ਪਹਿਲੀ ਜੇਠ ੨੦੧੨ ਬਿਕ੍ਰਮੀ ਸ਼ਾਹ ਈਰਾਨ ਨੂੰ ਸ਼ਬਦ ਭੇਜਿਆ
ਨੂਰ ਅਲਾਹੀ ਹਰਿ ਰਹਿਮਾਨ। ਜਗਤ ਅਲਾਹੀ ਬੇਐਬ ਮਿਹਰਵਾਨ। ਵੇਖ ਵਖਾਣੇ ਥਾਉਂ ਥਾਈਂ, ਹੁਕਮ ਸੁਣਾਏ ਸ਼ਾਹ ਈਰਾਨ। ਕੋਈ ਨਾ ਪਕੜੇ ਅੰਤਮ ਬਾਂਹੀਂ, ਮੁਲਾਂ ਸ਼ੇਖ਼ ਸਰਬ ਮਿਟ ਜਾਣ। ਖ਼ੁਦੀ ਖ਼ੁਦਾਏ ਕੋਈ ਦੀਸੇ ਨਾਹੀ, ਏਕਾ ਝੁੱਲੇ ਸ਼ਬਦ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰਸਨਾ ਫੜ ਤੀਰ ਕਮਾਨ। ਸ਼ਾਹ ਅਰਬ ਅਰਬਾਨਿਆ। ਪ੍ਰਭ ਅਬਿਨਾਸ਼ੀ ਵੇਖ ਵੇਖ ਵਖਾਣੇ, ਮੁਲਾਂ ਕਾਜ਼ੀ ਮਣਕੇ ਤਸਬੀ ਗਾਨੀਆਂ। ਸਾਚੀ ਸਾਜਨ ਰਿਹਾ ਸਾਜੀ, ਹੁਕਮ ਸੁਣਾਵੇ ਸ਼ਾਹ ਦੁਰਾਨੀਆ। ਐਲੀ ਸ਼ਾਹ ਏਕਾ ਤਾਜੀ, ਅਹਿਮਦ ਮੁਹੰਮਦ ਆਏ ਹਾਨੀਆ। ਆਪੇ ਆਏ ਬਣ ਕੇ ਮੱਕੇ ਹਾਜੀ, ਕਾਲਾ ਭੇਸ ਦਰ ਦਰਵੇਸ਼ ਜੋਤ ਨੂਰਾਨੀਆ। ਜੋਤੀ ਜੋਤ ਸਰੂਪ ਹਰਿ, ਖੁੱਲ੍ਹੜੇ ਰੱਖੇ ਕੇਸ, ਅੰਤਮ ਵੇਲੇ ਇਹ ਨਿਸ਼ਾਨੀਆ। ਨੂਰੀ ਅਲਾਹੀ ਅੱਲਾ ਨੂਰ। ਇਕ ਇਕੱਲਾ ਸ਼ਬਦ ਤੂਰ। ਲਹਿੰਦੀ ਦਿਸ਼ਾ ਵੇਖੇ ਸਚ ਮਹੱਲਾ, ਸ਼ਬਦ ਫੜੇ ਤਿੱਖਾ ਭੱਲਾ, ਜੋਤੀ ਜਗੇ ਕੋਹਤੂਰ। ਰਸਨ ਕਮਾਨੀ ਚੜ੍ਹੇ ਚਿਲ੍ਹਾ, ਨਾਲ ਹਿਲਾਏ ਬੂਰਾ ਕੱਕਾ ਬਿਲਾ, ਪਰਗਟ ਹੋਏ ਵਡ ਦਾਤਾ ਸੂਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲ ਜੋਤ ਧਰ, ਮੁਲਾਂ ਕਾਜ਼ੀ ਸ਼ੇਖ਼ ਸਾਰੇ ਵੇਖੇ, ਵੇਲੇ ਅੰਤ ਕਿਹੜਾ ਫ਼ਾਸੀ ਚੜ੍ਹੇ ਮਨਸੂਰ। ਮੱਕਾ ਕਾਜੀ ਹੱਕ ਜਲਾਲ। ਵੇਖ ਵਖਾਣੇ ਦੂਰ ਦੁਰਾਡੇ ਨਿਮਾਜੀ, ਸ਼ਬਦ ਤਾਜੀ ਏਕਾ ਛਾਲ। ਸੋਹੰ ਸ਼ਬਦ ਭੇਜੇ ਭਾਜੀ, ਸਤਾਰਾਂ ਹਾੜੀ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਏਕਾ ਬਣੇ ਸਾਚਾ ਹਾਜੀ, ਜਗਤ ਅਵੱਲੜੀ ਚਲੇ ਚਾਲ। ਸ਼ਾਹ ਸੁਲਤਾਨਾਂ ਸ਼ਾਹ ਰਕਾਬ। ਏਕਾ ਹੁਕਮ ਹਰਿ ਜਨਾਬ। ਮਿਲੇ ਵਰ ਦੋ ਦੋਆਬ। ਚਾਰੋਂ ਕੁੰਟ ਆਉਣਾ ਡਰ, ਕੋਈ ਨਾ ਝੱਲੇ ਮਾਤ ਤਾਬ। ਇਕ ਖੁਲ੍ਹਾਉਣਾ ਸਾਚਾ ਦਰ, ਆਪ ਪਿਆਏ ਆਬੇ ਹਯਾਤ। ਨਾ ਜਨਮੇ ਨਾ ਜਾਏ ਮਰ, ਨਾ ਦਿਵਸ ਨਾ ਹੋਏ ਰਾਤ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਬੈਠਾ ਰਹੇ ਇਕ ਇਕਾਂਤ। ਵੇਖੇ ਖੇਲ ਦਿਸ਼ਾ ਲਹਿੰਦੀ। ਪਰਗਟ ਹੋਏ ਅਮਾਮ ਮਹਿੰਦੀ। ਕੁਰਾਨ ਅੰਜੀਲ ਇਕੱਠੀ ਹੋ ਹੋ ਬਹਿੰਦੀ। ਪ੍ਰਭ ਅਬਿਨਾਸ਼ੀ ਤਨ ਬਸਤਰ ਨੀਲ, ਪਰਗਟ ਹੋਏ ਛੈਲ ਛਬੀਲ, ਅੱਲਾ ਰਾਣੀ ਦਰ ਦਰ ਘਰ ਘਰ ਬਹਿ ਬਹਿ ਕਹਿੰਦੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਭਾਣਾ ਜਗਤ ਵਰਤਾਣਾ, ਸ੍ਰਿਸ਼ਟ ਸਬਾਈ ਲੋਕਮਾਤ ਇਹ ਸਹਿੰਦੀ। ਪੁਰਖ ਨਿਰੰਜਣ ਸਚ ਵਿਹਾਰ। ਲੋਕਮਾਤ ਮਾਰ ਝਾਤ, ਇਕ ਬਣਾਏ ਦਰ ਦਰਬਾਰ। ਮੇਟ ਮਿਟਾਏ ਕਲਜੁਗ ਅੰਧੇਰੀ ਰਾਤ। ਸ਼ਬਦ ਬਖ਼ਸ਼ੇ ਸਾਚੀ ਦਾਤ, ਚਰਨ ਪ੍ਰੀਤੀ ਏਕਾ ਨਾਤ। ਅੰਮ੍ਰਿਤ ਆਤਮ ਸਾਚੀ ਧਾਰ, ਲੇਖਾ ਚੁੱਕੇ ਜ਼ਾਤ ਪਾਤ। ਹੋਏ ਸਹਾਈ ਪੁਰਖ ਅਬਿਨਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਰਚਾਈਆ। ਮਾਤ ਪਿਤ ਹਰਿ ਜਗਦੀਸਾ। ਨਿਤ ਨਵਿਤ ਜਨ ਭਗਤਾਂ ਮਿਤ, ਕਰੇ ਹਿੱਤ ਬੀਸ ਇਕੀਸਾ। ਗੁਰਮੁਖ ਆਤਮ ਰਿਹਾ ਸਿਤ, ਭੇਵ ਚੁਕਾਏ ਮੂਸਾ ਈਸਾ। ਨੌਂ ਜੇਠ ਵੇਖ ਵਖਾਣੇ ਸਾਚੀ ਥਿਤ। ਮੋਰ ਮੁਕਟ ਸਿਰ ਛਤਰ ਝੁਲਾਏ, ਨਰ ਨਿਰੰਕਾਰ ਹਰਿ ਜਗਦੀਸਾ। ਹਰਿਜਨ ਮਾਨਸ ਦੇਹੀ ਲੈਣੀ ਜਿੱਤ, ਸੋਹੰ ਰਸਨਾ ਗਾਏ ਇਕ ਹਦੀਸਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰਸਨਾ ਭਾਗ ਲਗਾਏ, ਨਾਲ ਰਲਾਏ ਦੰਦ ਬਤੀਸਾ। ਬੱਤੀ ਧਾਰ ਹਰਿ ਇਕੀਸਾ। ਬੀਸ ਅਪਾਰ ਰਾਗ ਛਤੀਸਾ। ਆਈ ਹਾਰ ਕੁਰਾਨ ਹਦੀਸਾ। ਹੋਏ ਖੁਆਰ ਮੂਸਾ ਈਸਾ। ਡਾਢੀ ਮਾਰ ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ। ਨੌਂ ਦਰਵਾਜੇ ਦਰ ਦਰਬਾਰ ਕਾਇਆ ਮੰਦਰ ਮਾਨਸ ਦੇਹੀ ਭਗਤ ਸਨੇਹੀ ਕਵਣ ਕਰੇ ਕਲ ਤੇਰੀ ਰੀਸਾ। ਮਹੱਲ ਅਟੱਲ ਰਿਹਾ ਉਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖੇ ਲਿਖਾਏ ਲੇਖਾ ਦਰ ਘਰ ਸੱਚੇ ਦਰਬਾਰ। ਦਿੱਲੀ ਦਰਬਾਰ ਦਰ ਦਰਬਾਰੇ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਰੇ ਕਰਾਏ ਖ਼ਬਰਦਾਰੇ। ਸ਼ਬਦ ਫੜੇ ਤੀਰ ਕਟਾਰ, ਦਰ ਦੁਰਕਾਏ ਚੋਬਦਾਰੇ। ਜੋਤ ਸਰੂਪੀ ਸ਼ਬਦ ਉਡਾਰ, ਜੋਤੀ ਜਾਮਾ ਖੇਲ ਅਪਾਰੇ। ਏਕਾ ਨਾਮ ਭਗਤ ਅਧਾਰ, ਵੇਖ ਵਖਾਣੇ ਵਾਰੋ ਵਾਰੇ। ਆਪੇ ਜਾਣੇ ਆਪਣੀ ਸਾਰ, ਜੀਵ ਜੰਤ ਕਲ ਹੋਏ ਗਵਾਰੇ। ਪੁਰਖ ਅਬਿਨਾਸ਼ੀ ਨਾ ਕੋਈ ਨਰ ਨਾ ਕੋਈ ਨਾਰ, ਰੂਪ ਰੰਗ ਨਾ ਕੋਈ ਅਪਾਰੇ। ਪੀਤ ਪਿੰਤਬਰ ਸਚ ਦਰਬਾਰ, ਅਸਥਿਲ ਸੋਹਣ ਹਰਿ ਚੁਬਾਰੇ। ਈਸਾ ਲੇਖ ਲਿਖਾਇਆ ਐਤਵਾਰ, ਨਿਹਕਲੰਕੀ ਜਾਮਾ ਧਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਰ ਪਾਵੇ ਸਾਰੇ। ਆਪੇ ਜਾਣੇ ਸਰਬ ਘਟ ਵੱਸਿਆ। ਜੁਗਾਂ ਜੁਗੰਤਰ ਏਕਾ ਕਾਰ, ਗੁਰੂਆਂ ਪੀਰਾਂ ਰਾਹ ਸਾਚਾ ਏਕਾ ਦੱਸਿਆ। ਨਿੱਤ ਨਵਿੱਤਾ ਸਾਚੀ ਧਾਰ, ਨਾ ਕਦੇ ਰੋਵੇ ਨਾ ਕਦੇ ਹੱਸਿਆ। ਸੁੱਤਾ ਰਹੇ ਚਰਨ ਪਸਾਰ, ਲੱਛਮੀ ਚਰਨ ਕਵਲ ਏਕਾ ਝੱਸਿਆ। ਮੰਗਦੀ ਰਹੇ ਚਰਨ ਪਿਆਰ, ਲਾਲ ਸ਼ਿੰਗਾਰ ਏਕਾ ਰਸ ਰੱਸਿਆ। ਸੋਲਾਂ ਇੱਛਿਆ ਪਾਈ ਭਿੱਛਿਆ ਸ਼ਬਦ ਫੂਲਨ ਸਾਚਾ ਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਨਿਰਾਲਾ ਜੋਤ ਅਕਾਲਾ ਦੀਨ ਦਿਆਲਾ ਲੋਕਮਾਤ ਹਰਿ ਕਸਿਆ। ਕਸੇ ਤੀਰ ਸ਼ਬਦ ਅਨਰੰਗਾ। ਲੱਖ ਚੁਰਾਸੀ ਰਿਹਾ ਚੀਰ, ਹਰਿ ਦਾਤਾ ਸੂਰਾ ਸਰਬੰਗਾ। ਸ਼ਬਦ ਡੋਰੀ ਦਸਤਗੀਰ, ਸੋਹੰ ਨਾਮ ਜਗਤ ਮਰਦੰਗਾ। ਪਕੜ ਉਠਾਏ ਸ਼ਾਹ ਹਕੀਰ, ਆਪੇ ਪਰਖੇ ਮਾੜਾ ਚੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਦਾ ਸਦਾ ਸਦਾ ਅੰਗ ਸੰਗਾ।