Granth 07 Likhat 027: 19 Faggan 2014 Bikarmi Bishan Singh de Ghar Gurgaon

੧੯ ਫੱਗਣ ੨੦੧੪ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ

ਭਗਤਨ ਹਰਿ ਰੰਗ ਰਤੜਾ, ਸਦਾ ਸੁਹੇਲਾ ਮੀਤ। ਦੇਵੇ ਨਾਮ ਜਗਤ ਜੁਗ ਵੱਖਰਾ, ਬਖ਼ਸ਼ੇ ਚਰਨ ਪ੍ਰੀਤ। ਬਜਰ ਕਪਾਟੀ ਤੋੜੇ ਪੱਥਰਾ, ਕਾਇਆ ਠਾਂਡੀ ਸੀਤ। ਪੰਚ ਵਿਕਾਰਾ ਲੱਥੇ ਸਥਰਾ, ਨਾਦੀ ਸ਼ਬਦ ਸੁਣਾਏ ਸੁਹਾਗੀ ਗੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰੀਤ। ਹਰਿਜਨ ਹਰਿ ਹਰਿ ਪੇਖਿਆ, ਪਾਇਆ ਪਾਰਬ੍ਰਹਮ ਬੇਅੰਤ। ਲੇਖਾ ਲਿਖਤ ਕਿਸੇ ਨਾ ਲੇਖਿਆ, ਗਾ ਗਾ ਥੱਕੇ ਸਾਧ ਸੰਤ। ਜੁਗ ਜੁਗ ਧਾਰੇ ਆਪਣਾ ਭੇਖਿਆ, ਖੇਲੇ ਖੇਲ ਆਦਿ ਅੰਤ। ਆਪਣੀ ਆਪੇ ਜਾਣੇ ਪਰੀਖਿਆ, ਜਗ ਮਾਇਆ ਪਾਏ ਬੇਅੰਤ। ਜਨ ਭਗਤਾਂ ਜਣਾਈ ਸਾਚੀ ਸੀਖਿਆ, ਮੇਲ ਮਿਲਾਵਾ ਨਾਰੀ ਕੰਤ। ਦਰ ਦਵਾਰੇ ਦੇਵੇ ਸਾਚੀ ਭੀਖਿਆ, ਨਾਮ ਚੋਲੀ ਚਾੜ੍ਹੇ ਰੰਗ ਬਸੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਦਿ ਅੰਤ। ਆਦਿ ਅੰਤ ਹਰਿ ਭਗਵਾਨਾ, ਘਟ ਘਟ ਆਪ ਸਮਾਇਆ। ਜੁਗ ਜੁਗ ਖੇਲੇ ਖੇਲ ਮਹਾਨਾ, ਤੀਰਥ ਤਟ ਵੇਖ ਵਖਾਇਆ। ਸ਼ਬਦ ਉਡਾਏ ਇਕ ਬਿਬਾਨਾ, ਲੋਆਂ ਪੁਰੀਆਂ ਫੇਰਾ ਪਾਇਆ। ਧੁਰਦਰਗਾਹੀ ਸਾਚਾ ਰਾਣਾ, ਸਾਚੀ ਕਰਨੀ ਰਿਹਾ ਕਮਾਇਆ। ਸਾਚੇ ਤਖ਼ਤ ਬੈਠ ਸ਼ਾਹ ਸੁਲਤਾਨਾ, ਸਾਚਾ ਧਰਮ ਰਿਹਾ ਧਰਾਇਆ। ਸ਼ਬਦ ਸਰੂਪੀ ਧੁਰ ਫ਼ਰਮਾਣਾ, ਦੋ ਜਹਾਨਾ ਰਿਹਾ ਸੁਣਾਇਆ। ਲੱਖ ਚੁਰਾਸੀ ਆਪ ਪਾਏ ਆਪਣੀ ਆਣਾ, ਆਪਣੇ ਭਾਣੇ ਵਿਚ ਰਖਾਇਆ। ਜਨ ਭਗਤਾਂ ਦੇਵੇ ਸਾਚਾ ਮਾਣਾ, ਮਾਇਆ ਮਮਤਾ ਮੋਹ ਚੁਕਾਇਆ। ਨੇਤਰ ਨੈਣ ਨਾਮ ਕੱਜਲ ਏਕਾ ਪਾਣਾ, ਦੁਰਮਤ ਮੈਲ ਦਏ ਗਵਾਇਆ। ਸਤਿ ਸਰੂਪੀ ਤਨ ਪਹਿਨਾਏ ਸਾਚਾ ਬਾਣਾ, ਉਤਰ ਕਦੇ ਨਾ ਜਾਇਆ। ਮੂਰਖ ਮੂੜ ਬਣਾਏ ਚਤੁਰ ਸੁਘੜ ਸਿਆਣਾ, ਆਪ ਆਪਣਾ ਤਰਸ ਕਮਾਇਆ। ਧੁਨ ਅਨਾਦੀ ਸ਼ਬਦ ਬ੍ਰਹਿਮਾਦੀ ਆਪ ਸੁਣਾਏ ਸਾਚਾ ਗਾਣਾ, ਏਕਾ ਰਾਗ ਅਲਾਇਆ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਹਰਿਜਨ ਮੇਲਾ ਹਰਿ ਗੋਬਿੰਦਾ, ਹਰਿ ਹਰਿ ਰੂਪ ਸਮਾਇਆ। ਮੇਟ ਮਿਟਾਏ ਸਗਲੀ ਚਿੰਦਾ, ਚਿੰਤਾ ਚਿਖਾ ਰਹਿਣ ਨਾ ਪਾਇਆ। ਦਾਤਾ ਦਾਨੀ ਵਡ ਬਖ਼ਸ਼ਿੰਦਾ, ਹਰਿਜਨ ਸਾਚੇ ਲਏ ਤਰਾਇਆ। ਸਾਚਾ ਧਾਮ ਇਕ ਵਖੰਦਾ, ਥਿਰ ਘਰ ਨਾਉਂ ਧਰਾਇਆ। ਸ਼ਬਦ ਅਨਾਦੀ ਆਪੇ ਕਹਿੰਦਾ, ਰਸਨਾ ਜੇਹਵਾ ਨਾ ਕੋਈ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਲਏ ਮਿਲਾਇਆ। ਹਰਿਜਨ ਮੇਲਾ ਹਰਿ ਕਰਤਾਰ, ਹਰਿ ਹਰਿ ਰੂਪ ਮਿਲਾਇਆ। ਆਪ ਆਪਣੀ ਕਿਰਪਾ ਧਾਰ, ਆਤਮ ਦੇਵੇ ਬ੍ਰਹਮ ਜਣਾਇਆ। ਏਕਾ ਬਖ਼ਸ਼ੇ ਸਚ ਪਿਆਰ, ਏਕਾ ਕਰਮ ਕਮਾਇਆ। ਏਕਾ ਧਰਮੀ ਧਰਮ ਬੰਨੇ ਧਾਰ, ਧਰਤ ਧਵਲ ਸੁਹਾਇਆ। ਮਰੇ ਨਾ ਜੰਮੇ ਵਿਚ ਸੰਸਾਰ, ਆਵਣ ਜਾਵਣ ਖੇਲ ਰਚਾਇਆ। ਜੀਵਾਂ ਜੰਤਾਂ ਸਾਧਾਂ ਸੰਤਾਂ ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਮੰਦਰ ਅੰਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਹੋਏ ਸੁਹਾਇਆ। ਹਰਿਜਨ ਸਾਚੇ ਸਾਜਨ ਪਾਇਆ, ਹਰਿ ਸਤਿਗੁਰ ਗਹਿਰ ਗੰਭੀਰ। ਨਾਦ ਅਨਾਦੀ ਇਕ ਵਜਾਇਆ, ਕਟੇ ਹਉਮੇ ਪੀੜ। ਬ੍ਰਹਮ ਬ੍ਰਹਿਮਾਦੀ ਖੋਜ ਖੋਜਾਇਆ, ਵੇਖੇ ਚੋਟੀ ਚੜ੍ਹ ਅਖ਼ੀਰ। ਬੋਧ ਅਗਾਧੀ ਸ਼ਬਦ ਜਣਾਇਆ, ਸਤਿ ਸੰਤੋਖੀ ਦੇਵੇ ਧੀਰ। ਮੋਹਣ ਮਾਧਵ ਮਾਧੀ ਮੇਲ ਮਿਲਾਇਆ, ਅੰਮ੍ਰਿਤ ਬਖ਼ਸ਼ੇ ਸਾਚਾ ਸੀਰ। ਆਦਿ ਜੁਗਾਦੀ ਭੇਖ ਵਟਾਇਆ, ਆਪੇ ਸ਼ਾਹ ਆਪੇ ਫ਼ਕੀਰ। ਜੁਗ ਜੁਗ ਲੇਖਾ ਆਪਣੇ ਹੱਥ ਰਖਾਇਆ, ਵੇਖ ਵਖਾਏ ਸੰਤ ਫ਼ਕੀਰ। ਕੇਸਾਧਾਰੀ ਭਰਮ ਨਾ ਰਾਇਆ, ਮੂੰਡ ਮੁੰਡਾਏ ਲਾਏ ਤੀਰ। ਵਰਨ ਗੋਤ ਨਾ ਕੋਈ ਰਖਾਇਆ, ਪੰਜ ਤਤ ਨਾ ਦਿਸੇ ਕੋਈ ਸਰੀਰ। ਤ੍ਰੈਗੁਣ ਮਾਇਆ ਨਾ ਸੰਗ ਰਲਾਇਆ, ਮਨ ਮਤ ਬੁਧ ਨਾ ਬੰਨੇ ਧੀਰ। ਰਕਤ ਬੂੰਦ ਨਾ ਕੋਇ ਰਖਾਇਆ, ਹੱਡ ਮਾਸ ਨਾੜੀ ਚੰਮ ਨਾ ਬੰਨੇ ਬੀੜ। ਆਪ ਆਪਣੇ ਧਾਮ ਸੁਹਾਇਆ, ਹਰਿ ਦਾਤਾ ਦਸਤਗੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਗੁਰਮੁਖ ਸਾਜਨ ਹਰਿ ਹਰਿ ਪਾਇਆ। ਜਗਤ ਅੰਧੇਰ ਵਿਨਾਸਿਆ, ਸਾਚਾ ਮੰਗਲ ਏਕਾ ਗਾਇਆ। ਹਰਿ ਮਿਲਿਆ ਸ਼ਾਹੋ ਸ਼ਬਾਸਿਆ, ਦੂਈ ਦਵੈਤੀ ਤੰਦਨ ਤੋੜ ਤੁੜਾਇਆ। ਗਲ ਛੁਟਕੀ ਜਮ ਕੀ ਫਾਸਿਆ, ਪਰਮਾਨੰਦ ਵਿਚ ਸਮਾਇਆ। ਰਸ ਰਸਨਾ ਇਕ ਵਖਾਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮਿਲਾਏ ਦਇਆ ਕਮਾਏ ਵੇਖ ਵਖਾਏ ਪ੍ਰਿਥਮੀ ਅਕਾਸਿਆ। ਹਰਿਜਨ ਹਰ ਘਟ ਵੇਖਿਆ, ਆਪਣਾ ਮੂਲ ਚੁਕਾਇਆ। ਸ੍ਰਿਸ਼ਟ ਸਬਾਈ ਨਰ ਨਰੇਸਿਆ, ਕੰਤ ਕੰਤੂਹਲ ਇਕ ਅਖਵਾਇਆ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਸੇਵਕ ਸੇਵਾ ਰਿਹਾ ਕਮਾਇਆ। ਆਪੇ ਜਾਣੇ ਆਪਣਾ ਵੇਸਿਆ, ਭੇਖਧਾਰੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਲਏ ਤਰਾਇਆ। ਹਰਿਜਨ ਸਾਚਾ ਸੱਜਣਾ, ਹਰਿ ਹਰਿ ਸੰਗ ਰਖਾਇਆ। ਚਰਨ ਧੂੜ ਕਰਾਏ ਸਾਚਾ ਮਜਨਾ, ਤੀਰਥ ਤਟ ਇਕ ਵਖਾਇਆ। ਰਾਗ ਅਨਾਦੀ ਏਕਾ ਵੱਜਣਾ, ਹਰਿ ਸਾਚਾ ਰਿਹਾ ਵਜਾਇਆ। ਪੰਚ ਤਤ ਵਿਕਾਰਾ ਅੰਤਮ ਭੱਜਣਾ, ਥਿਰ ਕੋਈ ਰਹਿਣ ਨਾ ਪਾਇਆ। ਗੁਰਮੁਖ ਵਿਰਲੇ ਹਰਿ ਹਰਿ ਦਵਾਰੇ ਬਹਿ ਬਹਿ ਸਜਣਾ, ਨੇਤਰ ਲੋਚਨ ਨੈਣ ਦਰਸ਼ਨ ਪਾਇਆ। ਮਨਮੁਖ ਪੜਦਾ ਕਿਸੇ ਨਾ ਕੱਜਨਾ, ਰਾਏ ਧਰਮ ਦਏ ਸਜਾਇਆ। ਸਤਿਗੁਰ ਪੂਰਾ ਜੁਗ ਜੁਗ ਚਲਾਏ ਨਾਮ ਜਹਾਜਨਾ, ਰਥ ਰਥਵਾਹੀ ਆਪ ਅਖਵਾਇਆ। ਆਪ ਸਵਾਰੇ ਆਪਣਾ ਕਾਜਨਾ, ਕਰਨੀ ਕਰਤਾ ਰਿਹਾ ਕਮਾਇਆ। ਅਗੰਮ ਅਗੰਮਾ ਅਗੰਮੜੀ ਮਾਰੇ ਵਾਜਨਾ, ਦਿਸ ਕਿਸੇ ਨਾ ਆਇਆ। ਆਪੇ ਰੱਖਣਹਾਰਾ ਲਾਜਨਾ, ਨਿਰਗੁਣ ਸਰਗੁਣ ਹੋਏ ਸਹਾਇਆ। ਸਾਚੇ ਅਸਵ ਚੜ੍ਹੇ ਤਾਜਨਾ, ਸ਼ਬਦ ਘੋੜਾ ਰਿਹਾ ਦੌੜਾਇਆ । ਖੇਲੇ ਖੇਲ ਦੇਸ ਮਾਝਨਾ, ਕਲਜੁਗ ਵੇਲਾ ਅੰਤਮ ਆਇਆ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜਨਾ, ਗਊ ਗ਼ਰੀਬਾਂ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸਾਜਨ ਜਗ ਮੇਲਿਆ, ਮੇਲਣਹਾਰ ਕਰਤਾਰਾ। ਆਪੇ ਗੁਰੂ ਗੁਰੂ ਗੁਰ ਚੇਲਿਆ, ਆਪੇ ਪਾਵਣਹਾਰਾ ਸਾਰਾ। ਆਪੇ ਹੋਏ ਸੱਜਣ ਸੁਹੇਲਿਆ, ਇਕ ਅਕੱਲਾ ਏਕੰਕਾਰਾ। ਆਪਣਾ ਖੇਲ ਆਪੇ ਖੇਲਿਆ, ਹਰਿ ਅੰਤ ਨਾ ਪਾਰਾਵਾਰਾ। ਗੁਰਮੁਖ ਸਾਚੇ ਜੋਤ ਨਿਰੰਜਣ ਚਾੜ੍ਹੇ ਤੇਲਿਆ, ਨਿਰਮਲ ਦੀਪ ਕਰੇ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੁਹਾਏ ਬੰਕ ਦਵਾਰਾ। ਬੰਕ ਦਵਾਰ ਹਰਿਜਨ ਪਾਇਆ, ਖੋਲ੍ਹੇ ਬੰਦ ਕਿਵਾੜਾ। ਆਤਮ ਦਰਸੀ ਦਰਸ ਦਿਖਾਇਆ, ਪਰਕਾਸ਼ ਕਰਾਏ ਬਹੱਤਰ ਨਾੜਾ। ਅੰਧ ਵਿਸ਼ਵਾਸ਼ ਕੋਈ ਰਹਿਣ ਨਾ ਪਾਇਆ, ਨੇੜ ਨਾ ਆਏ ਪੰਚਮ ਧਾੜਾ। ਮੰਡਲ ਰਾਸ ਇਕ ਵਖਾਏ, ਚਰਨ ਹੇਠ ਦਬਾਏ ਰਵ ਸਸ ਸੂਰਜ ਚੰਨ ਸਤਾਰਾ। ਅਕਾਸ਼ ਪਰਕਾਸ਼ ਪਾਰ ਕਰਾਏ, ਖੇਲੇ ਖੇਲ ਅਪਰ ਅਪਾਰਾ। ਸਵਾਸ ਸਵਾਸ ਜੋ ਜਨ ਰਹੇ ਧਿਆਏ, ਮੇਲ ਮਿਲਾਏ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲਾਏ ਪਾਰ ਕਿਨਾਰਾ। ਪਾਰ ਕਿਨਾਰਾ ਜਗਤ ਸਾਗਰ, ਗੁਰ ਪੂਰਾ ਪਾਰ ਕਰਾਇੰਦਾ। ਜੀਵਾਂ ਜੰਤਾਂ ਬੇੜਾ ਡੁੱਬਾ ਕਾਇਆ ਗਾਗਰ, ਜੂਠ ਝੂਠ ਧਾਰ ਵਹਾਇੰਦਾ। ਗੁਰਮੁਖ ਵਿਰਲੇ ਨਿਰਮਲ ਕਰਮ ਹੋਏ ਉਜਾਗਰ, ਜੋ ਜਨ ਰਸਨਾ ਗਾਇੰਦਾ। ਬਣੇ ਨਾਮ ਸ਼ਬਦ ਸੌਦਾਗਰ, ਵਣਜ ਵਣਜਾਰਾ ਇਕ ਕਰਾਇੰਦਾ। ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਵਰ ਘਰ ਦਰ ਹਰਿ ਏਕਾ ਏਕ ਸੁਹਾਇੰਦਾ। ਸ਼ਬਦ ਗੁਰ ਜਗਤ ਗੁਰ ਸੂਰਾ, ਏਕਾ ਏਕ ਅਖਵਾਇਆ। ਸਰਬ ਕਲਾ ਆਪੇ ਭਰਪੂਰਾ, ਆਪ ਆਪਣਾ ਲਏ ਉਪਾਇਆ। ਆਪੇ ਜਾਣੇ ਆਪਣੀ ਨਾਦੀ ਤੂਰਾ, ਆਪੇ ਰਿਹਾ ਵਜਾਇਆ। ਪੰਚਮ ਤਤ ਤਨ ਨਾਤਾ ਕੂੜਾ, ਗੁਰ ਪੀਰ ਕੋਈ ਰਹਿਣ ਨਾ ਪਾਇਆ। ਮੂਰਖ ਮੁਗਧ ਨਾ ਜਾਣੇ ਮੂੜਾ, ਹਰਿ ਸ਼ਬਦੀ ਸ਼ਬਦ ਸਮਾਇਆ। ਜਿਸ ਜਨ ਕਾਇਆ ਚੋਲੀ ਚਾੜ੍ਹੇ ਰੰਗਨ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਆਪ ਆਪਣਾ ਵੇਸ ਵਟਾ, ਹਰਿ ਜੋਤੀ ਜੋਤ ਜਗਾਈਆ। ਸ਼ਬਦ ਗੁਰ ਗੁਰ ਨਾਮ ਧਰਾ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਖੇਲ ਰਿਹਾ ਖਿਲਾ, ਸਰਗੁਣ ਸੰਗ ਨਿਭਾਈਆ। ਦੋ ਜਹਾਨੀ ਬਣ ਮਲਾਹ, ਲੋਕਮਾਤ ਫੇਰਾ ਪਾਈਆ। ਗੋਬਿੰਦ ਗੁਰ ਦਏ ਸਲਾਹ, ਅਕਾਲ ਪੁਰਖ ਵੱਡੀ ਵਡਿਆਈਆ। ਅਕਾਲ ਮੂਰਤ ਭੇਵ ਨਾ ਰਾ, ਹਰਿ ਸੂਰਤ ਦਿਸ ਨਾ ਆਈਆ। ਜਿਸ ਜਨ ਆਪੇ ਲਏ ਜਗਾ, ਸੋ ਜਨ ਬੂਝ ਬੁਝਾਈਆ। ਦੁਰਮਤ ਦਾਗ਼ ਦਏ ਗਵਾ, ਨਿਰਮਲ ਨੀਰ ਵਖਾਈਆ। ਦੀਪਕ ਜੋਤ ਚਿਰਾਗ ਦਏ ਜਗਾ, ਅੰਧ ਅੰਧੇਰ ਮਿਟਾਈਆ। ਕਾਗੋਂ ਹੰਸ ਦਏ ਬਣਾ, ਸਤਿਗੁਰ ਪੂਰੇ ਹੱਥ ਵਡਿਆਈਆ। ਗੁਰ ਸ਼ਬਦੀ ਸ਼ਬਦ ਗੁਰ ਆਪ ਅਖਵਾ, ਆਪ ਆਪਣੀ ਰਚਨ ਰਚਾਈਆ। ਪੰਜ ਤਤ ਤਨ ਮੇਲ ਮਿਲਾ, ਜਗਤ ਨਾਤਾ ਰਿਹਾ ਬੰਧਾਈਆ। ਆਪੇ ਜਾਣੇ ਆਪਣੀ ਸਿਫ਼ਤ ਸਲਾਹ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਜਨ ਮੀਤ ਜੁਗ ਜੁਗ ਆਪ ਅਖਵਾਈਆ। ਸ਼ਬਦ ਗੁਰ ਵਡ ਬਲਕਾਰ, ਗੋਬਿੰਦ ਗੁਰ ਜਣਾਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਇਕ ਲਟਕਾਈਆ। ਸਾਚੇ ਅਸਵ ਹੋ ਅਸਵਾਰ, ਚਾਰੋਂ ਕੁੰਟ ਫੇਰੀ ਪਾਈਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਵੇਖ ਹਰ ਘਟ ਥਾਈਂਆ। ਪਾਵਣਹਾਰਾ ਸਾਚੀ ਸਾਰਾ, ਹਰ ਘਟ ਬੈਠਾ ਆਸਣ ਲਾਈਆ। ਆਦਿ ਅੰਤ ਇਕ ਅਵਤਾਰਾ, ਹਰਿ ਪੁਰਖ ਆਪ ਅਖਵਾਈਆ। ਸ਼ਬਦ ਡੰਕ ਵਜਾਏ ਵਾਰੋ ਵਾਰਾ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਅੰਤਮ ਪਾਵੇ ਸਾਰਾ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਏਕਾ ਸੀਸ ਭੇਟ ਜਗਦੀਸ, ਦੂਸਰ ਨਾ ਕੋਈ ਸੀਸ ਝੁਕਾਈਆ। ਜਗਤ ਸੀਸ ਗੁਰਚਰਨ ਭੇਟਿਆ, ਗੁਰਮੁਖ ਆਪ ਕਰਾਇੰਦਾ। ਸਤਿਗੁਰ ਪੂਰਾ ਹੋਏ ਖੇਵਟ ਖੇਟਿਆ, ਬੇੜਾ ਬੰਨੇ ਲਾਇੰਦਾ। ਪਿਤਾ ਪੂਤ ਮਾਤ ਪਿਤ ਮਾਂ ਪਿਓ  ਬੇਟਿਆ, ਤਾਣਾ ਪੇਟਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਣੇ ਸਾਚਾ ਘਰ, ਸਚ ਦਵਾਰਾ ਇਕ ਸੁਹਾਇੰਦਾ। ਹਰਿਜਨ ਆਤਮ ਰਹੀ ਕੁਰਲਾ, ਦਿਵਸ ਰੈਣ ਬਿਲਲਾਏ। ਹਰਿ ਹਰਿ ਕੰਤ ਦਏ ਮਿਲਾ, ਜਗਤ ਵਿਚੋਲਾ ਕੋਈ ਆਏ। ਸਾਚੇ ਸੰਤ ਦਏ ਸਲਾਹ, ਅੱਖਰ ਵੱਖਰ ਨਾਮ ਦ੍ਰਿੜਾਏ। ਸਤਿਗੁਰ ਸਾਚਾ ਸਚ ਮਲਾਹ, ਬੇੜਾ ਬੰਨੇ ਲਾਏ। ਸੋਹੰ ਚੱਪੂ ਦੇਵੇ ਲਾ, ਪਾਰ ਕਿਨਾਰਾ ਇਕ ਵਖਾਏ। ਰਸਨਾ ਜਿਹਵਾ ਹਰਿਜਨ ਲਏ ਗਾ, ਸਗਲਾ ਸੰਗ ਨਿਭਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਏ। ਸੁਰਤੀ ਸ਼ਬਦ ਗਿਆਨ, ਆਤਮ ਬ੍ਰਹਮ ਜਣਾਈਆ । ਸੋਹੰ ਸੋ ਸਚ ਵਖਾਨ, ਸਹਿਜ ਧੁਨ ਉਪਜਾਈਆ। ਹਰਿਜਨ ਮੰਗੇ ਸਾਚਾ ਦਾਨ, ਦਾਤਾ ਦਾਨੀ ਝੋਲੀ ਪਾਈਆ। ਰਸਨਾ ਗਾਇਆ ਗੁਣ ਨਿਧਾਨ, ਗੁਣਵੰਤਾ ਵੇਖ ਵਖਾਈਆ। ਕਲਜੁਗ ਅੰਤਮ ਧੁਰ ਫ਼ਰਮਾਣ, ਸੋਹੰ ਸ਼ਬਦ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ  ਵਡ ਮਿਹਰਵਾਨ, ਹੰ ਹੰਗਤਾ ਦਏ ਮਿਟਾਈਆ। ਜੋਤੀ ਜੋਤ ਮਿਲੇ ਸ੍ਰੀ ਭਗਵਾਨ, ਭਗਤ ਭਗਵਾਨ ਭਗਵਨ ਭਗਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਰ ਆਪਣਾ ਹੱਥ ਟਿਕਾਈਆ।