Granth 08 Likhat 058: 19 Chet 2016 Bikarmi Kulwant Singh de Ghar Dayea Hoi Chambal Jila Amritsar

੧੯ ਚੇਤ ੨੦੧੬ ਬਿਕ੍ਰਮੀ ਕੁਲਵੰਤ ਸਿੰਘ ਦੇ ਘਰ ਦਇਆ ਹੋਈ ਚੰਬਲ ਜ਼ਿਲਾ ਅੰਮ੍ਰਿਤਸਰ

ਬਸਤਰ ਸ਼ਸਤਰ ਤਨ ਸ਼ੰਗਾਰ, ਹਰਿ ਹਰਿ ਨਾਉਂ ਕਰਾਈਆ। ਡੂੰਘੀ ਭਵਰੀ ਪਾਵੇ ਸਾਰ, ਅੰਨ੍ਹੇਰੀ ਕੁੰਦਰ ਵੇਖ ਵਖਾਈਆ। ਜਗਤ ਜੁਗਤੀ ਮਾਰੇ ਮਾਰ, ਸ਼ਬਦੀ ਸ਼ਬਦ ਵਡ ਵਡਿਆਈਆ। ਸਾਚੀ ਭਗਤੀ ਇਕ ਪਿਆਰ, ਅੱਖਰ ਇਕ ਪੜ੍ਹਾਈਆ। ਬੂੰਦ ਰਕਤੀ ਵੇਖ ਵਿਚਾਰ, ਲੇਖਾ ਲੇਖ ਚੁਕਾਈਆ। ਆਤਮ ਸ਼ਕਤੀ ਬ੍ਰਹਮ ਵਿਚਾਰ, ਪਾਰਬ੍ਰਹਮ ਸਰਨਾਈਆ। ਹਸਤ ਘੋੜ ਸ਼ਾਹ ਅਸਵਾਰ, ਖ਼ਾਕੀ ਖ਼ਾਕ ਇਕ ਜਣਾਈਆ। ਤਖ਼ਤ ਤਾਜ ਸੁਲਤਾਨ, ਨਿਉਂ ਨਿਉਂ ਵੇਖ ਵਖਾਈਆ। ਕਲਜੁਗ ਅੰਤਮ ਵੇਖ ਝੂਠ ਮਕਾਨ, ਸਤਿਗੁਰ ਪੂਰਾ ਰਿਹਾ ਢਾਈਆ। ਖੇਲੇ ਖੇਲ ਦੋ ਜਹਾਨ, ਆਦਿ ਸ਼ਕਤ ਮੇਲ ਮਿਲਾਈਆ। ਰੂਪ ਅਨੂਪ ਸ੍ਰੀ ਭਗਵਾਨ, ਨਾਮ ਭਗੌਤੀ ਹੱਥ ਉਠਾਈਆ। ਨੌ ਖੰਡ ਪ੍ਰਿਥਮੀ ਆਇਆ ਵਿਚ ਮੈਦਾਨ, ਜੋਧਾ ਬੀਰ ਸਹਿਜ ਸਮਾਈਆ। ਗੁਰਮੁਖ ਸਾਜਣ ਕਰ ਪਛਾਨ, ਜਨਮ ਕਰਮ ਵੇਖ ਵਖਾਈਆ। ਬੁਧ ਬਿਬੇਕੀ ਇਕ ਗਿਆਨ, ਆਪ ਆਪਣੀ ਮਤ ਸਮਝਾਈਆ। ਮਨ ਮਨੂਆ  ਮੇਟੇ ਪੰਚ ਸ਼ੈਤਾਨ, ਨਾਮ ਨਿਧਾਨਾ ਬੰਧਨ ਪਾਈਆ। ਦਰ ਘਰ ਸਾਚੇ ਪੀਣ ਖਾਣ, ਰਸਨਾ ਜੇਹਵਾ ਹਰਿ ਗੁਣ ਗਾਈਆ। ਦੇਵਣਹਾਰਾ ਧੁਰ ਫ਼ਰਮਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੋਹੰ ਅੱਖਰ ਜੋ ਜਨ ਗਾਨ, ਜਗਤ ਤਪਸਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਾਰੀ ਰਿਹਾ ਤਰਾਈਆ।