Granth 08 Likhat 033: 3 Faggan 2015 Bikarmi Bela Singh de Ghar Pind Mahal Jila Amritsar

੩ ਫੱਗਣ ੨੦੧੫ ਬਿਕ੍ਰਮੀ ਬੇਲਾ ਸਿੰਘ ਦੇ ਘਰ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਜ਼ਾਤ ਪਾਤ ਹਰਿ ਨਿਆਰਾ, ਗੁਣ ਅਵਗੁਣ ਨਾ ਕੋਇ ਜਣਾਈਆ। ਜਨ ਭਗਤਾਂ ਕਰੇ ਜਗਤ ਪਿਆਰਾ, ਨਿਰਗੁਣ ਸਰਗੁਣ ਵਡ ਵਡਿਆਈਆ। ਬਖ਼ਸ਼ਣਹਾਰਾ ਚਰਨ ਪਿਆਰਾ, ਸਰਨਗਤ ਇਕ ਸਮਝਾਈਆ। ਦੇਵਣਹਾਰਾ ਨਾਮ ਭੰਡਾਰਾ, ਨਾਮ ਵਸਤ ਝੋਲੀ ਪਾਈਆ। ਬਣਿਆ ਰਹੇ ਸਦ ਵਰਤਾਰਾ, ਆਪ ਆਪਣੀ ਸੇਵ ਕਮਾਈਆ। ਰਾਗ ਨਾਦ ਨਾ ਪਾਇਣ ਸਾਰਾ, ਭੇਵ ਅਭੇਦਾ ਬੇਪਰਵਾਹੀਆ। ਅਬਿਨਾਸ਼ੀ ਕਰਤਾ ਏਕਉਂਕਾਰਾ, ਅਕਲ ਕਲ ਅਖਵਾਈਆ। ਮੇਲ ਮਿਲਾਵਾ ਸੰਤ ਦੁਲਾਰਾ, ਸੰਤਨ ਸੰਗ ਰਖਾਈਆ। ਏਕਾ ਦੇਵੇ ਸਚ ਹੁਲਾਰਾ, ਸਚ ਸੁੱਚ ਵਧਾਈਆ। ਸਾਚਾ ਮੰਦਰ ਵੇਖ ਦਵਾਰਾ, ਦੇਵੇ ਦਰ ਸੁਹਾਈਆ। ਦਰ ਦਰਵਾਜ਼ਾ ਖੋਲ੍ਹ ਕਿਵਾੜਾ, ਆਪਣੀ ਬੂਝ ਬੁਝਾਈਆ। ਸ਼ਬਦੀ ਮੀਤਾ ਸਾਚਾ ਲਾੜਾ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਵੇਖ ਵਖਾਈਆ। ਕਾਇਆ ਖੇੜਾ ਸਾਚਾ ਨਗਰ, ਹਰਿ ਹਰਿ ਹੱਟ ਖੁਲ੍ਹਾਇਆ। ਨਿਰਮਲ ਹੋਏ ਕਰਮ ਉਜਾਗਰ, ਪ੍ਰਭ ਨੇਤਰ ਦਰਸ਼ਨ ਪਾਇਆ। ਨਾਮ ਵਣਜ ਸਚ ਸੌਦਾਗਰ, ਘਰ ਵਣਜਾਰਾ ਏਕਾ ਆਇਆ। ਭਰੇ ਖ਼ਜ਼ਾਨਾ ਕਾਇਆ ਗਾਗਰ, ਗਹਿਰ ਗੰਭੀਰ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਨਾਮ ਖ਼ਜ਼ਾਨਾ ਸਾਚੀ ਵਸਤ, ਗੁਰ ਸਤਿਗੁਰ ਹੱਟ ਵਿਕਾਈਆ। ਗੁਰਮੁਖਾਂ ਦੇਵੇ ਦਸਤ ਬਦਸਤ, ਉਧਾਰ ਨਾ ਕੋਇ ਕਰਾਈਆ। ਦਿਵਸ ਰੈਣ ਰੱਖੇ ਮਸਤ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਏਕਾ ਰੰਗ ਰੰਗਾਏ ਕੀਟ ਹਸਤ, ਆਪ ਆਪਣੀ ਦਇਆ ਕਮਾਈਆ। ਤਨ ਪਹਿਨਾਏ ਸਾਚਾ ਬਸਤ, ਬਸਤਰ ਗਹਿਣਾ ਸ਼ਬਦ ਸੁਹਾਈਆ। ਕੀਮਤ ਕਰਤੇ ਰੱਖੀ ਸਸਤ, ਦੋਏ ਜੋੜ ਚਰਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਉਂ ਟਿਕਾਨਾ ਘਰ ਘਰ ਮੰਦਰ, ਹਰਿ ਸਾਚੇ ਆਪ ਉਪਾਇਆ। ਆਪੇ ਬਹਿ ਬਹਿ ਵੇਖੇ ਅੰਦਰ, ਨਿਜ ਘਰ ਵਾਸੀ ਨਿਜ ਘਰ ਰਿਹਾ ਸੁਹਾਇਆ। ਦਿਸ ਨਾ ਆਏ ਭਾਗਾਂਮੰਦੜ, ਗੁਰਮੁਖ ਸਾਚੇ ਮੇਲ ਮਿਲਾਇਆ। ਮਾਇਆ ਮਮਤਾ ਹੋਈ ਅੰਧੜ, ਗੁਰੂ ਗਿਆਨ ਨਾ ਕੋਇ ਜਣਾਇਆ। ਦੂਈ ਦਵੈਤੀ ਝੂਠਾ ਕੰਧੜ, ਹਉਮੇ ਹੰਗਤਾ ਪੜਦਾ ਪਾਇਆ। ਮਨਮੁਖ ਜੀਵ ਜੂਠਾ ਝੂਠਾ ਗੰਦੜ, ਰਸਨਾ ਜਿਹਵਾ ਨਾ ਹਰਿ ਹਰਿ ਗਾਇਆ। ਭਗਤ ਜਨਾਂ ਹਰਿ ਆਪ ਬਖ਼ਸ਼ੰਦੜ, ਫੜ ਫੜ ਗਲੇ ਲਗਾਇਆ। ਦੋ ਜਹਾਨਾਂ ਮੇਟੇ ਪੰਧੜ, ਪਾਂਧੀ ਆਪੇ ਬਣ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਸਾਚਾ ਪਾਂਧੀ ਰਿਹਾ ਚਲ, ਦਿਵਸ ਰੈਣ ਪਰਭਾਤੀਆ। ਵਸਣਹਾਰਾ ਨਿਹਚਲ ਧਾਮ ਅਟੱਲ, ਕਲਜੁਗ ਮਾਰਨ ਆਇਆ ਝਾਤੀਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਗੁਰਮੁਖਾਂ ਚੁਕਾਏ ਲਹਿਣ ਦੇਣ ਬਾਕੀਆ। ਆਪਣੇ ਦੀਪਕ ਆਪਣੀ ਜੋਤੀ ਆਪੇ ਬਲ, ਸਚ ਗਿਆਨ ਕਰੇ ਪਰਕਾਸ਼ਿਆ। ਆਪਣੇ ਸ਼ਬਦ ਸ਼ਬਦੀ ਆਪੇ ਰਲ, ਆਪਣਾ ਢੋਲਾ ਗਾਏ ਸ਼ਾਹੋ ਸਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਾਂ ਕਰੇ ਬੰਦ ਖੁਲ੍ਹਾਸੀਆ। ਬੰਦ ਖਲਾਸੀ ਬੰਧਨ ਤੋੜ, ਪਾਰਬ੍ਰਹਮ ਅਖਵਾਇਆ। ਚਰਨ ਪ੍ਰੀਤੀ ਨਿਭੇ ਤੋੜ, ਨਾ ਤੁੱਟੇ ਨਾ ਕੋਈ ਤੋੜ ਤੁੜਾਇਆ। ਸਤਿਗੁਰ ਪੂਰਾ ਚੜ੍ਹਿਆ ਘੋੜ, ਸ਼ਬਦ ਡੰਕਾ ਹੱਥ ਉਠਾਇਆ। ਗੁਰਸਿਖਾਂ ਮੇਲ ਮਿਲਾਏ ਦੌੜ ਦੌੜ, ਸੋਏ ਕੋਇ ਰਹਿਣ ਨਾ ਪਾਇਆ। ਵੇਖਣਹਾਰਾ ਫਲ ਮਿਠਾ ਕੌੜ, ਲੱਖ ਚੁਰਾਸੀ ਫੋਲ ਫੁਲਾਇਆ। ਦਰਗਹਿ ਸਾਚੀ ਲਾਇਆ ਏਕਾ ਪੌੜ, ਏਕਾ ਡੰਡਾ ਹੱਥ ਫੜਾਇਆ। ਸੋ ਪੁਰਖ ਨਿਰੰਜਣ ਰਿਹਾ ਬੌਹੜ, ਆਪ ਆਪਣਾ ਕਰਮ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖੇ ਲਾਇਆ। ਲੇਖਾ ਲੇਖੇ ਜਾਏ ਲੱਗ, ਗੁਰ ਸਤਿਗੁਰ ਆਪ ਲਗਾਈਆ। ਦਰਸ ਵਖਾਏ ਸੂਰਾ ਸਰਬੰਗ, ਨੇਤਰ ਲੋਚਣ ਨੈਣ ਬਿਗਸਾਈਆ। ਨਿਰਗੁਣ ਜੋਤ ਦੀਪਕ ਗਿਆ ਜਗ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਲੱਖ ਚੁਰਾਸੀ ਲੱਗੀ ਅੱਗ, ਬਿਨ ਹਰਿ ਨਾ ਕੋਇ ਬੁਝਾਈਆ। ਤਨ ਨਾ ਦਿਸੇ ਕਿਸੇ ਤਗ, ਤਨ ਤੜਾਗ ਨਾ ਮਾਤ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖ ਵਖਾਏ ਸਰਬ ਲੋਕਾਈਆ। ਸਰਬ ਲੋਕਾਈ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਵਖਾਏ ਆਪਣਾ ਮੁਖ, ਮੁਖੜਾ ਅਲਖ ਸਲਾਹਿੰਦਾ। ਆਵਣ ਜਾਵਣ ਕੱਟੇ ਦੁੱਖ, ਘਰ ਸਾਚਾ ਇਕ ਸੁਹਾਇੰਦਾ। ਨਾ ਮਾਨਸ ਨਾ ਦਿਸੇ ਮਾਨੁਖ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸੰਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਬਾਲ ਅੰਞਾਣ ਗੋਦ ਉਠਾਇੰਦਾ। ਸਤਿਗੁਰ ਬੂਟਾ ਨਾ ਜਾਏ ਸੁੱਕ, ਹਰਿਆ ਸਿੰਚ ਅੰਮ੍ਰਿਤ ਆਪ ਕਰਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਰੂਪ ਸ਼ਾਹੋ ਰੂਪ ਸਿੰਘ ਸ਼ੇਰ ਸ਼ੇਰ ਰਿਹਾ ਬੁੱਕ, ਕਲਜੁਗ ਢੋਂਗ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਰੱਖ, ਆਪੇ ਕੀਮਤ ਪਾਏ ਲੱਖ, ਲੱਖੋਂ ਕੱਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਤਰਾਇੰਦਾ। ਹਰਿਜਨ ਉਤਰੇ ਪਾਰ ਕਿਨਾਰਾ, ਗੁਰ ਸਤਿਗੁਰ ਆਪ ਕਰਾਈਆ। ਨਾਮ ਚੱਪੂ ਸਚ ਸਹਾਰਾ, ਹਰਿ ਸਾਚਾ ਆਪੇ ਲਾਈਆ। ਖੇਵਟ ਖੇਟਾ ਕਰ ਪਿਆਰਾ, ਕਾਇਆ ਬੇੜਾ ਰਿਹਾ ਚਲਾਈਆ। ਪਾਰਬ੍ਰਹਮ ਬ੍ਰਹਮ ਸੁੱਤ ਦੁਲਾਰਾ, ਆਪ ਆਪਣਾ ਮੇਲ ਮਿਲਾਈਆ। ਦਰ ਘਰ ਵੇਖੇ ਧਾਮ ਨਿਆਰਾ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਰ ਪਾਰਾ, ਜਨ ਭਗਤਾਂ ਦੇਵੇ ਚਰਨ ਸਹਾਰਾ, ਕਲਜੁਗ ਤੇਰੀ ਅੰਤਮ ਵਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ।