Granth 07 Likhat 098: 21 Kattak 2015 Bikarmi Harbans Singh de Ghar Kirki Puna

੨੧ ਕੱਤਕ ੨੦੧੫ ਬਿਕਰਮੀ ਹਰਬੰਸ ਸਿੰਘ ਦੇ ਘਰ ਕਿਰਕੀ ਪੂਨਾ

ਨਾਮ ਦਾਨ ਹਰਿ ਭੰਡਾਰ, ਜੁਗ ਜੁਗ ਆਪ ਵਰਤਾਇੰਦਾ। ਹਰਿਜਨ ਦੇਵੇ ਕਰ ਪਿਆਰ, ਵਰਨ ਬਰਨ ਨਾ ਕੋਈ ਰਖਾਇੰਦਾ। ਚਰਨ ਕਵਲ ਜਗਤ ਅਧਾਰ, ਨਾਤਾ ਬਿਧਾਤਾ ਆਪ ਬੰਧਾਇੰਦਾ। ਭਵ ਸਾਗਰ ਕਰਣਹਾਰਾ ਪਾਰ, ਆਪ ਆਪਣਾ ਮੇਲ ਮਿਲਾਇੰਦਾ। ਕਾਇਆ ਗਾਗਰ ਜੋਤ ਉਜਿਆਰ, ਨਿਰਗੁਣ ਰੂਪ ਦਰਸਾਇੰਦਾ । ਸ਼ਬਦ ਖੜਗ ਖੰਡਾ ਤੇਜ ਕਟਾਰ, ਸਚ ਗਾਤਰੇ ਆਪ ਲਟਕਾਇੰਦਾ। ਅੱਠੇ ਪਹਿਰ ਖ਼ਬਰਦਾਰ, ਦਿਵਸ ਰੈਣ ਆਪ ਜਗਾਇੰਦਾ। ਪੰਚ ਵਿਕਾਰਾ ਮਾਰੇ ਮਾਰ, ਹਉਮੇ ਹੰਗਤਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਇਆ ਕਮਾਏ ਦੀਨ ਦਿਆਲਾ, ਹਰਿ ਹਰਿ ਆਪ ਅਖਵਾਇਆ। ਭਗਤ ਵਛਲ ਜਗਤ ਕਿਰਪਾਲਾ, ਭਗਤ ਭਗਵੰਤਾ ਵੇਖ ਵਖਾਇਆ। ਤੋੜਣਹਾਰਾ ਜਗਤ ਜੰਜਾਲਾ, ਜੀਵਣ ਦਾਤਾ ਜੀਵਾਂ ਜੰਤਾਂ ਲਏ ਤਰਾਇਆ। ਦੇਵੇ ਨਾਮ ਸੱਚਾ ਧਨ ਮਾਲਾ, ਸਾਚੀ ਸ਼ਕਤੀ ਤਨ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗਾਏ ਸ਼ਾਹ ਕੰਗਾਲਾ, ਭੇਵ ਨਾ ਰਾਇਆ। ਸ਼ਾਹ ਕੰਗਾਲਾ ਗਹਿਰ ਗੰਭੀਰ, ਹਰਿ ਹਰਿ ਆਪ ਸੁਹਾਇੰਦਾ। ਜਨ ਭਗਤਾਂ ਕਰੇ ਸਾਂਤ ਸਰੀਰ, ਅੰਮ੍ਰਿਤ ਆਤਮ ਮੁਖ ਚੁਆਇੰਦਾ। ਹਉਮੇ ਹੰਗਤਾ ਕੱਢੇ ਪੀੜ, ਹਉਮੇ ਹੰਗਤਾ ਮੇਟ ਮਿਟਾਇੰਦਾ। ਬਜ਼ਰ ਕਪਾਟੀ ਪਰਦਾ ਚੀਰ, ਆਪ ਆਪਣਾ ਮੁਖ ਦਰਸਾਇੰਦਾ। ਸ਼ਾਹ ਸੁਲਤਾਨਾ ਸੱਚਾ ਪੀਰ, ਪੀਰ ਪੀਰਾਂ ਆਪ ਅਖਵਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਕੀਟ ਕੀਟਾਂ ਡੇਰਾ ਲਾਇੰਦਾ। ਨਾ ਕੋਈ ਦੇਹੁਰਾ ਮੰਦਰ ਮਸੀਤ, ਕਾਇਆ ਮੰਦਰ ਅੰਦਰ ਵੇਖ ਵਖਾਇੰਦਾ। ਜਿਸ ਜਨ ਸਾਜਣ ਰੱਖਿਆ ਚੀਤ, ਸਵਛ ਸਰੂਪ ਦਰਸ ਦਖਾਇੰਦਾ। ਜੁਗ ਜੁਗ ਚਲੇ ਅਵੱਲੜੀ ਰੀਤ, ਆਦਿ ਜੁਗਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲਾ ਲਏ ਵਰ, ਚਰਨ ਪ੍ਰੀਤ ਇਕ ਰਖਾਇੰਦਾ। ਚਰਨ ਪ੍ਰੀਤੀ ਨਾਤਾ ਜੋੜ, ਆਪਣੀ ਦਇਆ ਕਮਾਇੰਦਾ। ਜਗਤ ਜੰਜਾਲਾ ਦੇਵੇ ਤੋੜ, ਏਕਾ ਨਾਮ ਜਪਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਲੋਆਂ ਪੁਰੀਆਂ ਬਾਹਰ ਕਰਾਇੰਦਾ। ਪੁਰਖ ਅਗੰਮਾ ਆਪੇ ਬੌਹੜ, ਆਪ ਆਪਣਾ ਮੇਲ ਮਿਲਾਇੰਦਾ। ਵੇਖੇ ਪਰਖੇ ਮਿੱਠਾ ਕੌੜ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਦਰ, ਕਰ ਕਿਰਪਾ ਭੇਵ ਖੁਲ੍ਹਾਇੰਦਾ। ਖੋਲ੍ਹੇ ਭੇਵ ਦਰ ਦਰਵੇਸ਼, ਆਪ ਆਪਣੀ ਕਲ ਧਾਰੀਆ। ਨਿਰਗੁਣ ਜੋਤੀ ਕਰ ਕਰ ਵੇਸ, ਖੇਲੇ ਖੇਲ ਅਗੰਮ ਅਪਾਰੀਆ। ਆਪੇ ਵਸਿਆ ਆਪਣੇ ਦੇਸ, ਆਪ ਸੁਹਾਏ ਬੰਕ ਦਵਾਰਿਆ। ਆਪੇ ਜੋਧਾ ਦਾਤਾ ਸੂਰਬੀਰ ਨਰ ਨਰੇਸ਼, ਨਰ ਨਰਾਇਣ ਆਪ ਅਖਵਾ ਰਿਹਾ। ਆਪੇ ਨਿਰਗੁਣ ਜੋਤੀ ਦਸ ਦਸਮੇਸ਼, ਆਪ ਆਪਣੀ ਕਲ ਵਰਤਾ ਰਿਹਾ। ਆਪੇ ਵੇਖੇ ਵੇਖਣਹਾਰਾ ਧਾਰੀ ਕੇਸ, ਮੂੰਡ ਮੁੰਡਾਏ ਆਪ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਵੇਖੇ ਘਰ ਘਰ ਸੁਹੰਜਣਾ ਇਕ ਸੁਹਾ ਰਿਹਾ। ਸੁਹੰਜਣਾ ਘਰ ਹਰਿ ਗੋਬਿੰਦ, ਏਕਾ ਏਕ ਰਖਾਇਆ। ਏਕਾ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰਹਿਣ ਨਾ ਪਾਇਆ। ਗੁਰਮੁਖ ਉਪਜਾਏ ਸਾਚੀ ਬਿੰਦ, ਆਪ ਆਪਣਾ ਮੂਲ ਚੁਕਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਾਗਰ ਸਿੰਧ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰ ਵੇਸ ਵਟਾਇਆ। ਗੁਰ ਗੁਰ ਵੇਸ ਗੁਰ ਗੁਰ ਦਾਨਾ, ਗੁਰ ਗੁਰ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਵੇਖ ਵਖਾਏ ਲੋਕ ਤੀਨਾਂ, ਸ੍ਰਿਸ਼ਟ ਸਬਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਲੇਖ ਲਿਖਾਈਆ। ਲੱਖ ਚੁਰਾਸੀ ਜੋਤ ਉਜਿਆਰ, ਦੀਵਾ ਬਾਤੀ ਆਪ ਜਗਾਈਆ। ਆਪੇ ਕਰੇ ਅੰਧ ਅੰਧਿਆਰ, ਅਗਿਆਨ ਅੰਧੇਰ ਮਿਟਾਈਆ। ਆਪੇ ਮੇਲ ਮਿਲਾਏ ਮੇਲਣਹਾਰ, ਮੇਲ ਵਿਛੋੜਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਤਰਾਈਆ। ਤਾਰਨਹਾਰ ਪੁਰਖ ਅਕਾਲ, ਏਕਾ ਏਕੰਕਾਰਿਆ। ਗੁਰਮੁਖ ਵੇਖੇ ਕਾਇਆ ਮੰਦਰ ਧਰਮਸਾਲ, ਸਚ ਦਵਾਰਾ ਇਕ ਸੁਹਾ ਲਿਆ। ਅੰਦਰ ਮੰਦਰ ਬੈਠਾ ਦੀਨ ਦਿਆਲ, ਦਿਵਸ ਰੈਣ ਪਾਵੇ ਸਾਰਿਆ। ਜੋਤ ਨਿਰੰਜਣ ਦੀਪਕ ਬਾਲ, ਦਹਿ ਦਿਸ਼ਾ ਵੇਖ ਵਖਾ ਲਿਆ। ਅਨਹਦ ਵਜਾਏ ਸਾਚਾ ਢੋਲ, ਗੁਰਮੁਖ ਸੋਇਆ ਆਪ ਉਠਾ ਲਿਆ। ਨਾਮ ਰਤਨ ਗਲ ਪਾਏ ਹਾਰ, ਫੂਲਣ ਬਰਖ਼ਾ ਏਕਾ ਲਾ ਲਿਆ। ਸ਼ਬਦ ਵਿਚੋਲਾ ਬਣ ਦਲਾਲ, ਆਪਣਾ ਮਾਰਗ ਆਪ ਵਖਾ ਲਿਆ। ਨੇੜ ਨਾ ਆਏ ਕਾਲ ਮਹਾਂਕਾਲ, ਧਰਮ ਰਾਏ ਮੁਖ ਛੁਪਾ ਲਿਆ। ਚਿਤਰ ਗੁਪਤ ਦਰ ਬਹਾਲ, ਲਾੜੀ ਮੌਤ ਨਾ ਫੇਰਾ ਪਾ ਲਿਆ। ਸਤਿਗੁਰ ਪੂਰਾ ਲਏ ਸੰਭਾਲ, ਅੰਤਮ ਆਪਣੀ ਗੋਦ ਉਠਾ ਲਿਆ। ਲੱਖ ਚੁਰਾਸੀ ਤੋੜ ਜੰਜਾਲ, ਆਵਣ ਜਾਵਣ ਪੰਧ ਮੁਕਾ ਲਿਆ। ਦੋ ਜਹਾਨਾਂ ਬਣ ਰਖਵਾਲ, ਗੁਰਮੁਖ ਸਾਜਣ ਮੇਲ ਮਿਲਾ ਲਿਆ। ਸੁਹਾਏ ਬੰਕ ਕਾਇਆ ਧਰਮ ਸੱਚੀ ਧਰਮਸਾਲ, ਅਬਿਨਾਸ਼ੀ ਕਰਤੇ ਡੇਰਾ ਲਾ ਲਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲਾ ਆਪਣੇ ਦਰ, ਦਰ ਸਾਚਾ ਇਕ ਸੁਹਾ ਲਿਆ। ਸਾਚਾ ਦਰ ਹਰਿ ਭਗਵਾਨ, ਏਕਾ ਏਕ ਰਖਾਈਆ। ਆਦਿ ਜੁਗਾਦੀ ਇਕ ਨਿਸ਼ਾਨ, ਏਕਾ ਰਿਹਾ ਝੁਲਾਈਆ। ਖੇਲੇ ਖੇਲ ਦੋ ਜਹਾਨ, ਪੁਰੀਆਂ ਲੋਆਂ ਆਪ ਸਮਾਈਆ। ਲੱਖ ਚੁਰਾਸੀ ਮਿਹਰਬਾਨ, ਜੀਆ ਦਾਨ ਝੋਲੀ ਪਾਈਆ। ਸੰਤ ਕੰਤ ਕਰ ਪਰਵਾਨ, ਆਦਿ ਅੰਤ ਮੇਲ ਮਿਲਾਈਆ। ਜੀਵ ਜੰਤ ਜਗਤ ਨਿਦਾਨ, ਸ਼ਬਦ ਹਲੂਣੇ ਰਿਹਾ ਉਠਾਈਆ। ਗੁਰਮੁਖ ਸਾਚੇ ਕਾਇਆ ਚੋਲੀ ਰੰਗੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਮਣੀਆਂ ਮੰਤ, ਮਨ ਮਨੂਆ ਬੰਦ ਬੰਧਾਈਆ। ਮਨੂਆ ਬੰਧੇ ਸ਼ਬਦ ਡੋਰ, ਗੁਰ ਪੂਰੇ ਹੱਥ ਵਡਿਆਈਆ। ਲਹਿਣਾ ਦੇਣਾ ਚੁਕਾਏ ਪੰਚਮ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ । ਅਨਹਦ ਰਾਗ ਸੁਣਾਏ ਸਾਚੀ ਘਨਘੋਰ, ਦਿਵਸ ਰੈਣ ਸ਼ਨਵਾਈਆ। ਆਪਣੇ ਸੰਗ ਆਪੇ ਲਏ ਤੋਰ, ਨਾਮ ਪੱਲਾ ਇਕ ਫੜਾਈਆ। ਹੋਏ ਸਹਾਈ ਅੰਧ ਘੋਰ, ਮੇਟੇ ਰੈਣ ਅੰਧੇਰੀ ਸ਼ਾਹੀਆ। ਹਰਿਜਨ ਅਵਰ ਨਾ ਦੀਸੇ ਹੋਰ, ਗੁਰਮੁਖ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਈਆ। ਤਾਰਨਹਾਰ ਆਪ ਅਪਰੰਪਰ, ਆਦਿ ਪੁਰਖ ਅਖਵਾਇਆ। ਖੇਲੇ ਖੇਲ ਸਰਬ ਘਟ ਅੰਤਰ, ਅੰਤਰਜਾਮੀ ਭੇਵ ਨਾ ਰਾਇਆ। ਲੱਖ ਚੁਰਾਸੀ ਲੱਗੀ ਬਸੰਤਰ, ਨਾ ਸਕੇ ਕੋਈ ਬੁਝਾਇਆ। ਹਰਿ ਕਾ ਖੇਲ ਜੁਗਾ ਜੁਗੰਤਰ, ਕਲਜੁਗ ਅੰਤਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਜਗਾਇਆ। ਗੁਰਮੁਖ ਸਾਜਣ ਦਇਆ ਕਮਾ, ਆਪਣੀ ਬੂਝ ਬੁਝਾਈਆ। ਲਹਿਣਾ ਦੇਣਾ ਝੋਲੀ ਪਾ, ਪੂਰਬ ਗਹਿਣਾ ਤਨ ਪਹਿਨਾਈਆ । ਨੇਤਰ ਨੈਣਾਂ ਦਰਸ ਵਖਾ, ਆਤਮ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਭੇਵ ਜਣਾ, ਭੇਦ ਅਭੇਦ ਸਮਾਈਆ। ਅਛਲ ਅਛੱਲ ਜਗਤ ਭੁਲਾ, ਵਲ ਛਲ ਖੇਲ ਖਲਾਈਆ। ਹਰਿ ਸੱਜਣ ਵੇਖੇ ਥਾਉਂ ਥਾਂ, ਥਾਂ ਸੁਹੰਜਣਾ ਇਕ ਵਡਿਆਈਆ। ਕਾਇਆ ਮੰਦਰ ਵੇਖੇ ਸਚ ਗਿਰਾਂ, ਨੌਂ ਦਰ ਕਰੇ ਰੁਸ਼ਨਾਈਆ। ਪੁਰਖ ਅਗੰਮਾ ਕਰੇ ਸਚ ਨਿਆਂ, ਦਰਗਹਿ ਸਾਚੀ ਦਰ ਸੁਹਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਗੋਦ ਉਠਾਈਆ। ਸ਼ਬਦ ਸੁਹੇਲਾ ਫੜਨਹਾਰਾ ਬਾਂਹ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਸਾਚਾ ਵੇਖ ਵਖਾਈਆ। ਗੁਰਸਿਖ ਸੱਜਣ ਸੱਚਾ ਸ਼ਾਹ, ਸ਼ਾਹ ਸੁਲਤਾਨ ਅਖਵਾਇਆ। ਮਿਲਿਆ ਦਾਤਾ ਬੇਪਰਵਾਹ, ਭਾਂਡਾ ਭਰਮ ਭੰਨਾਇਆ। ਇਕ ਵਖਾਇਆ ਸਾਚਾ ਥਾਂ, ਏਕਾ ਮੰਤਰ ਨਾਮ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦੇ ਮੱਤ ਰਿਹਾ ਸਮਝਾਇਆ। ਗੁਰਮੁਖ ਸਾਜਣ ਸਾਚੀ ਮੱਤ, ਗੁਰ ਗੁਰ ਆਪ ਦਵਾਈਆ। ਏਕਾ ਬ੍ਰਹਮ ਏਕਾ ਤੱਤ, ਏਕਾ ਭੇਵ ਖੁਲ੍ਹਾਈਆ। ਏਕਾ ਜੋਤ ਸਤਿ ਅਸਿਤ, ਸਤਿ ਸਰੂਪ ਸਮਾਈਆ। ਏਕਾ ਬੀਜ ਨਾਮ ਵਤ, ਕਾਇਆ ਕਾਅਬਾ ਬੀਜ ਬਿਜਾਈਆ। ਏਕਾ ਖੋਲ੍ਹੇ ਸਾਚਾ ਹੱਟ, ਚੌਦਾਂ ਹੱਟ ਖੁਲ੍ਹਾਈਆ। ਏਕਾ ਵਣਜ ਲਏ ਖਟ, ਨਾਮ ਵਪਾਰਾ ਇਕ ਕਰਾਈਆ। ਏਕਾ ਸ਼ਬਦ ਏਕ ਪੱਟ, ਤਨ ਸ਼ਿੰਗਾਰ ਕਰਾਈਆ। ਏਕਾ ਸ਼ਬਦ ਅਗੰਮੀ ਮਾਰੇ ਸੱਟ, ਬਜ਼ਰ ਕਪਾਟ ਤੁੜਾਈਆ। ਭਾਗ ਲਗਾਏ ਕਾਇਆ ਮੱਟ, ਗੁਰ ਮੰਦਰ ਖੋਜ ਖੁਜਾਈਆ। ਸਚ ਸਰੋਵਰ ਤੀਰਥ ਤੱਟ, ਆਤਮ ਅੰਤਰ ਇਕ ਇਸ਼ਨਾਨ ਕਰਾਈਆ। ਦੁਰਮਤ ਮੈਲ ਦੇਵੇ ਕੱਟ, ਗੁਰ ਪੂਰੇ ਹੱਥ ਵਡਿਆਈਆ। ਦੂਈ ਦਵੈਤੀ ਮੇਟੇ ਫੱਟ, ਸਗਲੀ ਚਿੰਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਵੇਖੇ ਚਾਈਂ ਚਾਈਂਆ।