੧੮ ਭਾਦਰੋਂ ੨੦੧੮ ਬਿਕ੍ਰਮੀ ਪੱਖੋਵਾਲ ਜ਼ਿਲਾ ਲੁਧਿਆਣਾ
ਸਤਿਗੁਰ ਪੂਰਾ ਦੀਨ ਦਿਆਲ, ਦਇਆਵਾਨ ਅਖਵਾਇੰਦਾ। ਜੁਗ ਜੁਗ ਪਰਗਟ ਹੋ ਵਿਚ ਜਹਾਨ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸ਼ਬਦ ਸਰੂਪੀ ਸਤਿ ਬਬਾਣ, ਬ੍ਰਹਿਮੰਡ ਖੰਡ ਆਪ ਉਡਾਇੰਦਾ। ਨਾਮ ਨਿਧਾਨਾ ਇਕ ਗਿਆਨ, ਮੰਤਰ ਅੰਤਰ ਆਪ ਜਪਾਇੰਦਾ। ਗੁਰਮੁਖ ਸੱਜਣ ਸਚ ਪਛਾਣ, ਹਰਿਜਨ ਆਪਣਾ ਮੇਲ ਮਿਲਾਇੰਦਾ। ਪਰਦਾ ਚੁੱਕ ਕਾਇਆ ਮੰਦਰ ਮਕਾਨ, ਗ੍ਰਹਿ ਸਾਚਾ ਘਰ ਵਖਾਇੰਦਾ। ਏਕਾ ਦੇਵੇ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਤ ਵਡਿਆਇੰਦਾ। ਹਰਿਜਨ ਵੱਡਾ ਵੱਡੀ ਵਡਿਆਈ, ਸਤਿਗੁਰ ਪੂਰਾ ਆਪ ਵਡਿਆਇੰਦਾ। ਲੇਖਾ ਜਾਣੇ ਧੁਰ ਦਰਗਾਹੀ, ਦਰਗਹਿ ਸਾਚੀ ਖੇਲ ਖਿਲਾਇੰਦਾ। ਵੇਖਣਹਾਰਾ ਥਾਉਂ ਥਾਈਂ, ਘਟ ਘਟ ਅੰਤਰ ਫੋਲ ਫੋਲਾਇੰਦਾ। ਹਰਿਜਨ ਮੇਲੇ ਫੜ ਫੜ ਬਾਹੀਂ, ਸੇਵਕ ਸਾਚੀ ਸੇਵ ਕਮਾਇੰਦਾ। ਨਥਾਵਿਆਂ ਦੇਵੇ ਸਾਚਾ ਥਾਈਂ, ਨਿਰਧਨ ਆਪਣੀ ਗੋਦ ਬਹਾਇੰਦਾ। ਸਦਾ ਸਦ ਦੇਵੇ ਠੰਡੀਆਂ ਛਾਈਂ, ਸਮਰਥ ਪੁਰਖ ਸਿਰ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਹਰਿ ਹਰਿ ਠਾਕਰ, ਅਬਿਨਾਸ਼ੀ ਬੇਪਰਵਾਹੀਆ। ਏਕਾ ਦੇਵੇ ਨਾਮ ਰਤੀ ਰਤਨਾਗਰ, ਰੁਤ ਰੁਤੜੀ ਆਪ ਸੁਹਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਜਿਸ ਜਨ ਵਣਜ ਕਰਾਏ ਬਣ ਸੌਦਾਗਰ, ਏਕਾ ਹੱਟ ਵਖਾਈਆ। ਦਰ ਦਵਾਰੇ ਦੇਵੇ ਆਦਰ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹੋਏ ਸਹਾਈਆ। ਸਤਿਗੁਰ ਪੂਰਾ ਸਾਹਿਬ ਸਮਰਥ, ਸਾਚੀ ਕਾਰ ਕਮਾਇੰਦਾ। ਨਿਰਧਨ ਰੱਖੇ ਦੇ ਕਰ ਹੱਥ, ਦੀਨਨ ਆਪਣੀ ਗੋਦ ਬਹਾਇੰਦਾ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸ਼ਬਦ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਆਪਣਾ ਮਾਰਗ ਆਪੇ ਦੱਸ, ਸਾਚਾ ਪੰਥ ਵਖਾਇੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਮੰਦਰ ਆਪ ਸੁਹਾਇੰਦਾ। ਪੂਰੀ ਕਰੇ ਹਰਿਜਨ ਆਸ, ਨਿਰਾਸਾ ਕੋਇ ਨਾ ਮਾਤ ਰਖਾਇੰਦਾ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸਾਂ ਮੇਲ ਮਿਲਾਇੰਦਾ। ਏਕਾ ਰੂਪ ਵਖਾਏ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਜਣਾਇੰਦਾ। ਅੰਧ ਅੰਧੇਰਾ ਮੇਟੇ ਰਾਤ, ਸਾਚਾ ਚੰਦ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਵੇਖ ਵਖਾਇੰਦਾ। ਸਤਿਗੁਰ ਸੱਚਾ ਵੇਖਣਹਾਰਾ, ਆਦਿ ਜੁਗਾਦਿ ਸਮਾਇਆ। ਜੁਗਾ ਜੁਗੰਤਰ ਲੈ ਅਵਤਾਰਾ, ਗੁਰਮੁਖ ਸਾਚੇ ਲਏ ਮਿਲਾਇਆ। ਕਲਜੁਗ ਅੰਤਮ ਪਾਵੇ ਸਾਰਾ, ਨਿਹਕਲੰਕਾ ਨਾਉਂ ਰਖਾਇਆ। ਏਕਾ ਨਾਮ ਸ਼ਬਦ ਜੈਕਾਰਾ, ਸੋਹੰ ਧਾਰਾ ਆਪ ਪਰਗਟਾਇਆ। ਲੇਖਾ ਜਾਣੇ ਅਗੰਮ ਅਪਾਰਾ, ਵੇਦ ਕਤੇਬ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਇਆ । ਹੋਏ ਸਹਾਈ ਸਦਾ ਸਦ, ਬੇਅੰਤ ਬੇਪਰਵਾਹਿਆ। ਹਰਿਜਨ ਸੱਜਣ ਆਪੇ ਸੱਦ, ਆਪਣਾ ਦਰਸ ਦਿਖਾਇਆ। ਜਗਤ ਦਵਾਰਾ ਪਾਰ ਕਰਾਏ ਹੱਦ, ਸਾਚਾ ਮੰਦਰ ਆਪ ਸਮਝਾਇਆ। ਲੱਖ ਚੁਰਾਸੀ ਵਿਚੋਂ ਕੱਢ, ਜਮ ਕੀ ਫਾਸੀ ਦਏ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਜਮ ਕੀ ਫਾਸੀ ਨਾਤਾ ਤੋੜ, ਹਰਿਜਨ ਸਾਚੇ ਹੋਏ ਸਹਾਈਆ। ਜਨਮ ਜਨਮ ਦੀ ਟੁੱਟੀ ਜੋੜ, ਮੇਲ ਮਿਲਾਵਾ ਸਾਚੇ ਥਾਈਂਆ। ਕਰੇ ਪਰਕਾਸ਼ ਅੰਧ ਘੋਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਡੇਰਾ ਢਾਏ ਪੰਜ ਚੋਰ, ਪੰਚਮ ਸੱਥਰ ਰਿਹਾ ਵਿਛਾਈਆ। ਸ਼ਬਦ ਸੁਣਾਏ ਨਾਦ ਘਨਘੋਰ, ਪੰਚਮ ਰਾਗ ਅਲਾਈਆ। ਸੁਰਤੀ ਬੰਨ੍ਹੇ ਸ਼ਬਦੀ ਡੋਰ, ਤੰਦ ਅਵੱਲਾ ਪਾਈਆ। ਵੇਖੇ ਪਰਖੇ ਰੀਠਾ ਮਿੱਠਾ ਕੌੜ, ਜੀਵ ਜੰਤ ਫੋਲ ਫੋਲਾਈਆ। ਗੁਰਮੁਖ ਵਿਰਲੇ ਲੱਗੀ ਔੜ, ਏਕਾ ਓਟ ਅਕਾਲ ਰਖਾਈਆ। ਸਮਰਥ ਪੁਰਖ ਆਏ ਦੌੜ, ਦੇਵੇ ਦਰਸ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਆਪ ਬਹਾਈਆ। ਸਤਿਗੁਰ ਪੂਰਾ ਖੋਲ੍ਹ ਦਰ, ਦਰ ਦਰਵਾਜ਼ਾ ਆਪ ਤੁੜਾਇੰਦਾ। ਗ਼ਰੀਬ ਨਿਮਾਣੇ ਆਪੇ ਵਰ, ਆਪਣਾ ਬੰਧਨ ਪਾਇੰਦਾ। ਜਗਤ ਭੈ ਭੌ ਚੁਕਾਏ ਡਰ, ਭਿਆਨਕ ਰੂਪ ਨਾ ਕੋਇ ਵਖਾਇੰਦਾ। ਇਕ ਨੁਹਾਏ ਸਾਚੇ ਸਰ, ਸਚ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਸਤਿਗੁਰ ਪੂਰਾ ਪਾਰ ਕਿਨਾਰਾ, ਹਰਿਜਨ ਆਪ ਵਖਾਈਆ। ਲਹਿਣਾ ਦੇਣਾ ਚੁਕਾਏ ਮੰਜਧਾਰਾ, ਡੂੰਘੀ ਗਾਰਾ ਨਾ ਕੋਇ ਰੁੜ੍ਹਾਈਆ। ਸਤਿ ਸਤਿਵਾਦੀ ਦਏ ਸਹਾਰਾ, ਸਾਚਾ ਮਾਰਗ ਇਕ ਲਗਾਈਆ। ਸੋਹੰ ਬੋਲੇ ਸਚ ਜੈਕਾਰਾ, ਜਾਗਰਤ ਜੋਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਤਰਾਈਆ। ਹਰਿਜਨ ਸੱਚਾ ਤਾਰਿਆ, ਕਰ ਕਿਰਪਾ ਗੁਣ ਨਿਧਾਨ। ਜਨਮ ਜਨਮ ਦਾ ਰੋਗ ਨਵਾਰਿਆ, ਏਕਾ ਬਖ਼ਸ਼ੇ ਚਰਨ ਧਿਆਨ। ਇਕ ਸੁਹਾਏ ਬੰਕ ਦਵਾਰਿਆ, ਗ੍ਰਹਿ ਮੰਦਰ ਸਚ ਮਕਾਨ। ਅੱਠੇ ਪਹਿਰ ਨਾਦ ਧੁੰਨਕਾਰਿਆ, ਸ਼ਬਦ ਅਗੰਮੀ ਵੱਜੇ ਤਾਨ। ਏਕਾ ਨੂਰ ਜੋਤ ਉਜਿਆਰਿਆ, ਦੀਵਾ ਬਾਤੀ ਜਗੇ ਮਹਾਨ। ਏਕਾ ਕਰੇ ਸਚ ਪਿਆਰਿਆ, ਪੀਆ ਪ੍ਰੀਤਮ ਮਿਹਰਵਾਨ। ਏਕਾ ਦੇਵੇ ਸਚ ਆਧਾਰਿਆ, ਸਤਿ ਸਤਿਵਾਦੀ ਸਚ ਨਿਸ਼ਾਨ। ਏਕਾ ਬ੍ਰਹਮ ਕਰੇ ਉਜਿਆਰਿਆ, ਪਾਰਬ੍ਰਹਮ ਹੋ ਪਰਧਾਨ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਦਾਨ। ਦਾਤਾ ਦਾਨੀ ਗਹਿਰ ਗੰਭੀਰ, ਗੁਣਵੰਤਾ ਦਇਆ ਕਮਾਈਆ। ਹਰਿਜਨ ਠਾਂਡਾ ਕਰੇ ਸਰੀਰ, ਅਗਨੀ ਤੱਤ ਨਾ ਕੋਇ ਰਖਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਨੀਰ, ਸਾਚਾ ਸੀਰ ਮੁਖ ਚੁਆਈਆ। ਆਪੇ ਬਦਲਣਹਾਰਾ ਤਕ਼ਦੀਰ, ਸਚ ਤਦਬੀਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸਤਿਗੁਰ ਮੀਤ, ਸੋ ਪੁਰਖ ਨਿਰੰਜਣ ਨਾਉਂ ਧਰਾਇਆ। ਆਪੇ ਜਾਣੇ ਆਪਣੀ ਰੀਤ, ਅਵੱਲੜੀ ਚਾਲ ਆਪ ਚਲਾਇਆ। ਸਾਚਾ ਦੇਹੁਰਾ ਮੰਦਰ ਮਸੀਤ, ਕਾਇਆ ਬੰਕ ਰਿਹਾ ਵਖਾਇਆ। ਦਿਵਸ ਰੈਣ ਗਾਏ ਗੀਤ, ਸਾਚਾ ਢੋਲਾ ਆਪ ਸੁਣਾਇਆ। ਅੱਠੇ ਪਹਿਰ ਵਸੇ ਚੀਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇਆ। ਲੇਖਾ ਜਾਣੇ ਹਸਤ ਕੀਟ, ਸ਼ਾਹ ਪਾਤਸ਼ਾਹ ਬੇਪਰਵਾਹਿਆ। ਲੱਖ ਚੁਰਾਸੀ ਪਰਖੇ ਨੀਤ, ਚਾਰੋਂ ਕੁੰਟ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਸਮਾਇਆ। ਹਰਿਜਨ ਸਮਾਏ ਹਰਿ ਕੀ ਧਾਰ, ਸਤਿਗੁਰ ਆਪਣੇ ਵਿਚ ਮਿਲਾਈਆ। ਹਰਿਜਨ ਪਾਏ ਹਰਿ ਕੀ ਸਾਰ, ਸਤਿਗੁਰ ਪੂਰਾ ਬੂਝ ਬੁਝਾਈਆ। ਹਰਿਜਨ ਜਾਣੇ ਹਰਿ ਕਾ ਪਿਆਰ, ਸਤਿਗੁਰ ਪੂਰਾ ਆਪ ਕਰਾਈਆ। ਹਰਿਜਨ ਜਾਣੇ ਹਰਿ ਕਾ ਦਵਾਰ, ਸਤਿਗੁਰ ਪੂਰਾ ਆਪ ਵਖਾਈਆ। ਹਰਿਜਨ ਜਾਣੇ ਰੰਗ ਕਰਤਾਰ, ਸਤਿਗੁਰ ਪੂਰਾ ਆਪ ਚੜ੍ਹਾਈਆ। ਹਰਿਜਨ ਵਸੇ ਠਾਂਡੇ ਦਰਬਾਰ, ਸਤਿਗੁਰ ਪੂਰਾ ਆਪ ਖੁਲ੍ਹਾਈਆ। ਹਰਿਜਨ ਉਤਰੇ ਪਾਰ ਕਿਨਾਰ, ਸਤਿਗੁਰ ਪੂਰਾ ਪਾਰ ਕਰਾਈਆ। ਕਲਜੁਗ ਤੇਰੀ ਅੰਤਮ ਵਾਰ, ਏਕਾ ਨੱਯਾ ਰਿਹਾ ਚਲਾਈਆ। ਕਿਸੇ ਹੱਥ ਨਾ ਆਵੇ ਵਿਚ ਸੰਸਾਰ, ਡੂੰਘੀ ਭਵਰ ਪਈ ਲੋਕਾਈਆ। ਗੁਰਮੁਖ ਵਿਰਲੇ ਕਰ ਤਿਆਰ, ਸਾਚੇ ਬੇੜੇ ਰਿਹਾ ਚੜ੍ਹਾਈਆ। ਸੇਵਾ ਕਰੇ ਆਪ ਨਿਰੰਕਾਰ, ਨਿਰਗੁਣ ਦਾਤਾ ਸੇਵ ਕਮਾਈਆ। ਮੇਲ ਮਿਲਾਏ ਵਾਰੋ ਵਾਰ, ਪੱਤਣ ਬੈਠਾ ਸਾਚਾ ਮਾਹੀਆ। ਰਾਹ ਤੱਕੇ ਪਰਵਰਦਿਗਾਰ, ਦੂਰ ਦੁਰਾਡਾ ਸ਼ਹਿਨਸ਼ਾਹੀਆ। ਗੁਰਸਿਖ ਮਿਲੇ ਸੱਚਾ ਯਾਰ, ਜਿਸ ਮਿਲਿਆਂ ਕੋਟਨ ਕੋਟ ਕੋਟ ਬ੍ਰਹਿਮੰਡ ਖ਼ੁਸ਼ੀ ਮਨਾਈਆ। ਦਰ ਘਰ ਕਰਾਂ ਸਚ ਪਿਆਰ, ਸਚਖੰਡ ਵਸਾਂ ਚਾਈਂ ਚਾਈਂਆ। ਤਖ਼ਤ ਬੈਠ ਸੱਚੇ ਦਰਬਾਰ, ਆਪਣਾ ਮੁਖੜਾ ਦਿਆਂ ਵਖਾਈਆ। ਗੁਰਸਿਖ ਨਿਰਗੁਣ ਹੋ ਹੋ ਬੋਲੇ ਇਕ ਜੈਕਾਰ, ਸੋਹੰ ਤੇਰਾ ਰੂਪ ਨਿਰੰਕਾਰ, ਹੰ ਬ੍ਰਹਮ ਪਾਰਬ੍ਰਹਮ ਵਿਚ ਗਿਆ ਸਮਾਈਆ। ਨਾ ਪੁਰਖ ਨਾ ਨਾਰ, ਜੋਤੀ ਜੋਤ ਜੋਤ ਚਮਤਕਾਰ, ਪੁਰਖ ਅਬਿਨਾਸ਼ੀ ਏਕਾ ਰੰਗ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜਾਣੇ ਧਾਰ, ਲੇਖ ਲਿਖਤ ਤੋਂ ਵਸੇ ਬਾਹਰ, ਵਾਕ ਭਵਿਖਤ ਕਰੇ ਪਿਆਰ, ਆਪਣੀ ਭਾਖਿਆ ਆਪੇ ਪੂਰ ਕਰਾਈਆ।
