Granth 10 Likhat 190: 18 Bhadron 2018 Bikarmi Sardara Singh de Greh Pakhowal Jila Ludhiana

੧੮ ਭਾਦਰੋਂ ੨੦੧੮ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਆਦਿ ਜੁਗਾਦੀ ਇਕ ਭਗਵਾਨਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਇਕ ਮਕਾਨਾ, ਸਚਖੰਡ ਦਵਾਰ ਸੁਹਾਇੰਦਾ। ਆਦਿ ਜੁਗਾਦੀ ਇਕ ਤਰਾਨਾ, ਰਾਗੀ ਰਾਗ ਅਲਾਇੰਦਾ। ਆਦਿ ਜੁਗਾਦੀ ਇਕ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਆਦਿ ਜੁਗਾਦੀ ਏਕਾ ਭਾਨਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਕਰਾਇੰਦਾ। ਆਦਿ ਜੁਗਾਦੀ ਇਕ ਭਗਵੰਤ, ਏਕਾ ਰੰਗ ਸਮਾਈਆ। ਆਦਿ ਜੁਗਾਦੀ ਏਕਾ ਕੰਤ, ਨਰ ਨਰਾਇਣ ਵਡੀ ਵਡਿਆਈਆ। ਆਦਿ ਜੁਗਾਦੀ ਬਣਾਏ ਬਣਤ, ਘੜਨ ਭੰਨਣਹਾਰ ਇਕ ਅਖਵਾਈਆ। ਆਦਿ ਜੁਗਾਦੀ ਏਕਾ ਸੰਤ, ਸਤਿਗੁਰ ਸਾਚਾ ਰੂਪ ਧਰਾਈਆ। ਆਦਿ ਜੁਗਾਦੀ ਏਕਾ ਮੰਤ, ਨਿਸ਼ਅੱਖਰ ਕਰੇ ਪੜ੍ਹਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਅਲਖ ਅਗੋਚਰ ਅਗੰਮ ਅਥਾਹ ਬੇਪਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਦਿ ਜੁਗਾਦੀ ਏਕਾ ਪੁਰਖ, ਏਕਾ ਦਰ ਸੋਭਾ ਪਾਇੰਦਾ। ਆਦਿ ਜੁਗਾਦੀ ਕਰੇ ਪਰਖ, ਨਿਰਗੁਣ ਆਪਣਾ ਵੇਸ ਵਟਾਇੰਦਾ। ਆਦਿ ਜੁਗਾਦੀ ਏਕਾ ਏਕ ਕਰੇ ਤਰਸ, ਆਪਣੀ ਮਿਹਰ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਏਕਾ ਮੇਘ ਬਰਸ, ਅੰਮ੍ਰਿਤ ਝਿਰਨਾ ਇਕ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੋਭਾ ਆਪੇ ਪਾਇੰਦਾ। ਆਦਿ ਜੁਗਾਦੀ ਸੋਭਾਵੰਤ, ਪੁਰਖ ਅਕਾਲ ਵਡੀ ਵਡਿਆਈਆ। ਆਦਿ ਜੁਗਾਦੀ ਏਕਾ ਕੰਤ, ਏਕਾ ਸੇਜ ਹੰਢਾਈਆ। ਆਦਿ ਜੁਗਾਦੀ ਗਾਏ ਸੁਹਾਗੀ ਛੰਤ, ਸਾਚਾ ਢੋਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਪੁਰਖ ਵਡ ਵਡਿਆਈ, ਆਪਣੇ ਹੱਥ ਰਖਾਇੰਦਾ। ਮਧ ਆਪਣੀ ਧਾਰ ਚਲਾਈ, ਭੇਵ ਕੋਇ ਨਾ ਪਾਇੰਦਾ। ਸ਼ਬਦ ਸੁਤ ਕਰ ਕੁੜਮਾਈ, ਸਾਚਾ ਬੰਧਨ ਪਾਇੰਦਾ। ਗ੍ਰਹਿ ਮੰਦਰ ਵੱਜੇ ਇਕ ਵਧਾਈ, ਏਕਾ ਰਾਗ ਅਲਾਇੰਦਾ। ਏਕਾ ਨੂਰ ਕਰ ਰੁਸ਼ਨਾਈ, ਏਕਾ ਡਗਮਗਾਇੰਦਾ। ਏਕਾ ਵੇਖੇ ਚਾਈਂ ਚਾਈਂ, ਨੇਤਰ ਨੈਣ ਨਾ ਕੋਇ ਰਖਾਇੰਦਾ। ਏਕਾ ਵਸੇ ਹਰ ਘਟ ਥਾਈਂ, ਥਾਨ ਥਨੰਤਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਏਕਾ ਏਕ ਆਦਿ ਆਦਿ, ਅਬਿਨਾਸ਼ੀ ਕਰਤਾ ਨਾਉਂ ਰਖਾਈਆ। ਏਕਾ ਏਕ ਵਸੇ ਬ੍ਰਹਿਮਾਦ, ਬ੍ਰਹਿਮਾਂਡ ਰਚਨ ਰਚਾਈਆ। ਏਕਾ ਏਕ ਵਜਾਏ ਨਾਦ, ਤੁਰੀਆ ਰਾਗ ਆਪ ਸੁਣਾਈਆ। ਏਕਾ ਏਕ ਗਾਏ ਬੋਧ ਅਗਾਧ, ਅਗਾਧ ਬੋਧਾ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਏਕਾ ਏਕ ਏਕਾ ਦਰ, ਘਰ ਸਾਚਾ ਆਪ ਸੁਹਾਇੰਦਾ। ਏਕਾ ਪੁਰਖ ਏਕਾ ਨਰ, ਏਕਾ ਮੇਲ ਮਿਲਾਇੰਦਾ। ਏਕਾ ਸੇਜਾ ਬੈਠਾ ਚੜ੍ਹ, ਭਸਮੜ ਆਪਣਾ ਭੋਗ ਕਰਾਇੰਦਾ। ਏਕਾ ਅੱਖਰ ਬੈਠਾ ਪੜ੍ਹ, ਦੂਜਾ ਅੱਖਰ ਨਾ ਕੋਇ ਵਖਾਇੰਦਾ। ਏਕਾ ਕਰਨੀ ਰਿਹਾ ਕਰ, ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਏਕ, ਨਿਰਗੁਣ ਨਿਰਗੁਣ ਰਿਹਾ ਵੇਖ, ਪੇਖਤ ਪੇਖਤ ਆਪਣਾ ਵੇਸ ਵਖਾਇੰਦਾ। ਨਿਰਗੁਣ ਵੇਖੇ ਵੇਖਣ ਯੋਗ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਜਾਣੇ ਆਪਣਾ ਚੋਜ, ਦੂਸਰ ਸੰਗ ਨਾ ਕੋਇ ਮਿਲਾਈਆ। ਸਚਖੰਡ ਦਵਾਰਾ ਸਾਚਾ ਕੋਟ, ਸਚ ਸਿੰਘਾਸਣ ਸੋਭਾ ਪਾਈਆ। ਨਿਰਮਲ ਦੀਆ ਜਗੇ ਜੋਤ, ਆਦਿ ਜੁਗਾਦਿ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕ ਰਘੁਰਾਈਆ। ਏਕਾ ਜੋਤ ਏਕਾ ਬਾਤੀ, ਏਕਾ ਮੰਦਰ ਆਪ ਟਿਕਾਇੰਦਾ। ਏਕਾ ਪੁਰਖ ਕਮਲਾਪਾਤੀ, ਏਕਾ ਵੇਖ ਵਖਾਇੰਦਾ। ਏਕਾ ਦਿਵਸ ਏਕਾ ਰਾਤੀ, ਏਕਾ ਥਿਤ ਵਾਰ ਸੁਹਾਇੰਦਾ। ਏਕਾ ਬ੍ਰਹਮ ਏਕਾ ਜਾਤੀ, ਏਕਾ ਪਾਰਬ੍ਰਹਮ ਅਖਵਾਇੰਦਾ। ਏਕਾ ਸ਼ਬਦ ਏਕਾ ਗਾਥੀ, ਏਕਾ ਮਾਰਗ ਲਾਇੰਦਾ। ਏਕਾ ਸੇਵਕ ਏਕਾ ਰਾਥੀ, ਰਥ ਰਥਵਾਹੀ ਇਕ ਚਲਾਇੰਦਾ। ਇਕ ਦਵਾਰਾ ਏਕਾ ਹਾਟੀ, ਏਕਾ ਵਸਤ ਵਿਕਾਇੰਦਾ। ਏਕਾ ਬਣੇ ਸਾਚਾ ਨਾਤੀ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਏਕਾ ਪੂਜਾ ਏਕਾ ਪਾਠੀ, ਏਕਾ ਹਵਨ ਕਰਾਇੰਦਾ। ਏਕਾ ਬਹਿ ਬਹਿ ਪੁਛੇ ਵਾਤੀ, ਜੁਗ ਜੁਗ ਵੇਸ ਵਟਾਇੰਦਾ। ਏਕਾ ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਠੰਡਾ ਠਾਰ ਪਿਆਇੰਦਾ। ਏਕਾ ਖੋਲ੍ਹੇ ਬੰਦ ਤਾਕੀ, ਬਜਰ ਕਪਾਟ ਤੁੜਾਇੰਦਾ। ਏਕਾ ਦੇਵੇ ਭਵਿਖਤ ਵਾਕੀ, ਗੁਰ ਅਵਤਾਰਾਂ ਸਮਝਾਇੰਦਾ। ਏਕਾ ਸਾਧਾਂ ਸੰਤਾਂ ਚੁਕਾਏ ਬਾਕੀ, ਲਹਿਣਾ ਦੇਣਾ ਝੋਲੀ ਪਾਇੰਦਾ। ਏਕਾ ਬਣੇ ਸਾਚਾ ਸਾਕੀ, ਭਰ ਪਿਆਲਾ ਜਾਮ ਪਿਆਇੰਦਾ। ਏਕਾ ਘੋੜਾ ਏਕਾ ਰਾਕੀ, ਏਕਾ ਅਸਵ ਹਰਿ ਦੌੜਾਇੰਦਾ। ਏਕਾ ਜਾਣੇ ਧਰਨੀ ਧਰਤ ਧਵਲ ਧਰਨ ਖ਼ਾਕੀ, ਏਕਾ ਆਕਾਸ਼ ਪਰਕਾਸ਼ਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਵੇਸ ਵਖਾਇੰਦਾ। ਏਕਾ ਘਰ ਏਕਾ ਮੰਦਰ, ਏਕਾ ਬਣਤ ਬਣਾਈਆ। ਇਕ ਦਰਵਾਜ਼ਾ ਇਕ ਜੰਦਰ, ਏਕਾ ਵਾਰ ਲਗਾਈਆ। ਏਕਾ ਵਸੇ ਡੂੰਘੀ ਕੰਦਰ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੇ ਰੰਗ ਸਮਾਈਆ। ਏਕਾ ਇਛਿਆ ਏਕਾ ਭਿਛਿਆ, ਏਕਾ ਏਕ ਵਰਤਾਇੰਦਾ। ਏਕਾ ਵੰਡੇ ਸਾਚੇ ਹਿਸਿਆ, ਸਾਚਾ ਹਿੱਸਾ ਆਪਣੇ ਹੱਥ ਰਖਾਇੰਦਾ। ਏਕਾ ਨੂਰ ਨੁਰਾਨਾ ਰਵ ਸਸ ਵਸਿਆ, ਚੰਦ ਚਾਂਦਨਾ ਆਪ ਚਮਕਾਇੰਦਾ। ਏਕਾ ਪੁੰਨਿਆ ਏਕਾ ਮੱਸਿਆ, ਏਕਾ ਅੰਧ ਅੰਧੇਰਾ ਛਾਇੰਦਾ। ਏਕਾ ਘਟ ਘਟ ਅੰਦਰ ਵਸਿਆ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਏਕਾ ਲੱਖ ਚੁਰਾਸੀ ਜਾਣੇ ਮਿਥਿਆ, ਥਿਰ ਕੋਇ ਰਹਿਣ ਨਾ ਪਾਇੰਦਾ। ਏਕਾ ਜੁਗ ਜੁਗ ਦੇਵੇ ਸਾਚੀ ਸਿਖਿਆ, ਗੁਰ ਮੰਤਰ ਨਾਮ ਗੁਰ ਗੁਰ ਆਪ ਪੜ੍ਹਾਇੰਦਾ। ਏਕਾ ਲਾਹੇ ਦਵੈਤੀ ਵਿਖਿਆ, ਅੰਮ੍ਰਿਤ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੇ ਦਰ ਸੁਹਾਇੰਦਾ। ਏਕਾ ਦਰ ਇਕ ਦਰਵਾਜ਼ਾ, ਹਰਿ ਏਕਾ ਵੇਖ ਵਖਾਈਆ। ਏਕਾ ਗ਼ਰੀਬ ਇਕ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਏਕਾ ਸ੍ਰੇਸ਼ਟ ਇਕ ਸ੍ਰਿਸ਼ਟੀ ਸਾਜਾ, ਇਸ਼ਟ ਦੇਵ ਇਕ ਅਖਵਾਈਆ। ਏਕਾ ਸ਼ਾਹ ਇਕ ਨਵਾਬਾ, ਸ਼ਾਹ ਪਾਤਸ਼ਾਹ ਇਕ ਹੋ ਜਾਈਆ। ਏਕਾ ਰਾਗ ਏਕਾ ਵਾਜਾ, ਏਕਾ ਤਾਰ ਸਿਤਾਰ ਹਿਲਾਈਆ। ਏਕਾ ਦੋ ਜਹਾਨ ਫਿਰੇ ਭਾਜਾ, ਵੇਸ ਅਨੇਕ ਧਰਾਈਆ। ਜੁਗ ਜੁਗ ਰਚਦਾ ਆਇਆ ਕਾਜਾ, ਹੁਕਮੀ ਹੁਕਮ ਖੇਲ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪ ਨਿਵਾਜਾ, ਆਪਣੀ ਹੱਥੀਂ ਕਰ ਕੁੜਮਾਈਆ। ਕਲਜੁਗ ਅੰਤਮ ਖੇਲ ਕਰੇ ਬਹੁ ਭਾਂਤਾ, ਭੇਵ ਅਭੇਦ ਨਾ ਕੋਇ ਰਖਾਈਆ । ਭਾਗ ਲਗਾਏ ਦੇਸ ਮਾਝਾ, ਸੰਬਲ ਕਰ ਰੁਸ਼ਨਾਈਆ। ਦੋ ਜਹਾਨਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਚਲਾਏ ਜਹਾਜ਼ਾ, ਦੋ ਜਹਾਨਾਂ ਬੇੜਾ ਆਪਣੇ ਹੱਥ ਰਖਾਈਆ । ਨਿਰਵੈਰ ਪੁਰਖ ਅਗੰਮ ਅਗੋਚਰ ਆਪੇ ਚੜ੍ਹਿਆ ਆਪਣੇ ਤਾਜਾ, ਚਾਰ ਕੁੰਟ ਦਹਿ ਦਿਸ਼ਾ ਰਿਹਾ ਭੁਆਈਆ। ਲੱਖ ਚੁਰਾਸੀ ਵੇਖੇ ਕਾਜਾ, ਨੌਂ ਖੰਡ ਪ੍ਰਿਥਮੀ ਸਾਹ ਸੁਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਬੇਪਰਵਾਹੀਆ। ਏਕਾ ਏਕ ਬੇਪਰਵਾਹ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਬਣ ਮਲਾਹ, ਹਰਿ ਪੁਰਖ ਨਿਰੰਜਣ ਸੇਵ ਲਗਾਇੰਦਾ। ਏਕੰਕਾਰਾ ਸਿਫ਼ਤ ਸਲਾਹ, ਆਪਣਾ ਨਾਉਂ ਦ੍ਰਿੜਾਇੰਦਾ। ਆਦਿ ਨਿਰੰਜਣ ਜੋਤ ਜਗਾ, ਘਰ ਮੰਦਰ ਇਕ ਰੁਸ਼ਨਾਇੰਦਾ। ਸ੍ਰੀ ਭਗਵਾਨ ਸਿੰਘਾਸਣ ਆਸਣ ਲਾ, ਸੀਸ ਜਗਦੀਸ ਤਾਜ ਸੁਹਾਇੰਦਾ। ਅਬਿਨਾਸ਼ੀ ਕਰਤਾ ਸੋਭਾਵੰਤ ਸੋਭਾ ਰਿਹਾ ਪਾ, ਸੋਭਨੀਕ ਆਪ ਹੋ ਜਾਇੰਦਾ। ਪਾਰਬ੍ਰਹਮ ਪ੍ਰਭ ਸੀਸ ਝੁਕਾ, ਨਿਉਂ ਨਿਉਂ ਨੇਤਰ ਨੀਰ ਵਹਾਇੰਦਾ। ਇਕ ਇਕੱਲਾ ਵੇਸ ਵਟਾ, ਆਪਣਾ ਪਰਦਾ ਆਪ ਉਠਾਇੰਦਾ। ਬ੍ਰਹਮ ਆਪਣੀ ਵੰਡ ਵੰਡਾ, ਲੱਖ ਚੁਰਾਸੀ ਗੰਢ ਪੁਆਇੰਦਾ। ਸ਼ਬਦੀ ਨਾਦ ਧੁਨ ਸੁਣਾ, ਅਨਹਦ ਰਾਗੀ ਰਾਗ ਅਲਾਇੰਦਾ। ਜੋਤ ਨਿਰੰਜਣ ਦੀਪ ਟਿਕਾ, ਘਰ ਘਰ ਸੋਭਾ ਪਾਇੰਦਾ। ਤ੍ਰੈਗੁਣ ਮਾਇਆ ਪਰਦਾ ਪਾ, ਆਪਣਾ ਆਪ ਛੁਪਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾ, ਮਾਇਆ ਮਮਤਾ ਵਿਚ ਫਸਾਇੰਦਾ। ਜੂਠ ਝੂਠ ਲਏ ਪਰਣਾ, ਜਗਤ ਨਾਤਾ ਜੋੜ ਜੁੜਾਇੰਦਾ। ਹੰਗਤਾ ਗੜ੍ਹ ਲਏ ਬਣਾ, ਮਨਮੁਖ ਡੇਰਾ ਆਪ ਲਗਾਇੰਦਾ। ਭੁੱਖਾ ਨੰਗਤਾ ਗਲੇ ਲਗਾ, ਜੁਗ ਜੁਗ ਆਪਣੇ ਰੰਗ ਰੰਗਾਇੰਦਾ। ਭਗਤ ਭਗਵੰਤ ਲਏ ਮਿਲਾ, ਕਾਇਆ ਕਵਰੀ ਫੋਲ ਫੋਲਾਇੰਦਾ। ਸੰਤ ਸਾਜਨ ਲਏ ਜਗਾ, ਸ਼ਬਦੀ ਨਾਦ ਅਲਾਇੰਦਾ। ਗੁਰਮੁਖ ਕਾਇਆ ਗੋਰ ਵਿਚੋਂ ਲਏ ਕਢਾ, ਸਚ ਸਿੰਘਾਸਣ ਇਕ ਵਖਾਇੰਦਾ। ਗੁਰਸਿਖ ਆਪਣੇ ਰੰਗ ਰੰਗਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਦੁਸ਼ਟ ਹੰਕਾਰੀ ਦਏ ਖਪਾ, ਏਕਾ ਖੰਡਾ ਨਾਮ ਚਲਾਇੰਦਾ। ਆਦਿ ਅੰਤ ਕਰੇ ਸਚ ਨਿਆਂ, ਅਭੁਲ ਭੁਲ ਕਦੇ ਨਾ ਜਾਇੰਦਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਇਕ ਇਕੱਲਾ ਹੁਕਮ ਚਲਾਇੰਦਾ। ਕਲਜੁਗ ਅੰਤਮ ਵੇਖੇ ਆ, ਨਿਰਗੁਣ ਨਿਰਵੈਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਕਰਾਇੰਦਾ। ਇਕ ਇਕੱਲਾ ਖੇਲਣ ਆਇਆ, ਆਦਿ ਜੁਗਾਦੀ ਕਾਰ। ਲੋਕਮਾਤ ਹਰਿ ਫੇਰਾ ਪਾਇਆ, ਕਲ ਕਲਕੀ ਲਏ ਅਵਤਾਰ। ਨਾਮ ਡੰਕਾ ਇਕ ਵਜਾਇਆ, ਲੱਖ ਚੁਰਾਸੀ ਕਰੇ ਖ਼ਬਰਦਾਰ। ਸ਼ਾਹ ਸੁਲਤਾਨਾਂ ਦਏ ਹਿਲਾਇਆ, ਅੰਤਮ ਰੋਵਨ ਜ਼ਾਰੋ ਜ਼ਾਰ। ਵਰਨ ਬਰਨ ਦਏ ਮਿਟਾਇਆ, ਊਚ ਨੀਚ ਨਾ ਕੋਇ ਧਾਰ। ਇਕ ਇਕੱਲਾ ਸਾਚਾ ਮਾਰਗ ਦਏ ਲਗਾਇਆ, ਕੂੜੀ ਕਿਰਿਆ ਦਏ ਨਿਵਾਰ। ਨੌਂ ਖੰਡ ਪ੍ਰਿਥਮੀ ਵੇਖ ਵਖਾਇਆ, ਸੱਤਾਂ ਦੀਪਾਂ ਪਰਦਾ ਦਏ ਉਤਾਰ। ਨੌਂ ਦਵਾਰੇ ਖੋਜ ਖੁਜਾਇਆ, ਲੇਖਾ ਜਾਣੇ ਦਸਮ ਦਵਾਰ। ਹਰਿਜਨ ਸਾਚੇ ਲਏ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਆਪ ਆਪਣਾ ਸਿਰ ਹੱਥ ਟਿਕਾਇਆ, ਸਮਰਥ ਪੁਰਖ ਅਗੰਮ ਅਪਾਰ। ਏਕਾ ਅੱਖਰ ਰਿਹਾ ਪੜ੍ਹਾਇਆ, ਸੋਹੰ ਸ਼ਬਦ ਸਚ ਜੈਕਾਰ। ਆਤਮ ਪਰਮਾਤਮ ਲਏ ਮਿਲਾਇਆ, ਈਸ਼ ਜੀਵ ਲਏ ਅਧਾਰ। ਕਰਮ ਕਾਂਡ ਨਾ ਕੋਇ ਵਖਾਇਆ, ਨਿਹਕਰਮੀ ਕਰੇ ਵਿਚਾਰ। ਪੂਜਾ ਪਾਠ ਨਾ ਕੋਇ ਕਰਾਇਆ, ਜਿਸ ਜਨ ਦੇਵੇ ਦਰਸ ਦੀਦਾਰ। ਸੁਰਤੀ ਸ਼ਬਦੀ ਬੰਧਨ ਪਾਇਆ, ਬੰਨ੍ਹੇ ਏਕਾ ਵਾਰ। ਘਰ ਮੂਰਤ ਅਕਾਲ ਨਜ਼ਰੀ ਆਇਆ, ਇਕ ਇਕੱਲਾ ਏਕੰਕਾਰ। ਸਾਚੀ ਸੂਰਤ ਦਏ ਵਖਾਇਆ, ਰੂਪ ਰੰਗ ਰੇਖ ਨਾ ਕੋਇ ਸ਼ੁਮਾਰ। ਗੁਰਮੁਖ ਮੇਲਾ ਸਹਿਜ ਸੁਭਾਇਆ, ਆਪ ਕਰਾਏ ਕਾਇਆ ਮੰਦਰ ਗੁਰੂਦਵਾਰ। ਦੂਜੇ ਦਰ ਹੱਥ ਨਾ ਆਇਆ, ਲੱਖ ਚੁਰਾਸੀ ਰਹੀ ਝਖ ਮਾਰ। ਇਕ ਇਕੱਲਾ ਵੇਖ ਵਖਾਇਆ, ਵੇਖਣਹਾਰ ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਅਵੱਲਾ, ਇਕ ਇਕੱਲਾ ਆਪ ਕਰਾਈਆ। ਆਪੇ ਜਾਣੇ ਨੂਰੀ ਅੱਲਾ, ਬਿਸਮਿਲ ਧਾਰ ਚਲਾਈਆ। ਕਲਮਾ ਅਮਾਮ ਫੜਾਇਆ ਪੱਲਾ, ਅਮਾਮ ਅਮਾਮਾ ਬੇਪਰਵਾਹੀਆ। ਮੁਕਾਮੇ ਹੱਕ ਏਕਾ ਮੱਲਾ, ਲਾਸ਼ਰੀਕ ਬਣ ਖ਼ੁਦਾਈਆ। ਸਚ ਸੰਦੇਸ ਏਕਾ ਘੱਲਾ, ਆਇਤ ਸ਼ਰਾਇਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਬੇਪਰਵਾਹੀਆ। ਇਕ ਇਕੱਲਾ ਇਕ ਖ਼ੁਦਾ, ਖ਼ਾਲਕ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾ, ਜੁਗ ਜੁਗ ਵੇਸ ਵਟਾਇੰਦਾ। ਆਪਣੀ ਕ਼ੁਰਬਾਨੀ ਕਰਕੇ ਆਇਆ ਆਪ ਕਰੇ ਫ਼ਿਦਾ, ਫਿਤਰਤ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਏਕਾ ਨੂਰ ਨੂਰ ਉਪਾਇੰਦਾ। ਏਕਾ ਨੂਰ ਨੂਰ ਉਜਾਲਾ, ਨੂਰ ਇਲਾਹੀ ਡਗਮਗਾਇੰਦਾ। ਏਕਾ ਮਾਰਗ ਦਏ ਸੁਖਾਲਾ, ਇਲਾਹੀ ਕਲਮਾ ਆਪ ਪੜ੍ਹਾਇੰਦਾ। ਏਕਾ ਰੂਪ ਵਖਾਏ ਤੁਆਲਾ, ਖ਼ੁਦਾ ਆਪਣਾ ਨੂਰ ਜਣਾਇੰਦਾ। ਏਕਾ ਪਾਏ ਸਾਚੀ ਮਾਲਾ, ਤਸਬੀ ਏਕਾ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖ਼ਲਕ ਵਿਚ ਸਮਾਇੰਦਾ। ਏਕਾ ਖ਼ਲਕ ਏਕਾ ਖ਼ਾਲਕ, ਮਖ਼ਲੂਕ ਵਿਚ ਇਕ ਸਮਾਈਆ। ਏਕਾ ਏਕ ਹੋਏ ਪ੍ਰਿਤਪਾਲਕ, ਸਦਾ ਸਦ ਸੇਵ ਕਮਾਈਆ। ਆਦਿ ਜੁਗਾਦਿ ਨਾ ਆਏ ਵਿਚ ਆਲਸ, ਨਿੰਦਰਾ ਨੀਂਦ ਨਾ ਕੋਇ ਵਖਾਈਆ। ਕਲਜੁਗ ਅੰਤਮ ਬਣੇ ਸਾਲਸ, ਲੱਖ ਚੁਰਾਸੀ ਵੇਖ ਵਖਾਈਆ। ਹਰਿਜਨ ਹਰਿਭਗਤ ਸ੍ਰੀ ਭਗਵਾਨ ਮੁਰਸ਼ਦ ਮੁਰੀਦ ਕੱਢੇ ਖ਼ਾਲਸ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਏਕਾ ਸਰਨ ਊਚ ਨੀਚ ਰਾਓ ਰੰਕ ਏਕਾ ਟੇਕ, ਸ਼ਾਹ ਪਾਤਸ਼ਾਹ ਏਕਾ ਰੰਗ ਵਖਾਈਆ।