ਪਹਿਲੀ ਚੇਤ ੨੦੧੩ ਬਿਕ੍ਰਮੀ ਮਹਾਰਾਜ ਸੰਗਰੂਰ ਦੇ ਘਰ ਜਾ ਕੇ ਸ਼ਬਦ ਉਚਾਰਨ ਕੀਤਾ
ਪ੍ਰਭ ਸਾਚਾ ਸਾਚੀ ਦਇਆ ਕਮਾਏ। ਜੀਓ ਪਿੰਡ ਕਾਚਾ, ਨਾਮ ਸਾਚਾ ਵਿਚ ਰਖਾਏ। ਗੁਰਮੁਖ ਸਾਚੇ ਹਿਰਦੇ ਵਾਚਾ, ਪਾਰਬ੍ਰਹਮ ਸਰਨਾਏ। ਏਕਾ ਸ਼ਬਦ ਹਰਿ ਸਾਚੋ ਸਾਚਾ, ਸਾਚੀ ਜੁਗਤ ਭੁਗਤ ਵਿਚ ਜਗ ਰਹਿ ਜਾਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਜਗਾਏ। ਨਿਹਕਲੰਕ ਪਰਗਟ ਹੋਇਆ, ਦੋ ਜਹਾਨਾਂ ਵਾਲੀ। ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਦੇਵੇ ਸਾਚੀ ਡਾਲ੍ਹੀ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਢੋਆ, ਦੋਹਾਂ ਹੱਥਾਂ ਰੱਖੇ ਖਾਲੀ। ਹਰਿ ਬਿਨ ਅਵਰ ਨਾ ਜਾਣੇ ਕੋਇ ਦੋਆ, ਧੁਰ ਦਰਗਾਹੀ ਆਪ ਦਲਾਲੀ। ਗੁਰਮੁਖ ਆਪ ਉਠਾਏ ਲੋਕਮਾਤ ਸੋਇਆ, ਪੁਰਖ ਅਬਿਨਾਸ਼ੀ ਸਾਚਾ ਪਾਲੀ। ਆਤਮ ਬੀਜ ਅੰਮ੍ਰਿਤ ਨਾਮ ਰਸ ਸਾਚਾ ਬੋਇਆ, ਲੱਗੇ ਫ਼ਲ ਕਾਇਆ ਡਾਲ੍ਹੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪ ਆਪਣੇ ਜਿਹਾ ਹੋਇਆ। ਆਏ ਦਰ ਬਣ ਭਿਖਾਰੀ। ਜੋਤ ਸਰੂਪੀ ਖੇਲ ਅਪਾਰੀ। ਸ਼ਬਦ ਭੂਪ ਨਾ ਕੋਈ ਰੰਗ ਨਾ ਕੋਈ ਰੂਪ, ਅਗੰਮ ਅਗੰਮਾ ਨਾ ਕਦੇ ਮਰੇ ਨਾ ਕਦੇ ਜੰਮਾ, ਸਰਬ ਘਟ ਪ੍ਰਭ ਰਿਹਾ ਪਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਘਰ, ਸਾਚਾ ਵਣਜ ਵਪਾਰੀ। ਸਚ ਘਰ ਸਚ ਟਿਕਾਣਾ। ਏਕਾ ਏਕ ਸ਼ਬਦ ਬਿਬਾਣਾ। ਰਾਮ ਰਹੀਮ ਰਹਿਮਾਨ ਕ੍ਰਿਸ਼ਨਾ ਕਾਹਨ ਗੋਕਲ ਕਾਹਨਾ। ਜੋਤ ਨਿਰੰਜਣ ਨੇਤਰ ਅੰਜਨ ਸ਼ਬਦ ਭੂਪ ਹਰਿ ਵਡ ਮਿਹਰਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੰਗਰੂਰ ਦੇਵਣ ਆਇਆ ਧਰਮ ਨਿਸ਼ਾਨਾ। ਸ਼ਾਹ ਸੰਗਰੂਰ ਤੇਰੀ ਧਾਰ। ਪੁਰਖ ਅਬਿਨਾਸ਼ੀ ਪਾਏ ਸਾਰ। ਸੰਮਤ ਬੀਸ ਸਦ ਸੋਲਾਂ ਕਰ ਵਿਚਾਰ। ਸਾਚੇ ਘਰ ਵੱਜੇ ਨਦ, ਪਾਰਬ੍ਰਹਮ ਮਿਲੇ ਪੁਰਖ ਭਤਾਰ। ਮਾਨਸ ਦੇਹੀ ਲੇਖੇ ਲੱਗੇ ਚੰਮ, ਏਕਾ ਮੇਲਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤ ਸੁਹਾਏ ਦਰ, ਏਕਾ ਕਰੇ ਭਗਤ ਵਿਹਾਰ। ਪਹਿਲੀ ਚੇਤ ਚੇਤਨ ਆਇਆ, ਪੁਰਖ ਅਬਿਨਾਸ਼ੀ ਅਗੰਮਾ। ਨੈਣ ਨੇਤਰ ਹਰਿ ਸੰਤ ਵਖਾਇਆ, ਪਵਣ ਸਵਾਸੀ ਘਟ ਘਟ ਦਮਾ। ਮੀਤਨ ਮੀਤ ਮੀਤ ਆਪ ਅਖਵਾਇਆ, ਆਪੇ ਜਾਣੇ ਬ੍ਰਹਮ ਬ੍ਰਹਮਾ। ਜੋਤੀ ਜੋਤ ਸਰੂਪ ਹਰਿ, ਸਾਚੀ ਰੀਤੀ ਰੀਤਨ ਜਗਤ ਚਲਾਇਆ, ਆਪ ਸੁਹਾਵੇ ਸਾਚਾ ਧਾਮਾ। ਸਾਚਾ ਧਾਮ ਹਰਿ ਸੁਹਾਏ। ਜੋਤ ਸਰੂਪੀ ਜਾਮਾ ਪਾਏ। ਮਸਤੂਆਣੇ ਡੇਰਾ ਲਾਏ। ਰਾਜੇ ਰਾਣੇ ਲਏ ਬੁਲਾਏ। ਧੁਰ ਫ਼ਰਮਾਣਾ ਇਕ ਸੁਣਾਏ। ਜੀਵ ਜੰਤ ਨਾ ਕਿਸੇ ਦਿਖਾਏ। ਸਾਧ ਸੰਤ ਫਿਰੇ ਹਲਕਾਏ। ਆਪੇ ਜਾਣੇ ਆਪਣਾ ਭਾਣਾ, ਦੋ ਜਹਾਨੀ ਬੈਠਾ ਆਸਣ ਲਾਏ। ਗੋਬਿੰਦ ਗੋਬਿੰਦ ਗੋਬਿੰਦ ਰਾਮ ਰਾਮ ਰਾਮ ਰਹੀਮ ਰਹੀਮ ਰਹੀਮ ਆਪੇ ਹੋਏ ਸੁਘੜ ਸਿਆਣਾ, ਜਨ ਹਰਿ ਸਾਚੇ ਮਾਤ ਉਪਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਗਨ ਆਤਮ ਜੋਤੀ ਰਹੇ ਮਗਨ ਜੋ ਜਨ ਰਸਨਾ ਮੁਖ ਲਗਾਏ। ਸਾਚਾ ਸਗਨ ਮੁਖ ਲਗਾਏ, ਦੇਵੇ ਗੁਰ ਪਰਸਾਦੀ। ਅੱਠੇ ਪਹਿਰ ਮਗਨ ਰਖਾਏ, ਮਿਲੇ ਮੇਲ ਬ੍ਰਹਮ ਬ੍ਰਹਿਮਾਦੀ। ਏਕਾ ਰੰਗਣ ਰੰਗ ਰੰਗਾਏ, ਉਪਜੇ ਸ਼ਬਦ ਨਾਦ ਧੁਨ ਧੁਨ ਅਨਾਦ ਅਨਾਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੰਗਰੂਰ ਦੇਵੇ ਵਰ, ਮਿਲੇ ਮੇਲ ਪ੍ਰਭ ਬੋਧ ਅਗਾਧੀ।