Granth 11 Likhat 096: 12 Faggan 2018 Bikarmi Itarsi

੧੨ ਫੱਗਣ ੨੦੧੮ ਬਿਕ੍ਰਮੀ ਇਟਾਰਸੀ

ਹਰ ਘਟ ਅੰਦਰ ਨਿਰਗੁਣ ਧਾਰ, ਸ੍ਰੀ ਭਗਵਾਨ ਆਪ ਰਖਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੀਵ ਜੰਤ ਭੇਵ ਚੁਕਾਇੰਦਾ। ਭਗਤ ਭਗਵੰਤ ਲਏ ਉਭਾਰ, ਅਨਭਵ ਆਪਣੀ ਖੇਲ ਕਰਾਇੰਦਾ। ਸਾਚੇ ਸੰਤਾਂ ਕਰ ਪਿਆਰ, ਹਰਿ ਸਤਿਗੁਰ ਮੇਲ ਮਿਲਾਇੰਦਾ। ਗੁਰਮੁਖਾਂ ਖੋਲ੍ਹ ਬੰਦ ਕਿਵਾੜ, ਨੇਤਰ ਨੈਣ ਇਕ ਵਖਾਇੰਦਾ। ਗੁਰਸਿਖਾਂ ਦੇਵੇ ਦਰਸ ਦੀਦਾਰ, ਆਪ ਆਪਣੀ ਬੂਝ ਬੁਝਾਇੰਦਾ। ਜੁਗ ਚੌਕੜੀ ਹੋ ਉਜਿਆਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਰਗੁਣ ਮੀਤਾ ਏਕੰਕਾਰ, ਅਕਲ ਕਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਹਰਿ ਕਰਤਾਰ, ਹਰਿਜਨ ਹਰਿ ਜੂ ਆਪ ਰੰਗਾਈਆ। ਹਰਿ ਸੰਗਤ ਮੇਲਾ ਅਪਰ ਅਪਾਰ, ਹਰਿ ਮੰਦਰ ਇਕ ਵਖਾਈਆ। ਕਾਇਆ ਬੰਕ ਖੋਲ੍ਹ ਕਿਵਾੜ, ਘਰ ਵੇਖੇ ਚਾਈਂ ਚਾਈਂਆ। ਦੀਪਕ ਦੀਆ ਜੋਤ ਉਜਿਆਰ, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਸ਼ਬਦ ਨਾਦ ਧੁੰਨ ਜੈਕਾਰ, ਅਨਹਦ ਨਾਦੀ ਨਾਦ ਸੁਣਾਈਆ। ਮਹੱਲ ਅਟੱਲ ਉਚ ਮੁਨਾਰ, ਸੋਭਾਵੰਤ ਆਪ ਸੁਹਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਪੁਰਖ ਅਬਿਨਾਸ਼ੀ ਵਸਣਹਾਰਾ ਨਿਹਚਲ ਧਾਮ ਅਟੱਲਾ, ਦੋ ਜਹਾਨਾਂ ਫੋਲ ਫੁਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਰਲਾ, ਜਲਾਂ ਥਲਾਂ ਡੇਰਾ ਲਾਇੰਦਾ। ਆਦਿ ਜੁਗਾਦਿ ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਸ਼ਬਦੀ ਸ਼ਬਦ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਸਮਰਥ, ਸ੍ਰੀ ਭਗਵਾਨ ਆਪ ਕਰਾਈਆ। ਜੀਵ ਜੰਤ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਜੁਗ ਜੁਗ ਮਹਿਮਾ ਜਾਣੇ ਅਕੱਥ, ਅਕੱਥ ਕਰੇ ਪੜ੍ਹਾਈਆ। ਸਾਚਾ ਮਾਰਗ ਆਪੇ ਦੱਸ, ਭੇਵ ਅਭੇਦ ਖੁਲ੍ਹਾਈਆ। ਜਿਸ ਜਨ ਹਿਰਦੇ ਅੰਦਰ ਜਾਏ ਵਸ, ਤਿਸ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਹੋ ਉਜਿਆਰਾ, ਦੁਆਪਰ ਆਪਣਾ ਡੰਕ ਵਜਾਇੰਦਾ। ਕਲਜੁਗ ਵੇਖੇ ਵੇਖਣਹਾਰਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜਨ ਭਗਤਾਂ ਮੇਲੇ ਮੇਲਣਹਾਰਾ, ਮੇਲ ਮਿਲਾਵਾ ਆਪਣੇ ਹੱਥ ਜਣਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਵੇਦ ਕਤੇਬ ਵਸੇ ਬਾਹਿਰਾ, ਸ਼ਾਸਤਰ ਸਿਮਰਤ ਮੁਖ ਸ਼ਰਮਾਇੰਦਾ। ਅੰਜੀਲ ਕੁਰਾਨ ਕਰੇ ਪੁਕਾਰਾ, ਕਲਮਾ ਕਲਾਮ ਨਾ ਕੋਇ ਜਣਾਇੰਦਾ। ਖਾਣੀ ਬਾਣੀ ਏਕਾ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਰਖਾਇੰਦਾ। ਆਪਣਾ ਭੇਵ ਪੁਰਖ ਅਗੰਮ, ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਜੀਵ ਜੰਤ ਜਾਣੇ ਪਵਣ ਸਵਾਸ ਦਮ, ਘਟ ਘਟ ਆਪਣਾ ਆਸਣ ਲਾਈਆ। ਜੀਵਣ ਜੀਵਤ ਬੇੜਾ ਬੰਨ੍ਹ, ਜੁਗਤੀ ਜਗਤ ਦਏ ਵਡਿਆਈਆ। ਰਾਗੀ ਨਾਦ ਸੁਣਾਏ ਕੰਨ, ਏਕਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਆਪਣਾ ਆਪ ਕਰਾਇੰਦਾ। ਕਲਜੁਗ ਅੰਤ ਹੋ ਉਜਿਆਰਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰਾ, ਕਰੋੜ ਤੇਤੀਸਾ ਸੀਸ ਝੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਭਿਖਾਰਾ, ਖਾਲੀ ਝੋਲੀ ਸਰਬ ਭਰਾਇੰਦਾ। ਭਗਤਾਂ ਦੇਵੇ ਵਸਤ ਹਰਿ ਥਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਲੇਖਾ ਜਾਣੇ ਜੁਗ ਚਾਰਾ, ਚਾਰੇ ਵਰਨ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਦੀਨ ਦਿਆਲ ਦਇਆ ਕਮਾ, ਪੂਰਬ ਲਹਿਣਾ ਆਪ ਚੁਕਾਈਆ। ਬਿਨ ਪੜ੍ਹਿਆਂ ਵਿਦਿਆ ਦਏ ਪੜ੍ਹਾ, ਆਤਮ ਅੰਤਰ ਕਰ ਜਣਾਈਆ। ਜਗ ਨੇਤਰ ਬੰਦ ਦਏ ਵਖਾ, ਨਿਝ ਨੇਤਰ ਇਕ ਖੁਲ੍ਹਾਈਆ। ਕਾਇਆ ਖੇਤਰ ਅੰਦਰ ਸਾਚਾ ਬ੍ਰਹਿਮੰਡ ਦਏ ਪਰਗਟਾ, ਬ੍ਰਹਮ ਆਪਣੀ ਅੰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਗਹਿਰ ਗੰਭੀਰ ਵਡੀ ਵਡਿਆਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਵਸੇ ਸੱਚਾ ਮਾਹੀਆ। ਜਿਸ ਜਨ ਬਣਾਏ ਸਾਚੀ ਬਣਤਰ, ਤਿਸ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸੁੱਤਿਆਂ ਖੁਵਾਬ, ਬੇਖ਼ਬਰ ਆਪ ਜਣਾਇੰਦਾ। ਦੂਈ ਦਵੈਤੀ ਪੜਦਾ ਲਾਹੇ ਨਕ਼ਾਬ, ਮੁਖ ਘੁੰਗਟ ਆਪ ਚੁਕਾਇੰਦਾ। ਬੇਐਬ ਪਰਵਰਦਿਗਾਰ ਜਾਮ ਪਿਆਏ ਏਕਾ ਆਬ ਹਯਾਤ, ਆਪਣੇ ਰੰੰਗ ਰੰਗਾਇੰਦਾ। ਜਨਮ ਜਨਮ ਦਾ ਲਹਿਣਾ ਦੇਵੇ ਦਾਦ, ਪੂਰਬ ਲੇਖਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਏਕੰਕਾਰ, ਹਰਿਜਨ ਕਰੇ ਜਣਾਈਆ। ਹਰਿ ਸੰਗਤ ਵੇਖੇ ਵੇਖਣਹਾਰ, ਆਪ ਆਪਣਾ ਪੜਦਾ ਲਾਹੀਆ। ਪੰਜ ਸਿਖ ਜਿਸ ਜਨ ਦੇਵਣ ਦਰਸ ਦੀਦਾਰ, ਤਿਸ ਉਪਰ ਹਰਿ ਜੂ ਦਇਆ ਕਮਾਈਆ। ਮਿਲੇ ਵਡਿਆਈ ਵਿਚ ਸੰਸਾਰ, ਸੰਸਾ ਸਾਗਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲੇਖੇ ਪਾਈਆ। ਪਿਛਲਾ ਲੇਖਾ ਜਾਏ ਲੱਗ, ਵੇਖਣਹਾਰ ਕਰਤਾਰ। ਕਰੇ ਖੇਲ ਸੂਰਾ ਸਰਬੱਗ, ਰਾਤੀ ਸੁੱਤਿਆਂ ਦਏ ਦੀਦਾਰ। ਤ੍ਰੈਗੁਣ ਮਾਇਆ ਬੁਝਾਏ ਅੱਗ, ਅੰਮ੍ਰਿਤ ਬਖ਼ਸ਼ੇ ਠੰਡਾਂ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਨਿਰੰਕਾਰਾ, ਨਿਰਗੁਣ ਆਪਣੇ ਹੱਥ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਮੇਲੇ ਯਾਰਾ, ਕਲਜੁਗ ਵੇਲਾ ਅੰਤ ਸਮਝਾਈਆ। ਅੱਗੇ ਪਿਛੇ ਆਵਣ ਵਾਰੋ ਵਾਰਾ, ਦੂਰ ਨੇੜਾ ਨਾ ਕੋਇ ਜਣਾਈਆ। ਘਰ ਘਰ ਦੇਵੇ ਦਰਸ ਦੀਦਾਰਾ, ਦਰ ਦਰ ਆਪਣਾ ਬੰਕ ਸੁਹਾਈਆ। ਗਾਵਤ ਗਾਵਤ ਗਾਵੇ ਢੋਲਾ ਹਰਿ ਕਰਤਾਰਾ, ਗੁਰਮੁਖ ਗੀਤ ਆਪ ਅਲਾਈਆ । ਭਗਤੀ ਭਗਤ ਭਗਤ ਵਣਜਾਰਾ, ਸਾਚੀ ਭਗਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਈਆ। ਸਾਚਾ ਬੰਧਨ ਨਾਮ ਡੋਰ, ਅਨਡਿਠੜੀ ਧਾਰ ਰਖਾਇੰਦਾ। ਲੇਖਾ ਜਾਣੇ ਕਾਇਆ ਅੰਧ ਘੋਰ, ਡੂੰਘੀ ਭਵਰੀ ਫੋਲ ਫੁਲਾਇੰਦਾ। ਰਾਤੀ ਸੁੱਤਿਆ ਨਾਲ ਲਏ ਤੋਰ, ਦਿਨੇ ਵੇਖਿਆਂ ਨਜ਼ਰ ਨਾ ਆਇੰਦਾ। ਮਾਰਨਹਾਰਾ ਪੰਜ ਚੋਰ, ਸ਼ਬਦ ਖੰਡਾ ਇਕ ਚਮਕਾਇੰਦਾ। ਨਿਰਗੁਣ ਚੜ੍ਹਿਆ ਫਿਰੇ ਸਾਚੇ ਘੋੜ, ਸ਼ਾਹ ਸਵਾਰਾ ਫੇਰਾ ਪਾਇੰਦਾ। ਪੂਰਬ ਜਨਮ ਦੇ ਵਿਛੜੇ ਜੋੜ, ਆਪ ਆਪਣਾ ਮੇਲ ਮਿਲਾਇੰਦਾ। ਮਿੱਠਾ ਕਰੇ ਰੀਠਾ ਕੌੜ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਨਮ ਜਨਮ ਦੀ ਬੁਝਾਏ ਔੜ, ਦੇ ਦਰਸ ਤ੍ਰਿਪਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਮੇਲਾ ਗੁਰੂ ਗੁਰ ਚੇਲਾ ਗੁਰ ਗੋਬਿੰਦ ਸੰਗ ਰਖਾਇੰਦਾ। ਗੁਰ ਚੇਲਾ ਏਕਾ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਹਰਿ ਸੰਗਤ ਕੋਲੋਂ ਮੰਗੀ ਮੰਗ, ਸਾਚੀ ਭਿਛਿਆ ਹਰਿ ਵਰਤਾਈਆ। ਗੁਰਮੁਖ ਵੇਖ ਗੁਰਸਿਖ ਹੋਏ ਅਨੰਦ, ਅਨੰਦ ਅਨੰਦ ਵੱਜੇ ਵਧਾਈਆ। ਨਾਤਾ ਤੁੱਟੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਮੁਖ ਸ਼ਰਮਾਏ ਚੌਧਵੀਂ ਚੰਦ, ਚੰਦ ਚਾਂਦਨੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਤਰ ਬੂਝ ਬੁਝਾਈਆ। ਅੰਤਰ ਬੂਝ ਹਰਿ ਲਿਵ ਤਾਰ, ਲਿਵ ਆਪਣੀ ਆਪ ਕਰਾਇੰਦਾ। ਗੁਫ਼ਤ ਸ਼ਨੀਦ ਕਰੇ ਗੁਫ਼ਤਾਰ, ਰਸਨਾ ਜਿਹਵਾ ਨਾ ਕੋਇ ਵਖਾਇੰਦਾ। ਕਾਇਆ ਮੰਦਰ ਕਾਅਬਾ ਸਚ ਮਨਾਰ, ਸਾਚੇ ਹੁਜਰੇ ਆਸਣ ਲਾਇੰਦਾ। ਬੰਦ ਕਿਵਾੜੀ ਖੋਲ੍ਹ ਕਿਵਾੜ, ਇਲਾਬੁੱਤ ਡੇਰਾ ਲਾਇੰਦਾ। ਮਹਿਬੂਬ ਮਹਿਵ ਹੋਏ ਆਪ ਪਰਵਰਦਿਗਾਰ, ਬੇਐਬ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਇੰਦਾ। ਪੂਰਬ ਲਹਿਣਾ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੁਗ ਜੁਗ ਸੁਣੇ ਆਪ ਫ਼ਰਯਾਦ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਭਗਤ ਭਗਵੰਤ ਲਡਾਏ ਲਾਡ, ਗੋਦੀ ਗੋਦ ਆਪ ਉਠਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣਾ ਬੰਧਨ ਪਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਈਸ਼ ਜੀਵ ਭੇਵ ਚੁਕਾਈਆ। ਗੁਰਮੁਖ ਗੁਰਸਿਖ ਸੱਜਣ ਆਪੇ ਲਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਰੰਗੇ ਰੰਗ ਰੰਗ ਚਲੂਲ, ਕਾਇਆ ਚੋਲਾ ਆਪ ਰੰਗਾਇੰਦਾ। ਦੇਵੇ ਨਾਮ ਨਾਮ ਅਨਮੋਲ, ਕਰਤਾ ਕੀਮਤ ਨਾ ਕੋਇ ਰਖਾਇੰਦਾ। ਗੁਰਮੁਖ ਗੁਰਸਿਖ ਜਾਏ ਭੂਲ, ਸਤਿਗੁਰ ਭੁੱਲ ਕਦੇ ਨਾ ਜਾਇੰਦਾ। ਪੂਰਬ ਜਨਮ ਲੇਖਾ ਚੁੱਕੇ ਮੂਲ, ਪਿਛਲਾ ਲਹਿਣਾ ਝੋਲੀ ਪਾਇੰਦਾ। ਆਦਿ ਜੁਗਾਦੀ ਸਚ ਅਸੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਬੰਧਨ ਪਾਇੰਦਾ। ਆਪਣਾ ਬੰਧਨ ਆਪੇ ਪਾ, ਆਪਣੀ ਬੂਝ ਬੁਝਾਈਆ। ਨੌਂ ਸਾਲ ਤੋਂ ਰਿਹਾ ਸਮਝਾ, ਨੌਂ ਦੁਆਰੇ ਸਾਫ਼ ਕਰਾਈਆ। ਨੌਂ ਖੰਡ ਢੇਰੀ ਢਾਹ, ਨੌਂ ਨਿਧਾਂ ਮਾਣ ਚੁਕਾਈਆ। ਗੁਰਮੁਖ ਸੱਜਣ ਆਪ ਮਿਲਾ, ਆਪਣਾ ਭੇਵ ਖੁਲ੍ਹਾਈਆ। ਪੂੰਨਾ ਸੰਗਤ ਪੂਰਬ ਲਹਿਣਾ ਝੋਲੀ ਪਾ, ਪੂਰੀ ਆਸ ਕਰਾਈਆ। ਗੁਰਸਿਖ ਡਿਠਿਆਂ ਗੁਰਸਿਖ ਮਿਲੇ ਸੱਚਾ ਥਾਂ, ਮਨਮੁਖ ਦੇਣ ਦੁਹਾਈਆ। ਬਣੇ ਵਿਚੋਲਾ ਆਪ ਸ਼ਹਿਨਸ਼ਾਹ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੇਣਾ ਲਹਿਣਾ ਸਭ ਦਾ ਆਪਣੇ ਲੇਖੇ ਪਾਈਆ। ਕਿਰਪਾ ਕਰੇ ਕਿਰਪਾਨਿਧ ਠਾਕਰ, ਦੀਨ ਦਿਆਲ ਦਇਆ ਕਮਾਈਆ। ਕਾਇਆ ਵੇਖੇ ਡੂੰਘਾ ਸਾਗਰ, ਭਵਰੀ ਆਪਣਾ ਫੇਰਾ ਪਾਈਆ। ਦੇਵੇ ਨਾਮ ਰਤੀ ਰਤਨਾਗਰ, ਰੰਗ ਰਤੜਾ ਸੱਚਾ ਮਾਹੀਆ। ਏਕਾ ਵਣਜ ਕਰਾਏ ਸਚ ਸੌਦਾਗਰ, ਨਾਮ ਵਸਤ ਅਮੁਲ ਅਤੁਲ ਵਰਤਾਈਆ। ਨਿਰਮਲ ਕਰਮ ਕਰੇ ਉਜਾਗਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਏਥੇ ਓਥੇ ਦੇਵੇ ਆਦਰ, ਦੋ ਜਹਾਨ ਸਦਾ ਸਹਾਈਆ। ਪਿਛਲਾ ਲਹਿਣਾ ਮੇਲਾ ਗੁਰ ਤੇਗ ਬਹਾਦਰ, ਗੁਰ ਚੇਲਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਕਿਰਪਨ ਦਏ ਵਡਿਆਈਆ। ਦਇਆ ਕਰੀ ਸਰਬ ਕਰਤਾਰ, ਕਰਨੀ ਕਿਰਤ ਵੇਖ ਵਖਾਇੰਦਾ। ਜੋ ਜਨ ਆਇਆ ਚਲ ਦੁਆਰ, ਤਿਸ ਦਰਦੀ ਦਰਦ ਵੰਡਾਇੰਦਾ। ਜਨਨੀ ਜਨ ਕਰ ਵਿਚਾਰ, ਜਗ ਆਪਣਾ ਰੰਗ ਰੰਗਾਇੰਦਾ। ਦੁਖ ਸੁਖ ਮੇਟ ਸੰਸਾਰ, ਮੁਖ ਉਜਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਟਿਕਾਇੰਦਾ। ਮਿਹਰਵਾਨ ਬੇਨਜ਼ੀਰ, ਨਜ਼ਰ ਆਪਣੀ ਆਪ ਟਿਕਾਈਆ। ਬਦਲਣਹਾਰ ਜਗਤ ਤਕਦੀਰ ਤਦਬੀਰ ਦਏ ਸਮਝਾਈਆ। ਗੁਰਚਰਨ ਸਰੋਵਰ ਸਾਚਾ ਨੀਰ, ਅੰਮ੍ਰਿਤ ਜਲ ਦਏ ਵਖਾਈਆ। ਹਉਮੇ ਹੰਗਤਾ ਕੱਢੇ ਪੀੜ, ਦੂਈ ਦਵੈਤ ਦੁਖ ਮਿਟਾਈਆ। ਨਿਹਕਰਮੀ ਬੰਨ੍ਹੇ ਬੀੜ, ਸਚ ਧਰਮੀ ਧਰਮ ਕਮਾਈਆ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਏਕਾ ਕਲਮਾ ਦਏ ਸਮਝਾਈਆ। ਪੌੜੇ ਚਾੜ੍ਹੇ ਫੜ ਅਖ਼ੀਰ, ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਇਆਂ ਲੇਖਾ ਲੇਖੇ ਵਿਚ ਰਖਾਈਆ। ਦਰ ਆਏ ਦਰਵੇਸ਼ ਪਰਵਾਨ, ਘਰ ਸਾਚੇ ਆਪ ਸੁਹਾਇੰਦਾ। ਅਨਮੰਗਿਆ ਅਨਡਿਠਿਆ ਅਨਡਿਠੜਾ ਦੇਵੇ ਦਾਨ, ਸਾਚੀ ਝੋਲੀ ਆਪ ਭਰਾਇੰਦਾ। ਘਰ ਘਰ ਉਪਜੇ ਗੁਰ ਸੰਤਾਨ, ਗੁਰ ਸ਼ਬਦੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਮਿਹਰ ਸ੍ਰੀ ਭਗਵਾਨ, ਵਿਸ਼ਨੂੰ ਆਪਣੀ ਖੇਲ ਕਰਾਇੰਦਾ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਚਖੰਡ ਸਾਚੇ ਸੋਭਾ ਪਾਈਆ। ਨਿਰਗੁਣ ਰੂਪ ਆਦਿ ਜੁਗਾਦਿ, ਨਿਰਾਕਾਰ ਨਿਰਵੈਰ ਖੇਲ ਕਰਾਈਆ। ਸ਼ਬਦ ਅਗੰਮ ਅਨਾਦੀ ਨਾਦ, ਧੁਰ ਫ਼ਰਮਾਣਾ ਰਾਗ ਅਲਾਈਆ। ਦੋ ਜਹਾਨਾਂ ਖੇਲ ਤਮਾਸ਼, ਅਨਭਵ ਆਪਣਾ ਰੂਪ ਵਟਾਈਆ। ਥਿਰ ਘਰ ਸਾਚੇ ਪਾਏ ਰਾਸ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਕਰ ਪਰਕਾਸ਼, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਅਪਾਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਆਦਿ ਪੁਰਖ ਪੁਰਖ ਹੋ ਉਜਿਆਰਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪਣੀ ਇਛਿਆ ਕਰ ਵਿਚਾਰਾ, ਸਾਚੀ ਇਛਿਆ ਆਪ ਪਰਗਟਾਇੰਦਾ। ਅਜੂਨੀ ਰਹਿਤ ਕਰ ਪਸਾਰਾ, ਆਪ ਆਪਣਾ ਰੰਗ ਰੰਗਾਇੰਦਾ। ਸਚ ਮਹੱਲ ਕਰ ਤਿਆਰਾ, ਅਟੱਲ ਆਪ ਵਡਿਆਇੰਦਾ। ਦੀਵਾ ਬਾਤੀ ਠਾਂਡੇ ਦਰਬਾਰਾ, ਕਮਲਾਪਾਤੀ ਆਪ ਟਿਕਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਵੇਸ ਵਟਾਇੰਦਾ। ਸੂਰਜ ਚੰਨ ਨਾ ਕੋਇ ਸਿਤਾਰਾ, ਮੰਡਲ ਮੰਡਪ ਨਾ ਕੋਇ ਬਣਾਇੰਦਾ। ਜ਼ਿਮੀਂ ਅਸਮਾਨ ਨਾ ਕੋਇ ਅਖਾੜਾ, ਪੁਰੀਆਂ ਲੋਆਂ ਨਾ ਨਾਚ ਨਚਾਇੰਦਾ। ਸਰਗੁਣ ਰੂਪ ਨਾ ਕੋਇ ਜੈਕਾਰਾ, ਤੱਤਵ ਤੱਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਅਨੂਪ ਆਪ ਪਰਗਟਾਇੰਦਾ। ਰੂਪ ਅਨੂਪ ਸ੍ਰੀ ਭਗਵਾਨ, ਆਪਣਾ ਆਪ ਪਰਗਟਾਈਆ। ਕਰੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਸਚ ਮਹੱਲਾ ਇਕ ਮਕਾਨ, ਸਚਖੰਡ ਦੁਆਰੇ ਦਏ ਵਡਿਆਈਆ। ਭੂਪਤ ਭੂਪ ਬਣ ਸੁਲਤਾਨ, ਰਾਜਨ ਰਾਜ ਨਾਉਂ ਰਖਾਈਆ । ਤਖ਼ਤ ਨਿਵਾਸੀ ਹੋ ਮਿਹਰਵਾਨ, ਸਾਚੇ ਤਖ਼ਤ ਸੋਭਾ ਪਾਈਆ। ਸ਼ਬਦੀ ਅਗੰਮੀ ਅਗੰਮ ਫ਼ਰਮਾਣ, ਸਚ ਸੰਦੇਸਾ ਇਕ ਸੁਣਾਈਆ। ਦਰ ਦਰਵੇਸ਼ ਬਣ ਦਰਬਾਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਦੁਆਰਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਵਸੇ ਇਕ ਇਕੱਲਾ, ਏਕੰਕਾਰਾ ਵੇਸ ਵਟਾਇੰਦਾ। ਆਦਿ ਨਿਰੰਜਣ ਜੋਤੀ ਦੀਪਕ ਆਪੇ ਬਲਾ, ਸ੍ਰੀ ਭਗਵਾਨ ਖੇਲ ਕਰਾਇੰਦਾ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਏਕਾ ਮੱਲਾ, ਪਾਰਬ੍ਰਹਮ ਪ੍ਰਭ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਸੋਭਾਵੰਤ, ਨਿਰਗੁਣ ਨਿਰਵੈਰ ਆਪ ਸੁਹਾਈਆ। ਪੁਰਖ ਅਕਾਲ ਮਹਿਮਾ ਅਗਣਤ, ਭੇਵ ਅਭੇਦ ਨਾ ਕੋਇ ਜਣਾਈਆ। ਕਰੇ ਖੇਲ ਆਦਿ ਅੰਤ, ਬੇਅੰਤ ਵਡ ਸ਼ਹਿਨਸ਼ਾਹੀਆ। ਲੇਖਾ ਜਾਣੇ ਨਾਰ ਕੰਤ, ਸੇਜ ਸੁਹੰਜਣੀ ਇਕ ਸੁਹਾਈਆ। ਸਚਖੰਡ ਦੁਆਰੇ ਨਿਰਗੁਣ ਨਿਰਗੁਣ ਬਣਾਏ ਬਣਤ, ਬਣ ਬਣ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸਚਖੰਡ ਨਿਵਾਸੀ ਆਪ ਕਰਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਪੁਰਖ ਪੁਰਖੋਤਮ ਹੋ ਤਿਆਰਾ, ਬੇਐਬ ਆਪਣੀ ਖੇਲ ਕਰਾਇੰਦਾ। ਨਿਰਗੁਣ ਨਾਉਂ ਰੱਖ ਪਰਵਰਦਿਗਾਰਾ, ਮੁਕਾਮੇ ਹੱਕ ਸੋਭਾ ਪਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਧਾਮ ਸੁਹਾਇੰਦਾ। ਆਦਿ ਆਦਿ ਆਪਣੀ ਕਾਰਾ, ਕਰਤਾ ਪੁਰਖ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਲਾਇੰਦਾ। ਦੂਸਰ ਸੰਗ ਨਾ ਕੋਇ ਸਾਥ, ਨਿਰਗੁਣ ਆਪਣੀ ਖੇਲ ਕਰਾਈਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵੇਸ ਵਟਾਈਆ। ਆਦਿ ਜੁਗਾਦਿ ਵਸੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਆਪੇ ਤਖ਼ਤ ਨਿਵਾਸੀ ਖੇਲੇ ਖੇਲ ਤਮਾਸ਼, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਦਏ ਵਡਿਆਈਆ। ਸਚਖੰਡ ਦੁਆਰਾ ਵੱਡਾ ਵਡ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਆਪਣੇ ਵਿਚੋਂ ਆਪਾ ਕੱਢ, ਆਪੇ ਵੇਖ ਵਖਾਇੰਦਾ। ਆਪੇ ਕਰੇ ਸਾਚਾ ਲਡ, ਸਾਚੀ ਗੋਦ ਆਪ ਸੁਹਾਇੰਦਾ। ਆਪ ਬਣਾਏ ਆਪਣੀ ਯਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਾਰ ਕਮਾਇੰਦਾ। ਸਾਚੀ ਕਾਰ ਹਰਿ ਕਰਤਾਰ, ਆਦਿ ਪੁਰਖ ਆਪ ਕਰਾਈਆ। ਆਪੇ ਪੁਰਖ ਆਪੇ ਨਾਰ, ਨਰ ਨਰਾਇਣ ਵੇਸ ਵਟਾਈਆ। ਆਪੇ ਸਾਚੀ ਸੇਜ ਮਾਣੇ ਬਣ ਭਤਾਰ, ਬੇਅੰਤ ਬੇਪਰਵਾਹੀਆ। ਆਪੇ ਦਾਈ ਦਾਇਆ ਬਣੇ ਸੇਵਾਦਾਰ, ਬਣ ਬਣ ਸੇਵਕ ਸੇਵ ਕਮਾਈਆ। ਆਪੇ ਜਨਨੀ ਜਨ ਬਣੇ ਨਿਰੰਕਾਰ, ਸੁਤ ਦੁਲਾਰਾ ਏਕਾ ਜਾਈਆ। ਆਪੇ ਸ਼ਬਦੀ ਸ਼ਬਦ ਲਏ ਉਭਾਰ, ਜੋਤੀ ਜੋਤ ਜੋਤ ਵਡਿਆਈਆ। ਸਚਖੰਡ ਦੁਆਰੇ ਖੋਲ੍ਹ ਕਿਵਾੜ, ਸਾਚਾ ਕੁੰਡਾ ਦੇਵੇ ਲਾਹੀਆ। ਚਰਨ ਕਵਲ ਕਵਲ ਚਰਨ ਇਕ ਵਿਚਾਰ, ਪੁਰਖ ਅਬਿਨਾਸ਼ੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਾੜਨ ਆਪੇ ਘੜ, ਆਪੇ ਵੇਖ ਵਖਾਈਆ। ਆਪਣਾ ਘਾੜਨ ਆਪੇ ਘੜਿਆ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚਖੰਡ ਦੁਆਰੇ ਆਪੇ ਵੜਿਆ, ਮਾਤ ਪਿਤ ਨਾ ਕੋਇ ਬਣਾਇੰਦਾ। ਨਾਰੀ ਕੰਤ ਬਣ ਬਣ ਆਪਾ ਆਪੇ ਵਰਿਆ, ਸਾਚਾ ਸਗਨ ਆਪ ਮਨਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਬਾਸੀ ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਸਾਚੇ ਮੰਦਰ ਆਪੇ ਚੜ੍ਹਿਆ, ਉਚ ਮਹੱਲ ਅਟੱਲ ਸੋਭਾ ਪਾਇੰਦਾ। ਆਪਣਾ ਨਾਉਂ ਨਿਰੰਕਾਰਾ ਆਪੇ ਪੜ੍ਹਿਆ, ਅੱਖਰ ਅੱਖਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ। ਸਚਖੰਡ ਦੁਆਰੇ ਖੇਲ ਅਵੱਲਾ, ਅੱਲਾ ਇਲਾਹੀ ਨੂਰ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਉਚ ਅਟੱਲਾ, ਮੁਕਾਮੇ ਹੱਕ ਸੋਭਾ ਪਾਈਆ। ਜੋਤੀ ਨੂਰ ਆਪੇ ਰੱਲਾ, ਸ਼ਬਦੀ ਸ਼ਬਦ ਨਾਦ ਸੁਣਾਈਆ। ਸਚ ਦੁਆਰੇ ਆਪੇ ਖਲਾ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਪੁਰਖ ਸਮਰਥ, ਆਦਿ ਆਦਿ ਆਪ ਕਰਾਇਆ। ਨਿਰਗੁਣ ਨੂਰ ਹੋ ਪਰਗਟ, ਅਸੁੱਤੇ ਪਰਕਾਸ਼ ਆਪ ਧਰਾਇਆ। ਸਚਖੰਡ ਦੁਆਰ ਖੋਲ੍ਹ ਹੱਟ, ਬਣ ਵਣਜਾਰਾ ਸੇਵ ਕਮਾਇਆ। ਇਕੋ ਜੋਤ ਲਟ ਲਟ, ਨੂਰ ਨੁਰਾਨਾ ਡਗਮਗਾਇਆ। ਇਕੋ ਸ਼ਬਦ ਸਾਚਾ ਸਤਿ, ਰਾਗੀ ਰਾਗ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਜਣਾਇਆ। ਆਦਿ ਪੁਰਖ ਆਪਣਾ ਮਾਰਗ ਲਾ, ਆਪਣੀ ਦਇਆ ਆਪ ਕਮਾਈਆ। ਸਚਖੰਡ ਦੁਆਰਾ ਇਕ ਵਸਾ, ਦਰ ਘਰ ਸਾਚੇ ਸੋਭਾ ਪਾਈਆ। ਤਖ਼ਤ ਨਿਵਾਸੀ ਬਣ ਖ਼ੁਦਾ, ਰਹਿਮਤ ਆਪਣੀ ਆਪ ਕਮਾਈਆ। ਪੁਰਖ ਅਕਾਲ ਨਾਉਂ ਧਰਾ, ਨਾਉਂ ਨਿਰੰਕਾਰਾ ਦਏ ਵਡਿਆਈਆ। ਪਾਰਬ੍ਰਹਮ ਪ੍ਰਭ ਸਿਫ਼ਤ ਸਲਾਹ, ਅਬਿਨਾਸ਼ੀ ਕਰਤਾ ਸੇਵ ਕਮਾਈਆ। ਸੋ ਪੁਰਖ ਨਿਰੰਜਣ ਰਾਗ ਅਲਾ, ਹਰਿ ਪੁਰਖ ਨਿਰੰਜਣ ਰਿਹਾ ਸੁਣਾਈਆ। ਬਣ ਵਿਚੋਲਾ ਬੇਪਰਵਾਹ, ਆਪਣਾ ਬੰਧਨ ਆਪੇ ਪਾਈਆ। ਸਾਚਾ ਢੋਲਾ ਆਪੇ ਗਾ, ਆਪਣਾ ਨਾਉਂ ਲਏ ਸਮਝਾਈਆ। ਥਿਰ ਘਰ ਸਾਚੇ ਭੇਵ ਚੁਕਾ, ਚਰਨ ਕਵਲ ਦਏ ਸਰਨਾਈਆ। ਸੁਤ ਦੁਲਾਰਾ ਇਕ ਵਸਾ, ਸਿਰ ਆਪਣਾ ਹੱਥ ਟਿਕਾਈਆ। ਸ਼ਬਦੀ ਸ਼ਬਦ ਨਾਉਂ ਵਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਦੇਵੇ ਹਰਿ ਜੂ ਮਾਣ, ਭੇਵ ਕੋਇ ਨਾ ਪਾਇੰਦਾ। ਸਚਖੰਡ ਵਸੇ ਆਪ ਭਗਵਾਨ, ਸੁਤ ਦੁਲਾਰਾ ਏਕਾ ਗੁਣ ਜਣਾਇੰਦਾ। ਤੇਰਾ ਮੇਰਾ ਇਕ ਗਿਆਨ, ਏਕਾ ਰਾਹ ਵਖਾਇੰਦਾ। ਤੇਰਾ ਮੇਰਾ ਇਕ ਮਕਾਨ, ਏਕਾ ਘਰ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਦਰਬਾਰ ਆਪ ਸੁਹਾਇੰਦਾ। ਥਿਰ ਦਰਬਾਰਾ ਵਸਿਆ ਘਰ, ਸੋ ਪੁਰਖ ਨਿਰੰਜਣ ਆਪ ਵਸਾਇਆ। ਹਰਿ ਪੁਰਖ ਨਿਰੰਜਣ ਦੇਵੇ ਵਰ, ਏਕੰਕਾਰਾ ਹੋਏ ਸਹਾਇਆ। ਆਦਿ ਨਿਰੰਜਣ ਨੂਰ ਧਰ, ਜੋਤੀ ਜੋਤ ਕਰੇ ਰੁਸ਼ਨਾਇਆ। ਸ੍ਰੀ ਭਗਵਾਨ ਦਰਸ ਦਿਖਾਏ ਅੱਗੇ ਖੜ, ਅਬਿਨਾਸ਼ੀ ਕਰਤਾ ਰੂਪ ਵਟਾਇਆ। ਪਾਰਬ੍ਰਹਮ ਪ੍ਰਭ ਪੱਲੂ ਲਏ ਫੜ, ਆਪ ਆਪਣੀ ਗੰਢ ਪੁਵਾਇਆ। ਸੁਤ ਦੁਲਾਰੇ ਦੇਵੇ ਵਰ, ਏਕਾ ਗੁਣ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਪੜ੍ਹਾਇਆ। ਸ਼ਬਦ ਸੁਤ ਹੋ ਤਿਆਰ, ਪ੍ਰਭ ਅੱਗੇ ਸੀਸ ਝੁਕਾਈਆ। ਸਚਖੰਡ ਵਸੇ ਤੂੰ ਨਿਰੰਕਾਰ, ਤੇਰੀ ਮਹਿਮਾ ਗਣਤ ਨਾ ਆਈਆ। ਤੇਰਾ ਨੂਰ ਨੂਰ ਜੋਤ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਅਲੱਖ ਅਗੰਮ ਅਗੋਚਰ ਤੇਰੀ ਧਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹਉਂ ਬਾਲਕ ਸੇਵਾਦਾਰ, ਦੋਏ ਜੋੜ ਪਿਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਤੇਰਾ ਵੇਖਾਂ ਘਰ, ਆਦਿ ਜੁਗਾਦਿ ਚਾਈਂ ਚਾਈਂਆ। ਸੁਤ ਦੁਲਾਰਾ ਕਰ ਨਿਮਸਕਾਰ, ਦੋਏ ਜੋੜ ਪਿਆ ਸਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਇਕ ਤੇਰੀ ਓਟ ਤਕਾਈਆ। ਵਸਦਾ ਰਹੇ ਤੇਰਾ ਦੁਆਰ, ਸਚਖੰਡ ਵੱਜੇ ਵਧਾਈਆ। ਮੈਂ ਥਿਰ ਘਰ ਬੈਠਾ ਨੇਤਰ ਨੈਣ ਰਿਹਾ ਉਘਾੜ, ਲਿਵ ਅੰਤਰ ਇਕੋ ਲਾਈਆ। ਤੂੰ ਦੇਣਾ ਸਚ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਮੈਂ ਮੰਗਾਂ ਦਰਸ ਦੀਦਾਰ, ਆਦਿ ਜੁਗਾਦਿ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਉਂ ਬਾਲਾ ਮੰਗ ਮੰਗਾਈਆ। ਸੁਤ ਦੁਲਾਰਾ ਛੋਟਾ ਬਾਲਾ, ਹਰਿ ਜੂ ਅੱਗੇ ਸੀਸ ਝੁਕਾਇੰਦਾ। ਸ਼ਾਹ ਪਾਤਸ਼ਾਹ ਤੇਰਾ ਖੇਲ ਨਿਰਾਲਾ, ਸ਼ਹਿਨਸ਼ਾਹ ਤੇਰਾ ਅੰਤ ਕੋਇ ਨਾ ਆਇੰਦਾ। ਤੂੰ ਸਚਖੰਡ ਵਸੇ ਸੱਚੀ ਧਰਮਸਾਲਾ, ਸਾਚੇ ਤਖ਼ਤ ਸੋਭਾ ਪਾਇੰਦਾ। ਆਦਿ ਜੁਗਾਦਿ ਦੀਨਾ ਬੰਧੂ ਦੀਨ ਦਿਆਲਾ, ਹਉਂ ਦੀਨਨ ਤੇਰੇ ਅੱਗੇ ਸੀਸ ਝੁਕਾਇੰਦਾ। ਤੂੰ ਨਰਾਇਣ ਰਖਵਾਲਾ, ਇਕੋ ਤੇਰੀ ਆਸ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਸੀਸ ਨਿਵਾਇੰਦਾ। ਚਰਨੀ ਸੀਸ ਗਿਆ ਝੁਕ, ਪੁਨਹ ਪੁਨਹ ਸਰਨਾਈਆ। ਪੁਰਖ ਅਬਿਨਾਸ਼ੀ ਆਪਣੀ ਗੋਦੀ ਲਏ ਚੁੱਕ, ਸਾਚੇ ਬਾਲੇ ਲਏ ਉਠਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਈਆ। ਥਿਰ ਘਰ ਸੁਹਾਏ ਸਾਚੀ ਰੁੱਤ, ਸਚਖੰਡ ਮਿਲੇ ਮਾਣ ਵਡਿਆਈਆ। ਨਿਰਗੁਣ ਦਾਤਾ ਦਾਨੀ ਗਿਆ ਤੁਠ, ਅਨਡਿਠੜੀ ਦਾਤ ਆਪ ਵਰਤਾਈਆ। ਸੁਤ ਦੁਲਾਰੇ ਸਾਚੇ ਸੁਤ, ਅਬਿਨਾਸ਼ੀ ਕਰਤਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਟਿਕਾਈਆ। ਛੋਟੇ ਸੁਤ ਸੁਣ ਲੈ ਬਾਲ, ਆਦਿ ਪੁਰਖ ਆਦਿ ਸੁਣਾਇਆ। ਤੇਰਾ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਵਖਾਇਆ। ਸਤਿ ਸਤਿਵਾਦ ਤੇਰਾ ਨਿਸ਼ਾਨ, ਸਤਿ ਪੁਰਖ ਨਿਰੰਜਣ ਦਏ ਝੁਲਾਇਆ। ਤੇਰਾ ਰੂਪ ਅਨੂਪ ਮਹਾਨ, ਭੇਵ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸ਼ਬਦੀ ਸ਼ਬਦ ਰਿਹਾ ਸਮਝਾਇਆ। ਸਾਚੇ ਸ਼ਬਦ ਸੁਣ ਸੁਣ ਮੀਤ, ਹਰਿ ਸਾਚਾ ਸਚ ਜਣਾਇੰਦਾ। ਮੇਰਾ ਨਾਉਂ ਤੇਰਾ ਗੀਤ, ਤੇਰਾ ਗੀਤ ਹਰਿ ਗੁਣ ਵਖਾਇੰਦਾ। ਤੇਰਾ ਮਾਰਗ ਚਲੇ ਰੀਤ, ਸਾਚਾ ਰਾਹ ਆਪ ਜਣਾਇੰਦਾ। ਤੂੰ ਵਸਣਾ ਧਾਮ ਅਨਡੀਠ, ਥਿਰ ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲਾਇੰਦਾ। ਸਾਚਾ ਭੇਵ ਖੋਲ੍ਹੇ ਭਗਵਾਨ, ਆਦਿ ਪੁਰਖ ਦਇਆ ਕਮਾਈਆ। ਸੁਤ ਦੁਲਾਰੇ ਵਡ ਬਲਵਾਨ, ਬਲ ਤੇਰਾ ਇਕ ਸਮਝਾਈਆ। ਤੇਰੇ ਅੰਤਰ ਅੰਤਰ ਖੇਲ ਕਰੇ ਮਹਾਨ, ਖੇਲਣਹਾਰਾ ਦਿਸ ਨਾ ਆਈਆ। ਤੇਰੀ ਗੋਦੀ ਵਿਸ਼ਨੂੰ ਦਾਨ, ਵਿਸ਼ਨੂੰ ਅੰਦਰ ਬ੍ਰਹਮ ਪਰਗਟਾਈਆ। ਬ੍ਰਹਮ ਅੰਦਰ ਖੇਲ ਮਹਾਨ, ਪਾਰਬ੍ਰਹਮ ਵੇਖ ਵਖਾਈਆ। ਵੰਡੇ ਵੰਡ ਨੌਜਵਾਨ, ਆਪ ਆਪਣਾ ਬਲ ਸਮਝਾਈਆ। ਸੁੰਨ ਅਗੰਮ ਵੇਖੇ ਸੁੰਝ ਮਸਾਣ, ਧੂੰਆਂਧਾਰ ਵੇਸ ਵਟਾਈਆ। ਤੇਰੀ ਰਕਤ ਇਕ ਨਿਸ਼ਾਨ, ਸ਼ੰਕਰ ਆਪਣਾ ਖੇਲ ਕਰਾਈਆ। ਤਿੰਨਾਂ ਮੇਲ ਮੇਲੇ ਭਗਵਾਨ, ਸਾਚੇ ਮੰਦਰ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਤੇਰਾ ਫ਼ਰਮਾਣ, ਸਚ ਸੰਦੇਸਾ ਦਏ ਸੁਣਾਈਆ। ਸਚ ਸੰਦੇਸ ਸੁਣਾਏ ਢੋਲਾ, ਹਰਿ ਜੂ ਹਰਿ ਹਰਿ ਆਪ ਸੁਣਾਇਆ। ਆਪ ਚੁਕਾਏ ਪੜਦਾ ਉਹਲਾ, ਆਪਣਾ ਪੜਦਾ ਦਏ ਉਠਾਇਆ। ਇਕ ਵਖਾਏ ਅੰਮ੍ਰਿਤ ਕਵਲਾ, ਕਵਲ ਕਵਲੀ ਨਾਭ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਧਾਰਾ ਆਪ ਬੰਨਾਇਆ । ਸਾਚੀ ਧਾਰਾ ਹਰਿ ਨਿਰੰਕਾਰ, ਤੇਰਾ ਤੇਰੀ ਦਏ ਬਣਾਈਆ। ਸਚਖੰਡ ਨਿਵਾਸੀ ਹੋ ਉਜਿਆਰ, ਥਿਰ ਘਰ ਆਪਣਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਆਪ ਆਪਣਾ ਹੁਕਮ ਜਣਾਈਆ। ਸਦਾ ਸੁਹੇਲਾ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਅੱਗੇ ਮਾਰਗ ਦੱਸੇ ਸੁਖਾਲ, ਏਕਾ ਤੱਤ ਤੱਤ ਵਡਿਆਈਆ। ਤੇਰੀ ਘਾਲਣ ਹਰਿ ਜੂ ਘਾਲ, ਬਣ ਸੇਵਕ ਸੇਵ ਕਮਾਈਆ। ਨਿਰਗੁਣ ਸਰਗੁਣ ਬਣੇ ਦਲਾਲ, ਰੂਪ ਅਨੂਪ ਵਟਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਤ੍ਰੈ ਤ੍ਰੈ ਮੇਲਾ ਮੇਲ ਮਿਲਾਈਆ। ਪੰਚਮ ਖੇਲ ਖੇਲ ਭਗਵਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਈਆ। ਤੇਰਾ ਮਾਰਗ ਸਚ ਨਿਸ਼ਾਨ, ਪੂਤ ਸਪੂਤੇ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਇਕ ਸਮਝਾਈਆ। ਸੁਤ ਸ਼ਬਦ ਕਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇਆ। ਥਿਰ ਘਰ ਤੇਰਾ ਇਕ ਮਕਾਨ, ਸਚਖੰਡ ਨਿਵਾਸੀ ਆਪ ਬਣਾਇਆ। ਆਪਣਾ ਨਾਉਂ ਨਾਮ ਨਿਧਾਨ, ਤੇਰੀ ਗੋਦ ਵਡਿਆਇਆ। ਆਪਣਾ ਬਲ ਤੇਰਾ ਬਲਵਾਨ, ਬਲਧਾਰੀ ਆਪ ਰਖਾਇਆ। ਆਪਣੀ ਇਛਿਆ ਕਰ ਪਰਧਾਨ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇਆ। ਸਾਚੀ ਸਿਖਿਆ ਬਾਲ ਅਞਾਣ, ਸੋ ਪੁਰਖ ਨਿਰੰਜਣ ਇਕ ਸਮਝਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਨਿਸ਼ਾਨ, ਤੇਰਾ ਰੰਗ ਚੜ੍ਹਾਇਆ। ਰਵ ਸਸ ਕਰ ਪਰਵਾਨ, ਕਿਰਨ ਕਿਰਨ ਕਿਰਨ ਚਮਕਾਇਆ। ਮੰਡਲ ਮੰਡਪ ਦੇਵੇ ਦਾਨ, ਸਾਚੀ ਵਸਤ ਝੋਲੀ ਪਾਇਆ। ਤ੍ਰੈ ਤ੍ਰੈ ਖੇਲ ਖੇਲ ਮਹਾਨ, ਪੰਚਮ ਪੰਚ ਜੋੜ ਜੁੜਾਇਆ। ਨਿਰਗੁਣ ਸਰਗਣ ਹੋਏ ਪਰਧਾਨ, ਸੂਰਬੀਰ ਤੇਰਾ ਨਾਉਂ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਆਪਣੀ ਰਚਨਾ ਆਪਣਾ ਮੂਲ ਸੁਤ ਸ਼ਬਦੀ ਇਕ ਜਣਾਇਆ। ਸੁਤ ਸ਼ਬਦ ਨੈਣ ਉਠਾ, ਨੀਰ ਨੀਰ ਵਹਾਈਆ । ਪੁਰਖ ਅਬਿਨਾਸ਼ੀ ਬੇਪਰਵਾਹ, ਤੇਰਾ ਭੇਵ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਲੈਣਾ ਚਲਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਸਦਾ ਸਦ ਰੱਖੀਂ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਤੂੰ ਹੀ ਪਿਤਾ ਤੂੰ ਹੀ ਮਾਂ, ਹਉਂ ਬਾਲਕ ਰੂਪ ਸਖਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਪਰਗਟਾ, ਆਪਣੀ ਸੇਵਾ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਸੰਗ ਵਿਛੜ ਨਾ ਜਾਈਆ। ਤੇਰਾ ਸੰਗ ਸਗਲਾ ਸਾਥ, ਇਕੋ ਮੰਗ ਮੰਗਾਇਆ। ਤੂੰ ਸਾਹਿਬ ਪੁਰਖ ਸਮਰਾਥ, ਸਮਰਥ ਤੇਰੀ ਵਡਿਆਇਆ। ਮੈਂ ਗਾਵਾਂ ਤੇਰੀ ਗਾਥ, ਨਾਉਂ ਨਿਰੰਕਾਰਾ ਇਕ ਸਾਲਾਹਿਆ। ਮੈਂ ਵੇਖਾਂ ਤੇਰਾ ਹਾਟ, ਬਣ ਵਣਜਾਰਾ ਸੇਵ ਕਮਾਇਆ। ਤ੍ਰੈਗੁਣ ਮਾਇਆ ਤੇਰੀ ਦਾਤ, ਵਿਸ਼ਨ ਬ੍ਰਹਮਾ ਸ਼ਿਵ ਲਏ ਪਰਨਾਇਆ। ਪੰਜ ਤੱਤ ਤੇਰਾ ਖਾਤ, ਡੂੰਘਾ ਖਾਤਾ ਫੋਲ ਫੁਲਾਇਆ। ਬ੍ਰਹਿਮੰਡ ਖੰਡ ਤੇਰੀ ਵਾਟ, ਲੋਆਂ ਪੁਰੀਆਂ ਪੰਧ ਮੁਕਾਇਆ। ਜ਼ਿਮੀਂ ਅਸਮਾਨ ਤੇਰੀ ਦਾਤ, ਧਰਤ ਧਵਲ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਅੰਤ ਸਦਾ ਸਦਾ ਆਪਣਾ ਸੰਗ ਰਖਾਇਆ। ਇਕੋ ਮੰਗਾਂ ਸੱਚਾ ਸੰਗ, ਸੁਤ ਸ਼ਬਦੀ ਆਖ ਜਣਾਇੰਦਾ। ਤੇਰਾ ਨੂਰ ਚੜ੍ਹੇ ਰੰਗ, ਦੂਸਰ ਰੰਗ ਨਾ ਮੋਹੇ ਭਾਇੰਦਾ। ਤੇਰਾ ਨਾਦ ਵੱਜੇ ਮਰਦੰਗ, ਬ੍ਰਹਿਮੰਡ ਖੰਡ ਸੁਣਾਇੰਦਾ। ਮੇਰੀ ਤੇਰੇ ਨਾਲ ਜਾਏ ਹੰਢ, ਦੂਜੀ ਓਟ ਨਾ ਕੋਇ ਤਕਾਇੰਦਾ। ਮੈਂ ਤੇਰਾ ਗਾਵਾਂ ਛੰਦ, ਸਾਚਾ ਢੋਲਾ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖਾਲੀ ਝੋਲੀ ਇਕ ਵਖਾਇੰਦਾ। ਖਾਲੀ ਝੋਲੀ ਦੇਣੀ ਭਰ, ਸ਼ਬਦੀ ਸੁਤ ਆਖ ਸੁਣਾਇਆ। ਨਿਰਭੌ ਚੁਕਾਉਣਾ ਭੈ ਡਰ, ਭਿਆਨਕ ਰੂਪ ਨਾ ਕੋਇ ਰਖਾਇਆ। ਆਦਿ ਜੁਗਾਦਿ ਵੇਖਾਂ ਤੇਰਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਸਰਨ ਸਰਨਾਈ ਜਾਵਾਂ ਪੜ੍ਹ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਦਰਸ ਦਿਖੌਣਾ ਅੱਗੇ ਖੜ, ਬੇਅੰਤ ਬੇਪਰਵਾਹਿਆ। ਵਿਸ਼ਨ ਬ੍ਰਹਮਾ ਸ਼ਿਵ ਘਾੜਨ ਲਿਆ ਘੜ, ਤ੍ਰੈਗੁਣ ਮਾਇਆ ਰਜੋ ਤਮੋ ਸਤੋ ਨਾਲ ਰਲਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲਾਈ ਜੜ੍ਹ, ਪੰਚਮ ਤੱਤ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਆਦਿ ਤੇਰੇ ਅੱਗੇ ਝੋਲੀ ਡਾਹਿਆ। ਤੇਰੇ ਅੱਗੇ ਝੋਲੀ ਦਿਤੀ ਡਾਹ, ਬੇਅੰਤ ਮੇਰੇ ਗੁਸਾਈਂਆ। ਤੂੰ ਬਣਨਾ ਆਪ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਆਪਣੀ ਦੇਵੀਂ ਸਚ ਸਲਾਹ, ਸਲਾਹਗੀਰ ਨਾ ਹੋਰ ਰਖਾਈਆ। ਇਕ ਜਪਾਉਣਾ ਆਪਣਾ ਨਾਂ, ਦੂਸਰ ਨਾਂ ਨਾ ਕੋਇ ਵਡਿਆਈਆ। ਤੂੰ ਵਸਣਾ ਹਰ ਘਟ ਥਾਂ, ਘਟ ਘਟ ਆਪਣਾ ਰੰਗ ਰੰਗਾਈਆ। ਮੈਂ ਮੰਗਾਂ ਤੇਰੀ ਪਨਾਹ, ਚਰਨ ਕਵਲ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਦਿ ਬਣਾਈ ਤੇਰੀ ਬਣਤ, ਮਾਤ ਪਿਤ ਨਾ ਕੋਇ ਵਖਾਇੰਦਾ। ਰੂਪ ਧਰ ਧਰ ਨਾਰੀ ਕੰਤ, ਸਾਚੀ ਗੋਦ ਗੋਦ ਸੁਹਾਇੰਦਾ। ਏਕਾ ਨਾਉਂ ਮਣੀਆ ਮੰਤ, ਬੋਧ ਅਗਾਧ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਸਾਚੇ ਸੁਤ ਹੋ ਤਿਆਰ, ਹਰਿ ਸਾਚੇ ਸਚ ਜਣਾਇਆ। ਕਰਾਂ ਖੇਲ ਅਪਰ ਅਪਾਰ, ਆਪਣਾ ਪੜਦਾ ਲਾਹਿਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵ ਇਕ ਸਮਝਾਇਆ। ਭਾਂਡੇ ਘੜਾਂ ਅਪਰ ਅਪਾਰ, ਲੱਖ ਚੁਰਾਸੀ ਵੰਡ ਵੰਡਾਇਆ। ਤੱਤਵ ਤੱਤ ਇਕ ਅਖਾੜ, ਨਿਰਗੁਣ ਸਰਗੁਣ ਰੂਪ ਧਰਾਇਆ। ਮਨ ਮਤ ਬੁਧ ਦਏ ਆਧਾਰ, ਸਾਚੀ ਵਸਤ ਆਪ ਵਰਤਾਇਆ। ਨਵ ਦਰ ਖੋਲ੍ਹ ਆਪ ਕਿਵਾੜ, ਨੌਂ ਨੌਂ ਲਹਿਣਾ ਦੇਣਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸਚਖੰਡ ਨਿਵਾਸੀ ਖੇਲ ਅਪਾਰਾ, ਥਿਰ ਦਰਬਾਰੀ ਆਪ ਸਮਝਾਈਆ। ਲੱਖ ਚੁਰਾਸੀ ਘੜੇ ਬਣ ਠਠਿਆਰਾ, ਸੇਵਕ ਸਾਚੀ ਸੇਵ ਕਮਾਈਆ। ਨਿਰਗੁਣ ਸਰਗੁਣ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਘਰ ਵਿਚ ਘਰ ਖੇਲ ਅਪਾਰਾ, ਬੰਕ ਦੁਆਰਾ ਦਏ ਵਡਿਆਈਆ। ਵੇਖਣਹਾਰਾ ਟੇਢੀ ਗਾਰਾ, ਬੰਕ ਬੰਕ ਭੇਵ ਛੁਪਾਈਆ। ਰਾਗ ਅਨਾਦ ਸੱਚੀ ਧੁੰਨਕਾਰਾ, ਧੁੰਨ ਆਤਮਕ ਆਪ ਰਖਾਈਆ। ਅੰਮ੍ਰਿਤ ਸਰੋਵਰ ਠੰਡੀ ਠਾਰਾ, ਨਿਝਰ ਝਿਰਨਾ ਇਕ ਬਣਾਈਆ। ਆਤਮ ਸੇਜਾ ਕਰ ਤਿਆਰਾ, ਬਜਰ ਕਪਾਟੀ ਕੁੰਡਾ ਲਾਹੀਆ। ਪਾਰਬ੍ਰਹਮ ਬ੍ਰਹਮ ਕਰ ਤਿਆਰਾ, ਨਿਰਗੁਣ ਆਪਣੀ ਵੰਡ ਵੰਡਾਈਆ। ਈਸ਼ ਜੀਵ ਦੇ ਸਹਾਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚੇ ਮੰਦਰ ਇਕ ਅਖਾੜਾ, ਨਿਰਗੁਣ ਸਰਗੁਣ ਨਾਚ ਨਚਾਈਆ। ਵੇਖੇ ਵਿਗਸੇ ਵੇਖਣਹਾਰਾ, ਦਿਸ ਕਿਸੇ ਨਾ ਆਈਆ। ਅਲਖ ਅਗੋਚਰ ਅਗੰਮੜੀ ਕਾਰਾ, ਪੁਰਖ ਅਗੰਮੜਾ ਆਪ ਕਰਾਈਆ। ਸ਼ਬਦ ਸੁਤ ਤੇਰਾ ਖੇਲ ਅਪਾਰਾ, ਪਾਰਬ੍ਰਹਮ ਆਪ ਸਮਝਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਹੋ ਉਜਿਆਰਾ, ਉਤਭੁਜ ਸੇਤਜ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਭੇਵ ਸਮਝਾਈਆ। ਆਦਿ ਆਦਿ ਹਰਿ ਖੇਲ ਅਪਾਰਾ, ਹਰਿ ਹਰਿ ਨਰਾਇਣ ਆਪ ਸਮਝਾਇੰਦਾ। ਹਰੀ ਰੂਪ ਅਪਰ ਅਪਾਰਾ, ਵਿਸ਼ਨੂੰ ਆਪਣਾ ਰੰਗ ਰੰਗਾਇੰਦਾ। ਬ੍ਰਹਮਾ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਵੇਖ ਵਖਾਇੰਦਾ। ਸ਼ੰਕਰ ਮੇਟੇ ਅੰਤਮ ਧਾਰਾ, ਸੰਸਾ ਰੋਗ ਸਰਬ ਚੁਕਾਇੰਦਾ। ਵਿਸ਼ਨੂੰ ਵਿਸ਼ਵ ਇਕ ਭੰਡਾਰਾ, ਵਸਤ ਅਮੋਲਕ ਇਕ ਵਰਤਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਜੇਰਜ ਅੰਡ ਵੰਡ ਵੰਡਾਇੰਦਾ। ਉਤਭੁਜ ਸੇਤਜ ਕਰੇ ਕਾਰਾ, ਕਰਤਾ ਪੁਰਖ ਖੇਲ ਖਲਾਇੰਦਾ। ਚਾਰੇ ਖਾਣੀ ਕਰ ਤਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਜਣਾਇੰਦਾ। ਸਾਚਾ ਮਾਰਗ ਪੁਰਖ ਅਬਿਨਾਸ਼, ਆਪਣਾ ਆਪ ਜਣਾਈਆ। ਸਚਖੰਡ ਦੁਆਰੇ ਪਾਏ ਰਾਸ, ਨਿਰਗੁਣ ਦਾਤਾ ਬੇਪਰਵਾਹੀਆ। ਲੱਖ ਚੁਰਾਸੀ ਜੋਤ ਪਰਕਾਸ਼, ਘਟ ਘਟ ਆਪਣਾ ਆਸਣ ਲਾਈਆ। ਦੇਵੇ ਵਸਤ ਪਵਣ ਸੁਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਸਦਾ ਵਸੇ ਆਸ ਪਾਸ, ਗ੍ਰਹਿ ਮੰਦਰ ਡੇਰਾ ਲਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਸੇਵਾ ਕਰੇ ਬਣ ਬਣ ਦਾਸੀ ਦਾਸ, ਨਿਰਗੁਣ ਸਰਗੁਣ ਹੋਏ ਸਹਾਈਆ। ਤੇਰੀ ਪੂਰੀ ਕਰੇ ਆਸ, ਆਸਾਵੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਸਾਚਾ ਭੇਵ ਹਰਿ ਜੂ ਦੱਸ, ਏਕਾ ਏਕ ਜਣਾਇਆ। ਬ੍ਰਹਮੇਂ ਅੰਤਰ ਆਪੇ ਵਸ, ਆਪਣਾ ਰਾਗ ਅਲਾਇਆ। ਚਾਰੇ ਮੁਖ ਹੱਸ, ਚਾਰੇ ਵੇਦ ਸੁਣਾਇਆ। ਚਾਰੇ ਜੁਗ ਜਾਇਣ ਵਸ, ਚਾਰੋਂ ਕੁੰਟ ਡੰਕ ਵਜਾਇਆ। ਚਾਰੇ ਖਾਣੀ ਦੇਵੇ ਰਸ, ਚਾਰੇ ਬਾਣੀ ਨਾਦ ਸੁਣਾਇਆ। ਚਾਰ ਜੁਗ ਚੌਕੜੀ ਕਰੇ ਬਸ, ਥਿਰ ਕੋਇ ਰਹਿਣ ਨਾ ਪਾਇਆ। ਪੰਧ ਮੁਕਾਏ ਨੱਠ ਨੱਠ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇਆ । ਕਰੇ ਖੇਲ ਪੁਰਖ ਸਮਰਥ, ਜੁਗ ਜੁਗ ਆਪਣਾ ਵੇਸ ਵਟਾਇਆ। ਸ਼ਬਦ ਅਗੰਮੀ ਮਾਰਗ ਦੱਸ, ਸਾਚਾ ਮੰਤਰ ਇਕ ਸੁਣਾਇਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਕਰ ਰੁਸ਼ਨਾਇਆ। ਸਾਚਾ ਕਰੇ ਭੋਗ ਬਿਲਾਸ, ਭਸਮੜ ਆਪਣਾ ਰੂਪ ਧਰਾਇਆ। ਸਾਚੇ ਸੁਤ ਦੇਵੇ ਸ਼ਾਬਾਸ਼, ਸ਼ਹਿਨਸ਼ਾਹ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਪੜਦਾ ਆਪ ਉਠਾਇਆ। ਆਦਿ ਪੁਰਖ ਆਪਣਾ ਪੜਦਾ ਲਾਹ, ਭੇਵ ਅਭੇਦ ਜਣਾਈਆ। ਲੱਖ ਚੁਰਾਸੀ ਲਏ ਬਣਾ, ਘਾੜਤ ਘੜੇ ਸੱਚਾ ਸ਼ਹਿਨਸ਼ਾਹੀਆ। ਜਲ ਬਿੰਬ ਜਾਏ ਸਮਾ, ਧਰਨੀ ਧਰਤ ਧਵਲ ਦਏ ਵਡਿਆਈਆ। ਨਵ ਨੌਂ ਵੰਡ ਵੰਡਾ, ਸਤਿ ਸਤਿ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਮਤ ਇਕ ਸਮਝਾ, ਏਕਾ ਤੱਤ ਤੱਤ ਰਖਾਈਆ। ਸਾਚਾ ਰਥ ਦਏ ਚਲਾ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦਏ ਵਡਿਆਈਆ। ਸ਼ਬਦੀ ਸ਼ਬਦ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਬੰਨ੍ਹੇ ਧਾਰਾ, ਦੁਆਪਰ ਆਪਣਾ ਖੇਲ ਕਰਾਇੰਦਾ। ਕਲਜੁਗ ਵੇਖੇ ਵੇਖਣਹਾਰਾ, ਰੂਪ ਅਨੂਪ ਆਪ ਜਣਾਇੰਦਾ। ਚਾਰੇ ਵੇਦ ਬੋਲ ਜੈਕਾਰਾ, ਅਲਖ ਅਗੋਚਰ ਏਕਾ ਢੋਲਾ ਗਾਇੰਦਾ। ਸ਼ਾਸਤਰ ਸਿਮਰਤ ਦਏ ਸਹਾਰਾ, ਪੁਰਾਨ ਪੁਰਾਨੀ ਆਪ ਜਣਾਇੰਦਾ। ਗੀਤਾ ਗਿਆਨ ਲਾਏ ਅਖਾੜਾ, ਗੋਪੀ ਕਾਹਨ ਆਪ ਨਚਾਇੰਦਾ। ਅੰਜੀਲ ਕੁਰਾਨਾ ਬੋਲੇ ਨਾਅਰਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਕਲਮਾ ਕਲਾਮ ਇਕ ਪੜ੍ਹਾਇੰਦਾ। ਨਿਰਗੁਣ ਨਿਰਗੁਣ ਸਾਚੀ ਧਾਰਾ, ਨਾਮ ਸਤਿ ਸਤਿ ਦ੍ਰਿੜਾਇੰਦਾ। ਸਤਿਨਾਮ ਕਰ ਪਿਆਰਾ, ਵਰਨ ਬਰਨ ਆਪ ਸਮਝਾਇੰਦਾ। ਏਕਾ ਬੋਲ ਫਤਹਿ ਜੈਕਾਰਾ, ਡੰਕਾ ਸ਼ਬਦੀ ਸ਼ਬਦ ਵਜਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਆਵੇ ਵਾਰੋ ਵਾਰਾ, ਗੇੜਾ ਗੇੜੇ ਵਿਚ ਰਖਾਇੰਦਾ। ਕਰੇ ਖੇਲ ਅਗੰਮ ਅਪਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਸ਼ਬਦੀ ਸੁਤ ਤੇਰਾ ਜੈਕਾਰਾ, ਜੈ ਜੈਕਾਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਝੋਲੀ ਪਾਇੰਦਾ। ਵਸਤ ਅਮੋਲਕ ਸੱਚੀ ਦਾਤ, ਸਤਿਗੁਰ ਪੂਰਾ ਝੋਲੀ ਪਾਈਆ। ਜੁਗਾਂ ਜੁਗੰਤਰ ਤੇਰੀ ਗਾਥ, ਗੁਰ ਅਵਤਾਰਾਂ ਕਰੇ ਪੜ੍ਹਾਈਆ। ਭਗਤਾਂ ਵਸੇ ਸਦਾ ਸਾਥ, ਵਿਛੜ ਕਦੇ ਨਾ ਜਾਈਆ। ਸੰਤਨ ਪੂਰੀ ਕਰੇ ਆਸ, ਮੇਲ ਮਿਲਾਵਾ ਸਹਿਜ ਸੁਭਾਈਆ। ਗੁਰਮੁਖਾਂ ਕਰੇ ਬੰਦ ਖ਼ਲਾਸ, ਰਾਏ ਧਰਮ ਨਾ ਦਏ ਸਜਾਈਆ। ਗੁਰਸਿਖਾਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦੇਣਾ ਦਏ ਸਮਝਾਈਆ। ਤੇਰਾ ਲਹਿਣਾ ਦੇਣਾ ਵਿਚ ਮਾਤ, ਨਿਰਗੁਣ ਦਾਤਾ ਆਪ ਸਮਝਾਇੰਦਾ। ਜੁਗ ਜੁਗ ਵੇਖਣਾ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਝੋਲੀ ਪਾਇੰਦਾ। ਸਾਧ ਸੰਤ ਭਗਤ ਭਗਵੰਤ ਤੇਰਾ ਸਾਕ, ਗੁਰਮੁਖ ਸੱਜਣ ਨਾਲ ਮਿਲਾਇੰਦਾ। ਬੰਦ ਕਿਵਾੜੀ ਖੋਲ੍ਹਣਾ ਤਾਕ, ਸਾਚਾ ਮੰਦਰ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਨੌਂ ਸੌ ਚੁਰਾਨਵੇ ਚੌਕੜੀ ਜੁਗ ਚਾਰ, ਚਾਰ ਪੰਧ ਮੁਕਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਹਿਣਾ ਜਾਣੇ ਤੇਈ ਅਵਤਾਰ, ਅਭੁੱਲ ਭੁੱਲ ਕਦੇ ਨਾ ਜਾਈਆ। ਰਾਮਾ ਕ੍ਰਿਸ਼ਨਾ ਦੇ ਸਹਾਰ, ਈਸਾ ਮੂਸਾ ਸੰਗ ਮੁਹੰਮਦ ਕਰੇ ਪੜ੍ਹਾਈਆ। ਮੁਖ ਨਕ਼ਾਬ ਪੜਦਾ ਦਏ ਉਤਾਰ, ਜਲਵਾ ਨੂਰ ਨੂਰ ਰੁਸ਼ਨਾਈਆ। ਆਬੇ ਹਯਾਤ ਦਏ ਦਿਲਦਾਰ, ਆਬ ਆਬ ਬੇਤਾਬ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸ਼ਬਦ ਸੁਤ ਰਹਿਣਾ ਖ਼ਬਰਦਾਰ, ਹਰਿ ਸਾਚੇ ਸਚ ਜਣਾਇਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਉਤਰੇ ਪਾਰ, ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇਆ। ਰਾਮ ਕ੍ਰਿਸ਼ਨ ਲੈ ਅਵਤਾਰ, ਤ੍ਰੈਲੋਕੀ ਨਾਥ ਆਪਣਾ ਜਸ ਜਸ ਸੁਣਾਇਆ। ਈਸਾ ਮੂਸਾ ਬੋਲ ਜੈਕਾਰ, ਸਚ ਪੈਗ਼ਾਮ ਕਲਮਾ ਨਬੀ ਪੜ੍ਹਾਇਆ। ਮੁਹੰਮਦ ਲੇਖਾ ਚਾਰ ਯਾਰ, ਚੌਥੇ ਜੁਗ ਫੇਰਾ ਪਾਇਆ। ਅੱਲਾ ਰਾਣੀ ਨੇਤਰ ਨੀਰ ਵਹਾਏ ਜ਼ਾਰੋ ਜ਼ਾਰ, ਜ਼ਰਾ ਜ਼ਰਾ ਤਰਸ ਨਾ ਆਇਆ। ਨਿਰਗੁਣ ਖੇਲ ਕਰੇ ਅਪਾਰ, ਨਿਰਵੈਰ ਆਪਣਾ ਰੂਪ ਵਟਾਇਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖੇ ਹਾਹਾਕਾਰ, ਬਰਨ ਅਠਾਰਾਂ ਦੇਣ ਦੁਹਾਇਆ। ਏਕਾ ਜੋਤ ਕਰ ਪਸਾਰ, ਪੰਜ ਤੱਤ ਚੋਲਾ ਨਾਨਕ ਨਾਮ ਹੰਢਾਇਆ। ਨਾਮ ਸਤਿ ਬੋਲ ਜੈਕਾਰ, ਸਤਿ ਸਤਿਵਾਦੀ ਰਾਹ ਚਲਾਇਆ। ਲੇਖਾ ਜਾਣੇ ਧੁਰ ਦਰਬਾਰ, ਜੋਤੀ ਜੋਤ ਡਗਮਗਾਇਆ । ਏਕਾ ਜੋਤੀ ਨਾ ਕੋਈ ਵਰਨ ਨਾ ਕੋਈ ਗੋਤੀ, ਰੂਪ ਰੰਗ ਰੇਖ ਨਾ ਕੋਈ ਰਖਾਇਆ। ਨਿਰਗੁਣ ਚੜ੍ਹ ਕੇ ਬੈਠਾ ਸਾਚੀ ਚੋਟੀ, ਸਚਖੰਡ ਦੁਆਰੇ ਆਸਣ ਲਾਇਆ। ਲੱਭ ਲੱਭ ਥੱਕੇ ਕੋਟਨ ਕੋਟੀ, ਅੰਦਰ ਵੜ ਵੜ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਆਪਣਾ ਭੇਵ ਦੱਸੇ ਹਾਲ, ਬੇਪਰਵਾਹ ਵਡੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਖੇਲ ਮਹਾਨ, ਪੁਰਖ ਅਬਿਨਾਸ਼ੀ ਆਪ ਕਰਾਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਕਲਜੁਗ ਅੰਤਮ ਹੋ ਬਲਵਾਨ, ਗੋਬਿੰਦ ਸੂਰਾ ਲਏ ਉਪਜਾਈਆ। ਸੁਤ ਦੁਲਾਰੇ ਦੇਵੇ ਮਾਣ, ਦੁਸ਼ਟ ਦਮਨ ਦਮਕ ਵਖਾਈਆ। ਸਾਚਾ ਚਿੱਲਾ ਤੀਰ ਕਮਾਨ, ਅਣਿਆਲਾ ਤੀਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। ਸਾਚੇ ਸੁਤ ਜੁਗ ਚੌਕੜੀ ਧਾਰ, ਨਿਰਗੁਣ ਸਰਗੁਣ ਆਪ ਜਣਾਇੰਦਾ। ਗੁਰ ਅਵਤਾਰ ਦੇ ਹੁਲਾਰ, ਸ਼ਬਦ ਹੁਲਾਰਾ ਇਕ ਰਖਾਇੰਦਾ। ਭਗਤ ਸੰਤ ਕਰ ਤਿਆਰ, ਗੁਰਮੁਖ ਸੱਜਣ ਨਾਲ ਮਿਲਾਇੰਦਾ। ਏਕਾ ਨਾਦ ਅਨਾਦ ਧੁੰਨਕਾਰ, ਧੁੰਨੀ ਧੁੰਨ ਧੁੰਨ ਸੁਣਾਇੰਦਾ। ਜੋਤੀ ਜੋਤ ਕਰ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਕਰੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮਾਣ ਤੇਰਾ ਨਿਸ਼ਾਨ ਦੋ ਜਹਾਨ ਸ੍ਰੀ ਭਗਵਾਨ ਆਪ ਝੁਲਾਇੰਦਾ। ਸੁਤ ਸ਼ਬਦ ਤੇਰਾ ਸਚ ਨਿਸ਼ਾਨਾ, ਸਤਿਗੁਰ ਪੂਰਾ ਆਪ ਝੁਲਾਈਆ। ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਵੇਸ ਵਟਾਈਆ। ਜੁਗ ਜੁਗ ਦੇਵੇ ਧੁਰ ਫ਼ਰਮਾਣਾ, ਸ਼ਬਦ ਸੰਦੇਸਾ ਇਕ ਸੁਣਾਈਆ। ਵੇਦ ਵਿਆਸ ਕਰੇ ਕਲਿਆਣਾ, ਲਿਖ ਲਿਖ ਲੇਖਾ ਕਲਮ ਸ਼ਾਹੀਆ। ਪੂਤ ਸਪੂਤਾ ਬ੍ਰਹਮਣ ਗੌੜਾ ਆਏ ਵਿਚ ਜਹਾਨਾ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਈਸਾ ਦੋਏ ਜੋੜ ਕਰੇ ਸਲਾਮਾ, ਸਯਦਾ ਸੀਸ ਜਗਦੀਸ ਝੁਕਾਈਆ। ਮੇਰਾ ਪਰਵਰਦਿਗਾਰ ਮੇਰੇ ਪਿਛੇ ਦਏ ਪੈਗ਼ਾਮਾ, ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮੁਸਾਇਕ ਦਸਤਗੀਰ ਕਰੇ ਪੜ੍ਹਾਈਆ। ਮੁਹੰਮਦ ਕਹੇ ਮੇਰਾ ਖ਼ੁਦਾ ਸਹੀ ਸਲਾਮਾ, ਚੌਦਾਂ ਤਬਕਾਂ ਵੇਖੇ ਚਾਈਂ ਚਾਈਂਆ। ਮੁਕਾਮੇ ਹੱਕ ਖੇਲੇ ਖੇਲ ਮਹਾਨਾ, ਜਲਵਾ ਨੂਰ ਨੂਰ ਰੁਸ਼ਨਾਈਆ। ਨਾਨਕ ਨਿਰਗੁਣ ਕਹੇ ਸ੍ਰੀ ਭਗਵਾਨਾ, ਸਚਖੰਡ ਵਸੇ ਸਾਚਾ ਮਾਹੀਆ। ਜਿਸ ਨੇ ਦਿਤਾ ਸਤਿ ਨਾਮ ਸੱਚਾ ਦਾਨਾ, ਵਰਨ ਚਾਰ ਕਰੇ ਪੜ੍ਹਾਈਆ। ਸੋ ਹਰ ਘਟ ਅੰਤਰਜਾਮਾ, ਘਟ ਘਟ ਬੈਠਾ ਡੇਰਾ ਲਾਈਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਰਖਾਈਆ। ਏਕਾ ਜੋਤੀ ਦਸ ਦਸ ਜਾਮਾ, ਗੋਬਿੰਦ ਅੰਤਮ ਵੇਖ ਵਖਾਈਆ। ਜੋਧਾ ਸੂਰਬੀਰ ਬਲਵਾਨਾ, ਸਾਚਾ ਚਿੱਲਾ ਤੀਰ ਉਠਾਈਆ। ਦੂਈ ਦਵੈਤੀ ਮਾਰੇ ਇਕ ਨਿਸ਼ਾਨਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਭਾਣਾ ਮੰਨੇ ਸ੍ਰੀ ਭਗਵਾਨਾ, ਬੰਸ ਸਰਬੰਸਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਏ ਵਡਿਆਈਆ। ਸਾਚੇ ਸ਼ਬਦ ਤੇਰਾ ਖੇਲ ਅਪਾਰ, ਹਰਿ ਸਾਚਾ ਸਚ ਜਣਾਇੰਦਾ। ਗੋਬਿੰਦ ਸੂਰਾ ਵਡ ਬਲਕਾਰ, ਲੋਕਮਾਤ ਸਮਝਾਇੰਦਾ। ਸੱਥਰ ਹੰਢਾਏ ਸਾਚੇ ਯਾਰ, ਸੂਲਾਂ ਸੇਜ ਸੋਭਾ ਪਾਇੰਦਾ । ਏਕਾ ਮੰਗੇ ਮੰਗ ਦੋਏ ਜੋੜ ਕਰੇ ਨਿਮਸਕਾਰ, ਪੁਰਖ ਅਕਾਲ ਅੱਗੇ ਝੋਲੀ ਡਾਹਿੰਦਾ। ਤੇਰਾ ਕਰਜ਼ਾ ਦਿਤਾ ਉਤਾਰ, ਮਕਰੂਜ਼ ਤੇਰਾ ਲਹਿਣਾ ਆਪ ਚੁਕਾਇੰਦਾ। ਇਕੋ ਮੰਗਾਂ ਦਰਸ ਦੀਦਾਰ, ਦੂਸਰ ਓਟ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰੇ ਆਪ ਨਿਰੰਕਾਰ, ਕਲਜੁਗ ਅੰਤ ਕੰਤ ਸਮਝਾਇੰਦਾ। ਗੋਬਿੰਦ ਸੂਰੇ ਹੋ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪੁਰਖ ਅਕਾਲ ਨਾ ਮਰੇ ਨਾ ਕਦੇ ਜੰਮਾ, ਸਚ ਸੰਦੇਸਾ ਇਕ ਸੁਣਾਇੰਦਾ। ਪੰਜ ਤੱਤ ਕਾਇਆ ਚੋਲਾ ਜੋ ਘੜਿਆ ਸੋ ਅੰਤਮ ਭੰਨਾ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਤੇਰਾ ਬਲ, ਹਰਿ ਜੂ ਆਪ ਸਮਝਾਇੰਦਾ। ਸੁਤ ਸ਼ਬਦ ਤੇਰਾ ਅੰਤਮ ਬਲ, ਹਰਿ ਕਲਜੁਗ ਵੇਖ ਵਖਾਈਆ। ਲੱਖ ਚੁਰਾਸੀ ਲਏ ਛਲ, ਭੇਵ ਕੋਇ ਨਾ ਪਾਈਆ। ਗੋਬਿੰਦ ਅੰਤਰ ਆਪੇ ਰਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਲੋਕਮਾਤ ਫੇਰਾ ਪਾਈਆ। ਸੰਬਲ ਨਗਰ ਵੇਖੇ ਅਚਲ, ਮੂਰਤ ਅਕਾਲ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਵਡਿਆਈਆ। ਸਾਚੇ ਸ਼ਬਦ ਤੇਰਾ ਮਾਣ, ਕਲਜੁਗ ਅੰਤਮ ਅੰਤ ਰਖਾਇੰਦਾ। ਚਾਰ ਵਰਨ ਦਾ ਇਕ ਗਿਆਨ, ਚੌਥੇ ਜੁਗ ਆਪ ਸਮਝਾਇੰਦਾ। ਚਾਰ ਕੁੰਟ ਇਕ ਧਿਆਨ, ਏਕਾ ਇਸ਼ਟ ਪਰਗਟਾਇੰਦਾ। ਚਾਰ ਵੇਦ ਵੇਖੇ ਆਣ, ਪੁਰਾਨ ਅਠਾਰਾਂ ਫੋਲ ਫੁਲਾਇੰਦਾ। ਸ਼ਾਸਤਰ ਸਿਮਰਤ ਭੇਵ ਚੁਕਾਨ, ਗੀਤਾ ਗਿਆਨ ਅਠਾਰਾਂ ਅਧਿਆਏ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੂਪ ਆਪ ਪਰਗਟਾਇੰਦਾ। ਅੰਜ਼ੀਲ ਕੁਰਾਨਾਂ ਵੇਖੇ ਆ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਮਿਹਰਬਾਨ ਬੀਦੋ ਬੀ ਖੈਰ ਯਾ ਅੱਲਾਹ ਪਰਗਟ ਹੋਏ ਆਪ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਪੀਰ ਪੈਗ਼ੰਬਰ ਔਲੀਏ ਵੇਖੇ ਥਾਉਂ ਥਾਂ, ਚੌਦਾਂ ਚੌਦਾਂ ਫੇਰਾ ਪਾਈਆ। ਹੱਕ ਹਕ਼ੀਕ਼ਤ ਦਏ ਸਮਝਾ, ਲਾਸ਼ਰੀਕ ਸ਼ਰਅ ਇਕ ਜਣਾਈਆ। ਜਗਤ ਤਾਰੀਕ ਦਏ ਮਿਟਾ, ਸਾਚਾ ਨੂਰ ਕਰ ਰੁਸ਼ਨਾਈਆ। ਏਕਾ ਕਲਮਾ ਦਏ ਪੜ੍ਹਾ, ਆਲਮੀਨ ਕਰੇ ਪੜ੍ਹਾਈਆ। ਸੁਹਬਤ ਜਾਣੇ ਦੋ ਜਹਾਂ, ਸਾਚੀ ਨੌਬਤ ਨਾਮ ਵਜਾਈਆ। ਲੇਖਾ ਲਹਿਣਾ ਦੇਣਾ ਦਏ ਮੁਕਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਤੇਰਾ ਨਾਉਂ ਲਏ ਪਰਗਟਾ, ਅਨਾਦੀ ਨਾਦ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਸ਼ਬਦ ਵਡਿਆਈਆ। ਵੇਖਣਹਾਰਾ ਜੁਗ ਚੌਕੜੀ ਚਾਰ, ਚਾਰ ਯਾਰੀ ਪੰਧ ਮੁਕਾਇੰਦਾ। ਨਾਮ ਸਤਿ ਕਰ ਪਿਆਰ, ਸਤਿ ਅਸਤਿ ਪੜਦਾ ਲਾਹਿੰਦਾ। ਨਿਰਗੁਣ ਸਰਗੁਣ ਦੇ ਅਧਾਰ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਕਾਇਆ ਤੋੜ ਗੜ੍ਹ ਹੰਕਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਦੂਈ ਦਵੈਤੀ ਕਰ ਖੁਵਾਰ, ਸੱਚਾ ਏਕਾ ਰੰਗ ਰੰਗਾਇੰਦਾ। ਕਾਇਆ ਮੰਦਰ ਕਰ ਤਿਆਰ, ਸਾਚੇ ਬੰਕ ਸੋਭਾ ਪਾਇੰਦਾ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਖ਼ੁਸ਼ੀ ਮਨਾਇੰਦਾ। ਗੁਰਮੁਖ ਸੱਜਣ ਵੇਖ ਵਿਚਾਰ, ਗੁਰ ਗੁਰ ਆਪਣਾ ਹੱਟ ਖੁਲ੍ਹਾਇੰਦਾ। ਤੀਰਥ ਤਟ ਸਰੋਵਰ ਵੇਖੇ ਵਾਰੋ ਵਾਰ, ਅਠ ਸਠ ਆਪਣਾ ਪੰਧ ਮੁਕਾਇੰਦਾ। ਗੰਗਾ ਜਮਨਾ ਸੁਰਸਤੀ ਗੋਦਾਵਰੀ ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਕੇਸ਼ਵ ਕਰੇ ਖੇਲ ਅਪਾਰ, ਰਿਖੀ ਕੇਸ਼ ਰੂਪ ਵਟਾਇੰਦਾ। ਮੋਹਣ ਮਾਧਵ ਹੋ ਉਜਿਆਰ, ਮੁਕੰਦ ਮਨੋਹਰ ਲਖਮੀ ਨਰਾਇਣ ਚਤਰਭੁਜ ਆਦਿ ਸ਼ਕਤ ਰੂਪ ਅਨੂਪ ਆਪ ਧਰਾਇੰਦਾ। ਏਕਾ ਜੋਤੀ ਜੋਤ ਬਲਕਾਰ, ਏਕਾ ਸ਼ਬਦ ਨਾਦ ਧੁੰਨਕਾਰ ਰਾਗਾਂ ਨਾਦਾਂ ਵਸੇ ਬਾਹਰ, ਛੱਤੀ ਰਾਗ ਭੇਵ ਨਾ ਆਇੰਦਾ। ਸਚਖੰਡ ਦੁਆਰੇ ਖੇਲੇ ਖੇਲ ਅਪਾਰ, ਨਾਨਕ ਮੇਲਾ ਸਚ ਦਰਬਾਰ, ਕਬੀਰਾ ਕੂਕ ਕਰੇ ਪੁਕਾਰ, ਸ੍ਰਿਸ਼ਟ ਸਬਾਈ ਏਕਾ ਗੁਣ ਸਮਝਾਇੰਦਾ। ਸੁਤ ਦੁਲਾਰਾ ਵਿਚ ਸੰਸਾਰ, ਗੋਬਿੰਦ ਮੇਲਾ ਅਪਰ ਅਪਾਰ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਪੰਜ ਤੱਤ ਤੱਤ ਕਰ ਖ਼ੁਵਾਰ, ਗੁਰ ਅਵਤਾਰ ਕੋਈ ਨਾ ਨਿਭੇ ਨਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਵੇਦ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਖਾਣੀ ਬਾਣੀ ਕਰੇ ਪੁਕਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਭਗਤ ਭਗਵੰਤ ਕਰ ਕਰ ਗਏ ਨਿਮਸਕਾਰ, ਸੰਤ ਸੱਜਣ ਮੰਗਣ ਦੀਦਾਰ ਨੇਤਰ ਨੈਣ ਸਰਬ ਉਠਾਇੰਦਾ। ਗੁਰਮੁਖ ਰੋਵਣ ਜ਼ਾਰੋ ਜ਼ਾਰ, ਪੁਰਖ ਅਬਿਨਾਸ਼ੀ ਤੇਰਾ ਵਿਛੋੜਾ ਝੱਲਿਆ ਨਾ ਜਾਇੰਦਾ। ਸਾਚੇ ਸੁਤ ਰਹਿਣਾ ਤਿਆਰ, ਕਲਜੁਗ ਆਏ ਅੰਤਮ ਵਾਰ, ਲੱਖ ਚੁਰਾਸੀ ਜਾਏ ਹਾਰ, ਜੀਵ ਜੰਤ ਹੋਣ ਵਿਭਚਾਰ ਸਾਚਾ ਇਸ਼ਟ ਨਾ ਕੋਇ ਮਨਾਇੰਦਾ। ਚਾਰ ਵਰਨ ਹੋਣ ਖ਼ੁਵਾਰ, ਅਠਾਰਾਂ ਬਰਨ ਰੋਵਣ ਜ਼ਾਰੋ ਜ਼ਾਰ, ਮਨ ਮਤ ਬੁਧ ਨਾ ਕੋਇ ਵਿਚਾਰ, ਸਾਚੀ ਸੁਧ ਨਾ ਕੋਇ ਜਣਾਇੰਦਾ। ਘਰ ਵਿਚ ਘਰ ਨਾ ਮਿਲੇ ਕਿਸੇ ਦੀਦਾਰ, ਰਾਮ ਰਘੁਵੰਸ ਨਾ ਕਰੇ ਪਿਆਰ, ਸੀਤਾ ਸੁਰਤੀ ਨਾ ਸੰਗ ਰਖਾਈਆ। ਕਾਹਨਾ ਕ੍ਰਿਸ਼ਨਾ ਨਾ ਦਏ ਦੀਦਾਰ, ਘਰ ਸੱਚਾ ਮਿਲੇ ਨਾ ਕੰਤ ਭਤਾਰ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਈਸਾ ਮੂਸਾ ਮਿਲੇ ਨਾ ਕੋਇ ਮੁਹੰਮਦ ਯਾਰ, ਅੱਲਾ ਰਾਣੀ ਰੋਵੇ ਆਪਣੀ ਧਾਰ, ਊਚੀ ਕੂਕ ਕੂਕ ਸੁਣਾਈਆ। ਨਾਨਕ ਨਿਰਗੁਣ ਵੇਖੇ ਵੇਖਣਹਾਰ, ਜੀਵ ਜੰਤ ਹੋਏ ਵਿਭਚਾਰ, ਹਿਰਦੇ ਹਰਿ ਹਰਿ ਨਾਉਂ ਨਾ ਕੋਇ ਵਸਾਈਆ। ਗੁਰ ਗੋਬਿੰਦ ਸੂਰਾ ਪਾਵੇ ਸਾਰ, ਕਵਣ ਗੁਰਸਿਖ ਸਿੰਘ ਸੱਚਾ ਮੇਰਾ ਮੰਗੇ ਦਰਸ ਦੀਦਾਰ, ਸ਼ਸਤਰ ਬਸਤਰ ਸੀਸ ਸਜਾਈਆ। ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਨਾ ਸੰਗ ਨਿਭਾਈਆ। ਗੁਰੂ ਗ੍ਰੰਥ ਗੁਰ ਕਰੇ ਵਿਚਾਰ, ਪੈਂਤੀ ਅਖਸ਼ਰ ਅੱਖਰ ਪੜ੍ਹਾਈਆ। ਏਕੰਕਾਰ ਵੇਖੇ ਧਾਰ, ਸਤਿ ਸਤਿ ਸਮਝਾਈਆ। ਕਰਤਾ ਪੁਰਖ ਭੁੱਲਿਆ ਨਾਰੀ ਨਾਰ, ਹਰਿ ਜੂ ਕੰਤ ਨਾ ਕੋਇ ਹੰਢਾਈਆ। ਰਸਨਾ ਗੌਂਦੇ ਜਗਤ ਵਾਰ, ਅੰਤਰ ਆਤਮ ਲਿਵ ਨਾ ਕੋਇ ਲਗਾਈਆ। ਕਲਜੁਗ ਕੂੜ ਚਾਰੋਂ ਕੁੰਟ ਰਿਹਾ ਲਲਕਾਰ, ਆਪ ਆਪਣਾ ਬਲ ਰਖਾਈਆ। ਸਾਧ ਸੰਤ ਗਏ ਹਾਰ, ਅੰਤ ਬੈਠੇ ਪੱਤ ਗਵਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲੇ ਗੁਰਦੁਆਰ ਹਾਹਾਕਾਰ, ਸਤਿ ਸੰਤੋਖ ਨਜ਼ਰ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਸਚਖੰਡ ਨਿਵਾਸੀ ਵੇਖੇ ਵੇਖਣਹਾਰ, ਆਦਿ ਜੁਗਾਦਿ ਭੁੱਲ ਕਦੇ ਨਾ ਜਾਈਆ। ਕਲਜੁਗ ਅੰਤਮ ਨਿਹਕਲੰਕ ਲਏ ਅਵਤਾਰ, ਸੰਬਲ ਨਗਰੀ ਆਸਣ ਲਾਈਆ। ਸ਼ਬਦੀ ਡੰਕ ਵੱਜੇ ਸੰਸਾਰ, ਦਹਿ ਦਿਸ਼ਾ ਲਏ ਜਗਾਈਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਰਾਜ ਰਾਜਾਨਾ ਹੁਕਮ ਜਣਾਈਆ। ਚਾਰੋਂ ਕੁੰਟ ਹੋਏ ਹਾਹਾਕਾਰ, ਨੌਂ ਖੰਡ ਪ੍ਰਿਥਮੀ ਪਏ ਦੁਹਾਈਆ। ਸਤਿ ਦੀਪ ਨਾ ਕੋਇ ਸੁਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦੇਵੇ ਮਾਣ ਵਡਿਆਈਆ। ਸਾਚੇ ਸੁਤ ਤੇਰਾ ਵਕਤ ਸੁਹੌਣਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਕਲਜੁਗ ਵੇਲਾ ਅੰਤ ਕਰੌਣਾ, ਅੰਤ ਦੇਵੇ ਨਾ ਕੋਇ ਸਫ਼ਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਤਿ ਸਤਿਵਾਦੀ ਰੂਪ ਵਟਾਈਆ। ਵਰਨ ਬਰਨ ਹਰਿ ਡੇਰਾ ਢਾਉਣਾ, ਜ਼ਾਤ ਪਾਤ ਊਚ ਨੀਚ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਏਕਾ ਇਸ਼ਟ ਵਖੌਣਾ, ਨਮੋ ਦੇਵ ਗੁਰਦੇਵ ਸਤਿਨਾਮ ਸਤਿ ਕਲਮਾ ਕਲਾਮ ਇਕ ਸਮਝਾਈਆ। ਬ੍ਰਹਮ ਮਤ ਇਕ ਪਰਗਟੌਣਾ, ਮਨ ਮਤ ਦਏ ਖਪਾਈਆ। ਸਾਚਾ ਮੰਦਰ ਇਕ ਵਖੌਣਾ, ਕਾਇਆ ਬੰਕ ਬੰਕ ਵਡਿਆਈਆ। ਪਾਰਬ੍ਰਹਮ ਬ੍ਰਹਮ ਨਜ਼ਰੀ ਔਣਾ, ਈਸ਼ ਜੀਵ ਕਰੇ ਕੁੜਮਾਈਆ। ਸੋ ਪੁਰਖ ਨਿਰੰਜਣ ਢੋਲਾ ਸਭ ਨੇ ਗੌਣਾ, ਹੰ ਬ੍ਰਹਮ ਰਹੇ ਸਰਨਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕਿਸੇ ਅਖਵੌਣਾ, ਏਕਾ ਬ੍ਰਹਮ ਰੂਪ ਸਮਝਾਈਆ। ਸਾਚਾ ਮਾਰਗ ਆਪ ਲਗੌਣਾ, ਪੁਰਖ ਅਕਾਲ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਵੇਖ ਵਖਾਈਆ। ਸਾਚੇ ਸ਼ਬਦ ਹਰਿ ਲੈਣਾ ਵੇਖ, ਅੰਤ ਅੰਤ ਸਮਝਾਇੰਦਾ। ਕਲਜੁਗ ਅੰਤਮ ਮਿਟਣੀ ਰੇਖ, ਰੂਪ ਰੰਗ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਝੂਜਣਾ ਝੂਠੇ ਖੇਤ, ਗੁਰਮੁਖ ਵਿਰਲੇ ਨਾਲ ਮਿਲਾਇੰਦਾ। ਜੁਗਾ ਜੁਗੰਤਰ ਕਰੇ ਹੇਤ, ਭਗਤ ਭਗਵੰਤ ਆਪ ਉਠਾਇੰਦਾ। ਵਸਣਹਾਰਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਰ ਜੁਗ ਦਾ ਲਹਿਣਾ ਦੇਣਾ ਨਬੇੜੇ ਪਹਿਲੀ ਚੇਤ, ਚੇਤਨ ਸਭ ਨੂੰ ਆਪ ਕਰਾਇੰਦਾ। ਅਜੂਨੀ ਰਹਿਤ ਅਨਭਵ ਪਰਕਾਸ਼ ਜੁਗਾ ਜੁਗੰਤਰ ਸਭ ਦਾ ਜਾਣੇ ਭੇਤ, ਭੇਵ ਨਾ ਕੋਇ ਛੁਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਸਾਚੇ ਭਗਤ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇੰਦਾ। ਤ੍ਰੈਗੁਣ ਅਗਨੀ ਕਲਜੁਗ ਤਪੇ ਮਹੀਨਾ ਜੇਠ, ਕਲਜੁਗ ਜੀਵ ਸਰਬ ਤੜਫਾਇੰਦਾ। ਨਿਰਗੁਣ ਸਰਗੁਣ ਤੇਰੀ ਵੇਖਣ ਆਇਆ ਖੇਡ, ਲੱਖ ਚੁਰਾਸੀ ਏਕਾ ਖੇਡ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸ਼ਬਦੀ ਸ਼ਬਦ ਤੇਰਾ ਮਾਣ ਵਧਾਇੰਦਾ। ਸ਼ਬਦੀ ਸ਼ਬਦ ਤੇਰਾ ਸਚ ਬਿਬਾਣਾ, ਹਰਿ ਸਾਚਾ ਸਚ ਪਰਗਟਾਇੰਦਾ । ਕਲਜੁਗ ਅੰਤਮ ਖੇਲ ਮਹਾਨਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਨਵ ਨੌਂ ਹੋਏ ਵੈਰਾਨਾ, ਚਾਰ ਚਾਰ ਵੰਡ ਵੰਡਾਇੰਦਾ। ਗੁਰੂ ਗੁਰਦੇਵ ਮੰਨਣਾ ਪਏ ਸਭ ਨੂੰ ਭਾਣਾ, ਭਾਣੇ ਵਿਚ ਸਰਬ ਰਖਾਇੰਦਾ। ਗੁਰਮੁਖ ਵਿਰਲੇ ਗੀਤ ਗੋਬਿੰਦ ਬਿਨ ਰਸਨਾ ਜਿਹਵਾ ਗਾਣਾ, ਆਤਮ ਅੰਤਰ ਤਾਰ ਸਿਤਾਰ ਹਿਲਾਇੰਦਾ। ਬਿਨ ਮੰਜ਼ਲ ਚੜ੍ਹਿਆਂ ਦੇਵੇ ਪਦ ਨਿਰਬਾਣਾ, ਚੌਥੇ ਪਦ ਆਪ ਬਹਾਇੰਦਾ। ਅਨਹਦ ਰਾਗ ਅਨਾਦੀ ਗਾਣਾ, ਬਿਨ ਰਸਨਾ ਜਿਹਵਾ ਆਪ ਸੁਣਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਨਿਝਰ ਝਿਰਨਾ ਆਪ ਝਿਰਾਇੰਦਾ। ਆਤਮ ਬ੍ਰਹਮ ਕਰ ਪਰਵਾਨਾ, ਪਾਰਬ੍ਰਹਮ ਆਪਣਾ ਮੇਲ ਮਿਲਾਇੰਦਾ। ਹਰਿ ਭਗਤ ਤੇਰਾ ਸੰਗ ਨਿਭਾਣਾ, ਸਗਲਾ ਸੰਗ ਆਪ ਰਖਾਇੰਦਾ। ਦੋ ਜਹਾਨਾਂ ਦੇਵੇ ਮਾਣਾ, ਏਥੇ ਓਥੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਦੁਆਰੇ ਸਾਚੇ ਖੜ, ਖੜਗ ਖੰਡਾ ਇਕ ਚਮਕਾਇੰਦਾ। ਖੜਗ ਖੰਡਾ ਤੇਜ਼ ਕਟਾਰ, ਤਿਖੀ ਧਾਰੀ ਧਾਰ ਜਣਾਈਆ। ਨਿਰਗੁਣ ਹੱਥ ਫੜੇ ਨਿਰੰਕਾਰ, ਦੋ ਜਹਾਨਾਂ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਮਾਇਆ ਸੁੱਤੇ ਪੈਰ ਪਸਾਰ, ਨਾ ਲਏ ਕੋਇ ਅੰਗੜਾਈਆ । ਮਾਨਸ ਜਨਮ ਰਹੇ ਹਾਰ, ਹਰਿ ਜੂ ਭੁੱਲਿਆ ਬੇਪਰਵਾਹੀਆ। ਅੰਦਰ ਵੜਿਆ ਠੱਗ ਚੋਰ ਯਾਰ, ਕਾਮ ਕਰੋਧ ਲੋਭ ਮੋਹ ਹੰਕਾਰ ਮਨ ਮਤੀ ਦਏ ਸਲਾਹੀਆ। ਨੌਂ ਦੁਆਰੇ ਵਣਜ ਵਾਪਾਰ, ਸਾਚਾ ਹੱਟ ਨਾ ਕੋਇ ਸਮਝਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਗੁਰ ਕਾ ਸ਼ਬਦ ਹੱਥ ਕਿਸੇ ਨਾ ਆਈਆ। ਸਤਿਗੁਰ ਅਰਜਨ ਲਿਖ ਲਿਖ ਲੇਖਾ ਰੱਖਿਆ ਵਿਚ ਸੰਸਾਰ, ਬਿਨ ਖੋਜੇ ਸ਼ਬਦ ਹਰਿ ਸ਼ਬਦ ਸਾਰ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਤੇਰਾ ਵਸਾਏ ਘਰ, ਸਚ ਦੁਆਰੇ ਦਏ ਵਡਿਆਈਆ। ਸ਼ਬਦੀ ਘਰ ਵਸੇ ਦਰਬਾਰਾ, ਸਤਿਗੁਰ ਪੂਰਾ ਆਪ ਵਸਾਈਆ। ਵੇਖੇ ਵਿਗਸੇ ਪਾਵੇ ਸਾਰਾ, ਲੋਕਮਾਤ ਖ਼ੁਸ਼ੀ ਮਨਾਈਆ। ਮਹੱਲ ਅਟੱਲ ਉਚ ਮੁਨਾਰਾ, ਛੱਤੀ ਯੁਗ ਮਾਣ ਦਵਾਈਆ। ਨਾਨਕ ਸਤਿਗੁਰ ਗਾਈ ਧਾਰਾ, ਛੱਤੀ ਰਾਗ ਸਿਫ਼ਤ ਸਲਾਹੀਆ। ਭਗਤਾਂ ਮਿਲੇ ਹਰਿ ਮੀਤ ਮੁਰਾਰਾ, ਮਿੱਤਰ ਪਿਆਰਾ ਰੂਪ ਵਟਾਈਆ। ਕਲਜੁਗ ਅੰਤਮ ਦਏ ਸਹਾਰਾ, ਸਾਚੀ ਨੱਯਾ ਮਾਤ ਚਲਾਈਆ। ਨਿਹਕਲੰਕ ਮਹਾਂਬਲੀ ਉਤਰੇ ਵਿਚ ਸੰਸਾਰਾ, ਡੰਕਾ ਸ਼ਬਦ ਇਕ ਸੁਣਾਈਆ। ਲੋਕਮਾਤ ਸਚਖੰਡ ਖੋਲ੍ਹੇ ਸਚ ਦੁਆਰਾ, ਸਚਖੰਡ ਨਿਵਾਸੀ ਆਪਣਾ ਆਸਣ ਲਾਈਆ। ਦਰ ਸੱਦੇ ਗੁਰ ਅਵਤਾਰਾ, ਧੁਰ ਫ਼ਰਮਾਣਾ ਇਕ ਸੁਣਾਈਆ। ਪੀਰ ਪੈਗ਼ੰਬਰ ਆਉਣਾ ਵਾਰੋ ਵਾਰਾ, ਦੂਰ ਦੁਰਾਡਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕਰਨ ਨਿਮਸਕਾਰਾ, ਦਰ ਬੈਠਣ ਸੀਸ ਝੁਕਾਈਆ। ਸੁਰਪਤ ਇੰਦ ਕਰੇ ਪੁਕਾਰਾ, ਕਰੋੜ ਤੇਤੀਸਾ ਇਕ ਧਿਆਨ ਲਗਾਈਆ। ਗਣ ਗੰਧਰਬ ਕਿੱਨਰ ਜੱਛਪ ਗਾਇਨ ਵਾਰਾ, ਗੀਤ ਗੀਤ ਨਾਲ ਮਿਲਾਈਆ । ਭਗਤ ਭਗਵੰਤ ਮੰਗਣ ਦਰਸ ਦੀਦਾਰਾ, ਨੇਤਰ ਲੋਚਣ ਨੈਣ ਉਠਾਈਆ। ਗੋਬਿੰਦ ਕਹੇ ਕਲ ਕਲਕੀ ਆਏ ਅਵਤਾਰਾ, ਕਲਜੁਗ ਕਲੇਸ਼ ਦਏ ਗਵਾਈਆ। ਸਾਖਆਤ ਪਰਗਟ ਹੋਏ ਵਿਚ ਸੰਸਾਰਾ, ਚਾਰ ਕੁੰਟ ਕਰੇ ਰੁਸ਼ਨਾਈਆ। ਕਾਇਨਾਤ ਦੇਵੇ ਇਕ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਖੇਲ ਕਰਾਈਆ। ਸ਼ਬਦ ਖੇਲ ਪਾਰਬ੍ਰਹਮ, ਬ੍ਰਹਮ ਆਪਣੀ ਅੰਸ ਜਣਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਨੇਤਰ ਨੀਰ ਨਾ ਛੰਮ ਛੰਮ, ਹੰਸ ਮੁਖ ਨਾ ਰੂਪ ਵਟਾਇੰਦਾ। ਪਵਣ ਸਵਾਸ ਨਾ ਕੋਇ ਦਮ, ਨੇਤਰ ਨੈਣ ਨਾ ਕੋਇ ਮਟਕਾਇੰਦਾ। ਜੋਤ ਨਿਰੰਜਣ ਨਾ ਕੋਇ ਚੰਨ, ਧੁੰਨ ਨਾਦ ਨਾ ਕੋਇ ਸੁਣਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਆਪ ਉਠਾਇੰਦਾ। ਪਰਗਟ ਹੋ ਸ੍ਰੀ ਭਗਵਨ, ਨਿਰਗੁਣ ਆਪਣਾ ਰੂਪ ਵਟਾਇੰਦਾ। ਦਿਸ ਨਾ ਆਏ ਨੇਤਰ ਅੰਨ, ਕਲਜੁਗ ਅੰਧੇਰਾ ਛਾਇੰਦਾ। ਸਾਚਾ ਰਾਗ ਨਾ ਸੁਣਿਆ ਕੰਨ, ਮਨ ਕਾ ਮਣਕਾ ਨਾ ਕੋਇ ਭੁਵਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦੇਵਣਹਾਰਾ ਡੰਨ, ਗੁਰਮੁਖ ਮਨਮੁਖ ਜੀਵ ਜੰਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸ਼ਬਦ ਤੇਰਾ ਮਾਣ ਆਦਿ ਅੰਤ ਰਖਾਇੰਦਾ । ਆਦਿ ਅੰਤ ਤੇਰਾ ਜ਼ੋਰ, ਜ਼ੋਰਾਵਰ ਆਪ ਸਮਝਾਈਆ। ਤੁਧ ਬਿਨ ਰਹੇ ਨਾ ਕੋਈ ਹੋਰ, ਗੁਰ ਸ਼ਬਦ ਤੇਰੀ ਵਡਿਆਈਆ। ਤੇਰੇ ਹੱਥ ਜੁਗ ਚੌਕੜੀ ਡੋਰ, ਜਿਉਂ ਭਾਵੇ ਤਿਉਂ ਲਏ ਚਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਚੜ੍ਹਿਆ ਸਾਚੇ ਘੋੜ, ਸਾਚਾ ਘੋੜਾ ਆਪ ਦੌੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖ ਸੰਤ ਜਾਏ ਬਹੁੜ, ਆਪ ਆਪਣੀ ਗੋਦ ਉਠਾਈਆ। ਜੂਠਾ ਝੂਠਾ ਭੰਨੇ ਰੀਠਾ ਕੌੜ, ਕੂੜੀ ਕਿਰਿਆ ਮੇਟ ਮਿਟਾਈਆ। ਗੁਰਮੁਖਾਂ ਜਨਮ ਜਨਮ ਦੀ ਬੁਝਾਏ ਲੱਗੀ ਔੜ, ਦੇ ਦਰਸ ਤ੍ਰਿਪਤ ਕਰਾਈਆ। ਸੱਸੇ ਉਪਰ ਲਾਇਆ ਹੋੜ, ਨਿਰਗੁਣ ਸਰਗੁਣ ਰੂਪ ਧਰਾਈਆ। ਹੰ ਬ੍ਰਹਮ ਆਤਮ ਪਰਮਾਤਮ ਜੋੜ ਜੋੜ, ਸੋਹੰ ਰੂਪ ਇਕ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਸ੍ਰਿਸ਼ਟ ਸਬਾਈ ਦਿਸਾਏ ਅੰਧ ਘੋਰ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਜੀਵ ਜੰਤ ਸਾਚਾ ਧੰਨ ਲੁੱਟਿਆ ਕਾਮ ਕਰੋਧ ਲੋਭ ਮੋਹ ਹੰਕਾਰ ਠੱਗ ਚੋਰ, ਕਾਇਆ ਅੰਦਰ ਫੇਰੀ ਪਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਸਕੇ ਹੋੜ, ਘਰ ਘਰ ਰੋਵੇ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਪ੍ਰਭ ਅੱਗੇ ਦੋਏ ਹੱਥ ਰਹੇ ਜੋੜ, ਚਰਨ ਕਵਲ ਸੀਸ ਝੁਕਾਈਆ। ਤੇਰੇ ਅੱਗੇ ਚਲੇ ਨਾ ਕੋਈ ਜ਼ੋਰ, ਤੇਰੇ ਹੁਕਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪੰਜ ਤੱਤ ਕਾਇਆ ਛੱਡਿਆ ਘਰ, ਏਕਾ ਸ਼ਬਦ ਗੁਰ ਵਖਾਈਆ। ਏਕਾ ਸ਼ਬਦ ਗੁਰੂ ਆਦਿ ਜੁਗਾਦਿ, ਜੁਗ ਜੁਗ ਖੇਲ ਕਰਾਇੰਦਾ। ਏਕਾ ਸ਼ਬਦ ਗੁਰੂ ਵਜਾਏ ਨਾਦ, ਘਟ ਘਟ ਰਾਗ ਸੁਣਾਇੰਦਾ। ਏਕਾ ਸ਼ਬਦ ਗੁਰੂ ਵਸੇ ਬ੍ਰਹਿਮਾਦ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਇੰਦਾ। ਏਕਾ ਸ਼ਬਦ ਗੁਰੂ ਸਾਧਾਂ ਸੰਤਾਂ ਕਰੇ ਲਾਡ, ਗੁਰਮੁਖਾਂ ਆਪਣੀ ਗੋਦ ਬਹਾਇੰਦਾ। ਏਕਾ ਸ਼ਬਦ ਗੁਰੂ ਸਚ ਨਿਸ਼ਾਨਾ ਦੇਵੇ ਗਾਡ, ਸਾਚਾ ਧਰਮ ਸਾਚਾ ਕਰਮ ਸਾਚਾ ਜਨਮ ਇਕ ਸਮਝਾਇੰਦਾ। ਏਕਾ ਸ਼ਬਦ ਗੁਰੂ ਮਾਰੇ ਆਪੇ ਆਵਾਜ਼, ਗੁਰਮੁਖ ਸੋਏ ਆਪ ਜਗਾਇੰਦਾ। ਏਕਾ ਸ਼ਬਦ ਗੁਰੂ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਏਕਾ ਸ਼ਬਦ ਗੁਰੂ ਚਲਾਏ ਜਹਾਜ਼, ਜਨ ਭਗਤਾਂ ਬੇੜਾ ਬੰਨ੍ਹ ਵਖਾਇੰਦਾ। ਏਕਾ ਸ਼ਬਦ ਗੁਰੂ ਸਚਖੰਡ ਦੇਵੇ ਸੱਚਾ ਰਾਜ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਏਕਾ ਸ਼ਬਦ ਗੁਰੂ ਨਾਰੀ ਕੰਤ ਰਚੇ ਕਾਜ, ਦੂਲ੍ਹਾ ਦੁਲਹਨ ਮੇਲ ਮਿਲਾਇੰਦਾ। ਏਕਾ ਸ਼ਬਦ ਗੁਰੂ ਸਭ ਦਾ ਖੋਲ੍ਹੇ ਪਾਜ, ਕੰਚਨ ਸੋਨਾ ਵੇਖ ਵਖਾਇੰਦਾ। ਏਕਾ ਸ਼ਬਦ ਗੁਰੂ ਆਦਿ ਜੁਗਾਦਿ ਜਨ ਭਗਤਾਂ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਸ਼ਬਦ ਗੁਰੂ ਜਨ ਭਗਤਾਂ ਸੁਵਾਰੇ ਕਾਜ, ਸਾਚਾ ਮਾਰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰੂ ਇਕ ਪਰਗਟਾਇੰਦਾ। ਸ਼ਬਦ ਗੁਰੂ ਹੋਏ ਪਰਗਟ, ਕਲਜੁਗ ਅੰਤਮ ਵੱਜੇ ਵਧਾਈਆ। ਵਸਣਹਾਰਾ ਘਟ ਘਟ, ਨਿਰਗੁਣ ਫੇਰਾ ਪਾਈਆ। ਲਹਿਣਾ ਦੇਣਾ ਮੁਕਾਏ ਤੀਰਥ ਤਟ, ਅਠ ਸਠ ਮੂਲ ਚੁਕਾਈਆ। ਸਤਿ ਸਤਿਵਾਦੀ ਸਾਚਾ ਮਾਰਗ ਜਾਏ ਦੱਸ, ਸਤਿਜੁਗ ਸਾਚਾ ਰਾਹ ਚਲਾਈਆ। ਚਾਰ ਵਰਨ ਏਕਾ ਸਰਨ ਏਕਾ ਮੰਦਰ ਜਾਇਣ ਵਸ, ਏਕਾ ਇਸ਼ਟ ਦੇਵ ਮਨਾਈਆ। ਪੁਰਖ ਅਕਾਲ ਗਾਵਣ ਜਸ, ਦੂਸਰ ਹੋਰ ਨਾ ਕੋਇ ਪੜ੍ਹਾਈਆ। ਸਤਿਗੁਰ ਪੂਰਾ ਮਿਲੇ ਹੱਸ ਹੱਸ, ਹਰਿਜਨ ਮੇਲਾ ਚਾਈਂ ਚਾਈਂਆ। ਜਿਸ ਦੇ ਅੱਗੇ ਜੋੜਦੇ ਰਹੇ ਹੱਥ, ਕਰ ਡੰਡੌਤ ਮਸਤਕ ਧੂੜ ਲਾਈ ਸ਼ਾਹੀਆ। ਸੋ ਸਾਹਿਬ ਪੁਰਖ ਸੁਲਤਾਨ, ਪਰਗਟ ਹੋਏ ਸਮਰਥ, ਸੰਸਾ ਦੁੱਖ ਦਏ ਗਵਾਈਆ। ਜਿਸ ਕੋਲੋਂ ਰਵੀਦਾਸ ਚੁਮਾਰੇ ਸੀਆਂ ਮੰਗੀ ਸਾਢੇ ਤਿੰਨ ਹੱਥ, ਤਿਸ ਕੋਲੋਂ ਸਭ ਦਾ ਲੇਖਾ ਦਏ ਮੁਕਾਈਆ। ਜਿਸ ਨੂੰ ਕਹਿੰਦੇ ਰਹੇ ਤ੍ਰੈਲੋਕੀ ਨਾਥ, ਸੋ ਨਾਥ ਅਨਾਥਾਂ ਹੋਏ ਸਹਾਈਆ। ਜਿਸ ਨੂੰ ਕਹਿੰਦੇ ਰਾਮ ਸੁਤ ਦਸਰਥ, ਸੋ ਦਹਿ ਦਿਸ਼ਾ ਫੇਰਾ ਪਾਈਆ। ਜਿਸ ਨੂੰ ਕਹਿੰਦੇ ਨੰਦ ਜਸ਼ੋਦਾ ਹੋਇਆ ਵਸ, ਸੋ ਰੂਪ ਅਨੂਪ ਵਟਾਈਆ। ਜਿਸ ਨੂੰ ਈਸਾ ਮੂਸਾ ਸਯਦਾ ਕਰਦੇ ਰਹੇ ਚਰਨਾਂ ਸੀਸ ਝਸ, ਸੋ ਮੁਖ ਨਕ਼ਾਬ ਰਿਹਾ ਉਠਾਈਆ। ਜਿਸ ਨੂੰ ਨਾਨਕ ਨਿਰਗੁਣ ਕਹੇ ਰੱਖੇ ਪੱਤ, ਢਾਕਣ ਕੁ ਪਤ ਸੱਚਾ ਮਾਹੀਆ। ਜਿਸ ਨੂੰ ਗੁਰ ਗੋਬਿੰਦ ਕਿਹਾ ਮੇਰਾ ਪਿਤਾ ਪੁਰਖ ਸਮਰਥ, ਪੁਰਖ ਅਕਾਲ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਗਾਏ ਸਾਚਾ ਜਸ, ਸ਼ਬਦੀ ਸ਼ਬਦ ਵੱਜੇ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਨਾ ਆਏ ਹੱਥ ਨਿਰਗੁਣ ਬੈਠਾ ਮੁਖ ਛੁਪਾਈਆ।