ਹ, ਦੇਵੇ ਨਾਮ ਸੱਚਾ ਧੰਨ ਧੰਨਿਆ। ਦਿਸ ਨਾ ਆਏ ਨੇਤਰ ਅੰਨ੍ਹ, ਗੁਰਮੁਖ ਵਿਰਲਾ ਮਾਤ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸ੍ਰੀ ਭਗਵਾਨਿਆ। ਰੱਖੇ ਚਾਓ ਪਾਰਬ੍ਰਹਮ ਬੇਅੰਤ, ਜੁਗ ਜੁਗ ਸੇਵ ਕਮਾਈਆ। ਹਰਿਜਨ ਮੇਲਾ ਨਾਰੀ ਕੰਤ, ਨਰ ਨਰਾਇਣ ਸੇਜ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸ਼ਾਹ ਸੁਲਤਾਨਾ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਸਚਖੰਡ ਵਸੇ ਸਚ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਧਰਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨਾ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਲੇਖਾ ਜਾਣੇ ਦੋ ਜਹਾਨਾਂ, ਆਦਿ ਨਿਰੰਜਣ ਜੋਤ ਉਜਾਲਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਗੁਣ ਨਿਧਾਨਾ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨਾ, ਦਰਗਾਹ ਸਾਚੀ ਆਪ ਝੁਲਾਇੰਦਾ। ਪਾਰਬ੍ਰਹਮ ਹਰਿ ਖੇਲ ਮਹਾਨਾ, ਆਪ ਅਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਇੰਦਾ। ਰੱਖੇ ਚਾ ਨਿਭਾਏ ਸੰਗ, ਸਗਲਾ ਸੰਗ ਨਿਭਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਏ ਪਾਰ ਲੰਘ, ਔਂਦਾ ਜਾਂਦਾ ਦਿਸ ਨਾ ਆਈਆ। ਨਿਰਗੁਣ ਸਰਗੁਣ ਅੰਦਰ ਵਜਾਏ ਮਰਦੰਗ, ਸਚ ਸਤਾਰ ਆਪ ਹਲਾਈਆ। ਕਰੇ ਖੇਲ ਸੂਰਾ ਸਰਬੰਗ, ਵਡ ਵੱਡਾ ਬੇਪਰਵਾਹੀਆ। ਜੋ ਜਨ ਮੰਗੇ ਆਤਮ ਮੰਗ, ਜਗਤ ਤ੍ਰਿਸਨਾ ਦਏ ਮਿਟਾਈਆ। ਸਾਚੀ ਸੇਜ ਸੁਹਾਏ ਪਲੰਘ, ਘਰ ਘਰ ਵਿਚ ਆਪ ਸੁਹਾਈਆ। ਆਪਣੇ ਮੰਦਰ ਆਪੇ ਲੰਘ, ਹਰਿਜਨ ਸਾਚੇ ਲਏ ਉਠਾਈਆ। ਸੁਰਤ ਸੁਆਣੀ ਨਾ ਹੋਏ ਨੰਗ, ਮਿਲੇ ਰਾਮ ਸੱਚਾ ਮਾਹੀਆ। ਅੱਠੇ ਪਹਿਰ ਪਰਮਾਨੰਦ, ਜਿਸ ਸਿਰ ਆਪਣਾ ਹੱਥ ਟਿਕਾਈਆ। ਇਕ ਸੁਣਾਏ ਸੁਹਾਗੀ ਛੰਦ, ਗੀਤ ਗੋਬਿੰਦ ਅਲਾਈਆ। ਚੱਲ ਕੇ ਆਏ ਸਾਚਾ ਰਾਹੀ, ਦੋ ਜਹਾਨਾਂ ਪੰਧ ਮੁਕਾਈਆ। ਸਵਰਨ ਕੱਟੀ ਜਮ ਦੀ ਫਾਹੀ, ਸਗਲੇ ਸਾਥੀ ਦਏ ਤਰਾਈਆ। ਜਨਮ ਜਨਮ ਦੀ ਮੇਟੇ ਸ਼ਾਹੀ, ਦੁਰਮਤ ਮੈਲ ਦਏ ਧਵਾਈਆ। ਘਰ ਮਿਲੇ ਪੰਡਤ ਬਣ ਗੋਸਾਈਂ, ਤਿਲਕ ਲਲਾਟੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਸਦਾ ਮਿਲਣ ਦਾ ਰੱਖੇ ਚਾਓ, ਅਭੁਲ ਭੁਲ ਕਦੇ ਨਾ ਜਾਇੰਦਾ। ਜੁਗ ਜੁਗ ਕਰੇ ਸਚ ਨਿਆਉਂ, ਸਚ ਅਦਾਲਤ ਆਪ ਕਮਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਗਾਇੰਦਾ। ਪੁਰ ਸਰੀਂਹ ਲੱਗਾ ਭਾਗ, ਹਰਿ ਸਤਿਗੁਰ ਆਪ ਲਗਾਈਆ। ਗੁਰਮੁਖ ਦੀਪਕ ਜਗੇ ਚਿਰਾਗ਼, ਬਿਨ ਬਾਤੀ ਤੇਲ ਜਗਾਈਆ। ਤ੍ਰੈਗੁਣ ਬੁਝੇ ਆਗ, ਅਗਨੀ ਤੱਤ ਨਾ ਕੋਇ ਰਖਾਈਆ। ਆਤਮ ਅੰਤਰ ਉਪਜਾਏ ਇਕ ਵੈਰਾਗ, ਵੈਰਾਗੀ ਆਪਣਾ ਰਾਗ ਸੁਣਾਈਆ। ਸੋਈ ਸੁਰਤੀ ਜਾਏ ਜਾਗ, ਗੁਰ ਸ਼ਬਦੀ ਆਪ ਉਠਾਈਆ। ਡੂੰਘੀ ਭਵਰੀ ਲੇਵੇ ਕਾਢ, ਏਕਾ ਪੱਲੂ ਨਾਮ ਫੜਾਈਆ। ਚਰਨ ਧੂੜ ਕਰਾਏ ਮਜਨ ਮਾਘ, ਸਚ ਸਰੋਵਰ ਆਪ ਨੁਹਾਈਆ। ਆਪ ਮਿਲਾਏ ਕੰਤ ਸੁਹਾਗ, ਜਗਤ ਵਿਛੋੜਾ ਦਏ ਕਟਾਈਆ। ਜੋ ਜਨ ਸਰਨਾਈ ਜਾਏ ਲਾਗ, ਕਾਗ ਹੰਸ ਰੂਪ ਵਟਾਈਆ। ਮੇਲ ਮਿਲਾਏ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲਖਮੀ ਨਰਾਇਣ ਚਤੁਰਭੁਜ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹਰਿਜਨ ਮਿਲਣ ਦੀ ਸਦਾ ਆਸ ਰਖਾਈਆ। ਰੱਖੇ ਚਾ ਆਦਿ ਨਿਰੰਜਣ, ਜੁਗ ਜੁਗ ਵੇਸ ਵਟਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਚੁਕਾਇੰਦਾ। ਲੱਖ ਚੁਰਾਸੀ ਵਿਚੋਂ ਬਣੇ ਸਾਚਾ ਸੱਜਣ, ਸਗਲਾ ਸੰਗ ਨਿਭਾਇੰਦਾ। ਜੋ ਜਨ ਚਰਨ ਧੂੜ ਕਰੇ ਸਾਚਾ ਮਜਨ, ਤਿਸ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕਰਮ ਕਰਾਇੰਦਾ। ਦਸੂਹਾ ਵੇਖਿਆ ਸਾਚੀ ਜੂਹ, ਨਿਰਗੁਣ ਆਪਣੀ ਖੇਲ ਖਿਲਾਇਆ। ਆਪੇ ਮੇਲੇ ਆਪਣੀ ਵਿਛੜੀ ਰੂਹ, ਕਾਇਆ ਕਾਅਬਾ ਆਪਣਾ ਬੁੱਤ ਬਣਾਇਆ। ਕਲਜੁਗ ਵੇਖੇ ਨਦੀ ਨੂਹ, ਲੱਖ ਚੁਰਾਸੀ ਰਿਹਾ ਡੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਵੇਖੇ ਰੂਹ ਰੂਹ ਨਿਮਾਣੀ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਆਬੇ ਹਯਾਤ ਦੇਵੇ ਠੰਡਾ ਪਾਣੀ, ਆਪ ਆਪਣੀ ਸੇਵ ਕਮਾਇੰਦਾ। ਸੁਰਤ ਮਿਲਾਵਾ ਸ਼ਬਦ ਹਾਣੀ, ਸੁਰਤੀ ਸ਼ਬਦੀ ਏਕਾ ਰੰਗ ਰੰਗਾਇੰਦਾ। ਆਵਣ ਜਾਵਣ ਚੁੱਕੇ ਕਾਣੀ, ਰਾਏ ਧਰਮ ਨੇੜ ਨਾ ਆਇੰਦਾ। ਜਿਸ ਜਨ ਸੁਣਾਏ ਆਪਣੀ ਬਾਣੀ, ਦੂਜੇ ਦਰ ਪੜ੍ਹਨ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਫੇਰਾ ਪਾਇੰਦਾ। ਦਸੂਹੇ ਅੰਦਰ ਆਤਮ ਜ਼ਾਤ, ਆਤਮ ਅੰਤਰ ਵੇਖ ਵਖਾਈਆ। ਜਿਸ ਜਨ ਬਖ਼ਸ਼ੀ ਸਾਚੀ ਦਾਤ, ਸੋ ਜਨ ਬੈਠਾ ਆਪਣੇ ਅੰਦਰ ਛੁਪਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਪੁਛੇ ਵਾਤ, ਚਾਰ ਕੁੰਟ ਜਗਤ ਹਲਕਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਕਲਜੁਗ ਪੁੱਟਿਆ ਡੂੰਘਾ ਖਾਤ, ਕਿਨਾਰਾ ਨਜ਼ਰ ਕੋਇ ਨਾ ਆਈਆ। ਜਿਸ ਜਨ ਹਰਿ ਸਤਿਗੁਰ ਖੋਲ੍ਹੇ ਬੰਦ ਤਾਕ, ਤਿਸ ਆਪਣੀ ਬੂਝ ਬੁਝਾਈਆ। ਨਜ਼ਰ ਆਏ ਪੁਰਖ ਸਮਰਥ, ਸਵੱਛ ਸਰੂਪੀ ਰੂਪ ਦਰਸਾਈਆ। ਸਗਲ ਵਿਸੂਰੇ ਜਾਇਣ ਲਥ, ਜਿਸ ਜਨ ਆਪਣਾ ਦਰਸ ਦਿਖਾਈਆ। ਨਾਮ ਚੜ੍ਹਾਏ ਸਾਚੇ ਰਥ, ਮਹਾਂਸਾਰਥੀ ਸਾਚਾ ਰਥ ਚਲਾਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਰਵਦਾਸ ਚਮਾਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਸੂਹਾ ਵੇਖ ਵਖਾਈਆ। ਜਗਤ ਦਸੂਹਾ ਇੱਟਾਂ ਗਾਰਾ, ਜਗਤ ਬਾਢੀ ਬਣਤ ਬਣਾਇੰਦਾ। ਨਿਰਗੁਣ ਵਸੇ ਸਦਾ ਨਿਆਰਾ, ਆਪ ਆਪਣੀ ਕਲ ਧਰਾਇੰਦਾ। ਸਰਗੁਣ ਕਰੇ ਸਦਾ ਪਿਆਰਾ, ਜੁਗ ਜੁਗ ਵੇਖ ਵਖਾਇੰਦਾ। ਦੋਹਾਂ ਮੇਲਾ ਇਕ ਦਵਾਰਾ, ਘਰ ਸਾਚਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਸੂਹਾ ਇਕ ਸਮਝਾਇੰਦਾ। ਸਚ ਦਸੂਹਾ ਕਾਇਆ ਘਰ, ਘਰ ਘਰ ਵਿਚ ਆਪ ਜਣਾਈਆ। ਨਜ਼ਰ ਨਾ ਆਏ ਕੋਈ ਨਾਰੀ ਨਰ, ਨਰ ਨਰਾਇਣ ਏਕਾ ਬੈਠਾ ਆਸਣ ਲਾਈਆ। ਜਿਸ ਜਨ ਦੇਵੇ ਸਾਚਾ ਵਰ, ਤਿਸ ਜਨ ਲਏ ਵਖਾਈਆ। ਸਵਰਨ ਸਰੀਂਹ ਪੁਰ ਤੋਂ ਲਿਆ ਫੜ, ਨਾਮ ਡੋਰੀ ਤੰਦ ਬੰਧਾਈਆ। ਸਤਿਗੁਰ ਪੂਰਾ ਅੰਦਰ ਗਿਆ ਵੜ, ਨਿਰਗੁਣ ਨਿਰਾਕਾਰ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਰਾਹ ਤੱਕੇ ਸਾਚਾ ਮਾਹੀਆ। ਮਾਹੀ ਤੱਕੇ ਸੱਚਾ ਰਾਹ, ਜੁਗ ਜੁਗ ਵੇਖ ਵਖਾਇੰਦਾ। ਜਨ ਭਗਤ ਮਿਲਣ ਦਾ ਚਾ, ਭਗਵਾਨ ਆਸ ਤਕਾਇੰਦਾ। ਬਿਨ ਭਗਤ ਨਾ ਜਾਣੇ ਕੋਇ ਮੇਰਾ ਨਾਂ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਇੰਦਾ। ਬਿਨ ਭਗਤ ਨਾ ਦੇਵੇ ਮੈਨੂੰ ਕੋਈ ਥਾਂ, ਮਨਮੁਖ ਦਰ ਦਵਾਰਿਉਂ ਦੁਰਕਾਇੰਦਾ। ਬਿਨ ਭਗਤ ਮੇਰੀ ਕੋਈ ਨਾ ਪਕੜੇ ਬਾਂਹ, ਲੋਕਮਾਤ ਮੇਰਾ ਸੰਗ ਨਾ ਕੋਇ ਨਿਭਾਇੰਦਾ। ਬਿਨ ਭਗਤ ਮੇਰਾ ਕਰੇ ਨਾ ਕੋਈ ਸਚ ਨਿਆਂ, ਉਚੀ ਕੂਕ ਕੂਕ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜਨ ਭਗਤ ਤੇਰੇ ਮਿਲਣ ਦਾ ਚਾਓ ਆਪ ਰਖਾਇੰਦਾ। ਰੱਖੇ ਚਾਓ ਨਿਰਗੁਣ ਰੂਪ, ਸਰਗੁਣ ਤੇਰੀ ਵਡਿਆਈਆ। ਨੌਂ ਖੰਡ ਪ੍ਰਿਥਮੀ ਵੇਖਿਆ ਚਾਰੇ ਕੂਟ, ਸੱਤ ਦੀਪ ਫੇਰਾ ਪਾਈਆ। ਜਗਤ ਨਗਾਰਾ ਵੱਜੇ ਜੂਠ ਝੂਠ, ਮਾਇਆ ਮਮਤਾ ਨਾਚ ਨਚਾਈਆ। ਕਲਜੁਗ ਸੁਹਾਏ ਆਪਣੀ ਰੁੱਤ, ਸਚ ਫੁਲਵਾੜੀ, ਨਜ਼ਰ ਕਿਸੇ ਨਾ ਆਈਆ। ਗੁਰਮੁਖ ਵਿਰਲਾ ਦਿਸੇ ਸੁੱਤ, ਜੋ ਹਰਿ ਹਰਿ ਰਿਹਾ ਧਿਆਈਆ। ਸਭ ਦੀ ਪੰਜ ਤੱਤ ਕਾਇਆ ਦਿਸੇ ਬੁੱਤ, ਹਰਿ ਕਾ ਨਾਉਂ ਘਰ ਕਿਸੇ ਨਜ਼ਰ ਨਾ ਆਈਆ। ਪੰਚ ਵਿਕਾਰਾ ਭਰਿਆ ਕੁੱਟ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜਿਸ ਜਨ ਉਪਰ ਸਤਿਗੁਰ ਪੂਰਾ ਜਾਏ ਤੁਠ, ਤਿਸ ਆਪਣਾ ਨਾਮ ਬੁਝਾਈਆ। ਅੰਮ੍ਰਿਤ ਆਤਮ ਪਿਆਏ ਏਕਾ ਘੁੱਟ, ਨਿਝਰ ਝਿਰਨਾ ਦਏ ਝਿਰਾਈਆ। ਜਗਤ ਨਾਤਾ ਜਾਏ ਤੁੱਟ, ਏਕਾ ਮੰਗੇ ਸਰਨ ਸਰਨਾਈਆ। ਜੀਵਤ ਮਰੇ ਮਰ ਜੀਵੇ ਪਏ ਉਠ, ਜੀਵਣ ਮਰਨ ਫੰਦ ਕਟਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਵੇਖਣਹਾਰਾ ਆਪ ਆਪਣੀ ਸੇਵ ਕਮਾਈਆ। ਦਸੂਹਾ ਸਰੀਂਹ ਪੁਰ ਏਕਾ ਘਾਟ, ਹਰਿ ਸਾਚਾ ਖੇਲ ਖਿਲਾਇੰਦਾ। ਜਿਸ ਜਨ ਆਈ ਨੇੜੇ ਵਾਟ, ਤਿਸ ਆਪਣਾ ਮੇਲ ਮਿਲਾਇੰਦਾ। ਨਾਮ ਨਿਧਾਨਾ ਦੇਵੇ ਸਾਚੀ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਬਜਰ ਕਪਾਟੀ ਜਾਏ ਪਾਟ, ਸਾਚੀ ਘਾਟੀ ਆਪ ਚੜ੍ਹਾਇੰਦਾ। ਚੌਦਾਂ ਲੋਕ ਵਖਾਏ ਏਕਾ ਹਾਟ, ਏਕਾ ਘਰ ਸੋਭਾ ਪਾਇੰਦਾ। ਸਾਚੇ ਮੰਡਲ ਰਚਾਏ ਰਾਸ, ਗੋਪੀ ਕਾਹਨ ਖੇਲ ਖਿਲਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਰਾਮ ਰਮੱਯਾ ਡਗਮਗਾਇੰਦਾ। ਮਨ ਮਨੂਆ ਕਵਣ ਕਰੇ ਵਿਨਾਸ, ਗੜ੍ਹ ਹੰਕਾਰੀ ਆਪ ਤੁੜਾਇੰਦਾ। ਸਦਾ ਸੁਹੇਲਾ ਵਸੇ ਪਾਸ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਹਰਿ ਹਰਿ ਏਕ, ਇਕ ਇਕੱਲਾ ਖੇਲ ਖਿਲਾਈਆ। ਜਿਸ ਜਨ ਬਖ਼ਸ਼ੇ ਸਾਚੀ ਟੇਕ, ਇਸ਼ਟ ਦੇਵ ਇਕ ਦਰਸਾਈਆ। ਕਰੇ ਕਰਾਏ ਬੁਧ ਬਿਬੇਕ, ਪਤਿਤ ਪੁਨੀਤ ਸਾਚੀ ਰੀਤ ਆਪ ਚਲਾਈਆ। ਮਸਤਕ ਵੇਖੇ ਲਿਖਿਆ ਲੇਖ, ਪੂਰਬ ਲਹਿਣਾ ਫੋਲ ਫੋਲਾਈਆ। ਹਰਿ ਕਾ ਰੂਪ ਨਾ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਘਟ ਘਟ ਅੰਤਰ ਰਿਹਾ ਵੇਖ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰੀ ਪਿਆਸ ਬੁਝਾਈਆ। ਬੁਝੇ ਪਿਆਸ ਹੋਏ ਤ੍ਰਿਪਤ, ਤ੍ਰਿਸਨਾ ਜਗਤ ਮਿਟਾਇੰਦਾ। ਜਨਮ ਜਨਮ ਦੀ ਮੇਟੇ ਬਿਪਤ, ਬਿਪਤਾ ਅਵਰ ਨਾ ਕੋਇ ਪਾਇੰਦਾ। ਜਿਸ ਜਨ ਦੇਵੇ ਸਾਚੀ ਸਿਖਤ, ਸਿਖਿਆ ਸਿਖ ਇਕ ਸਮਝਾਇੰਦਾ। ਲਿਖਿਆ ਲੇਖ ਨਾ ਮੇਟੇ ਲਿਖਤ, ਲਿਖ ਲਿਖ ਲੇਖ ਲੇਖ ਗਵਾਇੰਦਾ। ਆਪਣੇ ਹੱਥ ਰਖਾਏ ਆਪਣਾ ਭਵਿਖਤ, ਜੁਗ ਜੁਗ ਗੇੜਾ ਆਪ ਦਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸ ਨਰਾਸ ਨਾ ਕੋਇ ਵਖਾਇੰਦਾ। ਦਸਤ ਆਇਆ ਦਸਤਗੀਰ, ਦਾਮਨ ਆਪਣਾ ਆਪ ਪਕੜਾਈਆ। ਆਪੇ ਚੋਟੀ ਚੜ੍ਹ ਕੇ ਵੇਖੇ ਅਖ਼ੀਰ, ਸਾਚੇ ਮੰਦਰ ਆਸਣ ਲਾਈਆ। ਆਪੇ ਕੱਟੇ ਫੜ ਜ਼ੰਜੀਰ, ਸ਼ਰਅ ਸ਼ਰੀਅਤ ਰਹੇ ਨਾ ਰਾਈਆ। ਘਰ ਦਰਸ ਦਿਖਾਏ ਪੀਰਨ ਪੀਰ, ਜਿਸ ਪੀਰ ਫ਼ਕੀਰ ਰਹੇ ਸੀਸ ਝੁਕਾਈਆ। ਆਪਣੀ ਹੱਥੀਂ ਬਦਲੇ ਤਕ਼ਦੀਰ, ਤਦਬੀਰ ਤਸਵੀਰ ਸਾਚੀ ਦਏ ਵਖਾਈਆ। ਏਕਾ ਰੰਗ ਰੰਗਾਏ ਸ਼ਾਹ ਹਕੀਰ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਰਹਿਮਤ ਰਹਿਮਾਨ ਕਮਾਈਆ। ਰਹਿਮਤ ਰਹਿਮਾਨ ਹਰਿ ਕਰੀਮਾ, ਕ਼ਾਦਰ ਕ਼ੁਦਰਤ ਖੇਲ ਖਿਲਾਇੰਦਾ। ਜਿਸ ਜਨ ਪਾਕ ਪਵਿਤ ਕਰਾਏ ਸੀਨਾ, ਤਿਸ ਹੋ ਹੋ ਸਹਿਮਤ ਆਪਣਾ ਮੇਲ ਮਿਲਾਇੰਦਾ। ਘਰ ਵਿਚ ਲਾਲ ਵਖਾਏ ਸਚ ਨਗੀਨਾ, ਨਿਗਹਬਾਨ ਪਰਦਾ ਲਾਹਿੰਦਾ। ਮੇਲ ਮਿਲਾਏ ਜਿਉਂ ਜਲ ਮੀਨਾ, ਅਗਨੀ ਤੱਤ ਥਲ ਬੁਝਾਇੰਦਾ। ਲੇਖ ਚੁੱਕੇ ਲੋਕ ਤੀਨਾਂ, ਤ੍ਰੈ ਤ੍ਰੈ ਲੋਕਾਂ ਪੰਧ ਮੁਕਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਭੀਨਾ, ਉਤਰ ਕਦੇ ਨਾ ਜਾਇੰਦਾ। ਅੱਠੇ ਪਹਿਰ ਦਿਵਸ ਰਾਤ ਦਰਸ ਦਿਖਾਏ ਮੱਕਾ ਮਦੀਨਾ, ਸਚ ਮਹਿਰਾਬੇ ਏਕਾ ਬਾਂਗ ਇਕ ਸਦਾ ਏਕਾ ਹੁਜਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦਾਮਨ ਆਪ ਫੜਾਇੰਦਾ। ਤੂੰ ਮੈਂ ਇਕੋ ਹੱਦ, ਹਦੂਦ ਜਗਤ ਨਾ ਕੋਇ ਰਖਾਈਆ। ਜਿਸ ਜਨ ਪਿਆਏ ਆਪਣੀ ਮਦਿ, ਇਕ ਖ਼ੁਮਾਰ ਚੜ੍ਹਾਈਆ। ਅਪਣਾ ਭਾਰ ਉਹਦੇ ਉਤੇ ਦੇਵੇ ਲੱਦ, ਉਹਦਾ ਭਾਰ ਆਪਣੇ ਸੀਸ ਉਠਾਈਆ। ਮੈਂ ਤੂੰ ਵਿਚੋਂ ਕੱਢ, ਏਕਾ ਰੰਗ ਰੰਗਾਈਆ। ਮੈਂ ਤੂੰ ਦੇਵੇ ਵੱਢ, ਨਾਮ ਖੰਡਾ ਵਿਚ ਫਿਰਾਈਆ। ਮੈਂ ਤੂੰ ਇਕੋ ਯੱਦ, ਬ੍ਰਹਮ ਪਾਰਬ੍ਰਹਮ ਅਖਵਾਈਆ। ਮੇਰਾ ਸ਼ਬਦ ਤੇਰਾ ਨਦ, ਤੇਰੀ ਧੁਨ ਮੇਰੀ ਸ਼ਨਵਾਈਆ। ਤੇਰਾ ਮੇਰਾ ਮੇਲਾ ਵਿਚਕਾਰ ਅੱਧ, ਅਧਵਿਚਕਾਰੋਂ ਪਾਰ ਫੇਰ ਕਰਾਈਆ। ਲੱਖ ਚੁਰਾਸੀ ਵਿਚੋਂ ਲਏ ਕੱਢ, ਜਿਸ ਜਨ ਆਪਣੀ ਦਇਆ ਕਮਾਈਆ। ਅੱਠੇ ਪਹਿਰ ਕਰੇ ਲਾਡ, ਆਪ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਆਪਣੇ ਘਰ, ਤੂੰ ਮੈਂ ਮੈਂ ਤੂੰ ਹਾਂ ਹੂੰ ਨਾ ਕੋਇ ਰਖਾਈਆ। ਥਾਈਂ ਤੁੱਟੇ ਨਾਤਾ, ਗੁਰ ਸਤਿਗੁਰ ਆਪ ਤੁੜਾਇੰਦਾ। ਹਰਿਜਨ ਤੇਰੀ ਉਤਮ ਜ਼ਾਤਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਤੇਰਾ ਮੇਲ ਪੁਰਖ ਸਮਰਾਥਾ, ਸਮਰਥ ਪੁਰਖ ਤੇਰਾ ਰੰਗ ਰੰਗਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਸਾਚੀ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰੇ ਕਰਮ ਆਪਣੀ ਆਪ ਜਣਾਇੰਦਾ। ਨਜ਼ਰੇ ਕਰਮ ਦੇਵੇ ਕਰ ਕਰ, ਹੱਕ ਹਕ਼ੀਕ਼ਤ ਦਏ ਜਣਾਈਆ। ਲੁਤਫ਼ ਲਤੀਫ਼ ਆਵੇ ਦਰ, ਲਜ਼ਤ ਬੈਠੇ ਮੁਖ ਸ਼ਰਮਾਈਆ। ਬੇਹਰਫ਼ ਹਰਫ਼ ਏਕਾ ਪੜ੍ਹ, ਅਲਿਫ਼ ਆਲਮ ਦਏ ਸਮਝਾਈਆ। ਜਿਸ ਜਨ ਅੰਦਰ ਜਾਏ ਵੜ੍ਹ, ਨੁਕਤਾ ਗ਼ੈਨ ਦਏ ਮਿਟਾਈਆ। ਐਨ ਰੂਪ ਆਪੇ ਧਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਦਾਮਨ ਦਏ ਫੜਾਈਆ। ਦੇਵਣਹਾਰਾ ਵਡ ਭੰਡਾਰੀ, ਆਦਿ ਜੁਗਾਦਿ ਸਮਾਇੰਦਾ। ਵਿਸ਼ਨੂੰ ਝੋਲੀ ਭਰ ਭਰ ਗਿਆ ਹਾਰੀ, ਅੰਤ ਕੋਇ ਨਾ ਪਾਇੰਦਾ। ਬ੍ਰਹਮਾ ਮਤ ਕਰ ਕਰ ਪਿਆਰੀ, ਲੱਖ ਚੁਰਾਸੀ ਖੇਲ ਖਿਲਾਇੰਦਾ। ਸ਼ੰਕਰ ਮਿਲੀ ਇਕ ਕਟਾਰੀ, ਜੋ ਘੜਿਆ ਭੰਨ ਵਖਾਇੰਦਾ। ਦੇਵਣਹਾਰਾ ਸ਼ਹਿਨਸ਼ਾਹ ਸੱਚਾ ਸਿਕਦਾਰੀ, ਅਤੋਟ ਅਤੁਟ ਆਪ ਰਖਾਇੰਦਾ। ਗੁਰਸਿਖ ਆਦਿ ਜੁਗਾਦਿ ਜੁਗਾ ਜੁਗੰਤਰ ਮੰਗਣ ਵਾਰੋ ਵਾਰੀ, ਦਰ ਆਇਆਂ ਝੋਲੀ ਸਰਬ ਭਰਾਇੰਦਾ। ਖ਼ਾਲੀ ਮੁੜ ਕੇ ਜਾਏ ਨਾ ਪਹਿਲੀ ਵਾਰੀ, ਆਤਮ ਅੰਤਰ ਜੋ ਸਚ ਧਿਆਨ ਲਗਾਇੰਦਾ। ਜਿਸ ਤਨ ਜਨ ਹੋਵੇ ਹਉਮੇ ਬੀਮਾਰੀ, ਤਿਸ ਆਇਆਂ ਦਰ ਦੁਰਕਾਇੰਦਾ। ਅਚਰਜ ਖੇਲ ਕਰੇ ਨਿਆਰੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਵਖਾਇੰਦਾ। ਹਰਿ ਭਗਤ ਤੇਰੀ ਭਰੇ ਪਟਾਰੀ, ਭਗਤ ਭਗਵੰਤ ਏਕਾ ਵਸਤ ਵਿਚ ਰਖਾਇੰਦਾ । ਮਾਣਸ ਜਨਮ ਨਾ ਆਏ ਹਾਰੀ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰੇ ਕਰਮ ਦੇਵੇ ਕਰ, ਨਜ਼ਰ ਨਜ਼ਰ ਵਿਚ ਮਿਲਾਇੰਦਾ। ਨਜ਼ਰ ਵਿਚ ਮਿਲਾਏ ਨਜ਼ਰ, ਬੇਨਜ਼ੀਰ ਦਇਆ ਕਮਾਈਆ। ਜਿਸ ਜਨ ਕਰੇ ਆਪਣਾ ਫ਼ਜ਼ਲ, ਰਹਿਮਤ ਰਹਿਮਾਨ ਦਇਆ ਕਮਾਈਆ। ਨਗ਼ਮਾ ਸੁਣਾਏ ਸਾਚੀ ਗ਼ਜ਼ਲ, ਗ਼ਫ਼ਲਤ ਦਏ ਸਰਬ ਮਿਟਾਈਆ। ਹਰਿਜਨ ਹਰਿ ਭਗਤ ਮੁਰੀਦ ਮੁਰਸ਼ਦ ਤੇਰੀ ਵੇਖੇ ਮੰਜ਼ਲ, ਮਹਿਦੂਦ ਆਪਣੀ ਹੱਦ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਲੇਖਾ ਦਏ ਸਮਝਾਈਆ। ਸਰਬ ਜੀਆਂ ਦਾ ਏਕੋ ਦਾਤਾ, ਏਕਾ ਘਟ ਘਟ ਆਪ ਸਮਾਇੰਦਾ। ਏਕਾ ਦੇਵੇ ਨਾਮ ਗਾਥਾ, ਜੁਗ ਜੁਗ ਆਪ ਪੜ੍ਹਾਇੰਦਾ। ਦੋ ਜਹਾਨਾਂ ਦੇਵੇ ਸਾਥਾ, ਵਿਛੜ ਕਦੇ ਨਾ ਜਾਇੰਦਾ। ਘਰ ਵਿਚ ਘਰ ਵਖਾਏ ਸਾਚਾ ਹਾਟਾ, ਸਾਚਾ ਵਣਜ ਕਰਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਚਾਰ ਵਰਨ ਇਕ ਰਘੁਨਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਨਜ਼ਰ ਆਏ ਹੋਏ ਨਜ਼ਦੀਕ, ਨਿਜ ਆਤਮ ਦਇਆ ਕਮਾਈਆ। ਦਰਸ ਦਿਖਾਏ ਲਾਸ਼ਰੀਕ, ਲਾ ਸ਼ਰਅ ਜਿਸ ਦੀ ਵਡਿਆਈਆ। ਅੰਤਰ ਅੰਧੇਰਾ ਮੇਟੇ ਤਾਰੀਕ, ਪਰਕਾਸ਼ ਪਰਕਾਸ਼ ਦਏ ਕਰਾਈਆ। ਜਿਸ ਦੀ ਈਸਾ ਮੂਸਾ ਮੁਹੰਮਦ ਰੱਖਦੇ ਰਹੇ ਉਡੀਕ, ਸੋ ਪੈਗ਼ੰਬਰ ਗਿਆ ਆਈਆ। ਉਮਤ ਉਮਤੀ ਪਰਖੇ ਨੀਤ, ਕਲਮਾ ਆਪਣਾ ਕਸਵਟੀ ਏਕਾ ਲਾਈਆ। ਕਾਇਨਾਤ ਦੇਵੇ ਇਕ ਤਰੀਕ, ਏਕਾ ਫਤਵਾ ਸਾਦਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਉਰਦੂ ਫ਼ਾਰਸੀ ਜਾਣੇ ਉਲਮਾ ਆਲਮ, ਆਲਮੀਨ ਵਡੀ ਵਡਿਆਈਆ। ਕਾਤਬ ਕੁਤਬ ਨਾ ਪਕੜੇ ਕਾਲਮ, ਕਾਇਨਾਤ ਕਰੇ ਪੜ੍ਹਾਈਆ। ਬਿਨ ਖੰਡੇ ਤਲਵਾਰ ਮੇਟੇ ਜ਼ਾਲਮ, ਹੁਕਮ ਹਾਕਮ ਕਰੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਬੇਪਰਵਾਹੀਆ। ਮਸਜਦ ਅੰਦਰ ਆਵੇ ਮਹਿਬੂਬ, ਸੁਣੇ ਫ਼ਰਯਾਦ ਸੱਚਾ ਗੋਸਾਈਂਆ। ਨਾ ਕੋਈ ਤਨ ਨਾ ਕਲਬੂਤ, ਆਪਣੀ ਕਲਾ ਆਪ ਵਰਤਾਈਆ। ਬਿਨ ਸ਼ਰਅ ਸ਼ਰੀਅਤ ਦੇਵੇ ਆਪਣਾ ਸਬੂਤ, ਸਾਚੀ ਸੂਰਤ ਆਪ ਉਠਾਈਆ। ਬਿਨ ਨੂਰ ਮੁਹੰਮਦ ਆਵਾ ਗਿਆ ਊਤ, ਉਮਤ ਉਮਤੀ ਨਜ਼ਰ ਕੋਇ ਨਾ ਪਾਈਆ। ਜਿਸ ਤਾਗਾ ਡੋਰ ਬੱਧਾ ਸੂਤ, ਤਾਣਾਂ ਪੇਟਾ ਵੇਖੇ ਸਰਬ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪੇ ਵੇਖ ਵਖਾਈਆ। ਵੱਜੇ ਟੱਲ ਸੁਣੇ ਰਾਮ, ਰਾਮ ਰਾਮਾ ਰੂਪ ਵਟਾਇੰਦਾ। ਕਰੇ ਖੇਲ ਘਨੱਯਾ ਸ਼ਾਮ, ਜਗਤ ਅੰਧੇਰ ਘੋਰ ਵਿਚ ਨਜ਼ਰ ਕਿਸੇ ਨਾ ਆਇੰਦਾ। ਜਿਸ ਕਾਇਆ ਮੰਦਰ ਅੰਦਰ ਮਾਰੇ ਆਪਣਾ ਬਾਣ, ਬਜਰ ਕਪਾਟੀ ਕੁੰਡਾ ਲਾਹਿੰਦਾ। ਸੋ ਦਰਸਣ ਕਰੇ ਆਣ, ਦੂਸਰ ਨਜ਼ਰ ਕੋਇ ਨਾ ਪਾਇੰਦਾ। ਪੰਡਤ ਪਾਂਧੇ ਹੋਏ ਹੈਰਾਨ, ਹਰਿ ਕਾ ਭੇਵ ਕੋੋਇ ਨਾ ਪਾਇੰਦਾ। ਗ਼ਰੀਬ ਨਿਮਾਣੇ ਕਰੇ ਪਰਵਾਨ, ਜਿਸ ਜਨ ਆਪਣੀ ਸੇਵਾ ਲਾਇੰਦਾ। ਲੱਖ ਚੁਰਾਸੀ ਵਿਚੋਂ ਲਏ ਪਛਾਣ, ਸਾਚੇ ਮੰਦਰ ਮੇਲ ਮਿਲਾਇੰਦਾ। ਕਾਇਆ ਮੰਦਰ ਕਰ ਪਰਵਾਨ, ਨਾਮ ਘੰਟਾ ਆਪ ਖੜਕਾਇੰਦਾ। ਟੱਲੀ ਝੱਲੀ ਸੁਣੇ ਨਾ ਕੋਇ ਕਾਨ, ਹੱਥ ਨਾਲ ਨਾ ਕੋਇ ਫੜਾਇੰਦਾ। ਅੱਠੇ ਪਹਿਰ ਰਹੇ ਧੁੰਨਕਾਨ, ਸਾਚੇ ਮੰਦਰ ਵਸੇ ਸਦਾ ਭਗਵਾਨ, ਆਪਣੇ ਆਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣੀ ਪਛਾਣ, ਸੋ ਜਨ ਆ ਦਰਸਨ ਪਾਇੰਦਾ। ਆਰਜ਼ੂ ਹਸਰਤ ਰਹੇ ਨਾ ਬਾਕੀ, ਹੈਸੀਅਤ ਆਪਣੀ ਜਿਸ ਜਣਾਇੰਦਾ । ਲਹਿਣਾ ਦੇਣਾ ਚੁਕਾਏ ਬੰਦਾ ਖ਼ਾਕੀ, ਉਲਫ਼ਤ ਆਪਣੀ ਆਪ ਦ੍ਰਿੜਾਇੰਦਾ। ਭਰ ਪਿਆਲਾ ਜਾਮ ਪਿਆਏ ਸਾਕੀ, ਸਚ ਸੁਰਾਹੀ ਆਪ ਉਠਾਇੰਦਾ। ਮਨ ਮਨੂਆ ਅੱਗੇ ਰਹੇ ਨਾ ਆਕੀ, ਆਕ਼ਬਤ ਆਪਣੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰੀ ਸਬਰ ਸਬੂਰੀ ਆਪ ਹੰਢਾਇੰਦਾ।
