Granth 08 Likhat 031: 2 Faggan 2015 Bikarmi Harbans Singh Balwant Singh de Ghar Pind Mahal Amritsar

੨ ਫੱਗਣ ੨੦੧੫ ਬਿਕ੍ਰਮੀ ਹਰਬੰਸ ਸਿੰਘ ਬਲਵੰਤ ਸਿੰਘ ਦੇ ਘਰ ਪਿੰਡ ਮਾਹਲ ਅੰਮ੍ਰਿਤਸਰ

ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕਉਂਕਾਰਿਆ। ਅਲਖ ਅਗੋਚਰ ਅਗੰਮ ਅਪਾਰ, ਭੇਵ ਕੋਇ ਨਾ ਪਾ ਰਿਹਾ। ਆਦਿ ਨਿਰੰਜਣ ਖੇਲ ਅਪਾਰ, ਆਪਣਾ ਆਪ ਖਿਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਆਪ ਸਮਾ ਰਿਹਾ। ਨਿਰਗੁਣ ਧਾਰ ਆਦਿ ਨਿਰੰਜਣ, ਹਰਿ ਆਪਣੀ ਆਪ ਚਲਾਇੰਦਾ। ਪੁਰਖ ਅਬਿਨਾਸ਼ੀ ਸਾਚਾ ਸੱਜਣ, ਸਾਚਾ ਮੇਲ ਮਿਲਾਇੰਦਾ। ਸਾਚੇ ਤਾਲ ਦਰ ਘਰ ਸਾਚੇ ਵੱਜਣ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਇਕ ਰਖਾਇੰਦਾ। ਨਿਰਗੁਣ ਨੂਰ ਹਰਿ ਭਗਵਾਨਾ, ਏਕਾ ਏਕ ਸਮਾਈਆ। ਖੇਲੇ ਖੇਲ ਦੋ ਜਹਾਨਾ, ਜੁਗ ਜੁਗ ਵੱਡੀ ਵਡਿਆਈਆ। ਥਿਰ ਘਰ ਵਸੇ ਸਚ ਮਕਾਨਾ, ਘਰ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਬੇਪਰਵਾਹੀਆ। ਨਿਰਗੁਣ ਨੂਰ ਬੇਪਰਵਾਹ, ਏਕਾ ਏਕ ਅਖਵਾਇੰਦਾ। ਆਪੇ ਪਿਤਾ ਆਪੇ ਮਾਂ, ਆਪਣੀ ਗੋਦ ਉਠਾਇੰਦਾ। ਆਪ ਆਪਣਾ ਰੱਖੇ ਨਾ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਆਪ ਆਪਣੀ ਰੱਖੇ ਛਾਂ, ਸਮਰਥ ਹੱਥ ਆਪ ਟਿਕਾਇੰਦਾ। ਆਪ ਆਪਣੇ ਵਸੇ ਥਾਂ, ਧਾਮ ਅਵੱਲੜਾ ਇਕ ਸੁਹਾਇੰਦਾ। ਆਦਿ ਜੁਗਾਦੀ ਜੁਗ ਜੁਗ ਆਪਣਾ ਕਰੇ ਆਪ ਨਿਆਂ, ਆਪੇ ਹੁਕਮ ਚਲਾਇੰਦਾ। ਸ਼ਾਹ ਸੁਲਤਾਨ ਆਪ ਅਖਵਾ, ਰਾਜ ਰਾਜਾਨਾਂ ਨਾਉਂ ਧਰਾਇੰਦਾ। ਸੀਸ ਜਗਦੀਸ ਤਾਜ ਟਿਕਾ, ਤਖ਼ਤ ਤਾਜ ਸੁਹਾਇੰਦਾ। ਆਦਿ ਪੁਰਖ ਨਿਰੰਜਣ ਆਪ ਆਪਣੀ ਅਲਖ ਜਗਾ, ਆਪ ਆਪਣੀ ਮੰਗ ਮੰਗਾਇੰਦਾ। ਆਪਣੀ ਝੋਲੀ ਆਪ ਭਰਾ, ਆਪੇ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਨੂਰ ਜੋਤ ਉਜਾਲਾ, ਹਰਿ ਸਾਚਾ ਆਪ ਕਰਾਇੰਦਾ। ਆਪ ਆਪਣੀ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਰਖਾਇੰਦਾ। ਆਪੇ ਹੋਏ ਦੀਨ ਦਿਆਲਾ, ਦਇਆਨਿਧ ਭੇਵ ਨਾ ਆਇੰਦਾ। ਆਪੇ ਵਸਿਆ ਸਚ ਸੱਚੀ ਧਰਮਸਾਲਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਨਿਰਗੁਣ ਵੇਸ ਅਕਲ ਕਲਧਾਰ, ਅਕਲ ਕਲਾ ਅਖਵਾਈਆ। ਮਹੱਲ ਅਟੱਲ ਉਚ ਮੁਨਾਰ, ਬੈਠਾ ਆਸਣ ਲਾਈਆ। ਦੀਪਕ ਜੋਤੀ ਕਰ ਉਜਿਆਰ, ਆਪਣੀ ਆਪ ਕਰੇ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰ, ਆਪਣਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਆਪੇ ਕਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਅੰਦਰ ਨਿਰਗੁਣ ਰੱਖ, ਨਿਰਗੁਣ ਵੇਖ ਵਖਾਈਆ। ਨਿਰਗੁਣ ਰੂਪ ਹੋ ਪਰਤੱਖ, ਆਪ ਆਪਣਾ ਵੇਸ ਵਟਾਈਆ। ਨਿਰਗੁਣ ਅਲੱਖ ਅਲੱਖਣਾ ਅਲੱਖ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣਾ ਆਪ ਸੁਹਾਈਆ। ਨਿਰਗੁਣ ਸਾਚਾ ਘਰ ਸੁਹਾਇਆ, ਘਰ ਸਾਚੇ ਵੱਜੀ ਵਧਾਈਆ। ਪਾਰਬ੍ਰਹਮ ਪ੍ਰਭ ਡੇਰਾ ਲਾਇਆ, ਆਪ ਆਪਣਾ ਆਸਣ ਲਾਈਆ। ਨਾਰੀ ਕੰਤ ਮੇਲ ਮਿਲਾਇਆ, ਮੇਲ ਮਿਲਾਵਾ ਬੇਪਰਵਾਹੀਆ। ਦੂਸਰ ਕੋਈ ਦਿਸ ਨਾ ਆਇਆ, ਨਾ ਕੋਈ ਰਚਨ ਰਚਾਈਆ। ਆਪ ਆਪਣਾ ਸੁੱਤ ਉਪਜਾਇਆ, ਸ਼ਬਦੀ ਨਾਉਂ ਧਰਾਈਆ। ਸ਼ਬਦ ਜੈਕਾਰਾ ਏਕਾ ਲਾਇਆ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਮਾਣ ਆਪ ਵਡਿਆਈਆ। ਸ਼ਬਦ ਸੁੱਤ ਕਰ ਪਿਆਰਾ, ਹਰਿ ਸਾਚੀ ਦਇਆ ਕਮਾਇੰਦਾ। ਦੇਵੇ ਵਰ ਧੁਰ ਦਰਬਾਰਾ, ਧੁਰ ਲੇਖਾ ਆਪਣੇ ਹੱਥ ਰਖਾਇੰਦਾ। ਸਤਿਗੁਰ ਰੂਪ ਰੂਪ ਕਰਤਾਰਾ, ਸ਼ਬਦੀ ਰੰਗ ਚੜ੍ਹਾਇੰਦਾ। ਅਗਾਧ ਬੋਧ ਖੇਲ ਨਿਆਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁੱਤ ਦੇਵੇ ਸਾਚਾ ਵਰ, ਸਾਚਾ ਹੁਕਮ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਸ਼ਬਦੀ ਸ਼ਬਦ ਜਣਾਈਆ। ਦੇਵਣਹਾਰ ਸ੍ਰੀ ਭਗਵਾਨਾ, ਆਪ ਆਪਣੀ ਬੂਝ ਬੁਝਾਈਆ। ਨਾਦੀ ਨਾਦ ਇਕ ਤਰਾਨਾ, ਏਕਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਬੰਕ ਸੁਹਾਈਆ। ਸ਼ਬਦ ਦਰ ਘਰ ਸਾਚਾ ਪਾਇਆ, ਘਰ ਘਰ ਖ਼ੁਸ਼ੀ ਮਨਾਈਆ। ਲੋਆਂ ਪੁਰੀਆਂ ਰਚਨ ਰਚਾਇਆ, ਬ੍ਰਹਿਮੰਡ ਖੰਡ ਡੇਰਾ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਇਆ, ਤ੍ਰੈਗੁਣ ਤੰਦ ਬੰਧਾਈਆ। ਪੰਚਮ ਤੱਤ ਜੋੜ ਜੁੜਾਇਆ, ਤੱਤਵ ਤੱਤ ਆਪ ਅਖਵਾਈਆ। ਨਿਰਗੁਣ ਆਪਣਾ ਅੰਗ ਕਟਾਇਆ, ਬ੍ਰਹਮ ਪਾਰਬ੍ਰਹਮ ਅਖਵਾਈਆ। ਮਨ ਮਤ ਡੇਰਾ ਆਪ ਲਗਾਇਆ, ਸਾਚੀ ਵਸਤ ਟਿਕਾਈਆ। ਘਰ ਵਿਚ ਸਾਚਾ ਨਗਰ ਬਣਾਇਆ, ਘਰ ਬੈਠਾ ਸਾਚਾ ਮਾਹੀਆ। ਲੋਕਮਾਤ ਹਰਿ ਖੇਲ ਖਲਾਇਆ, ਖੇਲੇ ਖੇਲ ਅਗੰਮ ਅਥਾਹੀਆ। ਜੀਵ ਜੰਤ ਜੋਤ ਜਗਾਇਆ, ਲੱਖ ਚੁਰਾਸੀ ਡੇਰਾ ਲਾਈਆ। ਰਵ ਸਸ ਸੇਵ ਕਮਾਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦ ਵਡਿਆਈਆ। ਸ਼ਬਦ ਗੁਰ ਸਾਚਾ ਮੀਤਾ, ਹਰਿ ਸਾਚਾ ਆਪ ਉਪਾਇੰਦਾ। ਜੁਗ ਜੁਗ ਚਲਾਏ ਆਪਣੀ ਰੀਤਾ, ਸਾਚੀ ਬਣਤ ਬਣਾਇੰਦਾ। ਬੈਠਾ ਰਹੇ ਇਕ ਅਤੀਤਾ, ਦਰ ਘਰ ਇਕ ਸੁਹਾਇੰਦਾ। ਵੇਖਣਹਾਰਾ ਹਸਤ ਕੀਟਾ, ਵਰਨਾਂ ਬਰਨਾਂ ਫੋਲ ਫੋਲਾਇੰਦਾ। ਨਾਮ ਜਣਾਏ ਇਕ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਸ਼ਬਦ ਗੁਰ ਵਡ ਬਲਵਾਨਾ, ਹਰਿ ਸਾਚਾ ਆਪ ਉਪਾਇੰਦਾ। ਇਕ ਸੁਣਾਏ ਰਾਗ ਤਰਾਨਾ, ਲੋਆਂ ਪੁਰੀਆਂ ਆਪ ਜਗਾਇੰਦਾ। ਏਕਾ ਦੇਵੇ ਧੁਰ ਫ਼ਰਮਾਣਾ, ਗੀਤ ਸੁਹਾਗੀ ਏਕਾ ਗਾਇੰਦਾ। ਏਕਾ ਮੰਦਰ ਇਕ ਟਿਕਾਨਾ, ਏਕਾ ਘਰ ਵਖਾਇੰਦਾ। ਦੋ ਜਹਾਨਾਂ ਇਕ ਬਬਾਣਾ, ਗੁਰ ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਲਏ ਵਰ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸ਼ਬਦ ਗੁਰ ਸਚ ਮਲਾਹ, ਹਰਿ ਸਾਚਾ ਆਪ ਉਪਾਇੰਦਾ। ਜੁਗ ਜੁਗ ਦੇਵੇ ਸਚ ਸਲਾਹ, ਜਨ ਭਗਤਾਂ ਆਪ ਉਠਾਇੰਦਾ। ਇਕ ਜਪਾਏ ਸਾਚਾ ਨਾਂ, ਨਾਮ ਨਿਧਾਨਾ ਝੋਲੀ ਪਾਇੰਦਾ। ਫੜ ਫੜ ਹੰਸ ਬਣਾਏ ਕਾਂ, ਸਰ ਸਰੋਵਰ ਇਕ ਨੁਹਾਇੰਦਾ। ਨਥਾਵਿਆਂ ਦੇਵੇ ਸਾਚਾ ਥਾਂ, ਗੁਰ ਸ਼ਬਦੀ ਸ਼ਬਦ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਹਰਿ ਹਰਿ ਵੱਡੀ ਵਡਿਆਈਆ। ਜੁਗ ਜੁਗ ਮੇਲ ਮਿਲਾਵਾ ਸਾਚੇ ਸੰਤਾ, ਆਪ ਆਪਣੀ ਬੂਝ ਬੁਝਾਈਆ। ਸਾਚਾ ਮੰਦਰ ਇਕ ਸੁਹੰਤਾ, ਘਰ ਸਾਚਾ ਇਕ ਵਖਾਈਆ। ਤੋੜੇ ਗੜ੍ਹ ਹਉਮੇ ਹੰਗਤਾ, ਦੂਈ ਦਵੈਤੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਸੇਵ ਕਮਾਈਆ। ਗੁਰ ਸ਼ਬਦੀ ਸਾਚਾ ਸੇਵਾਦਾਰ, ਹਰਿ ਸਾਚਾ ਆਪ ਉਪਾਇੰਦਾ। ਭਗਤਨ ਮੀਤਾ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਰਾਜ ਜੋਗ ਸੱਚਾ ਸਿਕਦਾਰ, ਸਚ ਸੁਲਤਾਨ ਵੇਖ ਵਖਾਇੰਦਾ। ਵਰਨਾਂ ਬਰਨਾਂ ਇਕ ਪਿਆਰ, ਊਚਾਂ ਨੀਚਾਂ ਡੇਰਾ ਲਾਇੰਦਾ। ਜੂਨੀ ਰਹਿਤ ਆਪ ਕਰਤਾਰ, ਅਨਭਵ ਪਰਕਾਸ਼ ਕਰਾਇੰਦਾ। ਅਕਾਲ ਮੂਰਤ ਖੇਲ ਅਪਾਰ, ਘਟ ਘਟ ਵੇਖ ਵਖਾਇੰਦਾ। ਹਰਿਜਨ ਸਾਚੇ ਲਏ ਉਭਾਰ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਵੇਸ ਆਪੇ ਕਰ, ਆਪੇ ਵੇਖ ਵਖਾਇੰਦਾ। ਜੁਗ ਜੁਗ ਖੇਲ ਹਰਿ ਅਵਤਾਰਾ, ਆਪਣੀ ਚਲਤ ਚਲਾਇੰਦਾ। ਚਲੇ ਚਲਾਏ ਵਿਚ ਸੰਸਾਰਾ, ਸਾਰੰਗ ਧਰ ਆਪ ਅਖਵਾਇੰਦਾ। ਪੁਰਖ ਪੁਰਖੋਤਮ ਖੇਲ ਨਿਆਰਾ, ਆਪ ਆਪਣੀ ਰਚਨ ਰਚਾਇੰਦਾ। ਸ਼ਬਦ ਗੁਰ ਗੁਰ ਜੋਤ ਸਹਾਰਾ, ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਸਰਗੁਣ ਕਰ ਪਿਆਰਾ, ਘਰ ਘਰ ਵਿਚ ਮੇਲ ਮਿਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਜੁਗ ਜੁਗ ਕਰੇ ਪਾਰ ਕਿਨਾਰਾ, ਜੁਗ ਜੁਗ ਰਥ ਚਲਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਏਕਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰਾ ਹਰਿ ਭਗਵਾਨਾ, ਅੰਤਮ ਕਲਜੁਗ ਵੇਖ ਵਖਾਈਆ। ਸ਼ਬਦੀ ਤੀਰ ਇਕ ਨਿਸ਼ਾਨਾ, ਏਕਾ ਚਿੱਲਾ ਰਿਹਾ ਉਠਾਈਆ। ਜੋਧਾ ਸੂਰ ਮਰਦ ਮਰਦਾਨਾ, ਪਾਰਬ੍ਰਹਮ ਆਪ ਅਖਵਾਈਆ। ਵੇਖਣਹਾਰਾ ਦੋ ਜਹਾਨਾਂ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਸ੍ਰਿਸ਼ਟ ਸਬਾਈਆ। ਕਲਜੁਗ ਤੇਰਾ ਵੇਖ ਪਸਾਰਾ, ਹਰਿ ਸਾਚੀ ਜੋਤ ਜਗਾਇੰਦਾ। ਪਾਰਬ੍ਰਹਮ ਪ੍ਰਭ ਗੁਰ ਅਵਤਾਰਾ, ਰੂਪ ਅਨੂਪ ਦਰਸਾਇੰਦਾ। ਜੂਨੀ ਰਹਿਤ ਖੇਲ ਨਿਆਰਾ, ਨਾਮ ਸਤਿ ਡੰਕ ਵਜਾਇੰਦਾ। ਧੁਰ ਦਰਗਾਹੀ ਸਾਚਾ ਲਾੜਾ, ਸ਼ਬਦ ਘੋੜਾ ਇਕ ਦੌੜਾਇੰਦਾ। ਆਪੇ ਹੋ ਸ਼ਾਹਸਵਾਰਾ, ਸੋਲਾਂ ਕਲੀਆਂ ਆਸਣ ਪਾਇੰਦਾ। ਲੋਆਂ ਪੁਰੀਆਂ ਦਏ ਹੁਲਾਰਾ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ। ਨੌ ਖੰਡ ਪ੍ਰਿਥਮੀ ਇਕ ਜੈਕਾਰਾ, ਸੱਤਾਂ ਦੀਪਾਂ ਆਪ ਸੁਣਾਇੰਦਾ। ਚਾਰ ਵਰਨਾਂ ਵਣਜ ਵਪਾਰਾ, ਏਕਾ ਨਾਮ ਵਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਰਾਓ ਰੰਕ ਬਹਾਏ ਇਕ ਦਵਾਰਾ, ਊਚਾਂ ਨੀਚਾਂ ਮੇਲ ਮਿਲਾਇੰਦਾ। ਨਾਮ ਖੰਡਾ ਖੜਕ ਕਟਾਰਾ, ਤੇਜ਼ ਪਰਚੰਡਾ ਹੱਥ ਉਠਾਇੰਦਾ। ਤਿਖੀਆਂ ਰੱਖੇ ਦੋਵੇਂ ਧਾਰਾ, ਗੁਰਮੁਖ ਮਨਮੁਖ ਵੇਖ ਵਖਾਇੰਦਾ। ਰਾਮ ਰੂਪ ਅਪਰ ਅਪਾਰਾ, ਹੰਕਾਰੀ ਗੜ੍ਹ ਤੁੜਾਇੰਦਾ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਰਥ ਰਥਵਾਹੀ ਆਪ ਚਲਾਇੰਦਾ। ਈਸਾ ਮੂਸਾ ਖ਼ਬਰਦਾਰਾ, ਸੰਗ ਮੁਹੰਮਦ ਮੇਲ ਮਿਲਾਇੰਦਾ। ਚੌਦਾਂ ਤਬਕਾਂ ਪਾਵੇ ਸਾਰਾ, ਅੱਲਾ ਰਾਣੀ ਘੁੰਗਟ ਲਾਹਿੰਦਾ। ਨਾਨਕ ਗੋਬਿੰਦ ਇਕ ਆਧਾਰਾ, ਏਕਾ ਸ਼ਬਦ ਸਲਾਹਿੰਦਾ। ਏਕਾ ਵਣਜ ਇਕ ਵਪਾਰਾ, ਏਕਾ ਵਸਤ ਝੋਲੀ ਪਾਇੰਦਾ। ਚਾਰ ਯਾਰੀ ਪਾਰ ਕਿਨਾਰਾ, ਹਰਿ ਸਾਚਾ ਆਪ ਕਰਾਇੰਦਾ। ਪੰਚਮ ਮੀਤਾ ਹੋ ਉਜਿਆਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਦਏ ਹੁਲਾਰਾ, ਭੇਵ ਕੋਇ ਨਾ ਪਾਇੰਦਾ। ਸ਼ਾਹ ਸੁਲਤਾਨਾਂ ਮਾਰੇ ਮਾਰਾ, ਤਖ਼ਤ ਤਾਜ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਅਪਣੀ ਕਲ ਵਰਤਾਇੰਦਾ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚਾ ਵੇਖ ਵਖਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਭੁੱਲ ਰਹੇ ਨਾ ਰਾਈਆ। ਨਿਰਗੁਣ ਜੋਤ ਨੂਰ ਆਕਾਰ, ਪੁਰਖ ਅਕਾਲ ਵੱਡੀ ਵਡਿਆਈਆ। ਸ਼ਬਦ ਖੰਡਾ ਗੋਬਿੰਦ ਪਿਆਰ, ਬ੍ਰਹਿਮੰਡਾਂ ਵੇਖ ਵਖਾਈਆ। ਜੇਰਜ ਅੰਡਾ ਆਰ ਪਾਰ, ਉਤਭੁਜ ਸੇਤਜ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਜੁਗ ਜੁਗ ਹਰਿ ਹਰਿ ਰੰਗ ਰੰਗ, ਸਾਚੀ ਰੰਗਣ ਆਪ ਚੜ੍ਹਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਸੂਰਬੀਰ ਆਪ ਹੋ ਜਾਇੰਦਾ। ਆਪਣੇ ਅਸਵ ਆਪੇ ਕਸੇ ਤੰਗ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਨਾਮ ਵਜਾਏ ਸੱਚਾ ਮਰਦੰਗ, ਲੱਖ ਚੁਰਾਸੀ ਆਪ ਉਠਾਇੰਦਾ। ਆਪਣਾ ਦਵਾਰਾ ਆਪੇ ਲੰਘ, ਲੋਕਮਾਤ ਵੇਖ ਵਖਾਇੰਦਾ। ਪਾਵੇ ਸਾਰ ਗੋਦਾਵਰੀ ਗੰਗ, ਅਠਸਠ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਾਮ ਖੰਡਾ ਇਕ ਚਮਕਾਇੰਦਾ। ਨਾਮ ਖੰਡਾ ਸਚ ਕਟਾਰ, ਹਰਿ ਗੋਬਿੰਦ ਹੱਥ ਉਠਾਈਆ। ਪੂਤ ਸਪੂਤਾ ਕਰ ਪਿਆਰ, ਗੌੜ ਬ੍ਰਹਮਣ ਵੱਡੀ ਵਡਿਆਈਆ। ਉਚੇ ਟਿੱਲੇ ਮੀਤ ਮੁਰਾਰ, ਬੈਠਾ ਆਸਣ ਲਾਈਆ। ਦਿਸ ਨਾ ਆਏ ਵਿਚ ਸੰਸਾਰ, ਪੰਡਤ ਪਾਂਧੇ ਰਹੇ ਕੁਰਲਾਈਆ। ਆਦਿ ਜੁਗਾਦੀ ਆਪਣੀ ਕਾਰ, ਆਪੇ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸ਼ਬਦੀ ਆਪ ਹੋ ਜਾਈਆ। ਸ਼ਬਦ ਤਰਾਨਾ ਸ਼ਬਦ ਨਾਦ, ਹਰਿ ਸਾਚਾ ਆਪ ਵਜਾਇੰਦਾ। ਸ਼ਬਦ ਬ੍ਰਹਮ ਸ਼ਬਦ ਬ੍ਰਹਿਮਾਦਿ, ਹਰਿ ਸ਼ਬਦੀ ਵੇਖ ਵਖਾਇੰਦਾ। ਸ਼ਬਦ ਗੁਰ ਆਦਿ ਜੁਗਾਦਿ, ਜੁਗ ਜੁਗ ਸ਼ਬਦ ਵੇਸ ਵਟਾਇੰਦਾ। ਸ਼ਬਦ ਸ਼ਬਦੀ ਦੇਵੇ ਦਾਦ, ਸ਼ਬਦ ਸ਼ਬਦੀ ਝੋਲੀ ਪਾਇੰਦਾ। ਸ਼ਬਦ ਮੋਹਣ ਮਾਧਵ ਮਾਧ, ਸਾਚੀ ਸਖੀਆਂ ਸ਼ਬਦ ਮੇਲ ਮਿਲਾਇੰਦਾ। ਸ਼ਬਦ ਸ਼ਬਦੀ ਰਿਹਾ ਅਰਾਧ, ਸ਼ਬਦੀ ਸ਼ਬਦ ਆਪ ਸੁਣਾਇੰਦਾ। ਸ਼ਬਦੀ ਗੁਰ ਗੁਰ ਸ਼ਬਦ ਲਾਧ, ਗੁਰ ਗੁਰ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਗੁਰ ਵਡਿਆਇੰਦਾ। ਸ਼ਬਦ ਗੁਰ ਵਡ ਬਲਕਾਰਾ, ਏਕਾ ਨਾਅਰਾ ਲਾਇੰਦਾ। ਪਰਗਟ ਹੋ ਵਿਚ ਸੰਸਾਰਾ, ਕਲਜੁਗ ਢੋਲ ਵਜਾਇੰਦਾ। ਕਿਸੇ ਨਾ ਦੀਸੇ ਕੋਈ ਕਿਨਾਰਾ, ਚਾਰੋਂ ਕੁੰਟ ਸਰਬ ਕੁਰਲਾਇੰਦਾ। ਕੂੜ ਕਿਰਿਆ ਬੰਨ ਅਖਾੜਾ, ਮਨਮਤ ਜਗਤ ਨਚਾਇੰਦਾ। ਮਗਰ ਲਗਾਈ ਪੰਚਮ ਧਾੜਾ, ਮਾਇਆ ਮੋਹ ਫਸਾਇੰਦਾ। ਲੱਗੀ ਅੱਗ ਬਹੱਤਰ ਨਾੜਾ, ਨਾ ਕੋਈ ਮਾਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਉਪਾਇੰਦਾ। ਹਰਿ ਹਰਿ ਨਾਉਂ ਨਰ ਨਿਰੰਕਾਰ, ਨਿਰਗੁਣ ਨੂਰ ਰੁਸ਼ਨਾਈਆ। ਸ਼ਬਦੀ ਗੁਰ ਭਰ ਭੰਡਾਰ, ਗੁਰ ਸਤਿਗੁਰ ਆਪ ਵਰਤਾਈਆ। ਹਰਿਜਨ ਦੇਵੇ ਕਰ ਪਿਆਰ, ਆਤਮ ਝੋਲੀ ਆਪ ਭਰਾਈਆ। ਕਾਇਆ ਕਰੇ ਸਚ ਸ਼ੰਗਾਰ, ਤਨ ਬਸਤਰ ਇਕ ਵਖਾਈਆ। ਦੁਰਮਤ ਮੈਲ ਦਏ ਉਤਾਰ, ਅੰਮ੍ਰਿਤ ਆਤਮ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਪਾਰਬ੍ਰਹਮ ਪੁਰਖ ਕਰਤਾਰਿਆ। ਕਲਜੁਗ ਅੰਤਮ ਵੇਖੇ ਝੂਠ ਦੁਕਾਨ, ਲੋਕਮਾਤ ਲਏ ਅਵਤਾਰਿਆ। ਲੱਖ ਚੁਰਾਸੀ ਕਰੇ ਪਛਾਨ, ਘਟ ਘਟ ਮੰਦਰ ਵੇਖ ਵਖਾ ਰਿਹਾ। ਏਕਾ ਦੇਵੇ ਧੁਰ ਫ਼ਰਮਾਨ, ਸ਼ਬਦ ਜਣਾਈ ਆਪ ਕਰਾ ਰਿਹਾ। ਸੋ ਪੁਰਖ ਨਿਰੰਜਣ ਵਡ ਬਲਵਾਨ, ਹੰ ਹੰਗਤਾ ਮੇਟ ਮਿਟਾ ਰਿਹਾ। ਧਰਮ ਝੁਲਾਏ ਇਕ ਨਿਸ਼ਾਨ, ਸਾਚੀ ਸਿਖਿਆ ਆਪ ਜਣਾ ਰਿਹਾ। ਚਾਰ ਵਰਨਾਂ ਇਕ ਧਿਆਨ, ਏਕਾ ਘਰ ਬਹਾ ਰਿਹਾ। ਊਚ ਨੀਚ ਨਾ ਕੋਇ ਵਖਾਨ, ਰਾਓ ਰੰਕ ਨਾ ਕੋਇ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾ ਲਿਆ। ਸਤਿਗੁਰ ਪੂਰਾ ਹਰਿ ਸੁਲਤਾਨਾ, ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨਾ, ਮਨਮੁਖ ਮੂੜ੍ਹੇ ਰਹੇ ਕੁਰਲਾਈਆ। ਹਰਿ ਕਾ ਰੂਪ ਨਾ ਕਿਸੇ ਪਛਾਨਾ, ਗਾ ਗਾ ਥੱਕੀ ਸਰਬ ਲੋਕਾਈਆ। ਗੁਰਮੁਖ ਵਿਰਲਾ ਪਾਏ ਪਦ ਨਿਰਬਾਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਕਲਜੁਗ ਵੇਖੇ ਇਕ ਮੈਦਾਨਾ, ਨੌ ਖੰਡ ਰਾਹ ਤਕਾਈਆ। ਮਨਮਤ ਬੰਨ੍ਹੇ ਹੱਥੀਂ ਗਾਨਾਂ, ਕੂੜੀ ਮੈਂਹਦੀ ਲਾਲ ਰੰਗਾਈਆ। ਜੂਠਾ ਝੂਠਾ ਪੀਣਾ ਖਾਣਾ, ਝੂਠੀ ਕਿਰਿਆ ਰਹੇ ਕਮਾਈਆ। ਗੁਰ ਕਾ ਸ਼ਬਦ ਨਾ ਕਿਸੇ ਪਛਾਨਾ, ਗੁਰ ਦਰ ਨਾ ਕੋਇ ਵਡਿਆਈਆ। ਹਉਮੇ ਹੰਗਤਾ ਗਾਇਆ ਗਾਣਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹੇ ਸੁਣਾਈਆ। ਸਚ ਨਾ ਮਿਲਿਆ ਨਾਮ ਤਰਾਨਾ, ਅਨਹਦ ਤਾਲ ਨਾ ਕੋਇ ਜਣਾਈਆ। ਏਕਾ ਰੂਪ ਸ੍ਰੀ ਭਗਵਾਨਾ, ਰਾਮ ਕ੍ਰਿਸ਼ਨ ਆਪ ਅਖਵਾਈਆ। ਈਸਾ ਮੂਸਾ ਜੋੜ ਜੁੜਾਨਾ, ਸੰਗ ਮੁਹੰਮਦ ਕਰੇ ਕੁੜਮਾਈਆ। ਨਾਨਕ ਗੋਬਿੰਦ ਗੁਣ ਨਿਧਾਨਾ, ਏਕਾ ਅੰਕ ਲਗਾਈਆ। ਕਲਜੁਗ ਅੰਤਮ ਹੋ ਪਰਧਾਨਾ, ਨਿਹਕਲੰਕਾ ਨਾਉਂ ਰਖਾਈਆ। ਸ਼ਾਹ ਭੂਪ ਹਰਿ ਵਡ ਸੁਲਤਾਨਾ, ਸਚ ਸਿਕਦਾਰ ਆਪ ਅਖਵਾਈਆ। ਖੇਲੇ ਖੇਲ ਗੋਪੀ ਕਾਹਨਾ, ਰਾਸ ਮੰਡਲ ਆਪ ਨਚਾਈਆ। ਜਨਕ ਸਪੁਤਰੀ ਕਰ ਪਰਵਾਨਾ, ਰਾਮ ਰਮੱਯਾ ਵੇਸ ਵਟਾਈਆ। ਅੱਲਾ ਰਾਣੀ ਹੋ ਪਰਧਾਨਾ, ਆਪਣਾ ਨਾਅਰਾ ਇਕ ਸੁਣਾਈਆ। ਨਾਨਕ ਨਿਰਗੁਣ ਵਡ ਬਲਵਾਨਾ, ਨਾਮ ਖੰਡਾ ਹੱਥ ਉਠਾਈਆ। ਗੋਬਿੰਦ ਹਰਿ ਹਰਿ ਇਕ ਪਛਾਨਾ, ਅਕਾਲ ਪੁਰਖ ਇਕ ਮਨਾਈਆ। ਸਰਬ ਜੀਆਂ ਪ੍ਰਭ ਬੀਨਾ ਦਾਨਾ, ਏਕਉਂਕਾਰਾ ਆਪ ਅਖਵਾਈਆ। ਪਰਗਟ ਹੋਏ ਵਿਚ ਜਹਾਨਾ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਰਾਮ ਨਾਮ ਸਾਚੀ ਡੋਰ, ਹਰਿ ਸਾਚੇ ਤੰਦ ਬੰਧਾਇੰਦਾ। ਕਾਹਨਾ ਕ੍ਰਿਸ਼ਨਾ ਮੇਟੇ ਅੰਧੇਰਾ ਘੋਰ, ਗਿਆਨ ਪਰਕਾਸ਼ ਇਕ ਕਰਾਇੰਦਾ। ਈਸਾ ਮੂਸਾ ਆਪੇ ਹੋੜ, ਆਪਣਾ ਮਾਰਗ ਆਪੇ ਲਾਇੰਦਾ। ਸੰਗ ਮੁਹੰਮਦ ਵੇਖੇ ਜ਼ੋਰ, ਚਾਰ ਯਾਰੀ ਮੇਲ ਮਿਲਾਇੰਦਾ। ਨਾਨਕ ਨਿਰਗੁਣ ਆਪੇ ਬੌਹੜ, ਆਪਣਾ ਮੂਲ ਚੁਕਾਇੰਦਾ। ਗੁਰ ਗੋਬਿੰਦ ਮੇਲਾ ਦੌੜ ਦੌੜ, ਘਰ ਸਾਚਾ ਆਪ ਸੁਹਾਇੰਦਾ। ਜਨ ਭਗਤਾਂ ਆਤਮ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਬਰਸਾਇੰਦਾ। ਪ੍ਰਗਟ ਹੋਇਆ ਪੂਤ ਸਪੂਤਾ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਆਸਣ ਲਾਇੰਦਾ। ਲੱਖ ਚੁਰਾਸੀ ਵੇਖੇ ਪਰਖੇ ਮਿੱਠੇ ਕੌੜ, ਫਿਕਾ ਰਸ ਰਹਿਣ ਨਾ ਪਾਇੰਦਾ। ਸੰਬਲ ਨਗਰੀ ਲਾਇਆ ਪੌੜ, ਚੌਥਾ ਪਦ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇੰਦਾ। ਰਾਮ ਰੂਪ ਹਰਿ ਭਗਵਾਨ, ਹਰਿ ਹਰਿ ਸੱਚਾ ਅਵਤਾਰਿਆ। ਮੁਕੰਦ ਮਨੋਹਰ ਲੱਖਮੀ ਨਰਾਇਣ ਇਕ ਨਿਸ਼ਾਨ, ਏਕਾ ਨੂਰ ਡਗਮਗਾ ਰਿਹਾ। ਈਸਾ ਮੂਸਾ ਕਰ ਪਰਧਾਨ, ਆਪ ਆਪਣੀ ਕਾਰੇ ਲਾ ਲਿਆ। ਸੰਗ ਮੁਹੰਮਦ ਨੌਜਵਾਨ ਸੋਇਆ ਆਪ ਉਠਾ ਲਿਆ। ਨਾਨਕ ਨਿਰਗੁਣ ਇਕ ਵਖਾਣ, ਏਕਾ ਬੂਝ ਬੁਝਾ ਲਿਆ। ਗੋਬਿੰਦ ਸੂਰਾ ਕਰ ਪਰਵਾਨ, ਘਰ ਸਾਚੇ ਮੇਲ ਮਿਲਾ ਲਿਆ। ਅੰਤਮ ਖੇਲੇ ਖੇਲ ਮਹਾਨ, ਹਰਿ ਸਾਚੇ ਸ਼ਬਦ ਜਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਵੇਸ ਵਟਾ ਲਿਆ। ਰਾਮ ਰੂਪ ਹਰਿ ਭਗਵੰਤ, ਅਚਰਜ ਖੇਲ ਖਿਲਾਇੰਦਾ। ਏਕਾ ਜੋਤ ਆਦਿਨ ਅੰਤ, ਰਥ ਰਥਵਾਹੀ ਨਾਉਂ ਧਰਾਇੰਦਾ। ਈਸਾ ਮੂਸਾ ਚਾਲ ਚਲੰਤ, ਚਾਲ ਨਿਰਾਲੀ ਇਕ ਰਖਾਇੰਦਾ। ਨਾਨਕ ਨਿਰਗੁਣ ਗਿਆਨ ਦ੍ਰਿੜੰਤ, ਸਤਿ ਨਾਮ ਵਰਤਾਇੰਦਾ। ਗੋਬਿੰਦ ਸਾਚਾ ਧਾਮ ਸੁਹੰਤ, ਘਰ ਸਾਚਾ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਖੇਲ ਖਲੰਤ, ਭੇਵ ਕੋਇ ਨਾ ਪਾਇੰਦਾ। ਆਏ ਜਾਏ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਮੇਲ ਮਿਲਾਵਾ ਸਾਚੇ ਸੰਤ, ਸੰਤ ਸੁਹੇਲੇ ਵੇਖ ਵਖਾਇੰਦਾ। ਭਗਤ ਦਵਾਰੇ ਹੋਏ ਮੰਗਤ, ਆਪ ਆਪਣੀ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਰਾਮ ਰੂਪ ਅਪਰ ਅਪਾਰ, ਕ੍ਰਿਸ਼ਨਾ ਨੂਰ ਰੁਸ਼ਨਾਈਆ। ਈਸਾ ਮੂਸਾ ਏਕਾ ਧਾਰ, ਜੋਤੀ ਨੂਰ ਅਲਾਹੀਆ। ਨਾਨਕ ਗੋਬਿੰਦ ਇਕ ਜੈਕਾਰ, ਏਕਾ ਡੰਕਾ ਰਹੇ ਵਜਾਈਆ। ਸੁਣੇ ਸੁਣਾਏ ਸੁਨਣੇਹਾਰ, ਦਰਗਹਿ ਬੈਠਾ ਆਸਣ ਲਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਆਪ ਉਸਾਰ, ਆਪ ਆਪਣਾ ਮੇਲ ਮਿਲਾਈਆ। ਰਵ ਸਸ ਸੂਰਜ ਚੰਨ ਸਤਾਰ, ਦਿਵਸ ਰੈਣ ਕਰੇ ਰੁਸ਼ਨਾਈਆ। ਸ਼ਬਦੀ ਭਰਿਆ ਰਹੇ ਭੰਡਾਰ, ਹਰਿ ਸਾਚਾ ਆਪ ਵਰਤਾਈਆ। ਕਲਜੁਗ ਅੰਤਮ ਵੇਖ ਵਿਚਾਰ, ਦਹਿ ਦਿਸ਼ਾ ਫੋਲ ਫੋਲਾਈਆ। ਸ੍ਰਿਸ਼ਟ ਸਬਾਈ ਹਾਹਾਕਾਰ, ਰੋ ਰੋ ਰਹੀ ਕੁਰਲਾਈਆ। ਮਨ ਮਤ ਹੋਈ ਵਿਭਚਾਰ, ਨਾਰ ਦੁਹਾਗਣ ਮਨਮਤ ਨੇਤਰ ਨੈਣ ਰਹੀ ਕੁਰਲਾਈਆ। ਕੋਈ ਨਾ ਦਿਸੇ ਕਿਸੇ ਯਾਰ, ਘਰ ਘਰ ਅਗਨੀ ਤੱਤ ਜਲਾਈਆ। ਆਪਾ ਭੁੱਲਾ ਸਰਬ ਸੰਸਾਰ, ਆਪ ਆਪਣਾ ਨਾ ਵੇਖ ਵਖਾਈਆ। ਪੇਕੇ ਮਿਲਿਆ ਨਾ ਮੀਤ ਮੁਰਾਰ, ਸੌਹਰੇ ਢੋਈ ਨਾ ਰਾਈਆ। ਦੋ ਜਹਾਨੀ ਰਹੇ ਹਾਰ, ਆਪਣੀ ਪਤ ਗਵਾਈਆ। ਕਲਜੁਗ ਕੂੜਾ ਰਿਹਾ ਲਲਕਾਰ, ਚਾਰੋਂ ਕੁੰਟ ਰਿਹਾ ਸੁਣਾਈਆ। ਧਰਨੀ ਰੋਵੇ ਧਾਹਾਂ ਮਾਰ, ਧੀਰਜ ਧੀਰ ਨਾ ਕੋਇ ਕਰਾਈਆ। ਲਾੜੀ ਮੌਤ ਕਰੇ ਸ਼ੰਗਾਰ, ਤਨ ਬਸਤਰ ਇਕ ਸੁਹਾਈਆ। ਧਰਮ ਰਾਏ ਵੇਖੇ ਇਕ ਅਖਾੜ, ਬਨ ਖੰਡ ਫੇਰਾ ਪਾਈਆ। ਚਿਤਰ ਗੁਪਤ ਨਾ ਕਰੇ ਉਧਾਰ, ਲਹਿਣਾ ਲਹਿਣਾ ਅੱਗੇ ਡਾਹੀਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਲੱਖ ਚੁਰਾਸੀ ਰਹਿਣ ਨਾ ਪਾਈਆ। ਵਿਸ਼ਨੂੰ ਵੇਤਾ ਬਣ ਭਿਖਾਰ, ਬੰਸ ਸਰਬੰਸ ਫੋਲ ਫੋਲਾਈਆ। ਸ਼ੰਕਰ ਬਾਹਾਂ ਰਿਹਾ ਹੁਲਾਰ, ਆਪਣੀ ਤ੍ਰਿਸੂਲ ਹੱਥ ਉਠਾਈਆ। ਕਰੋੜ ਤੇਤੀਸਾ ਕਰੇ ਪੁਕਾਰ, ਨਿਉਂ ਨਿਉਂ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਰਮ ਕਰਮ ਧਰਮ ਜਾਣੇ ਸਰਬ ਸੰਸਾਰ, ਨਿਹਕਰਮੀ ਵੇਖ ਵਖਾਈਆ। ਆਦਿ ਜੁਗਾਦੀ ਆਪਣੀ ਕਾਰ, ਜੁਗ ਕਰਤਾ ਆਪ ਕਰਾਈਆ। ਨਿਰਭੈ ਰੂਪ ਫਿਰੇ ਸੰਸਾਰ, ਮੂਰਤ ਅਕਾਲ ਵਡ ਵਡਿਆਈਆ। ਜੂਨੀ ਰਹਿਤ ਨਾ ਕੋਇ ਵਿਚਾਰ, ਜੂਨ ਅਜੂਨੀ ਵੇਖ ਵਖਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਏਕਉਂਕਾਰਾ ਆਪ ਅਖਵਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰੋ ਨੂਰ ਨੂਰ ਅਲਾਹੀਆ। ਰਾਮ ਕ੍ਰਿਸ਼ਨਾ ਇਕ ਅਧਾਰ, ਨਾਨਕ ਗੋਬਿੰਦ ਮੇਲਾ ਸਹਿਜ ਸੁਭਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰ, ਕਲਜੁਗ ਅੰਤਮ ਵੱਜੇ ਵਧਾਈਆ। ਹਰਿ ਕਾ ਸ਼ਬਦ ਕਰੇ ਖ਼ਬਰਦਾਰ, ਸੋਈ ਸੁਰਤੀ ਆਪ ਉਠਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਨਾ ਡੁੱਬੇ ਵਿਚ ਮੰਝਧਾਰ, ਜੋ ਜਨ ਹਰਿ ਹਰਿ ਰਸਨਾ ਰਹੇ ਗਾਈਆ। ਸਵੇਰ ਸੰਝ ਨਾ ਦਿਸੇ ਕੋਈ ਵਿਚ ਸੰਸਾਰ, ਰੈਣ ਅੰਧੇਰੀ ਏਕਾ ਛਾਈਆ। ਇਕ ਮੁਹੰਮਦ ਕਰੇ ਵਿਚਾਰ, ਸਦੀ ਚੌਧਵੀਂ ਵੇਖ ਵਖਾਈਆ। ਚੌਦਾਂ ਤਬਕਾਂ ਪੈਣੀ ਮਾਰ, ਪ੍ਰਭ ਮਾਰੇ ਬੇਪਰਵਾਹੀਆ। ਸਦਮਾ ਝੱਲੇ ਅੱਲਾ ਰਾਣੀ ਵਿਚ ਸੰਸਾਰ, ਸਚ ਸਲਾਹ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰੋਂ ਕੁੰਟ ਵੇਖ ਵਖਾਈਆ। ਰਾਮ ਰੂਪ ਆਦਿ ਨਿਰੰਜਣ, ਆਦਿ ਜੁਗਾਦਿ ਸਮਾਇਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਕਾਹਨਾ ਬੰਸਰੀ ਨਾਮ ਵਜਾਇਆ। ਈਸਾ ਮੂਸਾ ਸਾਚਾ ਸੱਜਣ, ਕਲਜੁਗ ਸਾਚਾ ਮੇਲ ਮਿਲਾਇਆ। ਕਲਜੁਗ ਕੂੜ ਨਗਾਰੇ ਅੰਤਮ ਵੱਜਣ, ਨਾਨਕ ਨਿਰਗੁਣ ਵੇਖਣ ਆਇਆ। ਗੋਬਿੰਦ ਹੋਇਆ ਪੜਦੇ ਕੱਜਣ, ਪ੍ਰਭ ਸਾਚੀ ਸੇਵਾ ਲਾਇਆ। ਚਾਰ ਵਰਨ ਕਰਾਏ ਏਕਾ ਮਜਨ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਇ ਜਣਾਇਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਾਂਡਾ ਭਰਮ ਦਏ ਭੰਨਾਇਆ। ਸ਼ਾਹ ਸੁਲਤਾਨ ਰਾਜ ਰਾਜਾਨ ਦਰ ਦਰਬਾਰ ਆਪਣਾ ਤਜਣ, ਸੀਸ ਤਾਜ ਰਹਿਣ ਨਾ ਪਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਦਰ ਘਰ ਸਾਚੇ ਬਹਿ ਬਹਿ ਗੱਜਣ, ਨਾਮ ਜੈਕਾਰਾ ਏਕਾ ਲਾਇਆ। ਪਾਰਬ੍ਰਹਮ ਚਲਾਏ ਸਾਚਾ ਜਹਾਜਨ, ਸ਼ੱਤਰੀ ਸ਼ੂਦਰ ਵੈਸ ਬ੍ਰਹਿਮਣ ਹਰਿਜਨ ਸਾਚੇ ਲਏ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤੇ ਰੂਪ ਵਟਾਇਆ। ਰਾਮ ਰੂਪ ਪੁਰਖ ਸੁਲਤਾਨਾ, ਪਾਰਬ੍ਰਹਮ ਅਖਵਾਇੰਦਾ। ਤ੍ਰਿਲੋਕੀ ਨੰਦਨ ਖੇਲ ਮਹਾਨਾ, ਆਪ ਆਪਣੀ ਕਲ ਵਰਤਾਇੰਦਾ। ਈਸਾ ਮੂਸਾ ਇਕ ਫ਼ਰਮਾਨਾ, ਏਕਾ ਹੁਕਮ ਜਣਾਇੰਦਾ। ਨਾਨਕ ਗੋਬਿੰਦ ਕਰ ਪਰਧਾਨਾ, ਲੋਕਮਾਤ ਵੇਖ ਵਖਾਇੰਦਾ। ਸਤਿ ਸੰਤੋਖੀ ਬੱਧਾ ਗਾਨਾ, ਧੀਰਜ ਜਤ ਜਣਾਇੰਦਾ। ਆਤਮ ਅੰਤਰ ਇਕ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਧੁਨ ਅਨਾਦੀ ਸਚ ਤਰਾਨਾ, ਅਨਹਦ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ ਤ੍ਰਿਸਨਾ ਭੁੱਖ ਗਵਾਇੰਦਾ । ਦੂਈ ਦਵੈਤੀ ਪੜਦਾ ਲਾਹਣਾ, ਬਜਰ ਕਪਾਟੀ ਤੋੜ ਤੁੜਾਇੰਦਾ। ਸਾਚੀ ਹਾਟੀ ਇਕ ਵਖਾਣਾ, ਕਾਇਆ ਗੜ੍ਹ ਸੁਹਾਇੰਦਾ। ਆਤਮ ਸੇਜਾ ਹਰਿ ਮਿਹਰਵਾਨਾ, ਸਚ ਸਿੰਘਾਸਣ ਇਕ ਵਛਾਇੰਦਾ। ਨਿਰਗੁਣ ਜੋਤੀ ਦੀਪਕ ਇਕ ਬਲਾਨਾ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਕਮਲਾਪਾਤੀ ਮੇਲ ਮਿਲਾਨਾ, ਸਾਚੀ ਨਾਰੀ ਰਾਹ ਤਕਾਇੰਦਾ । ਸੁਰਤ ਸਵਾਣੀ ਬੱਧਾ ਗਾਨਾ, ਗੁਰ ਸ਼ਬਦੀ ਸਗਨ ਮਨਾਇੰਦਾ। ਦੋਹਾਂ ਮੇਲਾ ਇਕ ਮਕਾਨਾ ਘਰ ਘਰ ਵਿਚ ਡੇਰਾ ਲਾਇੰਦਾ। ਸਤਿ ਪੁਰਖ ਹਰਿ ਸਦ ਮਿਹਰਵਾਨਾ, ਸਤਿ ਸਰੂਪ ਰੂਪ ਅਨੂਪ ਆਪ ਰਖਾਇੰਦਾ। ਕਲਜੁਗ ਅੰਤਮ ਵੇਖੇ ਮਾਰ ਧਿਆਨਾ, ਗੁਰਮੁਖ ਸੋਏ ਆਪ ਜਗਾਇੰਦਾ। ਗੋਬਿੰਦ ਦੇਵੇ ਸਾਚਾ ਦਾਨਾ, ਨਾਨਕ ਨਾਮ ਭੰਡਾਰਾ ਆਪ ਵਰਤਾਇੰਦਾ। ਈਸਾ ਮੂਸਾ ਸ਼ਾਹ ਸੁਲਤਾਨਾ, ਸ਼ਾਹ ਸਵਾਰ ਵੇਖ ਵਖਾਇੰਦਾ। ਕਾਹਨਾ ਕ੍ਰਿਸ਼ਨਾ ਨੌਜਵਾਨਾ, ਸੋਲਾਂ ਕਲ ਧਾਰ ਬੰਧਾਇੰਦਾ। ਰਾਮ ਰੂਪ ਵੇਖ ਮਹਾਨਾ, ਰਾਵਣ ਗੜ੍ਹ ਤੁੜਾਇੰਦਾ। ਕਲਜੁਗ ਅੰਤਮ ਇਕ ਨਿਸ਼ਾਨਾ, ਚੌਥਾ ਜੁਗ ਵੇਖ ਵਖਾਇੰਦਾ। ਚਾਰ ਲੱਖ ਹਜਾਰ ਬੱਤੀ ਤੇਰਾ ਮੂਲ ਚੁਕਾਨਾ, ਤੇਰੀ ਆਯੂ ਆਪਣੇ ਵਿਚ ਟਿਕਾਇੰਦਾ। ਸਤਿਜੁਗ ਸਾਚਾ ਕਰ ਪਰਧਾਨਾ, ਹਰਿ ਸਾਚਾ ਆਪ ਉਠਾਇੰਦਾ। ਕਲਜੁਗ ਤੇਰਾ ਲੇਖਾ ਚੁੱਕੇ ਲੋਕਮਾਤ ਜਗਤ ਜਹਾਨਾ, ਲਹਿਣਾ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਕਾ ਇਕ ਵਜਾਇੰਦਾ। ਸ਼ਬਦ ਡੰਕ ਸਚ ਘਨਘੋਰ, ਹਰਿ ਸਾਚੇ ਆਪ ਸੁਣਾਈਆ। ਕਲਜੁਗ ਭੱਜਾ ਜਾਏ ਚੋਰ, ਥਿਰ ਰਹਿਣ ਨਾ ਪਾਈਆ। ਲੋਕਮਾਤ ਨਾ ਪਕੜੇ ਕੋਈ ਡੋਰ, ਝੂਠੀ ਦੱਸੀ ਸਰਬ ਲੋਕਾਈਆ। ਪਾਪਾਂ ਚੜ੍ਹਿਆ ਸਾਚੇ ਘੋੜ, ਸ਼ੌਹ ਦਰਯਾ ਰਾਹ ਤਕਾਈਆ। ਧਰਮ ਰਾਏ ਘਰ ਲੱਗੀ ਔੜ, ਲੱਖ ਚੁਰਾਸੀ ਦਏ ਬੁਝਾਈਆ। ਨੀਲਾ ਮਾਰੇ ਪਹਿਲਾ ਪੌੜ, ਸੰਮਤ ਸੋਲਾਂ ਰਾਹ ਤਕਾਈਆ। ਅਬਿਨਾਸ਼ੀ ਕਰਤਾ ਰਿਹਾ ਬੌਹੜ, ਬੇਅੰਤ ਨਾਮ ਖ਼ੁਦਾਈਆ। ਆਪ ਵਿਛੋੜੇ ਆਪੇ ਲਏ ਜੋੜ, ਜੁਗ ਜੁਗ ਆਪਣੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਕਲਜੁਗ ਕੂੜਾ ਕਰੇ ਪੁਕਾਰ, ਨੇਤਰ ਨੀਰ ਵਹਾਇੰਦਾ। ਲੱਖ ਚੁਰਾਸੀ ਛੁੱਟਾ ਸੰਸਾਰ, ਸਗਲਾ ਸੰਗ ਨਾ ਕੋਇ ਰਖਾਇੰਦਾ। ਨਾਤਾ ਗਿਆ ਮੁਹੰਮਦੀ ਯਾਰ, ਚਾਰ ਯਾਰੀ ਨਾ ਮੇਲ ਮਿਲਾਇੰਦਾ। ਨਾ ਕੋਈ ਅੰਮ੍ਰਿਤ ਦੇਵੇ ਠੰਡਾ ਠਾਰ, ਗੁਰ ਗੋਬਿੰਦ ਧੱਕਾ ਲਾਇੰਦਾ। ਮਦੀਨਾਂ ਮੱਕਾ ਪਾਵੇ ਸਾਰ, ਐਨਲਹੱਕ ਵੇਖ ਵਖਾਇੰਦਾ। ਮੁਕਾਮੇ ਹੱਕ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਬੂਰਾ ਕੱਕਾ ਅੱਖ ਦਏ ਉਘਾੜ, ਏਕਾ ਨੇਤਰ ਨੈਣ ਉਠਾਇੰਦਾ। ਕਲਜੁਗ ਅਗਨੀ ਤੱਤੀ ਤਪੇ ਹਾੜ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਜੀਵ ਜੰਤ ਅਗਨੀ ਲੱਗੇ ਨਾੜ ਨਾੜ, ਬਹੱਤਰ ਨਾੜ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਦੇਵੇ ਸਾੜ, ਆਪ ਆਪਣਾ ਕਰਮ ਕਮਾਇੰਦਾ। ਪੰਜ ਤਤ ਵੇਖ ਅਖਾੜ, ਘਟ ਘਟ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਦਰਸਾਇੰਦਾ। ਕਲਜੁਗ ਕੂੜਾ ਕਰ ਵਿਹਾਰ, ਕੂੜੀ ਰਾਸ ਕਮਾਈਆ। ਹਰਿ ਕਾ ਨਾਮ ਨਾ ਕੋਇ ਪਿਆਰ, ਜਗਤ ਪਿਆਸ ਨਾ ਕੋਇ ਬੁਝਾਈਆ। ਮਨਮਤ ਹੰਢਾਈ ਦੁਹਾਗਣ ਨਾਰ, ਸਾਚੀ ਸਖੀ ਨਾ ਮੇਲ ਮਿਲਾਈਆ। ਮਿਲਿਆ ਮੀਤ ਨਾ ਕੰਤ ਭਤਾਰ, ਸਾਚੇ ਘਰ ਨਾ ਵੱਜੀ ਵਧਾਈਆ। ਉਪਜੀ ਸਪੁਤਰੀ ਮਨਮਤ ਵਿਭਚਾਰ, ਆਪ ਆਪਣੀ ਲਏ ਅੰਗੜਾਈਆ। ਧਰਤ ਧਵਲ ਹੋਈ ਸੇਵਾਦਾਰ, ਸੇਵਕ ਸੇਵਾ ਰਹੀ ਕਮਾਈਆ। ਚੜ੍ਹਿਆ ਜੋਬਨ ਨੌਜਵਾਨ ਵੇਖੇ ਮਾਰ ਧਿਆਨ, ਧਰਮ ਰਾਏ ਦੀ ਧੀ ਮੁਟਿਆਰ, ਵਰ ਢੂੰਡਣ ਏਕਾ ਆਈਆ। ਲੱਖ ਚੁਰਾਸੀ ਕਰ ਪਿਆਰ, ਏਕਾ ਕੰਤ ਲਏ ਮਨਾਈਆ। ਸਾਧਾਂ ਸੰਤਾਂ ਨਿਉਂ ਨਿਉਂ ਕਰੇ ਨਿਮਸਕਾਰ, ਗੁਰਮੁਖ ਰਾਹ ਖਹਿੜਾ ਦਿਸ ਨਾ ਆਈਆ। ਕਲਜੁਗ ਖੇੜਾ ਹੋਏ ਉਜਾੜ, ਨਾ ਸਕੇ ਕੋਇ ਵਸਾਈਆ। ਅਬਿਨਾਸ਼ੀ ਕਰਤਾ ਆਪ ਉਠਾਏ ਅਗੰਮੀ ਧਾੜ, ਦਿਸ ਕਿਸੇ ਨਾ ਆਈਆ। ਘੜਨਹਾਰਾ ਆਪੇ ਘਾੜ, ਆਪੇ ਭੰਨ ਵਖਾਈਆ। ਆਪ ਚਬਾਏ ਆਪਣੀ ਦਾੜ੍ਹ, ਨਾ ਕੋਈ ਦੂਸਰ ਸੰਗ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਤੇਰਾ ਤੇਰੀ ਝੋਲੀ ਪਾਈਆ। ਸੁੱਤ ਦੁਲਾਰਾ ਹਰਿ ਨਿਰੰਕਾਰ, ਆਪਣਾ ਆਪ ਉਪਾਇੰਦਾ। ਦੁਸ਼ਟ ਦਮਨ ਕਰ ਪਿਆਰ, ਆਪਣਾ ਹੁਕਮ ਮਨਾਇੰਦਾ। ਹੇਮ ਕੁੰਡੋਂ ਕੱਢ ਬਾਹਰ, ਗੁਜਰੀ ਕੁੱਖ ਸੁਹਾਇੰਦਾ। ਤੇਗ਼ ਬਹਾਦਰ ਕਰ ਉਧਾਰ, ਉਰਧ ਕਵਲ ਵਖਾਇੰਦਾ। ਆਪ ਖਿੜਾਏ ਸੱਚੀ ਗੁਲਜ਼ਾਰ, ਹਰਿ ਸਾਚਾ ਵੇਖ ਵਖਾਇੰਦਾ। ਮਾਤ ਗਰਭ ਬ੍ਰਹਮ ਧਾਰ, ਬਾਹਰ ਕੁੱਖ ਪਾਰਬ੍ਰਹਮ ਵਿਚ ਸਮਾਇੰਦਾ। ਸਾਚੇ ਘਰ ਗਿਆ ਜੰਮ, ਜਨ ਜਨਨੀ ਵੇਖ ਵਖਾਇੰਦਾ। ਪੁਰਖ ਅਕਾਲ ਆਪੇ ਜਾਣੇ ਆਪਣਾ ਕੰਮ, ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨੂਰ ਉਪਾਇੰਦਾ। ਚਾਰ ਪੂਤ ਸੁਤ ਦੁਲਾਰਾ, ਪੂਰਨ ਗੁਰ ਉਪਾਇਆ। ਆਪ ਵਸਾਏ ਵਿਚ ਸੰਸਾਰਾ, ਵੇਖਣਹਾਰ ਆਪ ਹੋ ਜਾਇਆ। ਸਾਚਾ ਮੰਦਰ ਇਕ ਮਨਾਰਾ, ਹਰਿ ਸਾਚੇ ਡੇਰਾ ਲਾਇਆ। ਨਿਰਗੁਣ ਨੂਰ ਕਰ ਉਜਿਆਰਾ, ਗੁਜਰੀ ਕੁੱਖ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦਸ ਅਵਤਾਰ, ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇਆ। ਸੁੱਤ ਦੁਲਾਰਾ ਹਰਿ ਉਪੰਨਿਆ, ਆਪਣੀ ਕਿਰਪਾ ਆਪੇ ਧਾਰ। ਕਲਜੁਗ ਚੜ੍ਹਿਆ ਸਾਚਾ ਚੰਨਿਆ, ਮੇਟ ਮਿਟਾਏ ਅੰਧ ਅੰਧਿਆਰ। ਪੰਚ ਵਿਕਾਰੇ ਦੇਵੇ ਡੰਨਿਆ, ਫੜ ਸ਼ਬਦ ਖੰਡਾ ਦੋ ਧਾਰ। ਚਾਰੋਂ ਕੁੰਟ ਫਿਰੇ ਭੰਨਿਆ, ਦਹਿ ਦਿਸ਼ਾ ਵੇਖ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਸੁੱਤ ਦੁਲਾਰ। ਸਾਚਾ ਮੇਲਾ ਗੁਰੂ ਗੁਰ ਚੇਲਾ, ਹਰਿ ਗੋਬਿੰਦ ਰੂਪ ਸਮਾਇਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਨਿਜ ਘਰ ਬੈਠਾ ਆਸਣ ਲਾਇਆ। ਆਦਿ ਜੁਗਾਦੀ ਇਕ ਅਕੇਲਾ, ਕਲ ਧਾਰੀ ਵੇਸ ਵਟਾਇਆ। ਲੋਕਮਾਤ ਸਾਚਾ ਮੇਲਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤ ਨਿਰੰਜਣ ਚੜ੍ਹਿਆ ਤੇਲਾ, ਆਦਿ ਨਿਰੰਜਣ ਸਗਨ ਮਨਾਇਆ। ਪਾਰਬ੍ਰਹਮ ਪ੍ਰਭ ਆਪਣਾ ਖੇਲ ਆਪੇ ਖੇਲਾ, ਘਰ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਨੂਰ ਨੂਰ ਦਰਸਾਇਆ। ਗੋਬਿੰਦ ਨੂਰ ਇਲਾਹੀ ਅੱਲਾ, ਆਲਮ ਉਲਮਾ ਅਖਵਾਇੰਦਾ। ਖੇਲੇ ਖੇਲ ਇਕ ਅਕੱਲਾ, ਤੁਲਬਾ ਤਾਲਬ ਨਾ ਕੋਇ ਵਖਾਇੰਦਾ। ਏਕਾ ਵਸਿਆ ਸਚ ਮਹੱਲਾ, ਅਨੰਦ ਪੁਰੀ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਆਪ ਸੁਹਾਇੰਦਾ। ਐੜਾ ਅੱਖ ਇਕ ਉਘਾੜ, ਅਨਨ ਰੂਪ ਦਰਸਾਈਆ। ਨੱਨਾ ਨਿਰਗੁਣ ਖੇਲ ਕਰੇ ਕਰਤਾਰ, ਜੋਤੀ ਜੋਤ ਡਗਮਗਾਈਆ। ਦੱਦਾ ਦੋ ਜਹਾਨਾਂ ਪਾਵੇ ਸਾਰ, ਅਨੰਦ ਅਨੰਦ ਅਨੰਦ ਆਪ ਅਖਵਾਈਆ। ਪੱਪਾ ਪੂਰਨ ਗੁਰ ਅਵਤਾਰ, ਲੋਕਮਾਤ ਵੱਜੇ ਵਧਾਈਆ। ਰਾਰਾ ਰੇਖ ਵੇਖੇ ਸਰਬ ਸੰਸਾਰ, ਲੱਖ ਚੁਰਾਸੀ ਫੋਲ ਫੋਲਾਈਆ। ਅਨੰਦ ਪੁਰ ਧਾਮ ਨਿਆਰ, ਦਰਗਹਿ ਸਾਚੀ ਇਕ ਰਖਾਈਆ। ਪਾਰਬ੍ਰਹਮ ਪ੍ਰਭ ਪਹਿਰੇਦਾਰ, ਦੂਸਰ ਕੋਇ ਦਿਸ ਨਾ ਆਈਆ। ਗੋਬਿੰਦ ਸੂਰਾ ਕਰ ਵਿਚਾਰ, ਆਪ ਆਪਣੀ ਦਇਆ ਕਮਾਈਆ। ਲੋਕਮਾਤ ਮਹੱਲ ਦਏ ਉਸਾਰ, ਪੁਰੀ ਅਨੰਦ ਨਾਉਂ ਧਰਾਈਆ। ਅੱਠੇ ਪਹਿਰ ਖ਼ਬਰਦਾਰ, ਸੋਏ ਸਿਖ ਰਿਹਾ ਉਠਾਈਆ। ਸਾਚਾ ਮੀਤਾ ਮੀਤ ਮੁਰਾਰ, ਆਪਣਾ ਆਪ ਵਖਾਈਆ। ਆਪ ਆਪਣਾ ਕਰ ਤਿਆਰ, ਹਰਿਜਨ ਮੇਲ ਮਿਲਾਈਆ। ਪੰਚਮ ਤਨ ਕਰ ਸ਼ੰਗਾਰ, ਪੰਚਮ ਦਏ ਵਡਿਆਈਆ। ਪੰਚਮ ਅੰਮ੍ਰਿਤ ਠੰਡਾ ਠਾਰ, ਗੁਰ ਸ਼ਬਦੀ ਵਿਚ ਟਿਕਾਈਆ। ਸ਼ਬਦ ਗੁਰ ਵਡ ਮਿਹਰਵਾਨ, ਆਦਿ ਜੁਗਾਦਿ ਅਖਵਾਈਆ। ਤ੍ਰੈਗੁਣ ਤੇਰਾ ਰੂਪ ਮਹਾਨ, ਗੁਰ ਗੋਬਿੰਦ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਤ੍ਰੈਗੁਣ ਤੇਰਾ ਕਲਜੁਗ ਨਾਤਾ, ਗੁਰ ਗੋਬਿੰਦ ਵੇਖ ਵਖਾਇੰਦਾ।

ਕਰੇ ਖੇਲ ਪੁਰਖ ਬਿਧਾਤਾ, ਜੀਵ ਜੰਤ ਭੇਵ ਕੋਇ ਨਾ ਪਾਇੰਦਾ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਦੇਵਣਹਾਰਾ ਦਾਤਾ, ਸਚ ਭੰਡਾਰਾ ਇਕ ਵਰਤਾਇੰਦਾ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਆਪੇ ਜਾਣੇ ਆਪਣੀ ਗਾਥਾ, ਗਹਿਰ ਗੰਭੀਰ ਆਪ ਅਖਵਾਇੰਦਾ। ਆਪੇ ਲਹਿਣਾ ਦੇਣਾ ਚੁਕਾਏ ਪੂਰਬ ਮਸਤਕ ਮਾਥਾ, ਕਰਮ ਜਰਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵੇਖੇ ਸਾਚਾ ਘਰ, ਘਰ ਸਾਚਾ ਆਪ ਸੁਹਾਇੰਦਾ। ਤ੍ਰੈਗੁਣ ਤੇਰਾ ਰੰਗ ਚਲੂਲ, ਹਰਿ ਸਾਚਾ ਵੇਖ ਵਖਾਇੰਦਾ। ਆਦਿ ਅੰਤ ਨਾ ਜਾਏ ਭੂਲ, ਜੁਗ ਜੁਗ ਕਰਮ ਕਮਾਇੰਦਾ। ਆਪੇ ਜਾਣੇ ਆਪਣਾ ਮੂਲ, ਆਪੇ ਮੂਲ ਚੁਕਾਇੰਦਾ। ਆਪੇ ਬਰਸਣਹਾਰਾ ਫੂਲ, ਆਪੇ ਅਗਨ ਮੇਘ ਵਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਏਕਾ ਵਰ, ਏਕਾ ਚੌਕਾ ਰੂਪ ਵਟਾਇੰਦਾ। ਏਕਾ ਗੁਰ ਇਕ ਅਵਤਾਰ, ਜੁਗ ਚੌਥੇ ਵੱਜੀ ਵਧਾਈਆ। ਚੌਥਾ ਜੁਗ ਹੋਏ ਖ਼ਬਰਦਾਰ, ਗੁਰ ਗੋਬਿੰਦ ਆਪ ਕਰਾਈਆ। ਸੇਵਾ ਲਾਏ ਹਰਿ ਕਰਤਾਰ, ਪਾਰਬ੍ਰਹਮ ਵੱਡੀ ਵਡਿਆਈਆ। ਸਾਚੀ ਬਿੰਦ ਕਰ ਤਿਆਰ, ਰਕਤ ਬੂੰਦ ਸਮਾਈਆ। ਸਾਗਰ ਸਿੰਧ ਖੇਲ ਨਿਆਰ, ਸਾਚੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਚੌਕਾ ਏਕਾ ਦਰ, ਏਕਾ ਵੇਖ ਵਖਾਈਆ। ਇਕ ਅਕੱਲਾ ਏਕਉਂਕਾਰ, ਦੂਜੀ ਸ਼ਬਦ ਵੱਜੇ ਵਧਾਈਆ। ਤੀਜਾ ਨੇਤਰ ਇਕ ਉਘਾੜ, ਚੌਥੇ ਪਦ ਰਿਹਾ ਸਮਾਈਆ। ਏਕਾ ਗੁਰ ਗੁਰ ਕਰਤਾਰ, ਗੋਬਿੰਦ ਨਾਉਂ ਧਰਾਈਆ। ਚੌਥੇ ਯੁਗ ਕਰ ਪਿਆਰ, ਚਾਰੇ ਸੁੱਤ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪੇ ਜਾਣੇ ਨਾ ਕੋਈ ਲੇਖ ਲਿਖਾਈਆ। ਚੌਥੇ ਜੁਗ ਚਾਰ ਦੁਲਾਰੇ, ਗੋਬਿੰਦ ਮੇਲ ਮਿਲਾਇਆ। ਲਹਿਣਾ ਦੇਣ ਚੁਕਾਏ ਮੁਹੰਮਦੀ ਯਾਰੇ, ਏਕਾ ਚੌਕਾ ਚੌਦਾਂ ਸਦ ਵੇਖ ਵਖਾਇਆ। ਕਰੇ ਖੇਲ ਅਗੰਮ ਅਪਾਰੇ, ਮਤ ਬੁਧ ਭੇਵ ਨਾ ਰਾਇਆ। ਵੇਖਣਹਾਰਾ ਚਾਰ ਮੁਨਾਰੇ, ਚਾਰੇ ਕੂਟਾਂ ਡੇਰਾ ਲਾਇਆ। ਸਤਿਜੁਗ ਤ੍ਰੇਤਾ ਖੇਲ ਨਿਆਰੇ, ਦੁਆਪਰ ਕਲਜੁਗ ਆਪ ਸੁਹਾਇਆ। ਅਜੀਤ ਮੇਲਾ ਸਿੰਘ ਜੁਝਾਰੇ, ਸਾਚੀ ਰੀਤੀ ਆਪ ਦਿਖਾਇਆ। ਜ਼ੋਰਾਵਰ ਸਿੰਘ ਫਤਹਿ ਨਗਾਰੇ, ਸਾਚਾ ਡੰਕਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਯੁਗ ਚੌਥੇ ਵੇਸ ਵਟਾਇਆ। ਸੁੱਤ ਦੁਲਾਰੇ ਘਰ ਉਪਜਾ, ਗੁਰ ਗੋਬਿੰਦ ਰੰਗ ਚੜ੍ਹਾਇਆ। ਆਪਣਾ ਭਾਣਾ ਆਪ ਸਮਝਾ, ਆਪੇ ਵੇਖ ਵਖਾਇਆ। ਬਸਤਰ ਗਹਿਣਾ ਤਨ ਸਜਾ, ਸੋਲਾਂ ਕਲੀਆਂ ਸ਼ੰਗਾਰ ਲਗਾਇਆ। ਨੇਤਰ ਨੈਣਾਂ ਕਜਲਾ ਪਾ, ਨਾਮ ਧਾਰਾ ਇਕ ਵਖਾਇਆ। ਸਾਚੇ ਸੱਜਣਾ ਮੇਲ ਮਿਲਾ, ਦਰ ਘਰ ਸਾਚਾ ਇਕ ਸੁਹਾਇਆ। ਨਾਮ ਖੰਡਾ ਤਨ ਲਟਕਾ, ਤਨ ਗਾਤਰੇ ਆਪ ਵਖਾਇਆ। ਬਾਲੀ ਬੁਧ ਭੇਵ ਚੁਕਾ, ਇਕਬਾਲੀ ਮੁਖੋਂ ਆਪ ਕਰਾਇਆ। ਨਾਮ ਦਲਾਲ ਵਿਚ ਰਖਾ, ਸੀਸ ਦਸਤਾਰ ਸਜਾਇਆ। ਕੇਸਰ ਟਿੱਕਾ ਤਿਲਕ ਲਗਾ, ਬ੍ਰਹਮ ਆਹੂਤੀ ਨਾਲ ਮਿਲਾਇਆ। ਵੱਡਾ ਨਿੱਕਾ ਕੋਈ ਜਾਣੇ ਨਾ, ਨਿੱਕਾ ਵੱਡਾ ਬਣ ਅਖਵਾਇਆ। ਫਿੱਕਾ ਰਸ ਕੋਈ ਮਾਣੇ ਨਾ, ਝੂਠਾ ਫਲ ਨਾ ਕੋਇ ਖਵਾਇਆ। ਜਗਤ ਮਾਇਆ ਕੋਈ ਪੁਣ ਛਾਣੇ ਨਾ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਇਆ। ਚਾਰ ਸੁੱਤ ਚਾਰ ਦੀਵਾਰ, ਚਾਰ ਕੁੰਟ ਉਪਜਾਈਆ। ਗੁਰ ਗੋਬਿੰਦ ਹੋਇਆ ਸੇਵਾਦਾਰ, ਦਿਵਸ ਰੈਣ ਸੇਵ ਕਮਾਈਆ। ਗੁਰਸਿਖ ਰੱਖੇ ਅਧਵਿਚਕਾਰ, ਬਾਹਰ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜਾ ਕੂੜ ਕੁੜਿਆਰ, ਜੂਠਾ ਝੂਠਾ ਡੰਕ ਵਜਾਈਆ। ਸਤਿਗੁਰ ਪੂਰਾ ਕਰ ਪਿਆਰ, ਸਾਚੇ ਸੁੱਤ ਕਰੇ ਕੁੜਮਾਈਆ। ਅਬਿਨਾਸ਼ੀ ਅਚੁੱਤ ਜੋਤ ਉਜਿਆਰ, ਸਾਚੀ ਸਖੀ ਵੇਖ ਵਖਾਈਆ। ਸਾਚਾ ਸਿਹਰਾ ਅਪਰ ਅਪਾਰ, ਨਿਗਹ ਮਿਹਰ ਨਾਲ ਬੰਧਾਈਆ। ਆਦਿ ਨਿਰੰਜਣ ਕਰ ਪਿਆਰ, ਆਪ ਆਪਣੇ ਘਰ ਬੁਲਾਈਆ। ਮੇਲ ਮਿਲਾਵਾ ਅਪਰ ਅਪਾਰ, ਨਾਰੀ ਕੰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖੇ ਦਰ, ਹਰਿ ਜੋਤ ਅਜੀਤ ਜੁਝਾਰ ਲੋਕਮਾਤ ਵਿਆਵਣ ਆਈਆ। ਲੋਕਮਾਤ ਸਾਚੇ ਲਾੜੇ, ਹਰਿ ਸਾਚਾ ਵੇਖ ਵਖਾਇੰਦਾ। ਕਲਜੁਗ ਅੰਤਮ ਖਾਰੇ ਚਾੜ੍ਹੇ, ਦਰ ਸਾਚਾ ਇਕ ਸੁਹਾਇੰਦਾ। ਗੁਰਮਤ ਉਤੋਂ ਪਾਣੀ ਵਾਰੇ, ਮਨਮਤ ਮੁਖ ਸ਼ਰਮਾਇੰਦਾ। ਰੰਗ ਬਸੰਤੀ ਅਪਰ ਅਪਾਰੇ, ਫੁਲ ਫੁਲਵਾੜੀ ਗੁਰਸਿਖ ਆਪ ਖਿਲਾਇੰਦਾ। ਆਪਣੇ ਪੌੜੇ ਆਪੇ ਚਾੜ੍ਹੇ, ਆਪ ਆਪਣਾ ਦਰ ਸੁਹਾਇੰਦਾ। ਦੂਤੀ ਦੁਸ਼ਟ ਨਾ ਕੋਈ ਮਾਰੇ, ਨਾ ਕੋਈ ਮਾਰ ਮਿਟਾਇੰਦਾ। ਆਪੇ ਰੱਖੇ ਨੀਆਂ ਅਧਵਿਚਕਾਰੇ, ਆਪੇ ਗੜ੍ਹੀ ਚਮਕੌਰ ਸੁਹਾਇੰਦਾ । ਆਪੇ ਜਾਣੇ ਤਿਖੀ ਧਾਰੇ, ਤਿਖੀ ਧਾਰ ਆਪ ਰਖਾਇੰਦਾ। ਕਲਜੁਗ ਤੇਰੇ ਅੰਤ ਪਿਆਰੇ, ਗੁਰ ਗੋਬਿੰਦ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਘਰ, ਘਰ ਸਾਚਾ ਇਕ ਸੁਹਾਇੰਦਾ। ਚਾਰੇ ਸੁੱਤ ਸੂਰ ਬਲਵਾਨ, ਧਰਮ ਨਿਸ਼ਾਨ ਹੱਥ ਉਠਾਇਆ। ਹਰਿ ਕਾ ਭੇਵ ਜੁਗ ਜੁਗ ਮਹਾਨ, ਵੇਦ ਕਤੇਬ ਕਿਸੇ ਨਾ ਗਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਅੰਜੀਲ ਕੁਰਾਨ ਮਤਾ ਪਕਾਇਆ। ਸ਼ਾਸਤਰ ਸਿਮਰਤ ਹੋਣ ਹੈਰਾਨ, ਮਤ ਬੁਧ ਭੇਵ ਦਿਸ ਨਾ ਆਇਆ। ਗੁਰ ਗੁਰ ਗੀਤਾ ਇਕ ਗਿਆਨ, ਅਠਾਰਾਂ ਧਿਆਏ ਅਠ ਦਸ ਡੇਰਾ ਲਾਇਆ। ਖਾਣੀ ਬਾਣੀ ਇਕ ਗਿਆਨ, ਏਕਾ ਮੰਤਰ ਵੇਖ ਵਖਾਇਆ। ਸ਼ਬਦ ਗੁਰ ਗੁਣ ਨਿਧਾਣ, ਗੁਣਵੰਤਾ ਨਾਉਂ ਰਖਾਇਆ। ਪੰਚਮ ਪੰਚਮ ਕਰ ਪਰਵਾਨ, ਚਾਰ ਯਾਰੀ ਮੇਟ ਮਿਟਾਇਆ। ਚੌਥੇ ਜੁਗ ਦਰ ਦਰਬਾਨ, ਦਰ ਦਰਵੇਸਾ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਰਾਹ ਚਲਾਇਆ। ਦੋ ਜਹਾਨਾਂ ਸਾਚਾ ਰਾਹ, ਗੁਰ ਗੋਬਿੰਦ ਇਕ ਚਲਾਇੰਦਾ। ਚਾਰ ਵਰਨਾਂ ਏਕਾ ਧਾਮ ਬਹਾ, ਅੰਮ੍ਰਿਤ ਜਾਮ ਇਕ ਪਿਆਇੰਦਾ। ਸੋ ਪੁਰਖ ਨਿਰੰਜਣ ਨਾਉਂ ਰਖਾ, ਹੰ ਬ੍ਰਹਮ ਇਕ ਦਰਸਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਸੁੱਤ ਦੁਲਾਰੇ ਸਾਚੇ ਮਾਰਗ ਆਪ ਰਖਾਇੰਦਾ। ਅਜੀਤ ਜੁਝਾਰੇ ਸਾਚਾ ਰੰਗ, ਹਰਿ ਸਾਚੇ ਆਪ ਚੜ੍ਹਾਇਆ। ਆਪ ਬਹਾਏ ਸਚ ਪਲੰਘ, ਸਚ ਸਿੰਘਾਸਣ ਵੇਖ ਵਖਾਇਆ। ਕਲਜੁਗ ਅੰਤਮ ਮੰਗੀ ਮੰਗ, ਦੇਵਣਹਾਰ ਹਰਿ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਆ ਦੂਆ ਏਕਾ ਰੰਗ ਰੰਗਾਇਆ। ਰੰਗਿਆ ਰੰਗ ਪੁਰਖ ਕਰਤਾਰਾ, ਦੋ ਸੁੱਤ ਮਿਲੀ ਵਡਿਆਈਆ। ਸਤਿਜੁਗ ਤੇਰਾ ਸਚ ਜੈਕਾਰਾ, ਗੁਰ ਨਾਨਕ ਰਸਨਾ ਗਾਈਆ। ਅੰਤਮ ਵੇਲੇ ਪਾਵੇ ਸਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਹਕਲੰਕ ਨਰਾਇਣ ਨਰ ਲੈ ਅਵਤਾਰਾ, ਸੋਹੰ ਸ਼ਬਦ ਆਪ ਅਲਾਈਆ। ਅਜੀਤ ਜੁਝਾਰ ਇਕ ਪਿਆਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਖੇਲ ਕਰੇ ਨਿਆਰਾ, ਦਿਸ ਕਿਸੇ ਨਾ ਆਈਆ। ਛੋਟਾ ਬਾਲਾ ਬਾਲ ਨਿਧਾਨ, ਆਪੇ ਲੇਖੇ ਲਾਇਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਪ੍ਰਭ ਅਬਿਨਾਸ਼ੀ ਖੇਲ ਖਲਾਇਆ। ਸਾਢੇ ਤਿੰਨ ਹੱਥ ਬਣਾਏ ਜਗਤ ਮਕਾਨ, ਕਲਜੁਗ ਲਹਿਣਾ ਦਏ ਚੁਕਾਇਆ। ਕਿਰਪਾ ਕਰੇ ਆਪ ਭਗਵਾਨ, ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇਆ। ਆਪੇ ਨੀਹਾਂ ਹੇਠ ਰਿਹਾ ਰੱਖ, ਆਪ ਲਏ ਉਪਜਾਈਆ। ਆਪੇ ਲੋਕਮਾਤ ਕਰੇ ਪਰਤੱਖ, ਸਾਢੇ ਤਿੰਨ ਹੱਥ ਬਣਤ ਬਣਾਈਆ। ਕਲਜੁਗ ਵੰਡ ਕਰੀ ਵੱਖ, ਮਨ ਜਿਤ ਵੱਜੀ ਵਧਾਈਆ। ਸ਼ਬਦ ਸ਼ਹੀਦ ਨਾ ਲੱਥਾ ਕਿਸੇ ਸੱਥ, ਨਾ ਕੋਈ ਸੱਥਰ ਹੇਠ ਵਿਛਾਈਆ। ਗੁਰ ਗੋਬਿੰਦ ਨਾ ਨੇਤਰ ਵਗਾਇਆ ਅੱਥ, ਗੁਰ ਸੰਗਤ ਗਿਆ ਸਮਝਾਈਆ। ਕਲਜੁਗ ਜੀਵ ਧੀਰ ਨਾ ਸਕੇ ਰੱਖ, ਪੁੱਤ ਦੇ ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰ, ਸਾਖਿਯਾਤ ਖੇਲ ਖਲਾਈਆ। ਸਾਚੀ ਖੇਲ ਖੇਲਣਹਾਰਾ, ਕਲਜੁਗ ਅੰਤਮ ਰਚਨ ਰਚਾਇੰਦਾ। ਛੋਟਾ ਬਾਲਾ ਕਰ ਉਜਿਆਰਾ, ਸਾਚੀ ਸੇਵ ਕਮਾਇੰਦਾ। ਆਪੇ ਖਿਚੇ ਚਰਨ ਦਵਾਰਾ, ਸਾਧ ਸੰਗਤ ਸੰਗ ਰਖਾਇੰਦਾ। ਇਕ ਉਪਜਾਏ ਜਗਤ ਮੁਨਾਰਾ, ਰਵਿਦਾਸ ਚੁਮਾਰਾ ਨਾਲ ਰਲਾਇੰਦਾ। ਸੂਰਜ ਚੰਨ ਕਰਨ ਨਿਮਸਕਾਰਾ, ਦੋਏ ਦੋਏ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸੁੱਤ ਦਿਤਾ ਵਰ, ਕਲਜੁਗ ਅੰਤਮ ਲੇਖ ਮੁਕਾਇੰਦਾ। ਬਾਲ ਨਿਧਾਨਾ ਫਤਿਹ ਡੰਕਾ ਏਕਾ ਏਕ ਵਜਾਈਆ। ਖੇਲੇ ਖੇਲ ਬਾਰ ਅਨਕਾ, ਹਰਿ ਗੋਬਿੰਦ ਵਡ ਵਡਿਆਈਆ। ਬਿਨ ਗੁਰ ਪੂਰੇ ਲੱਖ ਚੁਰਾਸੀ ਤੇਰਾ ਕੋਈ ਨਾ ਕੱਢੇ ਸ਼ੰਕਾ, ਗਿਆਨੀ ਧਿਆਨੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕਾ ਨਿੱਕੀ ਧਾਰ ਰਖਾਈਆ। ਨਿੱਕੀ ਧਾਰ ਸਾਚੀ ਸਿਖੀ, ਨੌ ਦਰ ਪਾਰ ਕਰਾਈਆ। ਕਿਸੇ ਹੱਥ ਨਾ ਆਏ ਮੁਨੀ ਰਿਖੀ, ਜਪੀ ਤਪੀ ਹਠੀ ਸਤੀ ਰਹੇ ਕੁਰਲਾਈਆ। ਆਪੇ ਧਾਰ ਰੱਖੀ ਤਿਖੀ, ਦੋ ਧਾਰਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸੇਵਾ ਆਪ ਕਮਾਈਆ। ਸੇਵਕ ਸੇਵਾਦਾਰ ਗੋਬਿੰਦ, ਸਾਚੀ ਸੇਵ ਕਮਾਇੰਦਾ। ਦਾਤਾ ਜੋਧਾ ਸੂਰ ਵਡ ਮਰਗਿੰਦ, ਗਹਿਰ ਗੰਭੀਰ ਸਮਾਇੰਦਾ। ਕਰੇ ਖੇਲ ਭਾਰਤ ਹਿੰਦ, ਹਿੰਦਵਾਇਨ ਵੇਖ ਵਖਾਇੰਦਾ। ਅਥਾਹ ਡੂੰਘਾ ਸਾਗਰ ਸਿੰਧ, ਬੇਪਰਵਾਹ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁੱਤ ਦੁਲਾਰਾ ਵੇਖ ਵਖਾਇੰਦਾ। ਸੁੱਤ ਦੁਲਾਰਾ ਨੌਜਵਾਨਾ, ਬਾਲਾ ਬਾਲ ਉਪਾਈਆ। ਕਲਜੁਗ ਅੰਤਮ ਰੰਗ ਸੱਤ ਝੁਲਾਏ ਇਕ ਨਿਸ਼ਾਨਾ, ਨੌ ਖੰਡ ਸਾਇਆ ਹੇਠ ਰਖਾਈਆ। ਨੌ ਦਰ ਵੇਖੇ ਜਗਤ ਮਕਾਨਾ, ਘਰ ਦਸਵਾਂ ਮੇਲਾ ਸਾਚੇ ਮਾਹੀਆ। ਗੁਰਮੁਖਾਂ ਬੰਨੇ ਸਾਚਾ ਗਾਨਾ, ਹਰਿ ਸਾਚਾ ਤੰਦ ਉਠਾਈਆ। ਗੁਰ ਗੋਬਿੰਦ ਮਰਦ ਮਰਦਾਨਾ, ਏਕਾ ਨੇਤਰ ਵੇਖ ਵਖਾਈਆ। ਕਲਜੁਗ ਮੇਟੇ ਕੂੜ ਦੁਕਾਨਾ, ਸਾਚਾ ਮਾਰਗ ਇਕ ਲਗਾਈਆ। ਵਾਹ ਵਾਹ ਗੁਰੂ ਗੁਰ ਆਪ ਪਛਾਨਾ, ਇਸ਼ਟ ਦੇਵ ਗੁਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਯੁਗ ਤੇਰਾ ਘਰ, ਅੰਤਮ ਦਏ ਮਿਟਾਈਆ। ਚਾਰ ਸੁੱਤ ਚਾਰ ਯਾਰੀ, ਚਾਰੋਂ ਕੁੰਟ ਖਵਾਰਿਆ। ਚਾਰੇ ਤੋੜੇ ਗੜ੍ਹ ਹੰਕਾਰੀ, ਚਾਰੇ ਮਾਰੇ ਮਾਰਿਆ। ਏਕਾ ਚੌਕਾ ਚੌਦਾਂ ਹੱਟ ਖਲਾਰੀ, ਚੌਦਾਂ ਤਬਕਾਂ ਫੋਲ ਫੋਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁੱਤ ਦੁਲਾਰੇ ਲਏ ਵਰ, ਘਰ ਸਾਚੇ ਮੇਲ ਮਿਲਾਈਆ। ਹਰਿ ਸ਼ਬਦ ਗੁਰ ਸਹਾਰਾ, ਸਤਿਗੁਰ ਨਾਮ ਧਰਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਘਰ ਸਾਚੇ ਮੇਲ ਮਿਲਾਈਆ। ਆਪੇ ਬਖ਼ਸ਼ੇ ਬਖ਼ਸ਼ਣਹਾਰਾ, ਪਿਛਲਾ ਲਹਿਣਾ ਮੂਲ ਚੁਕਾਈਆ। ਅੱਗੇ ਦੇਵੇ ਨਾਮ ਅਧਾਰਾ, ਚਰਨ ਪ੍ਰੀਤੀ ਇਕ ਸਖਾਈਆ। ਸਾਚਾ ਵਣਜ ਕਰਾਏ ਸਚ ਵਣਜਾਰਾ, ਨਾਮ ਅਨਮੁੱਲਾ ਝੋਲੀ ਪਾਈਆ। ਸਾਚੇ ਕੰਡੇ ਤੋਲੇ ਤੋਲਣਹਾਰਾ, ਨਾਨਕ ਨਿਰਗੁਣ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰ ਪੁਰਖ ਸਮਰਥ, ਆਦਿ ਜੁਗਾਦਿ ਅਖਵਾਇਆ। ਹਰਿਜਨ ਰੱਖੇ ਦੇ ਕਰ ਹੱਥ, ਜੋ ਜਨ ਸਰਨਾਈ ਆਇਆ। ਸਗਲ ਵਿਸੂਰੇ ਜਾਇਣ ਲੱਥ, ਆਤਮ ਅੰਤਰ ਨੇਤਰ ਦਰਸ਼ਨ ਪਾਇਆ। ਹਉਮੇ ਗੜ੍ਹ ਜਾਏ ਢੱਠ, ਸਾਚੀ ਰੀਤੀ ਇਕ ਵਖਾਇਆ। ਉਲਟੀ ਗੇੜਨਹਾਰਾ ਲੱਠ, ਲੱਖ ਚੁਰਾਸੀ ਦਏ ਕਟਾਇਆ। ਆਪ ਰਖਾਏ ਸਰ ਸਰੋਵਰ ਏਕਾ ਤਟ, ਘਾਟ ਕਿਨਾਰੇ ਮੇਲ ਮਿਲਾਇਆ। ਦੂਈ ਦਵੈਤੀ ਮੇਟੇ ਫਟ, ਅੰਮ੍ਰਿਤ ਆਤਮ ਮੁਖ ਚਵਾਇਆ। ਸ਼ਬਦ ਨਗਾਰੇ ਲਾਏ ਸੱਟ, ਅਨਹਦ ਤਾਲ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਭੁੱਲੇ ਲਏ ਤਰਾਇਆ। ਸ੍ਰਿਸ਼ਟ ਸਬਾਈ ਭੁੱਲਣਹਾਰੀ, ਅਨਭੁਲ ਆਪ ਅਖਵਾਏ। ਜੋ ਜਨ ਮੰਗੇ ਬਣ ਭਿਖਾਰੀ, ਸਾਚੀ ਵਸਤ ਝੋਲੀ ਪਾਏ। ਮਿਲੇ ਮੇਲ ਨਰ ਨਿਰੰਕਾਰੀ, ਨਿਰਗੁਣ ਨਿਰਗੁਣ ਨਿਰਗੁਣ ਨਜ਼ਰੀ ਆਏ। ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰੀ, ਆਸਾ ਤ੍ਰਿਸਨਾ ਨਾ ਮੂਲ ਸਤਾਏ। ਜਨ ਭਗਤਾਂ ਪੈਜ ਰਿਹਾ ਸਵਾਰੀ, ਰਾਏ ਧਰਮ ਨਾ ਦਏ ਸਜ਼ਾਏ। ਲੇਖਾ ਲਿਖੇ ਨਾ ਚਿਤਰ ਗੁਪਤ ਲਿਖਾਰੀ, ਲਾੜੀ ਮੌਤ ਨਾ ਨੈਣ ਮਟਕਾਏ। ਗੁਰਸਿਖ ਅੰਤਮ ਮੇਲੇ ਜੋਤ ਨਿਰੰਕਾਰੀ, ਜੋਤੀ ਜੋਤ ਵਿਚ ਟਿਕਾਏ। ਧਾਮ ਸੁਹਾਏ ਬਹਾਏ ਇਕ ਨਿਆਰੀ, ਸਚਖੰਡ ਦਵਾਰਾ ਵੇਖ ਵਖਾਏ। ਤਿੰਨਾਂ ਲੋਕਾਂ ਪਾਰ ਕਿਨਾਰੀ, ਜੋ ਜਨ ਬ੍ਰਹਮ ਦਰਸ਼ਨ ਪਾਏ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਗੁਰਸਿਖ ਨਿਉਂ ਨਿਉਂ ਕਰਨ ਨਿਮਸਕਾਰੀ, ਸਤਿਗੁਰ ਆਪਣੀ ਉਂਗਲੀ ਆਪੇ ਲਾਏ। ਦਰਗਹਿ ਸਾਚੀ ਦੇਵੇ ਸੱਚੀ ਸਰਦਾਰੀ, ਸਾਚੇ ਤਖ਼ਤ ਸੁਹਾਏ। ਲੋਕਮਾਤ ਵੇਖੇ ਕਲਜੁਗ ਅੰਤਮ ਫੁਲ ਫੁਲਵਾੜੀ, ਗੁਰ ਗੋਬਿੰਦ ਹੱਥੀਂ ਲਾਏ। ਫੜ ਫੜ ਪੌੜੇ ਰਿਹਾ ਚਾੜ੍ਹੀ, ਜੋ ਜਨ ਵਰ ਘਰ ਸਾਚੇ ਸਾਚਾ ਸਾਜਨ ਵੇਖਣ ਆਏ। ਕਲਜੁਗ ਅੰਤਮ ਪੱਕੀ ਹਾੜੀ, ਹਰਿ ਕਿਰਸਾਨ ਏਕ ਵਕ਼ਤ ਵਢਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਆਪਣਾ ਵਰ, ਆਵਣ ਜਾਵਣ ਪਤਿਤ ਪਾਵਨ ਲੱਖ ਚੁਰਾਸੀ ਜਮ ਕੀ ਫਾਸੀ ਬੰਧਨ ਬੰਦੀ ਤੋੜ ਆਪ ਕਟਾਏ।