੨੪ ਚੇਤ ੨੦੧੬ ਬਿਕ੍ਰਮੀ ਕਰਮ ਸਿੰਘ ਦੇ ਘਰ ਬੰਡਾਲਾ
ਮਨਸਾ ਮਾਨਸ ਇਕ ਜਨ, ਗੁਰ ਚਰਨ ਸੱਚੀ ਜਗ ਪ੍ਰੀਤ। ਸਹਿੰਸਾ ਰੋਗ ਨਿਕਲੇ ਤਨ, ਸਾਂਤਕ ਠਾਂਡਾ ਸੀਤ। ਗੁਰ ਸ਼ਬਦੀ ਭਾਣਾ ਜਾਏ ਮੰਨ, ਰੱਖੇ ਸਦ ਅਤੀਤ। ਸ਼ਬਦ ਅਨਾਦੀ ਸੁਣੇ ਕੰਨ, ਹੋਏ ਪਤਿਤ ਪੁਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਸੇ ਆਪ ਚੀਤ। ਚਿਤ ਵਸੇ ਜਿਸ ਪਾਰਬ੍ਰਹਮ ਮਿਟੇ ਦੁੱਖ ਅੰਧਿਆਰ। ਲੇਖ ਚੁਕਾਏ ਜਨਮ ਕਰਮ, ਭਾਂਡਾ ਭਰਮ ਨਿਵਾਰ। ਸਤਿ ਸਰਨਾਈ ਸਾਚੀ ਸਰਨ, ਸਤਿਗੁਰ ਪੁਰਖ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਚਰਨ ਅਧਾਰ। ਚਰਨ ਪ੍ਰੀਤੀ ਜਗਤ ਪ੍ਰੀਖਿਆ, ਆਪਣੀ ਆਪ ਰਖਾਈਆ। ਗੁਰਮੁਖਾਂ ਦੇਵੇ ਸਾਚੀ ਸਿਖਿਆ, ਏਕਾ ਇਸ਼ਟ ਜਣਾਈਆ। ਦਰ ਘਰ ਸਾਚਾ ਸਾਚੀ ਮੰਗਣੀ ਭਿਖਿਆ, ਭਿਖਕ ਭੀਖ ਨਾਮ ਝੋਲੀ ਪਾਈਆ। ਗੁਰ ਸਤਿਗੁਰ ਜੋ ਜਨ ਨਜ਼ਰੀ ਵੇਖਿਆ, ਆਪਣੀ ਦਿਸ਼ਾ ਹਿੱਸਾ ਆਪ ਵੰਡਾਈਆ। ਮਾਇਆ ਮਮਤਾ ਮੋਹ ਵਿਕਾਰ ਚੱਕੀ ਨਾ ਪੀਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਰਮ ਕੁਕਰਮਾਂ ਲੇਖੇ ਲਾਈਆ।
