੧੪ ਜੇਠ ੨੦੧੬ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ
ਏਕੰਕਾਰ ਸਤਿਨਾਮ ਕਰਤਾ ਪੁਰਖ, ਹਰਿ ਹਰਿ ਆਪ ਅਖਵਾਈਆ। ਨਿਰਭੌ ਨਿਰਵੈਰ ਅਕਾਲ ਮੂਰਤ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਚਿਖਾ ਨਾ ਕੋਈ ਜਲਾਈਆ। ਅਜੂਨੀ ਰਹਿਤ ਆਦਿ ਜੁਗਾਦਿ ਜੁਗ ਜੁਗ ਨਾ ਸਕੇ ਕੋਈ ਪਰਖ, ਮਾਤ ਪਿਤ ਭੇਵ ਨਾ ਰਾਈਆ। ਅਬਿਨਾਸ਼ੀ ਕਰਤਾ ਆਦਿ ਨਿਰੰਜਣ ਜਨ ਭਗਤਾਂ ਕਰੇ ਆਪਣਾ ਤਰਸ, ਲੋਕਮਾਤ ਵੇਖ ਵਖਾਈਆ। ਸਤਿ ਸੰਤੋਖ ਧੀਰਜ ਜਤ, ਆਤਮ ਅੰਤਰ ਅੰਮ੍ਰਿਤ ਮੇਘ ਦੇਵੇ ਬਰਸ, ਅੰਮ੍ਰਿਤ ਝਿਰਨਾ ਨਿਝਰ ਰਸ ਕਾਇਆ ਮੰਦਰ ਅੰਦਰ ਆਪ ਝਿਰਾਈਆ। ਦੋ ਜਹਾਨ ਚੌਦਾਂ ਲੋਕ ਤ੍ਰੈਭਵਣ ਅਵਣ ਗਵਣ ਮੇਟੇ ਹਰਸ, ਚਰਨ ਕਵਲ ਬਖ਼ਸ਼ੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਨਿਰਾਕਾਰ ਨਿਰਗੁਣ ਰੂਪ ਸਤਿ ਸਰੂਪ ਸ਼ਾਹੋ ਭੂਪ ਨਿਰਧਨ ਸਰਧਨ ਰੂਪ ਵਟਾਈਆ। ਨਿਰ ਅਕਾਰ ਨਿਰਵੈਰ ਮੂਰਤ ਅਕਾਲ, ਅਕਲ ਕਲਾ ਅਖਵਾਈਆ। ਪਰਮ ਪੁਰਖ ਪਰਖੋਤਮ ਦੀਨ ਦਿਆਲ, ਪਾਰਬ੍ਰਹਮ ਵੱਡੀ ਵਡਿਆਈਆ। ਚਤੁਰਭੁਜ ਮੋਰ ਮੁਕਟ ਲਾਲ ਗੁਲਾਲ, ਅਨਭਵ ਪਰਕਾਸ਼ ਰਖਾਈਆ। ਆਦਿ ਜੁਗਾਦਿ ਅਵਲੱੜੀ ਚਾਲ, ਜੁਗ ਕਰਤਾ ਵੇਸ ਵਟਾਈਆ। ਧੁਰ ਦਰਗਾਹੀ ਇਕ ਦਲਾਲ, ਖੰਡ ਬ੍ਰਹਿਮੰਡ ਵੇਖ ਵਖਾਈਆ। ਰਵ ਸਸ ਫਲ ਲੱਗੇ ਡਾਲ੍ਹ, ਕੋਟਨ ਕੋਟ ਰਹੇ ਲਟਕਾਈਆ। ਜੋਤ ਜਵਾਲਾ ਅਗਨੀ ਬਾਲ, ਏਕਾ ਤੱਤ ਵਖਾਈਆ। ਜਨ ਭਗਤਾਂ ਮੇਲਾ ਹਰਿ ਗੋਪਾਲ, ਹਰੀ ਹਰਿ ਆਪ ਕਰਾਈਆ। ਸੁੱਤ ਦੁਲਾਰੇ ਸਾਚੇ ਲਾਲ, ਸਤਿਗੁਰ ਪੂਰਾ ਗੋਦ ਉਠਾਈਆ। ਤੋੜ ਤੁੜਾਏ ਜਗਤ ਜੰਜਾਲ, ਕਾਲ ਮਹਾਂਕਾਲ ਸੀਸ ਝੁਕਾਈਆ। ਕਰੇ ਕਰਾਏ ਸਦਾ ਪ੍ਰਿਤਪਾਲ, ਪ੍ਰਿਤਪਾਲਕ ਹੱਥ ਵਡਿਆਈਆ। ਦੇਵਣਹਾਰਾ ਸੱਚਾ ਧਨ ਮਾਲ, ਨਾਮ ਖ਼ਜ਼ਾਨਾ ਇਕ ਲੁਟਾਈਆ। ਬਹਾਏ ਧਰਮ ਸੱਚੀ ਧਰਮ ਸਾਲ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਨਾਮ ਤਲਵਾੜਾ ਵੱਜੇ ਤਾਲ, ਧੁਨ ਅਨਾਦੀ ਸਹਿਜ ਸੁਭਾਈਆ। ਦੀਵਾ ਬਾਤੀ ਏਕਾ ਬਾਲ, ਸੰਝ ਸਵੇਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਈਆ। ਜਾਗਰਤ ਜੋਤ ਹਰਿ ਨਰਾਇਣ, ਨਰ ਹਰਿ ਆਪ ਜਗਾਇੰਦਾ। ਨਰ ਹਰਿ ਆਪੇ ਵੇਖੇ ਆਪਣੇ ਲੋਚਣ ਨੈਣ, ਨੇਤਰ ਆਪਣਾ ਆਪ ਖੁਲ੍ਹਾਇੰਦਾ। ਸਾਜਣ ਮੀਤ ਸੱਜਣ ਸੈਣ, ਨਿਤ ਨਵਿਤ ਸਾਚਾ ਹਿਤ ਆਪ ਕਮਾਇੰਦਾ। ਪੂਰਬ ਚੁਕਾਏ ਲਹਿਣਾ ਦੇਣ, ਜਰਮ ਕਰਮ ਧਰਮ ਵੇਖ ਵਖਾਇੰਦਾ। ਸਖਾ ਸਖਾਈ ਮਾਤ ਪਿਤ ਭਾਈ ਭੈਣ, ਪਿਤਾ ਪੂਤ ਨਾਉਂ ਧਰਾਇੰਦਾ। ਨਾਰ ਕੰਤ ਸੰਤ ਭਗਤ ਭਗਵੰਤ, ਸਤਿਗੁਰ ਸਾਚਾ ਥਾਨ ਸੁਹਾਇੰਦਾ। ਜੀਵ ਜੰਤ ਮਹਿਮਾ ਅਗਣਤ, ਆਦਿ ਅੰਤ ਲੇਖਾ ਲੇਖ ਨਾ ਕੋਈ ਲਿਖਾਇੰਦਾ। ਗੁਰਮੁਖ ਸੁਭਾਗ ਸੋਭਾਵੰਤ, ਘਰ ਸਾਚੇ ਸਾਚਾ ਮੰਗਲ ਏਕਾ ਗਾਇੰਦਾ। ਜਨਨੀ ਜਨ ਬਣਾਏ ਬਣਤ, ਜਨ ਹਰਿ ਹਰਿ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਕਰਨੀ ਕਰਤਾ ਆਪਣੀ ਕਲ ਵਰਤਾਇੰਦਾ। ਕਰਨਹਾਰ ਪੁਰਖ ਸਮਰਥ, ਆਦਿ ਜੁਗਾਦੀ ਏਕੰਕਾਰਿਆ। ਸ਼ਬਦ ਚਲਾਏ ਅਨਾਦੀ ਰਥ, ਰਥ ਰਥਵਾਹੀ ਦਿਸ ਨਾ ਆ ਰਿਹਾ। ਨਾਮ ਅਨਮੁਲਾ ਸਾਚੀ ਵੱਥ, ਗੁਰਮੁਖ ਵਿਰਲਾ ਝੋਲੀ ਡਾਹ ਰਿਹਾ। ਚਰਨ ਭਰਵਾਸਾ ਧੀਰਜ ਜਤ ਸੀਤ ਹਠ, ਅਠਸਠ ਮੂਲ ਚੁਕਾ ਰਿਹਾ। ਨਾਮ ਨਿਧਾਨਾ ਪੱਲੇ ਗੱਠ, ਸ਼ਬਦੀ ਤੰਦਨ ਬੰਧਾ ਰਿਹਾ। ਤ੍ਰੈਗੁਣ ਮਾਇਆ ਕਰੇ ਅਕੱਠ, ਹਰਿਜਨ ਚਰਨਾਂ ਹੇਠ ਦਬਾ ਰਿਹਾ। ਪੁਰਖ ਅਕਾਲਾ ਏਕਾ ਪੂਜਾ ਏਕਾ ਪਾਠ, ਮੰਤਰ ਨਾਮ ਇਕ ਦ੍ਰਿੜਾ ਲਿਆ। ਜੋਤ ਜਵਾਲਾ ਆਦਿ ਸ਼ਕਤ ਲਿਲਾਟ, ਸਾਚੀ ਹਾਟੀ ਹੱਟ ਵਖਾ ਲਿਆ। ਸਚ ਸੁਹੰਜਣੀ ਆਦਿ ਨਿਰੰਜਣੀ ਏਕਾ ਖਾਟ, ਪਾਵਾ ਚੂਲ ਨਾ ਕੋਈ ਬਣਾ ਲਿਆ। ਅੰਗਣ ਬਸਤਰ ਨਾ ਜਾਏ ਪਾਟ, ਸਤਿਗੁਰ ਪੂਰੇ ਤਨ ਪਹਿਨਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾ ਲਿਆ। ਵੇਸ ਅਨੇਕ ਆਦਿ ਨਿਰੰਜਣ, ਅਲਖ ਅਗੋਚਰ ਭੇਵ ਕੋਈ ਨਾ ਪਾਇੰਦਾ। ਜੀਆਂ ਦਾਤਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਵੇਖ ਵਖਾਇੰਦਾ। ਨੇਤਰ ਗਿਆਨ ਨਾਮ ਨਿਧਾਨ ਅੰਜਨ, ਗੁਰ ਗੁਰਮੁਖ ਨੇਤਰ ਪਾਇੰਦਾ। ਧੂੜ ਅਸ਼ਨਾਨ ਚਰਨ ਮਜਨ, ਮਾਇਆ ਮਮਤਾ ਮੋਹ ਚੁਕਾਇੰਦਾ। ਨਿਰਧਨ ਮੇਲਾ ਸਾਚੇ ਸੱਜਣ, ਸਚ ਭੂਮਕਾ ਅਸਥਾਨ ਸੁਹਾਇੰਦਾ। ਬਿਰਹੋਂ ਤੀਰ ਨਿਰਾਲੇ ਅਣਿਆਲੇ ਵੱਜਣ, ਮੁੱਖੀ ਸੁਖੀ ਸੁਖ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਪ ਆਪਣਾ ਨੂਰ ਦਰਸਾਇੰਦਾ। ਨੂਰ ਉਜਾਲਾ ਹਰਿ ਗੋਪਾਲਾ, ਆਪਣੀ ਦਇਆ ਕਮਾਈਆ। ਆਪਣਾ ਦਰ ਆਪੇ ਭਾਲਾ, ਘਰ ਆਪਣਾ ਵੇਖ ਵਖਾਈਆ। ਨਾ ਕੋਈ ਦੂਸਰ ਸੰਗ ਦਲਾਲਾ, ਨਿਰਗੁਣ ਸਰਗੁਣ ਵੇਸ ਵਟਾਈਆ। ਆਪੇ ਵਸਿਆ ਪੰਜ ਤੱਤ ਖਾਲਾ, ਤਨ ਮਾਟੀ ਆਪੇ ਖ਼ਾਕ ਰਲਾਈਆ। ਆਪੇ ਵਸਿਆ ਹੋ ਨਿਰਾਲਾ, ਹਰ ਘਟ ਆਪੇ ਰਿਹਾ ਸਮਾਈਆ। ਆਪੇ ਦੇਵੇ ਗੁਰਮੁਖਾਂ ਆਤਮ ਅੰਤਰ ਪ੍ਰੇਮ ਉਛਾਲਾ, ਪਰਮ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚਾ ਵਰ, ਪਰਮ ਹੰਸ ਸਹੰਸ ਸਹੰਸਰ ਸੀਸ ਝੁਕਾਈਆ। ਸਹੰਸ ਬੰਸ ਸੀਸ ਝੁਕਾ, ਨੈਨਣ ਨੈਣ ਸ਼ਰਮਾਈਆ। ਗੁਰਸਿਖ ਤੇਰਾ ਤੱਕਣ ਰਾਹ, ਕੋਟਨ ਕੋਟ ਰਹੇ ਕੁਰਲਾਈਆ। ਬ੍ਰਹਮਾ ਬ੍ਰਹਮ ਬ੍ਰਹਮ ਉਪਾ, ਬ੍ਰਹਮ ਬ੍ਰਹਮ ਕਰੇ ਕੁੜਮਾਈਆ। ਸ਼ੰਕਰ ਗਦਾ ਇਕ ਚਲਾ, ਤ੍ਰਿਸੂਲ ਰਿਹਾ ਭਵਾਈਆ। ਵਿਸ਼ਨੂੰ ਰਿਜ਼ਕ ਦਏ ਸਬਾ, ਦੇਵਣਹਾਰ ਅਖਵਾਈਆ। ਨਿਰਗੁਣ ਦਾਤਾ ਬੇਪਰਵਾਹ, ਆਪਣੇ ਹੱਥ ਰੱਖੇ ਵਡਿਆਈਆ। ਆਪ ਉਪਾਏ ਆਪ ਆਪਣੇ ਵਿਚ ਲਏ ਸਮਾ, ਦਿਸ ਕਿਸੇ ਨਾ ਆਈਆ। ਸੰਤ ਸੁਹੇਲੇ ਆਦਿ ਜੁਗਾਦੀ ਲਏ ਜਗਾ, ਆਪਣਾ ਲੇਖਾ ਆਪ ਮੁਕਾਈਆ। ਸ਼ਬਦ ਅਨਾਦੀ ਦੱਸੇ ਰਾਹ, ਧੁਰ ਦੀ ਬਾਣੀ ਧੀਰ ਧਰਾਈਆ। ਗੁਰ ਪੀਰ ਅਵਤਾਰ ਆਪ ਅਖਵਾ, ਆਪਣਾ ਮਾਰਗ ਆਪ ਚਲਾਈਆ। ਕੋਟਨ ਕੋਟ ਸੇਵਾ ਲਾ, ਚਾਕਰੀ ਚਾਕ ਭਵਾਈਆ। ਸ਼ਬਦ ਅਗੰਮੀ ਹੁਕਮ ਸੁਣਾ, ਸਿਫ਼ਤੀ ਸਿਫ਼ਤ ਸਲਾਹੀਆ। ਮਿਹਰਵਾਨ ਭੇਵ ਨਾ ਰਾ, ਦਇਆ ਨਿਧ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਰ ਘਰ ਆਪਣੇ ਸੋਭਾ ਪਾਈਆ। ਵਰ ਘਰ ਸਾਚਾ ਸਚ ਮਹੱਲਾ, ਅਕਲ ਕਲਾ ਉਪਾਇਆ। ਪੁਰਖ ਅਬਿਨਾਸ਼ੀ ਬੈਠ ਅਕੱਲਾ, ਜਲ ਥਲ ਮਹੀਅਲ ਵੇਖ ਵਖਾਇਆ। ਜੋਤੀ ਸ਼ਬਦੀ ਆਪੇ ਰਲਾ, ਆਪ ਆਪਣਾ ਰੂਪ ਵਟਾਇਆ। ਸਚ ਸਿੰਘਾਸਣ ਪੁਰਖ ਅਬਿਨਾਸ਼ੀ ਏਕਾ ਮੱਲਾ, ਥਿਰ ਘਰ ਵੇਸ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਵਾਰੇ ਆਪੇ ਫਲਿਆ ਆਪੇ ਫੁਲਾ, ਫੁਲ ਫੁਲਵਾੜੀ ਵੇਖ ਵਖਾਇਆ। ਗੁਰਮੁਖ ਸੱਜਣ ਸਾਚਾ ਫੁਲ, ਗੁਰ ਸਤਿਗੁਰ ਆਪ ਮਹਿਕਾਇੰਦਾ। ਆਪਣੇ ਕੰਡੇ ਆਪੇ ਤੋਲ, ਕਰਤਾ ਕੀਮਤ ਆਪੇ ਪਾਇੰਦਾ। ਲੱਖ ਚੁਰਾਸੀ ਰਹੇ ਅਨਭੋਲ, ਭਗਵਨ ਭੇਵ ਨਾ ਕੋਈ ਰਖਾਇੰਦਾ। ਜਿਸ ਜਨ ਰੱਖੇ ਆਪ ਅਡੋਲ, ਜਗਤ ਜਹਾਨ ਨਾ ਕੋਈ ਡੁਲਾਇੰਦਾ। ਸਖੀ ਸੱਜਣ ਵਸੇ ਕੋਲ, ਨਾਮ ਪਿਆਲਾ ਜਾਮ ਪਿਆਇੰਦਾ। ਹੌਲੀ ਹੌਲੀ ਆਪੇ ਬੋਲ, ਆਪਣਾ ਸ਼ਬਦ ਆਪ ਸੁਣਾਇੰਦਾ। ਕਾਇਆ ਕਵਰੀ ਪੜਦਾ ਖੋਲ੍ਹ, ਭਰਮੀ ਭਰਮ ਤੁੜਾਇੰਦਾ। ਵਸਣਹਾਰਾ ਕਾਇਆ ਚੋਲ, ਪੰਜ ਤੱਤ ਚੋਲਾ ਆਪ ਬਦਲਾਇੰਦਾ। ਧਰਨੀ ਧਰਤ ਧਵਲ ਵੱਜੇ ਢੋਲ, ਮਰਦੰਗ ਤਰੰਗ ਸੂਰਾ ਸਰਬੰਗ ਆਪ ਵਜਾਇੰਦਾ। ਗੁਰਮੁਖ ਹੋਏ ਕਲ ਸੋਲ, ਅਨਕ ਕਲਾ ਆਪ ਅਖਵਾਇੰਦਾ। ਆਪੇ ਕਰੇ ਪੂਰਾ ਕੌਲ, ਆਪਣਾ ਕੀਤਾ ਆਪ ਨਿਭਾਇੰਦਾ। ਹਰਿ ਕਾ ਭਾਣਾ ਨਾ ਮਿਟੇ ਰੱਤੀ ਚੌਲ, ਲਕੀਰ ਤਕਦੀਰ ਤਕਸੀਰ ਨਾ ਕੋਈ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਵਰ ਘਰ ਨਰ ਨਰਾਇਣ ਵੇਖ ਵਖਾਇੰਦਾ। ਨਰ ਨਰਾਇਣ ਹਰਿ ਨਾਰੀ ਕੰਤਾ, ਨਿਰਗੁਣ ਸਰਗੁਣ ਸੰਗ ਨਿਭਾਇਆ। ਪੁਰਖ ਅਬਿਨਾਸ਼ੀ ਬਣਾਏ ਬਣਤਾ, ਰੂਪ ਰੰਗ ਰੇਖ ਨਾ ਕੋਈ ਜਣਾਇਆ। ਆਪੇ ਚਾੜ੍ਹੇ ਰੰਗ ਬਸੰਤਾ, ਰੰਗਣ ਰੰਗ ਏਕਾ ਰੰਗਾਇਆ। ਜਗਤ ਤੋੜੇ ਹਉਮੇ ਹੰਗਤਾ, ਜੂਠ ਝੂਠ ਗੜ੍ਹ ਰਹਿਣ ਨਾ ਪਾਇਆ। ਦਰ ਦਰਵੇਸ਼ ਨਰ ਨਰਾਇਣ ਆਪੇ ਹੋਏ ਮੰਗਤਾ, ਗੁਰਮੁਖ ਸੱਜਣ ਸ਼ਾਹ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਲਾਹ ਏਕਾ ਬੇੜਾ ਰਿਹਾ ਚਲਾਇਆ। ਏਕਾ ਬੇੜਾ ਆਪਣਾ ਬੰਨ, ਆਪੇ ਰਿਹਾ ਚਲਾਈਆ। ਲੋਆਂ ਪੁਰੀਆਂ ਕਹਿਣ ਧੰਨ ਧੰਨ, ਬ੍ਰਹਿਮੰਡ ਖੰਡ ਨੌ ਸਤ ਜੇਰਜ ਅੰਡ ਵੱਜੇ ਵਧਾਈਆ। ਮੰਗਣ ਭਿਛਿਆ ਸੂਰਜ ਚੰਨ, ਮੰਡਲ ਮੰਡਪ ਝੋਲੀ ਡਾਹੀਆ। ਕਰੇ ਪੁਕਾਰ ਛੱਪਰੀ ਛੰਨ, ਜੰਗਲ ਜੂਹ ਉਜਾੜ ਪਹਾੜ ਰਹੇ ਕੁਰਲਾਈਆ। ਗਣ ਗੰਧਰਬ ਲਾਇਣ ਕੰਨ, ਕਿੰਨਰ ਯਛਪ ਰਾਗ ਅਲਾਈਆ। ਧਰਤ ਧਵਲ ਦੇਵੇ ਡੰਨ, ਕੂੜੀ ਕਿਰਿਆ ਵੇਖ ਵਖਾਈਆ। ਸਤਿਗੁਰ ਪੂਰਾ ਜਾਏ ਮੰਨ, ਗੁਰਮੁਖ ਸੱਜਣ ਮੇਲ ਮਿਲਾਈਆ। ਹਉਮੇ ਹੰਗਤਾ ਕੱਢੇ ਤਨ, ਤ੍ਰੀਆ ਮਤ ਨਾ ਕੋਈ ਰਖਾਈਆ। ਸਤਿ ਸਤਿਵਾਦੀ ਬੰਨ੍ਹੇ ਗਨ, ਸਾਚਾ ਸਗਨ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਤ ਦੇਵ ਸੁਰ ਨਰ ਗਣ ਗੰਧਰਬ ਆਪਣਾ ਦਰ ਰਹੇ ਤਜਾਈਆ। ਆਪਣਾ ਗਿਆ ਹਰਿ ਪਾਇਆ, ਹਰ ਘਰ ਵੱਜੀ ਵਧਾਈਆ। ਲਹਿਣਾ ਦੇਣਾ ਆਪਣਾ ਭਰ ਲਿਆ, ਲਿਖਿਆ ਲੇਖ ਝੋਲੀ ਪਾਈਆ। ਗੋਬਿੰਦ ਤੇਰਾ ਭਾਣਾ ਸਹਿਆ, ਹਰਿ ਗੋਬਿੰਦ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਵੱਜੀ ਵਧਾਈਆ। ਨਿਰਗੁਣ ਨੂਰ ਹਰਿ ਨਿਰੰਕਾਰ, ਸਰਗੁਣ ਵਿਚ ਸਮਾਇਆ। ਗੁਰਮੁਖ ਸੱਜਣ ਮੀਤ ਮੁਰਾਰ, ਕਰ ਕਿਰਪਾ ਮੇਲ ਮਿਲਾਇਆ। ਅਸਵ ਘੋੜਾ ਆਪ ਸ਼ਿੰਗਾਰ, ਸੋਲਾਂ ਕਲੀਆਂ ਆਸਣ ਲਾਇਆ। ਚਾਰੇ ਰਾਸਾਂ ਹਰਿ ਕਰਤਾਰ, ਆਪਣੇ ਹੱਥ ਰਖਾਇਆ। ਚਾਰੇ ਦਿਸ਼ਾ ਪਾਵੇ ਸਾਰ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਇਆ। ਚਾਰੇ ਜੁਗ ਦਏ ਹੁਲਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖੇ ਲਾਇਆ। ਚਾਰੇ ਖਾਣੀ ਆਏ ਹਾਰ, ਚਾਰ ਚਾਰੇ ਫੋਲ ਫੋਲਾਇਆ। ਚਾਰ ਯਾਰੀ ਹਾਹਾਕਾਰ, ਚੌਥੇ ਘਰ ਨਾ ਕੋਈ ਸੁਹਾਇਆ। ਚਾਰ ਵਰਨ ਦਰ ਦਰ ਭਿਖਾਰ, ਹਰਿ ਭਿਛਿਆ ਕੋਈ ਨਾ ਪਾਇਆ। ਗੁਰਮੁਖਾਂ ਮੇਲਾ ਵਿਚ ਸੰਸਾਰ, ਕਲਜੁਗ ਅੰਤਮ ਆਪ ਕਰਾਇਆ। ਸ਼ਾਹੋ ਭੂਪੀ ਸ਼ਾਹ ਸਵਾਰ, ਸ਼ਾਹ ਸੁਲਤਾਨਾ ਫੇਰਾ ਪਾਇਆ। ਫੜ ਫੜ ਬਾਂਹੋਂ ਦਏ ਹੁਲਾਰ, ਹੱਕ ਹਕੀਕਤ ਦਏ ਜਣਾਇਆ। ਇਕ ਕਿਨਾਰਾ ਦੱਸੇ ਪਾਰ, ਅਧਵਿਚਕਾਰ ਨਾ ਕੋਈ ਰੁੜ੍ਹਾਇਆ। ਰਾਏ ਧਰਮ ਨਾ ਕਰੇ ਖੁਵਾਰ, ਲੱਖ ਚੁਰਾਸੀ ਫੰਦ ਕਟਾਇਆ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਗੁਰਮੁਖ ਸੱਜਣ ਲਏ ਬਹਾਇਆ। ਵਾ ਨਾ ਲੱਗੇ ਤੱਤੀ ਹਾੜ, ਤ੍ਰੈਗੁਣ ਮੱਠ ਨਾ ਕੋਈ ਤਪਾਇਆ। ਜੂਠ ਝੂਠ ਨਾ ਕੋਈ ਅਖਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਇਆ। ਆਪੇ ਘੜਿਆ ਆਪਣਾ ਘਾੜ, ਆਪ ਆਪਣੀ ਬਣਤ ਬਣਾਇਆ। ਹਰਿਜਨ ਸਾਚੇ ਅੰਦਰ ਵਾੜ, ਆਪਣੀ ਹੱਥੀਂ ਕੁੰਡਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਤੇਰਾ ਅੰਤਮ ਰੰਗ, ਹਰਿਜਨ ਹਰਿ ਰੰਗਾਇੰਦਾ। ਆਤਮ ਪਰਮਾਤਮ ਏਕਾ ਮੰਗ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਸਾਚੇ ਤਖ਼ਤ ਸਚ ਸੁਲਤਾਨ ਆਪ ਸੁਹਾਏ ਸਚ ਪਲੰਘ, ਸਾਚੀ ਸੇਜਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਨਾ ਕੋਈ ਸੀਸ ਨਾ ਕੋਈ ਧੜ, ਖੇਲਣਹਾਰ ਖੇਲ ਖਿਲਾਇੰਦਾ। ਖੇਲ ਅਖੇਲ ਹਰਿ ਹਰਿ ਮੇਲ, ਹਰਿ ਹਰਿ ਵੇਖ ਵਖਾਇਆ। ਗੋਬਿੰਦ ਗੁਰ ਗੁਰੂ ਗੁਰ ਚੇਲ, ਗੁਰ ਮੰਤਰ ਨਾਮ ਦ੍ਰਿੜਾਇਆ। ਘਰ ਸਾਚੇ ਦਰ ਸਾਚੇ ਚੜ੍ਹਿਆ ਸਾਚਾ ਤੇਲ, ਸਤਿਗੁਰ ਪੂਰੇ ਸਗਨ ਮਨਾਇਆ। ਆਪਣੀ ਜੋਤੀ ਆਪੇ ਕਰਿਆ ਮੇਲ, ਜੋਤੀ ਜੋਤ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਰੂਪ ਆਪ ਸਮਾਇਆ।
