Granth 07 Likhat 076: 25 Assu 2015 Bikarmi Bishan Singh de Ghar Gurgaon

੨੫ ਅੱਸੂ ੨੦੧੫ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ

ਤਖ਼ਤ ਤਾਜ ਜਗਤ ਨਿਸ਼ਾਨ, ਥਿਰ ਰਹਿਣ ਨਾ ਪਾਈਆ। ਜੁਗ ਜੁਗ ਖੇਲੇ ਖੇਲ ਮਹਾਨ, ਸਮਰਥ ਪੁਰਖ ਵਡਿਆਈਆ। ਸ਼ਾਹੋ ਭੂਪ ਹਰਿ ਮਿਹਰਵਾਨ, ਸਚ ਸਿਕਦਾਰ ਅਖਵਾਈਆ। ਸਤਿ ਸਰੂਪ ਨਿਗਹਬਾਨ, ਸਾਂਤਕ ਸਤਿ ਸਮਾਈਆ। ਜੋਤੀ ਨੂਰ ਨੂਰ ਮਹਾਨ, ਨਿਰਗੁਣ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤ ਇਕ ਅਖਵਾਈਆ। ਜਗਤ ਨਿਸ਼ਾਨਾ ਜਗਤ ਤਾਜ, ਜਗਤ ਦਿਸ ਨਾ ਆਈਆ। ਜਗਤ ਕੁੜਿਆਰਾ ਰਿਹਾ ਭਾਜ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਗਤ ਜੁਗੀਸ਼ਰ ਰੱਖੇ ਲਾਜ, ਜਾਗਰਤ ਜੋਤ ਜਗਾਈਆ। ਜਗਤ ਜੁਗਤ ਰਚੇ ਕਾਜ, ਜੋਗ ਜੁਗਤ ਇਕ ਵਖਾਈਆ। ਲੱਖ ਚੁਰਾਸੀ ਸਾਜਣ ਸਾਜ, ਸਾਚੀ ਬਣਤ ਬਣਾਈਆ। ਅਗੰਮ ਅਗੰਮੜਾ ਮਾਰੇ ਅਵਾਜ, ਅਗੰਮੜਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਏ ਗਵਾਹੀਆ। ਸਚ ਸੁਲਤਾਨਾ ਸ਼ਾਹੋ ਭੂਪ, ਹਰਿ ਹਰਿ ਆਪ ਅਖਵਾਇਆ। ਵੇਖ ਵਖਾਏ ਚਾਰੋਂ ਕੁੰਟ, ਦਹਿ ਦਿਸ਼ਾ ਲੋਆਂ ਪੁਰੀਆਂ ਫੇਰਾ ਪਾਇਆ। ਮਨਮੁਖਾਂ ਹੱਥ ਖ਼ਾਲੀ ਠੂਠਾ, ਮੰਗਣ ਭਿੱਖ ਨਾ ਪਾਇਆ। ਮਾਇਆ ਮਮਤਾ ਜੀਵ ਜਹਾਨੀ ਢੱਠਾ, ਹਉਮੇ ਹੰਗਤਾ ਗੜ੍ਹ ਸੁਹਾਇਆ। ਦਿਵਸ ਰੈਣ ਭੁੱਖਾ ਨੰਗਤਾ, ਘਰ ਘਰ ਅਲੱਖ ਰਿਹਾ ਜਗਾਇਆ। ਲੋਭ ਹੰਕਾਰ ਝੋਲੀ ਰੰਗਦਾ, ਆਸਾ ਤ੍ਰਿਸ਼ਨਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇਆ। ਰਾਜ ਤਾਜ ਜਗਤ ਆਧਾਰ, ਹਰਿ ਹਰਿ ਵਡਿਆਈਆ। ਜੀਵ ਜੰਤ ਸਾਜਣ ਸਾਜ, ਸਾਚੀ ਬਣਤ ਬਣਾਈਆ। ਆਪੇ ਰੱਖਣਹਾਰਾ ਲਾਜ, ਆਪੇ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਵੇਖ ਵਖਾਏ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਵੇਖਣਹਾਰਾ, ਏਕਾ ਏਕੰਕਾਰਿਆ। ਜੋਤ ਸਰੂਪੀ ਭੇਵ ਨਿਆਰਾ, ਭੇਤ ਕੋਈ ਨਾ ਪਾ ਰਿਹਾ। ਸ਼ਬਦੀ ਡੰਕ ਅਪਰ ਅਪਾਰਾ, ਦਿਵਸ ਰੈਣ ਵਜਾ ਰਿਹਾ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਈ ਧਰਾ ਰਿਹਾ। ਰਾਜ ਰਾਜਾਨ ਸ਼ਾਹ ਸੁਲਤਾਨ ਰੋਵਣ ਜ਼ਾਰੋ ਜ਼ਾਰਾ, ਜ਼ਰ ਦਰ ਨਾ ਕੋਈ ਸੁਹਾ ਰਿਹਾ। ਧਰਮ ਕਰਮ ਕਰੇ ਪੁਕਾਰਾ, ਹਰਿ ਕਿਰਤੀ ਮੁਖ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਖ ਵਿਖਾ ਰਿਹਾ। ਜੁਗਾ ਜੁਗੰਤਰ ਏਕਾ ਮੀਤ, ਹਰਿ ਹਰਿ ਆਪ ਅਖਵਾਈਆ । ਆਦਿ ਜੁਗਾਦੀ ਸਾਚੀ ਰੀਤ, ਹਰਿ ਸਾਚਾ ਆਪ ਚਲਾਈਆ। ਕਰੇ ਕਰਾਏ ਪਤਿਤ ਪੁਨੀਤ, ਜਿਸ ਜਨ ਦਇਆ ਕਮਾਈਆ। ਮਾਨਸ ਦੇਹੀ ਜਾਏ ਜੀਤ, ਜੀਉੜਾ ਅਗਨ ਤਤ ਨਾ ਜਲਾਈਆ। ਏਕਾ ਗਾਏ ਸੁਹਾਗੀ ਗੀਤ, ਤ੍ਰਿਸ਼ਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੂਝ ਬੁਝਾਈਆ। ਕਿਰਪਾ ਕਰ ਹਰਿ ਨਿਰੰਕਾਰ, ਹਰਿਜਨ ਆਪ ਜਗਾਇੰਦਾ। ਆਤਮ ਅੰਤਰ ਕਰ ਪਿਆਰ, ਏਕਾ ਬੂਝ ਬੁਝਾਇੰਦਾ। ਜਗਤ ਤ੍ਰਿਸ਼ਨਾ ਤੋੜ ਹੰਕਾਰ, ਮਾਇਆ ਮੋਹ ਚੁਕਾਇੰਦਾ। ਭਰਮੀ ਭਰਮ ਨਾ ਪਾਵੇ ਸਾਰ, ਭਰਮੀ ਭਰਮ ਭੁਲਾਇੰਦਾ। ਗੁਰਮੁਖ ਸੱਜਣ ਢਹਿ ਪਏ ਦਵਾਰ, ਦੂਈ ਦਵੈਤੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਵਟਾਇੰਦਾ। ਵੇਸ ਅਵੱਲਾ ਹਰਿ ਕਰਤਾਰਾ, ਆਪਣਾ ਆਪ ਕਰਾਈਆ। ਅਛਲ ਅਛੱਲ ਖੇਲ ਨਿਆਰ, ਖੇਲੇ ਸ੍ਰਿਸ਼ਟ ਸਬਾਈਆ। ਖੇਵਟ ਖੇਟ ਵੇਖ ਪਾਰ ਕਿਨਾਰ, ਡੂੰਘੀ ਭਵਰੀ ਨੱਯਾ ਰਿਹਾ ਚਲਾਈਆ। ਸਾਗਰ ਡੂੰਘਾ ਵਡ ਸੰਸਾਰ, ਪਾਰ ਕਿਨਾਰਾ ਦਿਸ ਨਾ ਆਈਆ। ਸ੍ਰਿਸ਼ਟ ਸਬਾਈ ਵਸੇ ਮੰਝਧਾਰ, ਸਾਗਰ ਸਿੰਧ ਵਹਾਈਆ। ਗੁਰਮੁਖਾਂ ਦੇਵੇ ਚਰਨ ਪਿਆਰ, ਆਤਮ ਬ੍ਰਹਮ ਜਣਾਈਆ। ਸ਼ਬਦੀ ਧੁਨ ਅਨਾਹਦ ਧਾਰ, ਅਨਹਦ ਰੂਪ ਸਮਾਈਆ। ਤ੍ਰੈ ਲੋਕਾਂ ਦਰਸੀ ਪਾਵੇ ਸਾਰ, ਤਿੰਨਾਂ ਲੋਕਾਂ ਵੇਖ ਵਖਾਈਆ। ਚੌਦਾਂ ਹੱਟਾਂ ਖੋਲ੍ਹ ਕਿਵਾੜ, ਗੁਰਮੁਖਾਂ ਵੰਡ ਵੰਡਾਈਆ। ਲੋਆਂ ਪੁਰੀਆਂ ਪਾਰ ਕਿਨਾਰ, ਸਾਚੇ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਾਤਾ ਮੋਹ ਚੁਕਾਈਆ। ਜਗਤ ਨਾਤਾ ਜਾਏ ਤੁੱਟ, ਮਮਤਾ ਮੋਹ ਚੁਕਾਈਆ । ਆਸਾ ਤ੍ਰਿਸ਼ਨਾ ਜਾਏ ਛੁੱਟ, ਸਗਲਾ ਸੰਗ ਨਾ ਕੋਈ ਵਖਾਈਆ। ਹਉਮੇ ਹੰਗਤਾ ਜੜ੍ਹ ਦੇਵੇ ਪੁੱਟ, ਸਤਿਗੁਰ ਪੂਰੇ ਹੱਥ ਵਡਿਆਈਆ। ਨੇਤਰ ਲੋਚਣ ਨੈਣ ਦਰਸ ਲਾਹਾ ਲੈਣ ਖੱਟ, ਮਾਨਸ ਦੇਹ ਵਡ ਵਡਿਆਈਆ। ਦੂਈ ਦਵੈਤੀ ਕੱਢਣ ਫੱਟ, ਏਕਾ ਧਰਮ ਰਖਾਈਆ। ਅੰਮ੍ਰਿਤ ਆਤਮ ਪੀਣਾ ਗਟ ਗਟ, ਦੁਰਮਤ ਮੈਲ ਗਵਾਈਆ। ਤਨ ਨਗਾਰੇ ਲਾਏ ਚੋਟ, ਸ਼ਬਦੀ ਸ਼ਬਦ ਉਪਾਈਆ। ਪੰਚ ਵਿਕਾਰਾ ਕੱਢੇ ਖੋਟ, ਨਿਰਮਲ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਏਕਾ ਬੂਝ ਬੁਝਾਈਆ। ਗੁਰਮੁਖ ਸੱਜਣ ਸੱਚਾ ਸ਼ਾਹ, ਸਤਿਗੁਰ ਆਪ ਸਮਾਇਆ। ਜਗਤ ਵਿਚੋਲਾ ਬੇਪਰਵਾਹ, ਗੁਰ ਸ਼ਬਦੀ ਨਾਉਂ ਧਰਾਇਆ। ਦੇਵਣਹਾਰਾ ਇਕ ਸਲਾਹ, ਦੂਜਾ ਦਰ ਨਾ ਕੋਈ ਵਖਾਇਆ। ਤੀਜੇ ਨੇਤਰ ਪਾਵੇ ਰਾਹ, ਚੌਥੇ ਪਦ ਟਿਕਾਇਆ। ਪੰਚਮ ਮੇਲਾ ਸਹਿਜ ਸੁਭਾ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਇਆ। ਹਰਿ ਸੱਜਣ ਰੰਗ ਰੱਤਿਆ, ਰਾਮ ਰਤਨ ਅਪਾਰ। ਆਪੇ ਦੇ ਸਮਝਾਵੇ ਮੱਤਿਆ, ਪੂਰਨ ਕਿਰਪਾ ਧਾਰ। ਚਰਨ ਕਵਲ ਬੰਧਾਏ ਨਤਿਆ, ਬਖ਼ਸ਼ੇ ਇਕ ਪਿਆਰ। ਪੰਚਮ ਵਿਕਾਰਾ ਕਰੇ ਹੱਤਿਆ, ਪੰਚਮ ਦੇਵੇ ਮਾਰ। ਆਪ ਜਗਾਏ ਚੇਤਨ ਸਤਿਆ, ਚੇਤਨ ਰੂਪ ਕਰਤਾਰ। ਨੇਤਨ ਨੇਤਨ ਹੋ ਹੋ ਵਸਿਆ, ਦੂਰ ਦੁਰਾਡਾ ਪੰਧ ਨਿਵਾਰ। ਹਰਿਸੰਗਤ ਦਵਾਰੇ ਆਵੇ ਨੱਸਿਆ, ਆਦਿ ਜੁਗਾਦੀ ਸਾਚੀ ਕਾਰ। ਤੀਰ ਨਿਰਾਲਾ ਏਕਾ ਕਸਿਆ, ਸ਼ਬਦ ਸਰੂਪੀ ਨਾਮ ਕਮਾਨ। ਮੇਟੇ ਰੈਣ ਅੰਧੇਰੀ ਮੱਸਿਆ, ਸਚ ਸੁੱਚ ਕਰੇ ਪਰਧਾਨ। ਧੁਰਦਰਗਾਹੀ ਆਏ ਨੱਸਿਆ, ਗੁਰਮੁਖ ਸਾਚੇ ਲਏ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਭਗਤੀ ਰਾਹ ਏਕਾ ਦੱਸਿਆ ਆਪਣਾ ਦੇਵੇ ਨਾਮ ਨਿਸ਼ਾਨ। ਭਗਤ ਮੀਤਾ ਆਦਿ ਨਿਰੰਜਣ, ਆਦਿ ਪੁਰਖ ਅਬਿਨਾਸ਼ਿਆ। ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਵਿਨਾਸਿਆ। ਸਖਾ ਸੁਹੇਲਾ ਸਾਚਾ ਸੱਜਣ, ਹਰ ਘਟ ਅੰਦਰ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਦਾਨ, ਚਰਨ ਕਵਲ ਸੱਚਾ ਭਰਵਾਸਿਆ। ਚਰਨ ਕਵਲ ਸਾਚੀ ਓਟ, ਹਰਿਜਨ ਆਪ ਰਖਾਇੰਦਾ। ਮਾਇਆ ਮਮਤਾ ਕੱਢੇ ਖੋਟ, ਦੁਰਮਤ ਮੈਲ ਗਵਾਇੰਦਾ। ਇਕ ਵਖਾਏ ਸਾਚੀ ਪੋਟ, ਨਾਮ ਪਾਸ ਹੱਥ ਫੜਾਇੰਦਾ। ਜਗਤ ਸਾਗਰ ਤਰਸ਼ਨ ਕੋਟੀ ਕੋਟ, ਹੱਥ ਕਿਸੇ ਨਾ ਆਇੰਦਾ। ਲੱਖ ਚੁਰਾਸੀ ਆਲਣਿਉਂ ਡਿੱਗੇ ਬੋਟ, ਫੜ ਕੋਈ ਨਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਮੰਤਰ ਦੇਵੇ ਨਾਮ ਨਿਧਾਨ, ਜਗਤ ਨਿਧਾਨਾ ਆਪ ਅਖਵਾਇੰਦਾ। ਜਗਤ ਨਿਧਾਨਾ ਹਰਿ  ਭਗਵੰਤ, ਜਗਤ ਨੇਤਰ ਬੰਦ ਕਰਾਈਆ। ਆਪੇ ਜਾਣੇ ਆਪਣੀ ਬਣ਼ਤ, ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖਾਂ ਧੀਰਜ ਦੇਵੇ ਸਾਚੇ ਸੰਤ, ਸਦ ਭਾਣੇ ਵਿਚ ਸਮਾਈਆ। ਮਨਮੁਖਾਂ ਆਪਣੀ ਮਾਇਆ ਪਾਏ ਬੇਅੰਤ, ਜੀਵ ਜੰਤ ਸਰਬ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਰੰਗ ਰੰਗਾਏ ਹਰਿ ਅਵੱਲਾ, ਰੰਗੇ ਰੰਗ ਅਮੋਲ। ਖੇਲੇ ਖੇਲ ਇਕ ਇਕੱਲਾ, ਸ੍ਰਿਸ਼ਟ ਸਬਾਈ ਤੋਲੇ ਤੋਲ। ਵੇਖ ਵਖਾਏ ਜਲਾ ਥਲਾ, ਉਚੇ ਪਰਬਤ ਵੇਖ ਅਡੋਲ। ਕਰੇ ਖੇਲ ਘੜੀ ਘੜੀ ਪਲ ਪਲਾ, ਸ਼ਬਦ ਜੈਕਾਰਾ ਏਕਾ ਬੋਲ। ਸ਼ਬਦ ਗੁਰ ਕਰਨਹਾਰਾ ਹੱਲਾ, ਸ੍ਰਿਸ਼ਟ ਸਬਾਈ ਵੇਖੇ ਕੋਲ। ਹਰਿਜਨ ਤੇਰਾ ਭਾਰਾ ਪੱਲਾ, ਹਰਿ ਵਸਿਆ ਸਦਾ ਕੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਦਰ, ਸਚ ਦਵਾਰਾ ਆਪੇ ਖੋਲ੍ਹ। ਖੁਲ੍ਹਾ ਦਰ ਹਰਿ ਦਰਵਾਜ਼ਾ, ਆਪਣੀ ਦਇਆ ਕਮਾਈਆ। ਮੇਲ ਮਿਲਾਏ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਸ਼ਬਦੀ ਦੇਵੇ ਸਾਚਾ ਦਾਜਾ, ਸੁਰਤੀ ਗੰਢ ਬੰਧਾਈਆ। ਆਤਮ ਅੰਤਰ ਰਚਿਆ ਕਾਜਾ, ਪਾਰਬ੍ਰਹਮ ਕੁੜਮਾਈਆ। ਆਪਣੀ ਮਾਰੇ ਆਪੇ ਵਾਜਾ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹੰਜਣਾ ਏਕਾ ਧਾਮ ਸੁਹਾਈਆ । ਏਕਾ ਧਾਮ ਧੁਰ ਦਰਗਾਹ, ਹਰਿ ਹਰਿ ਆਪ ਸਮਾਇੰਦਾ। ਦੂਸਰ ਕੋਈ ਦਿਸੇ ਨਾ, ਨਾ ਕੋਈ ਸੰਗ ਰਖਾਇੰਦਾ। ਨਾ ਕੋਈ ਪਕੜੇ ਕਿਸੇ ਬਾਂਹ, ਨਾ ਕੋਈ ਕੋਲ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਵਰਭੰਡੀ ਵੇਖ ਵਖਾਇੰਦਾ। ਵਰਭੰਡੀ ਤੇਰਾ ਜਗਤ ਤੋਲ, ਹਰਿ ਕੰਡੇ ਨਾਮ ਤੁਲਾਇਆ। ਸ਼ਬਦ ਜੈਕਾਰਾ ਏਕਾ ਬੋਲ, ਚੰਡ ਪ੍ਰਚੰਡ ਆਪ ਅਖਵਾਇਆ। ਨਾਮ ਮਰਦੰਗਾ ਵੱਜੇ ਢੋਲ, ਹਰ ਘਟ ਆਪ ਰਿਹਾ ਸੁਣਾਇਆ। ਤੇਰੇ ਖੇਲੇ ਹੌਲੀ ਹੌਲ, ਆਪ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਥ ਚਲਾਇਆ। ਰਥ ਰਥਵਾਹੀ ਹਰਿ ਸਮਰਥ, ਆਪਣਾ ਰਥ ਚਲਾਇੰਦਾ। ਮਹਿਮਾ ਅਗਣਤ ਅਗਣਤਾ ਕਥਨਾ ਅਕਥ, ਕਥ ਨਾ ਕੋਈ ਕਥਾਇੰਦਾ। ਰਾਜ ਰਾਜਾਨਾ ਪਾਏ ਨੱਥ, ਏਕਾ ਡੋਰੀ ਹੱਥ ਰਖਾਇੰਦਾ। ਖੇਲੇ ਖੇਲ ਅਠਸਠ, ਅਠਸਠ ਫੇਰੀ ਪਾਇੰਦਾ। ਤਖ਼ਤ ਤਾਜ ਕਰੇ ਭੱਠ, ਜਗਤ ਸਿੰਘਾਸਣ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪੁਰਖ ਅਬਿਨਾਸ਼ਣ, ਕਰਤਾ ਪੁਰਖ ਆਪ ਅਖਵਾਇੰਦਾ। ਕਰਤਾ ਪੁਰਖ ਸਰਬ ਗੁਣ ਠਾਕਰ, ਨਿਰਭੈ ਰੂਪ ਸਮਾਇਆ। ਜਨ ਭਗਤ ਕਰੇ ਕਰਮ ਉਜਾਗਰ, ਏਕਾ ਨਾਮ ਦਿੜ੍ਰਾਇਆ। ਵਣਜ ਕਰਾਏ ਸਚ ਸੌਦਾਗਰ, ਨਾਮ ਖ਼ਜ਼ਾਨਾ ਇਕ ਲੁਟਾਇਆ। ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਤਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਜਗਾਇਆ। ਉਠ ਜਾਗ ਜਗਤ ਨਿਧਾਨ, ਹਰਿ ਸਾਚੇ ਵਡ ਵਡਿਆਈਆ। ਖੇਲੇ ਖੇਲ ਦੋ ਜਹਾਨ, ਭੇਵ ਅਭੇਦ ਛੁਪਾਈਆ। ਜੋਤੀ ਨੂਰ ਜੋਤ ਮਹਾਨ, ਜੋਤੀ ਜੋਤ ਉਪਾਈਆ। ਜੋਧਾ ਸੂਰਬੀਰ ਬਲਵਾਨ, ਸ਼ਬਦੀ ਨਾਉਂ ਰਖਾਈਆ। ਸਚ ਸੁੱਚ ਉਠਾਏ ਇਕ ਨਿਸ਼ਾਨ, ਭਰਮੀ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਨਾਮ ਦਾਤ ਝੋਲੀ ਪਾਈਆ। ਨਾਮ ਵਰ ਸਾਚਾ ਪਾਇਆ, ਦਰ ਪਾਇਆ ਪੁਰਖ ਅਗੰਮਾ। ਧੁਰਦਰਗਾਹੀ ਮਿਲਿਆ ਵਰ, ਪੂਰਨ ਹੋਇਆ ਕਮਾ। ਆਵਣ ਜਾਵਣ ਚੁੱਕਿਆ ਡਰ, ਨਾ ਮਰਿਆ ਨਾ ਜੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰਾ, ਗੁਰਮੁਖ ਤੇਰਾ ਤਮਾ। ਤਮਾ ਤ੍ਰਿਸ਼ਨਾ ਜਗਤ ਚਾਟੜੀ, ਦਿਵਸ ਰੈਣ ਰਹੀ ਕੁਰਲਾਈਆ। ਜਨ ਭਗਤਾਂ ਕਰੇ ਹਰਿ ਸਾਚਾ ਰਾਖੜੀ, ਅੱਠੇ ਪਹਿਰ ਸੇਵ ਕਮਾਈਆ। ਜਗਤ ਤ੍ਰਿਸ਼ਨਾ ਜਾਏ ਨਾਠੜੀ, ਦਰ ਦਵਾਰ ਮੁਖ ਸ਼ਰਮਾਈਆ। ਏਕਾ ਜਾਣੇ ਪੂਜਾ ਪਾਠੜੀ, ਪੂਰਬ ਦਿਸ਼ਾ ਵਖਾਈਆ। ਲਾਲ ਵਿਰੋਲੇ ਕਾਇਆ ਗਾਠੜੀ, ਆਪਣੀ ਗੰਢ ਵਖਾਈਆ। ਆਪੇ ਹੋਏ ਚਾਤਰੀ, ਵਰਨ ਬਰਨ ਨਾ ਕੋਈ ਰਖਾਈਆ। ਮਿਟੇ ਰੈਣ ਅੰਧੇਰ ਰਾਤੜੀ, ਸਾਚਾ ਚੰਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਸੁਹਾਈਆ। ਏਕਾ ਦਰ ਸਾਚਾ ਘਰ, ਸਾਚਾ ਆਪ ਰਖਾਇੰਦਾ। ਹਰਿਜਨ ਮੰਗੇ ਏਕਾ ਵਰ, ਦੂਜਾ ਦਰ ਨਾ ਕੋਈ ਪਾਇੰਦਾ। ਤੀਜੇ ਲੋਚਣ ਦਰਸ ਕਰ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਚੌਥੇ ਮੰਦਰ ਆਪੇ ਵੜ, ਆਪਣਾ ਧਾਮ ਸੁਹਾਇੰਦਾ । ਪੰਚਮ ਮੀਤਾ ਪੰਚਮ ਪਿਆਰਾ ਆਪੇ ਕਰ, ਪੰਚਮ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵੇਖੇ ਸਾਚਾ ਘਰ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਕੰਚਨ ਗੜ੍ਹ ਸਾਚੀ ਲੰਕਾ, ਰਾਵਣ ਮਨ ਬਣਾਈਆ। ਦਿਵਸ ਰੈਣ ਵਜਾਏ ਡੰਕਾ, ਪੰਚਾਂ ਨਾਲ ਰਲਾਈਆ। ਆਵੇ ਜਾਵੇ ਬਾਰ ਅਨਕਾ, ਅਨਕ ਬਾਰ ਸਹਾਈਆ। ਲੱਖ ਚੁਰਾਸੀ ਜੀਵ ਜੰਤਾ, ਦਿਵਸ ਰੈਣ ਰਿਹਾ ਤੜਫਾਈਆ। ਨਾਨਕ ਗੋਬਿੰਦ ਬਣਿਆ ਮੰਗਤਾ, ਪ੍ਰਭ ਅੱਗੇ ਝੋਲੀ ਡਾਹੀਆ। ਰੋਗ ਨਿਵਾਰੇ ਸਾਚੀ ਸੰਗਤਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਤੇਰਾ ਸਾਚਾ ਘਰ, ਰਾਮਾ ਰਾਮ ਰੂਪ ਸਮਾਈਆ । ਲੰਕਾ ਗੜ੍ਹ ਤੁੱਟੇ ਹੰਕਾਰ, ਹਰਿਜਨ ਵੱਜੇ ਵਧਾਈਆ। ਰਾਮਾ ਸੀਤਾ ਸੁਰਤੀ ਕਰ ਪਿਆਰ, ਆਪਣੇ ਦਰ ਦਏ ਬਹਾਈਆ। ਅਕਾਲ ਮੂਰਤੀ ਇਕ ਨਿਰੰਕਾਰ, ਨਿਰਗੁਣ ਰੂਪ ਸਮਾਈਆ। ਧਰਤ ਧਵਲ ਨਾ ਕੋਈ ਪਸਾਰ, ਜਲ ਬਿੰਬ ਨਾ ਕੋਈ ਉਪਾਈਆ। ਖਾਣੀ ਬਾਣੀ ਨਾ ਕੋਈ ਅਧਾਰ, ਜੇਰਜ ਅੰਡ ਉਤਭੁਜ ਸੇਤਜ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੁਹਾਏ ਸਾਚਾ ਘਰ, ਘਰ ਸਾਚਾ ਵੇਖ ਵਖਾਈਆ। ਕੰਚਨ ਗੜ੍ਹ ਸਾਚਾ ਮੰਦਰ, ਹਰਿ ਹਰਿ ਆਪ ਸੁਹਾਇਆ। ਰਾਮ ਰਾਮਾ ਵਸਿਆ ਅੰਦਰ, ਅੰਦਰ ਮੰਦਰ ਕੁੰਡਾ ਲਾਹਿਆ। ਆਪੇ ਤੋੜਣਹਾਰਾ ਜੰਦਰ, ਸ਼ਬਦ ਖੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਇਕ ਸੁਹਾਇਆ। ਬੰਕ ਦਵਾਰ ਸੁਰਤ ਗਿਆਨ, ਸ਼ਬਦੀ ਬਣਤ ਬਣਾਈਆ। ਸ਼ਾਹ ਭਬੀਖ਼ਣ ਕਰ ਪਛਾਣ, ਗੁਰਮੁਖ ਨਾਉਂ ਰਖਾਈਆ। ਮੇਲ ਮਿਲਾਵਾ ਵਿਚ ਜਹਾਨ, ਸੱਤਿਆ ਸੱਤਿਆ ਵਿਚ ਟਿਕਾਈਆ। ਦੇਵੇ ਮੱਤ ਧੁਰ ਫ਼ਰਮਾਣ, ਏਕਾ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਉਪਾਈਆ। ਸਾਚਾ ਘਰ ਉਚ ਮੁਨਾਰਾ, ਹਰਿ ਹਰਿ ਆਪ ਸੁਹਾਇਆ। ਰਾਮ ਰੂਪ ਲਏ ਅਵਤਾਰਾ, ਰਘਵੰਸਾ ਨਾਉਂ ਰਖਾਇਆ। ਸਮੁੰਦਰ ਸੀ ਖਾਈ ਚਾਰ ਦਵਾਰਾ, ਆਪਣਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਅੱਗੇ ਖੜ੍ਹ, ਦੂਰ ਦੁਰਾਡਾ ਨੇੜੇ ਆਇਆ। ਰਾਵਣ ਗੜ੍ਹ ਅਪਰ ਅਪਾਰਾ, ਕਲਜੁਗ ਆਪ ਬਣਾਈਆ। ਚਾਰੋਂ ਕੁੰਟ ਸਮੁੰਦ ਖਾਰਾ, ਚੌਥਾ ਜੁਗ ਵੱਡੀ ਵਡਿਆਈਆ। ਅੰਦਰ ਵਸਿਆ ਕਾਮ ਕਰੋਧ ਲੋਭ ਮੋਹ ਹੰਕਾਰਾ, ਸੈਨਾਪਤੀ ਮਨ ਅਖਵਾਈਆ। ਬੁੱਧੀ ਰੋਵੇ ਖੜ ਦਵਾਰਾ, ਨੇਤਰ ਨੈਣ ਨੀਰ ਵਹਾਈਆ। ਮਤ ਮਤਵਾਲੀ ਢਹਿ ਪਏ ਦਵਾਰਾ, ਧੀਰਜ ਧੀਰ ਨਾ ਕੋਈ ਰਖਾਈਆ। ਸ਼ਾਹ ਭਬੀਖ਼ਣ ਮੀਤ ਮੁਰਾਰਾ, ਗੁਰਸਿਖ ਗੁਰਮੁਖ ਆਸਾ ਆਪ ਉਠਾਈਆ। ਪਾਰਬ੍ਰਹਮ ਪ੍ਰਭ ਆਏ ਦਵਾਰਾ, ਏਕਾ ਸ਼ਬਦ ਅਲਾਈਆ। ਅਲੱਖ ਨਿਰੰਜਣ ਲਏ ਅਵਤਾਰਾ, ਲੋਕਮਾਤ ਵੇਖ ਵਖਾਈਆ। ਸੰਮਤ ਸੰਮਤੀ ਪਾਵੇ ਸਾਰਾ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਰਚਾਈਆ। ਗੁਰਸਿਖ ਤੇਰਾ ਸੱਚਾ ਪਾਸ, ਹਰਿ ਸਾਚੇ ਹੱਥ ਰਖਾਇਆ। ਸਤਿਗੁਰ ਪੂਰਾ ਮਨਮੁਖਤਾ ਨਾ ਹੋਇਆ ਕਦੇ ਦਾਸ, ਨਾ ਅੱਗੇ ਸੀਸ ਝੁਕਾਇਆ। ਨਿਝ ਆਤਮ ਰੱਖਣਹਾਰਾ ਵਾਸ, ਸੋ ਕਿਉਂ ਮਨੋ ਭੁਲਾਇਆ। ਜੋਤੀ ਨੂਰ ਕਰ ਪਰਕਾਸ਼, ਲੋਕਮਾਤ ਉਠ ਧਾਇਆ। ਆਦਿ ਅੰਤ ਨਾ ਹੋਏ ਵਿਨਾਸ, ਲੋਆਂ ਪੁਰੀਆਂ ਫੇਰਾ ਪਾਇਆ। ਸ਼ਬਦ ਡੋਰੀ ਵਿਚ ਆਕਾਸ਼, ਗਗਨ ਪਤਾਲਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਉਲਟੀ ਰਾਸ, ਆਪਣਾ ਮੰਡਲ ਦਏ ਸੁਹਾਇਆ। ਜਗਤ ਕਿਨਾਰਾ ਔਖਾ ਘਾਟ, ਹਰਿ ਹਰਿ ਆਪ ਰਖਾਇੰਦਾ। ਗੁਰਸਿਖ ਵਿਕੇ ਨਾ ਕਿਸੇ ਹਾਟ, ਨਾ ਕੋਈ ਮੁੱਲ ਪਵਾਇੰਦਾ। ਆਪਣਾ ਰਸ ਲਏ ਚਾਟ, ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਅਵਤਾਰ ਹਰਿ ਦਾਤਾਰ, ਜੋਤੀ ਧਾਰ ਸ਼ਬਦੀ ਪਿਆਰ ਵਿਚ ਸੰਸਾਰ, ਆਪਣੀ ਰਚਨ ਰਚਾਇੰਦਾ। ਕਵਣ ਲੰਕਾ ਕਵਣ ਗੜ੍ਹ, ਕਵਣ ਡੰਕ ਵਜਾਈਆ। ਕਵਣ ਵੇਖੇ ਉਪਰ ਖੜ, ਕਵਣ ਅੰਦਰ ਡੇਰਾ ਲਾਈਆ। ਕਵਣ ਹਨਵੰਤਾ ਅਗਨੀ ਗਿਆ ਸੜ, ਕਵਣ ਤਤ ਜਲਾਈਆ। ਕਵਣ ਰਾਮਾ ਲਿਆ ਫੜ, ਕਵਣ ਸੀਸ ਟਿਕਾਈਆ। ਕਵਣ ਵਿਦਿਆ ਗਿਆ ਪੜ੍ਹ, ਕਵਣ ਵੇਦ ਸੁਣਾਈਆ। ਕਵਣ ਸ਼ਾਸਤਰ ਰਿਹਾ ਲੜ, ਕਵਣ ਭੇਦ ਖੁਲ੍ਹਾਈਆ। ਕਵਣ ਅਸਤਰ ਤੋੜੇ ਗੜ੍ਹ, ਕਵਣ ਚੱਕਰ ਚਲਾਈਆ। ਕਵਣ ਉਖੇੜੇ ਲੱਗੀ ਜੜ੍ਹ, ਕਵਣ ਮੇਟ ਮਿਟਾਈਆ। ਕਵਣ ਲਹਿਣਾ ਦੇਣਾ ਚੁਕਾਏ ਸੀਸ ਧੜ, ਕਵਣ ਪੰਜ ਤਤ ਮਿਟਾਈਆ। ਕਵਣ ਦੂਰ ਦੁਰਾਡਾ ਵੇਖੇ ਖੜ, ਕਵਣ ਸਨਮੁਖ ਕਰੇ ਲੜਾਈਆ। ਕਵਣ ਹੱਥੋ ਹੱਥੀ ਲਏ ਫੜ, ਕਵਣ ਕਮੰਦ ਉਠਾਈਆ। ਕਵਣ ਅੱਗੇ ਰਿਹਾ ਅੜ, ਕਵਣ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਖੇਲ, ਭੇਵ ਕੋਈ ਨਾ ਪਾਈਆ। ਜਗਤ ਖੇਲ ਕਰ ਤਿਆਰ, ਜਗਤ ਰਿਹਾ ਭੁਲਾਈਆ। ਜਗਤ ਵੇਖੇ ਜਗਤ ਨਿਆਰ, ਜਗਤ ਸਾਗਰ ਜਗਤ ਤਰਾਈਆ। ਜਗਤ ਡੁੱਬਾ ਵਿਚ ਮੰਝਧਾਰ, ਜਗਤ ਰਿਹਾ ਰੁੜਾਈਆ। ਜਗਤ ਦਏ ਨਾ ਕੋਈ ਸਹਾਰ, ਜਗਤ ਨਾ ਪਾਰ ਕਰਾਈਆ। ਜਗਤ ਰੋਵੇ ਜ਼ਾਰੋ ਜ਼ਾਰ, ਬਿਨ ਗੁਰ ਜੁਗਤ ਕਿਸੇ ਹੱਥ ਨਾ ਆਈਆ। ਕਲਜੁਗ ਅੰਤਮ ਲਏ ਅਵਤਾਰ, ਸਮਰਥ ਪੁਰਖ ਕਰੇ ਮਾਤ ਲੜਾਈਆ। ਸ਼ਬਦ ਖੰਡਾ ਤੇਜ਼ ਕਟਾਰ, ਹੱਥ ਫੜਿਆ ਧੁਰਦਰਗਾਹੀਆ। ਤੁਟੇ ਗੜ੍ਹ ਲੰਕਾ ਹੰਕਾਰਾ, ਚਾਰ ਦਿਵਾਰ ਰਹਿਣ ਨਾ ਪਾਈਆ। ਗੁਰਸਿਖਾਂ ਕਰੇ ਤਨ ਸ਼ਿੰਗਾਰ, ਜੋ ਜਨ ਸੰਗ ਨਿਭਾਈਆ। ਖੇਲੇ ਖੇਲ ਅਗੰਮ ਅਪਾਰ, ਇਕ ਇਕੱਲਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਨਿਰਗੁਣ ਆਪ ਅਖਵਾਈਆ। ਨਿਰਗੁਣ ਕਾਰੇ ਆਪੇ ਲਾ, ਨਿਰਗੁਣ ਕਰਮ ਕਮਾਇਆ। ਨਿਰਗੁਣ ਵੇਖੇ ਥਾਉਂ ਥਾਂ, ਨਿਰਗੁਣ ਡੇਰਾ ਲਾਇਆ। ਨਿਰਗੁਣ ਪਕੜਣਹਾਰਾ  ਬਾਂਹ, ਨਿਰਗੁਣ ਦਿਸ ਕਿਸੇ ਨਾ ਆਇਆ। ਨਿਰਗੁਣ ਕਰਨਹਾਰਾ ਠੰਡੀ ਛਾਂ, ਨਿਰਗੁਣ ਬੈਠਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲਣਹਾਰ ਆਪ ਕਰਤਾਰ, ਜੁਗ ਜੁਗ ਆਪਣੀ ਖੇਲ ਖਿਲਾਇਆ।