Granth 11 Likhat 122: 6 Chet 2019 Bikarmi Sohan Singh de Greh Rampur Jila Amritsar

੬ ਚੇਤ ੨੦੧੯ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਰਾਮਪੁਰ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਹੁਕਮ ਵਰਤਾਇੰਦਾ। ਏਕੰਕਾਰਾ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਹੱਥ ਰਖਾਇੰਦਾ। ਆਦਿ ਨਿਰੰਜਣ ਸਚ ਸਲਾਹ, ਸਲਾਹਗੀਰ ਇਕ ਹੋ ਜਾਇੰਦਾ। ਅਬਿਨਾਸ਼ੀ ਕਰਤਾ ਭੇਵ ਚੁਕਾ, ਅਨਭਵ ਆਪਣੀ ਧਾਰ ਰਖਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾ, ਸਤਿ ਪੁਰਖ ਨਿਰੰਜਣ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਸੀਸ ਝੁਕਾ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਸਚਖੰਡ ਦੁਆਰ ਇਕ ਸੁਹਾ, ਸੋਭਾਵੰਤ ਆਸਣ ਲਾਇੰਦਾ। ਸਚ ਸਿੰਘਾਸਣ ਇਕ ਵਡਿਆ, ਪਾਵਾ ਚੂਲ ਨਾ ਕੋਇ ਬਣਾਇੰਦਾ। ਨਿਰਮਲ ਦੀਪਕ ਇਕ ਜਗਾ, ਜੋਤੀ ਜਾਤਾ ਡਗਮਗਾਇੰਦਾ। ਛੱਪਰ ਛੰਨ ਨਾ ਕੋਇ ਛੁਹਾ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਰੂਪ ਅਨੂਪ ਆਪ ਵਟਾ, ਅਸੁੱਤੇ ਪਰਕਾਸ਼ ਆਪ ਕਰਾਇੰਦਾ। ਸ਼ਾਹੋ ਭੂਪ ਰਾਜਨ ਰਾਜ ਆਪ ਅਖਵਾ, ਸੀਸ ਜਗਦੀਸ ਤਾਜ ਸੁਹਾਇੰਦਾ। ਹੁਕਮੀ ਹੁਕਮ ਹੁਕਮ ਸੁਣਾ, ਧੁਰ ਫ਼ਰਮਾਣਾ ਆਪੇ ਗਾਇੰਦਾ। ਦਰ ਦਰਵੇਸ਼ ਫੇਰਾ ਪਾ, ਦਰ ਆਪਣੇ ਅਲੱਖ ਜਗਾਇੰਦਾ। ਵਡ ਦਾਤਾਰੀ ਆਪਣਾ ਨਾਉਂ ਧਰਾ, ਆਪਣੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰ, ਸਚਖੰਡ ਨਿਵਾਸੀ ਆਪ ਕਰਾਈਆ। ਤਖ਼ਤ ਨਿਵਾਸੀ ਸ਼ਾਹਕਾਰ, ਸ਼ਹਿਨਸ਼ਾਹ ਬੇਪਰਵਾਹੀਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਬੋਧ ਅਗਾਧਾ ਇਕ ਜੈਕਾਰ, ਜੈ ਜੈਕਾਰ ਆਪਣਾ ਨਾਉਂ ਵਡਿਆਈਆ। ਮਹੱਲ ਅਟੱਲ ਵੇਖ ਅਪਾਰ, ਨਿਹਚਲ ਧਾਮ ਦਏ ਵਡਿਆਈਆ। ਸਾਚੀ ਇਛਿਆ ਭਰ ਭੰਡਾਰ, ਆਪਣੀ ਇਛਿਆ ਝੋਲੀ ਪਾਈਆ। ਵੇਖੇ ਵਿਗਸੇ ਵੇਖਣਹਾਰ, ਦੂਸਰ ਸੰਗ ਨਾ ਕੋਇ ਰਲਾਈਆ। ਠਾਂਡਾ ਸੀਤਾ ਏਕੰਕਾਰ, ਘਰ ਸਾਚੇ ਸੋਭਾ ਪਾਈਆ। ਆਪ ਆਪਣਾ ਕਰ ਪਸਾਰ, ਪਸਰ ਪਸਾਰੀ ਵੇਖੇ ਚਾਈਂ ਚਾਈਂਆ। ਲੇਖਾ ਜਾਣ ਪੁਰਖ ਨਾਰ, ਨਾਰ ਕੰਤ ਸੇਜ ਹੰਢਾਈਆ । ਦਾਈ ਦਾਇਆ ਬਣ ਧੁਰ ਦਰਬਾਰ, ਸੇਵਕ ਸਾਚੀ ਸੇਵ ਕਰਾਈਆ। ਸੁਤ ਦੁਲਾਰਾ ਕਰ ਤਿਆਰ, ਪੂਤ ਸਪੂਤਾ ਗੋਦ ਉਠਾਈਆ। ਥਿਰ ਘਰ ਸਾਚੇ ਖੋਲ੍ਹ ਕਿਵਾੜ, ਥਿਰ ਦਰਬਾਰਾ ਆਪ ਬਣਾਈਆ। ਆਪੇ ਜਾਣੇ ਆਪਣੀ ਕਾਰ, ਕਰਤਾ ਪੁਰਖ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਇਕ ਸਮਝਾਈਆ। ਸਾਚੇ ਸੁਤ ਸੁਤ ਸਪੂਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਤੇਰਾ ਮੇਰਾ ਏਕਾ ਰੂਪ ਰੇਖ, ਰੰਗ ਨਜ਼ਰ ਕੋਇ ਨਾ ਆਇੰਦਾ। ਤੇਰਾ ਮੇਰਾ ਏਕਾ ਭੇਤ, ਅਭੇਵ ਭੇਵ ਨਾ ਕੋਇ ਖੁਲ੍ਹਾਇੰਦਾ। ਤੇਰਾ ਮੇਰਾ ਏਕਾ ਹੇਤ, ਸਾਚਾ ਹਿਤ ਆਪ ਜਣਾਇੰਦਾ। ਤੇਰਾ ਮੇਰਾ ਖੇਲ ਏਕ, ਏਕੰਕਾਰਾ ਆਪ ਸਮਝਾਇੰਦਾ। ਤੇਰਾ ਮੇਰਾ ਏਕਾ ਵੇਸ, ਵੇਸ ਅਨੇਕਾ ਆਪ ਵਟਾਇੰਦਾ। ਤੇਰਾ ਮੇਰਾ ਏਕਾ ਦੇਸ਼, ਦੇਸ਼ ਦਸੰਤਰ ਹਰਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਧੁਰ ਫ਼ਰਮਾਣ ਸਚ ਸੰਦੇਸਾ, ਨਿਰਗੁਣ ਨਿਰਾਕਾਰ ਆਪ ਜਣਾਈਆ। ਸਚਖੰਡ ਨਿਵਾਸੀ ਨਰ ਨਰੇਸ਼ਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਥਿਰ ਘਰ ਵੇਖੇ ਆਪੇ ਦੇਸਾ, ਆਪ ਆਪਣਾ ਰੂਪ ਵਟਾਈਆ। ਬਿਨ ਕਲਮ ਸ਼ਾਹੀ ਲਿਖੇ ਲੇਖਾ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਵਸਣਹਾਰਾ ਸਾਚੇ ਦੇਸਾ, ਬੰਕ ਦੁਆਰਾ ਇਕ ਸੁਹਾਈਆ। ਆਦਿ ਜੁਗਾਦੀ ਏਕਮ ਏਕਾ, ਏਕੰਕਾਰਾ ਨਾਉਂ ਧਰਾਈਆ। ਸ਼ਬਦੀ ਸੁਤ ਸਾਚੀ ਟੇਕਾ, ਪੁਰਖ ਅਕਾਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਈਆ। ਆਪਣਾ ਪੜਦਾ ਆਪੇ ਚੁੱਕ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਸਚਖੰਡ ਦੁਆਰੇ ਜੋ ਬੈਠਾ ਲੁਕ, ਥਿਰ ਘਰ ਆਪਣਾ ਖੇਲ ਕਰਾਇੰਦਾ। ਥਿਰ ਘਰ ਵਾਸੀ ਆਪੇ ਬੁੱਕ, ਆਪਣਾ ਬਲ ਆਪ ਧਰਾਇੰਦਾ। ਆਪੇ ਨੂਰ ਨਿਰਮਲ ਜੋਤ, ਆਪੇ ਸ਼ਬਦੀ ਰੂਪ ਵਖਾਇੰਦਾ। ਆਪੇ ਰੱਖੇ ਸਾਚੀ ਓਟ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਵਸੇ ਸਾਚੇ ਕੋਟ, ਆਪੇ ਬਿਨ ਛੱਪਰ ਛੰਨ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਜਣਾਇੰਦਾ। ਧੁਰ ਫ਼ਰਮਾਣਾ ਸ਼ਬਦੀ ਧਾਰ, ਹਰਿ ਸ਼ਬਦ ਸ਼ਬਦ ਜਣਾਈਆ। ਨਿਰਗੁਣ ਨਿਰਵੈਰ ਖੇਲ ਅਪਾਰ, ਨਿਰਾਕਾਰ ਆਪ ਕਰਾਈਆ। ਅਜੂਨੀ ਰਹਿਤ ਹੋ ਤਿਆਰ, ਮਾਰਗ ਪੰਧ ਇਕ ਚਲਾਈਆ। ਨਿਰਗੁਣ ਸਰਗੁਣ ਕਰ ਤਿਆਰ, ਅਲਖ ਅਗੋਚਰ ਖੇਲ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਭਰ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਵਿਸ਼ਨੂੰ ਨਿਉਂ ਨਿਉਂ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਬ੍ਰਹਮਾ ਨੇਤਰ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਸ਼ੰਕਰ ਕਰੇ ਹਾਹਾਕਾਰ, ਖੁਲੜੇ ਕੇਸ ਰਿਹਾ ਵਖਾਈਆ। ਤੇਰਾ ਅੰਤ ਨਾ ਪਾਰਾਵਾਰ, ਤੇਰਾ ਭੇਵ ਨਾ ਜਾਣੇ ਕੋਇ ਰਾਈਆ। ਤੇਰੀ ਕਰੇ ਨਾ ਕੋਇ ਗੁਫ਼ਤਾਰ, ਤੇਰਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਹੋਏ ਤੇਰੀ ਵਡਿਆਈਆ। ਵਿਸ਼ਨੂੰ ਮੰਗੇ ਦਾਨ, ਪ੍ਰਭ ਅੱਗੇ ਝੋਲੀ ਡਾਹਿੰਦਾ। ਤੂੰ ਸਾਹਿਬ ਸੱਚਾ ਸੁਲਤਾਨ, ਤੇਰਾ ਭੇਵ ਕੋਇ ਨਾ ਆਇੰਦਾ। ਸਚਖੰਡ ਵਸੇ ਸਚ ਮਕਾਨ, ਥਿਰ ਘਰ ਸ਼ਬਦੀ ਸੁਤ ਬਹਾਇੰਦਾ। ਹਉਂ ਬਾਲੀ ਬੁਧ ਅਞਾਣ, ਬਲ ਆਪਣਾ ਨਾ ਕੋਇ ਰਖਾਇੰਦਾ । ਨੇਤਰ ਨੈਣ ਦੋਏ ਸ਼ਰਮਾਣ, ਕਵਲ ਨੈਣ ਵੇਖ ਵਖਾਇੰਦਾ। ਤੇਰੇ ਚਰਨਾਂ ਇਕ ਧਿਆਨ, ਚਰਨ ਚਰਨੋਦਕ ਮੰਗ ਮੰਗਾਇੰਦਾ। ਸਾਚੀ ਵਸਤ ਦੇ ਦੇ ਦਾਨ, ਬਣ ਭਿਖਕ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਭਿਖਕ ਦਰ ਬਣ ਭਿਖਾਰੀ, ਵਿਸ਼ਨੂੰ ਆਪਣੀ ਝੋਲੀ ਅੱਗੇ ਡਾਹੀਆ। ਏਕਾ ਵਸਤ ਦੇ ਥਾਰੀ, ਅਤੋਟ ਅਤੁਟ ਰਖਾਈਆ। ਤੇਰੇ ਚਰਨ ਕਵਲ ਨਿਭੇ ਯਾਰੀ, ਪ੍ਰੀਤੀਵਾਨ ਤੇਰੀ ਪ੍ਰੀਤ ਮੋਹੇ ਭਾਈਆ। ਤੇਰਾ ਪ੍ਰੇਮ ਮੇਰਾ ਬਿਵਹਾਰੀ, ਸਚ ਵਿਹਾਰਾ ਇਕ ਸਮਝਾਈਆ। ਤੂੰ ਪੁਰਖ ਮੈਂ ਤੇਰੀ ਨਾਰੀ, ਬਣ ਨਾਰ ਸੇਵ ਕਮਾਈਆ। ਤੇਰੀ ਸੇਜ ਕੰਤ ਭਤਾਰੀ, ਕੰਤ ਕੰਤੂਹਲ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦੇਣੀ ਵਰਤਾਈਆ। ਸਾਚੀ ਵਸਤ ਝੋਲੀ ਪਾ, ਦਰ ਤੇਰੇ ਮੰਗ ਮੰਗਾਈਆ। ਤੂੰ ਘਾੜਨ ਮੇਰਾ ਲਿਆ ਘੜਾ, ਘੜ ਆਪਣਾ ਰੰਗ ਚੜ੍ਹਾਈਆ। ਮੈਂ ਦਰ ਤੇਰੇ ਡਿਗਾ ਆ, ਬਣ ਨਿਮਾਣਾ ਸੀਸ ਝੁਕਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਬੇਅੰਤ ਤੇਰੀ ਵਡਿਆਈਆ। ਮੈਨੂੰ ਮਾਰਗ ਦੇਣਾ ਪਾ, ਸਾਚਾ ਪੰਧ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਜਣਾਈਆ। ਆਪਣਾ ਭੇਵ ਦੱਸੇ ਭਗਵਾਨ, ਏਕਾ ਏਕ ਦਇਆ ਕਮਾਇੰਦਾ। ਸ਼ਬਦੀ ਸ਼ਬਦ ਤੇਰਾ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਮੇਰਾ ਨਾਉਂ ਤੇਰਾ ਗਿਆਨ, ਦੂਸਰ ਅੱਖਰ ਨਾ ਕੋਇ ਪੜ੍ਹਾਇੰਦਾ। ਮੇਰਾ ਚਰਨ ਤੇਰਾ ਧਿਆਨ, ਇਸ਼ਟ ਦੇਵ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਦੇਵੇ ਦਾਨ, ਹਰਿ ਦਾਨੀ ਆਪ ਵਰਤਾਈਆ। ਏਕਾ ਦੋਆਂ ਖੇਲ ਮਹਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਸਰਗੁਣ ਅੰਦਰ ਜੋਤ ਮਹਾਨ, ਸ਼ਬਦੀ ਰਾਗ ਅਲਾਈਆ। ਨਿਰਗੁਣ ਨੂਰ ਨੌਜਵਾਨ, ਨਾ ਮਰੇ ਨਾ ਜਾਈਆ। ਸੋ ਪੁਰਖ ਨਿਰੰਜਣ ਮਿਹਰਵਾਨ ਸਾਚੀ ਵਸਤ ਝੋਲੀ ਪਾਈਆ। ਹੰ ਬ੍ਰਹਮ ਦੇ ਦੇ ਦਾਨ, ਬ੍ਰਹਮਾ ਤੇਰੀ ਕਵਲ ਨਾਭ ਟਿਕਾਈਆ। ਕਵਲ ਕਵਲਾ ਖੇਲ ਮਹਾਨ, ਪਤ ਡਾਲ੍ਹੀ ਫੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਧਾਰ ਆਪ ਸਮਝਾਈਆ। ਸੋ ਧਾਰ ਸਤਿ ਸਰੂਪ, ਏਕਾ ਦੋਆ ਵੰਡ ਵੰਡਾਇੰਦਾ। ਨਿਰਗੁਣ ਨਿਰਗੁਣ ਵਸੇ ਹਰਿ ਹਰ ਕੂਟ, ਘਰ ਘਰ ਆਪਣਾ ਡੇਰਾ ਲਾਇੰਦਾ। ਸਚ ਪੰਘੂੜਾ ਲੈਣਾ ਝੂਟ, ਪੁਰਖ ਅਬਿਨਾਸ਼ੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਬ੍ਰਹਮਾ ਵੇਤਾ ਹੋ ਤਿਆਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਦਾਤਾਰ, ਤੇਰਾ ਭੇਵ ਕੋਇ ਨਾ ਆਈਆ। ਤੇਰਾ ਰੂਪ ਨਿਰਗੁਣ ਨਿਰਾਕਾਰ, ਅਜੂਨੀ ਰਹਿਤ ਪੁਰਖ ਅਕਾਲ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹੀਆ। ਤੇਰੇ ਅੱਗੇ ਝੋਲੀ ਅੱਡ, ਦੋਏ ਜੋੜ ਵਾਸਤਾ ਪਾਇਆ। ਪਰਮਾਤਮ ਆਤਮ ਕੀਤਾ ਅੱਡ, ਪਾਰਬ੍ਰਹਮ ਬ੍ਰਹਮ ਰੂਪ ਵਟਾਇਆ। ਕਿਸ ਬਿਧ ਵੇਖਾਂ ਤੇਰੀ ਹੱਦ, ਪਾਰ ਕਿਨਾਰਾ ਨਜ਼ਰ ਕੋਇ ਨਾ ਆਇਆ। ਵਿਸ਼ਨੂੰ ਵਿਸ਼ਵ ਉਪਜੀ ਯਦ, ਬੰਸ ਸਰਬੰਸ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇਆ। ਮੰਗੇ ਮੰਗ ਬਣ ਭਿਖਾਰੀ, ਹਰਿ ਚਰਨਾਂ ਸੀਸ ਝੁਕਾਈਆ। ਕਰ ਕਿਰਪਾ ਹਰਿ ਨਿਰੰਕਾਰੀ, ਨਿਰਧਨ ਸਰਧਨ ਹੋ ਸਹਾਈਆ। ਤੂੰ ਸਾਹਿਬ ਵੱਡਾ ਦਰਬਾਰੀ, ਸਾਚੇ ਤਖ਼ਤ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਰਾਗ ਆਪ ਸੁਣਾਈਆ। ਦੇਵੇ ਵਰ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵਡੀ ਵਡਿਆਈਆ। ਮੇਰਾ ਨਾਉਂ ਤੇਰੀ ਯਾਦ, ਯਾਦਗਾਰ ਇਕ ਬਣਾਈਆ। ਮੇਰੀ ਰਸਨ ਤੇਰਾ ਸਵਾਦ, ਬਿਨ ਰਸਨਾ ਜਿਹਵਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਸਾਚਾ ਹੁਕਮ ਸ਼ਬਦੀ ਸੁਤ, ਨਿਰਗੁਣ ਨਿਰੰਕਾਰ ਨਿਰਾਕਾਰ ਆਪ ਸੁਣਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਭੇਵ ਕੋਇ ਨਾ ਪਾਇੰਦਾ। ਬ੍ਰਹਮੇ ਤੇਰੀ ਸੁਹਾਏ ਰੁੱਤ, ਪਾਰਬ੍ਰਹਮ ਦਇਆ ਕਮਾਇੰਦਾ। ਮੇਰੀ ਧਾਰ ਤੇਰੇ ਅੰਦਰ ਪਏ ਫੁੱਟ, ਆਪਣਾ ਖੇਲ ਆਪ ਸਮਝਾਇੰਦਾ। ਸ਼ਬਦੀ ਸ਼ਬਦ ਪਏ ਉਠ, ਉਠ ਉਠ ਬਲ ਵਖਾਇੰਦਾ। ਸੁਆਮੀ ਠਾਕਰ ਜਾਏ ਤੁਠ, ਸਿਰ ਆਪਣਾ ਹੱਥ ਟਿਕਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਸਚ ਪਿਆਲਾ ਹੱਥ ਰਖਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਤੇਰੀ ਝੋਲੀ ਪਾਇੰਦਾ। ਏਕਾ ਨਾਉਂ ਖੇਲ ਅਪਾਰਾ, ਹਰਿ ਜੂ ਹਰਿ ਹਰਿ ਜਣਾਇੰਦਾ। ਤੇਰੇ ਅੰਦਰ ਨਾਦੀ ਧਾਰਾ, ਅਨਾਦੀ ਨਾਦ ਵਜਾਇੰਦਾ। ਤੇਰਾ ਲੇਖਾ ਵੇਦ ਚਾਰਾ, ਲਿਖ ਲਿਖ ਆਪ ਸਮਝਾਇੰਦਾ। ਤੇਰਾ ਭੇਵ ਜੁਗ ਚਾਰਾ, ਜੁਗ ਚੌਕੜੀ ਬੰਧਨ ਪਾਇੰਦਾ। ਤੇਰਾ ਰੂਪ ਚਾਰ ਵਰਨ ਕਰੇ ਪਸਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ। ਤੇਰਾ ਨੂਰ ਚਾਰ ਕੁੰਟ ਹੋਏ ਉਜਿਆਰਾ, ਉਤਰ ਪੂਰਬ ਪੱਛਮ ਦੱਖਣ ਵੰਡ ਵੰਡਾਇੰਦਾ। ਕਰੇ ਖੇਲ ਆਪ ਨਿਰੰਕਾਰਾ, ਧੁਰ ਸੰਦੇਸਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਪਰਗਟਾਇੰਦਾ। ਬ੍ਰਹਮਾ ਕਹੇ ਸੁਣ ਨਿਰੰਕਾਰ, ਦਰ ਤੇਰੇ ਸੀਸ ਝੁਕਾਇਆ। ਕਵਣ ਰੂਪ ਤੇਰੀ ਗੁਫਤਾਰ, ਕਵਣ ਸੰਦੇਸਾ ਦਏ ਅਲਾਇਆ। ਕਵਣ ਬਣੇ ਲੇਖ ਲਿਖਾਰ, ਲਿਖ ਲਿਖ ਲੇਖ ਦਏ ਜਣਾਇਆ। ਕਵਣ ਕਰੇ ਸਚ ਵਿਹਾਰ, ਬਣ ਬਿਵਹਾਰੀ ਭੇਵ ਖੁਲ੍ਹਾਇਆ। ਮੈਂ ਤੇਰਾ ਸੇਵਾਦਾਰ, ਬਣ ਸੇਵਕ ਸੇਵ ਕਮਾਇਆ। ਦੋਏ ਜੋੜ ਕਰਾਂ ਨਿਮਸਕਾਰ, ਧੂੜੀ ਟਿੱਕਾ ਮਸਤਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਆਪ ਵਰਤਾਇਆ। ਮੇਰਾ ਨਾਉਂ ਸ਼ਬਦ ਧਾਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਲੇਖਾ ਜਾਣੇ ਵੇਦ ਚਾਰ, ਚਾਰ ਜੁਗ ਵੰਡ ਵੰਡਾਇੰਦਾ। ਚਾਰੇ ਖਾਣੀ ਕਰ ਤਿਆਰ, ਉਤਭੁਜ ਸੇਤਜ ਜੇਰਜ ਅੰਡ ਰੰਗ ਰੰਗਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਚਾਰ ਜੁਗ ਗੁਰ ਅਵਤਾਰ, ਪੰਜ ਤੱਤ ਕਾਇਆ ਸੇਵਾ ਲਾਇੰਦਾ। ਚਾਰ ਜੁਗ ਭਗਤ ਭਗਵਨ ਦਏ ਅਧਾਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਚਾਰ ਜੁਗ ਸੰਤਨ ਦੇਵੇ ਆਪ ਦੀਦਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਚਾਰ ਜੁਗ ਗੁਰਮੁਖਾਂ ਖੋਲ੍ਹ ਬੰਦ ਕਿਵਾੜ, ਆਤਮ ਪਰਮਾਤਮ ਬੂਝ ਬੁਝਾਇੰਦਾ। ਚਾਰ ਜੁਗ ਗੁਰਸਿਖ ਸਾਚੇ ਘੋੜੇ ਚਾੜ੍ਹ, ਵਾਗਾਂ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਵੇ ਜਾਵੇ ਵਾਰੋ ਵਾਰ, ਵੇਸ ਅਨੇਕਾ ਆਪ ਵਟਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰ ਵਿਹਾਰ, ਹਰਿ ਸ਼ਬਦੀ ਖੇਲ ਕਰਾਇੰਦਾ। ਗੁਰ ਅਵਤਾਰ ਕਰ ਸੇਵਾਦਾਰ, ਪੰਜ ਤੱਤ ਸੇਵਾ ਸਚ ਜਣਾਇੰਦਾ। ਪੀਰ ਪੈਗ਼ੰਬਰ ਦੇ ਅਧਾਰ, ਦਸਤਗੀਰ ਸੰਗ ਨਿਭਾਇੰਦਾ। ਏਕਾ ਬੋਲ ਸਤਿ ਜੈਕਾਰ, ਜੈ ਜੈਕਾਰਾ ਆਪਣੇ ਨਾਉਂ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਹਰਿ ਜੂ ਹਰਿ ਹਰਿ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ । ਧੁਰ ਫ਼ਰਮਾਣਾ ਏਕਾ ਵਾਰ, ਆਦਿ ਪੁਰਖ ਆਪ ਜਣਾਈਆ। ਬ੍ਰਹਮੇ ਤੇਰਾ ਬ੍ਰਹਮ ਭੰਡਾਰ, ਲੱਖ ਚੁਰਾਸੀ ਬਣਤ ਬਣਾਈਆ। ਘਟ ਘਟ ਅੰਦਰ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਘਟ ਘਟ ਅੰਦਰ ਸ਼ਬਦ ਧੁੰਨਕਾਰ, ਅਨਹਦ ਰਾਗੀ ਰਾਗ ਅਲਾਈਆ। ਘਟ ਘਟ ਅੰਦਰ ਖੇਲ ਮਹਾਨ, ਗੋਪੀ ਕਾਹਨ ਆਪ ਨਚਾਈਆ। ਘਟ ਘਟ ਅੰਦਰ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਘਟ ਘਟ ਅੰਦਰ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਕੁੜਮਾਈਆ। ਘਟ ਘਟ ਅੰਦਰ ਸੁੰਞ ਮਸਾਣ, ਧੂੰਆਂਧਾਰ ਆਪ ਰਖਾਈਆ। ਘਟ ਘਟ ਅੰਦਰ ਦੇਵੇ ਗਿਆਨ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਹਰਿ ਜੂ ਵੇਖੇ, ਵੇਖਣਹਾਰ ਆਪ ਕਰਤਾਰਾ। ਜੁਗਾ ਜੁਗੰਤਰ ਲਾਏ ਲੇਖੇ, ਲੇਖਾ ਜਾਣੇ ਗੁਰ ਅਵਤਾਰਾ। ਲੱਖ ਚੁਰਾਸੀ ਭਰਮ ਭੁਲੇਖੇ, ਆਪ ਬਣਾਇਆ ਭਰਮੀ ਗੜ੍ਹ ਹੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੋਲੇ ਸਚ ਜੈਕਾਰਾ। ਜੈ ਜੈਕਾਰ ਏਕਾ ਵਾਰ, ਆਦਿ ਪੁਰਖ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੇਰੀ ਰੀਤੀ ਅਗੰਮ ਅਪਾਰ, ਅਲਖ ਅਗੋਚਰ ਤੇਰੀ ਵਡਿਆਈਆ। ਤੇਰਾ ਭੇਵ ਨਾ ਪਾਏ ਕੋਈ ਸਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹਉਂ ਸੇਵਕ ਸੇਵਾ ਕਰੀਏ ਵਿਚ ਸੰਸਾਰ, ਵੇਦ ਕਤੇਬ ਨਾਲ ਰਲਾਈਆ। ਸ਼ਾਸਤਰ ਸਿਮਰਤ ਖੋਲ੍ਹ ਕਿਵਾੜ, ਬਣ ਹਟਵਾਣਾ ਹੱਟ ਚਲਾਈਆ। ਅੱਖਰ ਅੱਖਰ ਦੇ ਗਿਆਨ, ਅੱਖ ਅੱਖ ਨਾਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਪੈਗ਼ਾਮ, ਸਚ ਸੰਦੇਸਾ ਮਾਤ ਸੁਣਾਈਆ। ਅੰਜੀਲ ਕੁਰਾਨ ਕਰਨ ਵਖਾਣ, ਤੀਸ ਬਤੀਸਾ ਏਕਾ ਗਾਈਆ। ਚਾਰੇ ਬਾਣੀ ਗੁਣ ਨਿਧਾਨ, ਚਾਰੇ ਖਾਣੀ ਝੋਲੀ ਪਾਈਆ। ਅੰਤਮ ਸਾਰੇ ਹੋਣ ਹੈਰਾਨ, ਗੁਰ ਪੀਰ ਪੈਗ਼ੰਬਰ ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰ, ਕੁਦਰਤ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਜੁਗ ਜੁਗ ਚਾਰ, ਜੁਗ ਚੌਕੜੀ ਵੰਡ ਵੰਡਾਇੰਦਾ। ਹੁਕਮੇ ਅੰਦਰ ਗੁਰ ਅਵਤਾਰ, ਹੁਕਮੀ ਹੁਕਮ ਆਪ ਫਿਰਾਇੰਦਾ। ਹੁਕਮੇ ਅੰਦਰ ਅਠ ਦਸ ਹੋਏ ਉਜਿਆਰ, ਹੁਕਮੇ ਅੰਦਰ ਪੰਜ ਤੱਤ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਵਖਾਇੰਦਾ। ਆਪਣਾ ਖੇਲ ਰੱਖੇ ਹੱਥ, ਭੇਵ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਰਥ, ਗੁਰ ਅਵਤਾਰ ਦੇਣ ਗਵਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਏ ਨਥ, ਨਾਮ ਡੋਰੀ ਹੱਥ ਰਖਾਈਆ। ਆਪਣੀ ਮਹਿਮਾ ਗਣਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਦਾ ਸੁਹੇਲਾ ਮਾਰਗ ਦੱਸ, ਏਕਾ ਏਕ ਰਾਹ ਵਖਾਈਆ। ਜੁਗ ਚੌਕੜੀ ਪੰਧ ਮੁਕਾਏ ਨੱਸ ਨੱਸ, ਬਣੇ ਪਾਂਧੀ ਸੱਚਾ ਰਾਹੀਆ। ਸੱਚਾ ਮਾਰਗ ਜਨ ਭਗਤਾਂ ਦੱਸ ਆਪਣਾ ਭੇਵ ਖੁਲ੍ਹਾਈਆ। ਏਕਾ ਨੂਰ ਕਰੇ ਪਰਕਾਸ਼, ਰਵ ਸਸ ਮੁਖ ਸ਼ਰਮਾਈਆ। ਏਕਾ ਕਰੇ ਭੋਗ ਬਲਾਸ, ਆਤਮ ਪਰਮਾਤਮ ਲਏ ਪਰਨਾਈਆ। ਏਕਾ ਪਹਿਨੇ ਸਚ ਲਿਬਾਸ, ਪੰਜ ਤੱਤ ਚੋਲਾ ਆਪ ਹੰਢਾਈਆ। ਏਕਾ ਵੇਖੇ ਖੇਲ ਤਮਾਸ਼, ਪਵਨ ਸਵਾਸ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਰਾਗ ਆਪ ਅਲਾਈਆ। ਸ਼ਬਦੀ ਰਾਗ ਗਾਏ ਕਰਤਾਰਾ, ਗਾਵਣਹਾਰਾ ਦਿਸ ਨਾ ਆਈਆ। ਜੁਗ ਚੌਕੜੀ ਬਣਦਾ ਰਿਹਾ ਵਣਜਾਰਾ, ਦੋ ਜਹਾਨਾ ਹੱਟ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਆਪੇ ਬੂਝੇ ਬੂਝਣਹਾਰਾ, ਦੂਸਰ ਸਮਝ ਵਿਚ ਨਾ ਆਈਆ। ਰਾਗੀ ਨਾਦੀ ਵਸੇ ਬਾਹਰਾ, ਕਹਿ ਕਹਿ ਕਥ ਕਥ ਅੰਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਈਆ। ਸਾਚਾ ਭੇਵ ਖੋਲ੍ਹੇ ਭਗਵਨ, ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਬੰਨ੍ਹੇ ਬਾਨ੍ਹਣ, ਸਿਰ ਆਪਣੇ ਭਾਰ ਉਠਾਇੰਦਾ। ਲੇਖਾ ਜਾਣੇ ਸੀਤਾ ਰਾਮਣ, ਕ੍ਰਿਸ਼ਨਾ ਕਾਹਨਨ ਵੇਖ ਵਖਾਇੰਦਾ। ਈਸਾ ਮੂਸਾ ਦੇ ਨਿਸ਼ਾਨਣ, ਸਚ ਪੈਗ਼ਾਮ ਆਪ ਅਲਾਇੰਦਾ। ਇਕ ਮੁਹੰਮਦ ਬੰਨ੍ਹੇ ਗਾਨਣ, ਚੌਦਾਂ ਤਬਕ ਤੰਦ ਵਖਾਇੰਦਾ। ਨਾਨਕ ਦੇਵੇ ਨਾਮ ਨਿਧਾਨਨ, ਨਾਮ ਸਤਿ ਸਤਿ ਵਰਤਾਇੰਦਾ। ਗੋਬਿੰਦ ਕਹੇ ਪੁਰਖ ਅਕਾਲਣ, ਦੂਜੀ ਓਟ ਨਾ ਕੋਇ ਤਕਾਇੰਦਾ। ਆਦਿ ਜੁਗਾਦੀ ਖੇਲ ਮਹਾਨਨ, ਖ਼ਾਲਕ ਖ਼ਲਕ ਆਪ ਕਰਾਇੰਦਾ। ਕਲਜੁਗ ਅੰਤ ਹੋਏ ਪਰਧਾਨਨ, ਨਿਹਕਲੰਕਾ ਨਾਉਂ ਰਖਾਇੰਦਾ। ਡੰਕ ਵਜਾਏ ਦੋ ਜਹਾਨਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਤਾਲਾਂ ਆਪ ਹਿਲਾਇੰਦਾ। ਇਕ ਝੁਲਾਏ ਸਚ ਨਿਸ਼ਾਨਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖ਼ਤੋਂ ਲਾਹਿੰਦਾ । ਏਕਾ ਦੇਵੇ ਸੱਚਾ ਦਾਨਨ, ਲੱਖ ਚੁਰਾਸੀ ਬਖ਼ਸ਼ੇ ਮਾਨਨ, ਆਤਮ ਅੰਤਰ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਖੇਲ ਆਪ ਕਰਾਇੰਦਾ। ਸ਼ਬਦੀ ਖੇਲ ਗੁਰ ਗੁਰ ਸੱਜਣ, ਸਤਿਗੁਰ ਪੂਰਾ ਆਪ ਕਰਾਈਆ। ਨੌਂ ਖੰਡ ਪ੍ਰਿਥਮੀ ਏਕਾ ਸੱਜਣ, ਲੱਖ ਚੁਰਾਸੀ ਦਏ ਬਣਾਈਆ। ਸਰਬ ਜੀਆਂ ਦਾ ਪੜਦੇ ਕੱਜਣ, ਪੁਰਖ ਅਕਾਲ ਇਕ ਅਖਵਾਈਆ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਜੁਗ ਜੁਗ ਕਾਲ ਨਗਾਰੇ ਸਿਰ ਤੇ ਵੱਜਣ, ਕੂਕੇ ਕਾਲ ਦਏ ਦੁਹਾਈਆ। ਲਾੜੀ ਮੌਤ ਘਰ ਘਰ ਆਏ ਸੱਦਣ, ਰਾਏ ਧਰਮ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਉਂ ਦਏ ਵਡਿਆਈਆ। ਵਿਸ਼ਨੂੰ ਕਹੇ ਤੇਰਾ ਨਾਉਂ, ਹਰਿ ਨਿਰੰਕਾਰ ਮੋਹੇ ਭਾਇਆ। ਬ੍ਰਹਮਾ ਕਹੇ ਤੂੰ ਪਿਤਾ ਮਾਉਂ, ਮੈਂ ਤੇਰੀ ਗੋਦ ਸੁਹਾਇਆ। ਆਦਿ ਅੰਤ ਫੜਨਾ ਬਾਂਹੋਂ, ਇਕ ਤੇਰੀ ਓਟ ਤਕਾਇਆ। ਸਦਾ ਸਦ ਦੇਣੀ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇਆ। ਜੁਗ ਜੁਗ ਕਰਨਾ ਹੱਕ ਨਿਆਉਂ, ਹੱਕ ਹਕ਼ੀਕ਼ਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦੇ ਸਮਝਾਇਆ। ਆਪਣਾ ਮਾਰਗ ਦੇਣਾ ਦੱਸ, ਅੰਤ ਤੇਰੀ ਓਟ ਤਕਾਈਆ। ਜੁਗ ਚੌਕੜੀ ਹੋਣ ਬਸ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆ ਆ ਜਾਣ ਨੱਸ, ਤੇਰੇ ਤੇਰੇ ਵਿਚ ਸਮਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਅੰਦਰ ਰਹੀ ਫਸ, ਜਗਤ ਜੰਜਾਲ ਨਾ ਕੋਇ ਤੁੜਾਈਆ। ਹਉਮੇ ਹੰਗਤਾ ਤੀਰ ਮਾਰੇ ਕਸ, ਗੜ੍ਹ ਹੰਕਾਰ ਨਾ ਕੋਇ ਤੁੜਾਈਆ। ਜੂਠ ਝੂਠ ਦਰ ਦਰ ਘਰ ਘਰ ਰਿਹਾ ਨੱਚ, ਬਣ ਨਟੂਆ ਸਾਂਗ ਵਰਤਾਈਆ। ਕਿਸੇ ਕੰਮ ਨਾ ਆਵੇ ਭਾਂਡਾ ਕੱਚ, ਪੰਜ ਤੱਤ ਨਾ ਕੋਇ ਵਡਿਆਈਆ। ਏਕਾ ਨਾਉਂ ਦੇਣਾ ਸੱਚ, ਮੇਰੇ ਸਾਹਿਬ ਸੱਚੇ ਮਾਹੀਆ। ਮੈਂ ਤੇਰਾ ਤੂੰ ਮੇਰਾ ਇਕ ਦੂਜੇ ਅੰਦਰ ਜਾਈਏ ਰਚ, ਦੂਈ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਸੰਦੇਸਾ ਇਕ ਸੁਣਾਈਆ। ਅੰਤ ਸੰਦੇਸਾ ਦੇਵੇ ਹਰਿ, ਹਰਿ ਹਰਿ ਜੂ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲੜ ਲੈਣਾ ਫੜ, ਸਾਚਾ ਪੱਲੂ ਇਕ ਫੜਾਇੰਦਾ। ਸੋਹੰ ਅੱਖਰ ਲੈਣਾ ਪੜ੍ਹ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਸਚਖੰਡ ਦੁਆਰੇ ਜਾਣਾ ਚੜ੍ਹ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ ਜੁਗ ਚੌਕੜੀ ਪੰਧ ਮੁਕਾਇੰਦਾ। ਕਲਜੁਗ ਅੰਤ ਆਵੇ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ, ਡੰਕਾ ਵਜਾਏ ਘਰ ਘਰ, ਰਾਓ ਰੰਕਾਂ ਆਪ ਉਠਾਇੰਦਾ। ਏਕਾ ਅੱਖਰ ਚਾਰ ਵਰਨ ਅੱਗੇ ਧਰ, ਚਾਰ ਜੁਗ ਦੀ ਪਿਛਲੀ ਕੀਤੀ ਆਪ ਉਲਟਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਇਕ ਇਕੇਲੇ ਲੈਣ ਪੜ੍ਹ, ਜੀਵ ਜੰਤ ਲੱਖ ਚੁਰਾਸੀ ਭਰਮ ਭੁਲੇਖੇ ਪਾਇੰਦਾ। ਕਿਰਪਾ ਕਰ ਨਰਾਇਣ ਨਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਪਰਗਟਾਇੰਦਾ। ਏਕਾ ਨਾਉਂ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਆਪਣੇ ਜਿਹਾ ਆਪੇ ਹੋ, ਹਰਿ ਭਗਤ ਆਪਣੇ ਨਾਲ ਮਿਲਾਈਆ। ਆਪਣਾ ਬੀਜ ਆਪੇ ਬੋ, ਗੁਰਮੁਖ ਫੁਲਵਾੜੀ ਆਪ ਮਹਿਕਾਈਆ। ਦੁਰਮਤ ਮੈਲ ਦੇਵੇ ਧੋ, ਗੁਰਸਿਖਾਂ ਬਖ਼ਸ਼ੇ ਚਰਨ ਸਰਨ ਸਰਨਾਈਆ। ਅੰਮ੍ਰਿਤ ਆਤਮ ਦੇਵੇ ਚੋ, ਨਿਝਰ ਝਿਰਨਾ ਆਪ ਝਿਰਾਈਆ। ਆਦਿ ਨਿਰੰਜਣ ਕਰੇ ਲੋ, ਜੋਤ ਨਿਰੰਜਣ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਵੇਲਾ ਅੰਤਮ ਆਉਣਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਫੇਰਾ ਪਾਉਣਾ, ਲੋਕਮਾਤ ਵੇਸ ਵਟਾਇੰਦਾ। ਚਾਰ ਜੁਗ ਦਾ ਲਹਿਣਾ ਦੇਣਾ ਝੋਲੀ ਪਾਉਣਾ, ਗੁਰ ਅਵਤਾਰ ਦਰ ਬਹਾਇੰਦਾ। ਅੱਗੇ ਮਾਰਗ ਇਕ ਵਿਖੌਣਾ, ਜ਼ਾਤ ਪਾਤ ਨਾ ਕੋਇ ਵਖਾਇੰਦਾ । ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਘਰ ਬਹਾਉਣਾ, ਦਰ ਸਾਚਾ ਇਕ ਵਡਿਆਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਸੋਹੰ ਢੋਲਾ ਸਾਚਾ ਗਾਉਣਾ, ਦੂਜਾ ਅੱਖਰ ਨਾ ਕੋਇ ਪੜ੍ਹਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੋਲਾ ਬਣ ਕੇ ਫੇਰਾ ਪਾਉਣਾ, ਲੱਖ ਚੁਰਾਸੀ ਨਾਮ ਕੰਡੇ ਤੋਲ ਤੁਲਾਇੰਦਾ। ਮਨਮੁਖ ਜੀਵ ਅੰਤਮ ਰੋਣਾ, ਸਾਚੀ ਸੇਜ ਮਿਲੇ ਨਾ ਸੌਣਾ, ਆਤਮ ਖਾਟ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਆਪ ਸਮਝਾਇੰਦਾ। ਵਿਸ਼ਨੂੰ ਤੇਰਾ ਵਿਸ਼ਵ ਰੂਪ, ਸੋ ਪੁਰਖ ਨਿਰੰਜਣ ਦਏ ਵਖਾਈਆ। ਬ੍ਰਹਮੇ ਤੇਰਾ ਬ੍ਰਹਮ ਸਰੂਪ, ਆਤਮ ਪਰਮਾਤਮ ਕਰੇ ਕੁੜਮਾਈਆ। ਨਾਉਂ ਨਿਰੰਕਾਰਾ ਚਾਰੇ ਕੂਟ, ਵਰਨ ਬਰਨ ਸੁਣਾਈਆ। ਨਾਤਾ ਤੁਟੇ ਜੂਠ ਝੂਠ, ਸਚ ਸੁਚ ਕਰੇ ਕੁੜਮਾਈਆ। ਏਕਾ ਉਠੇ ਸਾਚਾ ਪੂਤ, ਗੁਰ ਸ਼ਬਦੀ ਨਾਉਂ ਧਰਾਈਆ। ਭਗਤ ਭਗਵੰਤ ਤਾਣਾ ਪੇਟਾ ਸੂੱਤ, ਸੂਤਰਧਾਰੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਥਾਨ ਥਨੰਤਰ, ਨਿਰਗੁਣ ਨਿਰਾਕਾਰ ਵੇਖ ਵਖਾਇੰਦਾ। ਚਾਰੇ ਕੁੰਟ ਲੱਗੇ ਬਸੰਤਰ, ਅਗਨੀ ਅੱਗ ਨਾ ਕੋਇ ਬੁਝਾਇੰਦਾ। ਲੱਖ ਚੁਰਾਸੀ ਭੁੱਲੇ ਗੁਰ ਕਾ ਮੰਤਰ, ਹਰਿ ਹਰਿ ਰਾਗ ਨਾ ਕੋਇ ਅਲਾਇੰਦਾ। ਗਾਰਾ ਮਿਟੀ ਬਣਾ ਬਣਾ ਬਣਤਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਘਟ ਘਟ ਵਾਸੀ ਪੁਰਖ ਅਬਿਨਾਸ਼ੀ ਸਰਬ ਜੀਆਂ ਬਿਧ ਜਾਣੇ ਅੰਤਰ, ਨਿਝ ਆਤਮ ਡੇਰਾ ਲਾਇੰਦਾ। ਅੱਖਰ ਅੱਖਰ ਪੜ੍ਹਾਏ ਆਪਣਾ ਮੰਤਰ, ਸੋਹੰ ਸਾਚਾ ਜਾਪ ਜਪਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਮੰਡਲ ਮੰਡਪ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਇਕੋ ਨਾਉਂ ਏਕਾ ਘਰ ਵਸਾਇੰਦਾ। ਏਕਾ ਘਰ ਇਕ ਵਸੇਰਾ, ਵਸਾਵਣਹਾਰਾ ਇਕ ਅਖਵਾਈਆ। ਏਕਾ ਮੰਦਰ ਏਕਾ ਡੇਰਾ, ਏਕਾ ਬੈਠਾ ਆਸਣ ਲਾਈਆ। ਏਕਾ ਦੂਰ ਏਕਾ ਨੇੜਾ, ਏਕਾ ਹਰ ਘਟ ਰਿਹਾ ਸਮਾਈਆ। ਏਕਾ ਨਗਰ ਏਕਾ ਖੇੜਾ, ਏਕਾ ਫੇਰਾ ਪਾਈਆ। ਏਕਾ ਦੇਵੇ ਜੁਗ ਜੁਗ ਗੇੜਾ, ਜੁਗ ਚੌਕੜੀ ਆਪ ਭੁਵਾਈਆ। ਏਕਾ ਕਰੇ ਧਰਤ ਮਾਤ ਦਾ ਖੁਲ੍ਹਾ ਵੇਹੜਾ, ਲੱਖ ਚੁਰਾਸੀ ਆਪਣੀ ਗੋਦ ਬਹਾਈਆ। ਏਕਾ ਕਰੇ ਹੱਕ ਨਬੇੜਾ, ਸਹੀ ਸਲਾਮਤ ਸੱਚਾ ਮਾਹੀਆ। ਇਕ ਚਲਾਏ ਜੁਗ ਜੁਗ ਬੇੜਾ, ਲੋਕਮਾਤ ਫੇਰਾ ਪਾਈਆ। ਏਕਾ ਨਾਉਂ ਵਖਾਏ ਸੰਝ ਸਵੇਰਾ, ਕਾਲੀ ਰੈਣ ਕੋਇ ਰਹਿਣ ਨਾ ਪਾਈਆ। ਏਕਾ ਨਾਉਂ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਪੰਧ ਮੁਕਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਸ਼ਬਦੀ ਸ਼ਬਦ ਪਾਏ ਘੇਰਾ, ਨਵ ਨੌਂ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਰਬ ਵਰ, ਵਰ ਦਾਤਾ ਇਕ ਹੋ ਆਈਆ।