੧੨ ਚੇਤ ੨੦੧੯ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਪਿੰਡ ਜੌੜੇ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਖੇਲ ਅਪਾਰਾ, ਆਦਿ ਆਦਿ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਕਰੇ ਖੇਲ ਅਪਾਰਾ, ਅਭੇਵ ਭੇਦ ਆਪਣੇ ਹੱਥ ਰਖਾਇੰਦਾ। ਏਕੰਕਾਰਾ ਵਸੇ ਧਾਮ ਨਿਆਰਾ, ਮਹੱਲ ਅਟੱਲ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਥਾਹ ਬੇਪਰਵਾਹ ਦਿਸ ਕਿਸੇ ਨਾ ਆਇੰਦਾ। ਅਬਿਨਾਸ਼ੀ ਕਰਤਾ ਗੁਪਤ ਜ਼ਾਹਰਾ, ਅਨਭਵ ਆਪਣੀ ਧਾਰ ਚਲਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਸਚ ਪਸਾਰੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰ, ਭੇਵ ਕੋਇ ਨਾ ਆਈਆ। ਨਿਰਗੁਣ ਜੋਤ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਸਚਖੰਡ ਕਰ ਤਿਆਰ, ਦਰ ਘਰ ਸਾਚੇ ਸੋਭਾ ਪਾਈਆ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨ ਆਪ ਅਖਵਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਦਰ ਦਰਵੇਸ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਦੇਵਣਹਾਰ ਵਸਤ ਥਾਰ, ਵਸਤ ਅਮੋਲਕ ਝੋਲੀ ਪਾਈਆ। ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਪੁਰਖ ਅਗੰਮ, ਏਕਾ ਏਕ ਜਣਾਇੰਦਾ। ਨਿਰਗੁਣ ਨਿਰਵੈਰ ਅਜੂਨੀ ਰਹਿਤ ਆਪੇ ਪਏ ਜੰਮ, ਮਾਤ ਪਿਤ ਨਾ ਕੋਇ ਬਣਾਇੰਦਾ। ਆਦਿ ਜੁਗਾਦਿ ਆਪਣਾ ਜਾਣੇ ਆਪੇ ਕੰਮ, ਕਰਤਾ ਪੁਰਖ ਆਪਣੀ ਕਾਰ ਕਰਾਇੰਦਾ। ਖੇਲੇ ਖੇਲ ਸ੍ਰੀ ਭਗਵਨ, ਭਗਵਨ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਸਿੰਘਾਸਣ ਸੋਭਾਵੰਤ, ਸਚਖੰਡ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਅਗਣਤ ਆਪਣੀ ਖੇਲ ਜਣਾਈਆ। ਵੇਸ ਵਟਾ ਨਾਰੀ ਕੰਤ, ਕੰਤ ਕੰਤੂਹਲ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਭੇਵ ਖੁਲ੍ਹਾਈਆ। ਅਨਭਵ ਭੇਵ ਖੁਲ੍ਹਾਏ ਅਵੱਲਾ, ਦਿਸ ਕਿਸੇ ਨਾ ਆਇੰਦਾ । ਆਦਿ ਜੁਗਾਦੀ ਇਕ ਇਕੱਲਾ, ਆਪਣਾ ਪੜਦਾ ਆਪ ਉਠਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਏਕੰਕਾਰਾ ਸੋਭਾ ਪਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਵੰਡ ਆਪ ਵੰਡਾਇੰਦਾ। ਆਪਣੀ ਵੰਡ ਵੰਡੇ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਸਚਖੰਡ ਦੁਆਰਾ ਕਰ ਤਿਆਰ, ਆਪਣੀ ਇਛਿਆ ਪੂਰ ਕਰਾਈਆ। ਸਾਚੀ ਭਿਛਿਆ ਪਾਏ ਅਗੰਮ ਅਪਾਰ, ਵਸਤ ਅਮੋਲਕ ਆਪ ਵਰਤਾਈਆ। ਥਿਰ ਘਰ ਸਾਚਾ ਕਰ ਤਿਆਰ, ਘਰ ਘਰ ਵਿਚ ਘਾੜਨ ਲਏ ਘੜਾਈਆ। ਜਨਨੀ ਜਨ ਬਣ ਸੱਚੀ ਸਰਕਾਰ, ਦਾਈ ਦਾਇਆ ਸੇਵ ਕਮਾਈਆ। ਪੂਤ ਸਪੂਤਾ ਸ਼ਬਦ ਦੁਲਾਰ, ਥਿਰ ਘਰ ਸਾਚੇ ਆਪ ਬਹਾਈਆ। ਏਕਾ ਹੁਕਮ ਏਕਾ ਵਾਰ, ਧੁਰ ਫ਼ਰਮਾਣਾ ਆਪ ਜਣਾਈਆ। ਬ੍ਰਹਿਮੰਡ ਖੰਡ ਤੇਰਾ ਪਸਾਰ, ਲੋਆਂ ਪੁਰੀਆਂ ਤੇਰੀ ਗੋਦ ਬਹਾਈਆ। ਰਵ ਸਸ ਤੇਰਾ ਚਮਕਾਰ, ਕਿਰਨ ਕਿਰਨ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਰਵਾਰ, ਤ੍ਰੈ ਤ੍ਰੈ ਲੇਖਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਕਰੇ ਸਮਰਥ, ਬੇਅੰਤ ਵਡੀ ਵਡਿਆਈਆ। ਸਚਖੰਡ ਦੁਆਰੇ ਆਪੇ ਵਸ, ਥਿਰ ਘਰ ਸ਼ਬਦੀ ਸੁਤ ਬਹਾਈਆ। ਇਕ ਸੁਣਾਏ ਸਾਚਾ ਜਸ, ਨਾਉਂ ਨਿਰੰਕਾਰਾ ਆਪ ਪੜ੍ਹਾਈਆ। ਅੰਤਰ ਅੰਤਰ ਆਪੇ ਵਸ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਧੁਰ ਫ਼ਰਮਾਣਾ ਏਕੰਕਾਰ, ਏਕਾ ਏਕ ਜਣਾਇੰਦਾ। ਥਿਰ ਘਰ ਸਾਚਾ ਖੋਲ੍ਹ ਦੁਆਰ, ਸ਼ਬਦੀ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰ, ਨਿਰਗੁਣ ਨਿਰਗੁਣ ਬੰਧਨ ਪਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਰਜੋ ਤਮੋ ਸਤੋ ਸੰਗ ਨਿਭਾਇੰਦਾ। ਪੰਚਮ ਮੇਲਾ ਅਗੰਮ ਅਪਾਰ, ਰੂਪ ਅਨੂਪ ਆਪ ਵਟਾਇੰਦਾ। ਨਿਰਗੁਣ ਸਰਗੁਣ ਦਏ ਅਧਾਰ, ਏਕਾ ਬੰਧਨ ਪਾਇੰਦਾ। ਘਾੜਤ ਘੜੇ ਬਣ ਠਠਿਆਰ, ਲੱਖ ਚੁਰਾਸੀ ਜੀਵ ਪਰਗਟਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਕਰ ਪਸਾਰ, ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਪਰਮਾਤਮ ਦੇ ਅਧਾਰ, ਬ੍ਰਹਮ ਪਾਰਬ੍ਰਹਮ ਈਸ਼ ਜੀਵ ਖੋਲ੍ਹ ਕਿਵਾੜ, ਸਾਚੇ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪਣੇ ਹੱਥ ਰਖਾਇੰਦਾ। ਸਾਚੀ ਵੰਡ ਸ੍ਰੀ ਭਗਵਾਨ, ਆਪਣੇ ਹੱਥ ਰਖਾਈਆ। ਸ਼ਬਦੀ ਸੁਤ ਵਡ ਬਲਵਾਨ, ਹਰਿ ਸਤਿਗੁਰ ਆਪ ਉਠਾਈਆ। ਧੁਰਦਰਗਾਹੀ ਇਕ ਨਿਸ਼ਾਨ, ਸਤਿ ਪੁਰਖ ਨਿਰੰਜਣ ਇਕ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਦਾਤਾ ਦਾਨੀ ਸਹਿਜ ਸੁਖਦਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਚਮ ਜੋੜਾ ਜੋੜ ਜੁੜਾਈਆ। ਨਿਰਗੁਣ ਸਰਗੁਣ ਵੇਖੇ ਆਣ, ਬੇਐਬ ਨਾਉਂ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਸ਼ਬਦੀ ਧਾਰ, ਗੁਰ ਸਤਿਗੁਰ ਆਪ ਲਗਾਇੰਦਾ। ਲੱਖ ਚੁਰਾਸੀ ਕਰ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਆਤਮ ਪਰਮਾਤਮ ਭੇਵ ਨਿਆਰ, ਕਾਇਆ ਬੰਕ ਬੰਕ ਵਡਿਆਇੰਦਾ। ਘਰ ਵਿਚ ਘਰ ਕਰ ਤਿਆਰ, ਤ੍ਰੈਗੁਣ ਅਤੀਤਾ ਖੇਲ ਕਰਾਇੰਦਾ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਇੰਦਾ। ਠਾਂਡਾ ਸੀਤਾ ਅੰਮ੍ਰਿਤ ਝਿਰਨਾ ਝਿਰੇ ਅਪਾਰ, ਨਿਝਰ ਰਸ ਆਪ ਰਖਾਇੰਦਾ। ਸਾਚੀ ਸੇਜਾ ਕਰ ਤਿਆਰ, ਕੰਤ ਕੰਤੂਹਲ ਸੋਭਾ ਪਾਇੰਦਾ। ਆਪਣਾ ਨਾਉਂ ਨਾਦ ਧੁੰਨਕਾਰ, ਧੁੰਨ ਅਗੰਮੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ । ਸਾਚਾ ਖੇਲ ਕਰੇ ਕਰਤਾਰਾ, ਕਰਨਹਾਰ ਇਕ ਅਖਵਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਪਾਰਬ੍ਰਹਮ ਬ੍ਰਹਮ ਦਏ ਅਧਾਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਸਰਗੁਣ ਸਰਗੁਣ ਇਕ ਸਹਾਰਾ, ਤੱਤਵ ਤੱਤ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸੇਵਾ ਇਕ ਸਮਝਾਇੰਦਾ। ਸ਼ਬਦ ਗੁਰ ਉਠ ਬਲਵਾਨ, ਸੋ ਪੁਰਖ ਨਿਰੰਜਣ ਆਪ ਉਠਾਈਆ। ਤੇਰਾ ਮੇਰਾ ਇਕ ਵਿਧਾਨ, ਏਕਾ ਹੁਕਮ ਰਿਹਾ ਜਣਾਈਆ। ਦੋ ਜਹਾਨਾਂ ਵੇਖਣਾ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰਾ ਨੈਣ ਖੁਲ੍ਹਾਈਆ। ਲੱਖ ਚੁਰਾਸੀ ਦੇਣਾ ਮਾਣ, ਮੇਰਾ ਨਾਉਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਸੁਤ ਉਠਾਈਆ। ਸ਼ਬਦੀ ਸੁਤ ਗਿਆ ਉਠ, ਆਪਣਾ ਬਲ ਰਖਾਇਆ। ਪਾਰਬ੍ਰਹਮ ਪ੍ਰਭ ਗਿਆ ਤੁਠ, ਸਿਰ ਮੇਰੇ ਹੱਥ ਟਿਕਾਇਆ। ਲੱਖ ਚੁਰਾਸੀ ਵੇਖਾਂ ਸੁਤ, ਜਨ ਜਨਨੀ ਗੋਦ ਸੁਹਾਇਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਲ ਆਪ ਧਰਾਇਆ। ਸਾਚਾ ਬਲ ਏਕੰਕਾਰ, ਸ਼ਬਦੀ ਸ਼ਬਦ ਵਿਚ ਸਮਾਈਆ। ਵਿਸ਼ਨ ਵਿਸ਼ਵ ਦੇਵੇ ਧਾਰ, ਬ੍ਰਹਮਾ ਬ੍ਰਹਮ ਕਰੇ ਪੜ੍ਹਾਈਆ। ਬਿਨ ਅਧਰ ਅੱਖਰ ਕਰ ਤਿਆਰ, ਤੁਆਰਫ਼ ਆਪਣੀ ਤਾਰੀਫ਼ ਸੁਣਾਈਆ। ਬ੍ਰਹਮਾ ਵੇਤਾ ਵੇਖੇ ਮੁਖ ਚਾਰ, ਚਾਰੇ ਵੇਦ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪੇ ਰਿਹਾ ਪਾਈਆ। ਆਪਣੀ ਵੰਡ ਪੁਰਖ ਅਕਾਲਾ, ਏਕਾ ਏਕ ਰਖਾਇੰਦਾ। ਆਦਿ ਜੁਗਾਦੀ ਦੀਨ ਦਿਆਲਾ, ਭੇਵ ਅਭੇਦ ਖੁਲ੍ਹਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਦਰਗਹਿ ਸਾਚੀ ਆਸਣ ਲਾਇੰਦਾ। ਆਪਣੀ ਇਛਿਆ ਪਰਗਟਾਏ ਕਾਲ ਮਹਾਂਕਾਲਾ, ਆਪ ਆਪਣਾ ਰੰਗ ਵਖਾਇੰਦਾ। ਨਿਰਗੁਣ ਚਲੇ ਅਵੱਲੜੀ ਚਾਲਾ, ਸਰਗੁਣ ਆਪਣੇ ਮਾਰਗ ਲਾਇੰਦਾ। ਸ਼ਬਦ ਅਗੰਮੀ ਬਣ ਦਲਾਲਾ, ਲੱਖ ਚੁਰਾਸੀ ਦਲਾਲੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਾੜਨ ਆਪ ਘੜਾਇੰਦਾ। ਸਾਚਾ ਘਾੜਨ ਹਰਿ ਜੂ ਘੜ, ਆਪਣੀ ਦਇਆ ਕਮਾਈਆ । ਸਰਗੁਣ ਅੰਦਰ ਨਿਰਗੁਣ ਵੜ, ਆਪਣਾ ਮੁਖ ਛੁਪਾਈਆ। ਨਿਰਗੁਣ ਅੰਤਰ ਰਿਹਾ ਪੜ੍ਹ, ਆਪਣਾ ਰਾਗ ਸੁਣਾਈਆ। ਸਰਗੁਣ ਸਕੇ ਨਾ ਕੋਈ ਫੜ, ਨੇਤਰ ਨਜ਼ਰ ਕੋਇ ਨਾ ਆਈਆ। ਸਚ ਮਹੱਲੇ ਬੈਠਾ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਕਰਾਈਆ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਆਪਣੀ ਵੰਡ ਵੰਡਾਈਆ। ਆਤਮ ਪਰਮਾਤਮ ਨਿਰਗੁਣ ਧਾਰਾ, ਧਾਰ ਧਾਰ ਵਿਚ ਪਰਗਟਾਇੰਦਾ। ਆਤਮ ਪਰਮਾਤਮ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਆਤਮ ਪਰਮਾਤਮ ਕਰ ਪਸਾਰਾ, ਪਰਮ ਪੁਰਖ ਵੇਖ ਵਖਾਇੰਦਾ। ਆਤਮ ਪਰਮਾਤਮ ਕਰ ਉਜਿਆਰਾ, ਜੋਤ ਨਿਰੰੰਜਣ ਡਗਮਗਾਇੰਦਾ। ਆਤਮ ਪਰਮਾਤਮ ਨਾਦੀ ਧਾਰਾ, ਨਾਦ ਅਨਾਦੀ ਆਪ ਸੁਣਾਇੰਦਾ। ਆਤਮ ਪਰਮਾਤਮ ਦੇ ਸਹਾਰਾ, ਏਕੰਕਾਰਾ ਆਪਣਾ ਬੰਧਨ ਪਾਇੰਦਾ। ਆਤਮ ਪਰਮਾਤਮ ਕਰ ਵਣਜਾਰਾ, ਸਾਚਾ ਹੱਟ ਇਕ ਵਖਾਇੰਦਾ। ਆਤਮ ਪਰਮਾਤਮ ਵੇਖੇ ਅਖਾੜਾ, ਪੰਜ ਤੱਤ ਆਪਣਾ ਨਾਚ ਨਚਾਇੰਦਾ। ਆਤਮ ਪਰਮਾਤਮ ਬੰਦ ਕਰਾਏ ਅੰਦਰ ਬਹੱਤਰ ਨਾੜਾ, ਤਿੰਨ ਸੌ ਸੱਠ ਹਾਡੀ ਜੋੜ ਜੁੜਾਇੰਦਾ। ਆਤਮ ਪਰਮਾਤਮ ਰਕਤ ਬੂੰਦ ਕਰੇ ਉਰਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਤਮ ਪਰਮਾਤਮ ਖੇਲ ਅਵੱਲਾ, ਹਰਿ ਜੂ ਆਪ ਕਰਾਇਆ। ਆਤਮ ਪਰਮਾਤਮ ਫੜਕੇ ਪੱਲਾ, ਚਰਨੀ ਸੀਸ ਝੁਕਾਇਆ। ਤੁਧ ਬਿਨ ਹੋਏ ਰਹਾਂ ਝੱਲਾ, ਮੇਰੀ ਧੀਰ ਨਾ ਕੋਇ ਧਰਾਇਆ। ਮੈਨੂੰ ਰੱਖਿਆ ਡੂੰਘੀ ਡੱਲਾ, ਪੰਜ ਤੱਤ ਅੰਦਰ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇਆ। ਦੇ ਮੰਗ ਮੇਰੇ ਭਗਵਾਨ, ਆਤਮਾ ਨੈਣਾਂ ਨੀਰ ਵਹਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਵਡਿਆਈਆ। ਹਉਂ ਬਾਲੀ ਬਾਲ ਨਾਦਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੁਧ ਬਿਨ ਸੁੰਞਾ ਦਿਸੇ ਮਕਾਨ, ਕਾਇਆ ਬੰਕ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤੁਧ ਬਿਨ ਸਹਾਈ ਨਾ ਕੋਇ ਮੀਤਾ, ਸੰਗ ਨਜ਼ਰ ਕੋਇ ਨਾ ਆਇੰਦਾ। ਤੇਰੀ ਕੋਈ ਨਾ ਜਾਣੇ ਰੀਤਾ, ਭੇਵ ਕੋਇ ਨਾ ਪਾਇੰਦਾ। ਤੂੰ ਸਦਾ ਰਹੇਂ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਤੇਰਾ ਮੰਦਰ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਵਿਛੋੜਾ ਝੱਲਿਆ ਨਾ ਜਾਇੰਦਾ। ਤੇਰਾ ਵਿਛੋੜਾ ਡੂੰਘਾ ਸਾਗਰ, ਭੇਵ ਕੋਇ ਨਾ ਆਇੰਦਾ। ਮੈਂ ਇਕ ਇਕੱਲਾ ਕੀ ਕਰਾਂ ਕਾਇਆ ਗਾਗਰ, ਤੁਧ ਬਿਨ ਕੰਮ ਕਿਸੇ ਨਾ ਆਇੰਦਾ। ਤੂੰ ਸਾਹਿਬ ਸੁਲਤਾਨ ਮਿਹਰਵਾਨ ਮੇਰਾ ਨੂਰ ਕਰ ਉਜਾਗਰ, ਤੁਧ ਬਿਨ ਨੂਰ ਨਾ ਕੋਇ ਚਮਕਾਇੰਦਾ। ਮੈਂ ਤੇਰੇ ਦਰ ਬਣਾਂ ਸੌਦਾਗਰ, ਹੱਟ ਤੇਰੇ ਫੇਰਾ ਪਾਇੰਦਾ। ਤੂੰ ਨਿਮਾਣੇ ਦੇਣਾ ਆਦਰ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਤੇਰਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਦੇਵੇ ਵਰ ਸ੍ਰੀ ਭਗਵਾਨਾ, ਆਪਣੀ ਦਇਆ ਕਮਾਈਆ। ਬ੍ਰਹਮ ਪਾਰਬ੍ਰਹਮ ਕਰੇ ਪਰਵਾਨਾ, ਨਾਮ ਪਰਵਾਨਾ ਹੱਥ ਫੜਾਈਆ। ਵੇਸ ਵਟਾਏ ਨੌਜਵਾਨਾ, ਨਵ ਨੌ ਆਪਣੀ ਧਾਰ ਚਲਾਈਆ। ਪੰਜ ਤੱਤ ਵਖਾਏ ਇਕ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਆਪਣਾ ਭੇਵ ਦੇਵੇ ਖੋਲ੍ਹ, ਆਦਿ ਪੁਰਖ ਅਬਿਨਾਸ਼ਾ। ਆਦਿ ਜੁਗਾਦਿ ਤੋਲੇ ਤੇਰਾ ਤੋਲ, ਲੱਖ ਚੁਰਾਸੀ ਅੰਤਰ ਵਸੇ ਪਾਸਾ। ਆਪਣਾ ਪੜਦਾ ਦੇਵੇ ਖੋਲ੍ਹ, ਮੰਡਲ ਸਾਚੇ ਪਾਵੇ ਰਾਸਾ, ਸ਼ਬਦੀ ਸ਼ਬਦ ਜਾਏ ਮੌਲ, ਤੇਰੀ ਪੂਰੀ ਕਰੇ ਆਸਾ। ਸਤਿ ਸਤਿਵਾਦੀ ਏਕਾ ਕਰੇ ਕੌਲ, ਵੇਲੇ ਅੰਤ ਨਾ ਹੋਏ ਨਿਰਾਸਾ। ਨਿਰਗੁਣ ਸਰਗੁਣ ਪਰਗਟੇ ਉਪਰ ਧੌਲ, ਪੰਜ ਤੱਤ ਕਰੇ ਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਦਿਲਾਸਾ। ਸਚ ਦਿਲਾਸਾ ਦੇ ਭਗਵਾਨ, ਆਪਣੀ ਦਇਆ ਕਮਾਈਆ। ਆਪਣਾ ਲੇਖਾ ਦੱਸੇ ਮਹਾਨ, ਲੇਖਾ ਲਿਖਣ ਵਿਚ ਨਾ ਆਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਕਰੇ ਪਰਵਾਨ, ਚਾਰੇ ਬਾਣੀ ਦਏ ਪੜ੍ਹਾਈਆ। ਚਾਰ ਕੁੰਟ ਝੁਲਾਏ ਨਿਸ਼ਾਨ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ । ਚਾਰ ਜੁਗ ਦਏ ਗਿਆਨ, ਚਾਰ ਵੇਦ ਰਾਗ ਅਲਾਈਆ। ਚਾਰ ਵਰਨ ਦੇਵੇ ਮਾਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਸਮਝਾਈਆ। ਧੁਰ ਦੀ ਧਾਰ ਏਕੰਕਾਰ, ਆਪਣੀ ਆਪ ਜਣਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਤੇਰਾ ਮੇਲ ਮਿਲਾਇੰਦਾ। ਬੋਧ ਅਗਾਧਾ ਨਾਮ ਜੈਕਾਰ, ਲੋਕਮਾਤ ਸੁਣਾਇੰਦਾ। ਘਰ ਘਰ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਇੰਦਾ। ਔਖੀ ਘਾਟੀ ਦੇਵੇ ਚਾੜ੍ਹ, ਪਾਰ ਕਿਨਾਰਾ ਇਕ ਜਣਾਇੰਦਾ। ਨਾਉਂ ਰਖਾਏ ਗੁਰ ਅਵਤਾਰ, ਗੁਰ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਲਾਹਿੰਦਾ। ਆਪਣਾ ਪੜਦਾ ਦੇਵੇ ਲਾਹ, ਪਾਰਬ੍ਰਹਮ ਵਡੀ ਵਡਿਆਈਆ। ਸ਼ਬਦੀ ਗੁਰ ਬਣ ਮਲਾਹ, ਲੱਖ ਚੁਰਾਸੀ ਬੇੜਾ ਲਏ ਤਰਾਈਆ। ਜੁਗ ਚੌਕੜੀ ਵੰਡ ਵੰਡਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ, ਕੋਟਨ ਕੋਟ ਕਾਲ ਬਿਤਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਪਰਗਟਾ, ਜੁਗ ਚੌਕੜੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਚੌਕੜ ਦਏ ਸਮਝਾਈਆ। ਅੰਤਮ ਚੌਕੜ ਆਏ ਮਾਤ, ਥਿਰ ਕੋਇ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਦੇਵੇ ਦਾਤ, ਪੰਜ ਤੱਤ ਮਿਲੇ ਵਡਿਆਈਆ। ਗੁਰ ਅਵਤਾਰ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਨਾਮ ਜਣਾਏ ਪੂਜਾ ਪਾਠ, ਅੱਖਰ ਵੱਖਰ ਕਰ ਪੜ੍ਹਾਈਆ। ਜੁਗ ਜੁਗ ਚਲਾਏ ਆਪਣਾ ਰਾਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਸਨਕ ਸਨੰਦਨ ਸੰਨਾਤਨ ਕੁਮਾਰਾ, ਪਹਿਲਾ ਰੂਪ ਵਟਾਈਆ। ਬਰਾਹ ਰੂਪ ਕਰ ਪਸਾਰਾ, ਦੂਜਾ ਨਾਉਂ ਧਰਾਈਆ। ਯਗੇ ਪੁਰਸ਼ ਹਰਿ ਖੇਲ ਨਿਆਰਾ, ਤੀਜੀ ਵੰਡ ਵੰਡਾਈਆ। ਚੌਥਾ ਖੇਲ ਕਰੇ ਨਿਆਰਾ, ਹਾਵ ਗ਼ਰੀਬ ਸੱਚੀ ਸਰਨਾਈਆ। ਪੰਚਮ ਨਰ ਨਰਾਇਣ ਕਰ ਪਸਾਰਾ, ਕਪਲ ਮੁਨ ਛੇਵਾਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਵੰਡਾਈਆ। ਸਾਚੀ ਵੰਡ ਹਰਿ ਨਿਰੰਕਾਰ, ਆਪਣੀ ਆਪ ਵੰਡਾਇੰਦਾ। ਭੇਵ ਨਾ ਪਾਏ ਵੇਦ ਚਾਰ, ਭੇਵ ਅਭੇਦ ਆਪ ਜਣਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ ਜੋਤੀ ਜਾਤਾ ਡਗਮਗਾਇੰਦਾ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਇੰਦਾ। ਭੇਵ ਚੁਕਾਏ ਕਪਲ ਮੁਨ, ਮੁਨ ਮੁਨੀਸ਼ਰ ਭੇਵ ਨਾ ਰਾਈਆ। ਰਿਖਵ ਦੇਵ ਆਪੇ ਚੁਣ, ਆਪਣੀ ਬੂਝ ਬੁਝਾਈਆ। ਪਿਰਥੂ ਜਾਣੇ ਹਰਿ ਜੂ ਗੁਣ, ਮਸਤਕ ਆਪਣਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਛਪ ਦੇਵੇ ਮਾਣ ਵਡਿਆਈਆ। ਕਛਪ ਦੇਵੇ ਆਪਣਾ ਮਾਣ, ਧਨੰਤਰ ਮਾਣ ਦਿਵਾਇੰਦਾ। ਮੋਹਣੀ ਰੂਪ ਸ੍ਰੀ ਭਗਵਾਨ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਆਪ ਜਣਾਇੰਦਾ। ਭੇਵ ਅਭੇਦਾ ਅਗੰਮ ਅਥਾਹ, ਏਕਾ ਏਕ ਖੁਲ੍ਹਾਈਆ। ਅਛਲ ਅਛੇਦਾ ਸ਼ਹਿਨਸ਼ਾਹ, ਵਲ ਛਲ ਆਪਣੀ ਧਾਰ ਚਲਾਈਆ। ਬਾਵਨ ਰੂਪ ਆਪ ਵਟਾ, ਬਲ ਦੁਆਰੇ ਮੰਗਣ ਜਾਈਆ। ਹੰਸਾ ਖੇਲ ਕਰੇ ਵੇਸ ਵਟਾ, ਸੁਤ ਬ੍ਰਹਮਾ ਦਏ ਪੜ੍ਹਾਈਆ। ਨਰ ਸਿੰਘ ਮੇਲਾ ਸਹਿਜ ਸੁਭਾ, ਪ੍ਰਹਿਲਾਦ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਨਰਾਇਣ ਰੂਪ ਵਟਾਈਆ। ਹਰੀ ਨਰਾਇਣ ਵੇਸ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਸਤਿਜੁਗ ਫੜਾਇਆ ਆਪਣਾ ਪੱਲਾ, ਵਾਰ ਅਠਾਰਾਂ ਨੂਰ ਚਮਕਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਵੇਖ ਵਖਾਇੰਦਾ। ਤ੍ਰੇਤਾ ਫੜਾਏ ਆਪਣਾ ਪੱਲਾ, ਤ੍ਰੈਗੁਣ ਅਤੀਤਾ ਆਪਣਾ ਵੇਸ ਵਟਾਇੰਦਾ। ਧੁਰ ਸੰਦੇਸ ਏਕਾ ਘੱਲਾ, ਪਰਸਰਾਮ ਰਾਮ ਮਿਲਾਇੰਦਾ। ਰਘਪਤ ਰਘਨਾਥ ਲੇਖਾ ਜਾਣੇ ਦੋ ਜਹਾਨਾ, ਗੜ੍ਹ ਹੰਕਾਰੀ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਦੋਏ ਆਪਣੀ ਧਾਰ ਚਲਾਇੰਦਾ। ਦੋਏ ਦੋਏ ਰੂਪ ਅਠਾਰਾਂ ਦੋ ਬੀਸ, ਬੀਸ ਖੇਲ ਕਰਾਈਆ। ਤ੍ਰੇਤੇ ਮੁਕੀ ਤੇਰੀ ਹਦੀਸ, ਦੁਆਪਰ ਆਪਣਾ ਮਾਣ ਵਧਾਈਆ। ਵੇਦ ਵਿਆਸਾ ਪੀਸਣ ਗਿਆ ਪੀਸ, ਪੁਰਾਨ ਅਠਾਰਾਂ ਢੋਲਾ ਗਾਈਆ। ਨਾਰਦ ਮੁਨ ਝੁਕਾਏ ਸੀਸ, ਬ੍ਰਹਮਾ ਵੇਤਾ ਰਿਹਾ ਸਲਾਹੀਆ। ਸੁਰਸਤੀ ਮੰਗੇ ਇਕ ਅਸੀਸ, ਨਿਉਂ ਨਿਉਂ ਸੀਸ ਝੁਕਾਈਆ। ਕਰੇ ਖੇਲ ਆਪ ਜਗਦੀਸ, ਮੁਕੰਦ ਮਨੋਹਰ ਲੱਖਮੀ ਨਰਾਇਣ ਰੂਪ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਦੋਏ ਆਪਣਾ ਨੂਰ ਦਰਸਾਈਆ। ਦੋਏ ਦੋਏ ਰੂਪ ਕ੍ਰਿਸ਼ਨਾ ਕਾਹਨਾ, ਏਕਾ ਬੰਸਰੀ ਨਾਮ ਵਜਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਧਾਰ ਚਲਾਇੰਦਾ। ਏਕਾ ਮੰਤਰ ਸਚ ਗਿਆਨਾ, ਅਠ ਦਸ ਆਪ ਪੜ੍ਹਾਇੰਦਾ। ਏਕਾ ਤੀਰ ਸਚ ਨਿਸ਼ਾਨਾ, ਬਿਨ ਚਿੱਲੇ ਆਪ ਚਲਾਇੰਦਾ। ਰਥ ਰਥਵਾਹੀ ਖੇਲ ਮਹਾਨਾ, ਬਣ ਸੇਵਕ ਸੇਵ ਕਮਾਇੰਦਾ। ਜਨ ਭਗਤਾਂ ਦੇਵੇ ਮਾਣਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਦੁਆਪਰ ਮਿਟੇ ਅੰਤ ਨਿਸ਼ਾਨਾ, ਕਲਜੁਗ ਆਪਣਾ ਬਲ ਵਖਾਇੰਦਾ। ਕੂੜੋ ਕੂੜ ਹੋਇਆ ਪਰਧਾਨਾ, ਚਾਰੋਂ ਕੁੰਟ ਡੰਕ ਵਜਾਇੰਦਾ। ਧਰਮ ਸ਼ਰਮ ਮਿਟੇ ਨਿਸ਼ਾਨਾ, ਆਪਣਾ ਬਲ ਵਖਾਇੰਦਾ। ਚਾਰ ਵਰਨ ਦਏ ਅਭਿਮਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲਾ ਆਪ ਕਰਾਇੰਦਾ। ਵੇਸ ਅਵੱਲਾ ਬੋਧਨ ਬੋਧ, ਗਿਆਨ ਗਿਆਨ ਨਾਲ ਮਿਲਾਈਆ। ਆਤਮ ਪਰਮਾਤਮ ਆਪੇ ਸੋਧ, ਭੇਵ ਅਭੇਦ ਖੁਲ੍ਹਾਈਆ। ਪੰਜ ਤੱਤ ਵਿਕਾਰਾ ਕਰਕੇ ਜੋਧ, ਏਕਾ ਨੂਰ ਦਏ ਦਰਸਾਈਆ। ਭੇਵ ਖੁਲ੍ਹਾਏ ਆਪਣਾ ਗੋਝ, ਦਵੈਤੀ ਪੜਦਾ ਆਪਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਆਪਣਾ ਪੜਦਾ ਆਪੇ ਲਾਹ, ਹਰਿ ਜੂ ਖੇਲ ਕਰਾਇੰਦਾ। ਨੂਰੀ ਜਲਵਾ ਨੂਰ ਪਰਗਟਾ, ਨੂਰੋ ਨੂਰ ਨੂਰ ਪਰਗਟਾਇੰਦਾ। ਮੁਕਾਮੇ ਹੱਕ ਆਪ ਖ਼ੁਦਾ, ਆਪਣੀ ਇਛਿਆ ਆਪ ਧਰਾਇੰਦਾ। ਮੌਲਾ ਰੂਪ ਬਣ ਮਲਾਹ, ਬਿਸਮਲ ਆਪਣਾ ਖੇਲ ਕਰਾਇੰਦਾ। ਮੁਸੱਲਾ ਲਏ ਉਠਾ, ਕੋਹਤੂਰ ਜਲਵਾ ਆਪ ਜਣਾਇੰਦਾ। ਈਸਾ ਰੰਗ ਦਏ ਰੰਗਾ, ਪੂਰੀ ਆਸਾ ਆਪ ਕਰਾਇੰਦਾ। ਆਪਣਾ ਭੇਵ ਦਏ ਖੁਲ੍ਹਾ, ਨੂਰੀ ਨੂਰ ਨਜ਼ਰੀ ਆਇੰਦਾ। ਦੋਏ ਜੋੜ ਪਏ ਸਰਨਾ, ਪਿਤਾ ਪੂਤ ਖ਼ੁਸ਼ੀ ਮਨਾਇੰਦਾ। ਮੇਰੇ ਪਿਛੇ ਆਏ ਮੇਰਾ ਬੇਪਰਵਾਹ, ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਨੂਰੀ ਅੱਲਾ, ਆਲਮੀਨ ਆਪ ਰੰਗਾਈਆ। ਨਿਰਗੁਣ ਸਰਗੁਣ ਫੜਾਏ ਆਪਣਾ ਪੱਲਾ, ਕਲਮਾ ਨਬੀ ਰਸੂਲ ਪੜ੍ਹਾਈਆ। ਖੇਲ ਕਰਾਏ ਇਕ ਅਵੱਲਾ, ਐਨਲਹਕ ਹੱਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੰਮਦ ਮੇਲਾ ਸਹਿਜ ਸੁਭਾਈਆ। ਮੁਹੰਮਦ ਮੇਲਾ ਪਰਵਰਦਿਗਾਰ, ਪਰਵਾਨਾ ਹੱਥ ਇਕ ਫੜਾਇੰਦਾ। ਧੁਰ ਸੰਦੇਸਾ ਸਾਚਾ ਯਾਰ, ਏਕਾ ਵਾਰ, ਜਣਾਇੰਦਾ। ਧੁਰ ਫ਼ਰਮਾਨਾ ਧੁਰ ਦੀ ਧਾਰ, ਧੁਰਦਰਗਾਹੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਆਪਣਾ ਰੰਗ ਰੰਗੇ ਕਰਤਾਰਾ, ਭੇਵ ਅਭੇਦ ਜਣਾਇਆ। ਮੁਹੰਮਦ ਬਣੇ ਦਰ ਭਿਖਾਰਾ, ਨਿਉਂ ਨਿਉਂ ਸੀਸ ਝੁਕਾਇਆ। ਸਾਚਾ ਸਯਦਾ ਪਰਵਰਦਿਗਾਰਾ, ਦਰ ਬਰਦਾ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਇਆ। ਧੁਰ ਫ਼ਰਮਾਣਾ ਏਕਾ ਵਾਰ, ਪੁਰਖ ਅਕਾਲਾ ਆਪ ਸੁਣਾਈਆ। ਮੁਹੰਮਦ ਤੇਰੀ ਮੁਹੰਮਦੀ ਧਾਰ, ਚੌਦਾਂ ਚੌਦਾਂ ਦਏ ਵਡਿਆਈਆ। ਅੰਤਮ ਲੇਖਾ ਦਏ ਨਿਵਾਰ, ਥਿਰ ਕੋਇ ਰਹਿਣ ਨਾ ਪਾਈਆ। ਨਾਨਕ ਨਿਰਗੁਣ ਪਰਗਟੇ ਵਿਚ ਸੰਸਾਰ, ਪੰਜ ਤੱਤ ਕਾਇਆ ਚੋਲਾ ਲਏ ਹੰਢਾਈਆ। ਪੁਰਖ ਅਬਿਨਾਸ਼ੀ ਕਰੇ ਪਿਆਰ, ਸਚਖੰਡ ਦੁਆਰੇ ਲਏ ਬੁਲਾਈਆ। ਏਕਾ ਦੇਵੇ ਵਸਤ ਥਾਰ, ਨਾਮ ਸਤਿ ਝੋਲੀ ਪਾਈਆ। ਚਾਰ ਵਰਨ ਕਰੇ ਪਿਆਰ ਊਚ ਨੀਚ ਰਾਉ ਰੰਕ ਨਾ ਕੋਇ ਰਖਾਈਆ। ਸਾਚੀ ਸਿਖਿਆ ਵਿਚ ਸੰਸਾਰ, ਸਾਖਆਤ ਰੂਪ ਪਰਗਟਾਈਆ। ਅੰਤਮ ਬੋਲੇ ਇਕ ਜੈਕਾਰ, ਜੀਵ ਜੰਤ ਸੁਣਾਈਆ। ਮਹਾਂਬਲੀ ਉਤਰੇ ਆਪਣੀ ਵਾਰ, ਮਾਤ ਪਿਤਾ ਨਾ ਕੋਇ ਜਾਈਆ। ਨਿਹਕਲੰਕ ਜੋਧਾ ਸੂਰਾ ਬਲੀ ਬਲਕਾਰ, ਨਾਮ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਲਹਿਣਾ ਦਏ ਮੁਕਾਈਆ। ਏਕਾ ਜੋਤੀ ਦਸ ਅਵਤਾਰਾ, ਗੁਰ ਗੁਰ ਵੇਸ ਵਟਾਇੰਦਾ। ਪੁਰਖ ਅਕਾਲ ਵੇਖਣਹਾਰਾ, ਪੇਖ ਪੇਖ ਆਪਣੀ ਖ਼ੁਸ਼ੀ ਮਨਾਇੰਦਾ। ਸ਼ਬਦੀ ਸ਼ਬਦ ਸੁਤ ਦੁਲਾਰਾ, ਗੋਬਿੰਦ ਆਪ ਪਰਗਟਾਇੰਦਾ। ਲੋਕਮਾਤ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਇਸ਼ਟ ਅਗੰਮ ਅਪਾਰਾ, ਦੂਸਰ ਓਟ ਨਾ ਕੋਇ ਤਕਾਇੰਦਾ। ਉਚੀ ਕੂਕ ਬੋਲ ਜੈਕਾਰਾ, ਫਤਹਿ ਡੰਕਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਗੋਬਿੰਦ ਧਾਰ, ਪੁਰਖ ਨਿਰੰਜਣ ਆਪ ਕਰਾਈਆ। ਧੁਰ ਸੰਦੇਸਾ ਪਹਿਲੀ ਵਾਰ, ਲੋਕਮਾਤ ਸੁਣਾਈਆ। ਚੌਥੇ ਜੁਗ ਆਏ ਹਾਰ, ਚਾਰ ਯਾਰੀ ਰਹਿਣ ਨਾ ਪਾਈਆ। ਪੰਚਮ ਮੀਤਾ ਪੰਚ ਕਰੇ ਪਿਆਰ, ਪੰਚਮ ਸਾਚਾ ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਮਾਣ ਵਡਿਆਈਆ। ਸ਼ਬਦੀ ਗੁਰ ਗੁਰ ਗੋਬਿੰਦ, ਸਿੰਘ ਆਪਣਾ ਰੂਪ ਵਟਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਇੰਦਾ। ਅੰਮ੍ਰਿਤ ਆਤਮ ਸਾਗਰ ਸਿੰਧ, ਭਰ ਪਿਆਲਾ ਜਾਮ ਪਿਆਇੰਦਾ। ਗੁਰਸਿਖ ਬਣਾਏ ਆਪਣੀ ਬਿੰਦ, ਮਾਤ ਪਿਤ ਆਪ ਹੋ ਜਾਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਰੇ ਖੇਲ ਪੁਰਖ ਅਕਾਲਾ, ਗੋਬਿੰਦ ਧਾਰ ਚਲਾਈਆ । ਲੇਖਾ ਜਾਣੇ ਦੋ ਜਹਾਨਾਂ, ਅਨਭਵ ਭੇਵ ਚੁਕਾਈਆ। ਸਚ ਸੰਦੇਸਾ ਨਰ ਨਰੇਸਾ ਦੇਵੇ ਇਕ ਸੁਖਾਲਾ, ਮੁਹੱਬਤ ਆਪਣੀ ਆਪ ਜਣਾਈਆ। ਕਲਜੁਗ ਅੰਤਮ ਮਿਟੇ ਝੂਠ ਜੰਜਾਲਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਦੱਸੇ ਏਕਾ ਧਰਮਸਾਲਾ, ਸੱਤ ਦੀਪ ਏਕਾ ਗੁਰੂ ਇਸ਼ਟ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਖੋਲ੍ਹੇ ਕਰਤਾਰਾ, ਗੋਬਿੰਦ ਹਰਿ ਹਰਿ ਭੇਵ ਚੁਕਾਇੰਦਾ। ਗੁਰ ਗੋਬਿੰਦ ਬੋਲ ਜੈਕਾਰਾ, ਸਿੰਘ ਆਪਣੀ ਭਬਕ ਲਗਾਇੰਦਾ। ਪੁਰਖ ਅਕਾਲ ਇਕ ਬਲਕਾਰਾ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਇਕ ਜਣਾਇੰਦਾ। ਆਪਣਾ ਖੇਲ ਸ੍ਰੀ ਭਗਵਾਨ, ਆਦਿ ਜੁਗਾਦਿ ਕਰਾਈਆ। ਗੁਰ ਗੋਬਿੰਦ ਦੱਸੇ ਸਚ ਨਿਸ਼ਾਨ, ਸ੍ਰਿਸ਼ਟ ਸਬਾਈ ਦਏ ਜਣਾਈਆ। ਕਲਜੁਗ ਅੰਤਮ ਆਏ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਕਲਜੁਗ ਵੇਲਾ ਅੰਤਮ ਔਣਾ, ਗੁਰ ਗੋਬਿੰਦ ਆਖ ਸੁਣਾਇੰਦਾ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਰੂਪ ਅਨੂਪ ਵਟਾਇੰਦਾ। ਕਲ ਕਲਕੀ ਅਵਤਾਰ ਅਖਵੌਣਾ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਸੱਤਾਂ ਦੀਪਾਂ ਡੇਰਾ ਢਾਹੁਣਾ, ਦੋ ਜਹਾਨਾਂ ਚਰਨਾਂ ਹੇਠ ਦਬਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵਕ਼ਤ ਚੁਕੌਣਾ, ਕਰੋੜ ਤੇਤੀਸਾ ਸੁਰਪਤ ਇੰਦ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਆਏ ਜਗ, ਹਰਿ ਜਾਗਰਤ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਤਪੇ ਅੱਗ, ਤ੍ਰੈਗੁਣ ਅਗਨੀ ਤੱਤ ਜਲਾਈਆ। ਕੋਈ ਨਾ ਕਰੇ ਸਾਚਾ ਹੱਜ, ਕਾਇਆ ਕਾਅਬਾ ਨਜ਼ਰ ਕਿਸੇ ਨਾ ਆਈਆ। ਗੁਰ ਚਰਨ ਦੁਆਰ ਬਹੇ ਨਾ ਕੋਈ ਸਜ, ਭਰਮੇ ਭੁੱਲੀ ਸਰਬ ਲੋਕਾਈਆ। ਆਤਮ ਰਸ ਨਾ ਹੋਏ ਕੋਈ ਮਦਿ, ਨਾਮ ਰਸ ਨਾ ਕੋਇ ਚਖਾਈਆ। ਆਪਣਾ ਪੜਦਾ ਨਾ ਸਕੇ ਕੋਈ ਕੱਜ, ਬੇਪੜਦ ਫਿਰੇ ਲੋਕਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸਕੇ ਕੋਈ ਨਾ ਲੱਭ, ਗੁਰ ਗੋਬਿੰਦ ਗਿਆ ਸਮਝਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣਾ ਇਸ਼ਟ ਜਾਣ ਛੱਡ, ਦ੍ਰਿਸ਼ਟ ਸਕੇ ਨਾ ਕੋਇ ਖੁਲ੍ਹਾਈਆ। ਬਿਨ ਹਰਿ ਨਾਮੇ ਖਾਲੀ ਹੋਵਣ ਹੱਡ, ਪੰਜ ਤੱਤ ਕਾਇਆ ਕੰਮ ਕਿਸੇ ਨਾ ਆਈਆ। ਪਰਗਟ ਹੋਏ ਪੁਰਖ ਸਮਰਥ, ਨਿਹਕਲੰਕਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਆਰਯੂ ਲੱਖ ਚਾਰ ਬੱਤੀ ਹਜ਼ਾਰ, ਵੇਦ ਪੁਰਾਨ ਰਹੇ ਗਾਈਆ। ਗੋਬਿੰਦ ਲਿਖ ਲਿਖ ਲੇਖਾ ਗਿਆ ਨਿਵਾਰ, ਕਲਜੁਗ ਕਰਮ ਨਾਲ ਮਿਲਾਈਆ। ਭਰਮ ਭੁਲੇਖੇ ਜੀਵ ਗਵਾਰ, ਭਰਮ ਗੜ੍ਹ ਨਾ ਕੋਇ ਤੁੜਾਈਆ। ਅੰਤਮ ਆਇਆ ਕਲ ਕਲਕੀ ਅਵਤਾਰ, ਨਿਹਕਲੰਕ ਨਾਉਂ ਰਖਾਈਆ। ਸ਼ਬਦ ਡੰਕਾ ਵੱਜਾਏ ਵਿਚ ਸੰਸਾਰ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸਾਚਾ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਰਿਹਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਕਰੇ ਨਿਰੰਕਾਰ, ਦੂਸਰ ਓਟ ਨਾ ਕੋਇ ਰਖਾਈਆ। ਜੁਗ ਚੌਕੜੀ ਕਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਮੇਟੇ ਧੂੰਆਂਧਾਰ, ਰੈਣ ਅੰਧੇਰੀ ਦਏ ਮਿਟਾਈਆ। ਲਹਿਣਾ ਦੇਣਾ ਮੁਕਾਏ ਤੇਈ ਅਵਤਾਰ, ਭਗਤ ਅਠਾਰਾਂ ਨਾਲ ਮਿਲਾਈਆ। ਗੁਰ ਦਸ ਬੋਲ ਜੈਕਾਰ, ਜੈ ਜੈਕਾਰ ਰਹੇ ਸੁਣਾਈਆ। ਵਾਹ ਵਾ ਤੇਰੀ ਕੁਦਰਤ ਪਰਵਰਦਿਗਾਰ, ਈਸਾ ਮੂਸਾ ਮੁਹੰਮਦ ਸੀਸ ਝੁਕਾਈਆ। ਸਦੀ ਚੌਧਵੀਂ ਆਈ ਹਾਰ, ਚੌਦਾਂ ਤਬਕ ਦੇਣ ਦੁਹਾਈਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਨਾਤਾ ਛੁਟੇ ਅੰਤ ਸੰਸਾਰ, ਅੰਤ ਕੰਮ ਕਿਸੇ ਨਾ ਆਈਆ। ਪਰਗਟ ਹੋਇਆ ਇਕ ਪਰਵਰਦਿਗਾਰ, ਜਿਸ ਦਾ ਕਲਮਾ ਰਹੇ ਗਾਈਆ। ਅਮਾਮ ਅਮਾਮਾ ਸਿਰ ਸਿਕਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਲਾਏ ਇਕ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪਹਿਲੀ ਚੇਤ ਦਿਵਸ ਵਿਚਾਰ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਤਾ ਇਕ ਰਘੁਰਾਈਆ। ਨਿਹਕਲੰਕ ਏਕਾ ਏਕ, ਆਦਿ ਜੁਗਾਦਿ ਸਮਾਇੰਦਾ। ਕਲਜੁਗ ਅੰਤਮ ਧਾਰੇ ਭੇਖ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਮੁਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਭੇਵ ਛੁਪਾਇੰਦਾ। ਪੂਰਾ ਲੇਖਾ ਕਰੇ ਦਸ ਦਸਮੇਸ, ਨਾਨਕ ਲੇਖਾ ਨਾ ਕੋਇ ਮਿਟਾਇੰਦਾ। ਲਹਿਣਾ ਦੇਣਾ ਚੁਕਾਏ ਮੁੱਲਾਂ ਸ਼ੇਖ਼, ਪੀਰ ਦਸਤਗੀਰ ਨਜ਼ਰ ਕੋਇ ਨਾ ਆਇੰਦਾ। ਜਨ ਭਗਤਾਂ ਕਰੇ ਸੱਚਾ ਹੇਤ, ਗੁਰਸਿਖ ਸੱਜਣ ਆਪ ਮਿਲਾਇੰਦਾ। ਲੱਖ ਚੁਰਾਸੀ ਝੂਜੇ ਕਲਜੁਗ ਖੇਤ, ਬਚਿਆ ਕੋਇ ਰਹਿਣ ਨਾ ਪਾਇੰਦਾ। ਕਲਜੁਗ ਅਗਨੀ ਤਪੇ ਬਾਲੂ ਰੇਤ, ਸਤਿਗੁਰ ਅਰਜਨ ਗੁਰ ਗੁਰ ਬਾਣੀ ਬਾਣ ਲਗਾਇੰਦਾ। ਕਲਜੁਗ ਜੀਵ ਵੇਖਣ ਖੇਡ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਹਰਿ ਅਖਵਾਇੰਦਾ। ਨਿਹਕਲੰਕ ਸ੍ਰੀ ਭਗਵਾਨਾ, ਕਲਜੁਗ ਅੰਤਮ ਵੇਸ ਵਟਾਈਆ। ਵਸਣਹਾਰਾ ਧਾਮ ਮਕਾਨਾ, ਸੰਬਲ ਬੈਠਾ ਆਸਣ ਲਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਪਰਗਟਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਨੌਂ ਖੰਡ ਪ੍ਰਿਥਮੀ ਸੁਣਾਏ ਏਕਾ ਗਾਣਾ, ਪੁਰਖ ਅਕਾਲ ਕਰੇ ਪੜ੍ਹਾਈਆ। ਏਕਾ ਮਰਦ ਇਕ ਮਰਦਾਨਾ, ਸਚ ਮਰਦਾਨਗੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਾਉਂ ਧਰਾਈਆ। ਨਿਹਕਲੰਕ ਨਾਉਂ ਰੱਖ, ਹਰਿ ਆਪਣਾ ਖੇਲ ਕਰਾਇੰਦਾ। ਸਤਿਜੁਗ ਸਾਚਾ ਮਾਰਗ ਦੱਸ, ਪਿਛਲਾ ਮੂਲ ਚੁਕਾਇੰਦਾ। ਸੰਤ ਸੁਹੇਲੇ ਲਏ ਰੱਖ, ਗੁਰ ਚੇਲੇੇ ਮੇਲ ਮਿਲਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਭਾਂਡਾ ਭਰਮ ਭੌ ਭੰਨਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਇੰਦਾ। ਕਲਜੁਗ ਅੰਤਮ ਫੇਰਾ ਪਾ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਗੁਰ ਗੋਬਿੰਦ ਸੂਰੇ ਚੜ੍ਹੇ ਚਾਅ, ਘਰ ਆਪਣੇ ਖ਼ੁਸ਼ੀ ਮਨਾਈਆ। ਚਾਰ ਜੁਗ ਦਾ ਲਹਿਣਾ ਦਏ ਚੁਕਾ, ਬਾਕੀ ਕੋਇ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਦਏ ਇਕ ਸਲਾਹ, ਪੁਰਖ ਅਕਾਲ ਇਸ਼ਟ ਵਖਾਈਆ। ਗੁਰੂ ਸ਼ਬਦ ਦਏ ਪਨਾਹ, ਪੰਜ ਤੱਤ ਨਾ ਕੋਇ ਵਡਿਆਈਆ। ਹਿੰਦੂ ਮੁਸਲਮ ਸਿੱਖ ਈਸਾਈ ਏਕਾ ਕਲਮਾ ਦਏ ਪੜ੍ਹਾ, ਏਕਾ ਨਾਉਂ ਕਰੇ ਰੁਸ਼ਨਾਈਆ। ਖੜਗ ਖੰਡਾ ਵਿਚ ਬ੍ਰਹਿਮੰਡਾਂ ਦਏ ਚਮਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਕਲਜੁਗ ਅੰਤਮ ਲਏ ਅਵਤਾਰਾ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਦੋ ਜਹਾਨਾਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਰ ਕਿਨਾਰਾ, ਜੋਤੀ ਜੋਤ ਮੇਲ ਮਿਲਾਇੰਦਾ। ਗੁਰਮੁਖ ਸਾਚੇ ਦੇ ਸਹਾਰਾ, ਤਖ਼ਤ ਨਿਵਾਸੀ ਤਖ਼ਤ ਬਹਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਪੁਰਖ ਅਕਾਲਾ, ਚਲੇ ਚਲਾਏ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇੰਦਾ। ਭੇਵ ਨਾ ਪਾਏ ਕੋਈ ਜੀਵ, ਜਗਤ ਪੜਦਾ ਨਾ ਕੋਇ ਉਠਾਈਆ। ਅੰਤਮ ਸਭ ਦਾ ਲਹਿਣਾ ਮੁਕਣਾ ਸਾਢੇ ਤਿੰਨ ਤਿੰਨ ਹੱਥ ਸੀਂਵ, ਦੂਸਰ ਵੰਡ ਨਾ ਕੋਇ ਰਖਾਈਆ। ਸੀਸ ਬਹਾ ਬੰਨ੍ਹੇ ਨੀਂਵ, ਗੋਬਿੰਦ ਬਾਲੇ ਛੋਟੇ ਨੀਹਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਈਆ। ਨੀਹਾਂ ਹੇਠ ਛੋਟੇ ਬਾਲ, ਗੋਬਿੰਦ ਸੇਵ ਲਗਾਈਆ। ਗੁਰ ਗੋਬਿੰਦ ਆਪਣਾ ਦੇ ਕੇ ਗਿਆ ਇਕਬਾਲ, ਅੰਤਮ ਆਵੇ ਸੱਚਾ ਮਾਹੀਆ। ਕਾਲ ਮਹਾਂਕਾਲ ਰੱਖੇ ਨਾਲ ਨਾਲ, ਆਪਣੇ ਚਰਨਾਂ ਸੇਵ ਲਗਾਈਆ। ਜਨ ਭਗਤਾਂ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਤ੍ਰੈਗੁਣ ਮਾਇਆ ਤੋੜ ਜ਼ੰਜਾਲ, ਜੀਵਣ ਜੁਗਤ ਇਕ ਸਮਝਾਈਆ। ਸ੍ਰਿਸ਼ਟ ਸਬਾਈ ਮਾਰਗ ਦਏ ਵਖਾਲ, ਵਰਨ ਬਰਨ ਰਹਿਣ ਕੋਇ ਨਾ ਪਾਈਆ। ਇਕੋ ਪੂਜਾ ਰਹੇ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਬਣ ਪਾਂਧੀ ਪੰਧ ਮੁਕਾਈਆ। ਕਲਜੁਗ ਅੰਤਮ ਹਰਿ ਅਵਤਾਰਾ, ਅਵਰ ਅਵਰ ਨਾ ਕੋਇ ਜਣਾਇੰਦਾ। ਡੂੰਘੀ ਭਵਰੀ ਜਗਤ ਸਾਗਰ ਵੇਖੇ ਗਾਰਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਨਜ਼ਰ ਨਾ ਆਏ ਵਿਚ ਸੰਸਾਰਾ, ਬੇਨਜ਼ੀਰ ਆਪਣੀ ਨਜ਼ਰ ਛੁਪਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰਮੁਖ ਵਿਰਲਾ ਬੂਝੇ ਕਰ ਵਿਚਾਰਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੁਰਖ ਅਬਿਨਾਸ਼ੀ ਇਕ ਅਖਵਾਇੰਦਾ। ਨਿਹਕਲੰਕ ਪੁਰਖ ਅਬਿਨਾਸ਼, ਪੰਜ ਤੱਤ ਨਾ ਕੋਇ ਰਖਾਈਆ। ਨਿਹਕਲੰਕ ਹਰਿ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਹਕਲੰਕ ਹਰਿ ਸਰਬ ਗੁਣਤਾਸ, ਗੁਣਵੰਤਾ ਵਡ ਵਡਿਆਈਆ। ਨਿਹਕਲੰਕ ਹਰਿ ਆਦਿ ਜੁਗਾਦਿ ਆਪਣੀ ਪੂਰੀ ਕਰੇ ਆਪੇ ਆਸ, ਨਿਰਾਸਾ ਰੂਪ ਨਾ ਕੋਇ ਵਟਾਈਆ। ਨਿਹਕਲੰਕ ਹਰਿ ਲਹਿਣਾ ਦੇਣਾ ਚੁਕਾਏ ਪ੍ਰਿਥਮੀ ਅਕਾਸ਼, ਗਗਨ ਮੰਡਲ ਪੰਧ ਮੁਕਾਈਆ। ਨਿਹਕਲੰਕ ਹਰਿ ਦੋ ਜਹਾਨਾਂ ਪਾਵੇ ਆਪਣੀ ਰਾਸ, ਲੱਖ ਚੁਰਾਸੀ ਗੋਪੀ ਕਾਹਨ ਨਚਾਈਆ। ਨਿਹਕਲੰਕ ਹਰਿ ਨਿਰਗੁਣ ਹਰਿ ਨਿਰਵੈਰ ਪੁਰਖ ਅਕਾਲ ਜਨ ਭਗਤਾਂ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਗੁਰਮੁਖ ਤੇਰੀ ਪੂਰੀ ਕਰੇ ਆਸ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਿਨ ਪਵਣ ਸਵਾਸ ਆਪਣੀ ਧਾਰ ਚਲਾਈਆ। ਪਵਣ ਸਵਾਸ ਨਾ ਕੋਇ ਪਾਣੀ, ਅਗਨੀ ਤੱਤ ਨਾ ਕੋਇ ਰਖਾਇੰਦਾ। ਸ਼ਬਦ ਗੁਰ ਗੁਰ ਬਲਵਾਨੀ, ਬਲ ਆਪਣਾ ਆਪ ਧਰਾਇੰਦਾ। ਗੋਬਿੰਦ ਗੁਰ ਇਕ ਨਿਸ਼ਾਨੀ, ਸਚ ਨਿਸ਼ਾਨਾ ਇਕ ਵਖਾਇੰਦਾ। ਕਰੇ ਖੇਲ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੱਚਾ ਸੁਲਤਾਨੀ, ਲੋਕਮਾਤ ਵੇਸ ਵਟਾਇੰਦਾ। ਅਗਲੀ ਗਾਏ ਅਕਥ ਕਹਾਣੀ, ਚਾਰ ਵਰਨਾਂ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਪੰਧ ਮੁਕਾਇੰਦਾ। ਕਲਜੁਗ ਅੰਤਮ ਮੁਕਣਾ ਪੰਧ, ਹਰਿ ਪਾਂਧੀ ਆਪ ਮੁਕਾਈਆ। ਨੌਂ ਖੰਡ ਪ੍ਰਿਥਮੀ ਹੋਏ ਖੰਡ ਖੰਡ, ਗੋਬਿੰਦ ਖੰਡਾਂ ਇਕ ਚਮਕਾਈਆ। ਲੱਖ ਚੁਰਾਸੀ ਹੋਏ ਰੰਡ, ਆਤਮ ਪਰਮਾਤਮ ਨਾ ਕੋਇ ਹੰਢਾਈਆ। ਕਿਸੇ ਹੱਥ ਨਾ ਆਏ ਨਿਜਾਨੰਦ, ਨਿਜ ਘਰ ਮਿਲੇ ਨਾ ਸੱਚਾ ਮਾਹੀਆ। ਰਸਨਾ ਖਾ ਖਾ ਥੱਕੀ ਗੰਦ, ਜੂਠ ਝੂਠ ਰੰਗ ਵਖਾਈਆ। ਮਾਇਆ ਮਮਤਾ ਹਉਮੇ ਹੰਗਤਾ ਝੂਠੀ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਫਿਰੇ ਦੁਹਾਈ ਵਿਚ ਵਰਭੰਡ, ਬ੍ਰਹਿਮੰਡ ਰਹੇ ਕੁਰਲਾਈਆ। ਨਾਤਾ ਤੁਟੇ ਜੇਰਜ ਅੰਡ, ਸਗਲਾ ਮੇਲ ਨਾ ਕੋਇ ਮਿਲਾਈਆ। ਝੂਠੀ ਕਿਰਿਆ ਮਿਟੇ ਪਖੰਡ, ਸਚ ਸੁੱਚ ਲਏ ਪਰਗਟਾਈਆ। ਕਰੇ ਪਰਕਾਸ਼ ਸਾਚਾ ਚੰਦ, ਚੰਦ ਚਾਂਦਨੀ ਆਪ ਰੁਸ਼ਨਾਈਆ। ਸਰਬ ਜੀਆਂ ਦਾ ਇਕੋ ਛੰਦ, ਏਕਾ ਗੀਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਡੇਰਾ ਦੇਵੇ ਢਾਹੀਆ। ਕਲਜੁਗ ਡੇਰਾ ਜਾਏ ਢੱਠ, ਸਤਿਗੁਰ ਪੂਰਾ ਆਪੇ ਢਾਹਿੰਦਾ । ਨਾ ਕੋਈ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਕੋਇ ਨਾ ਪਾਇੰਦਾ। ਨਾ ਕੋਈ ਸ਼ਿਵਦਵਾਲਾ ਦਿਸੇ ਮੱਠ, ਮੰਦਰ ਮਸਜਦ ਨਾ ਕੋਇ ਵਡਿਆਇੰਦਾ । ਪਰਗਟ ਹੋਏ ਇਕ ਪੁਰਖ ਸਮਰਥ, ਸਮਰਥ ਆਪਣੀ ਖੇਲ ਕਰਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਆਪ ਭੁਵਾਇੰਦਾ। ਲਹਿਣਾ ਦੇਣਾ ਹੱਥੋਂ ਹੱਥ, ਬੀਸ ਬੀਸਾ ਆਪ ਚੁਕਾਇੰਦਾ। ਵਸਣਹਾਰਾ ਘਟ ਘਟ, ਭੇਵ ਅਭੇਦਾ ਆਪ ਜਣਾਇੰਦਾ। ਜਨ ਭਗਤਾਂ ਮਾਰੇ ਇਕੋ ਸੱਟ, ਨਾਮ ਖੰਡਾ ਹੱਥ ਉਠਾਇੰਦਾ। ਦੂਈ ਦਵੈਤੀ ਮੇਟੇ ਫੱਟ, ਬਜਰ ਕਪਾਟੀ ਪੜਦਾ ਲਾਹਿੰਦਾ। ਘਰ ਵਖਾਏ ਚੌਦਾਂ ਹੱਟ, ਲੋਕ ਪਰਲੋਕ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਆਪ ਖਪਾਇੰਦਾ। ਕਲਜੁਗ ਕਿਰਿਆ ਜਾਏ ਮੁੱਕ, ਜੂਠ ਝੂਠ ਰਹਿਣ ਨਾ ਪਾਈਆ। ਮਨਮੁਖਤਾ ਬੂਟਾ ਜਾਏ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਗੁਰ ਸੂਰਬੀਰ ਜਾਏ ਉਠ, ਏਕਾ ਚਿੱਲਾ ਨਾਮ ਚੜ੍ਹਾਈਆ। ਸਭ ਦੀ ਜੜ੍ਹ ਦੇਵੇ ਪੁੱਟ, ਨਾ ਕੋਈ ਸਕੇ ਮਾਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਫੇਰਾ ਪਾਈਆ। ਆਪਣਾ ਫੇਰਾ ਪਾਏ ਹਰਿ ਹਰਿ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਵੇਖੇ ਘਰ ਘਰ, ਡੂੰਘੀ ਕੰਦਰ ਵੇਸ ਵਟਾਇੰਦਾ। ਸੰਤ ਸੁਹੇਲੇ ਆਪੇ ਫੜ ਫੜ, ਗੁਰ ਚੇਲੇ ਨਾਲ ਮਿਲਾਇੰਦਾ। ਲਹਿਣਾ ਚੁਕਾਏ ਸੀਸ ਧੜ ਧੜ, ਧਰਨੀ ਧਰਤ ਧਵਲ ਵਡਿਆਇੰਦਾ। ਦਰਸ ਦਿਖਾਏ ਅੱਗੇ ਖੜ ਖੜ, ਸਵੱਛ ਸਰੂਪੀ ਨਜ਼ਰੀ ਆਇੰਦਾ । ਵੇਖੇ ਖੇਲ ਜਨਮੇ ਮਰ ਮਰ, ਮਰਨ ਜਨਮ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਜੁਗ ਦੀ ਕੀਤੀ ਆਪ ਉਲਟਾਇੰਦਾ। ਚਾਰ ਯੁਗ ਦਾ ਉਲਟਾ ਗੇੜਾ, ਚੌਥੇ ਜੁਗ ਰਖਾਈਆ। ਚਾਰ ਵਰਨ ਦਾ ਚੁੱਕੇ ਝੇੜਾ, ਚਾਰ ਯਾਰੀ ਰਹਿਣ ਨਾ ਪਾਈਆ। ਚਾਰ ਵੇਦ ਹੋਏ ਨਿਬੇੜਾ, ਚਾਰੇ ਬਾਣੀ ਦਏ ਗਵਾਹੀਆ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਜਨ ਭਗਤਾਂ ਬੰਨ੍ਹੇ ਹਰਿ ਜੂ ਬੇੜਾ, ਬਿਨ ਚੱਪੂ ਮਾਤ ਚਲਾਈਆ। ਅੰਤ ਵੇਲਾ ਆ ਗਿਆ ਨੇੜਾ, ਬੀਸ ਬੀਸਾ ਰਾਹ ਤਕਾਈਆ। ਪੁਰਖ ਅਕਾਲ ਨਾ ਲਾਏ ਦੇਰਾ, ਦੂਰ ਦੁਰਾਡਾ ਪੰਧ ਨਾ ਕੋਇ ਰਖਾਈਆ। ਗੁਰਸਿਖ ਵੇਖੋ ਕਰਕੇ ਜੇਰਾ, ਨਿਹਕਲੰਕ ਕਵਣ ਖੇਲ ਵਖਾਈਆ। ਬਿਨ ਹਥਿਆਰੋਂ ਬਿਨ ਹੱਥਾਂ ਭੇੜ ਭੇੜਾ, ਸ਼ਾਹ ਸੁਲਤਾਨਾ ਦੇਵੇ ਖ਼ਾਕ ਮਿਲਾਈਆ। ਹਰਿ ਕਾ ਭੇਵ ਜਾਣੇ ਕੇਹੜਾ, ਬਿਨ ਨਾਨਕ ਗੋਬਿੰਦ ਸਮਝ ਕਿਸੇ ਨਾ ਆਈਆ। ਨਾਨਕ ਸਤਿਗੁਰ ਗੁਰ ਗੋਬਿੰਦ ਕਹੇ ਪੁਰਖ ਅਕਾਲ ਤੂੰ ਮੇਰਾ ਮੈਂ ਤੇਰਾ, ਸੋਹੰ ਢੋਲਾ ਗਾਈਆ। ਅੰਤ ਵਿਚੋਲਾ ਬਣ ਕੇ ਪਾਏ ਫੇਰਾ, ਏਥੇ ਓਥੇ ਦੋ ਜਹਾਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਇਕ ਅਖਵਾਈਆ। ਬੁੱਢਾ ਨੱਢਾ ਨਾ ਜਵਾਨ, ਜਗਤ ਜਵਾਨੀ ਨਾ ਕੋਇ ਹੰਢਾਈਆ। ਪੰਜ ਤੱਤ ਅੰਤਰ ਹੋ ਗ਼ਲਤਾਨ, ਗਤ ਮਿਤ ਆਪਣੀ ਮੂਲ ਨਾ ਪਾਈਆ। ਦਰ ਦਰ ਮੰਗਦਾ ਰਿਹਾ ਦਾਨ, ਬਣ ਭਿਖਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਸਮਝਾਈਆ। ਪੂਰਬ ਲੇਖੇ ਲੇਖੇ ਲੱਗੀ ਨਾ ਬੁੱਧ, ਬੁੱਧੀ ਕੰਮ ਕਿਸੇ ਨਾ ਆਈਆ। ਆਪਣੇ ਆਪ ਨਾਲ ਕਰਦਾ ਰਿਹਾ ਯੱੁਧ, ਹਾਰ ਜਿਤ ਨਾ ਕੋਇ ਵਖਾਈਆ। ਆਤਮ ਪਰਮਾਤਮ ਨਾ ਆਈ ਸੁਧ, ਬੇਸੁਧ ਦਏ ਦੁਹਾਈਆ। ਡੂੰਘੀ ਕੰਦਰ ਕਾਇਆ ਲੁਕ, ਆਪਣਾ ਮੁਖ ਸ਼ਰਮਾਈਆ। ਅੰਤ ਚੋਲਾ ਗਿਆ ਛੁੱਟ, ਕਾਇਆ ਕੰਮ ਕਿਸੇ ਨਾ ਆਈਆ। ਬਿਨ ਸੱਦਿਆਂ ਮਾਤ ਗਿਆ ਉਠ, ਅੱਗੇ ਮਿਲੇ ਨਾ ਕੋਇ ਢੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਜਣਾਈਆ। ਪੂਰਬ ਲੇਖਾ ਦੱਸੇ ਹਾਲ, ਅਹਿਵਾਲ ਨਾਲ ਮਿਲਾਈਆ। ਜਗਤ ਬੁਢੇਪੇ ਕਰਿਆ ਕੰਗਾਲ, ਕੰਗਾਲੀ ਮੂਲ ਨਾ ਕਿਸੇ ਚੁਕਾਈਆ। ਬਿਨ ਨਾਮੇ ਹੋਇਆ ਬੇਹਾਲ, ਬਹਿਬਲ ਦਏ ਦੁਹਾਈਆ। ਅੰਤਮ ਸਿਰ ਤੇ ਆਇਆ ਕਾਲ, ਕਾਲ ਰਿਹਾ ਕੁਰਲਾਈਆ। ਦੋਏ ਜੋੜ ਕਰਿਆ ਇਕ ਸਵਾਲ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਜਣਾਈਆ। ਦੋਏ ਜੋੜ ਬਣ ਸਵਾਲੀ, ਏਕਾ ਮੰਗ ਮੰਗਾਈਆ । ਮੇਰੀ ਝੋਲੀ ਦਿਸੇ ਖਾਲੀ, ਖਾਲੀ ਝੋਲੀ ਨਾ ਕੋਇ ਭਰਾਈਆ। ਮੈਂ ਜੀਵਾਂ ਜੰਤਾਂ ਕਰਦਾ ਰਿਹਾ ਦਲਾਲੀ, ਬਣ ਦਲਾਲ ਲਈ ਵਡਿਆਈਆ। ਅੰਤ ਆਈ ਰੈਣ ਅੰਧੇਰੀ ਕਾਲੀ, ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖਾ ਰਿਹਾ ਜਣਾਈਆ। ਅੰਤਮ ਰੋਵੇ ਮਾਰੇ ਧਾਹ, ਨੈਣ ਨੈਣ ਕੁਰਲਾਇਆ। ਜਗਤ ਬੁਢੇਪਾ ਗਿਆ ਆ, ਨਾ ਸਕੇ ਕੋਈ ਬਚਾਇਆ। ਜਿਸ ਦਾ ਢੋਲਾ ਰਿਹਾ ਗਾ, ਸੋ ਬੈਠਾ ਮੁਖ ਛੁਪਾਇਆ। ਛੋਟੀ ਸਪੁੱਤਰੀ ਪੱਲੂ ਫੜਿਆ ਆ, ਗਲਵਕੜੀ ਏਕਾ ਪਾਇਆ। ਮੇਰੇ ਪਿਤਾ ਰੋ ਨਾ, ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਗੋਦ ਸੁਹਾਇਆ। ਸਤਿਗੁਰ ਤੇਰਾ ਹੋਏ ਸਹਾ, ਨਾਲ ਮੇਰਾ ਮੇਲ ਮਿਲਾਇਆ। ਬਿਰਧ ਗਿਆ ਪਰਾਣ ਤਜਾ, ਆਸ ਪੁੱਤਰੀ ਵਿਚ ਰਖਾਇਆ। ਪੁੱਤਰੀ ਬੋਲਿਆ ਸਹਿਜ ਸੁਭਾ, ਪੁਰਖ ਅਬਿਨਾਸ਼ੀ ਪੂਰਾ ਦਏ ਕਰਾਇਆ। ਅੰਤਮ ਵੇਖੇ ਬਿਨ ਨੇਤਰ ਆ, ਨੈਣ ਆਪਣਾ ਆਪ ਖੁਲ੍ਹਾਇਆ। ਬਿਨ ਕਰਮਾਂ ਲਹਿਣਾ ਦਏ ਚੁਕਾ, ਸਿਰ ਆਪਣਾ ਹੱਥ ਟਿਕਾਇਆ। ਬਿਨ ਮਰਿਆਂ ਮਰਨਾ ਦਏ ਮਿਟਾ, ਮਰਨ ਜਨਮ ਨਾ ਕੋਇ ਜਣਾਇਆ। ਬਿਨ ਪੜ੍ਹਿਆਂ ਦਏ ਪੜ੍ਹਾ, ਅੱਖਰ ਵੱਖਰ ਆਪ ਸੁਣਾਇਆ। ਜਨਮ ਜਨਮ ਦੀ ਮੈਲ ਦਏ ਧੁਵਾ, ਮਿਹਰ ਨਜ਼ਰ ਇਕ ਟਿਕਾਇਆ। ਕਾਇਆ ਵਿਚੋਂ ਕਾਇਆ ਚੋਲਾ ਦਏ ਬਦਲਾ, ਉਹਲਾ ਪੜਦਾ ਆਪ ਉਠਾਇਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਲੈਣਾ ਗਾ, ਮੁਕਤੀ ਚਰਨਾਂ ਹੇਠ ਰਖਾਇਆ। ਸਾਧ ਸੰਤ ਕੀ ਕਰੇ ਵਿਚਾਰਾ, ਹਰਿ ਜੂ ਗੇੜੇ ਵਿਚ ਭੁਵਾਈਆ। ਆਰ ਪਾਰ ਨਾ ਕੋਈ ਕਿਨਾਰਾ, ਮੰਝਧਾਰ ਰਿਹਾ ਫਿਰਾਈਆ। ਪੰਜ ਤੱਤ ਅੰਦਰ ਡੂੰਘੀ ਗਾਰਾ, ਡੂੰਘੀ ਭਵਰੀ ਰਿਹਾ ਸਮਝਾਈਆ। ਅੱਠੇ ਪਹਿਰ ਨੇਤਰ ਰੋਵੇ ਜ਼ਾਰੋ ਜ਼ਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਭੇਵ ਨਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰ ਨਾ ਕੋਇ ਰਖਾਈਆ। ਗੱਲੀ ਬਾਤੀਂ ਨਾ ਮਿਲੇ ਪਿਆਰਾ, ਮੰਜ਼ਲ ਹੱਥ ਕਿਸੇ ਨਾ ਆਈਆ। ਅੰਦਰ ਅੰਦਰ ਧੂੰਆਂਧਾਰਾ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਦਰਸਨ ਦਰਸ ਕਿਸੇ ਨਾ ਪਾਈਆ। ਔਣਾ ਜਾਣਾ ਕਿਸ ਘਰ, ਪਾਂਧੀ ਪੰਧ ਨਾ ਕੋਇ ਰਖਾਇੰਦਾ। ਆਪਣੇ ਕੋਲੋਂ ਜੋ ਆਪੇ ਰਿਹਾ ਡਰ, ਭੈ ਅਵਰ ਕਿਆ ਵਖਾਇੰਦਾ। ਪੰਜ ਤੱਤ ਅੰਦਰ ਬੈਠਾ ਵੜ, ਚੋਲਾ ਕਾਇਆ ਨਾ ਕੋਇ ਬਦਲਾਇੰਦਾ। ਨਾ ਕੋਈ ਚੋਟੀ ਨਾ ਕੋਈ ਜੜ, ਚੇਤਨ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਰਸ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਪੰਜ ਤੱਤ ਰਿਹਾ ਕੁਰਲਾਈਆ। ਨਾਰ ਨਾ ਮਿਲਿਆ ਸਾਚਾ ਕੰਤ, ਨੇਤਰ ਨੈਣਾਂ ਨੀਰ ਵਹਾਈਆ। ਭਰਮੇ ਭੁੱਲਾ ਜੰਤ, ਜੰਤ ਜੰਤ ਮਿਲੀ ਵਡਿਆਈਆ। ਕਲਜੁਗ ਮਾਇਆ ਪਾਈ ਬੇਅੰਤ, ਨਾ ਕੋਈ ਪੜਦਾ ਸਕੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੂਰਖ ਮੂਰਖ ਧੰਦੇ ਲਾਈਆ। ਮੂਰਖ ਧੰਦੇ ਗਿਆ ਲੱਗ, ਗਿਆਨ ਨਜ਼ਰ ਕੋਇ ਨਾ ਆਇੰਦਾ। ਪੰਜ ਤੱਤ ਅੰਦਰ ਕੀਤਾ ਬੰਦ, ਪੱਲੂ ਨਾ ਕੋਇ ਛੁਡਾਇੰਦਾ। ਰਸਨਾ ਨਾਲ ਮਿਲਾਏ ਬੱਤੀ ਦੰਦ, ਆਤਮ ਪਰਮਾਤਮ ਨਜ਼ਰ ਕੋਇ ਨਾ ਆਇੰਦਾ। ਅਨਰਸ ਫਿੱਕਾ ਦਿਸੇ ਚੰਦ, ਬਿਨ ਸਤਿਗੁਰ ਪੂਰੇ ਸਾਚੇ ਸੰਤ ਸਤਿ ਸਲੋਕ ਨਾ ਕੋਇ ਗਾਇੰਦਾ।
