੨੧ ਚੇਤ ੨੦੧੬ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਘਰ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ
ਨਾਮ ਰਤਨ ਹਰਿਜਨ ਪਾਇਆ, ਸਤਿਗੁਰ ਹੱਟ ਵਿਕਾਈਆ। ਸਾਚੇ ਮੰਦਰ ਖੋਜ ਖੋਜਾਇਆ, ਖੇਵਟ ਖੇਟ ਮਲਾਹੀਆ। ਨੇਤਰ ਲੋਚਣ ਇਕ ਖੁਲ੍ਹਾਇਆ, ਪੜਦਾ ਦੂਈ ਮਟਾਈਆ। ਆਤਮ ਦਰਸੀ ਦਰਸ ਦਿਖਾਇਆ, ਚਾਤਰਕ ਤ੍ਰਿਖਾ ਬੁਝਾਈਆ। ਸਤਿ ਸਰੂਪੀ ਨਜ਼ਰੀ ਆਇਆ, ਘਰ ਸਾਚੇ ਵੱਜੀ ਵਧਾਈਆ। ਕੰਚਨ ਗੜ੍ਹ ਇਕ ਸੁਹਾਇਆ, ਆਪ ਆਪਣਾ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਜ ਘਰ ਬੈਠਾ ਆਸਣ ਲਾਈਆ। ਨਿਜ ਘਰ ਵਾਸਾ ਹਰਿ ਨਿਰੰਕਾਰ, ਨਿਰਮਲ ਬਿਮਲ ਸਮਾਈਆ। ਪੁਰਖ ਅਬਿਨਾਸ਼ਾ ਕਰ ਪਿਆਰ, ਹਰਿਜਨ ਸਿਮਲ ਆਪ ਤਰਾਈਆ। ਦਾਤਾ ਦਾਨੀ ਦੇਵੇ ਨਾਮ ਦਾਨ ਆਧਾਰ, ਕੌੜੀ ਨਿੰਮ ਆਪ ਮਹਿਕਾਈਆ। ਚੰਦਨ ਬਾਸ ਖੇਲ ਅਪਾਰ, ਸਚ ਸੁਗੰਧੀ ਇਕ ਵਖਾਈਆ। ਜਨ ਭਗਤਾਂ ਮੇਲਾ ਵਿਚ ਸੰਸਾਰ, ਗੁਰ ਸ਼ਬਦੀ ਮੇਲ ਮਿਲਾਈਆ। ਕਾਗ਼ਜ਼ ਕਲਮ ਨਾ ਪਾਵੇ ਸਾਰ, ਮਸ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਲੇਖਾ ਆਪੇ ਜਾਣੇ ਆਪੇ ਬੂਝ ਬੁਝਾਈਆ।
