੫ ਫੱਗਣ ੨੦੧੪ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਗੱਗੋਬੂਆ ਜ਼ਿਲਾ ਅੰਮ੍ਰਿਤਸਰ
ਸਰਬ ਭੂਪ ਠਾਕਰ ਅਬਿਨਾਸ਼ੀ, ਪਰਮ ਪੁਰਖ ਸੁਲਤਾਨਾ। ਨਿਰਮਲ ਜੋਤ ਸਤਿ ਪਰਕਾਸ਼ੀ, ਗੁਣਵੰਤਾ ਗੁਣ ਨਿਧਾਨਾ। ਹਰ ਘਟ ਅੰਦਰ ਰੱਖੇ ਵਾਸੀ, ਹਰ ਘਟ ਆਪ ਸਮਾਨਾ। ਜਨ ਭਗਤਾਂ ਕਰੇ ਬੰਦ ਖੁਲਾਸੀ, ਹਰਿ ਦੇਵੇ ਨਾਮ ਨਿਧਾਨਾ। ਵੇਖ ਵਖਾਏ ਪ੍ਰਿਥਮੀ ਆਕਾਸ਼ੀ, ਗਗਨ ਪਾਤਾਲਾਂ ਆਪ ਸਮਾਨਾ। ਜੁਗ ਜੁਗ ਖੇਲ ਖੇਲੇ ਤਮਾਸ਼ੀ, ਕਲਜੁਗ ਖੇਲੇ ਖੇਲ ਮਹਾਨਾ। ਪਰਗਟ ਹੋਏ ਘਨਕਪੁਰ ਵਾਸੀ, ਸ਼ਬਦ ਝੁਲਾਏ ਸਚ ਨਿਸ਼ਾਨਾ। ਤੀਰ ਨਿਰਾਲਾ ਏਕਾ ਲਾਸੀ, ਸੋਹੰ ਹੱਥ ਕਮਾਨਾ। ਲੋਆਂ ਪੁਰੀਆਂ ਆਪ ਹਲਾਸੀ, ਜੇਰਜ ਅੰਡ ਕਰੇ ਵੈਰਾਨਾ। ਲੱਖ ਚੁਰਾਸੀ ਦਾਸਨ ਦਾਸੀ, ਪਰਗਟ ਹੋਏ ਜੋਧਾ ਸੂਰ ਬਲੀ ਬਲਵਾਨਾ। ਕੋਈ ਰਹਿਣ ਨਾ ਦੇਵੇ ਮਦਿਰਾ ਮਾਸੀ, ਸ਼ਬਦ ਸੁਣਾਏ ਸਚ ਤਰਾਨਾ। ਪਕੜ ਉਠਾਏ ਪੰਡਤ ਕਾਸੀ, ਵੇਦ ਕਤੇਬਾਂ ਫੋਲ ਫੋਲਾਨਾ। ਲੇਖੇ ਲਾਏ ਭਗਤ ਸਵਾਸੀ, ਜਿਸ ਹਰਿ ਹਰਿ ਰਸਨਾ ਗਾਣਾ। ਪੂਰ ਕਰਾਏ ਆਤਮ ਆਸੀ, ਮੇਲ ਮਿਲਾਏ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਏ ਵਾਲੀ ਦੋ ਜਹਾਨਾਂ। ਕਰਤਾ ਪੁਰਖ ਸਰਬ ਘਟ ਠਾਕਰ, ਸਰਬ ਜੀਆਂ ਜਗ ਦਾਤਾ। ਹਰਿਜਨ ਨਿਰਮਲ ਕਰਮ ਕਰੇ ਉਜਾਗਰ, ਅੰਮ੍ਰਿਤ ਦੇਵੇ ਬੂੰਦ ਸਵਾਂਤਾ। ਨਾਮ ਵਣਜ ਕਰਾਏ ਸਚ ਸੌਦਾਗਰ, ਮੇਟੇ ਰੈਣ ਅੰਧੇਰੀ ਰਾਤਾ। ਨਿਰਮਲ ਜੋਤ ਜਗਾਏ ਕਾਇਆ ਗਾਗਰ, ਅੱਠੇ ਪਹਿਰ ਰਹੇ ਪਰਭਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਇਕ ਇਕਾਂਤਾ। ਸਰਬ ਗੁਰਦੇਵ ਹਰਿ ਹਰਿ ਕਰਤਾ, ਕਰਣਹਾਰ ਕਰਤਾਰਾ। ਆਪਣਾ ਭਾਣਾ ਆਪੇ ਵਰਤਾ, ਵਰਤੇ ਵਿਚ ਸੰਸਾਰਾ। ਆਪਣਾ ਭੇਖ ਆਪੇ ਧਰਤਾ, ਆਪੇ ਲਏ ਅਵਤਾਰਾ। ਆਪਣਾ ਘਾੜਨ ਆਪੇ ਘੜਤਾ, ਘੜਣ ਭੰਨਣਹਾਰ ਕਰਤਾਰਾ। ਲੋਆਂ ਪੁਰੀਆਂ ਆਪੇ ਚੜ੍ਹਦਾ, ਆਪੇ ਪਾਵੇ ਸਾਰਾ। ਲੋਕਮਾਤ ਜਨ ਭਗਤਾਂ ਹਿਰਦੇ ਅੰਦਰ ਆਪੇ ਵੜਦਾ, ਆਪੇ ਵੇਖੇ ਪਾਰ ਕਿਨਾਰਾ। ਅਗਨੀ ਹਵਨ ਕਦੇ ਨਾ ਸੜਦਾ, ਮੜੀ ਗੌਰ ਨਾ ਕੋਈ ਧਾਰਾ। ਲੱਖ ਚੁਰਾਸੀ ਆਪੇ ਲੜਦਾ, ਆਪੇ ਦੇਵੇ ਨਾਮ ਆਧਾਰਾ। ਲਹਿਣਾ ਦੇਣਾ ਮੂਲ ਚੁਕਾਏ ਸੀਸ ਧੜ ਦਾ, ਕਲਜੁਗ ਤੇਰੀ ਅੰਤਮ ਵਾਰਾ। ਵਹਿਣ ਵਹਾਏ ਕੂੜ ਕੁੜਿਆਰੇ ਹੜ ਦਾ, ਨਾਲ ਰਲਾਏ ਪੰਚ ਵਿਕਾਰਾ। ਆਪਣਾ ਅੱਖਰ ਆਪੇ ਪੜ੍ਹਦਾ, ਸੋਹੰ ਸ਼ਬਦ ਸਚ ਜੈਕਾਰਾ। ਵੇਖੇ ਖੇਲ ਚੋਟੀ ਜੜ ਦਾ, ਆਪ ਬੈਠਾ ਅਧਵਿਚਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਲਏ ਅਵਤਾਰਾ। ਪਾਰਬ੍ਰਹਮ ਬੇਅੰਤ ਸਵਾਮੀ, ਰੂਪ ਅਨੂਪ ਅਨੂਪਾ। ਸਰਬ ਘਟਾ ਹਰਿ ਅੰਤਰਜਾਮੀ, ਹਰਿ ਸਾਜਨ ਸ਼ਾਹੋ ਭੂਪਾ। ਆਪੇ ਦੇਵੇ ਨਾਮ ਅਨਾਮੀ, ਵੇਖ ਵਖਾਣੇ ਚਾਰੇ ਕੂਟਾ। ਆਪੇ ਬਖ਼ਸ਼ੇ ਅੰਮ੍ਰਿਤ ਆਤਮ ਪਾਣੀ, ਸਰ ਸਰੋਵਰ ਭਰਾਏ ਕਾਇਆ ਠੂਠਾ। ਆਪ ਸੁਣਾਏ ਦਇਆ ਕਮਾਏ ਕਾਇਆ ਮੰਦਰ ਅਨਹਦ ਸਾਚੀ ਬਾਣੀ, ਗੁਰਮੁਖ ਮਨਾਏ ਰੂਠਾ। ਆਵਣ ਜਾਵਣ ਚੁੱਕੇ ਕਾਣੀ, ਗਰਭ ਵਾਸ ਨਾ ਹੋਏ ਪੁਠਾ। ਮਿਲੇ ਮੇਲ ਗੁਰ ਸ਼ਬਦ ਸਾਚੇ ਹਾਣੀ, ਗੁਰ ਸਤਿਗੁਰ ਪੂਰਾ ਤੁਠਾ। ਦਰ ਦਵਾਰੇ ਦੇਵੇ ਮਾਣੀ, ਅੰਮ੍ਰਿਤ ਦੇਵੇ ਸਾਚੀ ਘੁੱਟਾ। ਕਲਜੁਗ ਅੰਤਮ ਔਧ ਵਿਹਾਨੀ, ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਮਾਇਆ ਮਮਤਾ ਲੁਟਾ। ਗੁਰਚਰਨ ਨਾ ਕਰੇ ਕੋਇ ਕੁਰਬਾਨੀ, ਕਲਜੁਗ ਜੀਵ ਬੈਠਾ ਰੁੱਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਰੱਖੇ ਏਕਾ ਮੁਠਾ। ਆਦਿ ਪੁਰਖ ਸਰਬ ਘਟ ਵਸਿਆ, ਪਾਰਬ੍ਰਹਮ ਪਰਮੇਸ਼ਵਰ। ਭਗਤ ਜਨਾਂ ਰਾਹ ਸਾਚਾ ਦੱਸਿਆ, ਮਸਤਕ ਟਿੱਕਾ ਸਾਚੇ ਕੇਸਰ। ਧੁਰਦਰਗਾਹੀ ਆਏ ਨੱਸਿਆ, ਕਲਜੁਗ ਖੇਲੇ ਖੇਲ ਵਿਚ ਥਾਨੇਸਰ। ਮੇਟੇ ਰੈਣ ਅੰਧੇਰੀ ਮੱਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਗਤ ਜਗਤੇਸ਼ਵਰ। ਆਦਿ ਸ਼ਕਤ ਜੋਤ ਨੂਰਾਨੀ, ਕੋਟ ਬ੍ਰਹਿਮੰਡ ਸਮਾਇਆ। ਰੂਪ ਅਗੰਮਾ ਧੁਰ ਨਿਸ਼ਾਨੀ, ਆਪਣੀ ਆਪ ਰਖਾਇਆ। ਆਪੇ ਦਾਤਾ ਜੀਆ ਦਾਨੀ, ਦਾਤਾ ਦਾਨੀ ਆਪ ਹੋ ਆਇਆ। ਆਪੇ ਖੇਲੇ ਖੇਲ ਮਹਾਨੀ, ਸਮਰਥ ਪੁਰਖ ਰਘੁਰਾਇਆ। ਕਲਜੁਗ ਭੁੱਲੇ ਜੀਵ ਨਿਧਾਨੀ, ਨਰ ਨਿਰੰਕਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਸਬਾਇਆ। ਸਤਿ ਸਰੂਪ ਹਰਿ ਰੰਗ ਰਾਤਾ, ਅਕਲ ਕਲਾ ਵਰਤਾਇੰਦਾ। ਸ੍ਰਿਸ਼ਟ ਸਬਾਈ ਆਪ ਭੁਲਾਈ ਜ਼ਾਤਾ ਪਾਤਾ, ਊਚਾਂ ਨੀਚਾਂ ਲੜ ਫੜਾਇੰਦਾ। ਮਨਮਤ ਰਲਾਈ ਨਾਲ ਨਾਰ ਕਮਜਾਤਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਹਰਿ ਹਰਿ ਸ਼ਬਦ ਨਾ ਕੋਈ ਗਾਏ ਸਾਚੀ ਗਾਥਾ, ਜਨ ਗਾ ਗਾ ਵਕ਼ਤ ਲੰਘਾਇੰਦਾ। ਨਿਉਂ ਨਿਉਂ ਸਾਰੇ ਟੇਕਣ ਮਾਥਾ, ਨਿਮਸਕਾਰ ਨਾ ਕੋਇ ਕਰਾਇੰਦਾ। ਪੰਜ ਤਤ ਵਿਕਾਰੇ ਚੜ੍ਹੇ ਰਾਥਾ, ਸਾਚਾ ਰਥ ਦਿਸ ਨਾ ਆਇੰਦਾ। ਭੈਣ ਭਾਈ ਪੁੱਤਰ ਧੀਆਂ ਬਣਾਇਆ ਸਗਲਾ ਸਾਥਾ, ਸਗਲਾ ਸੰਗ ਨਾ ਕੋਈ ਰਖਾਇੰਦਾ। ਪਰਗਟ ਹੋ ਹਰਿ ਤ੍ਰਿਲੋਕੀ ਨਾਥਾ, ਤ੍ਰੈਭਵਣ ਬੂਝ ਬੁਝਾਇੰਦਾ। ਲੇਖੇ ਲਾਏ ਤਤ ਆਠਾ, ਨੌਂ ਦਰ ਵੇਖ ਵਖਾਇੰਦਾ। ਇਕ ਜਣਾਏ ਪੂਜਾ ਪਾਠਾ, ਸੋਹੰ ਸ਼ਬਦ ਅਲਾਇੰਦਾ। ਅੰਮ੍ਰਿਤ ਆਤਮ ਮਾਰੇ ਠਾਠਾ, ਗੁਰਮੁਖ ਸਾਚੇ ਆਪ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਡੰਕ ਵਜਾਇੰਦਾ। ਪਾਰਬ੍ਰਹਮ ਸਰਬ ਨਿਰੰਤਰ, ਵਿਸ਼ਨ ਮਹੇਸ਼ ਸਮਾਇਆ। ਆਪਣੀ ਬੁਧ ਪਾਏ ਅੰਤਰ, ਬ੍ਰਹਮਾ ਸੇਵਾ ਲਾਇਆ। ਗਣਪਤ ਗਣੇਸ਼ ਜਣਾਇਆ ਏਕਾ ਮੰਤਰ, ਸ਼ਿਵ ਸ਼ੰਕਰ ਰਸਨ ਅਲਾਇਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪ ਬੁਝਾਏ ਲੱਗੀ ਬਸੰਤਰ, ਆਪ ਆਪਣੀ ਦਇਆ ਕਮਾਇਆ। ਖੇਲੇ ਖੇਲ ਜਗਤ ਮਨਵੰਤਰ, ਜੁਗ ਜੁਗ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਇਆ। ਪਾਰਬ੍ਰਹਮ ਨਿਝ ਘਰ ਵਾਸਾ, ਨਰ ਹਰਿ ਆਪ ਅਖਵਾਇਆ। ਭਗਤਨ ਮੀਤਾ ਦਾਸੀ ਦਾਸਾ, ਦਿਵਸ ਰੈਣ ਸੇਵ ਕਮਾਇਆ। ਲੇਖੇ ਲਾਏ ਸਵਾਸ ਸਵਾਸਾ, ਲੇਖਾ ਆਪਣੇ ਹੱਥ ਰਖਾਇਆ। ਗੁਰਮੁਖ ਗੁਰਸਿਖ ਹਰਿਜਨ ਬਲ ਬਲ ਜਾਸਾ, ਜਿਸ ਹਰਿ ਰਸਨਾ ਨਾਮ ਧਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਲ ਮੂਰਤ ਅਕਾਲ ਸੂਰਤ ਜੋਤੀ ਨੂਰਤ ਨੂਰੋ ਨੂਰ ਨੂਰ ਆਪ ਅਖਵਾਇਆ।
