Granth 07 Likhat 014: 5 Faggan 2014 Bikarmi Jagir Singh de Ghar

੫ ਫੱਗਣ ੨੦੧੪ ਬਿਕ੍ਰਮੀ ਜਗੀਰ ਸਿੰਘ ਦੇ ਘਰ

ਸਰਬ ਜੀਆਂ ਪ੍ਰਭ ਆਪੇ ਦਾਤਾ, ਗੋਬਿੰਦ ਰੂਪ ਗੋਪਾਲ। ਚਰਨ ਕਵਲ ਬੰਧਾਏ ਸਾਚਾ ਨਾਤਾ, ਦੀਨਾ ਬੰਧਪ ਦੀਨ ਦਿਆਲ। ਸਾਚੀ ਦੇਵੇ ਨਾਮ ਦਾਤਾ, ਸੁਹਾਏ ਮੰਦਰ ਸੱਚੀ ਧਰਮਸਾਲ। ਅੰਮ੍ਰਿਤ ਬੂੰਦ ਪਿਆਏ ਸਵਾਂਤਾ, ਭਾਗ ਲਗਾਏ ਕਾਇਆ ਖਾਲ। ਮੇਟ ਮਿਟਾਏ ਅੰਧੇਰੀ ਰਾਤਾ, ਦੀਪਕ ਜੋਤੀ ਸਾਚਾ ਬਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਕੜ ਉਠਾਏ ਸਾਚਾ ਲਾਲ। ਬਾਲ ਅੰਞਾਣਾ ਬਾਲੀ ਬੁਧ, ਹਰਿ ਪੂਰਨ ਬੂਝ ਬੁਝਾਈਆ। ਕਰੇ ਕਰਾਏ ਕਾਰਜ ਸੁਧ, ਕਰਨੀ ਕਰਤਾ ਆਪ ਅਖਵਾਈਆ। ਭੇਵ ਚੁਕਾਏ ਆਪਣਾ ਗੁਝ, ਆਪਣਾ ਰੰਗ ਰੰਗਾਈਆ। ਚਰਨ ਕਵਲ ਜਨ ਜਾਏ ਝੂਝ, ਲੇਖਾ ਲੇਖੇ ਪਾਈਆ। ਆਪ ਆਪਣਾ ਲਿਆ ਬੁਝ, ਭਰਮੀ ਭਰਮ ਮਿਟਾਈਆ। ਸਚ ਦਵਾਰਾ ਗਿਆ ਸੁਝ, ਮਾਨਸ ਜਨਮ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ, ਵੱਡੀ ਵਡਿਆਈਆ। ਜਗਤ ਹੁਲਾਰਾ ਨਾ ਜਾਏ ਡੋਲ, ਚਾਰੋਂ ਕੁੰਟ ਹਿਲਾਇਆ। ਸ਼ਬਦ ਦੋ ਅੱਖਰ ਲੈਣਾ ਬੋਲ, ਸਤਿਗੁਰ ਮੇਲ ਮਿਲਾਇਆ। ਪੂਰਾ ਕਰਨਾ ਕੀਤਾ ਕੌਲ, ਜਨ ਹਰਿ ਵੇਖ ਵਖਾਇਆ। ਮਿਲੇ ਵਡਿਆਈ ਉਪਰ ਧੌਲ, ਧਰਤ ਧਵਲ ਸੁਹਾਇਆ। ਸੋਹੰ ਸ਼ਬਦ ਰਖਾਈ ਸਾਚੀ ਪੌਹਲ, ਅੰਮ੍ਰਿਤ ਆਤਮ ਇਕ ਚਖਾਇਆ। ਜੋਤੀ ਸ਼ਬਦੀ ਜਾਏ ਮੌਲ, ਫਲ ਫੁਲਵਾੜੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਗਲੇ ਲਗਾਇਆ ।