Granth 08 Likhat 032: 3 Faggan 2015 Bikarmi Baldev Singh de Ghar Dayea hoi Pind Mahal Amritsar

੩ ਫੱਗਣ ੨੦੧੫ ਬਿਕ੍ਰਮੀ ਬਲਦੇਵ ਸਿੰਘ ਦੇ ਘਰ ਦਇਆ ਹੋਈ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਨਿਰਗੁਣ ਰੂਪ ਸ੍ਰੀ ਭਗਵਾਨਾ, ਆਦਿ ਪੁਰਖ ਅਖਵਾਇੰਦਾ। ਆਦਿ ਨਿਰੰਜਣ ਖੇਲ ਮਹਾਨਾ, ਹਰਿ ਆਪਣਾ ਆਪ ਕਰਾਇੰਦਾ। ਖੇਲੇ ਖੇਲ ਦੋ ਜਹਾਨਾਂ, ਆਦਿ ਜੁਗਾਦਿ ਭੇਵ ਨਾ ਆਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸ਼ਬਦ ਅਨਾਦੀ ਇਕ ਤਰਾਨਾ, ਏਕਾ ਧੁਨ ਰਖਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਸਚ ਸਿੰਘਾਸਣ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸਾਚਾ ਤਖ਼ਤ ਤਾਜ ਸੁਹਾਇੰਦਾ। ਆਪੇ ਜਾਣੇ ਆਪਣਾ ਧੁਰ ਫ਼ਰਮਾਣਾ, ਆਪੇ ਹੁਕਮ ਚਲਾਇੰਦਾ। ਰਵ ਸਸ ਜੋਤ ਮਹਾਨਾ, ਨਿਰਗੁਣ ਆਪਣੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਨਿਰਗੁਣ ਧਾਰ ਏਕਉਂਕਾਰ, ਆਪਣੀ ਆਪ ਚਲਾਈਆ। ਇਕ ਅਕੱਲਾ ਭੇਵ ਅਪਾਰ, ਲੇਖਾ ਲਿਖਤ ਨਾ ਕੋਇ ਲਿਖਾਈਆ। ਅਲਖ ਅਗੋਚਰ ਅਗੰਮ ਅਪਾਰ, ਬੇਪਰਵਾਹ ਆਪ ਅਖਵਾਈਆ। ਥਿਰ ਘਰ ਬੈਠਾ ਸਚ ਦਰਬਾਰ, ਸਚ ਸਿੰਘਾਸਣ ਆਸਣ ਲਾਈਆ। ਨਿਰਮਲ ਜੋਤੀ ਕਰ ਉਜਿਆਰ, ਇਕ ਪਰਕਾਸ਼ ਰਖਾਈਆ। ਕਮਲਾਪਾਤੀ ਮੀਤ ਮੁਰਾਰ, ਪਾਰਬ੍ਰਹਮ ਵੱਡੀ ਵਡਿਆਈਆ। ਸਤਿ ਸਰੂਪੀ ਸਾਚੀ ਕਾਰ, ਹਰਿ ਸਾਚਾ ਆਪ ਕਰਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਬੇਪਰਵਾਹੀਆ। ਆਦਿ ਜੁਗਾਦਿ ਹਰਿ ਭਗਵੰਤ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਆਪੇ ਮਹਿਮਾ ਜਾਣੇ ਅਗਣਤ, ਲੇਖਾ ਗਣਤ ਨਾ ਕੋਇ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਰੂਪ ਹਰਿ ਸੁਲਤਾਨ, ਏਕਾ ਏਕ ਮਿਹਰਵਾਨਿਆ। ਆਪੇ ਵੇਖੇ ਸਚ ਨਿਸ਼ਾਨ, ਆਪ ਝੁਲਾਏ ਦੋ ਜਹਾਨਿਆ। ਆਪ ਉਪਾਏ ਦਯਾ ਕਮਾਏ ਆਪੇ ਰੱਖੇ ਆਪਣੀ ਆਣ, ਆਪੇ ਹੋਏ ਜਾਣੀ ਜਾਣਿਆ। ਆਪੇ ਵਿਸ਼ਨ ਬ੍ਰਹਮਾ ਕਰ ਪਰਧਾਨ, ਸੇਵਕ ਲਾਏ ਨੌਜਵਾਨਿਆ। ਆਪੇ ਸ਼ੰਕਰ ਸ਼ਿਵ ਦੇਵੇ ਦਾਨ, ਰੂਪ ਅਨੂਪ ਆਪ ਦਰਸਾਨਿਆ। ਆਪੇ ਗਗਨ ਮੰਡਲ ਬੈਠ ਮਕਾਨ, ਗਗਨ ਗਗਨੰਤਰ ਵੇਖ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਮਹਾਨਿਆ। ਆਦਿ ਜੁਗਾਦਿ ਕਰਨੇਹਾਰਾ, ਕਰਤਾ ਕਰਨੀ ਕਮਾਈਆ। ਦੂਜਾ ਨਾ ਕੋਈ ਪਾਵੇ ਸਾਰਾ, ਦਿਸ ਕਿਸੇ ਨਾ ਆਈਆ। ਉਚ ਮਹੱਲ ਅਟੱਲ ਮੁਨਾਰਾ, ਪ੍ਰਭ ਬੈਠਾ ਆਸਣ ਲਾਈਆ। ਨਿਰਗੁਣ ਨੂਰ ਨੂਰ ਉਜਿਆਰਾ, ਏਕਾ ਏਕ ਅਖਵਾਈਆ। ਨਾ ਕੋਈ ਦੂਸਰ ਮੀਤ ਮੁਰਾਰਾ, ਨਾ ਕੋਈ ਸੰਗ ਰਖਾਈਆ। ਆਪ ਆਪਣਾ ਕਰ ਪਸਾਰਾ, ਨਿਰਾਕਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਬੇਪਰਵਾਹੀਆ। ਆਦਿ ਸ਼ਕਤ ਨੂਰ ਉਜਾਲਾ, ਹਰਿ ਨੂਰੋ ਨੂਰ ਉਪਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦੀਨਾਂ ਨਾਥ ਆਪ ਅਖਵਾਇੰਦਾ। ਕਰੇ ਕਰਾਏ ਆਪ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਰਖਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਸੁੱਤੇ ਪਰਕਾਸ਼, ਆਪਣਾ ਆਪ ਰਖਾਈਆ। ਆਪੇ ਵੇਖੇ ਖੇਲ ਤਮਾਸ਼, ਖੇਲ ਖਿਲੰਤਾ ਨਾਉਂ ਧਰਾਈਆ। ਮੰਡਲ ਮੰਡਪ ਪਾਵੇ ਰਾਸ, ਲੋਆਂ ਪੁਰੀਆਂ ਫੇਰਾ ਪਾਈਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਜਲ ਥਲ ਮਹੀਅਲ ਰੂਪ ਵਟਾਈਆ। ਆਦਿ ਅੰਤ ਨਾ ਹੋਏ ਵਿਨਾਸ, ਨਾ ਮਰੇ ਨਾ ਜਾਈਆ। ਏਕਾ ਹਰਿ ਸ਼ਾਹੋ ਸ਼ਾਬਾਸ਼, ਸ਼ਾਹੋ ਭੂਪ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਹਰਿ ਹਰਿ ਨੂਰ, ਆਪਣਾ ਆਪ ਉਪਾਈਆ। ਸਰਬ ਕਲ ਆਪੇ ਭਰਪੂਰ, ਅਕਲ ਕਲ ਵਡਿਆਈਆ। ਆਪੇ ਵਸੇ ਨੇੜੇ ਦੂਰ, ਦੂਰ ਨੇੜਾ ਨਾ ਕੋਇ ਜਣਾਈਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਹਰਿ ਦਰ ਬੈਠਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਵੱਛ ਸਰੂਪ ਆਪ ਹੋ ਜਾਈਆ। ਪਾਰਬ੍ਰਹਮ ਪੁਰਖ ਆਦੇਸਾ, ਏਕਾ ਵੇਸ ਸੁਹਾਇੰਦਾ। ਨਿਰਗੁਣ ਜੋਤ ਜੁਗ ਜੁਗ ਵੇਸਾ, ਲੋਕਮਾਤ ਰਖਾਇੰਦਾ। ਦੇਵਣਹਾਰਾ ਸਚ ਸੰਦੇਸਾ, ਸ਼ਬਦੀ ਡੰਕ ਵਜਾਇੰਦਾ। ਨਰ ਨਰਾਇਣ ਨਰ ਨਰੇਸ਼ਾ, ਨਿਰਗੁਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਤ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਅਲਖ ਅਭੇਵਾ, ਏਕਾ ਏਕ ਅਖਵਾਈਆ। ਆਪੇ ਹੋਏ ਵਡ ਦੇਵੀ ਦੇਵਾ, ਵਾਸਦੇਵ ਵੱਡੀ ਵਡਿਆਈਆ। ਆਪੇ ਜਾਣੇ ਆਪਣੀ ਸੇਵਾ, ਜੁਗ ਜੁਗ ਕਰਤਾ ਆਪ ਕਰਾਈਆ। ਆਪ ਉਪਾਏ ਆਪਣਾ ਮੇਵਾ, ਅੰਮ੍ਰਿਤ ਫਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਰਚਨਹਾਰ ਪੁਰਖ ਸਮਰਥ, ਅਕਲ ਕਲਾ ਕਲਧਾਰੀਆ। ਆਪੇ ਜਾਣੇ ਆਪਣੀ ਤ੍ਰੈਗੁਣ ਵੱਥ, ਤ੍ਰੈ ਤ੍ਰੈ ਮੇਲ ਅਪਾਰੀਆ। ਆਪੇ ਪੰਜ ਤੱਤ ਚਲਾਏ ਰਥ, ਪਾਰਬ੍ਰਹਮ ਸੱਚਾ ਸਿਕਦਾਰੀਆ। ਆਪੇ ਜਾਣੇ ਮਹਿਮਾ ਅਕਥਨੀ ਅਕਥ, ਲੇਖਾ ਲਿਖੇ ਅਪਰ ਅਪਾਰੀਆ। ਆਪੇ ਜਾਣੇ ਨਾਮ ਗਾਥ, ਦੇਵਣਹਾਰ ਜਗਤ ਭੰਡਾਰੀਆ। ਆਪੇ ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਨ ਗੁਰ ਆਪ ਅਵਤਾਰੀਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਵਸੇ ਸਾਥ, ਗੁਰ ਕਿਰਪਾ ਖੇਲ ਅਪਾਰੀਆ। ਆਪੇ ਮੰਤਰ ਨਾਮ ਪੂਜਾ ਪਾਠ, ਚਾਰੇ ਵੇਦ ਆਪ ਲਖਾਰੀਆ। ਆਪੇ ਸਰ ਸਰੋਵਰ ਮਾਰੇ ਠਾਠ, ਆਪੇ ਅੰਮ੍ਰਿਤ ਭਰੇ ਭੰਡਾਰੀਆ। ਆਪੇ ਤੀਰਥ ਆਪੇ ਤਾਟ, ਤਟ ਤੀਰਥ ਆਪ ਸੁਹਾ ਰਿਹਾ। ਆਪੇ ਚੜ੍ਹੇ ਔਖੇ ਘਾਟ, ਆਪੇ ਪੰਧ ਮੁਕਾ ਰਿਹਾ। ਆਪੇ ਖੇਲੇ ਖੇਲ ਨਟੂਆ ਨਾਟ, ਸਵਾਂਗੀ ਸਵਾਂਗ ਆਪ ਰਚਾ ਰਿਹਾ। ਆਪੇ ਵੇਖੇ ਚੌਦਾਂ ਹਾਟ, ਦਰ ਦਰਬਾਨ ਆਪ ਅਖਵਾ ਰਿਹਾ। ਆਪੇ ਨਿਰਗੁਣ ਜੋਤੀ ਨੂਰ ਲਲਾਟ, ਜੋਤ ਨਿਰੰਜਣ ਡਗਮਗਾ ਰਿਹਾ। ਆਪੇ ਨੇੜੇ ਜਾਣੇ ਆਪਣੀ ਵਾਟ, ਦੂਰ ਦੁਰਾਡਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਕਰ, ਵੇਸ ਅਵੱਲਾ ਇਕ ਰਖਾ ਰਿਹਾ। ਹਰਿ ਹਰਿ ਵੇਸ ਜਗ ਅਵੱਲਾ, ਆਪਣੀ ਬਣਤ ਬਣਾਇੰਦਾ। ਧੁਰ ਦਰਗਾਹੀ ਇਕ ਅਕੱਲਾ, ਕਲ ਧਾਰ ਨਾਉਂ ਵਟਾਇੰਦਾ। ਆਪ ਹੋਏ ਅਛਲ ਅਛੱਲਾ, ਅਛਲ ਅਛੱਲ ਵਖਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜਾਂ ਡੇਰਾ ਲਾਇੰਦਾ। ਆਪਣੀ ਜੋਤ ਆਪੇ ਰਲਾ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਸੰਗ ਰਖਾਇੰਦਾ। ਨਿਰਗੁਣ ਸ਼ਬਦ ਨਿਰਗੁਣ ਰੰਗ, ਨਿਰਗੁਣ ਸੰਗ ਰਖਾਈਆ। ਸਤਿ ਸਰੂਪੀ ਬੈਠ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਸ਼ਬਦ ਨਗਾਰਾ ਵੱਜੇ ਸਚ ਮਰਦੰਗ, ਹਰਿ ਸਾਚਾ ਆਪ ਵਜਾਈਆ। ਵਸਣਹਾਰਾ ਜੇਰਜ ਅੰਡ, ਉਤਭੁਜ ਸੇਤਜ ਰਿਹਾ ਸਮਾਈਆ। ਆਪੇ ਸੁੱਤਾ ਦੇ ਕਰ ਕੰਡ, ਆਪੇ ਮੁਖ ਭੁਵਾਈਆ। ਆਪੇ ਆਪਣੀਆਂ ਵੰਡਾਂ ਰਿਹਾ ਵੰਡ, ਸੰਤ ਸੁਹੇਲੇ ਲਏ ਉਠਾਈਆ। ਆਪੇ ਖੇਲੇ ਖੇਲ ਭੇਖ ਪਖੰਡ, ਆਪੇ ਭਗਤਨ ਮੀਤ ਹੋ ਜਾਈਆ। ਆਪੇ ਵਸਣਹਾਰਾ ਵਿਚ ਬ੍ਰਹਿਮੰਡ, ਜੀਓ ਪਿੰਡ ਆਪ ਅਖਵਾਈਆ। ਆਪੇ ਹੋਏ ਨਾਰ ਸੁਹਾਗਣ ਆਪੇ ਦੀਸੇ ਰੰਡ, ਕੰਤ ਕੰਤੂਹਲਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਿਰਗੁਣ ਜੋਤ ਹਰਿ ਮਿਹਰਵਾਨ, ਏਕਾ ਏਕ ਅਖਵਾਈਆ। ਭਗਤ ਵਛਲ ਸ੍ਰੀ ਭਗਵਾਨ, ਜੁਗ ਕਰਤਾ ਵਡ ਵਡਿਆਈਆ। ਹਰਿਜਨ ਦੇਵੇ ਭਗਤੀ ਦਾਨ, ਆਤਮ ਬ੍ਰਹਮ ਜਣਾਈਆ। ਏਕਾ ਬ੍ਰਹਮ ਕਰ ਪਛਾਨ, ਏਕਾ ਵਿਚ ਸਮਾਈਆ। ਸੁਰਤੀ ਸ਼ਬਦ ਸ਼ਬਦ ਗਿਆਨ, ਹਰਿ ਸ਼ਬਦ ਕਰੇ ਪੜ੍ਹਾਈਆ। ਆਤਮ ਅੰਤਰ ਪੀਣ ਖਾਣ, ਅੰਮ੍ਰਿਤ ਆਤਮ ਇਕ ਵਖਾਈਆ। ਨੌ ਦਵਾਰੇ ਜਗਤ ਦੁਕਾਨ, ਜਗਤ ਵਾਸਨਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮੇਲਾ ਸਾਚੇ ਹਰਿ, ਹਰਿ ਸਾਚਾ ਆਪ ਕਰਾਈਆ। ਸਾਚਾ ਮੇਲਾ ਸਾਜਣ ਮੀਤ, ਹਰਿ ਸੱਜਣ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਪਤਿਤ ਪੁਨੀਤ, ਪਤਤ ਪਾਵਨ ਨਾਉਂ ਰਖਾਇੰਦਾ। ਸ਼ਬਦ ਸੁਣਾਏ ਸੁਹਾਗੀ ਗੀਤ, ਨਾਦ ਅਨਾਦੀ ਨਾਅਰਾ ਏਕਾ ਲਾਇੰਦਾ। ਨਾ ਕੋਈ ਗੁਰੂਦਵਾਰਾ ਮੰਦਰ ਮਸੀਤ, ਹਰ ਘਟ ਬੈਠਾ ਡਗਮਗਾਇੰਦਾ। ਆਪੇ ਜਾਣੇ ਆਪਣੀ ਰੀਤ, ਹਰਿਜਨ ਸੋਏ ਆਪ ਉਠਾਇੰਦਾ। ਚੇਤਨ ਵਸਿਆ ਸਦਾ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਗੁਰ ਅਵਤਾਰ, ਵੇਸ ਅਵੇਸਾ ਆਪ ਵਟਾਈਆ। ਲੋਕਮਾਤ ਹੋ ਉਜਿਆਰ, ਨਿਰਗੁਣ ਸਰਗੁਣ ਵਿਚ ਟਿਕਾਈਆ। ਸ਼ਬਦ ਵਿਚੋਲਾ ਅਪਰ ਅਪਾਰ, ਸਾਚਾ ਢੋਲਾ ਗਾਈਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਹੰ ਬ੍ਰਹਮ ਇਕ ਅਖਵਾਈਆ। ਆਪ ਆਪਣਾ ਕਰੇ ਪਿਆਰ, ਆਪ ਆਪਣੇ ਅੰਗ ਲਗਾਈਆ। ਦਾਤਾ ਦਾਨੀ ਸੂਰਾ ਸਰਬੰਗ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਆਪ ਵਸੇ ਅੰਗ ਸੰਗ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗ ਜੁਗ ਖੇਲ ਪਾਰਬ੍ਰਹਮ, ਹਰਿ ਵਡ ਵੱਡੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਜੂਨੀ ਰਹਿਤ ਆਪ ਅਖਵਾਈਆ। ਅਕਾਲ ਮੂਰਤ ਨਾ ਹੋਏ ਭੰਗ, ਮਾਤ ਪਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਸੁਹਾਨਾ, ਸਾਚੀ ਵੱਜੀ ਵਧਾਈਆ। ਸਾਚਾ ਦੀਪਕ ਇਕ ਵਖਾਨਾ, ਨਿਰਮਲ ਨੂਰ ਕਰੇ ਰੁਸ਼ਨਾਈਆ। ਸਾਚਾ ਤਖ਼ਤ ਇਕ ਸੁਹਾਨਾ, ਨਾ ਕੋਈ ਬਾਢੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਆਦਿ ਜੁਗਾਦਿ ਵਡ ਵਡਿਆਈਆ। ਆਦਿ ਜੁਗਾਦੀ ਹਰਿ ਹਰਿ ਖੇਲਾ, ਲੱਖ ਚੁਰਾਸੀ ਵੇਖ ਵਖਾਈਆ। ਆਪੇ ਵਸੇ ਰੰਗ ਨਵੇਲਾ, ਆਪੇ ਘਟ ਘਟ ਰਿਹਾ ਸਮਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਮੰਤਰ ਨਾਮ ਆਪ ਦ੍ਰਿੜਾਈਆ। ਆਪੇ ਹੋਏ ਸੱਜਣ ਸੁਹੇਲਾ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ ਜੁਗਾ ਜੁਗੰਤ ਆਪਣੇ ਹੱਥ ਰੱਖੇ ਵਡਿਆਈਆ। ਜੁਗ ਕਰਤਾ ਹਰਿ ਕਰਨੇਹਾਰਾ, ਸਰਬ ਕਲਾ ਸਮਰਥ। ਆਪ ਆਪਣਾ ਕਰ ਪਸਾਰਾ, ਆਪ ਚਲਾਏ ਆਪਣਾ ਰਥ। ਆਪੇ ਜਾਣੇ ਆਪਣੀ ਧਾਰਾ, ਆਪ ਜਣਾਈ ਸ਼ਬਦ ਮਹਿਮਾ ਅਕਥ। ਆਪੇ ਪੁਰਖ ਆਪੇ ਨਾਰਾ, ਆਪੇ ਦੇਵੇ ਆਪਣੀ ਵੱਥ। ਆਪੇ ਭਗਤ ਆਪ ਭੰਡਾਰਾ, ਆਪੇ ਦੇ ਕਰ ਰੱਖੇ ਹੱਥ। ਆਪੇ ਵਣਜ ਆਪ ਵਣਜਾਰਾ, ਆਪੇ ਆਪਣੀ ਕਰੇ ਆਪ ਪਰਖ। ਆਪੇ ਕਰਨੀ ਕਰਤਾ ਬਣ ਸੰਸਾਰਾ, ਆਪੇ ਲੱਖ ਚੁਰਾਸੀ ਪਾਏ ਨੱਥ। ਆਪੇ ਜੀਵ ਜੰਤ ਦਏ ਆਧਾਰਾ, ਨਿਰਗੁਣ ਜੋਤੀ ਅੰਦਰ ਰੱਖ। ਆਪੇ ਬ੍ਰਹਮਾ ਵੇਤਾ ਸੇਵਾਦਾਰਾ, ਸੇਵਾ ਕਰੇ ਆਪ ਸਮਰਥ। ਆਪੇ ਵਿਸ਼ਨੂੰ ਵੰਸੀ ਬਣ ਵਰਤਾਰਾ, ਆਪੇ ਵਸਤੂ ਵਸਤ ਅੰਦਰ ਦੇਵੇ ਘੱਤ। ਆਪੇ ਸ਼ੰਕਰ ਸ਼ੰਕਰ ਬਣ ਸੰਘਾਰਾ, ਆਪੇ ਬਾਸ਼ਕ ਤਸ਼ਕਾ ਰਿਹਾ । ਆਪੇ ਸਾਂਗੋਂ ਪਾਂਗ ਕਰ ਪਿਆਰਾ, ਸੇਜਾ ਬਾਸ਼ਕ ਬੈਠਾ ਖਟ। ਆਪੇ ਲੋਕਮਾਤ ਲੈ ਅਵਤਾਰਾ, ਜੁਗ ਜੁਗ ਲਏ ਸਾਂਗ ਪਲਟ। ਆਪੇ ਭਗਤਨ ਮੀਤਾ ਭਗਤਨ ਕਰੇ ਪਿਆਰਾ, ਇਕ ਵਖਾਏ ਨਾਮ ਹੱਟ। ਆਪੇ ਵਸੇ ਪਾਰ ਕਿਨਾਰਾ, ਆਪੇ ਚੌਦਾਂ ਲੋਕਾਂ ਮੇਟੇ ਫਟ। ਆਪੇ ਤ੍ਰਿਲੋਕੀ ਨਾਥ ਅਨਾਥ ਆਧਾਰਾ, ਆਪ ਆਪਣਾ ਲਾਹਾ ਲਏ ਖੱਟ। ਆਪੇ ਨਾਮ ਨਾਮ ਹੋ ਜੈਕਾਰਾ, ਆਪੇ ਕਾਇਆ ਮੰਦਰ ਮਾਰੇ ਸੱਟ। ਆਪੇ ਤੀਰਥ ਤਟ ਬਣ ਕਿਨਾਰਾ, ਆਪੇ ਅੰਮ੍ਰਿਤ ਦੇਵੇ ਝੱਟ। ਆਪੇ ਜੰਗਲ ਜੂਹ ਬਣ ਪਹਾੜਾ, ਆਪੇ ਡੂੰਘੀ ਕੰਦਰ ਸੱਥਰ ਬੈਠਾ ਘਤ। ਆਪੇ ਰਵ ਸਸ ਸਤਾਰਾ, ਆਪੇ ਜੋਤੀ ਜਗੇ ਲਟ ਲਟ। ਆਪੇ ਲੋਆਂ ਪੁਰੀਆਂ ਬਣ ਸਹਾਰਾ, ਆਪੇ ਭਾਰ ਰਿਹਾ ਚੱਕ। ਆਪੇ ਧਰਤ ਧਵਲ ਕਰ ਪਸਾਰਾ, ਜਲ ਬਿੰਬ ਉਪਰ ਦੇਵੇ ਰੱਖ। ਆਪੇ ਲੱਖ ਚੁਰਾਸੀ ਕਰ ਉਜਿਆਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾਲ ਰਲਾਏ ਬੁਧ ਮਨ ਮਤ। ਆਪੇ ਖੋਲ੍ਹੇ ਨੌ ਦਵਾਰਾ, ਆਪੇ ਦਸਵਾਂ ਬੈਠਾ ਹਰਿ ਸਮਰਥ। ਹਰਿਜਨ ਮੇਲਾ ਵਿਚ ਸੰਸਾਰਾ, ਦੇਵੇ ਦਰਸ ਮਹਿਮਾਂ ਅਕੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਚਲਾਏ ਆਪਣਾ ਰਥ। ਰਥ ਰਥਵਾਹੀ ਪੁਰਖ ਬਿਧਾਤਾ, ਏਕਾ ਏਕ ਅਖਵਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਏਕਾ ਰੰਗ ਰੰਗਾਈਆ। ਦੇਵਣਹਾਰਾ ਸਾਚੀ ਦਾਤਾ, ਸਚ ਵਸਤ ਝੋਲੀ ਪਾਈਆ। ਆਪ ਉਪਾਏ ਆਪਣੀ ਗਾਥਾ, ਆਪੇ ਕਰੇ ਪੜ੍ਹਾਈਆ। ਸਤਿਜੁਗ ਤੇਰਾ ਸਾਚਾ ਸਾਥਾ, ਸੋਇਮ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਤਿਜੁਗ ਸਾਚਾ ਪਾਰ ਉਤਾਰਾ, ਹਰਿ ਸਾਚਾ ਵੇਖ ਵਖਾਇੰਦਾ। ਦੂਤਾਂ ਦੁਸ਼ਟਾਂ ਆਪ ਸੰਘਾਰਾ, ਹਰਿਜਨ ਸਾਚੇ ਆਪ ਤਰਾਇੰਦਾ। ਨਾਮ ਝੂਟਾ ਆਪ ਅਪਰ ਅਪਾਰਾ, ਨਰ ਨਿਰੰਕਾਰਾ ਆਪ ਉਪਾਇੰਦਾ। ਧਰੂ ਪ੍ਰਹਿਲਾਦਾ ਦਏ ਸਹਾਰਾ, ਹੰਕਾਰੀ ਦੁਸ਼ਟ ਖਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਵੇਸ ਵਟਾਇਆ, ਲੋਕਮਾਤ ਵੱਜੇ ਵਧਾਈਆ। ਤ੍ਰੇਤਾ ਤੇਰਾ ਭੇਖ ਵਟਾਇਆ, ਲੇਖਾ ਲਿਖਿਆ ਬੇਪਰਵਾਹੀਆ। ਬ੍ਰਹਮਾ ਵੇਤਾ ਸੇਵ ਕਮਾਇਆ, ਚਾਰੇ ਵੇਦਾਂ ਕਰੇ ਪੜ੍ਹਾਈਆ। ਸ਼ਾਮ ਰਿਗ ਖੇਲ ਖਲਾਇਆ, ਰਘੁਵੰਸਾ ਨਾਉਂ ਰਖਾਈਆ। ਤਿਰਿਆ ਤ੍ਰੇਤਾ ਮੇਲ ਮਿਲਾਇਆ, ਜਨਕ ਸਪੁਤਰੀ ਵਡ ਵਡਿਆਈਆ। ਲੰਕਾ ਗੜ੍ਹ ਦਏ ਤੁੜਾਇਆ, ਰਾਵਣ ਹੰਕਾਰੀ ਦਿਸ ਨਾ ਆਈਆ। ਗਰੀਬ ਨਿਮਾਣੇ ਗਲੇ ਲਗਾਇਆ, ਭੀਲਣੀ ਮੁਖ ਸੁਹਾਈਆ। ਪੁਰਖ ਅਬਿਨਾਸ਼ੀ ਖੇਲ ਖਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਧਰ, ਰਾਮ ਰਾਮ ਨਾਮ ਵਡਿਆਈਆ। ਰਾਮ ਨਾਮ ਸਚ ਸੁਲਤਾਨਾ, ਹਰਿ ਸਾਚੇ ਮਾਤ ਧਰਾਇਆ। ਹਰਿਜਨ ਮੇਲਾ ਗੁਣ ਨਿਧਾਨਾ, ਘਰ ਸਾਚਾ ਇਕ ਸੁਹਾਇਆ। ਆਪ ਚੁਕਾਏ ਆਵਣ ਜਾਣਾ, ਜਿਸ ਜਨ ਰਸਨਾ ਗਾਇਆ। ਦਰਗਹਿ ਸਾਚੀ ਸਾਚਾ ਮਾਣਾ, ਸਚ ਦਵਾਰਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਆਪ ਉਪਾਈਆ। ਦੁਆਪਰ ਤੇਰੀ ਪਾਵੇ ਸਾਰ, ਦੋਏ ਦੋਏ ਲੋਚਣ ਵੇਖ ਵਖਾਈਆ। ਵੇਦ ਵਿਆਸਾ ਕਰ ਪਿਆਰ, ਏਕਾ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਮੇਲ ਅਪਾਰ, ਮੇਲ ਮਿਲਾਵਾ ਸਾਚੇ ਮਾਹੀਆ। ਨਾਰਦ ਮੁਨ ਖੇਲ ਸੰਸਾਰ, ਸਗਲਾ ਸੰਗ ਨਿਭਾਈਆ। ਚਾਰ ਸਲੋਕ ਬ੍ਰਹਮਾ ਦਏ ਉਚਾਰ, ਬਾਰਾਂ ਅੱਖਰ ਨਾਮ ਪੜ੍ਹਾਈਆ। ਪੁਰਾਨ ਅਠਾਰਾਂ ਇਕ ਆਧਾਰ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਗਣਾਈਆ। ਕਾਹਨਾ ਕ੍ਰਿਸ਼ਨਾ ਆਪ ਕਰਤਾਰ, ਨਾਮ ਬੰਸਰੀ ਇਕ ਵਜਾਈਆ। ਸਖੀਆਂ ਮੇਲਾ ਮੀਤ ਮੁਰਾਰ, ਮੰਗਲਾਚਾਰ ਇਕ ਵਖਾਈਆ। ਬਣਿਆ ਗੋਲਾ ਵਿਚ ਸੰਸਾਰ, ਗਵਾਲਾ ਰੂਪ ਵਟਾਈਆ। ਅੰਤਮ ਤੋਲਾ ਤੋਲੇ ਆਪਣੇ ਕੰਡੇ ਧਾਰ, ਲੱਖ ਚੁਰਾਸੀ ਆਪ ਤੁਲਾਈਆ। ਭਗਤਨ ਮੀਤਾ ਕਰ ਪਿਆਰ, ਬਿਦਰ ਸੁਦਾਮਾਂ ਲਏ ਤਰਾਈਆ। ਲੱਜਿਆ ਰੱਖੇ ਵਿਚ ਦਰਬਾਰ, ਦਰੋਪਦ ਸੁੱਤ ਉਠਾਈਆ। ਤੋੜਨਹਾਰਾ ਗੜ੍ਹ ਹੰਕਾਰ, ਦੂਤੀ ਦੁਸ਼ਟ ਦਏ ਮਿਟਾਈਆ। ਪੰਜਾਂ ਬਖ਼ਸ਼ੇ ਇਕ ਪਿਆਰ, ਧਰਮ ਸੁੱਤ ਨਾਰ ਇਕ ਅਖਵਾਈਆ। ਰਥ ਰਥਵਾਹੀ ਸਾਚਾ ਯਾਰ, ਮਹਾਂਸਾਰਥੀ ਆਪ ਅਖਵਾਈਆ। ਦੇਵੇ ਨਾਮ ਸ਼ਬਦ ਗਿਆਨ, ਗੀਤਾ ਗੋਝ ਸੁਣਾਈਆ। ਅਠਾਰਾਂ ਧਿਆਏ ਕਰ ਪਰਧਾਨ, ਅਠਾਰਾਂ ਅਕਸ਼ੂਨੀਆਂ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਲਏ ਅੰਗੜਾਈਆ। ਲੋਕਮਾਤ ਕਰ ਪਸਾਰਾ, ਜੂਠ ਝੂਠ ਕਰੇ ਕੁੜਮਾਈਆ। ਮਾਇਆ ਮਮਤਾ ਵਣਜ ਵਪਾਰਾ, ਚਾਰੋਂ ਕੁੰਟ ਫਿਰਾਈਆ। ਹੋਏ ਦਰੋਹੀ ਚੌਂਹ ਯਾਰਾਂ, ਚਾਰ ਯਾਰੀ ਲਏ ਉਪਾਈਆ। ਈਸਾ ਮੂਸਾ ਏਕਾ ਨਾਅਰਾ, ਏਕਾ ਅਲਫ਼ ਸਿਖਾਈਆ। ਗਲ ਅਲਫ਼ੀ ਪਾਏ ਪਰਵਰਦਿਗਾਰਾ, ਕਾਲੀ ਚੋਲੀ ਇਕ ਸੁਹਾਈਆ। ਅੱਲਾ ਹੂ ਹੂ ਨਾਅਰਾ, ਅੱਲਾ ਹੂ ਹੂ ਵਿਚ ਸਮਾਈਆ। ਖ਼ਾਲਕ ਖ਼ਲਕ ਹੋ ਉਜਿਆਰਾ, ਆਪ ਆਪਣਾ ਰੰਗ ਵਟਾਈਆ। ਚੌਦਾਂ ਤਬਕਾਂ ਦਏ ਸਹਾਰਾ, ਜਲਵਾ ਨੂਰ ਇਲਾਹੀਆ। ਆਪੇ ਜਾਣੇ ਆਪਣੀ ਕਾਰਾ, ਭੇਵ ਕੋਇ ਨਾ ਪਾਈਆ। ਨਾਨਕ ਦਿਤਾ ਨਾਮ ਭੰਡਾਰਾ, ਲੋਕਮਾਤ ਵਰਤਾਈਆ। ਊਚਾਂ ਨੀਚਾਂ ਇਕ ਦਵਾਰਾ, ਰਾਓ ਰੰਕਾਂ ਇਕ ਸਰਨਾਈਆ। ਆਤਮ ਬ੍ਰਹਮ ਕਰੇ ਵਿਚਾਰਾ, ਬ੍ਰਹਮ ਬ੍ਰਹਮ ਬ੍ਰਹਮ ਨਜ਼ਰੀ ਆਈਆ। ਸ੍ਵਯੰ ਰੂਪ ਹਰਿ ਨਿਰੰਕਾਰਾ, ਨਿਰਗੁਣ ਜੋਤ ਇਕ ਰੁਸ਼ਨਾਈਆ । ਦੋਇਮ ਰੂਪ ਸ਼ਬਦ ਭੰਡਾਰਾ, ਹਰਿ ਸਾਚਾ ਆਪ ਵਰਤਾਈਆ। ਤੀਜਾ ਨੈਣ ਇਕ ਉਘਾੜਾ, ਹਰਿ ਸੰਤਨ ਮੇਲ ਮਿਲਾਈਆ। ਚੌਥਾ ਘਰ ਸਚ ਅਖਾੜਾ, ਹਰਿ ਸਾਚਾ ਰਿਹਾ ਵਖਾਈਆ। ਪੰਚਮ ਮੀਤਾ ਹਰਿ ਨਿਰੰਕਾਰਾ, ਪੰਚਮ ਮੋਹ ਚੁਕਾਈਆ। ਛੇਵਾਂ ਛੰਨ ਨਾ ਕੋਈ ਉਸਾਰਾ, ਸਚਖੰਡ ਬੈਠਾ ਆਸਣ ਲਾਈਆ। ਸੱਤਵਾਂ ਸਤਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅਟੱਲ ਮਹੱਲ ਉਚ ਮੁਨਾਰਾ, ਚਾਰ ਦੀਵਾਰ ਨਾ ਕੋਇ ਵਖਾਈਆ। ਏਕਾ ਬੈਠਾ ਏਕਉਂਕਾਰਾ, ਇਕ ਅਕੱਲਾ ਸਹਿਜ ਸੁਖਦਾਈਆ। ਜੁਗ ਜੁਗ ਪਾਵੇ ਲੋਕਮਾਤ ਸਾਰਾ, ਲੱਖ ਚੁਰਾਸੀ ਵੇਖ ਵਖਾਈਆ। ਭਰਮੇ ਭੁੱਲੇ ਜੀਵ ਗਵਾਰਾ, ਭਰਮੀ ਭਰਮ ਰਖਾਈਆ। ਮਨਮਤ ਹੋਏ ਨਾਰ ਵਿਭਚਾਰਾ, ਘਰ ਘਰ ਵੇਸ ਕਰਾਈਆ। ਗੁਰ ਕਾ ਨਾਮ ਨਾ ਰਸਨ ਉਚਾਰਾ, ਹਰਿ ਮੰਤਰ ਨਾ ਕੋਇ ਦ੍ਰਿੜਾਈਆ। ਘਰ ਘਰ ਝੂਠਾ ਝੂਠ ਪਸਾਰਾ, ਕਲਜੁਗ ਕੂਕੇ ਦਏ ਦੁਹਾਈਆ । ਨਾਨਕ ਗੋਬਿੰਦ ਇਕ ਜੈਕਾਰਾ, ਏਕਾ ਸਿਫ਼ਤ ਸਲਾਹੀਆ। ਵਰਨ ਬਰਨ ਨਾ ਕੋਇ ਵਿਹਾਰਾ, ਨਾ ਕੋਈ ਵੰਡ ਵੰਡਾਈਆ। ਸਾਚਾ ਮੰਦਰ ਗੁਰੂਦਵਾਰਾ, ਕਾਇਆ ਕਾਅਬਾ ਇਕ ਵਖਾਈਆ। ਨਿਰਮਲ ਜੋਤ ਜਗੇ ਅਪਾਰਾ, ਦਿਵਸ ਰੈਣ ਰਹੇ ਰੁਸ਼ਨਾਈਆ। ਆਤਮ ਧੁੰਨ ਸੱਚੀ ਧੁਨਕਾਰਾ, ਅਨਹਦ ਰਿਹਾ ਸੁਣਾਈਆ। ਪੰਚਮ ਸਖੀਆਂ ਗਾਇਣ ਵਾਰੋ ਵਾਰਾ, ਆਪ ਆਪਣਾ ਤਾਲ ਵਜਾਈਆ। ਜਨ ਭਗਤਾਂ ਅੰਮ੍ਰਿਤ ਦੇਵੇ ਠੰਡੀ ਠਾਰਾ, ਕਵਲ ਕਵਲਾ ਮੁਖ ਚਵਾਈਆ। ਆਪੇ ਤੋੜੇ ਬਜਰ ਕਿਵਾੜਾ, ਅਗਨੀ ਸਾੜਾ ਦਏ ਮਿਟਾਈਆ। ਕਰੇ ਪਰਕਾਸ਼ ਬਹੱਤਰ ਨਾੜਾ, ਹਰਿ ਸੱਜਣ ਸਹਿਜ ਸੁਭਾਈਆ। ਆਤਮ ਸੇਜਾ ਸਾਚੀ ਕਰ ਪਸਾਰਾ, ਚਤੁਰਭੁਜ ਬੈਠਾ ਰਾਹ ਤਕਾਈਆ। ਸੁਰਤੀ ਸ਼ਬਦੀ ਮੇਲਾ ਕੰਤ ਭਤਾਰਾ, ਨਾਰੀ ਨਾਰਾ ਵਿਚ ਸਮਾਈਆ। ਨਰ ਨਰਾਇਣ ਇਕ ਆਧਾਰਾ, ਏਕਾ ਅੰਕ ਲਗਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਬੂਝ ਬੁਝਾਈਆ। ਕਲਜੁਗ ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਹਉਮੇ ਗੂੜ੍ਹੀ ਨੀਂਦ ਸਵਾਈਆ। ਗ੍ਰੰਥੀ ਪੰਥੀ ਕਰਨ ਵਿਚਾਰਾ, ਗਾ ਗਾ ਥੱਕੇ ਕਰਨ ਪੜ੍ਹਾਈਆ। ਅੰਜੀਲ ਕੁਰਾਨ ਲਾਇਨ ਨਾਅਰਾ, ਐਨਲਹੱਕ ਨਾ ਵੇਖ ਵਖਾਈਆ। ਪੰਡਤ ਪਾਂਧੇ ਬੋਲ ਜੈਕਾਰਾ, ਜੀਵਾਂ ਜੰਤਾਂ ਰਹੇ ਸੁਣਾਈਆ। ਕਲਜੁਗ ਭੁਲਿਆ ਸਰਬ ਸੰਸਾਰਾ, ਹਰਿ ਕੀ ਗਤ ਕੋਇ ਨਾ ਪਾਈਆ। ਵੇਦ ਵਿਆਸਾ ਬਣ ਲਿਖਾਰਾ, ਏਕਾ ਲੇਖਾ ਗਿਆ ਸਮਝਾਈਆ। ਕਲਜੁਗ ਆਯੂ ਚਾਰ ਲੱਖ ਬੱਤੀ ਹਜ਼ਾਰਾ, ਬੱਤੀ ਦੰਦੀ ਆਪੇ ਗਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਜੋਤ ਨੂਰ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਮਾਰੇ ਮਾਰਾ, ਕਰਮ ਕੁਕਰਮਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਕਰਨਹਾਰ ਪੁਰਖ ਸਮਰਥ ਅਕਲ ਕਲ ਧਾਰ, ਨਰ ਨਿਰੰਕਾਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਏਕ ਆਪ ਅਖਵਾਈਆ।