੫ ਫੱਗਣ ੨੦੧੪ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਘਰ ਪਿੰਡ ਗੱਗੋਬੂਆ
ਘਰ ਸੇਵਿਆ ਘਰ ਪਾਇਆ, ਘਰ ਪਾਰਬ੍ਰਹਮ ਬੇਅੰਤ। ਘਰ ਸੁੰਨਰਾ ਘਰ ਜੇਹਵਿਆ, ਘਰ ਵਸਿਆ ਸਾਚਾ ਸੰਤ। ਘਰ ਮਸਤਕ ਘਰ ਥੇਵਿਆ, ਘਰ ਮੇਲਾ ਸਾਚੇ ਕੰਤ। ਘਰ ਵਸੇ ਅਲਖ ਅਭੇਵਿਆ, ਘਰ ਸੁਹਾਏ ਰੁੱਤ ਬਸੰਤ। ਘਰ ਦਾਤਾ ਵਡ ਦੇਵੀ ਦੇਵਿਆ, ਘਰ ਵਡਿਆਏ ਜੀਵ ਜੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਪਾਏ ਆਪਣਾ ਮੰਤ। ਮੰਤਰ ਨਾਮ ਸਚ ਦ੍ਰਿੜਾ, ਸਾਚਾ ਵਣਜ ਕਰਾਇਆ। ਗੁਰਮਤ ਸਾਚੀ ਇਕ ਸਿਖਾ, ਸਾਜਨ ਮੀਤ ਮਿਲਾਇਆ। ਜਗਤ ਨਿਮਾਣਾ ਗਲੇ ਲਗਾ, ਭਗਤੀ ਮਾਰਗ ਲਾਇਆ। ਸਗਲਾ ਸੰਗ ਆਪ ਵਖਾ, ਸਾਚਾ ਸੰਗ ਰਖਾਇਆ। ਗੁਰਮੁਖ ਸਾਜਨ ਹੋਏ ਸਹਾ, ਚਰਨ ਕਵਲ ਬਖ਼ਸ਼ੇ ਸਚ ਸਰਨਾਇਆ। ਦੋ ਜਹਾਨੀ ਪਕੜੇ ਬਾਂਹ, ਕਰ ਪਿਆਰ ਆਪਣੇ ਅੰਗ ਲਗਾਇਆ। ਸ਼ਬਦ ਦੋ ਅੱਖਰ ਕਰ ਵਿਚਾਰ, ਬੰਕ ਦਵਾਰ ਸੁਹਾਇਆ। ਨੇਤਰ ਅੱਥਰ ਲਏ ਅਧਾਰ, ਪੰਜ ਸੱਥਰ ਦਏ ਵਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਅਞਾਣਾ ਗੋਦ ਉਠਾਇਆ।
