Granth 11 Likhat 094: 2 Faggan 2018 Bikarmi Har Bhagat Dwar Jethuwal

੨ ਫੱਗਣ ੨੦੧੮ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ

ਗੋਤਮ ਕਹੇ ਸੁਣ ਸਾਚੇ ਰਾਜਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਮੈਂ ਗ਼ਰੀਬ ਤੂੰ ਗ਼ਰੀਬ ਨਿਵਾਜ਼ਨ, ਮਿਹਰਵਾਨ ਬੇਪਰਵਾਹੀਆ। ਆਦਿ ਜੁਗਾਦਿ ਸਾਜੇਂ ਸਾਜਨ ਘੜਨ ਭੰਨਣ ਖੇਲ ਕਰਾਈਆ। ਸ਼ਬਦ ਅਗੰਮੀ ਮਾਰ ਅਵਾਜ਼ਨ, ਆਪਣਾ ਮੇਲ ਮਿਲਾਈਆ। ਸਤਿਜੁਗ ਚਲਾਇਆ ਸਚ ਜਹਾਜ਼ਨ, ਸਤਿ ਸਤਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਈਆ। ਗੋਤਮ ਕਹੇ ਮੇਰੇ ਮੀਤ, ਪਾਰਬ੍ਰਹਮ ਤੇਰੀ ਸਰਨਾਇਆ। ਮੈਂ ਗਾਇਆ ਤੇਰਾ ਗੀਤ, ਗੀਤ ਗੀਤ ਅਲਾਇਆ। ਤੂੰ ਵੇਖ ਮੇਰੀ ਨੀਤ, ਨੀਤੀਵਾਨ ਤੂੰ ਬੇਪਰਵਾਹਿਆ। ਮੈਂ ਵਸਾਇਆ ਤੈਨੂੰ ਚੀਤ, ਘਰ ਮੰਦਰ ਇਕ ਬਣਾਇਆ। ਤੂੰ ਵੇਖ ਧਾਮ ਅਨਡੀਠ, ਅਨਡਿਠੜਾ ਰੂਪ ਵਟਾਇਆ। ਮੈਂ ਤਪਤ ਤੂੰ ਠਾਂਡਾ ਸੀਤ, ਅੰਮ੍ਰਿਤ ਮੇਘ ਇਕ ਵਖਾਇਆ। ਮੈਂ ਪਾਪੀ ਤੂੰ ਪੱਤਤ ਪੁਨੀਤ, ਪੱਤਤ ਪਾਪੀ ਦੇ ਤਰਾਇਆ। ਮੈਂ ਹਾਰਿਆ ਤੂੰ ਗਿਆ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇਆ। ਮਿਹਰਵਾਨ ਬੇਨਜ਼ੀਰ, ਰਹਿਮਤ ਰਹਿਮਾਨ ਆਪ ਕਰਾਈਆ। ਆਪੇ ਬਦਲਣਹਾਰ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਮੇਰੇ ਚਰਨ ਉਤੇ ਕੱਢ ਲਕੀਰ, ਦੋਏ ਜੋੜ ਜੋੜ ਸਰਨਾਈਆ। ਮੈਂ ਦੋ ਜਹਾਨਾਂ ਪੜਦਾ ਦੇਵਾਂ ਚੀਰ, ਭੇਵ ਅਭੇਦ ਵਿਚ ਰਖਾਈਆ। ਤ੍ਰੈਗੁਣ ਮਾਇਆ ਲਾਏ ਪੀੜ, ਵੇਖੇ ਸਰਬ ਲੋਕਾਈਆ। ਤ੍ਰੈਗੁਣ ਬੰਨਾਂ ਬੀੜ, ਤ੍ਰੇਤਾ ਏਕਾ ਅੰਕ ਬਣਾਈਆ। ਏਕਾ ਪਾਵਾਂ ਸਚ ਜ਼ੰਜੀਰ, ਆਪ ਆਪਣੀ ਡੋਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤ੍ਰੈਗੁਣ ਮਾਇਆ ਨਾਰੀ ਰੂਪ, ਰੂਪ ਅਨੂਪ ਆਪ ਦਰਸਾਇਆ। ਕਰਿਆ ਖੇਲ ਸਾਚੇ ਭੂਪ, ਭੂਪ ਭੂਪਤ ਰੂਪ ਵਟਾਇਆ। ਵੇਖਣਹਾਰਾ ਦਹਿ ਦਿਸ਼ਾ ਕੂਟ, ਬ੍ਰਹਿਮੰਡ ਖੰਡ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਇਆ। ਧੁਰ ਫ਼ਰਮਾਣਾ ਸ੍ਰੀ ਭਗਵੰਤ ਆਦਿ ਪੁਰਖ ਆਪ ਜਣਾਈਆ। ਤੇਰੀ ਮਹਿਮਾ ਮਾਤ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਮੈਂ ਤੇਰੀ ਬਣਾਈ ਬਣਤ, ਤੂੰ ਮੇਰੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਣ ਸਾਚਾ ਝੋਲੀ ਪਾਈਆ। ਸਾਚਾ ਗੁਣ ਹਰਿ ਭਗਵਾਨ, ਏਕਾ ਏਕ ਜਣਾਇੰਦਾ। ਗੋਤਮ ਵੇਖ ਮਾਰ ਧਿਆਨ, ਚਰਨ ਧਿਆਨ ਇਕ ਜਣਾਇੰਦਾ। ਸਤਿਜੁਗ ਤ੍ਰੇਤਾ ਤੇਰਾ ਰੰਗ ਮਹਾਨ, ਤ੍ਰੀਆ ਆਪਣਾ ਵੇਸ ਵਟਾਇੰਦਾ। ਦੁਆਪਰ ਹੋਵੇ ਨੌਜਵਾਨ, ਦੋਏ ਦੋਏ ਰੂਪ ਖੇਲ ਕਰਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਨਿਰਗੁਣ ਰੂਪ ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਆਪਣਾ ਮੇਲ ਕਰਾਇੰਦਾ। ਸਾਚਾ ਭਗਤ ਨੇਤਰ ਰੋ, ਨੈਣਾਂ ਨੀਰ ਵਹਾਈਆ। ਤੇਰੇ ਚਰਨ ਜਾਵਾਂ ਛੋਹ, ਮਸਤਕ ਟਿੱਕਾ ਏਕਾ ਲਾਈਆ। ਝੂਠਾ ਨਾਤਾ ਤਜਿਆ ਮੋਹ, ਪਰੇਮ ਬੰਧਨ ਇਕ ਵਖਾਈਆ। ਆਪਣਾ ਤਨ ਮਨ ਤੇਰੇ ਉਤੋਂ ਦਿਤਾ ਖੋਹ, ਵਸਤ ਅਨਮੁਲੜੀ ਤੇਰੀ ਦਾਤ ਏਕਾ ਪਾਈਆ। ਤੂੰ ਅੰਮ੍ਰਿਤ ਆਤਮ ਦੇਣਾ ਚੋਅ, ਸਾਂਤਕ ਸਤਿ ਸਤਿ ਕਰਾਈਆ। ਮੈਂ ਤੇਰੇ ਜਿਹਾ ਜਾਵਾਂ ਹੋ, ਬ੍ਰਹਮ ਪਾਰਬ੍ਰਹਮ ਸਮਾਈਆ। ਤੇਰਾ ਨੇਤਰ ਮੇਰੀ ਲੋਅ, ਮੇਰੀ ਲੋਅ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਪਾਰਬ੍ਰਹਮ ਪੁਰਖ ਸੁਜਾਨ, ਦੇਵੇ ਮਾਣ ਵਡਿਆਈਆ। ਸਾਚੇ ਸੁਤ ਮਾਰ ਧਿਆਨ, ਏਕਾ ਗੁਣ ਜਣਾਈਆ। ਕਲਜੁਗ ਅੰਤਮ ਮੇਲਾ ਮੇਲੇ ਆਣ, ਮਿਲ ਮਿਲ ਖ਼ੁਸ਼ੀ ਵਖਾਈਆ। ਏਕਾ ਰਾਗ ਸੁਣਾਏ ਕਾਨ, ਕਾਨੀ ਤੀਰ ਆਪ ਲਗਾਈਆ। ਨਾਤਾ ਤੋੜ ਜਗਤ ਵਿਦਵਾਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਸਮਝਾਈਆ। ਸਾਚੀ ਸਿਖਿਆ ਪਾਰਬ੍ਰਹਮ, ਏਕਾ ਏਕ ਜਣਾਇੰਦਾ। ਕਲਜੁਗ ਅੰਤਮ ਪੈਣਾ ਜੰਮ, ਲੋਕਮਾਤ ਵੇਸ ਵਟਾਇੰਦਾ। ਲੇਖਾ ਜਾਣੇ ਦਮ ਦਮ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਤੱਤਵ ਤਤ ਬੇੜਾ ਬੰਨ੍ਹ, ਖੇਵਟ ਖੇਟ ਸੇਵ ਕਮਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਕਰ ਪਰਕਾਸ਼ ਸਾਚਾ ਚੰਨ, ਚੰਨ ਚੌਧਵੀਂ ਮੁਖ ਸ਼ਰਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਵੇਲਾ ਅੰਤ ਸਮਝਾਇੰਦਾ। ਹਰਿ ਜੂ ਦਿਤਾ ਏਕਾ ਵਰ, ਘਰ ਸਾਚੇ ਵੱਜੀ ਵਧਾਈਆ । ਸਤਿਜੁਗ ਬੈਠਾ ਰਿਹਾ ਦੜ, ਮੇਰਾ ਅੰਤ ਲਹਿਣਾ ਰਿਹਾ ਮੁਕਾਈਆ। ਗੌਤਮ ਚਰਨੀ ਡਿਗਾ ਦੜ, ਨਿਉਂ ਨਿਉਂ ਸੀਸ ਝੁਕਾਈਆ। ਮੇਰੇ ਉਤੇ ਕਿਰਪਾ ਕਰ, ਤ੍ਰੇਤਾ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਗੋਤਮ ਕਹੇ ਸੁਣ ਸਤਿਜੁਗ, ਹਰਿ ਹਰਿ ਖੇਲ ਰਚਾਇਆ। ਤੇਰੀ ਔਧ ਗਈ ਪੁਗ, ਮੇਰੀ ਨਾਰ ਸੇਵ ਕਮਾਇਆ। ਜਿਹੜਾ ਬੈਠਾ ਰਿਹਾ ਲੁਕ ਲੁਕ, ਰਾਤੀਂ ਸੁਤਿਆਂ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪੇ ਲਾਇਆ। ਸੁਣ ਸਤਿਜੁਗ ਕਰ ਵਿਚਾਰ, ਰਿਖਪ ਦੇਵ ਆਪ ਸਮਝਾਈਆ। ਤੇਰਾ ਲਹਿਣਾ ਮੁੱਕਿਆ ਵਿਚ ਸੰਸਾਰ, ਵੇਲਾ ਅੰਤਮ ਰਿਹਾ ਸੁਣਾਈਆ। ਅੱਗੇ ਚਲੇ ਹਰਿ ਵਿਹਾਰ, ਵਿਵਹਾਰੀ ਖੇਲ ਕਰਾਈਆ। ਤ੍ਰੇਤਾ ਆਏ ਆਪਣੀ ਵਾਰ, ਵਾਰ ਥਿਤ ਨਾ ਕੋਇ ਵਡਿਆਈਆ। ਹਰਿ ਵੱਡਾ ਵਡ ਘੁਮਿਆਰ, ਕੋਟਨ ਕੋਟ ਘੜ ਘੜ ਭਾਂਡੇ ਦਏ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਜੁਗ ਰੋਵੇ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਇੰਦਾ। ਬੌਹੜੀ ਬੌਹੜੀ ਪੱਲੂ ਮੇਰਾ ਦਿਤਾ ਛੁਡਾ, ਛੁਟਿਆ ਲੜ ਨਾ ਕੋਇ ਫੜਾਇੰਦਾ। ਮੇਰਾ ਖਾਲੀ ਦਿਸੇ ਮਕਾਂ, ਸਾਚਾ ਮੰਦਰ ਨਾ ਕੋਇ ਸੁਹਾਇੰਦਾ। ਮੈਂ ਜਾਵਾਂ ਕਿਹੜੇ ਥਾਂ, ਥਾਨ ਥਨੰਤਰ ਕੋਇ ਨਜ਼ਰ ਨਾ ਆਇੰਦਾ। ਮੇਰੀ ਕੋਇ ਨਾ ਪਕੜੇ ਬਾਂਹ, ਸਾਚੇ ਦਰ ਨਾ ਕੋਇ ਸੁਹਾਇੰਦਾ। ਸਿਰ ਰੱਖੇ ਨਾ ਕੋਈ ਛਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਗੋਤਮ ਦੇਵੇ ਧੀਰ, ਦਇਆ ਕਮਾਈਆ। ਤੇਰਾ ਵੇਲਾ ਅੰਤ ਅਖ਼ੀਰ, ਏਹ ਸਮਝਾਈਆ। ਜੁਗ ਚੌਕੜੀ ਸ਼ਰਅ ਜ਼ੰਜੀਰ, ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਬੇਨਜ਼ੀਰ, ਨਜ਼ਰ ਨਾ ਆਈਆ। ਬਦਲਣਹਾਰ ਤਕਦੀਰ, ਤਦਬੀਰ ਸਮਝਾਈਆ। ਤੇਰੇ ਸਤਿ ਸਤਿਵਾਦੀ ਲੱਥੇ ਚੀਰ, ਤ੍ਰੈਗੁਣ ਮਾਇਆ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਤਿਜੁਗ ਅੱਗੋਂ ਕਰੇ ਪੁਕਾਰ, ਏਕਾ ਮੰਗ ਮੰਗਾਈਆ। ਗੋਤਮ ਤੈਨੂੰ ਦਿਤਾ ਆਧਾਰ, ਆਪ ਆਪਣਾ ਸੰਗ ਨਿਭਾਈਆ। ਮੇਰੇ ਵਿਚ ਮਿਲਿਆ ਤੈਨੂੰ ਨਿਰੰਕਾਰ, ਨਿਰਗੁਣ ਸਰਗੁਣ ਰੂਪ ਵਖਾਈਆ। ਉਹ ਤੇਰਾ ਸੱਚਾ ਯਾਰ, ਤੇਰੇ ਮੰਦਰ ਫੇਰਾ ਪਾਈਆ। ਤੂੰ ਉਸ ਦੇ ਅੱਗੇ ਕਰ ਪੁਕਾਰ, ਮੇਰਾ ਲਹਿਣਾ ਦਏ ਚੁਕਾਈਆ। ਏਕਾ ਦੇਵੇ ਚਰਨ ਛਾਰ, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਤਮ ਅੱਗੋਂ ਦਏ ਦਿਲਾਸਾ, ਏਕਾ ਗੁਣ ਜਣਾਇੰਦਾ। ਪਾਰਬ੍ਰਹਮ ਚਰਨ ਭਰਵਾਸਾ, ਸਰਨ ਸਰਨਾਈ ਇਕ ਰਖਾਇੰਦਾ। ਪ੍ਰਭ ਮਿਲਣ ਦੀ ਰੱਖ ਆਸਾ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਮੇਰੇ ਅੰਦਰ ਜਿਸ ਦਾ ਵਾਸਾ, ਤਿਸ ਆਪਣਾ ਹਾਲ ਸੁਣਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸਾ, ਗਗਨੰਤਰ ਮੰਡਲ ਵੇਖ ਵਖਾਇੰਦਾ। ਅੰਤਮ ਆਇਆ ਹਾਰ ਪਾਸਾ, ਪਾਸਾ ਫੇਰ ਨਾ ਕੋਇ ਬਦਲਾਇੰਦਾ। ਅਗਲਾ ਦੱਸਾਂ ਖੋਲ੍ਹ ਖੁਲਾਸਾ, ਭੇਵ ਅਭੇਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪੇ ਲਾਇੰਦਾ। ਹਰਿ ਜੂ ਧੰਦਾ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਸਤਿਜੁਗ ਚਲਿਆ ਤੇਰਾ ਵਿਹਾਰ, ਵਿਵਹਾਰੀ ਵੇਖ ਵਖਾਈਆ। ਗੋਤਮ ਕੱਟਣ ਆਇਆ ਵਗਾਰ, ਹੁਕਮੀ ਹੁਕਮ ਸੇਵ ਕਮਾਈਆ। ਲੇਖੇ ਲਾਈ ਆਪਣੀ ਨਾਰ, ਨਰਾਇਣ ਰੰਗ ਜਣਾਈਆ। ਵਰ ਮੰਗਿਆ ਇਕੋ ਵਾਰ, ਤ੍ਰੇਤਾ ਦੁਆਪਰ ਮੁੱਖ ਛੁਪਾਈਆ। ਕਲਜੁਗ ਪਰਗਟ ਹੋਏ ਵਿਚ ਸੰਸਾਰ, ਨਿਰਗੁਣ ਆਪਣਾ ਰੂਪ ਵਟਾਈਆ। ਮੇਰਾ ਲੇਖਾ ਲਹਿਣਾ ਦਏ ਨਿਵਾਰ, ਆਪ ਆਪਣਾ ਮੇਲ ਮਿਲਾਈਆ। ਮੈਂ ਦੱਸਣਾ ਸਾਰਾ ਹਾਲ, ਸਤਿਜੁਗ ਤੇਰੀ ਕਰੀ ਸ਼ਨਵਾਈਆ। ਤੂੰ ਰਹੀ ਮੇਰੇ ਨਾਲ, ਤੇਰਾ ਮੇਰਾ ਏਕਾ ਘਰ ਏਕਾ ਗੋਬਿੰਦ ਮਿਲੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਗੋਬਿੰਦ ਕਹੇ ਸਚ ਵਿਚਾਰ, ਅਭੇਦ ਭੇਵ ਜਣਾਇੰਦਾ। ਕਲਜੁਗ ਅੰਤਮ ਹੋ ਤਿਆਰ, ਵੇਲਾ ਨੇੜੇ ਆਇੰਦਾ। ਤ੍ਰੇਤਾ ਦੁਆਪਰ ਉਤਰੇ ਪਾਰ, ਬਣ ਪਾਂਧੀ ਪੰਧ ਮੁਕਾਇੰਦਾ। ਅੰਤਮ ਲਹਿਣਾ ਕਰਜ ਦਏ ਉਤਾਰ, ਮਕਰੂਜ ਆਪਣਾ ਫਰਜ ਪੂਰ ਕਰਾਇੰਦਾ। ਸੂਰਜ ਚੰਨ ਕਰਨ ਵਿਚਾਰ, ਨੇਤਰ ਨੈਣ ਹੋਏ ਸ਼ਰਮਸ਼ਾਰ, ਭੇਵ ਕਾਗ਼ਜ਼ ਕਲਮ ਨਾ ਪਾਇੰਦਾ। ਲਿਖ ਲਿਖ ਵਾਰਤਾ ਕੋਈ ਨਾ ਪਾਏ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪਣੇ ਹੱਥ ਵਖਾਇੰਦਾ। ਗੋਤਮ ਕਹੇ ਸਤਿਜੁਗ ਉਠ ਬਲ ਧਾਰ, ਏਕਾ ਰਾਹ ਜਣਾਈਆ। ਦੋਏ ਜੋੜ ਕਰ ਨਿਮਸਕਾਰ, ਪ੍ਰਭ ਸਾਚਾ ਸੱਚਾ ਮਾਹੀਆ। ਤੇਰਾ ਦੁੱਖੜਾ ਦਏ ਨਿਵਾਰ, ਜਗਤ ਵਿਛੋੜਾ ਪੰਧ ਮੁਕਾਈਆ। ਮੈਂ ਇਕ ਇਕੱਲਾ ਬਣਿਆ ਰਿਹਾ ਗਵਾਰ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਉਚੀ ਕੂਕ ਕਰਾਂ ਪੁਕਾਰ, ਪ੍ਰਭ ਸਾਚੇ ਦਿਆਂ ਸੁਣਾਈਆ। ਜੇ ਫੇਰ ਮਾਤਲੋਕ ਵਿਚ ਮਿਲਣਾ ਵਿਚ ਸੰਸਾਰ, ਮੇਰੀ ਮੰਨ ਸਚ ਅਰਜ਼ੋਈਆ। ਮੇਰਾ ਬੰਸ ਕਬੀਲਾ ਪਹਿਲੋਂ ਕਰਨਾ ਤਿਆਰ, ਸਾਕ ਸੈਣ ਬੰਧਨ ਜਗਤ ਨਾਤਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਆਪਣੀ ਦਏ ਕਮਾਈਆ। ਗੋਤਮ ਕਰੇ ਅਰਦਾਸ, ਦੋਏ ਜੋੜ ਬੇਨੰਤੀਆ। ਪ੍ਰਭ ਮੈਂ ਵਸਾਂ ਤੇਰੇ ਪਾਸ, ਸਾਹਿਬ ਸੁਲਤਾਨ ਸਾਚੇ ਕੰਤੀਆ। ਮੇਰੀ ਕੀਤੀ ਬੰਦ ਖੁਲਾਸ, ਲੇਖਾ ਜਾਣੇ ਜੁਗ ਜੁਗੰਤੀਆ। ਕਲਜੁਗ ਅੰਤਮ ਹੋਣਾ ਪਰਕਾਸ਼, ਤੇਰਾ ਖੇਲ ਬੇਅੰਤ ਬੇਅੰਤ ਬੇਅੰਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਹਿਬ ਸ਼ਾਹ ਸੁਲਤਾਨ ਵਡ ਮਹੰਤੀਆ। ਸੁਣ ਅਰਦਾਸ ਮੇਰੀ ਅਰਜ਼ੋਈ, ਦੋਏ ਜੋੜ ਜੋੜ ਪੁਕਾਰਿਆ। ਤੁਧ ਬਿਨ ਮਿਲੇ ਨਾ ਢੋਈ, ਮੇਰੇ ਸਾਹਿਬ ਪਰਵਰਦਿਗਾਰਿਆ। ਮੈਂ ਨਿਭਾਗਣ ਤੇਰੀ ਹੋਈ, ਤੂੰ ਮੇਰਾ ਕੰਤ ਭਤਾਰਿਆ। ਮੈਂ ਤੇਰੀ ਕਰਾਂ ਰਸੋਈ, ਬਣ ਸੇਵਕ ਵਿਚ ਸੰਸਾਰਿਆ। ਦੂਜਾ ਅਵਰ ਨਾ ਦਿਸੇ ਕੋਈ, ਨੇਤਰ ਨੈਣ ਨਾ ਕੋਇ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਮੰਗ ਮੰਗਾ ਰਿਹਾ। ਮੰਗਾਂ ਮੰਗ ਇਕੋ ਦਾਤ, ਤੇਰੇ ਅੱਗੇ ਝੋਲੀ ਡਾਹੀਆ। ਮੇਰੇ ਨਾਲ ਮਿਲਾਉਂਣੇ ਆਪਣੇ ਸੱਜਣ ਸਾਕ, ਸਾਚੇ ਭਗਤ ਮਾਤ ਪਰਗਟਾਈਆ। ਉਨ੍ਹਾਂ ਵੇਖਾਂ ਸੱਚਾ ਨਾਤ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਮੰਗ ਮੰਗਾਈਆ। ਆਪਣੇ ਭਗਤਾਂ ਦੇਣਾ ਸਾਥ, ਗੋਤਮ ਏਕਾ ਮੰਗ ਮੰਗਾਇੰਦਾ। ਮੈਂ ਇਕ ਇਕੱਲਾ ਗਾ ਗਾ ਥੱਕਾ ਤੇਰੀ ਗਾਥ, ਤੇਰਾ ਅੰਤ ਕੋਇ ਨਾ ਆਇੰਦਾ। ਅੰਤ ਵੇਖਿਆ ਕੋਈ ਨਾ ਦਿਸੇ ਸਾਕ, ਇਕੋ ਨਾਰੀ ਨਾਤਾ ਲੋਕਮਾਤ ਤੁੜਾਇੰਦਾ। ਤੇਰੀ ਉਚੀ ਸੁੱਚੀ ਜ਼ਾਤ, ਤੇਰਾ ਵਰਨ ਨਜ਼ਰ ਕੋਇ ਨਾ ਆਇੰਦਾ। ਮੈਂ ਕਿਸ ਨਾਲ ਬਹਿ ਬਹਿ ਕਰਾਂ ਵਾਤ, ਵਾਤਾਵਰਨ ਨਾ ਕੋਇ ਸੁਣਾਇੰਦਾ। ਮੈਂ ਤੇਰੇ ਬੈਠਾ ਘਾਟ, ਸਾਚੇ ਪੱਤਣ ਡੇਰਾ ਲਾਇੰਦਾ। ਤੂੰ ਸਾਹਿਬ ਪੁਰਖ ਸਮਰਾਥ, ਮੈਂ ਇਕੋ ਮੰਗ ਮੰਗਾਇੰਦਾ। ਕਲਜੁਗ ਅੰਤਮ ਪੁੱਛੀ ਵਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਹਰਿ ਦਾਤਾਰ, ਏਕਾ ਝੋਲੀ ਪਾਈਆ। ਕਲਜੁਗ ਅੰਤਮ ਖੇਲ ਕਰਾਂ ਆਪਾਰ, ਵੇਦ ਕਤੇਬ ਭੇਵ ਨਾ ਰਾਈਆ। ਤੇਈ ਅਵਤਾਰ ਦਸ ਗੁਰੂ ਨਾ ਪਾਵਣ ਸਾਰ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਖ਼ੁਸ਼ੀ ਮਨਾਈਆ। ਨਿਰਗੁਣ ਨਿਰਗੁਣ ਸਾਚੀ ਧਾਰ, ਧਾਰ ਅਵੱਲੜੀ ਆਪ ਰਖਾਈਆ। ਪਰਗਟ ਹੋਏ ਵਿਚ ਸੰਸਾਰ, ਜੋਤੀ ਜਾਮਾ ਭੇਖ ਵਟਾਈਆ। ਚਾਰ ਜੁਗ ਦੇ ਵਿਛੜੇ ਯਾਰ, ਪਹਿਲੋਂ ਮੇਲਾ ਲਵਾਂ ਮਿਲਾਈਆ। ਸਾਚੇ ਭਗਤ ਕਰ ਤਿਆਰ, ਏਕਾ ਭਗਤੀ ਬੂਝ ਬੁਝਾਈਆ। ਆਤਮ ਪਰਮਾਤਮ ਦੇ ਆਧਾਰ, ਆਪਣੇ ਰੰਗ ਰੰਗਾਈਆ। ਲੱਖ ਚੁਰਾਸੀ ਨਾਤਾ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਏਕਾ ਘਰ ਵਖਾਏ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਨਾ ਕੋਇ ਵਡਿਆਈਆ। ਸ਼ਬਦ ਗੁਰੂ ਬਣ ਦਲਾਲ, ਦਰ ਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਕਲਜੁਗ ਵੇਲਾ ਅੰਤਮ ਔਣਾ, ਪਰਮ ਪੁਰਖ ਸੁਣਾਇੰਦਾ। ਪੁਰਖ ਅਬਿਨਾਸ਼ੀ ਖੇਲ ਕਰੌਣਾ, ਭੇਦ ਅਭੇਦ ਆਪ ਜਣਾਇੰਦਾ । ਗੋਤਮ ਤੇਰੇ ਨੈਣਾਂ ਸਰਬ ਵਖੌਣਾ, ਨੇਤਰ ਨੈਣ ਆਪ ਖੁਲ੍ਹਾਇੰਦਾ। ਸਾਚੇ ਭਗਤਾਂ ਆਪ ਉਠਾਉਣਾ, ਆਪ ਆਪਣਾ ਬੰਧਨ ਪਾਇੰਦਾ। ਫੜ ਫੜ ਕਾਗੋਂ ਹੰਸ ਬਨੌਣਾ, ਹੰਸ ਕਾਗ ਰੂਪ ਵਟਾਇੰਦਾ। ਨਾਦ ਅਨਾਦੀ ਸ਼ਬਦ ਸੁਨੌਣਾ, ਬ੍ਰਹਮ ਬ੍ਰਹਿਮਾਦੀ ਆਪ ਅਲਾਇੰਦਾ। ਪੁਰਖ ਅਬਿਨਾਸ਼ੀ ਸੇਵ ਕਮੌਣਾ, ਬਣ ਸੇਵਕ ਖ਼ੁਸ਼ੀ ਮਨਾਇੰਦਾ । ਆਪਣਾ ਆਪ ਭੇਟ ਚੜ੍ਹੌਣਾ, ਤਨ ਖ਼ਾਕੀ ਨਾ ਕੋਇ ਰਖਾਇੰਦਾ। ਨਿਰਗੁਣ ਹੋ ਕੇ ਡੰਕ ਵਜੌਣਾ, ਸੋਹੰ ਢੋਲਾ ਏਕਾ ਗਾਇੰਦਾ। ਭਗਤ ਵਿਚੋਲਾ ਆਪ ਉਠੌਣਾ, ਦੂਜਾ ਕੋਇ ਰਹਿਣ ਨਾ ਪਾਇੰਦਾ। ਤੇਰਾ ਬੰਸ ਸਰਬੰਸ ਆਪ ਪਰਗਟੌਣਾ, ਸਾਚੇ ਭਗਤਾਂ ਆਪ ਵਡਿਆਇੰਦਾ। ਮਿਲ ਮਿਲ ਸਖੀਆਂ ਮੰਗਲ ਗੌਣਾ, ਗੀਤ ਗੋਬਿੰਦ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਭਗਵਾਨ, ਪ੍ਰਭ ਆਪਣੀ ਦਇਆ ਕਮਾਈਆ। ਕਲਜੁਗ ਖੇਲ ਕਰੇ ਮਹਾਨ, ਲੇਖਾ ਲਿਖਤ ਵਿਚ ਨਾ ਆਈਆ। ਸਚਖੰਡ ਦਾ ਸਚ ਵਿਧਾਨ, ਲੋਕਮਾਤ ਲਏ ਪਰਗਟਾਈਆ। ਲੇਖਾ ਜਾਣ ਜ਼ਿਮੀਂ ਅਸਮਾਨ, ਦੋ ਜਹਾਨਾਂ ਖ਼ੁਸ਼ੀ ਮਨਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਲਏ ਪਰਗਟਾਈਆ। ਲੋਕਮਾਤ ਦਾ ਸੱਚਾ ਦਾਨ, ਗੋਬਿੰਦ ਬਾਲੇ ਨੀਹਾਂ ਹੇਠ ਚਣਾਈਆ। ਉਪਰ ਬਣਾਏ ਸਚ ਮਕਾਨ, ਨੌਂ ਦੁਆਰੇ ਖੋਲ੍ਹ ਖੁਲਾਈਆ। ਸੇਵਾ ਕਰੇ ਸ੍ਰੀ ਭਗਵਾਨ, ਬਲ ਆਪਣਾ ਆਪ ਰਖਾਈਆ। ਜੁਗ ਚੌਕੜੀ ਮੁੱਕੇ ਆਣ, ਦੂਜੀ ਕਾਣ ਨਾ ਕੋਇ ਜਣਾਈਆ। ਸਾਚੇ ਭਗਤ ਕਰ ਪਰਵਾਨ, ਤੇਰਾ ਮੇਲਾ ਦਏ ਮਿਲਾਈਆ। ਨਾਤਾ ਜੋੜ ਵਿਚ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੱਤਰ ਬਹੱਤਰ ਇਕ ਗਿਆਨ, ਸਤਿ ਚਾਰ ਚਾਰ ਮਿਲਾਈਆ। ਪੰਜ ਪੰਜ ਖੇਲ ਮਹਾਨ, ਪੰਚਮ ਮੀਤਾ ਸੱਚਾ ਸ਼ਹਿਨਸ਼ਾਹੀਆ। ਛੱਤੀ ਜੁਗ ਕਰ ਕਲਿਆਣ, ਰਾਗ ਛਤੀਸਾ ਦਏ ਜਣਾਈਆ। ਮਹੱਲ ਅਟੱਲ ਉਚ ਮਕਾਨ, ਤ੍ਰੈ ਤ੍ਰੈ ਅਤੀਤਾ ਰੂਪ ਵਟਾਈਆ। ਸਾਚਾ ਮੰਦਰ ਇਕ ਮਕਾਨ, ਸੋਭਾਵੰਤ ਦਏ ਸੁਹਾਈਆ। ਤੇਰਾ ਮੇਲਾ ਮੇਲੇ ਆਣ, ਮਿਲਿਆ ਮੇਲ ਵਿਛੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੌਤਮ ਮਿਲਿਆ ਮਾਣ, ਘਰ ਆਪਣੇ ਖ਼ੁਸ਼ੀ ਮਨਾਇੰਦਾ। ਦੂਜੇ ਪਾਸੇ ਅਹਲਿਆ ਬਾਲ ਅਞਾਣ, ਭੇਵ ਕੋਇ ਨਾ ਆਇੰਦਾ। ਨੇਤਰ ਰੋ ਰੋ ਕਰੇ ਧਿਆਨ, ਪ੍ਰਭ ਚਰਨ ਇਕ ਨਿਸ਼ਾਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਨੀਤੀ ਆਪਣੇ ਹੱਥ ਰਖਾਇੰਦਾ। ਸਾਚੀ ਰੀਤੀ ਹਰਿ ਕਰਤਾਰ, ਆਪਣੇ ਹੱਥ ਰਖਾਈਆ। ਗੋਤਮ ਅਹਲਿਆ ਕੀ ਪਾਵੇ ਸਾਰ, ਭੇਵ ਅਭੇਦ ਛੁਪਾਈਆ। ਨੇਤਰ ਰੋਵੇ ਜ਼ਾਰੋ ਜ਼ਾਰ, ਨੈਣਾਂ ਛਹਿਬਰ ਲਾਈਆ। ਮੇਰਾ ਦੁੱਖ ਕੱਟ ਮੇਰੇ ਨਿਰੰਕਾਰ, ਦੁਖੀ ਦੁੱਖ ਵਿਚ ਸਮਾਈਆ। ਸਾਚਾ ਸੁਖ ਤੇਰਾ ਪਿਆਰ, ਦੂਜੀ ਵਸਤ ਨਾ ਕੋਇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਸਚ ਸਪੁੱਤਰੀ ਰੱਖਣਾ ਯਾਦ, ਤ੍ਰੈਗੁਣ ਅਤੀਤਾ ਆਪ ਜਣਾਇੰਦਾ। ਤੇਰੀ ਸੁਣਾ ਫੇਰ ਫ਼ਰਯਾਦ, ਰੂਪ ਅਨੂਪ ਆਪ ਵਟਾਇੰਦਾ। ਬਣ ਖੰਡ ਵਿਚੋਂ ਲਵਾਂ ਲਾਧ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਸ ਇਕ ਸਮਝਾਇੰਦਾ। ਅੰਤ ਰੱਖਣੀ ਇਕੋ ਆਸ, ਹਰਿ ਜੂ ਆਖ ਸੁਣਾਇਆ। ਜੁਗ ਚੌਕੜੀ ਖੇਲ ਤਮਾਸ਼, ਸਾਚਾ ਮੰਦਰ ਜਣਾਇਆ। ਤ੍ਰੇਤੇ ਕਰੇ ਬੰਦ ਖੁਲਾਸ਼, ਰਾਮ ਰਮਈਆ ਰੂਪ ਵਟਾਇਆ। ਚਰਨ ਛੋਹ ਵਸਣਾ ਚਰਨਾਂ ਪਾਸ, ਚਰਨਾਮਿਤ ਇਕ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚੀ ਨਾਰ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਆਦਿ ਜੁਗਾਦੀ ਕੰਤ ਭਤਾਰ, ਸਦ ਤੇਰੀ ਸੇਜ ਸੁਹਾਈਆ। ਓਥੇ ਏਥੇ ਦੋ ਜਹਾਨ ਸੱਚਾ ਪਿਆਰ, ਪਿਆਰ ਪਿਆਰ ਵਿਚ ਰਖਾਈਆ। ਤੂੰ ਮਾਤਾ ਪਿਤਾ ਬਣ ਬਣ ਕਰੇਂ ਸ਼ੰਗਾਰ, ਸਿਰ ਆਪਣਾ ਹੱਥ ਟਿਕਾਈਆ। ਤੂੰ ਪੂਤ ਸਪੂਤਾ ਦਏਂ ਅਧਾਰ, ਘਰ ਆਪਣੇ ਖ਼ੁਸ਼ੀ ਮਨਾਈਆ। ਤੇਰੀ ਕਿਰਪਾ ਤੇਰੀ ਦਾਦ ਤੇਰੇ ਹੁਕਮੇ ਅੰਦਰ ਆਈ ਲੋਕਮਾਤ, ਮਾਣਸ ਜਨਮ ਰੂਪ ਵਟਾਈਆ। ਇਕੋ ਮਿਲਿਆ ਕਮਲਾਪਾਤ, ਗੋਤਮ ਤੇਰਾ ਰੂਪ ਨਜ਼ਰੀ ਆਈਆ। ਮੇਰਾ ਛੁਟਾ ਪਿਛਲਾ ਸਾਕ, ਸਗਲਾ ਸੰਗ ਗਿਆ ਤਜਾਈਆ। ਮੈਂ ਵਿਕੀ ਉਹਦੇ ਹਾਟ, ਮੇਰੀ ਕੀਮਤ ਕਿਸੇ ਨਾ ਪਾਈਆ। ਤੂੰ ਸਾਹਿਬ ਪੁਰਖ ਸਮਰਾਥ, ਮੇਰਾ ਕੰਤ ਦੇਣਾ ਮਿਲਾਈਆ। ਮੈਂ ਹੋਈ ਅਨਾਥਾਂ ਨਾਥ, ਬਣ ਦੀਨਨ ਸੀਸ ਝੁਕਾਈਆ। ਤੇਰਾ ਮੰਗਾਂ ਸਦਾ ਸਾਥ, ਵਿਛੜ ਕਦੇ ਨਾ ਜਾਈਆ। ਦੋਵੇਂ ਰਲ ਮਿਲ ਆਈਏ ਤੇਰੇ ਘਾਟ, ਏਕਾ ਘਰ ਵੱਜੇ ਵਧਾਈਆ। ਪੀਆ ਵਿਛੋੜਾ ਮੇਰਾ ਘਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲੀ ਮੰਗ ਮੰਗਾਈਆ। ਮਿਹਰਵਾਨ ਮਿਹਰਵਾਨ ਵਡ ਦਾਤਾ, ਆਪਣੀ ਦਇਆ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਗਾਥਾ, ਪੜ੍ਹ ਪੜ੍ਹ ਸ੍ਰਿਸ਼ਟ ਸਰਬ ਸੁਣਾਇੰਦਾ। ਕਲਜੁਗ ਅੰਤਮ ਹੋਏ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਵੇਸ ਆਪਣਾ ਆਪ ਵਟਾਇੰਦਾ। ਜਨ ਭਗਤਾਂ ਦੇਵੇ ਸਾਚਾ ਸਾਥਾ, ਸਾਚੇ ਮੰਦਰ ਸੋੋਭਾ ਪਾਇੰਦਾ। ਮੇਲ ਮਿਲਾਵਾ ਸਾਚੇ ਸਾਕਾ, ਸੱਜਣ ਮੀਤ ਮੇਰਾ ਫੇਰਾ ਪਾਇੰਦਾ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਅੱਗੇ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਕਲਜੁਗ ਅੰਤਮ ਜਾਏ ਆ, ਹਰਿ ਸਾਚਾ ਆਪ ਜਣਾਇੰਦਾ। ਜਗਤ ਵਿਛੋੜਾ ਦਏ ਮਿਟਾ, ਸਿਰ ਆਪਣਾ ਹੱਥ ਟਿਕਾਇੰਦਾ। ਦੋਹਾਂ ਮੇਲਾ ਦਏ ਮਿਲਾ, ਮੇਲ ਮਿਲਾਵਾ ਆਪ ਜਣਾਇੰਦਾ। ਸ਼ਬਦ ਅਗੰਮੀ ਹੁਕਮ ਸੁਣਾ, ਹੁਕਮੀ ਡੰਕ ਵਜਾਇੰਦਾ। ਗੋਤਮ ਸੁਣਿਆ ਕੀ ਕਰੇ ਬੇਪਰਵਾਹ, ਕਵਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਵਖਾਇੰਦਾ। ਗੋਤਮ ਸੁਣੀ ਹਰਿ ਆਵਾਜ਼, ਸ਼ਬਦੀ ਧੁਨ ਧੁਨ ਸ਼ਨਵਾਈਆ। ਦੋਏ ਜੋੜ ਕਹੇ ਗ਼ਰੀਬ ਨਿਵਾਜ਼, ਮੇਰੀ ਇਕ ਇਕ ਅਰਜ਼ੋਈਆ। ਕਲਜੁਗ ਅੰਤਮ ਤੂੰ ਸਾਜਣ ਲੈਣਾ ਸਾਜ, ਸਾਚੀ ਬਣਤ ਬਣਾਈਆ। ਸਤਿਜੁਗ ਨਾਲ ਮੇਰਾ ਸਾਥ, ਵਿਛੜ ਕਦੇ ਨਾ ਜਾਈਆ। ਮੈਂ ਦੱਸੀ ਤੇਰੀ ਗਾਥ, ਕਰੀ ਸਚ ਪੜ੍ਹਾਈਆ। ਕਲਜੁਗ ਹੋਏ ਅੰਧੇਰੀ ਰਾਤ, ਰਾਹ ਖਹਿੜਾ ਨਜ਼ਰ ਨਾ ਆਈਆ। ਜੇ ਤੁਠਾ ਦੇ ਦਾਤ, ਸਤਿਜੁਗ ਮੇਰੇ ਨਾਲ ਰਲਾਈਆ। ਨਾਲ ਰਲੇ ਤੇਰੀ ਜਮਾਤ, ਜੋ ਭਗਤਾਂ ਕਰੀ ਪੜ੍ਹਾਈਆ। ਫੇਰ ਮੈਂ ਤੈਥੋਂ ਪੁੱਛਾਂ ਪਿਛਲੀ ਵਾਤ, ਆਪਣੀ ਕਥਾ ਸੁਣਾਈਆ। ਕਲਜੁਗ ਉਤਰੇ ਤੇਰੇ ਘਾਟ, ਸਤਿਜੁਗ ਸਾਚੀ ਹੋਏ ਰੁਸ਼ਨਾਈਆ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਊਚ ਨੀਚ ਨਾ ਕੋਇ ਅਖਵਾਈਆ । ਮਨ ਮਤ ਦੁਹਾਗਣ ਨਾਰ ਮਿਟੇ ਕਮਜ਼ਾਤ, ਗੁਰਮਤ ਹੋਏ ਕੁੜਮਾਈਆ। ਤੇਰਾ ਦੁਆਰਾ ਡੂੰਘਾ ਖਾਤ, ਵਸੰਦਿਆਂ ਘਾਟ ਕੋਇ ਨਾ ਆਈਆ। ਬਿਨ ਸਤਿਜੁਗ ਮੈਂ ਕਿਸੇ ਨਾਲ ਨਾ ਰੱਖਣਾ ਕੋਈ ਸਾਥ, ਸੱਚੀ ਸਚ ਰਿਹਾ ਸੁਣਾਈਆ। ਜੇ ਨਾ ਤੂੰ ਪੁੱਛੇ ਮੇਰੀ ਵਾਤ, ਤੁਧ ਬਿਨ ਹੋਰ ਨਜ਼ਰ ਕੋਇ ਨਾ ਆਈਆ। ਮੈਂ ਛੱਡੇ ਸੱਜਣ ਸਾਕ, ਇਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਸਿਰ ਰੱਖ ਹੱਥ ਕਰਤਾਰ, ਆਪਣੀ ਦਇਆ ਕਮਾਇੰਦਾ। ਤ੍ਰੇਤਾ ਦੁਆਪਰ ਰਥ ਚਲੇ ਸੰਸਾਰ, ਬਣ ਰਥਵਾਹੀ ਸੇਵ ਕਮਾਇੰਦਾ। ਕਲਜੁਗ ਆਏ ਅੰਤਮ ਵਾਰ, ਆਪ ਆਪਣੀ ਕਲ ਵਰਤਾਇੰਦਾ। ਪਿਛਲਾ ਲੇਖਾ ਜਾਣੇ ਸਰਬ ਸੰਸਾਰ, ਚਾਰ ਜੁਗ ਦੇ ਵੇੇਖੇ ਯਾਰ, ਮੇਲ ਵਿਛੋੜਾ ਪੰਧ ਮੁਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਦਏ ਹੁਲਾਰ, ਭਗਤ ਭਗਵੰਤ ਆਪ ਉਠਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਜਣਾਇੰਦਾ। ਵੇਦ ਸ਼ਾਸਤਰ ਸਿਮਰਤ ਪੁਰਾਨ ਪਾਵੇ ਸਾਰ, ਅੰਜ਼ੀਲ ਕੁਰਾਨਾਂ ਫੋਲ ਫੁਲਾਇੰਦਾ। ਪਰਗਟ ਹੋ ਅਗੰਮ ਅਪਾਰ, ਅਲਖ ਅਗੋਚਰ ਰੂਪ ਵਟਾਇੰਦਾ। ਭਗਤ ਭਗਵੰਤ ਕਰ ਤਿਆਰ, ਤ੍ਰੈਗੁਣ ਬੰਦਨ ਆਪ ਤੁੜਾਇੰਦਾ। ਸਚ ਮਹੱਲ ਇਕ ਉਸਾਰ, ਰੱਤੀ ਰੱਤ ਨਾਲ ਰਲਾਇੰਦਾ। ਤ੍ਰੈਗੁਣ ਮਾਇਆ ਥੱਲੇ ਦੇਵੇ ਵਾੜ, ਆਪਣੀ ਹੱਥੀਂ ਆਪ ਦਬਾਇੰਦਾ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਵਖਾਇੰਦਾ। ਸਾਚਾ ਸੰਗ ਕਰਾਏ ਮੇਲਾ, ਮੇਲਣਹਾਰ ਨਿਰੰਕਾਰ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਸੋਹੇ ਮੰਦਰ ਉਚ ਮੁਨਾਰ। ਪਾਰਬ੍ਰਹਮ ਸੱਜਣ ਸੁਹੇਲਾ, ਸਦਾ ਸਦਾ ਕਰੇ ਕਰਾਏ ਵਣਜ ਵਾਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਸਾਚੀ ਧਾਰ ਹਰਿ ਸਮਝਾਇੰਦਾ, ਪਾਰਬ੍ਰਹਮ ਪੁਰਖ ਅਬਿਨਾਸ਼। ਤ੍ਰੇਤਾ ਤੇਰੇ ਪਿਛੇ ਪਰਗਟਾਇੰਦਾ, ਤ੍ਰੈ ਤ੍ਰੈ ਦੇਵੇ ਸਾਚੀ ਦਾਤ। ਕਲਜੁਗ ਅੰਤਮ ਪੰਧ ਮੁਕਾਇੰਦਾ, ਨਾਲ ਰਲਾਏ ਤੇਰੀ ਜਮਾਤ। ਤੇਰਾ ਲੇਖਾ ਵੇਖ ਵਖਾਇੰਦਾ, ਲਹਿਣਾ ਜਾਣੇ ਸੱਜਣ ਸਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਬਿਨਾਸ਼। ਸਾਕ ਸੱਜਣ ਸਾਚਾ ਮੀਤਾ, ਅੰਤਮ ਦਇਆ ਕਮਾਈਆ। ਕਰੇ ਖੇਲ ਇਕ ਅਨਡੀਠਾ, ਲਿਖਣ ਪੜ੍ਹਣ ਵਿਚ ਨਾ ਆਈਆ। ਤੇਰਾ ਪਰੇਮ ਲੱਗੇ ਮੀਠਾ, ਰਸ ਹੋਰ ਨਜ਼ਰ ਨਾ ਆਈਆ। ਰਾਮ ਨਾਲੋਂ ਵਿਛੜੀ ਸੀਤਾ, ਮੁੜ ਕੇ ਫੇਰ ਨਾ ਸਕੇ ਕੋਇ ਮਿਲਾਈਆ। ਕਾਹਨ ਕ੍ਰਿਸ਼ਨ ਰਾਧਾ ਸੁਰਤੀ ਮੁਕੰਦ ਮਨੋਹਰ ਬੰਸਰੀ ਵਜਾਏ ਅਠਾਰਾਂ ਧਿਆਏ ਗਾਏ ਗੀਤਾ, ਵਾਤਾਵਰਨ ਜਗਤ ਸੁਣਾਈਆ। ਗੋਬਿੰਦ ਮਿਲਿਆ ਇਕੋ ਮੀਤਾ, ਪਾਰਬ੍ਰਹਮ ਬੇਪਰਵਾਹੀਆ। ਗੋਤਮ ਦਰ ਤੇਰਾ ਠਾਂਡਾ ਸੀਤਾ, ਧੁਰ ਦਰਬਾਰੀ ਆਪ ਸੁਹਾਈਆ। ਕਲਜੁਗ ਅੰਤਮ ਇਕ ਵਖਾਏ ਸਚ ਪ੍ਰੀਤਾ, ਚਰਨ ਕਵਲ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਹਰਿ ਭਗਵੰਤ, ਆਪਣੇ ਹੱਥ ਰਖਾਇੰਦਾ। ਸਚ ਦੁਆਰਾ ਸੋਭਾਵੰਤ, ਭਗਤ ਭਗਵਾਨ ਵੇਸ ਵਟਾਇੰਦਾ। ਪੂਰੀ ਆਸਾ ਨਾਰੀ ਕੰਤ, ਕੰਤ ਨਾਲ ਰੰਗ ਰੰਗਾਇੰਦਾ। ਬਣ ਵਿਚੋਲਾ ਸ੍ਰੀ ਭਗਵੰਤ, ਸਾਚੀ ਸੇਵਾ ਆਪ ਕਮਾਇੰਦਾ। ਏਥੇ ਓਥੇ ਦੋ ਜਹਾਨ ਇਕੋ ਮੰਤ, ਮੰਤਰ ਆਪਣਾ ਆਪ ਸਮਝਾਇੰਦਾ। ਮਿਲੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਇਕ ਜਗਾਇੰਦਾ। ਪਹਿਲੋਂ ਬਣਾਏ ਗੋਤਮ ਤੇਰੀ ਬਣਤ, ਫਿਰ ਕਲਜੁਗ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਹਾਰ ਹਰਿ ਨਿਰੰਕਾਰ ਭੁੱਲ ਕਦੇ ਨਾ ਜਾਇੰਦਾ। ਅਭੁੱਲ ਕਦੇ ਨਾ ਭੁੱਲਦਾ, ਬੇਪਰਵਾਹ ਹਰਿ ਸੁਲਤਾਨ। ਲੇਖਾ ਜਾਣੇ ਆਪਣੀ ਕੁਲ ਦਾ, ਕੁਲਵੰਤਾ ਨੌਜਵਾਨ। ਹਰਿਜਨ ਕਦੇ ਮਾਤ ਨਾ ਰੁਲਦਾ, ਜੁਗ ਜੁਗ ਦੇਵਣਹਾਰਾ ਮਾਣ। ਗੁਰਮੁਖ ਸਦਾ ਲੱਖ ਚੁਰਾਸੀ ਵਿਚ ਫੁਲਦਾ, ਪੱਤ ਡਾਲੀ ਹੋਏ ਪਰਵਾਨ। ਹਰਿ ਭਾਣਾ ਸੋ ਜਨ ਝੱਲਦਾ, ਅੰਤਮ ਮੇਲਾ ਹੋਏ ਆਣ। ਖੇਲ ਵੇਖ ਅੱਜ ਕੇ ਕਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਪੂਰਬ ਲੇਖਾ ਦਏ ਮੁਕਾ, ਹਰਿ ਵੱਡਾ ਵੱਡ ਵਡਿਆਈਆ। ਗੋਤਮ ਲਹਿਣਾ ਇਕ ਸਮਝਾ, ਏਕਾ ਵਾਰ ਜਣਾਈਆ। ਭਗਤ ਦੁਆਰਾ ਇਕ ਬਣਾ, ਸਾਚੇ ਘਰ ਕਰੀ ਕੁੜਮਾਈਆ। ਸਚਖੰਡ ਦੁਆਰਾ ਦਏ ਵਖਾ, ਏਥੇ ਓਥੇ ਇਕੋ ਰੰਗ ਰੰਗਾਈਆ। ਪਹਿਲੀ ਚੇਤ ਦਿਵਸ ਰਿਹਾ ਆ, ਗੁਰ ਅਵਤਾਰ ਕਰਨ ਸਾਲਾਹੀਆ। ਪੀਰ ਪੈਗ਼ੰਬਰ ਨੈਣ ਰਹੇ ਸ਼ਰਮਾ, ਨੈਣ ਸਕੇ ਨਾ ਕੋਇ ਉਠਾਈਆ। ਭਗਤ ਤੱਕਣ ਰਾਹ, ਇਕੋ ਓਟ ਤਕਾਈਆ। ਵੇਖੋ ਕਲਜੁਗ ਅੰਤਮ ਕੀ ਕਰੇ ਬੇਪਰਵਾਹ, ਬੇਅੰਤ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਫੜ ਫੜ ਬਾਂਹ, ਆਪਣੇ ਗਲੇ ਲਗਾਈਆ। ਪੂਰਬ ਲਹਿਣਾ ਰਿਹਾ ਚੁਕਾ, ਭੁੱਲੀ ਸਰਬ ਲੋਕਾਈਆ। ਸਾਚਾ ਬੰਧਨ ਰਿਹਾ ਪਾ, ਨਾ ਕੋਈ ਤੋੜੇ ਤੋੜ ਤੁੜਾਈਆ। ਕੁੱਖ ਵਿਚੋਂ ਕੁੱਖ ਪਰਗਟਾ, ਕੁੱਖੀ ਕੁੱਖ ਸਮਝਾਈਆ। ਮੁਖ ਵਿਚੋਂ ਮੁਖ ਸਲਾਹ, ਮੁਖ ਏਕਾ ਦਏ ਵਡਿਆਈਆ। ਪੂਰਬ ਜਨਮ ਦਾ ਦੁੱਖ ਮਿਟਾ, ਸਾਚਾ ਸੁਖ ਇਕ ਸਰਨਾਈਆ। ਆਪਣੀ ਗੋਦ ਆਪ ਟਿਕਾ, ਹਰਿ ਸਾਚੀ ਖ਼ੁਸ਼ੀ ਮਨਾਈਆ। ਨਾਰੀ ਕੰਤ ਮੇਲਾ ਸਹਿਜ ਸੁਭਾ, ਗੁਣ ਅਵਗੁਣ ਨਾ ਕੋਇ ਵਖਾਈਆ। ਹਰਿ ਚਰਨ ਦੁਆਰੇ ਚੜ੍ਹਿਆ ਚਾਅ, ਚਾਓ ਘਨੇਰਾ ਇਕ ਵਖਾਈਆ। ਸਾਧ ਸੰਗਤ ਭੈਣ ਭਰਾ, ਬਹਿ ਬਹਿ ਮੰਗਲ ਆਪੇ ਗਾਈਆ। ਕਲਜੁਗ ਰੋਵੇ ਮਾਰੇ ਧਾਹ, ਬੌਹੜੀ ਗੋਤਮ ਕੀ ਕੀ ਖੇਲ ਕਰਾਈਆ। ਸਤਿਜੁਗ ਓਧਰ ਚੜ੍ਹੇ ਚਾਅ, ਬਹਿ ਬਹਿ ਖ਼ੁਸ਼ੀ ਮਨਾਈਆ। ਮੇਰਾ ਪੱਲੂ ਫੜੇ ਆ, ਜਿਹੜਾ ਗਿਆ ਅੰਤ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਆਪਣੇ ਲੇਖੇ ਪਾਈਆ। ਪੂਰਬ ਲਹਿਣਾ ਗਿਆ ਚੁੱਕ, ਹਰਿ ਜੂ ਦਇਆ ਕਮਾਈਆ। ਗੁਰਮੁਖ ਸਾਚੇ ਗੋਦੀ ਚੁੱਕ, ਵੇਖੇ ਸਹਿਜ ਸੁਭਾਈਆ। ਪੁਰਖ ਅਬਿਨਾਸ਼ੀ ਆਪਣੇ ਸੁਤ, ਭਗਤ ਭਗਵੰਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਈਆ। ਸਾਚਾ ਮੇਲਾ ਮਿਲਿਆ ਆਤਮ ਅੰਤਰ, ਅੰਤਰਗਤ ਜਣਾਇੰਦਾ। ਦੋਹਾਂ ਪੜ੍ਹਨਾ ਇਕੋ ਮੰਤਰ, ਸੋਹੰ ਢੋਲਾ ਸੁਣਾਇੰਦਾ। ਨਾਤਾ ਤੁਟੇ ਗਗਨ ਗਗਨੰਤਰ, ਸਚਖੰਡ ਦੁਆਰੇ ਆਪ ਬਹਾਇੰਦਾ। ਜਿਸ ਜਨ ਬਣਾਏ ਹਰਿ ਜੂ ਬਣਤਰ, ਤਿਸ ਫੰਦ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਸ੍ਰੀ ਭਗਵਾਨ, ਏਕਾ ਏਕ ਰੰਗਾਈਆ। ਮਨੀ ਸਿੰਘ ਦਿਤਾ ਦਾਨ, ਸਚ ਸਚ ਗਿਆ ਸਮਝਾਈਆ । ਪੁਰੀ ਅਨੰਦ ਲੇਖ ਮਹਾਨ, ਲਿਖ ਲਿਖ ਲੇਖ ਵਖਾਈਆ। ਸਿੰਘ ਖ਼ੁਸ਼ਹਾਲ ਤੇਰਾ ਬੰਸ ਹੋਏ ਪਰਧਾਨ, ਖ਼ੁਸ਼ੀ ਖ਼ੁਸ਼ੀ ਵਡਿਆਈਆ। ਜਿਸ ਦੇ ਪਿਛੇ ਮੇਲਾ ਮਿਲਿਆ ਆਣ, ਸੋ ਮੀਤ ਨਜ਼ਰ ਨਾ ਆਈਆ। ਬੰਸ ਸਰਬੰਸ ਹੋਏ ਪ੍ਰਵਾਨ, ਕੀਤੀ ਘਾਲ ਲੇਖੇ ਪਾਈਆ। ਗੁਰਮੁਖ ਰਾਗ ਸੁਣਿਆ ਕਾਨ, ਸਿੰਘ ਗੁਰਮੁਖ ਖ਼ੁਸ਼ੀ ਮਨਾਈਆ । ਜਿਸ ਦੇ ਸੀਸ ਚਰਨ ਧਰੇ ਭਗਵਾਨ, ਕੰਧੇ ਆਪਣਾ ਆਸਣ ਲਾਈਆ। ਤਿਸ ਕੁਲ ਵਿਚ ਨਿਸ਼ਾਨ, ਪੂਤ ਸਪੂਤੇ ਲਏ ਪਰਗਟਾਈਆ। ਜਗਤ ਸਪੁੱਤਰੀ ਕਰ ਪਰਵਾਨ, ਭਗਤ ਸਪੁੱਤਰੀ ਲਏ ਬਣਾਈਆ। ਗਿਰਧਾਰਾ ਸਿੰਘ ਗੁਰਚਰਨ ਕੌਰ ਇਕ ਨਿਸ਼ਾਨ, ਇਕੇ ਘਰ ਵਖਾਈਆ। ਜਿਨ੍ਹਾਂ ਦਾ ਮਾਤਾ ਪਿਤਾ ਬਣਿਆ ਆਪ ਭਗਵਾਨ, ਦੂਜਾ ਸੰਗ ਨਾ ਕੋਇ ਰਖਾਈਆ। ਸਚਖੰਡ ਦਾ ਸਚ ਵਿਧਾਨ, ਸਾਚਾ ਮਾਰਗ ਰਿਹਾ ਲਗਾਈਆ। ਬਹੱਤਰ ਭਗਤ ਗਾਇਣ ਗਾਣ, ਸੱਤਰ ਜੈ ਜੈਕਾਰ ਸੁਣਾਈਆ। ਚੁਹੱਤਰ ਨੇਤਰ ਵੇਖਣ ਆਣ, ਨੈਣ ਨੈਣ ਉਠਾਈਆ। ਪੰਜ ਪੰਜ ਹੋਏ ਪਰਵਾਨ, ਦਰਗਾਹ ਸਾਚੀ ਬੈਠੇ ਸਚ ਸੰਦੇਸ ਰਹੇ ਘਲਾਈਆ। ਸਿੰਘ ਪਾਲ ਗਾਏ ਗਾਣ, ਛੋਟੇ ਬਾਲੇ ਤਾਲ ਵਜਾਈਆ। ਸਿੰਘ ਸੁਵਰਨ ਚਰਨ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਸਿੰਘ ਗੁਰਦਿਆਲ ਕਹੇ ਲੋਕਮਾਤ ਬਣਿਆ ਸਚ ਨਿਸ਼ਾਨ, ਤੇਰੇ ਭਗਤਾਂ ਹੋਈ ਸੱਚੀ ਕੁੜਮਾਈਆ। ਜਗਦੀਸ ਮਨਜੀਤ ਕਹਿਣ ਅਸੀਂ ਬਾਲ ਅਞਾਣ, ਬਾਲੀ ਬੁੱਧ ਰਖਾਈਆ। ਤੂੰ ਭਗਤਾਂ ਹਿਤ ਕਰੇਂ ਆਪ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖਾ ਲੇਖਾ ਲੇਖੇ ਪਾਈਆ । ਸਤਿਗੁਰ ਪੂਰਾ ਸਦ ਮਿਹਰਵਾਨ, ਆਦਿ ਜੁਗਾਦਿ ਸਮਾਇੰਦਾ। ਜਿਸ ਜਨ ਦੇਵੇ ਸਾਚਾ ਦਾਨ, ਤਿਸ ਏਕਾ ਨਾਮ ਸਮਝਾਇੰਦਾ। ਘਰ ਵਿਚ ਮੇਲਾ ਗੋਪੀ ਕਾਹਨ, ਸੁਰਤੀ ਸ਼ਬਦ ਰੰਗ ਰੰਗਾਇੰਦਾ। ਜੀਵਣ ਨਾਤਾ ਜਗਤ ਜਹਾਨ, ਜੋਗ ਜੁਗਤ ਵਖਾਇੰਦਾ। ਆਤਮ ਅੰਤਰ ਇਕ ਧਿਆਨ, ਬਿਨ ਰਸਨਾ ਜਿਹਵਾ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਕਰੇ ਮਿਹਰਵਾਨਾ, ਰਹਿਮਤ ਆਪਣੀ ਆਪ ਕਮਾਈਆ। ਲੋਕਮਾਤ ਵੇਖੇ ਜਗਤ ਵਿਧਾਨਾ, ਚਾਰ ਕੁੰਟ ਫੇਰਾ ਪਾਈਆ। ਸਚ ਸੁੱਚ ਸਚ ਨਿਸ਼ਾਨਾ, ਸਾਖਿਆਤ ਸਰਬ ਸਮਝਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਹੰਕਾਰੀਆਂ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਾਨ ਇਕ ਵਖਾਈਆ। ਸਾਚਾ ਦਾਨ ਇਕ ਪਿਆਰ, ਪਰੇਮ ਪਰੇਮ ਵਿਚ ਪਰਗਟਾਈਆ। ਲੇਖਾ ਜਾਣੇ ਜਗਤ ਸੰਸਾਰ, ਸੰਸਾਰੀ ਆਪਣਾ ਰੂਪ ਵਟਾਈਆ। ਮੰਗ ਦਾਨ ਭੁੱਲੇ ਨਾ ਜੀਵ ਜਹਾਨ, ਅਭੁੱਲ ਦਇਆ ਦਏ ਕਮਾਈਆ। ਮਿਲੇ ਵਡਿਆਈ ਵਡੀ ਵਿਚਾਰ, ਵਿਚਾਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਜ਼ਰ ਮਿਹਰ ਬੇਨਜ਼ੀਰ ਸ਼ਾਹ ਹਕੀਰ ਤਕਸੀਰ ਤਾਅਬੀਰ ਤਦਬੀਰ ਆਪਣੇ ਹੱਥ ਰਖਾਈਆ। ਸਿੰਘ ਜਾਗੀਰ ਮੰਗੀ ਮੰਗ, ਪ੍ਰਭ ਸਦਾ ਰਹਾਂ ਸਰਨਾਈਆ। ਸਤਿਗੁਰ ਪੂਰੇ ਕਿਹਾ ਮੈਂ ਸਦ ਵਸਾਂ ਸੰਗ, ਵਿਛੜ ਕਦੇ ਨਾ ਜਾਈਆ। ਅੰਦਰ ਮਾਣਾਂ ਗੁਰਸਿਖ ਤੇਰੀ ਸੇਜ ਪਲੰਘ, ਬਾਹਰੋਂ ਆਪਣਾ ਸੀਸ ਤੇਰੇ ਚਰਨਾਂ ਉਪਰ ਟਿਕਾਈਆ। ਫਿਰ ਅੰਦਰ ਆਵੇ ਅਨੰਦ, ਗੁਰਸਿਖ ਗੁਰ ਗੁਰ ਵੇਖੇ ਚਾਈਂ ਚਾਈਂਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਮਿਲੇ ਸੂਰਾ ਸਰਬੰਗ, ਭੇਵ ਅਭੇਦ ਰਖਾਈਆ। ਕਲਜੁਗ ਅੰਤਮ ਵਜਾਇਆ ਮਰਦੰਗ, ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਰੀਤੀ ਆਪ ਚਲਾਈਆ। ਰਵਦਾਸ ਠੱਗ ਦਾ ਮੁੱਕਿਆ ਲਹਿਣਾ, ਪੂਰਬ ਲੇਖਾ ਰਹੇ ਨਾ ਰਾਈਆ। ਲਾਲੋ ਵੇਖਿਆ ਆਪਣੇ ਨੈਣਾਂ, ਨਾਨਕ ਨਿਰਗੁਣ ਨਾਲ ਮਿਲਾਈਆ। ਨੌ ਜਨਮ ਮੰਨਿਆ ਕਹਿਣਾ, ਪੰਡਤ ਵੱਜੀ ਵਧਾਈਆ। ਅੰਤ ਲਾੜੀ ਮੌਤ ਨਾ ਖਾਏ ਡੈਣਾ, ਦੋਹਾਂ ਮਿਲੀ ਹਰਿ ਸਰਨਾਈਆ। ਏਥੇ ਓਥੇ ਸਚਖੰਡ ਦਰਗਾਹ ਸਾਚੀ ਇਕੱਠੇ ਬਹਿਣਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦੁਆਰ ਹਰਿ ਨਿਰੰਕਾਰ, ਜਗਤ ਨਾਤਾ ਮੋਹ ਤੁੜਾਈਆ। ਜਗਤ ਨਾਤਾ ਤੁਟਾ ਮੋਹ, ਪੰਜ ਤੱਤ ਤਜਾਇਆ। ਆਤਮ ਪਰਮਾਤਮ ਗਈ ਛੋਹ, ਸਗਲਾ ਪੰਧ ਮੁਕਾਇਆ। ਏਥੇ ਓਥੇ ਨੇਤਰ ਨੈਣ ਨੀਰ ਨਾ ਸਕੇ ਕੋਈ ਰੋ, ਪੁਰਖ ਅਬਿਨਾਸ਼ੀ ਦਇਆ ਕਮਾਇਆ। ਸਚ ਦਰਬਾਰੇ ਢੋਆ ਲਿਆ ਢੋ, ਆਪ ਆਪਣਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਇਕੋ ਗੋਦ ਬਹਾਇਆ। ਰਵਦਾਸ ਸੰਗ ਤਰਿਆ ਠੱਗ, ਕੰਗਣ ਕਸੀਰਾ ਲੇਖਾ ਚੁਕਾਈਆ। ਕਲਜੁਗ ਬੁਝਾਈ ਲੱਗੀ ਅੱਗ, ਪਰੇਮ ਪ੍ਰੀਤੀ ਇਕ ਸਿਖਾਈਆ। ਸਤਿਗੁਰ ਪੂਰਾ ਦੀਨ ਦਿਆਲ ਸੂਰਾ ਸਰਬੱਗ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਕੱਢ, ਚਰਨ ਸਰਨ ਦਿਤੀ ਸਰਨਾਈਆ। ਅੰਤਮ ਸਾਕ ਸੱਜਣ ਭੈਣ ਭਾਈ ਪੁੱਤਰ ਧੀਆਂ ਜਾਣ ਛੱਡ, ਸਤਿਗੁਰ ਪੂਰਾ ਪੱਲੂ ਨਾ ਕਦੇ ਤੁੜਾਈਆ। ਦੋਹਾਂ ਆਪਣੇ ਅੱਗੇ ਰੱਖ, ਜੀਉਦਿਆਂ ਮਰਿਆਂ ਵੇਖੇ ਚਾਈਂ ਚਾਈਂਆ। ਜਗਤ ਵਲੋਂ ਮੁਰਦੇ ਹੋਏ ਪਰਤੱਖ, ਘਰ ਸਤਿਗੁਰ ਜਨਮ ਦਵਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਵਿਸ਼ਨ ਬ੍ਰਹਮਾ ਸ਼ਿਵ ਗਾਇਨ ਜਸ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਕਬੀਰ ਜੁਲਾਹਾ ਸਚਖੰਡ ਬੈਠਾ ਰਿਹਾ ਹੱਸ, ਵਾਹ ਵਾ ਦਾਤੇ ਤੇਰੀ ਬੇਪਰਵਾਹੀਆ। ਨਾਨਕ ਨਿਰਗੁਣ ਕਹੇ ਮੇਰਾ ਸਾਹਿਬ ਪੁਰਖ ਸਮਰਥ, ਗ਼ਰੀਬ ਨਿਮਾਣਿਆਂ ਵੇਖੇ ਚਾਈਂ ਚਾਈਂਆ। ਗੁਰ ਗੋਬਿੰਦ ਕਹੇ ਮੇਰੀ ਰੱਖੀ ਪੱਤ, ਮੇਰੇ ਗੁਰਸਿਖ ਆਪਣੀ ਗੋਦ ਬਹਾਈਆ। ਤੂੰ ਦੀਨ ਦਿਆਲ ਠਾਕਰ ਅਬਿਨਾਸ਼ੀ ਅਲੱਖ, ਤੇਰਾ ਲੇਖ ਨਾ ਲਖਿਆ ਜਾਈਆ। ਆਪਣੇ ਦੁਆਰੇ ਆਪਣੇ ਕੀਤੇ ਵੱਖ, ਵੱਖਰੀ ਧਾਰ ਚਲਾਈਆ। ਕਾਇਆ ਭਾਂਡੇ ਕੀਤੇ ਸੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਗੁਰਸਿਖ ਹੋਏ ਕਦੀ ਨਾ ਮੁਰਦਾ, ਮਰਨ ਵਿਚ ਕਦੇ ਨਾ ਆਇਆ। ਸਤਿਗੁਰ ਪੂਰਾ ਲੱਤਾਂ ਬਾਹਵਾਂ ਨਾਲ ਕਦੇ ਨਾ ਤੁਰਦਾ, ਨਿਰਗੁਣ ਆਪਣਾ ਖੇਲ ਕਰਾਇਆ। ਆਦਿ ਜੁਗਾਦਿ ਜੁਗਾਂ ਜੁਗੰਤਰ ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਵਰਦਾ, ਨਾਰੀ ਕੰਤ ਰੂਪ ਧਰਾਇਆ। ਸਿੰਘ ਤਾਰਾ ਗੁਰਮੁਖ ਦੋਵਂੇ ਅੱਗੇ ਧਰਦਾ, ਧਰਨੀ ਧਰਤ ਧਵਲ ਦਏ ਵਡਿਆਇਆ। ਦੂਰ ਦੁਰਾਡਾ ਮੁਹੰਮਦ ਡਰਦਾ, ਨੇਤਰ ਨੈਣ ਰਿਹਾ ਉਠਾਇਆ। ਧਰਮ ਰਾਏ ਥਰ ਥਰ ਕੰਬਦਾ, ਨੇਤਰ ਨੈਣਾਂ ਨੀਰ ਰਿਹਾ ਵਹਾਇਆ। ਗੁਰਮੁਖ ਸੱਚਾ ਇਕੋ ਅੱਖਰ ਪੜ੍ਹਦਾ, ਬਿਨ ਰਸਨਾ ਜਿਹਵਾ ਗਾਇਆ। ਬਿਨ ਡੰਡਿਉਂ ਪੌੜੇ ਸਾਚੇ ਚੜ੍ਹਦਾ, ਸਚਖੰਡ ਦੁਆਰ ਮਹੱਲ ਸੁਹਾਇਆ। ਸੋ ਗੁਰਸਿਖ ਰਾਹ ਵਿਚ ਕਦੇ ਨਾ ਅੜਦਾ, ਜਿਸ ਦੇਵੇ ਆਪ ਸਰਨਾਇਆ। ਅੰਤਮ ਲੇਖਾ ਚੁੱਕਣਾ ਸੀਸ ਧੜ ਦਾ, ਪੰਜ ਤੱਤ ਚੋਲਾ ਜਗਤ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਜਨ ਭਗਤਾਂ ਆਪਣੇ ਦੁਆਰੇ ਆਪੇ ਖੜਦਾ, ਬਣ ਸੇਵਕ ਸੇਵ ਕਮਾਇਆ। ਨਾ ਮੁਰਦਾ ਹੋਏ ਕਦੇ ਮੁਰੀਦ, ਮੁਰਸ਼ਦ ਆਪਣੀ ਦਇਆ ਕਮਾਈਆ। ਬਿਨ ਨੇਤਰ ਦੇਵੇ ਦੀਦ, ਸਤਿ ਸਰੂਪ ਵਖਾਈਆ। ਸਦਾ ਸਦਾ ਰਹੇ ਸਾਚੀ ਈਦ, ਏਕਾ ਏਕ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਆਪਣਾ ਰੰਗ ਕਰਤਾ ਪੁਰਖ, ਪੁਰਖ ਪੁਰਖੋਤਮ ਆਪ ਜਣਾਇੰਦਾ। ਸਦਾ ਸੁਹੇਲਾ ਇਕ ਇਕੇਲਾ ਦੋ ਜਹਾਨ ਨਾ ਕੋਈ ਸੋਗ ਨਾ ਕੋਈ ਹਰਖ਼, ਹਰਖ਼ ਸੋਗ ਨਾ ਕੋਇ ਜਣਾਇੰਦਾ। ਜਿਸ ਜਨ ਕਰ ਕਿਰਪਾ ਦੇਵੇ ਆਪਣਾ ਦਰਸ, ਤਿਸ ਜਨਮ ਮਰਨ ਕਟਾਇੰਦਾ। ਦੇਵੇ ਵਡਿਆਈ ਅਰਸ਼ ਫਰਸ਼, ਕੁਰਾ ਕਾਇਨਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸੱਚੇ ਆਪ ਤਰਾਇੰਦਾ। ਧਰਤ ਧਵਲ ਕਹੇ ਮੇਰੀ ਸੋਹੇ ਧੌਣ, ਭਗਤ ਭਗਵੰਤ ਚਰਨ ਛੁਹਾਈਆ। ਸਚ ਸੁਗੰਧੀ ਮਿਲੇ ਪੌਣ, ਨਾਮ ਸਤਿ ਮਹਿਕ ਮਹਿਕਾਈਆ। ਹਰਿਜਨ ਗੀਤ ਗਾਇਣ ਸਾਚਾ ਗੌਣ, ਆਵਾਗਵਣ ਮਿਟਾਈਆ। ਹਰਿ ਕਾ ਭੇਵ ਜਾਣੇ ਕੌਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੇਰਾ ਸੋਹਿਆ ਸੀਸ, ਲੇਖੇ ਲੱਗੀ ਮੇਰੀ ਕਮਾਈਆ। ਚਰਨ ਛੁਹਾਇਆ ਹਰਿ ਜਗਦੀਸ, ਧੂੜੀ ਮਸਤਕ ਟਿੱਕਾ ਲਾਈਆ। ਮੇਰੀ ਕੋਈ ਨਾ ਕਰੇ ਰੀਸ, ਵੇਖੀ ਜਗਤ ਲੋਕਾਈਆ। ਤ੍ਰੈਗੁਣ ਪੀਸਣ ਰਹੀ ਪੀਸ, ਕਲਜੁਗ ਚੱਕੀ ਮਾਤ ਚਲਾਈਆ। ਸਾਹਿਬ ਸਾਚੇ ਦੀ ਸਾਚੀ ਰੀਤ, ਆਦਿ ਜੁਗਾਦਿ ਖੇਲ ਕਰਾਈਆ। ਅੰਤਮ ਪਰਖੇ ਮੇਰੀ ਨੀਤ, ਵਸਣਹਾਰਾ ਹਰ ਘਟ ਥਾਈਂਆ। ਮੇਰੇ ਸੀਨੇ ਭਾਰ ਪਾਇਆ ਮੰਦਰ ਮਸੀਤ, ਗੁਰਦੁਆਰ ਗੜ੍ਹ ਬਣਾਈਆ। ਪਾਰਬ੍ਰਹਮ ਸੁੱਤਾ ਦੇ ਕਰ ਪੀਠ, ਕਰਵਟ ਆਪਣੀ ਨਾ ਲਏ ਬਦਲਾਈਆ। ਧੰਨ ਭਾਗ ਮੈਂ ਪਤਿਤ ਹੋਈ ਪੁਨੀਤ, ਪਤਿਤ ਉਧਾਰੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਪਰਗਟਾਈਆ। ਧਰਨੀ ਕਹੇ ਮੇਰੇ ਅੰਤਰ ਚਾਅ, ਚਾਉ ਘਨੇਰਾ ਇਕ ਜਣਾਈਆ। ਆਦਿ ਜੁਗਾਦਿ ਜੁਗ ਜੁਗ ਮੈਂ ਤੱਕਦੀ ਰਹੀ ਰਾਹ, ਨੇਤਰ ਨੈਣ ਨੈਣ ਉਠਾਈਆ। ਗੁਰ ਅਵਤਾਰ ਦੇ ਦੇ ਗਏ ਸਲਾਹ, ਖਾਣੀ ਬਾਣੀ ਭੇਵ ਚੁਕਾਈਆ। ਮੈਂ ਰੱਖੀ ਓਟ ਕਵਣ ਵੇਲੇ ਮਿਲੇ ਹਰਿ ਮਲਾਹ, ਮੇਰਾ ਬੇੜਾ ਲਏ ਚਲਾਈਆ। ਕੋਝੀ ਕਮਲੀ ਪਕੜੇ ਬਾਂਹ, ਜਗਤ ਨਿਮਾਣੀ ਆਪਣੇ ਗਲੇ ਲਗਾਈਆ। ਸੋਭਾਵੰਤ ਸੁਹਾਏ ਥਾਂ, ਥਾਨ ਥਨੰਤਰ ਮਾਣ ਵਡਿਆਈਆ। ਆਤਮ ਪਰਮਾਤਮ ਮੰਤਰ ਜਣਾਏ ਨਾਂ, ਨਾਉ ਨਿਰੰਕਾਰਾ ਇਕ ਪੜ੍ਹਾਈਆ। ਸਦਾ ਸੁਹੇਲਾ ਇਕ ਅਕੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਵਖਾਈਆ। ਧਰਨੀ ਕਹੇ ਮੇਰੇ ਧੰਨ ਭਾਗ, ਧਵਲ ਮਿਲੀ ਵਡਿਆਈਆ। ਮੇਰੇ ਗ੍ਰਹਿ ਜਗਿਆ ਚਿਰਾਗ਼, ਦੀਪਕ ਰੂਪ ਵਟਾਈਆ। ਸਾਹਿਬ ਮੇਰਾ ਗਿਆ ਜਾਗ, ਅੱਖ ਪਰਤੱਖ ਖੁਲ੍ਹਾਈਆ। ਮੇਰੀ ਤ੍ਰਿਸਨਾ ਬੁਝੀ ਆਗ, ਹਵਸ ਨਾ ਕੋਇ ਵਧਾਈਆ। ਚਰਨ ਧੂੜੀ ਗਈ ਲਾਗ, ਮਸਤਕ ਮੇਟੇ ਕੂੜੀ ਸ਼ਾਹੀਆ। ਤ੍ਰੈਗੁਣ ਡੱਸਣੀ ਨਾ ਡੱਸੇ ਨਾਗ, ਮਾਇਆ ਮਮਤਾ ਮੋਹ ਚੁਕਾਈਆ। ਡੂੰਘੇ ਸਾਗਰ ਬੇੜਾ ਚਲਾਏ ਇਕ ਜਹਾਜ਼, ਨਾਮ ਚੱਪੂ ਹੱਥ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੀ ਰੱਖੇ ਲਾਜ, ਗ਼ਰੀਬ ਨਿਵਾਜ਼ ਫੇਰਾ ਪਾਈਆ। ਮੇਰੇ ਅੰਦਰ ਬਹਿ ਬਹਿ ਰਚਿਆ ਕਾਜ, ਮੇਰਾ ਮੰਦਰ ਦਏ ਸੁਹਾਈਆ। ਸ਼ਬਦ ਅਗੰਮੀ ਮਾਰ ਆਵਾਜ਼, ਸਾਚਾ ਢੋਲਾ ਏਕਾ ਗਾਈਆ। ਕਲਜੁਗ ਅੰਤਮ ਰਚਿਆ ਕਾਜ, ਕਰਤਾ ਪੁਰਖ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਧਰਨੀ ਕਹੇ ਮੇਰੇ ਘਰ ਪਰਕਾਸ਼, ਹਰਿ ਦੀਪਕ ਮਾਤ ਜਗਾਇਆ। ਮੇਰੀ ਪੂਰੀ ਹੋਈ ਆਸ, ਆਸਾ ਤ੍ਰਿਸਨਾ ਮੋਹ ਮਿਟਾਇਆ। ਮੇਰਾ ਲੇਖੇ ਲੱਗਾ ਸਵਾਸ, ਹਰਿ ਜੂ ਹਰਿ ਹਰਿ ਦਰਸਨ ਪਾਇਆ। ਮੇਰਾ ਲਹਿਣਾ ਮੁੱਕਾ ਬੰਦ ਖੁਲਾਸ, ਬੰਦੀਖਾਨਾ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਾਚੀ ਦਇਆ ਆਪ ਕਮਾਇਆ। ਧਰਨੀ ਕਹੇ ਮੈਨੂੰ ਚੜ੍ਹਿਆ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਮੇਰੀ ਸੇਜ ਬਣੀ ਪਲੰਘ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਇਆ ਲੰਘ, ਰੂਪ ਅਨੂਪ ਧਰਾਈਆ। ਕਰ ਪਰਕਾਸ਼ ਚੜ੍ਹਾਏ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੇਰਾ ਮਿਲਿਆ ਮੀਤ, ਹਰਿ ਸੱਜਣ ਸੱਚਾ ਪਾਇਆ। ਜਿਸ ਦੇ ਗਾਉਂਦੀ ਰਹੀ ਗੀਤ, ਗਾ ਗਾ ਜੁਗ ਜੁਗ ਵਕਤ ਲੰਘਾਇਆ। ਜਿਸ ਨੂੰ ਲੱਭਦੇ ਮੰਦਰ ਵਿਚ ਮਸੀਤ, ਸ਼ਿਵਦਵਾਲੇ ਮੱਠ ਫੇਰਾ ਪਾਇਆ। ਸੋ ਸਾਹਿਬ ਨਿਰਗੁਣ ਸਰਗੁਣ ਨਾਲ ਕਰੇ ਪ੍ਰੀਤ, ਪ੍ਰੀਤੀਵਾਨ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇਆ। ਧਰਨੀ ਕਹੇ ਮੇਰਾ ਤੁੱਟਾ ਮੋਹ, ਲੋਕਮਾਤ ਰਹਿਣ ਨਾ ਪਾਈਆ। ਪਾਰਬ੍ਰਹਮ ਪ੍ਰਭ ਚਰਨ ਗਿਆ ਛੋਹ, ਮਸਤਕ ਟਿੱਕਾ ਧੂੜੀ ਲਾਈਆ। ਏਕਾ ਬੀਜ ਲਿਆ ਬੋਅ, ਅੰਮ੍ਰਿਤ ਫਲ ਅੰਤ ਵਖਾਈਆ। ਏਕਾ ਢੋਲਾ ਸੋਹੰ ਸੋ, ਆਦਿ ਅੰਤ ਪੁਰਖ ਅਕਾਲ ਸਮਝਾਈਆ। ਏਕਾ ਅੰਤਰ ਆਤਮ ਚੋਅ, ਸਾਂਤਕ ਸਤਿ ਸਤਿ ਕਰਾਈਆ। ਏਕਾ ਪਰਕਾਸ਼ ਦੇਵੇ ਲੋਅ, ਲੋਆਂ ਪੁਰੀਆਂ ਪੰਧ ਮੁਕਾਈਆ। ਏਕਾ ਘਾਤ ਦੇਵੇ ਕੋਹ, ਜਗਤ ਵਿਕਾਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਧਰਨੀ ਕਹੇ ਮੇਰਾ ਮਿਟਿਆ ਦੁੱਖ, ਦੁੱਖ ਅਵਰ ਨਾ ਕੋਇ ਰਖਾਈਆ। ਮਿਲਿਆ ਹਰਿ ਨਾ ਮਾਨਸ ਨਾ ਮਾਨੁਖ, ਬੇਅੰਤ ਵਡ ਵਡਿਆਈਆ। ਆਪਣੇ ਨੂਰ ਬੈਠਾ ਲੁਕ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਇਕ ਦੂਜੇ ਤੋਂ ਰਹੀ ਪੁੱਛ, ਕਵਣ ਦੁਆਰ ਹਰਿ ਜੂ ਡੇਰਾ ਲਾਈਆ। ਬਿਨ ਹਰਿ ਨਾਮੇ ਖਾਲੀ ਦਿਸਣ ਬੁੱਤ, ਭੇਵ ਕੋਇ ਨਾ ਪਾਈਆ। ਲੇਖਾ ਜਾਣੇ ਅਬਿਨਾਸ਼ੀ ਅਚੁੱਤ, ਚੇਤਨ ਏਕਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਧਰਨੀ ਕਹੇ ਮੇਰਾ ਰੱਖਿਆ ਮਾਣ, ਮੈਂ ਨਿਮਾਣੀ ਦਏ ਵਡਿਆਈਆ। ਮੇਰੇ ਉਪਰ ਝੁਲਾਇਆ ਸਚ ਨਿਸ਼ਾਨ, ਸਚਖੰਡ ਦਏ ਵਖਾਈਆ। ਮੇਰੇ ਉਤੇ ਭਗਤ ਕਰ ਪਰਵਾਨ, ਭਗਵਨ ਆਪਣੇ ਰੰਗ ਰੰਗਾਈਆ। ਮੇਰੇ ਉਤੇ ਬਹਿ ਬਹਿ ਦੇਵੇ ਦਾਨ, ਦਾਤਾ ਦਾਨੀ ਸੇਵ ਕਮਾਈਆ। ਮੇਰੇ ਘਰ ਬਹਿ ਬਹਿ ਗਾਏ ਗਾਣ, ਗੀਤ ਗੋਬਿੰਦ ਇਕ ਅਲਾਈਆ। ਮੇਰੇ ਅੰਦਰ ਬਹਿ ਬਹਿ ਕਰੇ ਪਹਿਚਾਨ, ਜੁਗ ਵਿਛੜੇ ਮੇਲ ਮਿਲਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਈਆ। ਰਾਓ ਰੰਕ ਹੋਏ ਹੈਰਾਨ, ਰਾਜਨ ਰਾਜ ਨੈਣ ਸ਼ਰਮਾਈਆ। ਪਰਗਟ ਹੋਇਆ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਨਾਲ ਲਿਆਈਆ। ਕੋਈ ਨਾ ਸਕੇ ਮਾਤ ਪਛਾਣ, ਭਰਮੇ ਭੁੱਲੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੇਰਾ ਹੌਲਾ ਭਾਰ, ਹੋਲੀ ਹੌਲੀ ਰਿਹਾ ਕਰਾਈਆ। ਦਿਵਸ ਰੈਣ ਕਰੇ ਵਿਚਾਰ, ਘੜੀ ਪਲ ਵੰਡ ਵੰਡਾਈਆ। ਕਰੇ ਖੇਲ ਅਗੰਮ ਅਪਾਰ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਸਚ ਮਹੱਲ ਕਰ ਤਿਆਰ, ਮੇਰੀ ਗੋਦੀ ਗੋਦ ਵਡਿਆਈਆ। ਭਗਤ ਭਗਵੰਤ ਅੰਦਰ ਵਾੜ, ਸਾਚੇ ਸੰਤ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਦੁਖੜਾ ਦਏ ਗਵਾਈਆ। ਧਰਨੀ ਕਹੇ ਮੇਰੀ ਪੂਰੀ ਆਸ, ਆਸਾ ਪੁੰਨੀ ਖ਼ੁਸ਼ੀ ਮਨਾਈਆ। ਜੁਗ ਚੌਕੜੀ ਬੁਝੀ ਪਿਆਸ, ਰਸਨਾ ਜਿਹਵਾ ਨਾ ਕੋਇ ਧਿਆਈਆ। ਲੇਖਾ ਲੱਗਾ ਪ੍ਰਿਥਮੀ ਆਕਾਸ਼, ਅਕਲ ਕਲ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਹਿਮਤ ਆਪ ਕਮਾਈਆ। ਧਰਨੀ ਕਹੇ ਮੇਰੇ ਉਤੇ ਹੋਇਆ ਰਹਿਮ, ਰਹਿਮਤ ਹਰਿ ਕਮਾਈਆ। ਜੁਗ ਚੌਕੜੀ ਰਹੀ ਸਹਿਮ, ਭੈ ਭੌ ਡਰਾਈਆ। ਭਗਤਾਂ ਸੰਗ ਮੈਂ ਹੋਈ ਕਾਇਮ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਮੁਕਾਈਆ। ਧਰਨੀ ਕਹੇ ਮਿਲਿਆ ਸਹਾਰਾ, ਓਟ ਅਕਾਲ ਤਕਾਈਆ। ਦਰ ਠਾਂਡਾ ਵੇਖ ਪਰਵਰਦਿਗਾਰਾ, ਵਾਹਿਦ ਆਪਣਾ ਨਾਉਂ ਜਣਾਈਆ । ਚਾਰ ਜੁਗ ਦਾ ਜਗਤ ਨਗਾਰਾ, ਜੁਗ ਕਰਤਾ ਵੇਖ ਵਖਾਈਆ। ਏਕਾ ਅੱਖਰ ਹੋਏ ਉਜਿਆਰਾ, ਨੇਤਰ ਨੈਣ ਕਰੇ ਰੁਸ਼ਨਾਈਆ। ਮੇਰੇ ਉਪਰ ਲੱਗਾ ਇਕ ਅਖਾੜਾ, ਭਗਤ ਭਗਵੰਤ ਨਾਚ ਨਚਾਈਆ। ਮੇਰੇ ਉਤੇ ਸੋਹੇ ਸਾਚਾ ਲਾੜਾ, ਦੂਲ੍ਹੇ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। ਧਰਨੀ ਕਹੇ ਮੇਰੇ ਉਪਰ ਦੂਲ੍ਹਾ, ਸਾਚਾ ਰੰਗ ਵਖਾਈਆ। ਲੋਕਮਾਤ ਫਲਿਆ ਫੂਲਾ, ਪੱਤ ਡਾਲ੍ਹੀ ਨਾਲ ਰਲਾਈਆ। ਪਰੇਮ ਅਵੱਲੜਾ ਝੂਲੇ ਝੂਲਾ, ਸਚ ਹੁਲਾਰ ਰਖਾਈਆ। ਲਹਿਣਾ ਦੇਣਾ ਚੁੱਕੇ ਮੂਲਾ, ਪਿਛਲੀ ਗਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਧਰਨੀ ਕਹੇ ਮੇਰਾ ਮੁੱਕਾ ਲੇਖਾ, ਲੇਖਾ ਅੰਤ ਕਰਾਈਆ। ਜੁਗ ਚੌਕੜੀ ਰਿਹਾ ਭਰਮ ਭੁਲੇਖਾ, ਗੁਰ ਅਵਤਾਰ ਸੇਵ ਕਮਾਈਆ। ਅੰਤਮ ਕਰਦੇ ਰਹੇ ਆਦੇਸਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਧਰਨੀ ਕਹੇ ਮੇਰੀ ਆਸਾ ਪੁੰਨੀ, ਆਸਾਵੰਦ ਪੂਰ ਕਰਾਈਆ। ਕਲਜੁਗ ਕੂੜ ਚੋਟੀ ਮੁੰਨੀ, ਦੁੱਖ ਦਲਿੱਦਰ ਕਰੇ ਸਫ਼ਾਈਆ। ਹਰਿ ਕਾ ਭੇਵ ਨਾ ਜਾਣੇ ਕੋਇ ਗੁਣੀ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਧਰਨੀ ਕਹੇ ਮੇਰਾ ਸੋਹੇ ਘਰ, ਘਰ ਵਿਚ ਵੱਜੇ ਵਧਾਈਆ। ਜਿਸ ਡਿਠਿਆ ਜਾਈਏ ਤਰ, ਤਿਸ ਮਿਲੇ ਮਾਣ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਲਹਿਣਾ ਸਰਬ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜ਼ਿਮੀਂ ਅਸਮਾਨ, ਸਭ ਦੀ ਜਾਮਨੀ ਆਪ ਰਖਾਈਆ।