੬ ਚੇਤ ੨੦੧੯ ਬਿਕ੍ਰਮੀ ਧਰਮ ਬੀਰ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਜੈ ਜੈਕਾਰ ਆਦਿ ਜੁਗਾਦਿ, ਹਰਿਜਨ ਹਰਿ ਜੂ ਆਪ ਕਰਾਇੰਦਾ। ਆਤਮ ਅੰਤਰ ਸਾਚੀ ਦਾਦ, ਨਾਮ ਨਿਧਾਨਾ ਝੋਲੀ ਪਾਇੰਦਾ। ਸ਼ਬਦ ਜਣਾਈ ਬੋਧ ਅਗਾਧ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਅਨਡਿਠੜਾ ਰਸ ਆਪ ਚਖਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਸਰਨ ਸਰਨਾਈ ਇਕ ਰਖਾਇੰਦਾ। ਭਗਤ ਸੁਹੇਲਾ ਕਰੇ ਲਾਡ, ਇਕ ਇਕੇਲਾ ਫੇਰਾ ਪਾਇੰਦਾ। ਜੁਗਾ ਜੁਗੰਤਰ ਰੱਖੇ ਯਾਦ, ਅਭੁਲ ਭੁਲ ਕਦੇ ਨਾ ਜਾਇੰਦਾ। ਲਖਮੀ ਨਰਾਇਣ ਮਾਧਵ ਮਾਧ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਜਣਾਇੰਦਾ। ਜੈ ਜੈਕਾਰ ਜਗਤ ਜੁਗ ਚਾਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਲੇਖਾ ਜਾਣੇ ਬਾਣੀ ਚਾਰ, ਚਾਰੇ ਖਾਣੀ ਰੰਗ ਰੰਗਾਇੰਦਾ। ਰਸਨਾ ਜਿਹਵਾ ਕਰ ਪੁਕਾਰ, ਨਾਦੀ ਨਾਦ ਧੁਨ ਪਰਗਟਾਇੰਦਾ। ਕਾਗਦ ਕਲਮ ਲਿਖ ਲਿਖ ਲੇਖਾ ਦਏ ਸੰਭਾਲ, ਜੀਵਣ ਜੁਗਤ ਜਗਤ ਚਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਜੈ ਜੈਕਾਰ ਸਰਬ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਜੈ ਜੈਕਾਰ ਗੁਰੂ ਗੁਰਦੇਵ, ਦੇਵਤ ਦੇਵ ਸੀਸ ਝੁਕਾਈਆ। ਅਲਖ ਅਗੋਚਰ ਅਗੰਮ ਅਭੇਵ, ਅਲਖ ਅਲਖਨਾ ਸੱਚਾ ਸ਼ਹਿਨਸ਼ਾਹੀਆ। ਜੁਗ ਜੁਗ ਜਨ ਭਗਤਾਂ ਲਗਾਏ ਸਾਚਾ ਨੇਹੋਂ, ਨਾਤਾ ਬਿਧਾਤਾ ਜੋੜ ਜੁੜਾਈਆ। ਅੰਮ੍ਰਿਤ ਆਤਮ ਬਰਸੇ ਮੇਹੋਂ, ਮੇਘਲਾ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਸੁਣਾਈਆ। ਜੈ ਜੈਕਾਰ ਵੱਜੇ ਨਾਦ, ਹਰਿ ਅਨਾਦੀ ਆਪ ਵਜਾਇੰਦਾ। ਜੈ ਜੈਕਾਰ ਹੋਏ ਬ੍ਰਹਿਮਾਦ, ਵਿਸ਼ਨ ਬ੍ਰਹਮਾ ਸ਼ਿਵ ਹਰਿ ਜਸ ਗਾਇੰਦਾ। ਜੈ ਜੈਕਾਰ ਸੰਤ ਸਾਧ, ਸੰਤ ਸਾਜਣ ਢੋਲਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਇਕ ਸੁਣਾਇੰਦਾ। ਸਚ ਜੈਕਾਰਾ ਏਕਾ ਨਾਉਂ, ਨਰ ਨਿਰੰਕਾਰਾ ਹਰਿ ਜਣਾਈਆ। ਜੁਗਾ ਜੁਗੰਤਰ ਲੱਖ ਚੁਰਾਸੀ ਵੇਖੇ ਥਾਈਂ ਥਾਉਂ, ਥਾਨ ਥਨੰਤਰ ਬੈਠਾ ਸੱਚਾ ਮਾਹੀਆ। ਹਰਿ ਸੰਤ ਸੁਹੇਲੇ ਪਕੜੇ ਆਪਣੀ ਬਾਂਹੋਂ, ਲੋਕਮਾਤ ਸੇਵ ਕਮਾਈਆ। ਸਿਰ ਰੱਖੇ ਠੰਡੀ ਛਾਉਂ, ਸਮਰਥ ਪੁਰਖ ਵਡ ਵਡਿਆਈਆ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਚੋਗ ਚੁਗਾਈਆ। ਆਪੇ ਪਿਤਾ ਆਪੇ ਮਾਉਂ, ਹਰਿਜਨ ਬਾਲ ਅਞਾਣੇ ਗੋਦ ਬਹਾਈਆ। ਨਿਮਾਣਿਆਂ ਦੇਵੇ ਸਾਚਾ ਥਾਉਂ, ਨਿਥਾਣਿਆਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਜਣਾਈਆ। ਜੈ ਜੈਕਾਰ ਇਕ ਰਘਨਾਥ, ਰਘਪਤ ਆਪਣੀ ਆਪ ਜਣਾਇੰਦਾ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਲੇਖਾ ਜਾਣੇ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਖੋਜ ਖੋਜਾਇੰਦਾ। ਨਾਮ ਨਿਧਾਨਾ ਨਿਰੰਤਰ ਗਾਥ, ਨਿਰੰਤਰ ਬ੍ਰਹਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਸੁਣਾਇੰਦਾ। ਜੈ ਜੈਕਾਰ ਸਚ ਸੰਗੀਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹਰਿ ਭਗਤਾਂ ਕਰੇ ਸਦਾ ਪ੍ਰੀਤ, ਨਿਤ ਨਵਿਤ ਵੇਸ ਵਟਾਈਆ। ਏਕੰਕਾਰਾ ਠਾਂਡਾ ਸੀਤ, ਸਚ ਸਿੰਘਾਸਣ ਆਸਣ ਲਾਈਆ। ਆਦਿ ਨਿਰੰਜਣ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਅਬਿਨਾਸ਼ੀ ਕਰਤਾ ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਬੈਠਾ ਆਸਣ ਲਾਈਆ। ਸ੍ਰੀ ਭਗਵਾਨ ਖੇਲ ਕਰੇ ਅਨਡੀਠ, ਲਿਖਣ ਪੜ੍ਹਣ ਵਿਚ ਕਦੇ ਨਾ ਆਈਆ। ਪਾਰਬ੍ਰਹਮ ਬ੍ਰਹਮ ਨਿਭਾਏ ਸਚ ਪ੍ਰੀਤ, ਪ੍ਰੀਤੀਵਾਨ ਇਕ ਅਖਵਾਈਆ। ਹਰਿਜਨ ਮੇਲਾ ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਮੱਠ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈ ਨਾਦ ਇਕ ਸੁਣਾਈਆ। ਜੈ ਜੈਕਾਰ ਵੱਜੇ ਧੁਨਕਾਰ, ਗ੍ਰਹਿ ਆਤਮ ਆਪ ਸੁਣਾਇੰਦਾ। ਨਿਰਗੁਣ ਸਰਗੁਣ ਕਰ ਪਿਆਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਡੂੰਘੀ ਭਵਰੀ ਪਾਵੇ ਸਾਰ, ਕਾਇਆ ਕਵਰੀ ਫੋਲ ਫੁਲਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਦੀਆ ਬਾਤੀ ਡਗਮਗਾਇੰਦਾ। ਆਤਮ ਸੇਜਾ ਕਰ ਤਿਆਰ, ਸਚ ਸਿੰਘਾਸਣ ਸੋਭਾ ਪਾਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਜੈ ਜੈਕਾਰ ਆਪ ਅਲਾਇੰਦਾ। ਛੱਤੀ ਰਾਗ ਨਾ ਪਾਵਣ ਸਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਇਕ ਰਖਾਇੰਦਾ। ਸਚ ਜੈਕਾਰਾ ਦੋ ਜਹਾਨ, ਨਿਰਗੁਣ ਸਰਗੁਣ ਆਪ ਜਣਾਈਆ। ਜੁਗ ਚੌਕੜੀ ਖੇਲ ਮਹਾਨ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਦੇਂਦਾ ਰਿਹਾ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਹੁਕਮੀ ਹੁਕਮ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਚ ਜੈਕਾਰਾ, ਗੁਰ ਅਵਤਾਰਾਂ ਆਪ ਸੁਣਾਇੰਦਾ। ਪੀਰ ਪੈਗ਼ੰਬਰਾਂ ਦੇ ਸਹਾਰਾ, ਸਾਚੀ ਵੰਡਣ ਵੰਡ ਵਖਾਇੰਦਾ। ਕਾਗਦ ਕਲਮ ਕਰ ਤਿਆਰਾ, ਸ਼ਾਹੀ ਸਾਚਾ ਮੇਲ ਮਿਲਾਇੰਦਾ। ਸ਼ਬਦੀ ਗੁਰ ਬਣ ਲਿਖਾਰਾ, ਮੇਲਾ ਲਿਖ ਲਿਖ ਸਰਬ ਸਮਝਾਇੰਦਾ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰਾ, ਖਾਣੀ ਬਾਣੀ ਰਾਗ ਅਲਾਇੰਦਾ। ਆਪਣਾ ਭੇਵ ਰੱਖੇ ਨਿਆਰਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਏਕਾ ਗਾਇੰਦਾ। ਸਚ ਜੈਕਾਰਾ ਗਾਏ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਾਚੇ ਭਗਤਾਂ ਦੇਵੇ ਗਿਆਨ, ਆਤਮ ਗਿਆਨ ਇਕ ਦਿਵਾਈਆ। ਸਾਚੇ ਸੰਤਾਂ ਦੇਵੇ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਈਆ। ਗੁਰਮੁਖ ਸਾਚੇ ਦਰ ਪਰਵਾਨ, ਗੁਰ ਗੁਰ ਮੇਲਾ ਸਹਿਜ ਸੁਭਾਈਆ। ਗੁਰਸਿਖਾਂ ਦੇਵੇ ਇਕ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਤੀਰ ਨਿਰਾਲਾ ਮਾਰੇ ਬਾਣ, ਸੋਹੰ ਮੁਖੀ ਮੁਖ ਲਗਾਈਆ। ਬਿਨ ਹਰਿ ਨਾਮੇ ਦੁਖੀ ਹੋਇਆ ਸਰਬ ਜਹਾਨ, ਜੀਵ ਜੰਤ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਜਨ ਭਗਤ ਤੇਰਾ ਜੈਕਾਰਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਲੋਕਮਾਤ ਦੇ ਸਹਾਰਾ, ਸਰਗੁਣ ਆਪਣਾ ਬੰਧਨ ਪਾਇੰਦਾ। ਨਿਰਗੁਣ ਖੇਲ ਕਰੇ ਨਿਰਾਕਾਰਾ, ਅਨਭਵ ਰੂਪ ਨਾ ਕੋਇ ਜਣਾਇੰਦਾ। ਕਾਇਆ ਮੰਦਰ ਅੰਦਰ ਹੋ ਉਜਿਆਰਾ, ਸਚ ਮਹੱਲੇ ਸੋਭਾ ਪਾਇੰਦਾ। ਅਨਹਦ ਨਾਦ ਸੱਚੀ ਧੁੰਨਕਾਰਾ, ਧੁਨ ਆਤਮਕ ਆਪ ਅਲਾਇੰਦਾ। ਦਿਵਸ ਰੈਣ ਇਕ ਖ਼ੁਮਾਰਾ, ਮਦਿ ਜਾਮ ਆਪ ਪਿਆਇੰਦਾ। ਦਰਸ ਦੇਵੇ ਅਗੰਮ ਅਪਾਰਾ, ਪਰਕਾਸ਼ ਪਰਕਾਸ਼ ਵਿਚ ਸਮਾਇੰਦਾ। ਹਰਿਜਨ ਤੇਰਾ ਇਕ ਜੈਕਾਰਾ, ਸੋਹੰ ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸਿਕਦਾਰਾ, ਸੀਸ ਜਗਦੀਸ ਏਕਾ ਤਾਜ ਟਿਕਾਇੰਦਾ।
