Granth 08 Likhat 085: Pahili Jeth 2016 Bikarmi Maharaj Sangrur Rajbir Singh nu Shabad Bhejia

ਪਹਿਲੀ ਜੇਠ ੨੦੧੬ ਬਿਕ੍ਰਮੀ ਮਹਾਰਾਜ ਸੰਗਰੂਰ ਰਾਜਬੀਰ ਸਿੰਘ ਨੂੰ ਸ਼ਬਦ ਭੇਜਿਆ

ਸ਼ਾਹ ਸੰਗਰੂਰ ਜਗਤ ਨਿਧਾਨ, ਬਾਲੀ ਬੁਧ ਰਖਾਈਆ। ਪਰਗਟ ਹੋਇਆ ਹਰਿ ਭਗਵਾਨ, ਲੋਕਮਾਤ ਕਰੇ ਰੁਸ਼ਨਾਈਆ। ਤੇਰੇ ਦਰ ਧੁਰ ਫ਼ਰਮਾਨ, ਸੰਤ ਮਨੀ ਸਿੰਘ ਗਿਆ ਟਿਕਾਈਆ। ਹਰਿ ਕਾ ਸ਼ਬਦ ਸੱਚਾ ਬਾਣ, ਸ਼ਾਹ ਸੁਲਤਾਨਾਂ ਜੜ ਉਖੜਾਈਆ। ਨਾ ਕੋਈ ਮੰਦਰ ਨਾ ਮਕਾਨ, ਨਾ ਕੋਈ ਤਾਜ ਸੀਸ ਟਿਕਾਈਆ। ਕਾਇਆ ਹੱਟ ਬਣੀ ਦੁਕਾਨ, ਮਨਮਤ ਰਹੀ ਵਿਕਾਈਆ। ਪੰਚਮ ਜੇਠ ਲੇਖਾ ਲਿਖੇ ਮਹਾਨ, ਸੰਮਤ ਸੋਲਾਂ ਸੋਲਾਂ ਕਰੇ ਜਣਾਈਆ। ਅੱਸੂ ਤਿੰਨ ਆਏ ਚਲ ਬਲਵਾਨ, ਤੇਰਾ ਪੜਦਾ ਦਏ ਉਠਾਈਆ। ਅੱਸੂ ਚਾਰ ਹੋ ਤਿਆਰ, ਸ਼ਾਹ ਪਟਿਆਲਾ ਵੇਖ ਵਖਾਈਆ। ਸ਼ਬਦ ਜਣਾਈ ਹਰਿ ਨਿਰੰਕਾਰ, ਆਪ ਆਪਣੀ ਦਏ ਕਰਾਈਆ। ਪੰਦਰਾਂ ਕੱਤਕ ਇਕ ਜੈਕਾਰ, ਮਸਤੂਵਾਣੇ ਦਏ ਲਗਾਈਆ। ਰਾਜੇ ਰਾਣੇ ਕਰੇ ਖ਼ਬਰਦਾਰ, ਸ਼ਬਦ ਡੰਡਾ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਜੋਤੀ ਨੂਰ ਕਰੇ ਰੁਸ਼ਨਾਈਆ। ਸੰਤ ਮਨੀ ਸਿੰਘ ਲੇਖਾ ਲਿਖਿਆ, ਸਿੰਘ ਸ਼ੇਰ ਲਿਖਾਇਆ। ਸ਼ੇਰ ਸਿੰਘ ਧਰ ਭੇਖਾ, ਭੇਖਾਧਾਰੀ ਰੂਪ ਵਟਾਇਆ। ਮੁੱਛ ਦਾੜ੍ਹੀ ਨਾ ਦਿਸੇ ਕੇਸਾ, ਨਾ ਕੋਈ ਮੂੰਡ ਮੁੰਡਾਇਆ। ਕਿਸੇ ਹੱਥ ਨਾ ਆਏ ਨਰ ਨਰੇਸ਼ਾ, ਨੇਤਰ ਨੈਣ ਦਿਸ ਨਾ ਪਾਇਆ। ਜੋ ਜਨ ਕਰੇ ਚਰਨ ਕਵਲ ਆਦੇਸਾ, ਤਿਸ ਦਰ ਅੱਗੇ ਬੈਠਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰੂਪ ਵਟਾਇਆ। ਵਿਸ਼ਨੂੰ ਭਗਵਾਨ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਇਕ ਅਖਵਾਈਆ। ਸੰਤ ਮਨੀ ਸਿੰਘ ਆਇਆ ਦਵਾਰੇ ਬੰਕ, ਬੰਦੀਖ਼ਾਨੇ ਡੇਰਾ ਲਾਈਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਜਗਤ ਸੰਕ ਦਏ ਮਿਟਾਈਆ। ਆਪਣੀ ਜੋਤੀ ਲਾਏ ਤਨਕ, ਖਿਚੀ ਆਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਜੋਤ ਪਰਵੇਸ਼, ਸੰਬਲ ਨਗਰ ਧਾਮ ਨਿਆਰਾ ਬੈਠਾ ਆਸਣ ਲਾਈਆ। ਆਏ ਦਰ ਹਰਿ ਬਲਵਾਨ, ਸ਼ਬਦ ਖੰਡਾ ਤੇਜ਼ ਕਟਾਰਿਆ। ਅੰਤਮ ਮਿਟਦਾ ਜਾਏ ਨਿਸ਼ਾਨ, ਰਾਜ ਰਾਜਾਨਾਂ ਕਰੇ ਖ਼ਵਾਰਿਆ। ਦੇਵਣਹਾਰਾ ਸਾਚਾ ਦਾਨ, ਖ਼ਾਲੀ ਭਰੇ ਭੰਡਾਰਿਆ। ਪਹਿਲਾ ਦੇਵੇ ਧੁਰ ਫ਼ਰਮਾਨ, ਆਪ ਆਪਣਾ ਭੇਵ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੱਸੂ ਤਿੰਨ ਦਰ ਦਵਾਰ ਆਏ ਆਏ ਦਰ ਵੇਖ ਵਖਾ ਰਿਹਾ। ਹਰਿ ਰੋਗੀ ਰੋਗ ਕੱਟਣਹਾਰਾ, ਮੇਟ ਮਿਟਾਏ ਜਗਤ ਸੰਤਾਪ। ਨਾਮ ਦਾਨ ਭੰਡਾਰਾ ਵੰਡਣਹਾਰਾ, ਦਰਸ ਦਿਖਾਏ ਆਪਣਾ ਆਪ। ਭੇਖ ਪਖੰਡਾ ਖੰਡਨ ਕਰਨਹਾਰਾ, ਹਰਿ ਭਗਤ ਜਣਾਏ ਵਡ ਪਰਤਾਪ। ਹਰਿਜਨ ਆਪਣੀ ਵੰਡਾ ਵੰਡਣਹਾਰਾ, ਸਖਾ ਸਖਾਈ ਮਾਈ ਬਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਪੂਰੀ ਕਰੇ ਆਸ। ਆਏ ਦਰ ਆਤਮ ਭਿਖ, ਹਰਿਜਨ ਮੰਗ ਮੰਗਾਈਆ। ਅਗਲਾ ਲੇਖਾ ਦੇਵੇ ਲਿਖ, ਪਿਛਲਾ ਲੇਖ ਮਿਟਾਈਆ। ਸਾਚੀ ਸਿਖਿਆ ਲੈਣੀ ਸਿਖ, ਹਰਿ ਚਰਨ ਸੱਚੀ ਸਰਨਾਈਆ। ਅਵਰ ਨਾ ਕੋਈ ਨੇਤਰ ਪੇਖ, ਗੁਰ ਸਤਿਗੁਰ ਪੈਜ ਰਖਾਈਆ। ਸਤਿਗੁਰ ਪੂਰਾ ਨਰ ਨਰੇਸ਼, ਹਰਿਜਨ ਸਾਚੇ ਲਏ ਤਰਾਈਆ। ਸਤਿ ਪੁਰਖ ਗੁਰ ਸਦ ਆਦੇਸ਼, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਚਿੰਤਾ ਸੋਗ ਗਵਾਈਆ। ਹਰਿਜਨ ਸਾਚਾ ਦਰ ਭਿਖਾਰ, ਆਪਣੀ ਝੋਲੀ ਡਾਹਿੰਦਾ। ਜੋ ਜਨ ਮੰਗੇ ਸੁੱਤ ਦੁਲਾਰ, ਸਫਲੀ ਕੁੱਖ ਕਰਾਇੰਦਾ। ਜੋ ਜਨ ਮੰਗੇ ਦਰਸ ਦੀਦਾਰ, ਨੇਤਰ ਲੋਚਣ ਆਪ ਖੁਲ੍ਹਾਇੰਦਾ। ਜੋ ਜਨ ਮੰਗੇ ਜਗਤ ਵਿਕਾਰ, ਮਾਇਆ ਮਮਤਾ ਵਿਚ ਫਸਾਇੰਦਾ। ਸਾਚੀ ਸੰਗਤਾ ਕਰ ਪਿਆਰ, ਨਾਨਕ ਅੰਗਦਾ ਅੰਗ ਲਗਾਇੰਦਾ। ਜੋ ਜਨ ਮੰਗਤਾ ਹੋਏ ਧੁਰ ਦਰਬਾਰ, ਖ਼ਾਲੀ ਹੱਥ ਨਾ ਕੋਇ ਰਖਾਇੰਦਾ। ਕਾਇਆ ਚੋਲੀ ਆਪੇ ਰੰਗਦਾ, ਭਗਤ ਲਲਾਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਬੇੜਾ ਆਪ ਚਲਾਇੰਦਾ। ਜਗਤ ਦੁੱਖਾਂ ਡੇਰਾ ਜਾਏ ਢੱਠ, ਜਿਸ ਜਨ ਦਇਆ ਕਮਾਈਆ। ਹਰਿਜਨ ਬਖ਼ਸ਼ੇ ਧੀਰਜ ਜਤ, ਸਤਿ ਸੰਤੋਖ ਇਕ ਵਖਾਈਆ। ਏਕਾ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਆਪ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵਾਈਆ। ਸੋਹੰ ਸ਼ਬਦ ਅਕਥਨਾ ਅਕਥ, ਕਥ ਕਥਨੀ ਰਹੀ ਗਾਈਆ। ਸਰਬ ਕਲ ਆਪੇ ਸਮਰਥ, ਸਮਰਥ ਪੁਰਖ ਵਡ ਵਡਿਆਈਆ। ਦੁੱਖ ਭੁੱਖ ਜਗਤ ਤ੍ਰਿਸਨਾ ਦੇਵੇ ਮਥ, ਆਤਮ ਸੁਖ ਇਕ ਉਪਜਾਈਆ। ਉੁਜਲ ਕਰੇ ਦੋ ਜਹਾਨਾਂ ਮੁੱਖ, ਜੋ ਜਨ ਆਏ ਚਲ ਸਰਨਾਈਆ। ਸਫਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਈਆ। ਅੰਤਮ ਵੇਲੇ ਨਾ ਕੋਇ ਦੁੱਖ, ਜੰਮ ਜੰਦਾਰ ਨੇੜ ਨਾ ਆਈਆ। ਲੇਖੇ ਲਾਏ ਮਾਨਸ ਦੇਹੀ ਮਨੁਖ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਹਰਿ ਚਿੰਤਾ ਦਏ ਗਵਾਈਆ। ਚਿੰਤਾ ਰੋਗ ਜਗਤ ਹੱਡ ਬਾਲਣ, ਅਗਨੀ ਤੱਤ ਜਲਾਇੰਦਾ। ਜਗੀ ਜੋਤ ਇਕ ਅਕਾਲਣ, ਗੁਰਮੁਖਾਂ ਦੁੱਖ ਮਿਟਾਇੰਦਾ। ਹਰਿ ਕਾ ਸ਼ਬਦ ਬਣੇ ਦਲਾਲਣ, ਨਾਮ ਵਿਚੋਲਾ ਇਕ ਵਖਾਇੰਦਾ। ਗੁਰਮੁਖਾਂ ਚੜ੍ਹਿਆ ਆਪੇ ਭਾਲਣ, ਕਲਜੁਗ ਸੋਏ ਆਪ ਉਠਾਇੰਦਾ। ਧੁਰ ਦਰਗਾਹੀ ਬਣ ਕੇ ਆਇਆ ਸਾਚੀ ਮਾਲਣ, ਸਾਚਾ ਸੇਹਰਾ ਇਕ ਗੁੰਦਾਇੰਦਾ। ਗੁਰਸਿਖਾਂ ਦਵਾਰੇ ਬਣੇ ਸਵਾਲਣ, ਆਪ ਆਪਣੀ ਮੰਗ ਮੰਗਾਇੰਦਾ। ਸਿਖ ਗੁਰ ਗੁਰਸਿਖ ਇਕ ਦੂਜੇ ਦਾ ਬਚਨ ਪਾਲਣ, ਵੱਡਾ ਛੋਟਾ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਜਗਤ ਤ੍ਰਿਸਨਾ ਭੁੱਖ ਮਿਟਾਇੰਦਾ। ਦੁੱਖ ਰੋਗ ਕਾਇਆ ਗੜ੍ਹ, ਪੰਜ ਤੱਤ ਵਸਾਇਆ। ਪੁਰਖ ਅਬਿਨਾਸ਼ੀ ਅੰਦਰ ਵੇਖੇ ਚੜ੍ਹ, ਆਪ ਆਪਣਾ ਫੇਰਾ ਪਾਇਆ। ਜਗਤ ਵਿਕਾਰਾ ਲਏ ਫੜ, ਨਾਮ ਡੋਰੀ ਹੱਥ ਉਠਾਇਆ। ਜੋ ਜਨ ਏਕਾ ਵਿਦਿਆ ਏਕਾ ਅੱਖਰ ਹਰਿ ਹਰਿ ਨਾਉਂ ਰਹੇ ਪੜ੍ਹ, ਰਸਨਾ ਜੇਹਵਾ ਹਰਿ ਹਰਿ ਗਾਇਆ। ਆਪ ਫੜਾਏ ਆਪਣਾ ਲੜ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਨਾਮ ਵਰ, ਨਾਮ ਦਾਤਾ ਦਾਨੀ ਦਇਆਵਾਨ ਆਪ ਅਖਵਾਇਆ। ਦਇਆਵਾਨ ਦਇਆ ਨਿਧ, ਜਨ ਭਗਤਾਂ ਦਇਆ ਕਮਾਇੰਦਾ। ਗੁਰਮੁਖਾਂ ਕਰੇ ਕਾਰਜ ਸਿੱਧ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਜਾਣੇ ਆਪਣੀ ਬਿਧ, ਵੇਦ ਕਤੇਬ ਭੇਵ ਨਾ ਆਇੰਦਾ। ਗ਼ਰੀਬ ਨਿਮਾਣਿਆਂ ਸੇਵਕ ਸੇਵਾ ਲਾਏ ਨੌ ਨਿਧ, ਅਠਾਰਾਂ ਸਿਧ ਦਰ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲਾ ਰੋਗ ਜਗਤ ਵਿਜੋਗ ਗਵਾਇੰਦਾ।