Granth 07 Likhat 009: 4 Faggan 2014 Bikarmi Dalip Singh de Ghar Pind Gaggobua Jila Amritsar

੪ ਫੱਗਣ ੨੦੧੪ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਨਿਰਗੁਣ ਰੂਪ ਹਰਿ ਕਰਤਾਰ, ਜੋਤੀ ਨੂਰ ਸਮਾਇਆ। ਸਰਗੁਣ ਮੇਲਾ ਵਿਚ ਸੰਸਾਰ, ਸ਼ਬਦੀ ਸ਼ਬਦ ਮੇਲ ਮਿਲਾਇਆ। ਆਦਿਨ ਅੰਤਾ ਏਕ ਏਕੰਕਾਰ, ਆਪਣੀ ਕਲ ਵਰਤਾਇਆ। ਜੁਗ ਜੁਗ ਜਾਮਾ ਲਏ ਧਾਰ, ਭੇਖਾ ਧਾਰੀ ਭੇਖ ਵਟਾਇਆ। ਕਲਜੁਗ ਅੰਤਮ ਵੇਖੇ ਕੂੜ ਪਸਾਰ, ਕੂੜ ਕੁੜਿਆਰਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਨਿਰਗੁਣ ਜੋਤ ਹਰਿ ਮਿਹਰਵਾਨ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਖੇਲਣਹਾਰ ਆਪ ਅਖਵਾਇੰਦਾ। ਧਰਮ ਝੁਲਾਏ ਸਚ ਨਿਸ਼ਾਨ, ਸ਼ਬਦੀ ਬਣਤ ਬਣਾਇੰਦਾ। ਆਪੇ ਹੋਏ ਸੀਤਾ ਰਾਮ, ਕਾਹਨਾ ਕ੍ਰਿਸ਼ਨਾ ਰੂਪ ਵਟਾਇੰਦਾ। ਆਪੇ ਆਤਮ ਮਦਿ ਸਾਚਾ ਨਾਮ, ਹਰਿ ਸਾਚਾ ਜਾਮ ਪਿਆਇੰਦਾ। ਆਪੇ ਮੇਟੇ ਰੈਣ ਅੰਧੇਰੀ ਸ਼ਾਮ, ਦੀਪਕ ਸਾਚੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਕੂੜ ਪਸਾਰਾ, ਹਰਿ ਸਾਚੇ ਜੋਤ ਜਗਾਈਆ। ਜੋਤ ਸਰੂਪੀ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਅਪਰ ਅਪਾਰਾ, ਲੋਆਂ ਪੁਰੀਆਂ ਰਿਹਾ ਸੁਣਾਈਆ। ਖੇਲੇ ਖੇਲ ਖੇਲਣਹਾਰਾ, ਆਦਿ ਜੁਗਾਦਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਏ ਬੇਪਰਵਾਹੀਆ। ਨਿਰਗੁਣ ਜੋਤੀ ਕਰ ਅਕਾਰਾ, ਆਪਣਾ ਖੇਲ ਖਿਲਾਇੰਦਾ। ਸ਼ਬਦ ਖੰਡਾ ਫੜ ਦੋ ਧਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤ ਸੁਰ ਦਏ ਹੁਲਾਰਾ, ਆਪ ਆਪਣੀ ਕਿਰਤ ਕਮਾਇੰਦਾ। ਗੁਰਮੁਖ ਸਾਜਨ ਪਾਵੇ ਸਾਰਾ, ਧੀਰਜ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਜਾਮਾ ਹਰਿ ਭਗਵੰਤਾ, ਆਪਣੀ ਕਲ ਵਰਤਾਇੰਦਾ। ਆਦਿ ਜੁਗਾਦੀ ਆਦਿਨ ਅੰਤਾ, ਸਤਿ ਸਰੂਪ ਸਮਾਇੰਦਾ। ਭੇਵ ਖੁਲ੍ਹਾਏ ਸਾਚੇ ਸੰਤਾ, ਸਤਿਗੁਰ ਪੂਰਾ ਮੇਲ ਮਿਲਾਇੰਦਾ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤਾ, ਕਲਜੁਗ ਨੀਂਦ ਸਵਾਇੰਦਾ। ਸੰਗ ਰਖਾਏ ਹਉਮੇ ਹੰਗਤਾ, ਕਾਇਆ ਗੜ੍ਹ ਬਣਾਇੰਦਾ। ਗੁਰਮੁਖ ਵਿਰਲਾ ਦਰ ਦਵਾਰੇ ਹੋਏ ਮੰਗਤਾ, ਨਾਮ ਝੋਲੀ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਰਖਾਇੰਦਾ। ਆਪ ਆਪਣਾ ਨਾਉਂ ਧਰਾ, ਆਪਣਾ ਡੰਕ ਵਜਾਈਆ। ਰਾਓ ਰੰਕਾਂ ਰਿਹਾ ਜਗਾ, ਸਾਧਾਂ ਸੰਤਾਂ ਰਿਹਾ ਹਿਲਾਈਆ। ਬ੍ਰਹਿਮੰਡ ਖੰਡ ਹਰਿ ਵੇਖ ਵਖਾ, ਜੇਰਜ ਅੰਡ ਫੇਰੀ ਪਾਈਆ। ਭੇਖ ਪਖੰਡਾ ਦਏ ਮਿਟਾ, ਏਕਾ ਡੰਡਾ ਹੱਥ ਉਠਾਈਆ। ਕਲਜੁਗ ਅੰਤਮ ਕੰਢਾ ਗਿਆ ਆ, ਸੰਮਤ ਚੌਦਾਂ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਜਗਤ ਨਾਤਾ, ਹਰਿ ਸਾਚਾ ਵੇਖ ਵਖਾਇੰਦਾ। ਭਰਮੇ ਭੁੱਲੇ ਜ਼ਾਤਾ ਪਾਤਾ, ਜੀਵ ਜੰਤ ਸਰਬ ਕੁਰਲਾਇੰਦਾ। ਪਰਗਟ ਹੋਏ ਪੁਰਖ ਬਿਧਾਤਾ, ਅਭੇਵ ਅਭੇਦਾ ਅਛਲ ਅਛੇਦਾ ਅਛਲ ਛਲ ਕਰਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਖੇਲੇ ਖੇਲ ਇਕ ਇਕਾਂਤਾ, ਨਾ ਕੋਈ ਦੂਸਰ ਸੰਗ ਰਲਾਇੰਦਾ। ਭਗਤ ਜਨਾਂ ਹਰਿ ਪੁੱਛੇ ਵਾਤਾ, ਸਵੱਛ ਸਰੂਪੀ ਦਰਸ ਦਿਖਾਇੰਦਾ। ਪਾਰ ਕਰਾਏ ਔਖੇ ਘਾਟਾ, ਏਕਾ ਤਟ ਸੁਹਾਇੰਦਾ। ਜੂਠ ਝੂਠ ਕਲ ਮਾਰੇ ਠਾਠਾ, ਸਾਗਰ ਸਿੰਧ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਪੂਜਾ ਪਾਠਾ, ਇਸ਼ਟ ਦੇਵ ਵੇਖ ਵਖਾਇੰਦਾ । ਇਸ਼ਟ ਦੇਵ ਸਤਿਗੁਰ ਸੱਜਣ, ਸਤਿ ਪੁਰਖ ਸਮਾਇਆ। ਨੇਤਰ ਨੈਣ ਪਾਏ ਸਾਚਾ ਕਜਲ, ਨਾਮ ਨਾਮਾ ਇਕ ਰਖਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਇਆ। ਦੋ ਜਹਾਨੀ ਪੜਦੇ ਕੱਜਣ, ਗੁਰ ਸ਼ਬਦ ਦੁਸ਼ਾਲਾ ਇਕ ਵਖਾਇਆ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਇਆ। ਜੀਵ ਜੰਤ ਘਰ ਬਾਰ ਸਰਬ ਜਨ ਤਜਣ, ਨਾ ਧੀਰਜ ਕੋਇ ਧਰਾਇਆ। ਲੇਖਾ ਚੁੱਕੇ ਮੱਕਾ ਕਾਅਬਾ ਹਾਜ਼ੀ ਹੱਜਣ, ਕੁਤਬ ਗੌਂਸ ਨਾ ਕੋਇ ਦਸਾਇਆ। ਕਾਲ ਨਗਾਰੇ ਸਿਰ ਤੇ ਵੱਜਣ, ਵੇਲਾ ਅੰਤਮ ਆਇਆ। ਪਰਗਟ ਹੋਇਆ ਸ਼ਾਹੋ ਭੂਪ ਹਰਿ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਮਲ ਜੋਤ ਕਰੇ ਰੁਸ਼ਨਾਇਆ। ਨਿਰਮਲ ਜੋਤੀ ਹਰਿ ਨਰਾਇਣ, ਆਪਣੀ ਆਪ ਜਗਾਈਆ। ਗੁਰਮੁਖ ਵਿਰਲਾ ਵੇਖੇ ਨੇਤਰ ਨੈਣ, ਜਗਤ ਲੋਚਣ ਦਿਸ ਨਾ ਆਈਆ। ਸ਼ਬਦ ਗੁਰ ਮੇਲ ਧੁਰ ਏਕਾ ਧਾਮ ਇਕੱਠੇ ਰਹਿਣ, ਵਿਛੜ ਕਦੇ ਨਾ ਜਾਈਆ। ਕਲਜੁਗ ਤੇਰਾ ਆਪ ਚੁਕਾਏ ਲੈਣ ਦੇਣ, ਲਹਿਣਾ ਦੇਣਾ ਝੋਲੀ ਪਾਈਆ। ਜਨ ਭਗਤਾਂ ਮੇਲ ਮਿਲਾਏ ਹਰਿ ਸਾਕ ਸੱਜਣ ਸਾਚਾ ਸੈਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਕੂੜੀ ਛਾਹੀਆ। ਕੂੜੀ ਸ਼ਾਹੀ ਕੂੜ ਪਸਾਰਾ, ਕੂੜੀ ਵੱਜੇ ਵਧਾਈਆ। ਕੂੜਾ ਸਾਜਣ ਮੀਤ ਮੁਰਾਰਾ, ਕੂੜੀ ਕਿਰਿਆ ਰਿਹਾ ਕਮਾਈਆ। ਕੂੜ ਕੂੜਾ ਮਾਰੇ ਨਾਅਰਾ, ਕੂੜ ਕੂੜੇ ਰਿਹਾ ਜਣਾਈਆ। ਕੂੜ ਕੂੜਾ ਕਰ ਪਸਾਰਾ, ਕੂੜ ਕੂੜੇ ਧੰਦੇ ਲਾਈਆ। ਕੂੜ ਕੂੜਾ ਜੀਵ ਗਵਾਰਾ, ਕੂੜੋ ਕੂੜ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕੂੜ ਰਾਜਨ ਕੂੜ ਰਾਜ, ਕੂੜ ਜੋਗ ਕਮਾਇਆ। ਕੂੜਾ ਸਾਜਣ ਰਿਹਾ ਸਾਜ, ਕੂੜ ਕੂੜੇ ਧੰਦੇ ਲਾਇਆ। ਕੂੜ ਕੂੜਾ ਰਚਿਆ ਕਾਜ, ਮਾਇਆ ਅੰਧੇ ਭਰਮ ਭੁਲਾਇਆ। ਕੂੜ ਕੂੜੀ ਮਾਰੇ ਆਵਾਜ਼, ਮਦਿਰਾ ਮਾਸੀ ਗੰਦੇ ਨਾਉਂ ਧਰਾਇਆ। ਕੂੜ ਕੂੜਾ ਵੇਖੇ ਕਲ ਕਿ ਆਜ, ਕੂੜ ਕੂੜਾ ਡੌਰੂ ਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜਾ ਦਏ ਮਿਟਾਇਆ। ਕੂੜੀ ਰਾਸ ਕੂੜਾ ਮੰਡਲ, ਕੂੜੀ ਬਣਤ ਬਣਾਈਆ। ਕੂੜ ਕੁੜਿਆਰੇ ਮਾਰਿਆ ਸੰਗਲ, ਕੂੜ ਕੂੜੇ ਰਿਹਾ ਬਣਾਈਆ। ਕੂੜ ਮੰਡਪ ਕੂੜ ਮਾੜੀ ਕੂੜ ਜੰਗਲ, ਕੂੜ ਅਠਸਠ ਆਸਣ ਲਾਈਆ। ਕੂੜ ਕੁੜਿਆਰਾ ਦਰ ਦਰ ਮੰਗਣ, ਕੂੜ ਕੂੜੇ ਬੈਠੇ ਧੂਣੀਆਂ ਤਾਈਆ। ਕੂੜ ਕੁੜਿਆ ਹੋਇਆ ਨਗਣ, ਕੂੜ ਕੂੜ ਪੜਦਾ ਰਿਹਾ ਉਠਾਈਆ। ਕਲਜੁਗ ਅੰਤਮ ਹੋਇਆ ਭੰਗਣ, ਕੂੜ ਨਾ ਦਿਸੇ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਮੀਤ ਮੁਰਾਰਾ, ਚਰਨ ਕਵਲ ਜਗ ਨਾਤਾ। ਦੇਵੇ ਦਰਸ ਅਗੰਮ ਅਪਾਰਾ, ਹੋਏ ਸਹਾਈ ਪਿਤਾ ਮਾਤਾ। ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰਾ, ਮੇਟ ਮਿਟਾਏ ਅੰਧੇਰੀ ਰਾਤਾ। ਨਿਰਮਲ ਜੋਤੀ ਕਰ ਉਜਿਆਰਾ, ਅੰਮ੍ਰਿਤ ਬੂੰਦ ਪਿਆਏ ਸਵਾਂਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਨਿਭਾਏ ਸਾਚਾ ਸਾਥਾ। ਸਗਲਾ ਸਾਥ ਹਰਿ ਭਗਵੰਤ, ਗੁਰਮੁਖ ਸੰਗ ਨਿਭਾਇਆ। ਆਪੇ ਨਾਰੀ ਆਪੇ ਕੰਤ, ਆਪ ਆਪਣਾ ਅੰਗ ਲਗਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਏਕਾ ਸ਼ਬਦ ਜਣਾਏ ਮਣੀਆ ਮੰਤ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਤੋੜੇ ਗੜ੍ਹ ਹਉਮੇ ਹੰਗਤ, ਗੜ੍ਹ ਹੰਕਾਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਸਚ ਟਿਕਾਣਾ, ਹਰਿ ਏਕਾ ਏਕ ਜਣਾਇੰਦਾ। ਸ਼ਬਦ ਸਰੂਪੀ ਦਏ ਬਬਾਣਾ, ਗੁਰ ਪੂਰਾ ਆਪ ਬਹਾਇੰਦਾ। ਦੋ ਜਹਾਨੀ ਦੇਵੇ ਮਾਣਾ, ਆਵਣ ਜਾਵਣ ਫੰਦ ਕਟਾਇੰਦਾ। ਸ਼ਬਦ ਸੁਣਾਏ ਅਨਾਦੀ ਗਾਣਾ, ਧੁਨ ਅਨਾਦੀ ਆਪ ਬੁਲਾਇੰਦਾ। ਇਕ ਵਖਾਏ ਪਦ ਨਿਰਬਾਣਾ, ਪਰਮਾਨੰਦ ਸਮਾਇੰਦਾ। ਮੇਲ ਮਿਲਾਏ ਸ੍ਰੀ ਭਗਵਾਨਾ, ਜੋਤੀ ਜੋਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਮਨਮੁਖ ਜੀਵ ਮਾਇਆ ਮੋਹ, ਕੂੜੇ ਧੰਦੇ ਲਾਇਆ। ਪੰਚ ਵਿਕਾਰਾ ਰਿਹਾ ਰੋ, ਨੇਤਰ ਨੀਰ ਵਹਾਇਆ। ਗੂੜ੍ਹੀ ਨੀਂਦੇ ਰਿਹਾ ਸੌਂ, ਹਰਿ ਹਰਿ ਨਜ਼ਰ ਨਾ ਆਇਆ। ਵੇਲੇ ਅੰਤ ਨਾ ਪਕੜੇ ਕੋਈ ਬਾਂਹੋਂ, ਰਾਏ ਧਰਮ ਦਏ ਸਜ਼ਾਇਆ। ਏਕਾ ਭੁਲਿਆ ਹਰਿ ਸਾਚਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਮਨਮੁਖ ਜੀਵ ਮੁਗਧ ਮੂੜ੍ਹ, ਹਉਮੇ ਰੋਗ ਜਲਾਇਆ। ਗੁਰ ਮਸਤਕ ਨਾ ਲਾਈ ਸਾਚੀ ਧੂੜ, ਲਾਟ ਲਲਾਟ ਨਾ ਕੋਇ ਵਖਾਇਆ। ਜਗਤ ਨਾਤਾ ਬਣਿਆ ਕੂੜ, ਬਜਰ ਕਪਾਟ ਨਾ ਕੋਇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਇਆ। ਲੱਖ ਚੁਰਾਸੀ ਹਰ ਘਟ ਵਸਿਆ, ਪਾਰਬ੍ਰਹਮ ਬੇਅੰਤਾ। ਜੁਗ ਜੁਗ ਆਪਣਾ ਰਾਹ ਆਪੇ ਦੱਸਿਆ, ਮਾਰਗ ਲਾਏ ਸਾਚੇ ਸੰਤਾ। ਸ਼ਬਦ ਗੁਰ ਆਵੇ ਨੱਸਿਆ, ਖੇਲੇ ਖੇਲ ਹਰਿ ਸਾਚਾ ਕੰਤਾ। ਮੇਟੇ ਰੈਣ ਅੰਧੇਰੀ ਮੱਸਿਆ, ਸਾਚਾ ਚੰਦ ਇਕ ਸੁਹੰਤਾ। ਕਲਜੁਗ ਅੰਤਮ ਤੀਰ ਨਿਰਾਲਾ ਏਕ ਕਸਿਆ, ਗੜ੍ਹ ਤੋੜੇ ਹਉਮੇ ਹੰਗਤਾ। ਜਨ ਭਗਤਾਂ ਹਿਰਦੇ ਅੰਦਰ ਆਪੇ ਵਸਿਆ, ਦਰ ਦਵਾਰੇ ਹੋਏ ਮੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਬਣਾਏ ਸਾਚੀ ਸੰਗਤਾ। ਕਲਜੁਗ ਮੇਟੇ ਕੂੜ ਪਸਾਰਾ, ਬੀਸ ਬੀਸਾ ਦਏ ਦੁਹਾਈਆ। ਪਰਗਟ ਹੋ ਹੋ ਹਰਿ ਨਿਰੰਕਾਰਾ, ਰਾਗ ਛਤੀਸਾ ਵੇਖ ਵਖਾਈਆ। ਖੇਲੇ ਖੇਲ ਅਪਰ ਅਪਾਰਾ, ਕੁਰਾਨ ਹਦੀਸਾ ਇਕ ਪੜ੍ਹਾਈਆ। ਆਪੇ ਬੰਨ੍ਹੇ ਆਪਣੀ ਧਾਰਾ, ਜਗਤ ਜਗਦੀਸ ਵੱਡੀ ਵਡਿਆਈਆ। ਚਾਰ ਵਰਨ ਸੁਹਾਏ ਇਕ ਦਵਾਰਾ, ਊਚ ਨੀਚ ਰਹਿਣ ਨਾ ਪਾਈਆ। ਏਕਾ ਸ਼ਬਦ ਏਕਾ ਰਾਗ ਏਕਾ ਧੁਨ ਇਕ ਜੈਕਾਰਾ, ਏਕਾ ਹਰਿ ਏਕਾ ਘਰ ਏਕਾ ਵਰ, ਏਕਾ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਚਾਰ ਵਰਨ ਇਕ ਦਵਾਰਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਅਤੋਟ ਅਤੁਟਾ ਭਰ ਭੰਡਾਰਾ, ਆਪੇ ਵੇਖ ਵਖਾਇੰਦਾ। ਸ਼ਬਦ ਸਰੂਪੀ ਬਣ ਵਰਤਾਰਾ, ਪਾਰਬ੍ਰਹਮ ਵਰਤਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਮੰਗਣ ਬਣ ਭਿਖਾਰਾ, ਇਛਿਆ ਭਿਛਿਆ ਪੂਰ ਕਰਾਇੰਦਾ। ਨੌਂ ਖੰਡ ਪ੍ਰਿਥਮੀ ਬੰਨੇ ਧਾਰਾ, ਸੱਤਾਂ ਦੀਪਾਂ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਚ ਵਸਤ ਧੁਰ ਦਰਗਾਹੀ ਆਪ ਲਿਆਇੰਦਾ। ਨਾਮ ਵਸਤ ਸ਼ਬਦ ਅਨਮੋਲ, ਹਰਿ ਸਾਚੇ ਹੱਥ ਵਡਿਆਈਆ। ਆਪ ਆਪਣਾ ਜਾਣੇ ਬੋਲ, ਜੁਗ ਜੁਗ ਆਪੇ ਰਿਹਾ ਅਲਾਈਆ। ਆਪ ਆਪਣੇ ਰੱਖਿਆ ਕੋਲ, ਹੱਟ ਪਸਾਰਾ ਇਕ ਸੁਹਾਈਆ। ਆਪੇ ਤੋਲਣਹਾਰਾ ਤੋਲ, ਤੋਲਣਹਾਰ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਦਏ ਵਡਿਆਈਆ। ਚਾਰ ਵਰਨ ਧਰਮ ਜੈਕਾਰਾ, ਸੋਹੰ ਸੋ ਜਣਾਇਆ। ਸਤਿਜੁਗ ਤੇਰਾ ਸਚ ਵਿਹਾਰਾ, ਹਰਿ ਸਾਚਾ ਰਿਹਾ ਕਰਾਇਆ। ਕਲਜੁਗ ਕੂੜਾ ਮਿਟੇ ਪਸਾਰਾ, ਅੰਤ ਰਹਿਣ ਨਾ ਪਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸਾਧ ਸੰਤ ਲਏ ਜਗਾਇਆ। ਅੱਠੇ ਪਹਿਰ ਖ਼ਬਰਦਾਰਾ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਮੇਲ ਸਚ ਘਰ, ਸਰਗੁਣ ਹੋਏ ਸਹਾਇਆ। ਸਰਗੁਣ ਮੇਲਾ ਨਿਰਗੁਣ ਧਾਰ, ਜੋਤ ਕਰੇ ਰੁਸ਼ਨਾਈਆ। ਜੋਤੀ ਸ਼ਬਦੀ ਇਕ ਪਿਆਰ, ਏਕਾ ਥਾਂ ਸੁਹਾਈਆ। ਲੋਕਮਾਤ ਕਰ ਵਿਚਾਰ, ਪ੍ਰਭ ਸਾਚੀ ਖੇਲ ਖਿਲਾਈਆ। ਕਲਜੁਗ ਅੰਤਮ ਵੇਖ ਵਿਚਾਰ, ਭੇਖਾ ਧਾਰੀ ਭੇਖ ਵਟਾਈਆ। ਸ਼ਬਦ ਖੰਡਾ ਤੇਜ਼ ਕਟਾਰ, ਆਪਣੇ ਹੱਥ ਉਠਾਈਆ। ਰਸਨਾ ਚਿੱਲਾ ਤੀਰ ਕਮਾਨ, ਆਪ ਆਪਣਾ ਰਿਹਾ ਚਲਾਈਆ। ਕੂੜ ਕੁੜਿਆਰਾ ਮੇਟ ਨਿਸ਼ਾਨ, ਸਚ ਸੁੱਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਮੇਲ ਦਰ, ਦਰ ਦਰਵੇਸ਼ ਆਪ ਅਖਵਾਈਆ। ਗੁਰਮੁਖ ਸਦ ਤ੍ਰਿਪਤਾਸਿਆ, ਪਾਇਆ ਹਰਿ ਗੋਬਿੰਦ। ਮਿਲਿਆ ਮੇਲ ਸ਼ਾਹੋ ਸਬਾਸਿਆ, ਮਿਟੀ ਸਗਲੀ ਚਿੰਦ। ਪਾਰ ਕਰਾਏ ਪ੍ਰਿਥਮੀ ਅਕਾਸਿਆ, ਆਪ ਉਪਜਾਏ ਆਪਣੀ ਬਿੰਦ। ਸਚ ਮੰਡਲ ਵੇਖੇ ਸਾਚੀ ਰਾਸਿਆ, ਵਡ ਦਾਤਾ ਗੁਣੀ ਗਹਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਦਾ ਬਖ਼ਸ਼ਿੰਦ। ਗੁਰਮੁਖ ਪੂਰੀ ਆਸ, ਗੁਰ ਪੂਰਾ ਰਿਹਾ ਕਰਾਈਆ। ਜਗਤ ਬੁਝਾਏ ਤ੍ਰਿਸਨਾ ਪਿਆਸ, ਆਲਸ ਨਿੰਦਰਾ ਦੂਰ ਕਰਾਈਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਰਹੇ ਗਾਈਆ। ਆਵਣ ਜਾਵਣ ਚੁੱਕੇ ਦਸ ਦਸ ਮਾਸ, ਗਰਭ ਵਾਸ ਫੰਦ ਕਟਾਈਆ। ਹਰਿਜਨ ਦਵਾਰੇ ਹਰਿ ਹਰਿ ਹੋਇਆ ਦਾਸੀ ਦਾਸ, ਸੇਵਕ ਸੇਵਾ ਰਿਹਾ ਕਮਾਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਇਕ ਅਕੱਲਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਸਾਚੇ ਦਰ, ਥਿਰ ਘਰ ਸਾਚਾ ਨਾਉਂ ਧਰਾਈਆ। ਥਿਰ ਘਰ ਸਾਚਾ ਹਰਿ ਹਰਿ ਮੰਦਰ, ਗੁਰਮੁਖ ਵੇਖ ਵਖਾਇੰਦਾ। ਭਾਗ ਲਗਾਏ ਡੂੰਘੀ ਕੰਦਰ, ਦਿਸ ਕਿਸੇ ਨਾ ਆਇੰਦਾ। ਆਪੇ ਤੋੜਨਹਾਰਾ ਜੰਦਰ, ਆਤਮ ਕੁੰਡਾ ਲਾਹਿੰਦਾ। ਜੋਤ ਜਗਾਏ ਅੰਦਰੇ ਅੰਦਰ, ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਏਕਾ ਹਰਿ ਏਕਾ ਨਰ ਏਕਾ ਦਰ ਸੁਹਾਇੰਦਾ। ਸਚ ਘਰ ਸਚ ਦਰਵਾਜ਼ਾ, ਹਰਿ ਸਾਚੀ ਜੋਤ ਜਗਾਈਆ। ਇਕ ਅਕੱਲਾ ਗ਼ਰੀਬ ਨਵਾਜ਼ਾ, ਬੈਠਾ ਆਸਣ ਲਾਈਆ। ਦੂਜੇ ਦਰ ਰੱਖਿਆ ਤਾਜਾ, ਚਿੱਟਾ ਅਸਵ ਰਿਹਾ ਦੌੜਾਈਆ। ਤੀਜੇ ਲੋਇਨ ਮਾਰੇ ਵਾਜਾ, ਅਨਹਦ ਸੇਵਾ ਲਾਈਆ। ਚੌਥੇ ਘਰ ਰੱਖੇ ਲਾਜਾ, ਪਰਮ ਪੁਰਖ ਅਖਵਾਈਆ। ਪੰਚਮ ਵਜਾਏ ਏਕਾ ਵਾਜਾ, ਏਕਾ ਰਾਗ ਅਲਾਈਆ। ਛੇਵੇਂ ਸ਼ਬਦੀ ਸਾਚਾ ਕਾਜਾ, ਆਪਣਾ ਆਪ ਰਚਾਈਆ। ਸੱਤਵੇਂ ਘਰ ਸਤਿ ਪੁਰਖ ਨਿਰੰਜਣ ਅਬਿਨਾਸ਼ੀ ਕਰਤਾ ਆਪ ਆਪਣਾ ਕਰੇ ਤਮਾਸ਼ਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਨਿਰਮਲ ਜੋਤੀ ਅਗੰਮ ਅਥਾਹ, ਅਗੰਮ ਅਗੰਮ ਸਮਾਇਆ। ਅਲਖ ਨਿਰੰਜਣ ਅਲਖ ਜਗਾ, ਅਲਖ ਅਲਖ ਰੂਪ ਵਟਾਇਆ। ਸਚਖੰਡ ਦਏ ਸੁਹਾ, ਸਤਿ ਸਰੂਪਾ ਵੇਖ ਵਖਾਇਆ। ਸੁਨ ਅਗੰਮੀ ਰਿਹਾ ਸਮਾ, ਆਪ ਆਪਣਾ ਮੁਖ ਛੁਪਾਇਆ। ਦਸਮ ਦਵਾਰੀ ਡੇਰਾ ਲਾ, ਗੁਰਮੁਖ ਸਾਜਣ ਲਏ ਜਗਾਇਆ। ਆਤਮ ਸੇਜਾ ਸਚ ਵਿਛਾ, ਸਚ ਸਿੰਘਾਸਣ ਆਸਣ ਲਾਇਆ। ਅੰਮ੍ਰਿਤ ਆਤਮ ਜਾਮ ਪਿਆ, ਸਰ ਸਰੋਵਰ ਦਏ ਨੁਹਾਇਆ। ਅਨਹਦ ਸਾਚਾ ਤਾਲ ਵਜਾ, ਪੰਚਮ ਰਾਗ ਅਲਾਇਆ। ਬੰਦ ਕਿਵਾੜੀ ਆਪ ਖੁਲ੍ਹਾ, ਆਪਣਾ ਦਰਸ ਦਿਖਾਇਆ। ਚਰਨ ਦਾੜ੍ਹੀ ਜੋ ਜਨ ਰਹੇ ਛੁਹਾ, ਲਹਿਣਾ ਦੇਣਾ ਲੱਖ ਚੁਰਾਸੀ ਦੇਵੇ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਨੈਣਾ ਦਰਸ ਦਿਖਾਇਆ । ਦਸਮ ਦਵਾਰੀ ਸਚ ਦਵਾਰਾ, ਗੁਰਮੁਖ ਵਿਰਲੇ ਪਾਇਆ। ਸਤਿਗੁਰ ਪੂਰਾ ਕਰ ਪਿਆਰਾ, ਗੁਰਮੁਖਾਂ ਰਿਹਾ ਵਖਾਇਆ। ਸੁਰਤੀ ਸ਼ਬਦੀ ਇਕ ਅਧਾਰਾ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਦਰ ਸਾਚਾ ਇਕ ਸੁਹਾਇਆ। ਦਸਮ ਦਵਾਰੀ ਪਾਰ ਕਿਨਾਰਾ, ਗੁਰਮੁਖ ਪਾਰ ਕਰਾਇੰਦਾ। ਆਪੇ ਜਾਣੇ ਆਪਣੀ ਧਾਰਾ, ਆਪਣੀ ਧਾਰ ਵਹਾਇੰਦਾ। ਸੋ ਪੁਰਖ ਨਿਰੰਜਣ ਵੇਸ ਅਪਾਰਾ, ਏਕਾ ਏਕ ਰਖਾਇੰਦਾ। ਸੋਹੰ ਸ਼ਬਦ ਹੋਏ ਜੈ ਜੈ ਜੈਕਾਰਾ, ਘਰ ਚੌਥੇ ਵਿਚ ਸਮਾਇੰਦਾ। ਪੰਜ ਤਤ ਨਾ ਦਿਸੇ ਅਕਾਰਾ, ਤ੍ਰੈਗੁਣ ਨਾ ਕੋਇ ਵਖਾਇੰਦਾ। ਸੰਤ ਸੁਹੇਲੇ ਸੋਹਿਣ ਸਚ ਦਵਾਰਾ, ਦਰ ਦਰਬਾਰਾ ਇਕ ਵਖਾਇੰਦਾ। ਪੰਚਮ ਖੋਲ੍ਹੇ ਆਪ ਕਿਵਾੜਾ, ਆਪੇ ਕੁੰਡਾ ਲਾਹਿੰਦਾ। ਜੋਤੀ ਸ਼ਬਦੀ ਇਕ ਅਖਾੜਾ, ਏਕਾ ਰਾਗ ਅਲਾਇੰਦਾ। ਛੇਵੇਂ ਘਰ ਖੇਲ ਨਿਆਰਾ, ਛੱਪਰ ਛੰਨ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਦੀਪਕ ਜੋਤੀ ਕਰ ਉਜਿਆਰਾ, ਅਕਾਸ਼ ਪਰਕਾਸ਼ ਸਮਾਇੰਦਾ। ਸੱਤਵੇਂ ਘਰ ਖੇਲ ਅਗੰਮ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਪਾਰਬ੍ਰਹਮ ਬੇਅੰਤ ਬੇਅੰਤਾ, ਥੇਅੰਤ ਆਪ ਅਖਵਾਇੰਦਾ। ਆਪ ਆਪਣਾ ਧਾਮ ਸੁਹੰਤਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਨਾ ਕੋਈ ਦੀਸੇ ਜੀਵ ਜੰਤਾ, ਲੱਖ ਚੁਰਾਸੀ ਨਾ ਕੋਇ ਬਣਾਇੰਦਾ। ਨਾ ਕੋਈ ਰਸਨਾ ਨਾ ਕੋਈ ਜੇਹਵਾ ਨਾ ਕੋਈ ਮਣੀਆ ਨਾ ਕੋਈ ਮਣਤਾ, ਨਾ ਕੋਈ ਰਾਗ ਨਾਦ ਅਲਾਇੰਦਾ। ਨਾ ਕੋਈ ਨਾਰੀ ਨਾ ਕੋਈ ਕੰਤਾ, ਨਾ ਕੋਈ ਰੁੱਤੀ ਦਿਸੇ ਬਸੰਤਾ, ਫਲ ਫੁਲਵਾੜੀ ਨਾ ਵੇਖ ਵਖਾਇੰਦਾ। ਏਕਾ ਏਕ ਏਕ ਹਰਿ ਭਗਵੰਤਾ, ਹਰਿ ਘਰ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਮੇਲ ਮਿਲਾਇੰਦਾ। ਮੇਲਣਹਾਰ ਹਰਿ ਭਗਵਾਨਾ, ਪਰਮ ਪੁਰਖ ਅਖਵਾਇਆ। ਜਨ ਭਗਤਾਂ ਦੇਵੇ ਜੀਆ ਦਾਨਾ, ਆਤਮ ਬ੍ਰਹਮ ਗਿਆਨ ਜਣਾਇਆ। ਚਰਨ ਧੂੜ ਬਖ਼ਸ਼ੇ ਸਚ ਅਸ਼ਨਾਨਾ, ਦੁਰਮਤ ਮੈਲ ਗਵਾਇਆ। ਖੇਲੇ ਖੇਲ ਦੋ ਜਹਾਨਾ, ਆਵਣ ਜਾਵਣ ਬਣਤ ਬਣਾਇਆ। ਸੋਹੰ ਸ਼ਬਦ ਸੁਣਾਏ ਸਾਚਾ ਗਾਣਾ, ਸਤਿ ਪੁਰਖ ਨਿਰੰਜਣ ਆਪ ਅਲਾਇਆ। ਚਾਰ ਵਰਨ ਦਰ ਇਕ ਸੁਹਾਨਾ, ਬੰਕ ਦਵਾਰਾ ਵੇਖ ਵਖਾਇਆ। ਗੁਰਮੁਖ ਸਾਚਾ ਚਤੁਰ ਸੁਘੜ ਸਿਆਣਾ, ਦੇ ਮਤ ਆਪ ਸਮਝਾਇਆ। ਚਲੇ ਚਲਾਏ ਜੁਗ ਜੁਗ ਆਪਣਾ ਭਾਣਾ, ਹਰਿ ਭਾਣਾ ਆਪਣੇ ਹੱਥ ਰਖਾਇਆ। ਕੋਈ ਨਾ ਜਾਣੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਭੇਵ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਮਾਣੇ ਗਲੇ ਲਏ ਲਗਾਇਆ।