Granth 11 Likhat 109: 18 Faggan 2018 Bikarmi Sarda Singh de Greh Kanpur

੧੮ ਫੱਗਣ ੨੦੧੮ ਬਿਕ੍ਰਮੀ ਸਰਧਾ ਸਿੰਘ ਦੇ ਗ੍ਰਹਿ ਕਾਨਪੁਰ

ਪੰਜ ਤੱਤ ਕਾਇਆ ਜਗਤ ਨਾਤਾ, ਤੱਤਵ ਤੱਤ ਖੇਲ ਰਖਾਇੰਦਾ। ਅੰਦਰ ਵੜ ਪੁਰਖ ਸਮਰਾਥਾ, ਨਿਰਗੁਣ ਆਪਣਾ ਆਪ ਛੁਪਾਇੰਦਾ। ਹਰਿਜਨ ਹਰਿ ਜੂ ਹਰਿ ਹਰਿ ਏਕਾ ਦੱਸੇ ਨਾਮ ਗਾਥਾ, ਨਾਮ ਨਿਧਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਤੱਤ ਵੇਖ ਵਖਾਇੰਦਾ। ਕਾਇਆ ਤੱਤ ਅਪ ਤੇਜ ਵਾਏ ਪ੍ਰਿਥਮੀ ਅਕਾਸ਼, ਸਰਗੁਣ ਏਕਾ ਏਕ ਜਣਾਇੰਦਾ। ਰੋਗ ਸੋਗ ਚਿੰਤਾ ਦੁੱਖ ਘਰ ਵਿਚ ਘਰ ਕਰ ਨਿਵਾਸ, ਬੰਧਨ ਬੰਧ ਪਵਾਇੰਦਾ। ਬ੍ਰਹਮ ਪਾਰਬ੍ਰਹਮ ਨਿਰਗੁਣ ਜੋਤ ਨੂਰ ਪਰਕਾਸ਼, ਸਾਚੇ ਮੰਦਰ ਆਪ ਟਿਕਾਇੰਦਾ। ਜੁਗਾ ਜੁਗੰਤਰ ਖੇਲ ਤਮਾਸ਼, ਈਸ਼ ਜੀਵ ਵੇਖ ਵਖਾਇੰਦਾ। ਗੁਰਮੁਖ ਵਿਰਲੇ ਕਰੇ ਬੰਦ ਖੁਲਾਸ਼, ਬੰਦੀਖਾਨਾ ਆਪ ਤੁੜਾਇੰਦਾ। ਲੇਖੇ ਲਾਏ ਪਵਣ ਸਵਾਸ, ਰਸਨਾ ਜਿਹਵਾ ਜੋ ਜਨ ਗਾਇੰਦਾ। ਅੰਤ ਭਗਵੰਤ ਪੂਰੀ ਕਰੇ ਆਸ, ਜੰਮ ਕੀ ਫਾਸੀ ਫੰਦ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਤੱਤ ਵੇਖ ਵਖਾਇੰਦਾ। ਪੰਜ ਤੱਤ ਅੰਦਰ ਦੁਖ ਸੁਖ, ਸੁਖ ਦੁਖ ਆਪਣਾ ਰੰਗ ਵਖਾਈਆ। ਪੰਜ ਤੱਤ ਕਾਇਆ ਮਾਣਸ ਮਨੁੱਖ, ਮਾਨਵ ਰੂਪ ਧਰਾਈਆ। ਪੰਜ ਤੱਤ ਕਾਇਆ ਉਜਲ ਮੁਖ, ਜਿਸ ਮੁਖੜਾ ਹਰਿ ਹਰਿ ਨਾਮ ਧਿਆਈਆ। ਪੰਜ ਤੱਤ ਕਾਇਆ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਗੇੜ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖੀ ਦੁਖ ਦਰਦੀ ਦਰਦ ਦਏ ਗਵਾਈਆ। ਦੁਖ ਦਰਦ ਹੋਏ ਦੂਰ, ਤਨ ਖ਼ਾਕੀ ਰਹਿਣ ਨਾ ਪਾਈਆ। ਆਤਮ ਅੰਤਰ ਇਕ ਸਰੂਰ, ਅੰਮ੍ਰਿਤ ਆਤਮ ਜਾਮ ਪਿਆਈਆ। ਦਰਸ ਦਿਖਾਏ ਵਸਣਹਾਰਾ ਦੂਰਨ ਦੂਰ, ਨੇਰਨ ਨੇਰ ਆਪੇ ਆਈਆ। ਚਿੰਤਾ ਚਿਖਾ ਕਰੇ ਚੂਰ ਚੂਰ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਅੰਤਮ ਲੇਖਾ ਜਾਏ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਸਰਨ ਸਰਨਾਈ ਹਰਿ ਪੁਰਖ ਨਿਰੰਜਣ ਜੋ ਜਨ ਜਾਏ ਲੱਗ, ਲੱਗੀ ਪ੍ਰੀਤੀ ਤੋੜ ਨਿਭਾਇੰਦਾ। ਤ੍ਰੈਗੁਣ ਮਾਇਆ ਬੁਝਾਏ ਅੱਗ, ਤੱਤਵ ਤੱਤ ਨਾ ਕੋਇ ਜਣਾਇੰਦਾ। ਅੰਤਮ ਪੜਦਾ ਲਵੇ ਕੱਜ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਰੰਗ ਵਖਾਇੰਦਾ। ਅੰਤ ਅੰਤ ਸ੍ਰੀ ਭਗਵਾਨ, ਜਨ ਜਨ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਦੇਵੇ ਦਾਨ, ਈਸ਼ ਜੀਵ ਵੰਡ ਵੰਡਾਈਆ। ਦੋ ਜਹਾਨਾਂ ਵਾਲੀ ਵੇਖੇ ਆਣ, ਦਰ ਦੁਆਰੇ ਫੇਰਾ ਪਾਈਆ। ਨਾਤਾ ਤੁਟੇ ਜਗਤ ਜਹਾਨ, ਜੀਵਣ ਮੁਕਤ ਆਪ ਕਰਾਈਆ। ਏਥੇ ਓਥੇ ਦੇਵੇ ਮਾਣ, ਨਿਮਾਣਿਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਵੇਖ ਵਖਾਈਆ। ਪੰਜ ਤੱਤ ਕਾਇਆ ਵੇਖੇ ਚੋਲਾ, ਚੋਲੀ ਆਪਣੇ ਰੰਗ ਰੰਗਾਇੰਦਾ। ਆਪ ਚੁਕਾਏ ਪੜਦਾ ਉਹਲਾ, ਰੂਪ ਅਨੂਪ ਆਪ ਦਰਸਾਇੰਦਾ। ਸਚ ਦੁਆਰਾ ਏਕਾ ਖੋਲ੍ਹਾ, ਦੀਨਾ ਨਾਥ ਦੀਨਨ ਦਇਆ ਆਪ ਕਮਾਇੰਦਾ। ਇਕ ਸੁਣਾਏ ਸਾਚਾ ਢੋਲਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਈਸ਼ ਆਪਣੇ ਦਰ ਸੁਹਾਇੰਦਾ। ਸਾਚਾ ਦਰ ਸੱਚਾ ਦਰਬਾਰਾ, ਸਚਖੰਡ ਨਿਵਾਸੀ ਇਕ ਬਣਾਈਆ। ਜੁਗਾ ਜੁਗੰਤਰ ਹੋ ਉਜਿਆਰਾ, ਰੂਪ ਅਨੂਪ ਆਪ ਵਟਾਈਆ। ਮਾਨਸ ਮਨੁਖ ਵੇਖੇ ਵਿਗਸੇ ਵੇਖਣਹਾਰਾ, ਆਪ ਆਪਣੀ ਦਇਆ ਕਮਾਈਆ। ਰੋਗ ਸੋਗ ਚਿੰਤਾ ਦੁਖ ਪਾਰ ਕਿਨਾਰਾ, ਸਾਚਾ ਸੁਖ ਸੁਖ ਸਮਝਾਈਆ। ਸੋਹੰ ਨਾਮ ਸਚ ਜੈਕਾਰਾ, ਅੰਤਮ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਹਿ ਸਾਚੀ ਏਕਾ ਧਾਮ ਬਹਾਈਆ। ਦਰਗਹਿ ਸਾਚੀ ਧਾਮ ਅਵੱਲਾ, ਹਰਿ ਸਾਚਾ ਸਚ ਰਖਾਇੰਦਾ। ਜਿਸ ਜਨ ਫੜਾਏ ਆਪਣਾ ਪੱਲਾ, ਫੜਿਆ ਪੱਲੂ ਨਾ ਕੋਇ ਛੁਡਾਇੰਦਾ। ਬਿਨ ਹਰਿ ਨਾਮੇ ਜੀਵ ਜੰਤ ਸਾਧ ਹੋਏ ਝੱਲਾ, ਗਿਆਨ ਧਿਆਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੱਚਾ ਦਾਨ, ਤੱਤਵ ਤੱਤ ਤੱਤ ਆਪਣੇ ਲੇਖੇ ਪਾਇੰਦਾ।