Granth 09 Likhat 084: 14 Chetar 2017 Bikarmi Bakhshish Singh de Ghar Dayea Hoyi Kadrabad Jila Amritsar

੧੪ ਚੇਤ ੨੦੧੭ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਘਰ ਦਇਆ ਹੋਈ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ

ਸਾਹਿਬ ਸੱਚਾ ਸੋ ਆਖੀਏ, ਆਦਿ ਜੁਗਾਦਿ ਸਮਾਏ। ਸਾਹਿਬ ਸੱਚਾ ਸੋ ਭਾਖੀਏ, ਨਿਰਗੁਣ ਸਰਗੁਣ ਰੂਪ ਵਟਾਏ। ਸਾਹਿਬ ਸੱਚਾ ਅਲੱਖਣਾ ਅਲਾਖੀਏ, ਲੇਖਾ ਲਿਖ ਨਾ ਸਕੇ ਕੋਈ ਰਾਏ। ਸਾਹਿਬ ਸੱਚਾ ਸਗਲਾ ਸਾਥੀਏ, ਜੁਗਾ ਜੁਗੰਤਰ ਵੇਖ ਵਖਾਏ। ਸਾਹਿਬ ਸੱਚਾ ਪੁਰਖ ਸਮਰਾਥੀਏ, ਏਕੰਕਾਰ ਨਾਉਂ ਧਰਾਏ। ਸਾਹਿਬ ਸੱਚਾ ਸੁਣਾਏ ਸੱਚੀ ਗਾਥੀਏ, ਸੋ ਪੁਰਖ ਨਿਰੰਜਣ ਨਾਉਂ ਉਪਜਾਏ। ਸਾਹਿਬ ਸੱਚਾ ਇਕ ਜਣਾਏ ਪੂਜਾ ਪਾਠੀਏ, ਹੰ ਬ੍ਰਹਮ ਮੇਲ ਮਿਲਾਏ। ਸਾਹਿਬ ਸੱਚਾ ਚਲਾਏ ਸੱਚਾ ਰਾਥੀਏ, ਹਰਿਜਨ ਸਾਚੇ ਲਏ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਇਕ ਅਖਵਾਏ। ਸਾਹਿਬ ਸਚਾ ਪਾਈਏ, ਹਰਿ ਸਤਿਗੁਰ ਗਹਿਰ ਗੰਭੀਰ। ਸਾਹਿਬ ਸੱਚਾ ਵੇਖ ਵਖਾਈਏ, ਸਾਂਤਕ ਕਰੇ ਸਤਿ ਸਰੀਰ। ਸਾਹਿਬ ਸੱਚਾ ਘਰ ਸਾਚੇ ਆਪ ਬਹਾਈਏ, ਬਿਰਹੋਂ ਵਿਛੋੜਾ ਕੱਟੇ ਪੀੜ। ਸਾਹਿਬ ਸੱਚਾ ਦਰਗਹਿ ਸੱਚੀ ਦਰਸ਼ਨ ਪਾਈਏ, ਲੱਖ ਚੁਰਾਸੀ ਕੱਟੇ ਜ਼ੰਜੀਰ। ਸਾਹਿਬ ਸੱਚਾ ਸਚਖੰਡ ਨਿਵਾਸੀ ਇਕ ਧਿਆਈਏ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਦਾਨੀ ਗੁਣੀ ਗਹੀਰ। ਸਾਹਿਬ ਸੱਚਾ ਸੁਲਤਾਨ, ਪਾਰਬ੍ਰਹਮ ਅਖਵਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਤਿਗੁਰ ਨਾਉਂ ਧਰਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਾਚੇ ਤਖ਼ਤ ਆਸਣ ਲਾਇੰਦਾ। ਸਾਹਿਬ ਸੱਚਾ ਮਿਹਰਵਾਨ, ਰਾਜ ਜੋਗ ਆਪ ਕਮਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਾਚਾ ਹੁਕਮ ਆਪ ਸੁਣਾਇੰਦਾ। ਸਾਹਿਬ ਸੱਚਾ ਮਿਹਰਵਾਨ, ਤਖ਼ਤ ਨਿਵਾਸੀ ਵੇਸ ਵਟਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਸਾਹਿਬ ਸੱਚਾ ਹਰਿ ਏਕਾ ਕਾਹਨ, ਨਾਮ ਬੰਸਰੀ ਇਕ ਵਜਾਇੰਦਾ। ਸਾਹਿਬ ਸੱਚਾ ਹਰਿ ਏਕਾ ਰਾਮ, ਸੀਤਾ ਸੁਰਤੀ ਸਰਬ ਪਰਣਾਇੰਦਾ। ਸਾਹਿਬ ਸੱਚਾ ਹਰਿ ਏਕਾ ਜਾਣ, ਹਰਿਜਨ ਸਾਚੇ ਮਾਤ ਤਰਾਇੰਦਾ। ਸਾਹਿਬ ਸੱਚਾ ਇਕ ਪਛਾਣ, ਮਾਣ ਨਿਮਾਣਿਆਂ ਆਪ ਅਖਵਾਇੰਦਾ। ਸਾਹਿਬ ਸੱਚਾ ਏਕਾ ਦੇਵੇ ਦਾਨੀ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਆਪ ਅਖਵਾਇੰਦਾ। ਸਾਹਿਬ ਸੱਚਾ ਸੂਰਬੀਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਾਹਿਬ ਸੱਚਾ ਵਡ ਪੀਰਨ ਪੀਰ, ਸ਼ਹਿਨਸ਼ਾਹ ਆਪ ਅਖਵਾਈਆ। ਸਾਹਿਬ ਸੱਚਾ ਦੋ ਜਹਾਨਾ ਘੱਤੇ ਵਹੀਰ, ਲੋਆਂ ਪੁਰੀਆਂ ਦਏ ਹਿਲਾਈਆ। ਸਾਹਿਬ ਸੱਚਾ ਲੇਖਾ ਜਾਣੇ ਪੀਰ ਫਕੀਰ, ਦਸਤਗੀਰ ਵੇਖ ਵਖਾਈਆ। ਸਾਹਿਬ ਸੱਚਾ ਆਪਣੇ ਰੰਗ ਰੰਗਾਏ ਸ਼ਾਹ ਹਕੀਰ, ਹੱਕ ਹਕੀਕਤ ਦਏ ਸਾਲਾਹੀਆ। ਸਾਹਿਬ ਸੱਚਾ ਬੇਨਜ਼ੀਰ, ਲਿਖ ਸਕੇ ਨਾ ਕੋਈ ਛਾਈਆ। ਸਾਹਿਬ ਸੱਚਾ ਮੇਟੇ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਸਾਹਿਬ ਸੱਚਾ ਆਪੇ ਜਾਣੇ ਆਪਣੀ ਤਕਸੀਰ, ਤਸਵੀਰ ਕਿਸੇ ਨਾ ਹੱਥ ਫੜਾਈਆ। ਸਾਹਿਬ ਸੱਚਾ ਕੱਟਣਹਾਰ ਜ਼ੰਜੀਰ, ਜ਼ੋਰੂ ਜ਼ਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੁਲਤਾਨ ਆਪ ਅਖਵਾਈਆ। ਸਾਹਿਬ ਸੱਚਾ ਮਿਹਰਵਾਨ, ਹਰਿ ਪੁਰਖ ਨਿਰੰਜਣ ਆਪ ਅਖਵਾਇੰਦਾ। ਸਾਹਿਬ ਸੱਚਾ ਝੁਲਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਚੜ੍ਹਾਇੰਦਾ। ਸਾਹਿਬ ਸੱਚਾ ਏਕਾ ਦੇਵੇ ਧੁਰ ਫ਼ਰਮਾਣ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਸਾਹਿਬ ਸੱਚਾ ਜਨ ਭਗਤਾਂ ਰੱਖੇ ਸਾਚਾ ਮਾਣ, ਲੋਕਮਾਤ ਵੇਖ ਵਖਾਇੰਦਾ। ਸਾਹਿਬ ਸੱਚਾ ਜਾਣੀ ਜਾਣ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਸੋਭਾ ਪਾਇੰਦਾ। ਸਾਹਿਬ ਸੱਚਾ ਗੁਣੀ ਗਹੀਰ, ਪਾਤਸ਼ਾਹ ਸਿਰ ਸ਼ਾਹ ਅਖਵਾਈਆ। ਸਤਿਗੁਰ ਸੱਚਾ ਹਰਿਜਨ ਸਾਚੇ ਕਰੇ ਸਾਂਤ ਸਰੀਰ, ਅਗਨੀ ਤਤ ਨਾ ਕੋਇ ਜਲਾਈਆ। ਸਾਹਿਬ ਸੱਚਾ ਅੰਮ੍ਰਿਤ ਜਾਮ ਪਿਆਏ ਸਾਚਾ ਨੀਰ, ਨਿਰਮਲ ਆਪਣਾ ਰੂਪ ਦਰਸਾਈਆ। ਸਾਹਿਬ ਸੱਚਾ ਸਾਚਾ ਸ਼ਬਦ ਤਨ ਪਹਿਨਾਏ ਬਸਤਰ ਚੀਰ, ਸਚ ਕਟਾਰ ਹੱਥ ਫੜਾਈਆ। ਸਾਹਿਬ ਸੱਚਾ ਕੱਟਣਹਾਰਾ ਭੀੜ, ਆਦਿ ਅੰਤ ਹੋਏ ਸਹਾਈਆ। ਸਾਹਿਬ ਸੱਚਾ ਬੰਨਣਹਾਰਾ ਬੀੜ, ਗੁਣ ਅਵਗੁਣ ਨਾ ਕੋਇ ਜਣਾਈਆ। ਸਾਹਿਬ ਸੱਚਾ ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਵੇਖ ਵਖਾਈਆ । ਸਾਹਿਬ ਸੱਚਾ ਵਸੇ ਧਾਮ ਅਨਡੀਠ, ਥਿਰ ਘਰ ਵਾਸੀ ਬੈਠਾ ਆਸਣ ਲਾਈਆ। ਸਾਹਿਬ ਸੱਚਾ ਗੁਰਮੁਖ ਮਿਲਾਏ ਸਾਚਾ ਮੀਤ, ਘਰ ਸਾਚੇ ਵੱਜੇ ਵਧਾਈਆ। ਸਾਹਿਬ ਸੱਚਾ ਇਕ ਸੁਣਾਏ ਸੁਹਾਗੀ ਗੀਤ, ਸੋਹੰ ਅੱਖਰ ਵੱਖਰ ਜਗਤ ਪੜ੍ਹਾਈਆ। ਸਾਹਿਬ ਸੱਚਾ ਕਰੇ ਕਰਾਏ ਪਤਿਤ ਪੁਨੀਤ, ਕੋਟਨ ਕੋਟੀ ਲਏ ਤਰਾਈਆ। ਸਾਹਿਬ ਸੱਚਾ ਹਰਿ ਸੰਤਨ ਵਸੇ ਆਪੇ ਚੀਤ, ਚੇਤਨ ਰੂਪ ਆਪ ਕਰਾਈਆ। ਸਾਹਿਬ ਸੱਚਾ ਆਦਿ ਜੁਗਾਦਿ ਠੰਡਾ ਸੀਤ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸਾਹਿਬ ਸੱਚਾ ਹਰਿ ਭਗਵੰਤ, ਭਗਵਨ ਖੇਲ ਖਿਲਾਇੰਦਾ। ਸਾਹਿਬ ਸੱਚਾ ਹਰਿ ਸਾਚਾ ਕੰਤ, ਗੁਰਮੁਖ ਨਾਰੀ ਆਪ ਪਰਨਾਇੰਦਾ। ਸਾਹਿਬ ਸੱਚਾ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਰੰਗ ਰੰਗਾਇੰਦਾ। ਸਾਹਿਬ ਸੱਚਾ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਸਾਹਿਬ ਸੱਚਾ ਮਹਿਮਾ ਅਗਣਤ, ਅਲੱਖ ਨਿਰੰਜਣ ਅਲੱਖ ਅਲੱਖਣਾ ਆਪ ਅਖਵਾਇੰਦਾ। ਸੱਚਾ ਸਾਹਿਬ ਆਦਿ ਅੰਤ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਰਚਨ ਰਚਾਇੰਦਾ। ਆਦਿ ਜੁਗਾਦੀ ਵਸਿਆ, ਹਰਿ ਸਾਚਾ ਸਚ ਸਮਾਏ। ਜੁਗਾ ਜੁਗੰਤਰ ਵੇਖੇ ਖੇਲ ਤਮਾਸਿਆ, ਦੋ ਜਹਾਨਾਂ ਫੇਰੀ ਪਾਏ। ਨਿਰਗੁਣ ਜੋਤ ਕਰ ਪ੍ਰਕਾਸ਼ਿਆ, ਅਗਿਆਨ ਅੰਧੇਰਾ ਆਪ ਮਿਟਾਏ। ਹਰਿਜਨ ਭਗਤਾਂ ਹੋਏ ਦਾਸੀ ਦਾਸਿਆ, ਸੰਤ ਸਾਜਣ ਮੇਲ ਮਿਲਾਏ। ਲੇਖਾ ਜਾਣੇ ਪ੍ਰਿਥਮੀ ਅਕਾਸ਼ਿਆ, ਗਗਨ ਗਗਨੰਤਰ ਫੋਲ ਫੁਲਾਏ। ਗੁਰਮੁਖ ਹਿਰਦੇ ਅੰਦਰ ਰੱਖੇ ਵਾਸਿਆ, ਘਰ ਮੰਦਰ ਡੇਰਾ ਲਾਏ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪ ਅਖਵਾਏ। ਜੁਗ ਕਰਤਾ ਖੇਲ ਖਿਲਾਇੰਦਾ, ਜੁਗਾ ਜੁਗੰਤਰ ਬੰਨ੍ਹੇ ਧਾਰ। ਰੂਪ ਅਨੂਪਾ ਆਪ ਵਟਾਇੰਦਾ, ਪੁਰਖ ਅਬਿਨਾਸ਼ੀ ਅਗੰਮ ਅਪਾਰ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਏਕਾ ਰੂਪ ਗੁਰ ਅਵਤਾਰ। ਸਾਚਾ ਡੰਕਾ ਸ਼ਬਦ ਵਜਾਇੰਦਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਅੰਤਮ ਆਈ ਹਾਰ। ਚਾਰੋਂ ਕੁੰਟ ਅੰਧੇਰਾ ਛਾਇੰਦਾ, ਰਵ ਸਸ ਹੋਏ ਸ਼ਰਮਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣਾ ਵਰਤਾਰ। ਸਚ ਵਰਤਾਰ ਵਰਤਾਵਣ ਆਇਆ, ਨਿਹਕਲੰਕ ਬਲੀ ਬਲਵਾਨਾ। ਕਲਜੁਗ ਅੰਤਮ ਪੰਧ ਮੁਕਾਵਣ ਆਇਆ, ਮਾਰੇ ਸ਼ਬਦੀ ਤੀਰ ਨਿਸ਼ਾਨਾ। ਸਤਿਜੁਗ ਸਾਚਾ ਚੰਦ ਚੜ੍ਹਾਵਣ ਆਇਆ, ਸਤਿ ਸਰੂਪੀ ਬੰਨ੍ਹੇ ਗਾਨਾਂ। ਚਾਰ ਵਰਨਾਂ ਏਕਾ ਘਰ ਬਹਾਵਣ ਆਇਆ, ਦੇਵੇ ਨਾਮ ਗੁਣ ਨਿਧਾਨਾ। ਊਚਾਂ ਨੀਚਾਂ ਮੇਲ ਮਿਲਾਵਣ ਆਇਆ, ਇਕ ਵਖਾਏ ਪਦ ਨਿਰਬਾਨਾ। ਸੋਹੰ ਅੱਖਰ ਆਪ ਪੜ੍ਹਾਵਣ ਆਇਆ, ਸਰਬ ਜੀਆਂ ਪ੍ਰਭ ਜਾਣੀ ਜਾਣਾ। ਰੋੜੀ ਸੱਖਰ ਵੇਖ ਵਖਾਵਣ ਆਇਆ, ਕਿਰਪਾਨਿਧ ਸ੍ਰੀ ਭਗਵਾਨਾ। ਕਲਜੁਗ ਪੱਥਰ ਭੰਨ ਵਖਾਵਣ ਆਇਆ, ਜੂਠਾ ਝੂਠਾ ਮਿਟੇ ਨਿਸ਼ਾਨਾ। ਲੱਖ ਚੁਰਾਸੀ ਸੱਥਰ ਆਪ ਵਿਛਾਵਣ ਆਇਆ, ਚਾਰੋਂ ਕੁੰਟ ਸੁੰਞ ਮਸਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਦੋ ਜਹਾਨਾ। ਦੋ ਜਹਾਨਾ ਖੇਲ ਅਗੰਮੜਾ, ਹਰਿ ਸਾਚਾ ਸਚ ਕਰਾਇੰਦਾ। ਹਰਿਜਨ ਫੜਾਏ ਆਪਣਾ ਪੱਲੜਾ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਸੁਨੇਹੁੜਾ ਏਕਾ ਘੱਲੜਾ, ਆਪ ਆਪਣਾ ਹੁਕਮ ਅਲਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਤਮ ਸੇਜਾ ਏਕਾ ਮਲੜਾ, ਜਗਤ ਨੇਤਰ ਦਿਸ ਨਾ ਆਇੰਦਾ। ਬੈਠਾ ਰਹੇ ਇਕ ਇਕੱਲੜਾ, ਇਕ ਓਅੰਕਾਰਾ ਨਾਉਂ ਧਰਾਇੰਦਾ। ਸਤਿਜੁਗ ਮਾਰਗ ਦੱਸੇ ਇਕ ਸੁਖਲੜਾ, ਏਕਾ ਵਸਤ ਨਾਮ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਸਤਿਜੁਗ ਨਾਮ ਸਾਚਾ ਹਰਿ, ਹਰਿ ਏਕਾ ਅੱਖਰ ਆਪ ਪੜ੍ਹਾਈਆ। ਲੋਕਮਾਤ ਆਪੇ ਧਰ, ਧਰ ਧਰਤੀ ਧਵਲ ਦਏ ਸੁਹਾਈਆ। ਆਪਣੀ ਕਰਨੀ ਕਰਤਾ ਆਪੇ ਕਰ ਕਰ, ਆਪਣੀ ਕੀਮਤ ਆਪੇ ਪਾਈਆ। ਨੌ ਖੰਡ ਪ੍ਰਿਥਮੀ ਇਕ ਵਖਾਏ ਸਾਚਾ ਸਰ, ਸਰ ਚਰਨ ਦੁਆਰਾ ਵਡ ਵਡਿਆਈਆ। ਗੁਰਮੁਖ ਸੁਹੇਲੇ ਆਪਣੀ ਹੱਥੀਂ ਫੜ ਫੜ, ਦਰ ਘਰ ਸਾਚੇ ਮੇਲ ਮਿਲਾਈਆ। ਨਿਜ ਆਤਮ ਪੌੜੇ ਆਪੇ ਚੜ੍ਹ ਚੜ੍ਹ, ਸੋਏ ਸੰਤ ਲਏ ਉਠਾਈਆ। ਆਪੇ ਤੋੜ ਹੰਕਾਰੀ ਗੜ੍ਹ ਗੜ੍ਹ, ਕਿਲਾ ਕੋਟ ਨਾ ਕੋਇ ਵਖਾਈਆ। ਆਪਣੀ ਅਗਨ ਆਪੇ ਸੜ ਸੜ, ਗੁਰਮੁਖਾਂ ਅੱਗ ਰਿਹਾ ਬੁਝਾਈਆ। ਆਪਣਾ ਨਾਤਾ ਤੋੜ ਸੀਸ ਧੜ ਧੜ, ਗੁਰਮੁਖ ਸੀਸ ਧੜ ਹੋਏ ਸਹਾਈਆ। ਦਰਸ ਦਿਖਾਏ ਅੱਗੇ ਖੜ ਖੜ, ਸਵਛ ਸਰੂਪੀ ਰੂਪ ਵਟਾਈਆ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਹਰਿ ਸੰਗਤ ਸਾਚੀ ਕਰੇ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮਾਤ ਲਏ ਤਰਾਈਆ। ਹਰਿ ਪੜ੍ਹਾਏ ਸਚ ਸਲੋਕ, ਮਹਿਮਾ ਅਗਣਤ ਗਿਣੀ ਨਾ ਜਾਈਆ। ਗੁਰਸਿਖ ਤੇਰੇ ਚਰਨ ਚੁੰਮੇ ਮੁਕਤ ਮੋਖ, ਪ੍ਰਭ ਸਾਚਾ ਦੇਵੇ ਦਰ ਦੁਰਕਾਈਆ। ਤੇਰਾ ਰਾਹ ਤੱਕਣ ਤਿੰਨੇ ਲੋਕ, ਚੌਦਾਂ ਹੱਟ ਨੈਣ ਉਠਾਈਆ। ਬ੍ਰਹਮਾ ਵਿਸ਼ਨ ਸ਼ਿਵ ਗਾਇਣ ਇਕ ਸਲੋਕ, ਕਰੋੜ ਤੇਤੀਸਾ ਕਰੇ ਪੜ੍ਹਾਈਆ । ਰਾਏ ਧਰਮ ਨਾ ਸਕੇ ਕਦੇ ਰੋਕ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਇਕ ਵਖਾਈਆ। ਸਤਿਜੁਗ ਮਾਰਗ ਲਾਵਣਾ, ਹਰਿ ਸਾਚਾ ਬੇਪਰਵਾਹ। ਏਕਾ ਸ਼ਬਦ ਜਹਾਜ਼ ਚਲਾਵਣਾ, ਪੁਰਖ ਅਬਿਨਾਸ਼ੀ ਬਣ ਮਲਾਹ, ਏਕਾ ਚੱਪੂ ਹੱਥ ਉਠਾਵਣਾ, ਨਾਮ ਨਾਮਾ ਲਏ ਵਖਾ। ਚਾਰੇ ਕੁੰਟ ਆਪ ਫਿਰਾਵਣਾ, ਦਹਿ ਦਿਸ਼ਾ ਫੇਰੀ ਪਾ। ਗੁਰਮੁਖ ਸਾਚਾ ਆਪ ਜਗਾਵਣਾ, ਸ਼ਬਦ ਹਲੂਣਾ ਦੇਵੇ ਲਾ। ਅੰਮ੍ਰਿਤ ਜਾਮ ਇਕ ਪਿਆਵਣਾ, ਭਰ ਪਿਆਲਾ ਮੁਖ ਦਏ ਛਕਾ, ਗੀਤ ਸੁਹਾਗੀ ਇਕ ਸੁਣਾਵਣਾ, ਸੋਹੰ ਢੋਲਾ ਆਪੇ ਗਾ। ਕਾਗੋਂ ਹੰਸ ਆਪ ਬਣਾਵਣਾ, ਸਰ ਸਰੋਵਰ ਸਚ ਨੁਹਾ। ਜਨਮ ਜਨਮ ਦਾ ਦਾਗ਼ ਮਿਟਾਵਣਾ, ਦੁਰਮਤ ਮੈਲ ਦਏ ਗੁਆ। ਨਾਮ ਵੈਰਾਗ ਇਕ ਲਗਾਵਣਾ, ਬਿਰਹੋਂ ਤੀਰ ਨਿਰਾਲਾ ਦਏ ਚਲਾ। ਸਾਕ ਸੈਣ ਆਪ ਅਖਵਾਵਣਾ, ਆਪੇ ਬਣੇ ਪਿਤਾ ਮਾਂ। ਬਾਲ ਅੰਞਾਣੇ ਗੋਦ ਉਠਾਵਣਾ, ਸਿਰ ਰੱਖੇ ਠੰਡੀ ਛਾਂ। ਸਾਚੇ ਤਖ਼ਤ ਆਪ ਬਹਾਵਣਾ, ਕਰੇ ਕਰਾਏ ਸਚ ਨਿਆਂ। ਦਰਗਹਿ ਸਾਚੀ ਮਾਣ ਦਵਾਵਣਾ, ਨਿਥਾਵਿਆਂ ਦੇਵੇ ਆਪਣਾ ਥਾਂ। ਸਤਿਜੁਗ ਸਾਚਾ ਸੰਗ ਨਿਭਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹ। ਸਤਿਜੁਗ ਸਾਚਾ ਚੰਦ ਚੜ੍ਹਾਉਣਾ, ਸੀਤਲ ਸਤਿ ਕਰੇ ਰੁਸ਼ਨਾਈਆ। ਗੁਰਮੁਖ ਨੂਰ ਨੁਰਾਨਾ ਆਪ ਚਮਕਾਉਣਾ, ਜੋਤੀ ਨੂਰ ਨੂਰ ਸਵਾਈਆ। ਨੇਤਰ ਨੈਣ ਆਪ ਮਟਕਾਉਣਾ, ਨੈਣ ਮੁੰਧਾਰ ਵੇਖ ਵਖਾਈਆ। ਛੈਲ ਛਬੀਲਾ ਆਪ ਉਪਜਾਵਣਾ, ਸਾਚਾ ਜੋਬਨ ਇਕ ਵਖਾਈਆ। ਚਾਰ ਵਰਨ ਕਬੀਲਾ ਇਕ ਬਨਾਉਣਾ, ਜ਼ਾਤ ਪਾਤ ਨਾ ਕੋਇ ਰਖਾਈਆ। ਪੀਲਾ ਦਸਤਾਰ ਸੀਸ ਆਪ ਬੰਧਾਉਣਾ, ਲੱਖ ਚੁਰਾਸੀ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਕਰੇ ਕੁੜਮਾਈਆ। ਸਤਿਜੁਗ ਸਾਚਾ ਸੋਹਣਾ, ਸੁਹਾਏ ਬੰਕ ਦੁਆਰ। ਪੁਰਖ ਅਬਿਨਾਸ਼ੀ ਹਰ ਘਟ ਮਨ ਮਨੂਆ ਆਪੇ ਮੋਹਣਾ, ਆਪ ਆਪਣੀ ਕਿਰਪਾ ਧਾਰ। ਸਾਚਾ ਢੋਲਾ ਏਕਾ ਗਾਉਣਾ, ਨਿਰਗੁਣ ਬੋਲ ਸ਼ਬਦ ਜੈਕਾਰ। ਮਨਮੁਖ ਕਿਸੇ ਨਾ ਮਿਲੇ ਸੇਜੇ ਸੌਣਾ, ਸ਼ਬਦ ਅਗੰਮੀ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਖੋਲ੍ਹੇ ਸਚ ਕਿਵਾੜ। ਸਚ ਕਿਵਾੜਾ ਖੋਲ੍ਹਣਾ, ਪ੍ਰਭ ਆਪਣੀ ਕਿਰਪਾ ਧਾਰ। ਲੱਖ ਚੁਰਾਸੀ ਜਗ ਵਿਰੋਲਣਾ, ਗੁਰਮੁਖ ਸਾਚੇ ਲਏ ਉਭਾਰ। ਏਕਾ ਕੰਡੇ ਨਾਮ ਤੋਲਣਾ, ਦੂਸਰ ਵੱਟਾ ਨਾ ਰੱਖੇ ਵਿਚ ਸੰਸਾਰ। ਲੱਖ ਚੁਰਾਸੀ ਪਰਦਾ ਫੋਲਣਾ, ਸਾਧਾਂ ਸੰਤਾਂ ਪਾਵੇ ਸਾਰ। ਗੁਰਮੁਖ ਵਿਰਲਾ ਲਾਲ ਅਮੋਲਣਾ, ਕੀਮਤ ਕਰਤਾ ਪਾਏ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਏਕਾ ਬੋਲਣਾ, ਸੋ ਪੁਰਖ ਨਿਰੰਜਣ ਹਰਿ ਨਿਰੰਕਾਰ। ਹਰਿ ਨਿਰੰਕਾਰਾ ਸਤਿਜੁਗ ਧਾਰਾ, ਆਪਣੀ ਆਪ ਚਲਾਈਆ। ਆਪੇ ਵਰਤੇ ਆਪਣੀ ਕਾਰਾ, ਵਡ ਦਾਤਾ ਬੇਪਰਵਾਹੀਆ। ਜੀਵਾਂ ਜੰਤਾਂ ਕਰੇ ਸਚ ਪਿਆਰਾ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਮਾਰਗ ਸਾਚਾ ਪੰਥ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਆਪੇ ਪੂਜਾ ਪਾਠ ਹੋਏ ਵੇਦ ਸ਼ਾਸਤਰ ਸਿਮਰਤ ਗ੍ਰੰਥ, ਆਪਣੇ ਨਾਮ ਕਰੇ ਪੜ੍ਹਾਈਆ। ਆਪੇ ਆਪਣਾ ਨਾਦ ਵਜਾਏ ਸਾਚਾ ਸੰਖ, ਆਪਣੀ ਬਾਂਗ ਅਜ਼ਾਨ ਆਪ ਅਲਾਈਆ। ਆਪੇ ਹੰਸ ਹੋਏ ਉਡੇ ਪੰਖ, ਮੱਛ ਕੱਛ ਜਲ ਧਾਰਾ ਆਪ ਸੁਹਾਈਆ। ਆਪੇ ਗਾਏ ਮੁਖ ਸਹੰਸ, ਆਪਣੀ ਜਿਹਵਾ ਆਪ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਸੋਭਾ ਪਾਈਆ। ਸਤਿਜੁਗ ਸਾਚੇ ਸਾਚਾ ਗੁਣ, ਹਰਿ ਸਾਚਾ ਵਿਚ ਟਿਕਾਇੰਦਾ। ਸਰਬ ਵਿਆਪੀ ਸਰਬ ਪੁਕਾਰ ਲਏ ਸੁਣ, ਦਿਵਸ ਰੈਣ ਰਾਹ ਤਕਾਇੰਦਾ। ਸੰਤ ਸਾਜਣ ਆਪੇ ਚੁਣ, ਆਪ ਆਪਣੇ ਰੰਗ ਰੰਗਾਇੰਦਾ। ਕਰੇ ਕਰਾਏ ਛਾਣ ਪੁਣ, ਜਗਤ ਛਾਛ ਵਰੋਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਾਚਾ ਰਾਹ, ਪੁਰਖ ਅਬਿਨਾਸ਼ੀ ਬਣ ਮਲਾਹ, ਲੋਕਮਾਤ ਆਪ ਚਲਾਇੰਦਾ। ਲੋਕਮਾਤ ਸਾਚੀ ਧਾਰ, ਹਰਿ ਸਾਚਾ ਆਪ ਚਲਾਈਆ। ਏਕਾ ਡੰਕਾ ਵੱਜੇ ਵਿਚ ਸੰਸਾਰ, ਏਕਾ ਛਤਰ ਸੀਸ ਝੁਲਾਈਆ। ਏਕਾ ਰਾਜ ਰਾਜਾਨ ਹੋਏ ਸਿਕਦਾਰ, ਸ਼ਾਹ ਸੁਲਤਾਨ ਇਕ ਅਖਵਾਈਆ। ਏਕਾ ਦੇਵੇ ਧੁਰ ਫ਼ਰਮਾਣ, ਏਕਾ ਸ਼ਬਦ ਨਾਮ ਪੜ੍ਹਾਈਆ। ਏਕਾ ਹੁਕਮੀ ਹੁਕਮ ਵਰਤੇ ਵਰਤਾਰ, ਦੂਸਰ ਹੋਰ ਨਾ ਕੋਇ ਸਾਲਾਹੀਆ। ਏਕਾ ਮੰਦਰ ਮਸਜਿਦ ਗੁਰੂਦੁਆਰ, ਸ਼ਿਵਦੁਆਲਾ ਮੱਠ ਮਸੀਤ ਇਕ ਵਖਾਈਆ। ਏਕਾ ਰਾਗ ਨਾਦ ਵਜਾਏ ਸਿਤਾਰ, ਸਾਰੰਗ ਸਾਰੰਗਾ ਆਪ ਹਿਲਾਈਆ। ਏਕਾ ਗਾਵਤ ਗਾਏ ਆਪਣੀ ਵਾਰ, ਪਉੜੀ ਗਉੜੀ ਆਪ ਅਲਾਈਆ। ਏਕਾ ਵਸੇ ਸਚ ਮੁਨਾਰ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਵੇਖ ਵਖਾਈਆ। ਸਤਿਜੁਗ ਸਾਚਾ ਜਾਏ ਲੱਗ, ਹਰਿ ਸਾਚੇ ਸਾਚ ਲਗਾਵਣਾ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਦਿਵਸ ਰੈਣ ਏਕਾ ਰੰਗ ਰੰਗਾਵਣਾ। ਇਕ ਵਖਾਏ ਚੌਥਾ ਪਦ, ਪਰਮ ਪੁਰਖ ਮੇਲ ਮਿਲਾਵਣਾ। ਪੰਚਮ ਸ਼ਬਦ ਵਜਾਏ ਨਦ, ਨਾਨਾ ਰੂਪ ਆਪ ਵਟਾਵਣਾ। ਆਪੇ ਜਾਣੇ ਪਾਰ ਕਿਨਾਰਾ ਆਪਣੀ ਹੱਦ, ਬ੍ਰਹਿਮਾਦ ਖੋਜ ਖੁਜਾਵਣਾ। ਆਪੇ ਗਾਏ ਸ਼ਬਦ ਬੋਧ ਅਗਾਧ, ਖਾਣੀ ਬਾਣੀ ਭੇਵ ਨਾ ਪਾਵਣਾ। ਆਪੇ ਰੰਗ ਰੰਗਾਏ ਸੰਤ ਸਾਧ, ਭਗਤ ਭਗਵੰਤ ਆਪ ਅਖਵਾਵਣਾ। ਆਪੇ ਰੂਪ ਵਟਾਏ ਮੋਹਨ ਮਾਧਵ ਮਾਧ, ਮੁਕੰਦ ਮਨੋਹਰ ਲੱਖ਼ਮੀ ਨਰਾਇਣ ਖੇਲ ਖਿਲਾਵਣਾ। ਆਪ ਸੁਣੇ ਸਰਬ ਫਰਿਆਦਿ, ਸਾਚੇ ਤਖ਼ਤ ਆਪ ਸੋਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰੰਗ ਰੰਗਾਵਣਾ । ਸਤਿਜੁਗ ਸਾਚਾ ਰੰਗ ਅਪਾਰ, ਚਾਰ ਵਰਨਾਂ ਆਪ ਚੜ੍ਹਾਈਆ। ਨਾਤਾ ਤੁਟੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਮੇਟ ਮਿਟਾਈਆ। ਹਉਮੇ ਹੰਗਤਾ ਦੇਵੇ ਮਾਰ, ਜਗਤ ਤ੍ਰਿਸ਼ਨਾ ਭੁੱਖ ਗੁਆਈਆ। ਸਾਚੇ ਸ਼ਬਦ ਕਰੇ ਪਿਆਰ, ਹੰ ਬ੍ਰਹਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਰਾਓ ਰੰਕ ਨਾ ਕੋਇ ਵਖਾਈਆ। ਰਾਓ ਰੰਕ ਏਕਾ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਸਗਲਾ ਸੰਗ ਨਿਭਾਇੰਦਾ। ਨਾਮ ਵਜਾਏ ਇਕ ਮਰਦੰਗ, ਬ੍ਰਹਿਮੰਡ ਖੰਡ ਆਪ ਸੁਹਾਇੰਦਾ। ਸਚਖੰਡ ਦੁਆਰਾ ਆਪੇ ਲੰਘ, ਸਾਚੇ ਤਖ਼ਤ ਚਰਨ ਟਿਕਾਇੰਦਾ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭਓ ਭੰਨਾਇੰਦਾ। ਇਕ ਉਪਜਾਏ ਪਰਮਾਨੰਦ, ਨਿਜ ਆਤਮ ਰਸ ਚੁਆਇੰਦਾ। ਜੀਵ ਜੰਤ ਰਸਨਾ ਕੋਇ ਨਾ ਲਾਏ ਮਦਿਰਾ ਮਾਸ ਗੰਦ, ਸੋਹੰ ਸੋ ਸਾਚਾ ਜਾਪ ਜਪਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਤੋੜ ਦਇਆ ਕਮਾਇੰਦਾ। ਹਰਿਜਨ ਚੜ੍ਹਾਏ ਸਾਚੇ ਚੰਦ, ਲੋਕਮਾਤ ਆਪ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸਚ ਸਮਾਇੰਦਾ। ਸਤਿਜੁਗ ਅੰਦਰ ਸਚ ਧਰ, ਸਚ ਸਾਚਾ ਵੇਖ ਵਖਾਈਆ। ਪੁਰਖ ਅਬਿਨਾਸ਼ੀ ਦੇਵੇ ਵਰ, ਘਰ ਸਾਚੇ ਵਸਤ ਟਿਕਾਈਆ। ਜਗਤ ਜਹਾਨ ਚੁੱਕੇ ਡਰ, ਜੀਵ ਜੀਵ ਨਾ ਕੋਇ ਤਰਸਾਈਆ। ਸੋ ਪੁਰਖ ਨਿਰੰਜਣ ਕਿਰਪਾ ਕਰ, ਮਨਮਤ ਦਏ ਗੁਆਈਆ। ਗੁਰਮਤ ਸਾਚੀ ਅੱਗੇ ਧਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਦਏ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਆਪ ਸਮਝਾਉਣਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਨਾ ਕਿਸੇ ਅਖਵਾਉਣਾ, ਆਤਮ ਬ੍ਰਹਮ ਸਰਬ ਵਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪੰਧ ਮੁਕਾਉਣਾ, ਜ਼ਾਤ ਪਾਤ ਮੇਟ ਮਿਟਾਇੰਦਾ। ਅੱਖਰ ਵੱਖਰ ਏਕਾ ਜਾਪ ਜਪਾਉਣਾ, ਦੋਏ ਦੋਏ ਰੂਪ ਵਟਾਇੰਦਾ। ਨਿਰਗੁਣ ਸਰਗੁਣ ਮੇਲ ਮਿਲੌਣਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇਲ ਖਿਲਾਇੰਦਾ। ਸਤਿਜੁਗ ਸਾਚਾ ਵਰਤੇ ਵਰਤੰਤ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਏਕਾ ਨਾਤਾ ਜੀਵ ਜੰਤ, ਸਗਲ ਸ੍ਰਿਸ਼ਟੀ ਭੈਣ ਭਾਈਆ। ਨਾਰੀ ਮੇਲਾ ਸਾਚੇ ਕੰਤ, ਦੂਸਰ ਨੈਣ ਨਾ ਕੋਇ ਉਠਾਈਆ। ਹਰਿ ਕਾ ਨਾਮ ਨਾ ਮੰਗਣ ਜਾਏ ਕੋਈ ਬਣ ਬਣ ਮੰਗਤ, ਹੱਟੋ ਹੱਟ ਨਾ ਕੋਇ ਵਖਾਈਆ। ਸਾਚੀ ਬਣਾਏ ਹਰਿ ਹਰਿ ਸੰਗਤ, ਹਰਿ ਕੀ ਪੌੜੀ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਵੇਖ ਵਖਾਈਆ। ਸਤਿਜੁਗ ਸਾਚੀ ਏਕਾ ਗੋਤ, ਪੁਰਖ ਅਬਿਨਾਸ਼ੀ ਆਪ ਉਪਾਇੰਦਾ। ਨਿਰਗੁਣ ਮੇਲਾ ਸਾਚੀ ਜੋਤ, ਜੋਤੀ ਜੋਤ ਖੇਲ ਖਿਲਾਇੰਦਾ। ਤਨ ਨਗਾਰੇ ਸ਼ਬਦੀ ਚੋਟ, ਅਗੰਮ ਅਗੰਮੜਾ ਆਪ ਲਗਾਇੰਦਾ। ਕੋਇ ਨਾ ਰੱਖੇ ਵਾਸਨਾ ਖੋਟ, ਮਾਇਆ ਮਮਤਾ ਨਾ ਕੋਇ ਪਰਨਾਇੰਦਾ। ਕੋਇ ਨਾ ਪੀਵੇ ਪੋਸਤ ਘੋਟ, ਮਦਿ ਪਿਆਲਾ ਨਾ ਹੱਥ ਉਠਾਇੰਦਾ। ਕੋਇ ਨਾ ਦਰ ਦਰ ਮੰਗੇ ਰੋਟ, ਦਰ ਦਰਵੇਸ਼ ਨਾ ਕੋਇ ਅਖਵਾਇੰਦਾ। ਨਾ ਕੋਈ ਭੁੰਨੇ ਕਬਾਬ ਬੋਟੀ ਬੋਟ, ਰਸਨਾ ਜਿਹਵਾ ਨਾ ਕੋਇ ਹਲਕਾਇੰਦਾ। ਕੋਈ ਨਾ ਸੋਏ ਕਰ ਕਰ ਬੰਦ ਸੋਤ, ਪੁਰਖ ਅਬਿਨਾਸ਼ੀ ਘਰ ਘਰ ਦਰਸ ਦਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਲਾਇੰਦਾ। ਨਾ ਕੋਈ ਹਵਨ ਨਾ ਕੋਈ ਧੂਪ, ਦੀਵਾ ਬੱਤੀ ਨਾ ਕੋਇ ਜਲਾਈਆ। ਨਾ ਕੋਈ ਸਿਲ ਪਾਥਰ ਪਾਹਨ ਲਏ ਪੂਜ, ਬ੍ਰਹਮਾ ਵਿਸ਼ਨ ਸ਼ਿਵ ਗਣੇਸ਼ ਨਾ ਕੋਇ ਮਨਾਈਆ। ਨਾ ਕੋਈ ਸ਼ਸਤਰ ਖੰਡੇ ਜਾਏ ਝੂਝ, ਤੀਰ ਕਮਾਨ ਨਾ ਕੋਇ ਚਲਾਈਆ। ਪੁਰਖ ਨਿਰੰਜਣ ਏਕੰਕਾਰਾ ਲੱਖ ਚੁਰਾਸੀ ਆਪੇ ਲਏ ਬੂਝ, ਸਾਚੀ ਸੂਝ ਆਪਣੇ ਹੱਥ ਰਖਾਈਆ। ਨੇਤਰ ਨੈਣ ਉਠਾ ਨਾ ਕੋਈ ਵੇਖੇ ਚੰਦ ਦੂਜ ਤੀਜ, ਘਰ ਘਰ ਚੰਦਰਮਾ ਪਰਕਾਸ਼ ਕਰਾਈਆ। ਗੁਰਮੁਖ ਸੱਜਣ ਜਾਏ ਪਤੀਜ, ਪੀਆ ਪ੍ਰੀਤਮ ਘਰ ਵਿਚ ਪਾਈਆ। ਆਪੇ ਕਰੇ ਸਾਚੀ ਰੀਝ, ਗੁਰਮੁਖ ਸਚ ਸ਼ਿੰਗਾਰ ਇਕ ਵਖਾਈਆ। ਦਿਵਸ ਰੈਣ ਬੈਠਾ ਰਹੇ ਅੱਗੇ ਦਰ ਦਹਿਲੀਜ, ਆਪ ਆਪਣੀ ਸੇਵ ਕਮਾਈਆ। ਹਰਿਜਨ ਚਰਨ ਕਵਲ ਜਨ ਜਾਏ ਭੀਜ, ਅੰਮ੍ਰਿਤ ਮੇਘ ਆਪ ਬਰਸਾਈਆ। ਸਾਚੀ ਰੁੱਤੜੀ ਏਕਾ ਬੀਜ ਦੇਵੇ ਬੀਜ, ਕਾਇਆ ਧਰਤੀ ਹੱਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਚ ਫੁਲਵਾੜੀ ਆਪ ਮਹਿਕਾਈਆ। ਸਤਿਜੁਗ ਬੂਟਾ ਲਾਏ ਫੁੱਲ, ਗੁਰਮੁਖ ਸਾਚਾ ਬੀਜ ਬਜਾਇੰਦਾ। ਪੁਰਖ ਅਬਿਨਸ਼ੀ ਕਦੇ ਨਾ ਜਾਏ ਭੁੱਲ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਕਰੇ ਖੇਲ ਅਮੋਲ ਅਮੁਲ, ਅਮੋਲਕ ਆਪਣੀ ਵਸਤ ਟਿਕਾਇੰਦਾ। ਆਦਿ ਅੰਤ ਪਾਵਣਹਾਰਾ ਸਾਚਾ ਮੁੱਲ, ਲੱਖ ਕਰੋੜੀ ਨਾ ਕੋਇ ਚੁਕਾਇੰਦਾ। ਨਿਰਗੁਣ ਕੰਡੇ ਤੋਲੇ ਤੋਲ, ਸਰਗੁਣ ਹੱਥ ਨਾ ਕੋਇ ਵਖਾਇੰਦਾ। ਸਤਿਜੁਗ ਉਪਜਾਏ ਆਪਣੀ ਕੁਲ, ਵਿਸ਼ਵ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਗਲਾ ਸੰਗ ਆਪ ਰਖਾਇੰਦਾ। ਸਗਲਾ ਸੰਗ ਪੁਰਖ ਬਿਧਾਤਾ, ਸਤਿਜੁਗ ਸਾਚੇ ਆਪ ਨਿਭਾਈਆ। ਆਪੇ ਦੇਵੇ ਆਪਣੀ ਦਾਤਾ, ਦਾਤਾ ਦਾਨੀ ਸੇਵ ਕਮਾਈਆ। ਆਪ ਸੁਣਾਏ ਆਪਣੀ ਗਾਥਾ, ਵਾਹ ਵਾ ਗੁਰੂ ਵਡ ਵਡਿਆਈਆ। ਆਪੇ ਜਾਣੇ ਪੂਜਾ ਪਾਠਾ, ਨਾਮ ਸਤਿ ਸਤਿ ਪੜ੍ਹਾਈਆ। ਆਪੇ ਪੂਰਾ ਕਰੇ ਘਾਟਾ, ਸਾਚਾ ਤੋਲਾ ਬੇਪਰਵਾਹੀਆ। ਨਾ ਕੋਈ ਦਿਸੇ ਤੀਰਥ ਤਾਟਾ, ਅਠਸਠ ਰਹਿਣ ਨਾ ਪਾਈਆ। ਭਾਗ ਲਗਾਏ ਕਾਇਆ ਮਾਟਾ, ਸਰ ਸਰੋਵਰ ਇਕ ਵਖਾਈਆ। ਦਰਸ ਦਿਖਾਏ ਸਾਚੀ ਖਾਟਾ, ਮੰਦਰ ਗੁਰਦਵਾਰਾ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਾਚੀ ਬਣਤ ਬਣਾਈਆ। ਸਤਿਜੁਗ ਸਾਚੇ ਸਾਚਾ ਗੁਰੂਦਵਾਰ, ਹਰਿਜਨ ਕਾਇਆ ਬੰਕ ਸੁਹਾਇੰਦਾ। ਅੰਦਰ ਵੜ ਗੁਰ ਕਰਤਾਰ, ਆਪਣਾ ਆਸਣ ਆਪ ਵਛਾਇੰਦਾ। ਆਪੇ ਬੋਲੇ ਆਪਣੀ ਧਾਰ, ਆਪਣਾ ਵਾਕ ਆਪ ਅਲਾਇੰਦਾ। ਆਪੇ ਪਰਦਾ ਦੇਵੇ ਡਾਰ, ਆਪੇ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਸੁਹਾਵਣਾ, ਪੰਜ ਤਤ ਕਾਇਆ ਕਰ ਪਿਆਰ। ਹਰਿ ਮੰਦਰ ਆਪ ਬਣਾਵਣਾ, ਇੱਟਾਂ ਗਾਰਾ ਨਾ ਲਾਏ ਨਿਰੰਕਾਰ। ਛੱਪਰ ਛੰਨ ਨਾ ਕੋਇ ਰਖਾਵਣਾ, ਨਾ ਕੋਈ ਘਾੜਣ ਘੜੇ ਜਗਤ ਸੁਨਿਆਰ। ਸਾਚਾ ਸਵਰਨ ਇਕ ਚਮਕਾਵਣਾ, ਕੰਚਨ ਨਿਉਂ ਨਿਉਂ ਕਰੇ ਨਿਮਸਕਾਰ। ਸ਼ਬਦ ਗੁਰ ਵਿਚ ਵਸਾਵਣਾ, ਜਨਮੇ ਮਰੇ ਨਾ ਵਿਚ ਸੰਸਾਰ। ਗ੍ਰੰਥੀ ਕੋਈ ਪੜ੍ਹਣ ਨਾ ਲਾਵਣਾ, ਆਪੇ ਸੁਣਾਏ ਹਰਿ ਨਿਰੰਕਾਰ। ਸਾਰੰਗ ਢੱਡ ਨਾ ਕੋਇ ਵਜਾਵਣਾ, ਅਨਹਦ ਰੱਖੇ ਸੱਚੀ ਧੁਨਕਾਰ। ਜਗਤ ਸਟੇਜ ਨਾ ਕੋਇ ਰਖਾਵਣਾ, ਉਤੇ ਚੜ੍ਹੇ ਨਾ ਕੋਈ ਗਵਾਰ। ਪੁਰਖ ਅਬਿਨਾਸ਼ੀ ਆਪਣਾ ਵਾਕ ਅਲ੍ਹਾਵਣਾ, ਆਪ ਆਪਣੀ ਕਿਰਪਾ ਧਾਰ। ਗੁਰੂ ਗ੍ਰੰਥ ਇਕ ਵਖਾਵਣਾ, ਜਲ ਡੋਬੇ ਨਾ ਅਗਨੀ ਦੇਵੇ ਸਾੜ। ਕਿਸੇ ਕਾਗਦ ਕਲਮ ਛਾਹੀ ਨਾ ਮਾਣ ਦਵਾਵਣਾ, ਨਿਸ਼ਅੱਖਰ ਰੂਪ ਆਪ ਨਿਰੰਕਾਰ। ਸਤਿਜੁਗ ਸਾਚੇ ਸਾਚਾ ਅੱਖਰ ਇਕ ਪੜ੍ਹਾਵਣਾ, ਅੱਠੇ ਪਹਿਰ ਰੱਖੇ ਧੁਨਕਾਰ। ਮਨ ਪੰਖੀ ਆਪਣੀ ਡੋਰ ਆਪ ਬੰਧਾਵਣਾ, ਦਹਿ ਦਿਸ਼ਾ ਨਾ ਕਰੇ ਵਿਚਾਰ। ਮਤ ਮਤਵਾਲੀ ਦੂਜਾ ਰਾਹ ਨਾ ਕੋਇ ਤਕਾਵਣਾ, ਚਾਰ ਕੁੰਟ ਨਾ ਹੋਏ ਖਵਾਰ। ਬੁੱਧ ਬਬੇਕੀ ਆਪ ਕਰਾਵਣਾ, ਤ੍ਰੈਗੁਣ ਮਾਇਆ ਨਾ ਦੇਵੇ ਸਾੜ। ਮੁਲਾਂ ਸ਼ੇਖ਼ ਮੁਸਾਇਕ ਨਾ ਕੋਇ ਅਖਵਾਵਣਾ, ਪੀਰ ਦਸਤਗੀਰ ਨਾ ਦਏ ਆਧਾਰ। ਪੰਡਤ ਪਾਂਧੇ ਤਿਲਕ ਨਾ ਕਿਸੇ ਲਗਾਵਣਾ, ਗਲ ਜੰਜੂ ਨਾ ਕਰੇ ਸ਼ਿੰਗਾਰ। ਜਗਤ ਸੁੰਨਤ ਨਾ ਕਿਸੇ ਕਰਾਵਣਾ, ਕੱਟੇ ਅੰਗ ਨਾ ਹੋਏ ਖੁਆਰ। ਸੂਰਾ ਸਰਬੰਗ ਸਤਿਗੁਰ ਪੂਰਾ ਇਕ ਅਖਵਾਵਣਾ, ਕਰੇ ਖੇਲ ਵਿਚ ਸੰਸਾਰ। ਰਾਜਾ ਰਾਣਾ ਮੇਟ ਮਿਟਾਵਣਾ, ਨਾ ਕੋਈ ਹੋਵੇ ਛਤਰ ਧਾਰ। ਦਰ ਦਰਬਾਨ ਨਾ ਕਿਸੇ ਬਹਾਵਣਾ, ਨਾ ਕੋਈ ਵੰਡੇ ਵੰਡ ਵਿਚ ਸੰਸਾਰ। ਧੁਰਦਰਗਾਹੀ ਏਕਾ ਹੁਕਮ ਚਲਾਵਣਾ, ਨਾ ਕੋਈ ਰੱਖੇ ਡਾਕ ਤਾਰ। ਚਿੱਠੀ ਰਸਾਇਣ ਕਾਗਦ ਕਿਸੇ ਨਾ ਹੱਥ ਫੜਾਵਣਾ, ਨਾ ਕੋਈ ਘਰ ਘਰ ਫੇਰੇ ਦੇਵੇ ਮਾਰ। ਰਾਤੀਂ ਸੁਤਿਆਂ ਆਪਣਾ ਹੁਕਮ ਸੁਨਾਵਣਾ, ਸ਼ਬਦ ਅਗੰਮੀ ਹਿਲਾ ਸਿਤਾਰ। ਸਚਖੰਡ ਬੈਠੇ ਲੋਆਂ ਪੁਰੀਆਂ ਬੰਧਨ ਪਾਵਣਾ, ਏਕਾ ਡੋਰ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਾਚਾ ਕਰੇ ਵਿਹਾਰ । ਸਤਿਜੁਗ ਚੁੱਕੇ ਪੂਜਾ ਪਾਠ, ਪੁਰਖ ਅਬਿਨਾਸ਼ੀ ਆਪ ਚੁਕਾਈਆ। ਸਤਿਜੁਗ ਕੋਇ ਸਰੋਵਰ ਨਾ ਮਾਰੇ ਠਾਠ, ਜਲਧਾਰ ਨਾ ਕੋਇ ਵਡਿਆਈਆ। ਸਤਿਜੁਗ ਸਾਧ ਸੰਤ ਨਾ ਖੋਲ੍ਹੇ ਕੋਈ ਹਾਟ, ਹਰਿ ਕਾ ਨਾਮ ਨਾ ਕੋਈ ਵਕਾਈਆ। ਸਤਿਜੁਗ ਸਤਿਗੁਰ ਪੂਰਾ ਦੀਪਕ ਜੋਤ ਜਗਾਏ ਲਲਾਟ, ਦੂਸਰ ਦਰ ਮੰਗਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਕਰੇ ਪੜ੍ਹਾਈਆ। ਦਿਵਸ ਰੈਣ ਸ਼ਬਦ ਚਲਾਵਣਾ, ਆਲਸ ਨਿੰਦਰਾ ਨਾ ਕੋਈ ਰਖਾਏ। ਗੁਰਮੁਖ ਸਾਚੇ ਮੇਲ ਮਿਲਾਵਣਾ, ਕਾਇਆ ਜਿੰਦਰਾ ਤੋੜ ਤੁੜਾਏ। ਮਦਿ ਪਿਆਲਾ ਨਾਮ ਪਿਆਵਣਾ, ਸਚ ਖ਼ੁਮਾਰ ਇਕ ਵਖਾਏ। ਨੇਤਰ ਨੈਣ ਇਕ ਖੁਲ੍ਹਾਵਣਾ, ਅੱਠ ਪਹਿਰ ਰੁਸ਼ਨਾਏ। ਸੋਹੰ ਸਾਚਾ ਜਾਪ ਜਪਾਵਣਾ, ਸੋ ਪੁਰਖ ਨਿਰੰਜਣ ਘਰ ਘਰ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਤਖ਼ਤ ਸੁਹਾਏ। ਸਤਿਜੁਗ ਸਾਚਾ ਤਖ਼ਤ ਸੁਲਤਾਨ, ਦੋ ਜਹਾਨਾਂ ਆਪ ਸਾਲਾਹੀਆ। ਪੁਰਖ ਅਬਿਨਾਸ਼ੀ ਵਡ ਮਿਹਰਬਾਨ, ਜੀਵਾਂ ਜੰਤਾਂ ਦਏ ਵਡਿਆਈਆ। ਏਕਾ ਅੱਖਰ ਕਰ ਪਰਧਾਨ, ਪਾਰਬ੍ਰਹਮ ਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪਣਾ ਇਸ਼ਟ ਵੇਖ ਵਖਾਈਆ।