ਪਹਿਲੀ ਚੇਤ ੨੦੧੩ ਬਿਕ੍ਰਮੀ ਸੰਗਰੂਰ ਸ: ਚੰਨਣ ਸਿੰਘ ਮਹਾਰਾਜ ਸਾਹਿਬ ਦੇ ਹਾਊਸ ਹੋਲਡਰ ਦੇ ਨਵਿਤ ਸ਼ਬਦ ਉਚਾਰਿਆ ਗਿਆ
ਗੁਰਮੁਖ ਸਾਚੇ ਤਨ ਰਤਿਆ, ਤਨ ਸ਼ਬਦ ਸ਼ਿੰਗਾਰ। ਕਲਜੁਗ ਵਾ ਨਾ ਲਾਏ ਤੱਤਿਆ, ਪ੍ਰਭ ਦੇਵੇ ਨਾਮ ਆਧਾਰ। ਆਪੇ ਦੇ ਸਮਝਾਵੇ ਮੱਤਿਆ, ਜੀਵ ਜੰਤ ਅੰਤ ਹੋਣ ਖੁਆਰ। ਲੱਖ ਚੁਰਾਸੀ ਜਾਣੇ ਮਿਤ ਗਤਿਆ, ਜੋਤ ਸਰੂਪੀ ਏਕਾ ਕਾਰ। ਚਾਰ ਵਰਨ ਬਣਾਏ ਏਕਾ ਨਤਿਆ, ਗੁਰਮੁਖ ਸਤੀਆ ਸਾਚੀ ਨਾਰ। ਧਰਮ ਜੋਗ ਆਤਮ ਯਤ ਸਾਚਾ ਯੱਤਿਆ, ਮਿਲੇ ਮੇਲ ਇਕ ਕਰਤਾਰ। ਸਰਬ ਕਲ ਆਪੇ ਸਮਰਥੀਆ, ਦੇਵਣਹਾਰ ਸਰਬ ਸੰਸਾਰ। ਸਗਲ ਵਸੂਰਾ ਜਿਸ ਜਨ ਲੱਥਿਆ, ਦਰਸ਼ਨ ਪਾਏ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਜਗਤ ਵਰ, ਭਰਿਆ ਰਹੇ ਸ਼ਬਦ ਭੰਡਾਰ। ਨਾਮ ਭੰਡਾਰ ਰਹੇ ਅਤੁਟ, ਭੁੱਖ ਰਹੇ ਨਾ ਰਾਈਆ। ਲੱਖ ਚੁਰਾਸੀ ਜਾਏ ਛੁੱਟ, ਜੋ ਜਨ ਸਾਚੀ ਸੇਵ ਕਮਾਈਆ। ਪੰਜ ਚੋਰਾਂ ਬਾਹਰ ਕੱਢੇ ਕੁੱਟ, ਸ਼ਬਦ ਡੰਡਾ ਹੱਥ ਫੜਾਈਆ। ਸਾਚਾ ਲਾਹਾ ਗੁਰਮੁਖ ਸਾਚੇ ਲੋਕਮਾਤ ਲੈਣ ਲੁੱਟ, ਮਨਮੁਖਾਂ ਮਸਤਕ ਟਿੱਕਾ ਛਾਹੀਆ। ਅੰਮ੍ਰਿਤ ਆਤਮ ਪੀਣਾ ਏਕਾ ਘੁੱਟ, ਦਸਮ ਦਵਾਰੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਨੌਂ ਦਵਾਰੇ ਬੰਦ ਕਰਾਈਆ।