Granth 08 Likhat 036: 14 Faggan 2015 Bikarmi Bishan Singh de Ghar Gurgaon

੧੪ ਫੱਗਣ ੨੦੧੫ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ

ਹਰਿ ਸੱਜਣ ਸਤਿਗੁਰ ਮਿਹਰਵਾਨ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਆਦਿ ਜੁਗਾਦੀ ਖੇਲੇ ਖੇਲ ਦੋ ਜਹਾਨ, ਵੇਖ ਵਖਾਏ ਪ੍ਰਿਥਮੀ ਅਕਾਸ਼ਿਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਪਾਵੇ ਸਾਚੀ ਰਾਸਿਆ। ਲੱਖ ਚੁਰਾਸੀ ਜਾਣੀ ਜਾਣ, ਘਟ ਘਟ ਅੰਦਰ ਰੱਖੇ ਵਾਸਿਆ। ਆਦਿ ਜੁਗਾਦੀ ਖੇਲ ਮਹਾਨ, ਭੇਵ ਅਭੇਦ ਇਕ ਵਖਾਸਿਆ। ਧੁਰਦਰਗਾਹੀ ਇਕ ਨਿਸ਼ਾਨ, ਆਪ ਝੁਲਾਏ ਸਾਚੇ ਤਖ਼ਤ ਨਿਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਇਕ ਪਰਕਾਸਿਆ। ਪਾਰਬ੍ਰਹਮ ਆਦਿ ਨਾ ਅੰਤਾ ਏਕੰਕਾਰਾ, ਜੁਗ ਜੁਗ ਵੱਡੀ ਵਡਿਆਈਆ। ਜੋਤ ਨੂਰਾਨੀ ਸ਼ਬਦ ਅਗੰਮੀ ਲਏ ਅਵਤਾਰਾ, ਆਦਿ ਪੁਰਖ ਨਿਰੰਜਣ ਅਲੱਖ ਅਗੋਚਰ ਨਾਮ ਧਰਾਈਆ। ਅਥਾਹ ਬੇਪਰਵਾਹ ਨਿਰਗੁਣ ਧਾਰਾ, ਨੂਰੋ ਨੂਰ ਡਗਮਗਾਈਆ। ਅਕਲ ਕਲਾ ਕਲ ਖੇਲ ਨਿਆਰਾ, ਲੇਖਾ ਲੇਖ ਨਾ ਕੋਈ ਜਣਾਈਆ। ਵਰਤੇ ਵਰਤਾਵੇ ਵਿਚ ਸੰਸਾਰਾ, ਸਾਰੰਗ ਧਰ ਭਗਵਾਨ ਬੀਠਲੋ ਲੱਖਮੀ ਨਰਾਇਣ ਆਪ ਅਖਵਾਈਆ। ਜੁਗਾਂ ਜੁਗੰਤਰ ਦਏ ਸਹਾਰਾ, ਧਰਤ ਧਵਲ ਸੁਹਾਈਆ। ਲੱਖ ਚੁਰਾਸੀ ਕਰ ਪਸਾਰਾ, ਪਾਰਬ੍ਰਹਮ ਬ੍ਰਹਮ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਖੇਲ ਖਿਲਾਈਆ। ਆਦਿਨ ਅੰਤਾ ਹਰਿ ਭਗਵੰਤਾ, ਏਕਾ ਏਕੰਕਾਰਿਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣੀ ਧਾਰ ਚਲਾ ਰਿਹਾ। ਪੁਰਖ ਸੁਲਤਾਨਾ ਹਰਿ ਮਿਹਰਵਾਨਾ, ਆਪੇ ਨਾਰੀ ਆਪੇ ਕੰਤਾ, ਸਤਿ ਸੁਹੰਜਣੀ ਸੇਜ ਆਪ ਹੰਢਾ ਰਿਹਾ। ਪੁਰਖ ਅਕਾਲ ਦੀਨ ਦਿਆਲਾ ਆਪ ਬਣਾਏ ਆਪਣੀ ਬਣਤਾ, ਆਦਿ ਸ਼ਕਤ ਸੇਵ ਕਮਾ ਰਿਹਾ। ਆਪੇ ਰਾਮ ਆਪੇ ਨਾਮ ਆਪੇ ਬਣਿਆ ਜੇਹਵਾ ਮੰਨਤਾ, ਰਸਨਾ ਗੁਣ ਆਪੇ ਗਾ ਰਿਹਾ। ਆਪੇ ਚਾੜ੍ਹਨਹਾਰਾ ਸਾਚਾ ਰੰਗ ਬਸੰਤਾ, ਰੰਗ ਮਜੀਠੀ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਖੇਲ ਖਿਲਾ ਰਿਹਾ। ਆਦਿਨ ਅੰਤਾ ਹਰਿ ਭਗਵੰਤਾ, ਏਕਾ ਏਕੰਕਾਰਿਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣੀ ਧਾਰ ਚਲਾ ਰਿਹਾ। ਪੁਰਖ ਸੁਲਤਾਨਾ ਹਰਿ ਗਿਰਧਾਰ ਅਕਲ ਕਲਾ ਕਲ ਧਾਰ ਹਰਿ ਭਗਵਾਨਾ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਦੋ ਜਹਾਨਾ, ਜੋਤੀ ਨੂਰ ਨੂਰ ਰੁਸ਼ਨਾਇਆ। ਸ਼ਬਦ ਜਣਾਈ ਧੁਰ ਫ਼ਰਮਾਣਾ, ਗੁਰ ਸਤਿਗੁਰ ਨਾਉਂ ਰਖਾਇਆ। ਆਪੇ ਜਾਣੇ ਆਪਣੀ ਆਣਾ, ਆਪਣੇ ਭਾਣੇ ਵਿਚ ਸਮਾਇਆ। ਸ਼ਾਹੋ ਭੂਪ ਵਡ ਰਾਜਨ ਰਾਣਾ, ਦਰ ਦਰਬਾਨਾ ਆਪ ਅਖਵਾਇਆ। ਆਪੇ ਗਾਏ ਧੁਨ ਅਨਾਦੀ ਅਗੰਮ ਅਗੰਮੜਾ ਸਚ ਤਰਾਨਾ, ਬ੍ਰਹਮ ਬ੍ਰਹਿਮਾਦੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ ਏਕਾ ਖੇਲ ਖਿਲਾਇਆ। ਏਕੰਕਾਰ ਹਰਿ ਪਸਾਰਾ, ਹਰਿ ਸਾਚੇ ਵਡ ਵਡਿਆਈਆ। ਜੋਤੀ ਨੂਰ ਦੀਪ ਉਜਿਆਰਾ, ਆਦਿ ਜੁਗਾਦਿ ਡਗਮਗਾਈਆ। ਸੇਵਕ ਸੇਵਾ ਲਾਏ ਰਵ ਸਸ ਸੂਰਜ ਚੰਨ ਸਤਾਰਾ, ਮੰਡਲ ਮੰਡਪ ਆਪ ਸੁਹਾਈਆ। ਖੇਲੇ ਖੇਲ ਖੇਲ ਕਰਤਾਰਾ, ਲੇਖਾ ਲੇਖ ਨਾ ਕੋਈ ਜਣਾਈਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰਾ, ਆਪ ਆਪਣਾ ਵਿਚ ਟਿਕਾਈਆ। ਆਪ ਆਪਣਾ ਤੱਤ ਕਰ ਨਿਆਰਾ, ਤੱਤਵ ਤੱਤ ਵਿਚ ਸਮਾਈਆ। ਆਪੇ ਬ੍ਰਹਮ ਅਤੀਤ ਹਰਿ ਕਰਤਾਰਾ, ਪਾਰਬ੍ਰਹਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਨਿਰਾਕਾਰ, ਨਿਰਵੈਰ ਰੂਪ ਅਖਵਾਈਆ । ਅਜੂਨੀ ਰਹਿਤ ਆਦਿ ਅਬਿਨਾਸ਼ਾ, ਏਕਾ ਰੰਗ ਸਮਾਇੰਦਾ। ਆਪੇ ਖੇਲੇ ਖੇਲ ਤਮਾਸ਼ਾ, ਜੁਗ ਜੁਗ ਵੇਸ ਵਟਾਇੰਦਾ। ਆਪੇ ਭਗਤ ਭਗਵੰਤ ਹੋਏ ਦਾਸੀ ਦਾਸਾ, ਆਪੇ ਹਰਿਜਨ ਸੇਵ ਕਮਾਇੰਦਾ। ਆਪੇ ਘਟ ਘਟ ਅੰਦਰ ਰੱਖੇ ਵਾਸਾ, ਆਪੇ ਦਿਸ ਕਿਸੇ ਨਾ ਆਇੰਦਾ। ਆਪੇ ਪਵਣ ਆਪ ਸਵਾਸਾ, ਆਪੇ ਰਸਨਾ ਜੇਹਵਾ ਹਿਲਾਇੰਦਾ। ਆਪੇ ਧੁਰ ਦਰਗਾਹੀ ਸਗਲਾ ਸਾਥਾ, ਆਪ ਆਪਣਾ ਸੰਗ ਨਿਭਾਇੰਦਾ। ਆਪੇ ਤ੍ਰਿਲੋਕੀ ਨੰਦਨ ਚਲਾਏ ਸਾਚਾ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਆਪੇ ਰਾਮ ਨਾਮ ਜਣਾਏ ਅਪਣੀ ਗਾਥਾ, ਸਚ ਜੈਕਾਰ ਆਪੇ ਲਾਇੰਦਾ। ਆਪੇ ਪੂਜਾ ਆਪੇ ਪਾਠਾ, ਵੇਦ ਵਿਦਾਂਤਾ ਆਪ ਅਖਵਾਇੰਦਾ। ਆਪੇ ਤੀਰਥ ਆਪੇ ਤਾਟਾ, ਆਪੇ ਅਠਸਠ ਲੇਖੇ ਲਾਇੰਦਾ। ਆਪੇ ਆਦਿ ਸ਼ਕਤੀ ਜੋਤ ਲਲਾਟਾ, ਦੁਰਗਾ ਇਸ਼ਟ ਆਪ ਅਖਵਾਇੰਦਾ। ਆਪੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸੇਵ ਕਮਾਇੰਦਾ। ਆਪੇ ਸਤਿਗੁਰ ਪੂਰਾ ਕਰੇ ਘਾਟਾ, ਆਪੇ ਹੱਥ ਰਖਾਇੰਦਾ। ਆਪੇ ਬ੍ਰਹਮਾ ਵੇਦਾ ਰਾਟਾ, ਚਾਰੇ ਮੁਖ ਸਲਾਹਿੰਦਾ। ਆਪੇ ਵਿਸ਼ਨੂੰ ਆਪੇ ਆਨ ਬਾਟਾ, ਆਪੇ ਆਪਣਾ ਰੂਪ ਵਟਾਇੰਦਾ। ਆਪੇ ਪਾਰਬ੍ਰਹਮ ਅਬਿਨਾਸ਼ੀ ਕਰਤਾ ਖੇਲੇ ਖੇਲ ਬਾਜ਼ੀਗਰ ਨਾਟਾ, ਵੇਦ ਕਤੇਬ ਭੇਵ ਕੋਈ ਨਾ ਪਾਇੰਦਾ। ਆਪੇ ਖੋਲ੍ਹੇ ਚੌਦਾਂ ਲੋਕ ਹਾਟਾ, ਆਪੇ ਤ੍ਰੈਭਵਣ ਸਮਾਇੰਦਾ। ਆਪੇ ਲੋਆਂ ਪੁਰੀਆਂ ਫਿਰੇ ਨਾਠਾ, ਬ੍ਰਹਿਮੰਡ ਖੰਡ ਆਪੇ ਡੇਰਾ ਲਾਇੰਦਾ। ਆਪੇ ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਪੰਜ ਤੱਤ ਨੇੜੇ ਕਰੇ ਵਾਟਾ, ਮਨ ਮਤ ਬੁਧ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵੇਖ ਵਖਾਇੰਦਾ। ਵੇਖਣਹਾਰਾ ਹਰਿ ਸਮਰਾਥਾ, ਏਕਾ ਰੰਗ ਸਮਾਇਆ। ਜੁਗ ਜੁਗ ਮਹਿਮਾ ਜਗਤ ਅਕੱਥ, ਸੰਤ ਸਾਧ ਸੇਵਾ ਲਾਇਆ। ਆਪ ਜਣਾਏ ਆਪਣੀ ਗਾਥ, ਭਗਤ ਭਗਵੰਤ ਭੇਵ ਚੁਕਾਇਆ। ਆਪੇ ਜਾਣੇ ਆਪਣਾ ਮਸਤਕ ਮਾਥ, ਪੂਰਬ ਕਰਮਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਨਾਉਂ ਧਰਾਇਆ।