Granth 04 Likhat 015: 1 Jeth 2011 Bikarmi Pind Jethuwal Amritsar Darbar wich

੧ ਜੇਠ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਅੰਮ੍ਰਿਤਸਰ ਦਰਬਾਰ ਵਿਚ

ਪਹਿਲੀ ਜੇਠ ਖ਼ੁਸ਼ੀ ਮਨਾਉਂਦੇ। ਪ੍ਰਭ ਰੱਖੀਂ ਸਾਇਆ ਹੇਠ, ਦਿਵਸ ਰੈਣ ਧਿਆਉਂਦੇ। ਕਲਜੁਗ ਭੰਨੀ ਜੀਵ ਕੌੜੇ ਰੇਠ, ਘਰ ਘਰ ਵੈਣ ਬਹਿ ਬਹਿ ਭਾਈ ਭੈਣ ਸੁਣਾਉਂਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੁਹਾਏ ਸਾਚੇ ਦਰ, ਮਿਲ ਮੰਗਲ ਸਾਚਾ ਗਾਉਂਦੇ। ਪਹਿਲੀ ਜੇਠ ਉਠੇ ਬਲਕਾਰੀ। ਜੇਠਾ ਪੁਤ ਬਣੇ ਗੁਰ ਸੰਗਤ, ਦੇਵੇ ਮਾਤ ਸੱਚੀ ਸਰਦਾਰੀ। ਚਾੜ੍ਹੇ ਆਤਮ ਸਾਚੀ ਰੰਗਤ, ਦਿਵਸ ਰੈਣ ਰਹੇ ਖੁਮਾਰੀ। ਦੂਜਾ ਦਰ ਨਾ ਜਾਣਾ ਮੰਗਣ, ਨਿਹਕਲੰਕ ਚਰਨ ਸਰਨ ਬਲਿਹਾਰੀ। ਆਪੇ ਰੱਖੇ ਆਪਣੇ ਅੰਗਣ, ਜਿਉਂ ਬਾਲਕ ਮਾਂ ਪਿਆਰੀ। ਸ਼ਬਦ ਪਹਿਨਾਏ ਸਾਚਾ ਕੰਗਣ, ਜਗਤ ਚਲੇ ਚਾਲ ਨਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਕਰਮ ਰਿਹਾ ਵਿਚਾਰੀ। ਪਹਿਲੀ ਜੇਠ ਹਰਿ ਹੋ ਤਿਆਰ। ਤਿੰਨਾਂ ਲੋਕਾਂ ਕਰ ਵਿਚਾਰ। ਸੁਣਾਏ ਸ਼ਬਦ ਸਲੋਕਾ, ਖਾਣੀ ਬਾਣੀ ਵਸੇ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਪਹਿਲ ਕਰੇ ਵਿਚ ਸੰਸਾਰ। ਪਹਿਲੀ ਜੇਠ ਪਹਿਲੀ ਵਾਰ, ਕਰੇ ਖੇਲ ਹਰਿ ਨਿਆਰੀ, ਲਿਖਿਆ ਲੇਖ ਜੋ ਗੋਬਿੰਦ ਨਿਰੰਕਾਰੀ। ਪ੍ਰਗਟ ਹੋਇਆ ਹਰਿ ਸਾਚਾ ਵਿਚ ਹਿੰਦ, ਰਾਓ ਉਮਰਾਓ ਸੁੱਤੇ ਪੈਰ ਪਸਾਰੀ। ਗੁਰਮੁਖ ਉਪਜਾਏ, ਬੇਮੁਖ ਡੁਬਾਏ ਕਰਨ ਜੋ ਨਿੰਦ, ਮਾਰੇ ਖੰਡਾ ਦੋ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਪੁਰਖੋਤਮ ਨਾ ਕੋਈ ਜਾਣੇ ਜੀਵ ਗਵਾਰੀ। ਪਹਿਲੀ ਜੇਠ ਪਹਿਲਾ ਵਰ। ਗੁਰ ਸੰਗਤ ਸਾਚਾ ਲੈਣਾ ਕਰ। ਇਕੋ ਘਰ ਜਿਥੇ ਚੁੱਕੇ ਜਮ ਕਾ ਡਰ। ਅੰਮ੍ਰਿਤ ਸਾਚਾ ਸੋਮਾ ਵਗੇ ਆਤਮ ਸਾਚੇ ਸਰ। ਤੱਤੀ ਵਾ ਨਾ ਕਲਜੁਗ ਲੱਗੇ, ਨਿਹਕਲੰਕ ਆਏ ਤੇਰੇ ਦਰ। ਪ੍ਰਭ ਅਬਿਨਾਸ਼ੀ ਫਿਰੇ ਪਿਛੇ ਅੱਗੇ, ਗੁਰਸਿਖਾਂ ਰਿਹਾ ਕਿਰਪਾ ਕਰ।