G01L19 ੨੫ ਪੋਹ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਸਵਰਨ ਸਿੰਘ ਸਵਰਗੀ ਸਤਿ ਸਰੂਪ ਵਖਾ ਕੇ । ਬ੍ਰਹਮ ਵਿਚੋਂ ਬ੍ਰਹਮ ਜੋਤ ਜਗਾ ਕੇ । ਸਾਧ ਸੰਗਤ ਨੂੰ ਸਚ ਸੁੱਚ ਵਖਾ ਕੇ । ਸਵਾ ਪੰਝੀ ਰੁਪਏ ਦਾ ਪ੍ਰਸ਼ਾਦ ਕਰਾ ਕੇ । ਮਹਾਰਾਜ ਸ਼ੇਰ ਸਿੰਘ ਨੂੰ ਭੋਗ ਲਗਾ ਕੇ । ਸੰਗਤ ਦੇ ਮੁਖ ਅੰਮ੍ਰਿਤ ਪਾ ਕੇ । ਗਿਆਨ ਗੋਝ ਦਾ ਭੇਤ ਮੁਕਾ ਕੇ । ਦਵੈਤ ਦੂਈ ਦਾ ਪਰਦਾ ਲਾਹ ਕੇ । ਚਾਰ ਜੁਗ ਦਾ ਸ਼ਬਦ ਸੁਣਾ ਕੇ । ਮਨੀ ਸਿੰਘ ਨੂੰ ਮਾਣ ਦਵਾ ਕੇ । ਪੂਰਾ ਸਤਿਗੁਰ ਸੰਗਤ ਵਿਚ ਬਣਾ ਕੇ । ਪ੍ਰਗਟ ਹੋਵੇ ਆਪਣਾ ਤੇਜ ਵਖਾ ਕੇ । ਮਹਾਰਾਜ ਸ਼ੇਰ ਸਿੰਘ ਵੇਖੇ ਜੋਤ ਜਗਾ ਕੇ । ਮੋਤੇ ਨਾਲ ਪ੍ਰਭ ਕੀਤਾ ਪਿਆਰ । ਸਚ ਸ਼ਬਦ ਦਾ ਪ੍ਰਭ ਕੀਤਾ ਆਧਾਰ । ਕਰੇ ਮਿਹਰ ਪ੍ਰਭ ਦੇਵੇ ਤਾਰ । ਇਕ ਗੁਣ ਤੋਂ ਹੋਵੇ ਲੱਖ ਹਜ਼ਾਰ । ਛੱਬੀ ਪੋਹ ਲਈ ਹੁਕਮ ਲਿਖਾਇਆ । ਸਚ ਸ਼ਬਦ ਗੁਰ ਸਚ ਸੁਣਾਇਆ । ਜੋਤ ਸਰੂਪੀ ਜੋਤ ਮਾਹਿ ਸਮਾਇਆ ।  ਝੂਠੀ ਦੇਹ ਨੂੰ ਆਪ ਤਜਾਇਆ । ਜੋਤ ਸਰੂਪ ਇਹ ਡੰਕ ਵਜਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ । ਜੁਗ ਉਲਟਾਵਣ ਦਾ ਖੇਲ ਰਚਾਇਆ । ਘਰ ਘਰ ਭਾਂਬੜ ਅੱਗ ਦਾ ਲਾਇਆ । ਵੈਰ ਵਿਕਾਰ ਦਾ ਜੋਰ ਹੈ ਪਾਇਆ । ਰਾਮ ਨਾਮ ਸਭ ਦਿਲੋਂ ਭੁਲਾਇਆ । ਪਾਪ ਅਪਰਾਧ ਦਾ ਤੇਜ ਵਧਾਇਆ । ਕਲੂ ਕਾਲ ਨੇ ਕਰਮ ਕਮਾਇਆ । ਨਸ਼ਟ ਕਰਨ ਨੂੰ ਹਰਿ ਜੂ ਆਇਆ । ਮਹਾਰਾਜ ਸ਼ੇਰ ਸਿੰਘ ਆਪ ਰਘੁਰਾਇਆ । ਸੋਹੰ ਸ਼ਬਦ ਜਿਸ ਨਾਮ ਜਪਾਇਆ । ਗੁਰਸਿਖਾਂ ਨੂੰ ਗੁਰਮੁਖ ਬਣਾਇਆ । ਗੁਰਮੁਖ ਸੋ ਜੋ ਗੁਰ ਸ਼ਰਨੀ ਆਏ । ਸਾਧ ਸੰਗਤ ਵਿਚ ਲੈ ਮਿਲਾਏ । ਹੋਏ ਦਿਆਲ ਪ੍ਰਭ ਦਰਸ ਦਿਖਾਏ । ਦੁੱਖ ਦਲਿਦਰ ਸਭ ਦੇ ਲਾਹੇ । ਪੰਜਾਂ ਸਿੱਖਾਂ ਨੂੰ ਅੱਜ ਮਾਣ ਦਵਾਏ । ਪੰਜ ਸਿੱਖ ਪੁੱਤਰ ਫਲ ਪਾਏ । ਗੁਰਸਿਖਾਂ ਮਨ ਵਧਾਈ । ਪੋਹ ਛੱਬੀ ਨੂੰ ਖ਼ੁਸ਼ੀ ਮਨਾਈ । ਤਜੀ ਦੇਹ ਪ੍ਰਭ ਜੋਤ ਪ੍ਰਗਟਾਈ । ਮਹਾਰਾਜ ਸ਼ੇਰ ਸਿੰਘ ਇਹ ਕਲਾ ਵਖਾਈ ।  ਸਤਿਗੁਰ ਪੂਰੇ ਦੱਸੀ ਰੀਤ । ਚਰਨ ਕਮਲ ਸੰਗ ਰੱਖੋ ਪ੍ਰੀਤ ।  ਝੂਠੀ ਦੇਹ ਬਾਲੂ ਕੀ ਭੀਤ । ਸੋਹੰ ਸ਼ਬਦ ਜਪ ਮਨ ਸਰਜੀਤ । ਕਬਹੂੰ ਨਾ ਡੋਲੇ ਸਿੱਖ ਅਤੀਤ । ਛੱਬੀ ਪੋਹ ਛੱਡੀ ਦੇਹ ਦੀ ਪ੍ਰੀਤ । ਢੱਠੇ  ਗੁਰਦਵਾਰੇ ਮੰਦਰ ਮਸੀਤ । ਗਿਆ ਮਾਣ ਬਾਣੀ ਗੀਤਾ ਕੁਰਾਨ ਮਜ਼ੀਦ । ਅੰਤ ਕਾਲ ਹੋਏ ਭੈ ਭੀਤ । ਸੋਹੰ ਸ਼ਬਦ ਦੀ ਹੋਈ ਜੀਤ । ਮਾਤ ਗਰਭ ਦਾ ਭੇਤ ਲੁਕਾਇਆ । ਉਲਟਾ ਬਿਰਛ ਇਹ ਜੀਵ ਲਗਾਇਆ । ਸਿਰ ਥੱਲੇ ਪੈਰ ਉਪਰ ਟਿਕਾਇਆ । ਤਪ ਨੌਂ ਮਾਸ ਕਰਾਇਆ । ਦਸਵੇਂ ਮਾਸ ਪ੍ਰਭ ਹੁਕਮ ਪਠਾਇਆ । ਮਾਤ ਗਰਭ ਸੇ ਬਾਹਰ ਆਇਆ । ਬਾਈ ਪੋਹ ਵੀਰਵਾਰ ਜਨਮ ਉਪਾਇਆ । ਬਚਨ ਪ੍ਰਭ ਕਾ ਸਚ ਹੋ ਆਇਆ । ਸਮਦਰਸੀ ਪ੍ਰਭ ਦਰਸ ਦਿਖਾਇਆ । ਸਿਮਰਤੀ ਤਨ ਦਾ ਭੇਤ ਪਠਾਇਆ । ਆਪਣਾ ਮਾਣ ਬਾਲ ਨੇ ਪਾਇਆ । ਬਲਜੀਤ ਸਿੰਘ ਨਾਮ ਰਖਾਇਆ । ਬਲਧਾਰ ਬਲੀ ਆਪ ਆਇਆ । ਅਮਰ ਸਿੰਘ ਅਮਰਾਪਦ ਪਾਇਆ ।