Granth 11 Likhat 097: 13 Faggan 2018 Bikarmi Hardi Singh de Greh Itarsi

੧੩ ਫੱਗਣ ੨੦੧੮ ਬਿਕ੍ਰਮੀ ਹਰਦਿਤ ਸਿੰਘ ਦੇ ਗ੍ਰਹਿ ਇਟਾਰਸੀ

ਜਗਤ ਜਗ ਖੇਲ ਅਪਾਰਾ, ਜਨਮ ਜਨਮ ਭੇਵ ਚੁਕਾਈਆ। ਰਾਤੀ ਰੁੱਤੀ ਥਿਤੀ ਵਾਰਾ, ਘੜੀ ਪਲ ਦਿਵਸ ਰੈਣ ਮਾਸ ਬਰਖ ਲੇਖੇ ਲਾਈਆ। ਆਤਮ ਪਰਮਾਤਮ ਖੇਲ ਨਿਆਰਾ, ਹਰਿ ਨਿਰੰਕਾਰਾ ਆਪ ਕਰਾਈਆ। ਲੱਖ ਚੁਰਾਸੀ ਬਣ ਠਠਿਆਰਾ, ਘੜ ਘੜ ਭਾਂਡੇ ਵੇਖ ਵਖਾਈਆ। ਮਾਨਸ ਮਾਨੁਖ ਦਏ ਅਧਾਰਾ, ਮਾਨਵ ਆਪਣੇ ਰੰਗ ਰੰਗਾਈਆ। ਤੱਤਵ ਤੱਤ ਦਏ ਸਹਾਰਾ, ਤ੍ਰੈਗੁਣ ਆਪਣਾ ਬੰਧਨ ਪਾਈਆ। ਪੰਜ ਤੱਤ ਤੱਤ ਅਖਾੜਾ, ਜਗਤ ਵਾਸਨਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਜ ਤੱਤ ਤ੍ਰੈਗੁਣ ਨਾਤਾ, ਪੰਚਮ ਮੀਤਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਖੇਲ ਤਮਾਸ਼ਾ, ਜੋਤੀ ਜਾਤਾ ਵੇੇਖ ਵਖਾਇੰਦਾ। ਨਾਮ ਨਿਧਾਨ ਅਗੰਮੀ ਗਾਥਾ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਸ਼ਬਦੀ ਸ਼ਬਦ ਚਲਾਏ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਲੇਖਾ ਜਾਣ ਤ੍ਰੈਲੋਕੀ ਨਾਥਾ, ਤ੍ਰੈ ਤ੍ਰੈ ਆਪਣਾ ਰੰਗ ਵਖਾਇੰਦਾ। ਆਦਿ ਜੁਗਾਦੀ ਇਕ ਇਕਾਂਤਾ, ਸਚਖੰਡ ਸਾਚੇ ਸੋਭਾ ਪਾਇੰਦਾ। ਜੁਗਾ ਜੁਗੰਤਰ ਪੁਛੇ ਵਾਤਾ, ਜਨ ਭਗਤਾਂ ਮੇਲ ਮਿਲਾਇੰਦਾ। ਚਰਨ ਕਵਲ ਬੰਧਾਏ ਨਾਤਾ, ਲੋਕਮਾਤ ਜੋੜ ਜੁੜਾਇੰਦਾ। ਸਦਾ ਸੁਹੇਲਾ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਅੱਖਰ ਵੱਖਰ ਪੂਜਾ ਪਾਠਾ, ਹਰਿ ਹਰਿ ਨਾਮ ਪੜ੍ਹਾਇੰਦਾ। ਸਰਬ ਜੀਆ ਘਟ ਕਰ ਕਰ ਵਾਸਾ, ਗ੍ਰਹਿ ਗ੍ਰਹਿ ਖੋਜ ਖੁਜਾਇੰਦਾ। ਨਿਰਮਲ ਦੀਆ ਕਰ ਪਰਕਾਸ਼ਾ, ਜੋਤ ਨਿਰੰਜਣ ਆਪ ਜਗਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸ਼ਾ, ਗਗਨ ਮੰਡਲ ਸੋਭਾ ਪਾਇੰਦਾ। ਰਵ ਸਸ ਦਾਸੀ ਦਾਸਾ, ਸੂਰਜ ਚੰਦ ਨੂਰ ਚਮਕਾਇੰਦਾ। ਹਰਿਜਨ ਹਰਿ ਜੂ ਪੂਰੀ ਕਰੇ ਆਸਾ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸਚ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਹਰਿਜਨ ਮੇਲਾ ਆਦਿ ਨਿਰੰਜਣਾ, ਜੋਤ ਨਿਰੰਜਣ ਵੇਖ ਵਖਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਏਕੰਕਾਰਾ ਏਕਾ ਪਾਏ ਨਾਮ ਅੰਜਣਾ, ਨੇਤਰ ਗਿਆਨ ਇਕ ਖੁਲ੍ਹਾਈਆ। ਆਤਮ ਪਰਮਾਤਮ ਸਾਚਾ ਸਜਣਾ, ਸਾਕ ਸੈਣ ਇਕ ਹੋ ਆਈਆ। ਸਾਚੇ ਮੰਦਰ ਇਕ ਅਨੰਦਨਾ, ਅਨੰਦ ਅਨੰਦ ਸਮਾਈਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸੱਚਾ ਰਾਮ, ਹਰ ਘਟ ਰਿਹਾ ਸਮਾਈਆ। ਜੁਗ ਜੁਗ ਜਾਣੇ ਆਪਣਾ ਕਾਮ, ਕਰਨੀ ਕਰਤਾ ਸੇਵ ਕਮਾਈਆ। ਕਾਇਆ ਖੇੜੇ ਵਸੇ ਨਗਰ ਗਰਾਮ, ਸਾਚੇ ਮੰਦਰ ਡੇਰਾ ਲਾਈਆ। ਅੰਮ੍ਰਿਤ ਆਤਮ ਨਿਝਰ ਦੇਵੇ ਜਾਮ, ਭਰ ਪਿਆਲਾ ਇਕ ਪਿਆਈਆ। ਮੇਟੇ ਰੈਣ ਅੰਧੇਰੀ ਸ਼ਾਮ, ਜੋਤੀ ਨੂਰ ਕਰ ਰੁਸ਼ਨਾਈਆ। ਏਕਾ ਨਜ਼ਰੀ ਆਏ ਸ਼ਾਮ, ਘਨਈਆ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਥਾਨ ਥਨੰਤਰ ਹਰਿ ਹਰਿ ਕਾਰ, ਹਰੀ ਹਰਿ ਨਰ ਨਰਾਇਣ ਆਪ ਕਰਾਇੰਦਾ। ਲਖਮੀ ਖੇਲ ਕਰੇ ਕਰਤਾਰ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇੰਦਾ। ਨੌਂ ਖੰਡ ਪ੍ਰਿਥਮੀ ਹੋ ਉਜਿਆਰ, ਸੱਤ ਦੀਪ ਭੇਵ ਚੁਕਾਇੰਦਾ। ਚੌਦਾਂ ਤਬਕ ਪਾਵੇ ਸਾਰ, ਚੌਦਾਂ ਲੋਕ ਹੱਟ ਵਖਾਇੰਦਾ। ਚੌਦਾਂ ਵਿਦਿਆ ਕਰ ਤਿਆਰ, ਗੁਣ ਅਵਗੁਣ ਆਪ ਸਮਝਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਨਿਰਗੁਣ ਆਪਣੇ ਰੰਗ ਸਮਾਇੰਦਾ। ਜਨ ਭਗਤਾਂ ਕਰੇ ਸਚ ਪਿਆਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਕਲਜੁਗ ਅੰਤਮ ਵੇਖੇ ਵਿਗਸੇ ਵੇਖਣਹਾਰ, ਰੂਪ ਅਨੂਪ ਸਤਿ ਸਰੂਪ ਅਨਡਿਠੜੀ ਖੇਲ ਕਰਾਇੰਦਾ। ਵਸਣਹਾਰਾ ਚਾਰੋਂ ਕੁੰਟ, ਦਹਿ ਦਿਸ਼ਾ ਫੇਰੀ ਪਾਇੰਦਾ। ਜਿਸ ਜਨ ਉਪਰ ਜਾਏ ਤੁਠ, ਆਪ ਆਪਣਾ ਭੇਵ ਖੁਲ੍ਹਾਇੰਦਾ। ਲੇਖਾ ਜਾਣੇ ਕਾਇਆ ਕਲਬੂਤ, ਕਾਇਆ ਕਾਅਬਾ ਫੋਲ ਫੁਲਾਇੰਦਾ। ਸਰਗੁਣ ਦੇਵੇ ਸਚ ਸਬੂਤ, ਨਿਰਗੁਣ ਆਪਣਾ ਰੂਪ ਦਰਸਾਇੰਦਾ। ਨਾਤਾ ਤੋੜ ਜੂਠ ਝੂਠ, ਸਚ ਸੁੱਚ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਇਕੋ ਘਰ, ਪੰਜ ਤੱਤ ਕਾਇਆ ਮੰਦਰ ਦਏ ਵਡਿਆਈਆ। ਜਗਤ ਵਾਸਨਾ ਜਾਏ ਹਰ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾਈਆ। ਆਸਾ ਤ੍ਰਿਸਨਾ ਚੁੱਕੇ ਡਰ, ਭਾਂਡਾ ਭਰਮ ਭੌ ਭੰਨਾਈਆ। ਨੌਂ ਦੁਆਰੇ ਪਾਰ ਕਰ, ਸੁਖਮਨ ਟੇਢੀ ਬੰਕ ਲੰਘਾਈਆ। ਈੜਾ ਪਿੰਗਲ ਸਰਨ ਸਰਨਾਈ ਜਾਏ ਪੜ, ਤ੍ਰਿਕੁਟੀ ਛੁੱਟੀ ਆਪਣੀ ਬੂਝ ਬੁਝਾਈਆ। ਨੂਰ ਉਜਾਲਾ ਇਕੋ ਕਰ, ਜੋਤੀ ਜੋਤ ਜੋਤ ਰੁਸ਼ਨਾਈਆ। ਅਨਹਦ ਨਾਦ ਮਰਦੰਗਾ ਵੱਜੇ ਘਰ, ਤਾਲ ਤਾਲ ਨਾਲ ਮਿਲਾਈਆ। ਸਚ ਸਰੋਵਰ ਨੁਹਾਏ ਸਾਚੇ ਸਰ, ਅੰਮ੍ਰਿਤ ਆਤਮ ਦਏ ਵਖਾਈਆ। ਸਹੰਸ ਸਹੰਸਾ ਪਾਰ ਕਰ, ਕਵਲ ਕਵਲਾ ਦਏ ਵਡਿਆਈਆ। ਬਜਰ ਕਪਾਟੀ ਤੋੜ ਗੜ੍ਹ, ਸਾਚਾ ਮੰਦਰ ਲਏ ਖੁਲ੍ਹਾਈਆ। ਸਾਚੀ ਸੇਜਾ ਆਪੇ ਚੜ੍ਹ, ਬ੍ਰਹਮ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਪ੍ਰਭ ਖੇਲ ਕਰ, ਈਸ਼ ਜੀਵ ਖ਼ੁਸ਼ੀ ਮਨਾਈਆ। ਸੁੰਨ ਅਗੰਮੀ ਆਪੇ ਵੜ, ਆਪਣਾ ਮੁਖ ਛੁਪਾਈਆ। ਆਪਣੀ ਕਿਰਪਾ ਆਪੇ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਲਗਾਏ ਆਪਣੇ ਲੜ, ਸੂਰਜ ਚੰਨ ਆਪਣੇ ਹੇਠ ਦਬਾਈਆ। ਸਾਗੋਂ ਪਾਂਗ ਬਾਸ਼ਕ ਤਸ਼ਕਾ ਸਾਚੀ ਸੇਜ ਵੇਖੇ ਨਰ, ਨਰ ਨਰਾਇਣ ਖ਼ੁਸ਼ੀ ਮਨਾਈਆ। ਥਿਰ ਘਰ ਦੁਆਰੇ ਖੋਲ੍ਹ ਕਿਵਾੜ, ਅਲਖ ਨਿਰੰਜਣ ਏਕਾ ਅਲਖ ਜਗਾਈਆ। ਸੁਤ ਦੁਲਾਰਾ ਸਰਨ ਸਰਨਾਈ ਜਾਏ ਪੜ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਧਾਰ ਬਲ, ਬਲ ਆਪਣਾ ਆਪ ਦਏ ਸਮਝਾਈਆ। ਸਚਖੰਡ ਦੁਆਰੇ ਆਪੇ ਵੜ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਈਆ। ਵੇਖੇ ਪਰਕਾਸ਼ ਏਕਾ ਘਰ, ਜੋਤੀ ਜੋਤ ਡਗਮਗਾਈਆ। ਅਲੱਖ ਅਗੰਮ ਅਗੋਚਰ ਖੇਲ ਕਰ, ਧਾਰ ਧਾਰ ਨਾਲ ਸਮਾਈਆ। ਸ਼ਾਹੋ ਭੂਪ ਆਪੇ ਬਣ, ਤਖ਼ਤ ਨਿਵਾਸੀ ਨਾਉਂ ਰਖਾਈਆ। ਸੀਸ ਜਗਦੀਸ ਤਾਜ ਧਰ, ਹੁਕਮੀ ਹੁਕਮ ਆਪ ਸੁਣਾਈਆ। ਨਿਰਗੁਣ ਨਿਰਗੁਣ ਵੇਸ ਹਰਿ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਆਪਣੀ ਰਚਨਾ ਵੇਖੇ ਖੜ, ਜੁਗ ਜੁਗ ਆਪਣਾ ਰਾਹ ਚਲਾਈਆ। ਨਿਰਗੁਣ ਸਰਗੁਣ ਦੇਵੇ ਵਰ, ਲੋਕਮਾਤ ਫੇਰਾ ਪਾਈਆ। ਸੰਤ ਸੁਹੇਲੇ ਲਏ ਫੜ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਆਰਤੀ ਹਵਨ, ਪੂਜਾ ਪਾਠ ਪਾਠ ਸਮਝਾਇੰਦਾ। ਆਪੇ ਸਭ ਮੈਂ ਰਿਹਾ ਗਵਨ, ਦਿਸ ਕਿਸੇ ਨਾ ਆਇੰਦਾ। ਆਪੇ ਸਚ ਸੁਗੰਧੀ ਹੋਏ ਹਵਨ, ਧੂਪ ਦੀਪ ਮਾਲਾ ਆਪ ਫੁਲਨ ਅਖਵਾਇੰਦਾ। ਆਪੇ ਤੁਲਸੀ ਆਪੇ ਚੰਦਨ, ਚੰਦੀ ਮਸਤਕ ਟਿੱਕਾ ਆਪ ਲਗਾਇੰਦਾ। ਆਪੇ ਜਾਣੇ ਖਾਨਾ ਬੰਦੀ, ਬੰਦੀਖਾਨਾ ਆਪ ਤੁੜਾਇੰਦਾ। ਆਪੇ ਗੀਤ ਸੁਹਾਗੀ ਛੰਦੀ, ਵਾਹ ਵਾ ਆਪਣਾ ਢੋਲਾ ਆਪ ਸੁਣਾਇੰਦਾ। ਆਪੇ ਖੇਲ ਕਰੇ ਵਰਭੰਡੀ, ਬ੍ਰਹਿਮੰਡੀ ਖੋਜ ਖੋਜਾਇੰਦਾ। ਲੱਖ ਚੁਰਾਸੀ ਜੀਵ ਜੰਤ ਬਿਨ ਪਰਮਾਤਮ ਆਤਮ ਹੋਈ ਅੰਧੀ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜਗਤ ਵਿਕਾਰਾ ਵਾਸਨਾ ਗੰਦੀ, ਸਚ ਸੁਗੰਧੀ ਨਾ ਕੋਇ ਰਖਾਇੰਦਾ। ਚਾਰੋਂ ਕੁੰਟ ਭੇਖ ਪਖੰਡੀ, ਕਲਜੁਗ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ । ਹਰਿਜਨ ਤੇਰਾ ਚੁਕੇ ਉਹਲਾ, ਸ੍ਰੀ ਭਗਵਾਨ ਆਪ ਚੁਕਾਈਆ। ਪੰਜ ਤੱਤ ਕਾਇਆ ਵੇਖੇ ਚੋਲਾ, ਨਗਰ ਖੇੜਾ ਸੋਭਾ ਪਾਈਆ। ਅੰਦਰ ਮੰਦਰ ਬਹਿ ਬਹਿ ਗਾਏ ਢੋਲਾ, ਗੀਤ ਅਨਾਦੀ ਇਕ ਸੁਣਾਈਆ। ਮਨ ਵਾਸਨਾ ਨਾ ਪਾਏ ਰੌਲਾ, ਮਨ ਮਨਸਾ ਦਏ ਖਪਾਈਆ। ਨਜ਼ਰੀ ਆਏ ਸਾਵਲ ਸਵਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਮੂਲ ਚੁਕਾਈਆ। ਹਰਿਜਨ ਲਹਿਣਾ ਚੁੱਕੇ ਮੂਲ, ਅਨਮੁਲ ਆਪ ਚੁਕਾਇੰਦਾ। ਲੇਖਾ ਜਾਣੇ ਸ਼ੰਕਰ ਤ੍ਰਿਸੂਲ, ਜਟਾ ਜੂਟ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਾਹਿਬ ਸੁਲਤਾਨ ਸਚ ਅਸੂਲ, ਅਸਲੀਅਤ ਆਪਣੇ ਹੱਥ ਰਖਾਇੰਦਾ। ਬ੍ਰਹਮ ਮੇਲਾ ਪਾਰਬ੍ਰਹਮ ਕੰਤ ਕੰਤੂਹਲ, ਨਾਰੀ ਕੰਤ ਵੇਸ ਵਟਾਇੰਦਾ। ਵਿਸ਼ਨੂੰ ਵਿਸ਼ਵ ਵਾਸਤਕ ਝੂਲਾ ਲਏ ਝੂਲ, ਸਚ ਹੁਲਾਰਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣਹਾਰਾ ਇਕ ਗੁਰਦੇਵ, ਨਮੋ ਨਮੋ ਨਮੋ ਵਡਿਆਈਆ। ਜਨਮ ਜਨਮ ਦੀ ਜਾਣੇ ਸੇਵ, ਪੂਰਬ ਲੇਖਾ ਝੋਲੀ ਪਾਈਆ। ਦਾਤਾ ਦਾਨੀ ਵਡ ਦੇਵੀ ਦੇਵ, ਦੇਵਤ ਸੁਰ ਲਏ ਮਿਲਾਈਆ। ਜਗਤ ਮਿਲਾਵਾ ਇਕ ਨੇਹਕੇਵ, ਨਿਹਚਲ ਧਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਹਰਿ ਸ਼ਬਦ ਸੱਚੀ ਕੁੜਮਾਈਆ। ਸ਼ਬਦ ਕੁੜਮਾਈ ਜੁੜਿਆ ਜੋੜ, ਸੁਰਤੀ ਸ਼ਬਦ ਬੰਧਾਇਆ। ਨਿਰਗੁਣ ਸਰਗੁਣ ਇਕੋ ਲੋੜ, ਬਣ ਵਿਚੋਲਾ ਖੇਲ ਕਰਾਇਆ। ਦੋ ਜਹਾਨਾਂ ਵਾਲੀ ਘਰ ਘਰ ਦਰ ਦਰ ਜਾਏ ਬੌਹੜ, ਆਪ ਆਪਣਾ ਪੰਧ ਮੁਕਾਇਆ। ਜਨਮ ਜਨਮ ਦੀ ਟੁੱਟੀ ਗੰਢੇ ਡੋਰ, ਬਣ ਸੇਵਕ ਸੇਵ ਕਮਾਇਆ। ਨਾਤਾ ਤੋੜ ਮੜ੍ਹੀ ਗੋਰ, ਆਪ ਆਪਣੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਲਏ ਤਰਾਇਆ। ਤਾਰਨਹਾਰਾ ਏਕੰਕਾਰ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਕਾਇਆ ਮੰਦਰ ਅੰਦਰ ਵੇਖੇ ਡੂੰਘੀ ਗਾਰ, ਅੰਧੇਰੀ ਭਵਰੀ ਫੇਰਾ ਪਾਈਆ। ਕਿਰਪਾ ਨਿਧ ਠਾਕਰ ਸਵਾਮੀ ਲਏ ਉਭਾਰ, ਸਿਰ ਆਪਣਾ ਹੱਥ ਟਿਕਾਈਆ। ਮਾਨਸ ਜਨਮ ਜਨਮ ਸਵਾਰ, ਜਨ ਭਗਤਾਂ ਪੈਜ ਬਧਾਈਆ। ਕਾਗਜ ਕਲਮ ਲਿਖ ਲਿਖ ਗਏ ਹਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਬਸੁਧਾ ਆਪਣਾ ਆਪ ਕਰ ਪਸਾਰ, ਆਪਣਾ ਬਲ ਗਈ ਗਵਾਈਆ। ਸਮੁੰਦ ਸਾਗਰ ਰੋਵਣ ਜ਼ਾਰੋ ਜ਼ਾਰ, ਮਸ ਲੇਖਾ ਨਾ ਕੋਇ ਜਣਾਈਆ। ਬਨਾਸਪਤ ਡਿਗੇ ਮੂੰਹ ਦੇ ਭਾਰ, ਨੇਤਰ ਨੈਣ ਨਾ ਕੋਇ ਉਠਾਈਆ। ਗੁਰ ਅਵਤਾਰ ਕਰਨ ਪੁਕਾਰ, ਬੇਅੰਤ ਤੇਰੀ ਵਡਿਆਈਆ। ਪੁਰਖ ਅਬਿਨਾਸ਼ੀ ਕਹੇ ਮੇਰਾ ਇਕੋ ਇਕ ਪਿਆਰ, ਜਨ ਭਗਤਾਂ ਮੇਲ ਮਿਲਾਈਆ। ਕਲਜੁਗ ਅੰਤਮ ਲਏ ਅਵਤਾਰ, ਨਿਰਗੁਣ ਨਿਰਾਕਾਰ ਸਾਕਾਰ ਵੇਖੇ ਚਾਈਂ ਚਾਈਂਆ । ਜੁਗ ਜੁਗ ਵਿਛੜੇ ਮੇਲੇ ਮੇਲਣਹਾਰ, ਮਿਲ ਮਿਲ ਸਖੀਆਂ ਮੰਗਲ ਗਾਈਆ। ਗੀਤ ਗੋਬਿੰਦ ਆਪ ਉਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਮਾਣ ਇਕ ਦੁਆਰ, ਦਰ ਦੁਆਰਕਾ ਇਕ ਵਖਾਇੰਦਾ। ਸੋਭਾਵੰਤ ਵੰਤ ਕਰਤਾਰ, ਸ੍ਰੀ ਭਗਵੰਤ ਖੇਲ ਕਰਾਇੰਦਾ। ਮਣੀਆ ਮੰਤ ਮੰਤ ਜੈਕਾਰ, ਜੈ ਜੈਕਾਰ ਸ਼ਬਦ ਅਲਾਇੰਦਾ। ਬਣਾਏ ਬਣਤ ਵਿਚ ਸੰਸਾਰ, ਬਸਨ ਬਨਵਾਰੀ ਰੂਪ ਵਟਾਇੰਦਾ। ਪੂਰਬ ਲਹਿਣਾ ਕਰਮ ਵਿਚਾਰ, ਸਾਚੇ ਨੈਣਾਂ ਨੈਣ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਦਰ ਸਾਚਾ ਆਪ ਸੁਹਾਇੰਦਾ। ਦਰ ਸੱਚਾ ਸੋਹੇ ਦਰਬਾਰ, ਦਰ ਦਰ ਵੱਜੇ ਵਧਾਈਆ। ਹਰਿਜਨ ਮੇਲਾ ਮੀਤ ਮੁਰਾਰ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤ ਅਕਾਲਣ ਬਣ ਦਲਾਲਣ ਲੋਕਮਾਤ ਬਣੇ ਸੇਵਾਦਾਰ, ਬਣ ਸੁਘੜ ਸੁਚੱਜੀ ਸੁਆਣੀ ਸੇਵ ਕਮਾਈਆ। ਗੁਰਮੁਖ ਵੇਖੇ ਮੀਤ ਮੁਰਾਰ, ਚਾਰੋਂ ਕੁੰਟ ਨੈਣ ਉਘਾੜ ਦਹਿ ਦਿਸ਼ਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੋਤ ਅਕਾਲਣ ਬਣ ਨਿਮਾਣੀ, ਲੋਕਮਾਤ ਵੇਸ ਵਟਾਇਆ। ਗੁਰਮੁਖ ਲੱਭੇ ਸੱਚਾ ਹਾਣੀ, ਦਰ ਦਰ ਫੇਰਾ ਪਾਇਆ। ਏਕਾ ਬਖ਼ਸ਼ੇ ਅੰਮ੍ਰਿਤ ਠੰਡਾ ਪਾਣੀ, ਪਰੇਮ ਪਿਆਲਾ ਹੱਥ ਉਠਾਇਆ। ਮੈਂ ਗਾਵਾਂ ਉਹਦੀ ਸਚ ਕਹਾਣੀ, ਕਹਿ ਕਹਿ ਆਪਣਾ ਸ਼ੁਕਰ ਮਨਾਇਆ। ਗੁਰਮੁਖ ਦਰ ਜਾਏ ਬਣਾਂ ਸਾਚੀ ਰਾਣੀ, ਸੀਸ ਤਾਜ ਇਕ ਸੁਹਾਇਆ। ਨਾਤਾ ਤੁਟੇ ਚਾਰੇ ਖਾਣੀ, ਚਾਰੇ ਬਾਣੀ ਮਾਣ ਚੁਕਾਇਆ। ਮਿਲੇ ਪਦ ਪਦ ਨਿਰਬਾਣੀ, ਸਚ ਮਹੱਲ ਸੋਭਾ ਪਾਇਆ। ਓਥੇ ਰਲ ਮਿਲ ਗਾਈਏ ਅਕਥ ਕਹਾਣੀ, ਰਸਨਾ ਜਿਹਵਾ ਨਾ ਕੋਇ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਆਪਣਾ ਘਰ, ਆਪੇ ਮੇਲੇ ਆਪਣਾ ਵਰ, ਹਰਿਜਨ ਆਪਣਾ ਬੰਧਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਕਾਇਆ ਮੰਦਰ ਜਾਏ ਵੜ, ਸੋ ਮੰਦਰ ਆਪ ਸੁਹਾਇਆ।