Granth 04 Likhat 105: 25 Poh 2011 Bikarmi Mata Bishan Kaur de Greh Pind Jethuwal Jila Amritsar

੨੫ ਪੋਹ ੨੦੧੧ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਕਲਜੁਗ ਸਾਚੀ ਧਾਰ ਵਿਚ ਸੰਸਾਰ ਹੈ। ਪ੍ਰਭ ਅਬਿਨਾਸ਼ੀ ਪਾਵੇ ਸਾਰ, ਲੱਖ ਚੁਰਾਸੀ ਵੇਖ ਵਿਚਾਰ ਹੈ। ਵੇਖ ਵਖਾਣੇ ਜੀਵ ਜੰਤ ਸਾਧ ਸੰਤ ਪੂਰਨ ਭਗਵੰਤ, ਜੋਤੀ ਜਾਮਾ ਭੇਖ ਅਪਾਰ ਹੈ। ਕਲਜੁਗ ਜੀਆਂ ਮਾਇਆ ਪਾਏ ਬੇਅੰਤ, ਭੁੱਲੇ ਜੀਵ ਗਵਾਰ ਹੈ। ਕਰੇ ਖੇਲ ਪ੍ਰਭ ਅੰਤਮ ਅੰਤ, ਸ਼ਬਦ ਘੋੜੇ ਹੋ ਅਸਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਕਰੇ ਸਚ ਵਿਹਾਰ ਹੈ। ਸਚ ਵਿਹਾਰ ਹਰਿ ਦਾਤਾਰਿਆ। ਕਲਜੁਗ ਕਰਮ ਰਿਹਾ ਵਿਚਾਰ, ਵੇਲਾ ਅੰਤਮ ਆ ਰਿਹਾ। ਸਤਿਜੁਗ ਸਾਚੇ ਬੰਨ੍ਹੇ ਧਾਰ, ਸ਼ਬਦ ਸਹਾਰਾ ਇਕ ਕਰਾ ਰਿਹਾ। ਪੁਰੀਆਂ ਲੋਆਂ ਕਰ ਵਿਚਾਰ, ਸਾਚਾ ਢੋਆ ਇਕ ਵਖਾ ਰਿਹਾ। ਬ੍ਰਹਮਾ ਵੇਦ ਮੁਖ ਚਾਰ ਵਖਾਣੇ, ਲੇਖਾ ਆਪ ਚੁਕਾ ਰਿਹਾ। ਆਪ ਚਲਾਏ ਆਪਣੇ ਭਾਣੇ, ਜੁਗ ਛਤੀਸਾ ਆਪਣਾ ਖੇਲ ਖਿਲਾ ਰਿਹਾ। ਵੇਖ ਵਖਾਣੇ ਰਾਜੇ ਰਾਣੇ, ਬੀਸ ਇਕੀਸਾ ਨੇਤਰ ਨੀਰ ਸਰਬ ਵਹਾ ਰਿਹਾ। ਮੇਟ ਮਿਟਾਏ ਮੂਸਾ ਈਸਾ, ਸੰਗ ਮੁਹੰਮਦ ਰੁਲਾ ਰਿਹਾ। ਇਕ ਚਲਾਏ ਸ਼ਬਦ ਹਦੀਸਾ, ਖਾਣੀ ਬਾਣੀ ਭੇਵ ਚੁਕਾ ਰਿਹਾ। ਮਾਣ ਗਵਾਏ ਰਾਗ ਛਤੀਸਾ, ਨਾਰਦ ਮੁਨ ਹਰਿ ਸਮਝਾ ਰਿਹਾ। ਮਾਤ ਸੁਰਸਤੀ ਝੁਕਾਏ ਸੀਸਾ, ਹੰਕਾਰੀ ਬੀਨ ਆਪ ਭੰਨਾ ਰਿਹਾ। ਪ੍ਰਗਟ ਕਰੇ ਜੋਤ ਜਗਦੀਸ਼ਾ, ਨਿਹਕਲੰਕੀ ਭੇਖ ਵਟਾ ਰਿਹਾ। ਏਕਾ ਛਤਰ ਝੁਲਾਏ ਸਾਚੇ ਸੀਸਾ, ਵਾਲੀ ਹਿੰਦ ਆਪ ਸਮਝਾ ਰਿਹਾ। ਲੱਖ ਚੁਰਾਸੀ ਝੂਠਾ ਪੀਸਣ ਪੀਸਾ, ਗੁਰਸਿਖਾਂ ਰਾਹ ਸਾਚਾ ਇਕ ਵਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਬਾਣਾ ਸਾਚਾ ਰਾਣਾ, ਜਨ ਭਗਤਾਂ ਤਨ ਪਹਿਨਾ ਰਿਹਾ। ਕਲਜੁਗ ਕਾਲੀ ਰੈਣ, ਨਾ ਕੋਈ ਦੀਸੇ ਸਾਕ ਸੱਜਣ ਭਾਈ ਭੈਣ, ਆਤਮ ਜੀਵ ਪ੍ਰਭ ਹੰਕਾਰਿਆ। ਬੇਮੁਖ ਡੁੱਬੇ ਵਹਿੰਦੇ ਵਹਿਣ, ਨਾ ਦੇਵੇ ਕੋਈ ਸਹਾਰਾ, ਗੁਰਮੁਖ ਵਿਰਲਾ ਪ੍ਰਭ ਅਬਿਨਾਸ਼ੀ ਪੇਖੇ ਤੀਜੇ ਨੈਣ, ਸਤਿ ਸਰੂਪੀ ਦਰਸ ਦਿਖਾ ਰਿਹਾ। ਆਪ ਚੁਕਾਏ ਲਹਿਣ ਦੇਣ, ਆਤਮ ਝੋਲੀ ਆਪ ਭਰਾ ਰਿਹਾ। ਰਸਨਾ ਕਿਸੇ ਨਾ ਸਕੇ ਕਹਿਣ, ਨਿਹਕਲੰਕ ਸਾਚਾ ਡੰਕ ਵਜਾ ਰਿਹਾ। ਆਪ ਉਠਾਏ ਰਾਓ ਰੰਕ, ਸ਼ਬਦ ਸੁਨੇਹੁੜਾ ਇਕ ਘਲਾ ਰਿਹਾ। ਇਕ ਸੁਹਾਏ ਦਵਾਰ ਬੰਕ, ਵਾਲੀ ਹਿੰਦ ਹੁਕਮ ਸੁਣਾ ਰਿਹਾ। ਗੁਰਮੁਖ ਉਧਾਰੇ ਜਿਉਂ ਰਾਜਾ ਜਨਕ, ਕੌਸਤਕ ਮਨੀਆ ਮਸਤਕ ਤਿਲਕ ਲਗਾ ਰਿਹਾ। ਪ੍ਰਭ ਅਬਿਨਾਸ਼ੀ ਵਡ ਧਨ ਧਨੀਆ, ਨਾਮ ਝੋਲੀ ਹਰਿ ਭਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸੰਤ ਸੁਹੇਲਾ ਸਾਚਾ ਮੇਲਾ, ਵਡ ਵਡਭਾਗੀ ਏਕਾ ਰਾਗੀ ਰਾਗ ਸੁਣਾ ਰਿਹਾ। ਸ਼ਬਦ ਰਾਗੀ ਰਾਗ ਅਨਾਦ। ਗੁਰਮੁਖਾਂ ਦੇਵੇ ਸਾਚੀ ਦਾਦ। ਆਤਮ ਜੋਤੀ ਨੂਰ ਕਰਾਏ, ਸ਼ਬਦ ਚਲਾਏ ਵਿਚ ਬ੍ਰਹਿਮਾਦ। ਏਕਾ ਸਾਚੀ ਤੂਰ ਰਖਾਏ, ਪ੍ਰਭ ਅਬਿਨਾਸ਼ੀ ਮਾਧਵ ਮਾਧ। ਅੰਮ੍ਰਿਤ ਸਾਚਾ ਜਾਮ ਪਿਆਏ, ਭੇਵ ਖੁਲ੍ਹਾਏ ਬੋਧ ਅਗਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਇਕ ਵਜਾਏ ਸਾਚਾ ਨਾਦ। ਵਜਾਏ ਨਾਦ ਅੰਧ ਘੋਰ ਹੈ। ਪ੍ਰਭ ਅਬਿਨਾਸ਼ੀ ਘਨਕਪੁਰ ਵਾਸੀ, ਸਰਬ ਕਲਾ ਭਰਪੂਰ ਹੈ। ਮੇਟ ਮਿਟਾਏ ਮਦਿਰਾ ਮਾਸੀ, ਕਲਜੁਗ ਡੋਬੇ ਤੇਰਾ ਸੱਚਾ ਪੂਰ ਹੈ। ਗੁਰਮੁਖਾਂ ਕਰੇ ਬੰਦ ਖ਼ਲਾਸੀ, ਵਡ ਦਾਤਾ ਹਰਿ ਹਰਿ ਸੂਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਸਾਧ ਸੰਤ, ਸਦਾ ਸਦਾ ਸਦ ਹਾਜ਼ਰ ਹਜ਼ੂਰ ਹੈ। ਸ਼ਬਦ ਹਥੌੜਾ ਰਿਹਾ ਵੱਜ। ਹੰਕਾਰੀ ਕਾਇਆ ਕੌੜਾ ਰੀਠਾ ਰਿਹਾ ਭੱਜ। ਪ੍ਰਭ ਅਬਿਨਾਸ਼ੀ ਸਾਚਾ ਡੀਠਾ, ਜਗਤ ਤਜਾਈ ਝੂਠੀ ਲਜ। ਏਕਾ ਨਾਮ ਮਿਲੇ ਆਤਮ ਮੀਠਾ, ਅੰਮ੍ਰਿਤ ਆਤਮ ਸਰ ਸਰੋਵਰ ਪੀਣਾ ਰੱਜ। ਸਾਚਾ ਰੰਗ ਚੜ੍ਹੇ ਮਜੀਠਾ, ਕਾਇਆ ਪਰਦੇ ਰਿਹਾ ਕੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਚਾਰ ਕੁੰਟ ਚਾਰ ਚੁਫੇਰ, ਅੱਠੇ ਪਹਿਰ ਸੰਞ ਸਵੇਰੇ ਲੱਭੇ ਭੱਜ ਭੱਜ। ਬੇਮੁਖ ਸੋਇਆ ਪੈਰ ਪਸਾਰ, ਨਾ ਜਾਣੇ ਪ੍ਰਭ ਦੀ ਸਾਰ ਹੈ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪੂਰਬ ਕਰਮ ਰਿਹਾ ਵਿਚਾਰ ਹੈ। ਸਾਚੀ ਜੋਤ ਮਾਤ ਪ੍ਰਕਾਸ਼ੀ, ਕਲਜੁਗ ਅੰਧ ਅੰਧੇਰਾ ਅੰਧਿਆਰ ਹੈ। ਬੇਮੁਖ ਜੀਵ ਕਰਨ ਹਾਸੀ, ਮਦਿਰਾ ਮਾਸੀ ਕਰਨ ਖਵਾਰ ਹੈ। ਵੇਦ ਪੁਰਾਨ ਵਾਚਣ ਪੰਡਤ ਕਾਂਸ਼ੀ, ਗ੍ਰੰਥੀ ਪੰਥੀ ਬੇਮੁਹਾਰ ਹੈ। ਗੁਰਮੁਖਾਂ ਆਤਮ ਪ੍ਰਭ ਲਾਹੇ ਉਦਾਸੀ, ਆਪ ਕਟਾਏ ਜਮ ਕੀ ਫਾਸੀ, ਸ਼ਬਦ ਮਾਰੇ ਤੇਜ਼ ਕਟਾਰ ਹੈ। ਸੋਹੰ ਸ਼ਬਦ ਜਪਾਏ ਸਵਾਸ ਸਵਾਸੀ, ਮਾਨਸ ਜਨਮ ਨਾ ਆਏ ਹਾਰ ਹੈ। ਮਾਨਸ ਜਨਮ ਹੋਏ ਰਹਿਰਾਸੀ, ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਕਰ ਜਾਏ ਬੇੜਾ ਪਾਰ ਹੈ। ਪ੍ਰਗਟ ਹੋਏ ਘਨਕਪੁਰ ਵਾਸੀ, ਵਡ ਬਲੀ ਬਲਵਾਨ ਹੈ। ਗੁਰਮੁਖਾਂ ਪੂਰ ਕਰਾਏ ਆਤਮ ਰਾਸੀ, ਇਕ ਰਖਾਇਆ ਚਰਨ ਧਿਆਨ ਹੈ। ਜਨ ਭਗਤਾਂ ਹੋਇਆ ਦਾਸਨ ਦਾਸੀ, ਗੁਣਵੰਤਾ ਗੁਣ ਨਿਧਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਹਰਿ ਦਵਾਰੇ ਦੇਵੇ ਸੱਚਾ ਮਾਣ ਹੈ। ਦਰ ਘਰ ਸਾਚੇ ਦੇਵੇ ਮਾਣ ਹੈ। ਗੁਰਮੁਖ ਸਾਚੇ ਆਤਮ ਮਾਰੇ ਸ਼ਬਦ ਬਾਣ ਹੈ। ਕਲਜੁਗ ਜੀਆਂ ਭਾਂਡਾ ਕਾਚਾ, ਮਿਟੇ ਅੰਤ ਨਿਸ਼ਾਨ ਹੈ। ਗੁਰਮੁਖ ਮਿਲਿਆ ਪ੍ਰਭ ਸਾਚੋ ਸਾਚਾ, ਦੇਵੇ ਨਾਮ ਸ਼ਬਦ ਬਿਬਾਣ ਹੈ। ਬੇਮੁਖ ਆਏ ਦਰ ਤੇ ਨਾਚਾ, ਆਤਮ ਹੋਈ ਸੁੰਞ ਮਸਾਣ ਹੈ। ਗੁਰਮੁਖ ਵਿਰਲੇ ਹਿਰਦੇ ਵਾਚਾ, ਪ੍ਰਭ ਅਬਿਨਾਸ਼ੀ ਸਾਚੋ ਸਾਚਾ, ਜੋਤ ਸਰੂਪੀ ਬਹੱਤਰ ਨਾੜੀ ਰਾਚਾ, ਆਤਮ ਜੋਤੀ ਜਗੇ ਮਹਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਚਾਰ ਵਰਨਾਂ ਏਕਾ ਸਰਨਾ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਬੇਈਮਾਨਾਂ ਅੰਤਮ ਮਿਟੇ ਨਿਸ਼ਾਨ ਹੈ। ਆਤਮ ਰੋਵੇ ਦਏ ਦੁਹਾਈ ਹੈ। ਆਈ ਹਰਿ ਸੱਚੀ ਸ਼ਰਨਾਈ ਹੈ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਿਲੇ ਨਾਮ ਵਡਿਆਈ ਹੈ। ਆਤਮ ਸਾਚਾ ਨੂਰ ਧਰ, ਏਕਾ ਦੱਸੇ ਸਚ ਰੁਸ਼ਨਾਈ ਹੈ। ਦਰ ਘਰ ਆਏ ਮਿਲੇ ਸਾਚਾ ਵਰ, ਭਾਂਡਾ ਭਰਮ ਰਿਹਾ ਭੰਨਾਈ ਹੈ। ਆਪ ਨੁਹਾਏ ਸਾਚੇ ਸਰ, ਚਰਨ ਧੂੜੀ ਮਸਤਕ ਰਿਹਾ ਛੁਹਾਈ ਹੈ। ਸ਼ਬਦ ਸੰਜੋਗੀ ਮੇਲ ਕਰ, ਚਿਤਾ ਸੋਗੀ ਸਰਬ ਗਵਾਈ ਹੈ। ਕਲਜੁਗ ਮਾਇਆ ਜਗਤ ਵਿਜੋਗ, ਕਲ ਸ਼ਬਦ ਝੋਲੀ ਤਨ ਭਰਾਈ ਹੈ। ਰਸ ਰਸਨਾ ਸਾਚਾ ਭੋਗ, ਹਰਿ ਜਗਤ ਵਿਸ ਵਖ ਕਰਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਲਾੜੀ ਜੋਤੀ ਇਕ ਪ੍ਰਨਾਈ ਹੈ। ਖੰਡ ਮੰਡਲ ਬ੍ਰਹਿਮੰਡ ਵਰਭੰਡ ਸ਼ਬਦ ਧੁਨਕਾਰ ਹੈ। ਵੇਖ ਵਖਾਣੇ ਉਤਭੁਜ ਸੇਹਤਜ ਜੇਰਜ ਅੰਡਜ, ਸਰਬ ਘਟ ਘਟਾ ਪਸਾਰ ਹੈ। ਗੁਰਮੁਖ ਸਾਚੇ ਲੋਕਮਾਤ ਨੰਗੀ ਹੋਏ ਨਾ ਕੰਡ, ਪ੍ਰਭ ਹੋਵੇ ਪਹਿਰੇਦਾਰ ਹੈ। ਸ਼ਬਦ ਦਾਤ ਪ੍ਰਭ ਰਿਹਾ ਵੰਡ, ਆਦਿਨ ਅੰਤੀ ਏਕਾ ਕਾਰ ਹੈ। ਆਪ ਉਠਾਏ ਸ਼ਬਦ ਚੰਡ ਪ੍ਰਚੰਡ, ਤਿੱਖੀ ਰੱਖੀ ਹਰਿ ਜੀ ਧਾਰ ਹੈ। ਨੌਂ ਖੰਡ ਪ੍ਰਿਥਮੀ ਪਾਏ ਵੰਡ, ਵਿਚ ਮਾਰੇ ਸ਼ਬਦ ਕਟਾਰ ਹੈ। ਕਲਜੁਗ ਔਧ ਗਈ ਕਲ ਹੰਢ, ਅੰਤਮ ਖਾਲੀ ਦਿਸੇ ਘਰ ਬਾਹਰ ਹੈ। ਆਈ ਹਾਰ ਅੰਤ ਵਰਭੰਡ, ਲੱਖ ਚੁਰਾਸੀ ਬੇਮੁਹਾਰ ਹੈ। ਕੋਈ ਨਾ ਪਾਏ ਆਤਮ ਠੰਡ, ਚਾਰੋਂ ਕੁੰਟ ਠਗ ਚੋਰ ਯਾਰ ਹੈ। ਬੇਮੁਖ ਜੀਵਾਂ ਆਤਮ ਹੋਈ ਰੰਡ, ਸਾਧ ਸੰਤ ਦੁਹਾਗਣ ਨਾਰ ਹੈ। ਗੁਰਮੁਖਾਂ ਬੰਨ੍ਹੇ ਪ੍ਰਭ ਅਬਿਨਾਸ਼ੀ ਸੋਹੰ ਨਾਮ ਸਾਚੀ ਗੰਢ, ਏਕਾ ਕਰੇ ਕਰਾਏ ਸੱਚਾ ਵਣਜ ਵਪਾਰ ਹੈ। ਧਰਮ ਰਾਏ ਨਾ ਦੇਵੇ ਦੰਡ, ਸ਼ਬਦ ਬਿਬਾਣ ਇਕ ਹੁਲਾਰ ਹੈ। ਤਿੰਨ ਲੋਆਂ ਕਰੇ ਖੰਡ ਖੰਡ, ਪ੍ਰਭ ਅਬਿਨਾਸ਼ੀ ਖੇਲ ਅਪਾਰ ਹੈ। ਬ੍ਰਹਮਲੋਕ ਪ੍ਰਭ ਪਾਈ ਵੰਡ, ਅੰਤਮ ਆਈ ਕਲਜੁਗ ਹਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਅਪਾਰ ਹੈ। ਸਾਚਾ ਹਰਿ ਦਰ ਦਵਾਰ। ਹਉਮੇ ਕੱਢੇ ਕਾਇਆ ਪੀੜ, ਏਕਾ ਬਖ਼ਸ਼ੇ ਚਰਨ ਪਿਆਰ। ਲੋਕਮਾਤ ਬੰਨ੍ਹੇ ਬੀੜ, ਮਾਨਸ ਦੇਹੀ ਪੈਜ ਸਵਾਰ। ਕਲਜੁਗ ਅੰਤਮ ਕਟੇ ਭੀੜ, ਅੱਠੇ ਪਹਿਰ ਹੋਏ ਰਖਵਾਰ। ਰੋਗ ਸੋਗ ਜਗਤ ਵਿਜੋਗ ਦਏ ਪੀੜ, ਮਾਰੇ ਇਕ ਸ਼ਬਦ ਕਟਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਆਤਮ ਅੰਦਰ ਸਾਚੇ ਮੰਦਰ, ਨੂਰੀ ਜੋਤ ਸ਼ਬਦ ਅਧਾਰ। ਨੂਰੀ ਜੋਤ ਆਤਮ ਪ੍ਰਕਾਸ਼। ਦੁਰਮਤ ਮੈਲ ਧੋਤ, ਸ਼ਬਦ ਜਪਾਏ ਸਵਾਸ ਸਵਾਸ। ਨਾ ਕੋਈ ਜਾਣੇ ਵਰਨ ਗੋਤ, ਸਚ ਮੰਡਲ ਦੀ ਸਾਚੀ ਰਾਸ, ਮਾਣ ਰਖਾਏ ਦੁੱਧ ਪੋਤ, ਸਾਚਾ ਫਲ ਜਿਉਂ ਚੰਨਣ ਪ੍ਰਭਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਮੁਖ ਲਗਾਏ, ਪੂਰ ਕਰਾਏ ਦਰ ਆਇਆਂ ਆਸ। ਸਾਚਾ ਪ੍ਰਭ ਧਾਰੇ ਭੇਸਾ। ਨਾ ਕੋਈ ਜਾਣੇ ਪੀਰ ਫ਼ਕੀਰ ਔਲੀਆ ਸ਼ੇਖ਼ਾ। ਗੁਰਸਿਖ ਏਕਾ ਤਾਣਾ ਏਕਾ ਪੇਟਾ। ਲੱਖ ਚੁਰਾਸੀ ਰਹੀ ਵੇਖੀ ਵੇਖ, ਕਵਣ ਖੇਵਟ ਕਵਣ ਖੇਟਾ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਧਾਰੇ ਭੇਖ, ਆਪ ਬਣਾਏ ਸਾਚਾ ਬੇਟਾ। ਮਸਤਕ ਲੇਖ ਲਿਖਾਏ ਸਾਚੀ ਰੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰਾ ਭਗਤ ਭੰਡਾਰਾ, ਆਪੇ ਮਾਂ ਪਿਓ ਬੇਟਾ। ਗੁਰਮੁਖ ਸਾਚੇ ਸਾਚਾ ਹਰਿ, ਪ੍ਰਭ ਸਾਚਾ ਮੇਲ ਮਿਲਾਏ, ਹਰਿ ਅੰਮ੍ਰਿਤ ਸਾਚਾ ਸੀਰ। ਦੋਹਾਂ ਧਿਰਾਂ ਏਕਾ ਘਰ ਤੇਲ ਚੜ੍ਹਾਏ, ਸ਼ਬਦ ਬੰਨ੍ਹੇ ਹੱਥ ਕਲੀਰ। ਦਰ ਘਰ ਸਾਚੇ ਇਕ ਵਖਾਏ, ਗੁਰ ਸੰਗਤ ਸਾਚੀ ਭੈਣ ਭਾਈ ਸਾਚੇ ਵੀਰ। ਫੜ ਫੜ ਰਾਹੇ ਕਲਜੁਗ ਪਾਏ, ਨਾ ਕੋਈ ਜਾਣੇ ਸੰਤ ਫ਼ਕੀਰ। ਗੁਰਮੁਖ ਸਾਚੇ ਸੰਤ ਉਠਾਏ, ਪ੍ਰਭ ਕੱਟਣ ਆਇਆ ਭੀੜ। ਅੰਮ੍ਰਿਤ ਸਾਚਾ ਮੁਖ ਚੁਆਏ, ਕਲਜੁਗ ਵੇਲਾ ਅੰਤ ਅਖ਼ੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧਾਰ ਵਹਾਏ, ਅੰਮ੍ਰਿਤ ਸਾਚਾ ਨੀਰ। ਅੰਮ੍ਰਿਤ ਨੀਰ ਹਰਿ ਦਵਾਰ। ਗੁਰਮੁਖ ਹਰਿ ਕਰ ਪਿਆਰ। ਦੋਹਾਂ ਮੇਲ ਏਕਾ ਧਾਰ। ਗੁਰਸਿਖਾਂ ਕਾਇਆ ਕਰੇ ਠੰਡੀ ਠਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਪਾਏ ਸਾਰ। ਦੋਵੇਂ ਹੱਥ ਰੱਖੇ ਪ੍ਰਭ ਖ਼ਾਲੀ। ਦੋ ਜਹਾਨਾਂ ਬਣੇ ਵਾਲੀ। ਕਲਜੁਗ ਜੀਵਾਂ ਬਣਿਆ ਪਾਲੀ। ਨਾ ਕੋਈ ਮੰਗੇ ਵਿਚ ਦਲਾਲੀ। ਸੋਹੰ ਸ਼ਬਦ ਮਾਲੀ। ਕਲਜੁਗ ਰੈਣ ਘਟਾ ਕਾਲੀ। ਗੁਰਮੁਖਾਂ ਪ੍ਰਭ ਦਇਆ ਕਮਾਏ, ਆਤਮ ਦੀਪਕ ਜਗੇ, ਆਤਮ ਜੋਤੀ ਸਚ ਦਿਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦਿਵਸ ਰੈਣ ਕਰੇ ਰਖਵਾਲੀ। ਨਿਰੰਕਾਰ ਨਿਰੰਕਾਰ ਨਿਰੰਕਾਰ ਜੋਤ ਪ੍ਰਕਾਸ਼ ਹੈ। ਨਿਰੰਕਾਰ ਨਿਰੰਕਾਰ ਨਿਰੰਕਾਰ ਲੋਕਮਾਤ ਪਤਾਲ ਅਕਾਸ਼ ਹੈ। ਨਿਰੰਕਾਰ ਨਿਰੰਕਾਰ ਨਿਰੰਕਾਰ ਲੱਖ ਚੁਰਾਸੀ ਰਖੇ ਵਾਸ ਹੈ। ਨਿਰੰਕਾਰ ਨਿਰੰਕਾਰ ਨਿਰੰਕਾਰ ਲੋਆਂ ਪੁਰੀਆਂ ਵੇਖ ਵਖਾਣੇ, ਜੰਗਲ ਜੂਹ ਉਜਾੜ ਪਹਾੜ ਵਿਚ ਪ੍ਰਭਾਸ ਹੈ। ਨਿਰੰਕਾਰ ਨਿਰੰਕਾਰ ਨਿਰੰਕਾਰ, ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼, ਆਦਿ ਅੰਤ ਆਦਿ ਅੰਤ ਆਦਿ ਅੰਤ ਨਾ ਜਾਏ ਵਿਨਾਸ ਹੈ। ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਬੇਅੰਤ ਬੇਅੰਤ ਬੇਅੰਤ, ਆਪੇ ਜਾਣੇ ਆਪਣੀ ਰਾਸ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਨਾ ਵਰਨ ਨਾ ਗੋਤ, ਸਦਾ ਸਦਾ ਅਬਿਨਾਸ਼ ਹੈ। ਜੋਤ ਜੋਤ ਜੋਤ, ਜਗਤ ਰਹੀ ਮੌਲ ਹੈ। ਜੋਤ ਜੋਤ ਜੋਤ, ਲੋਕਮਾਤ ਤੋਲੇ ਪੂਰੇ ਤੋਲ ਹੈ। ਜੋਤ ਜੋਤ ਜੋਤ, ਗੁਰਮੁਖ ਸਾਚੇ ਸਦ ਮਾਰੇ ਝਾਤ, ਸਦ ਵਸੇ ਤੇਰੀ ਕਾਇਆ ਕੋਲ ਹੈ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਹਿਲੀ ਜੋਤ ਹਰਿ ਜਗਾਈ, ਸਤਿਜੁਗ ਸਾਚੇ ਬਣਤ ਬਣਾਈ, ਜੋਤੀ ਨੂਰ ਦੂਣ ਸਵਾਈ, ਭਗਤ ਭਗਵੰਤੇ ਮੇਲ ਮਿਲਾਈ, ਸਾਚੇ ਕੰਤੇ ਇਕ ਵਡਿਆਈ, ਜੋਤੀ ਜੋਤ ਸਰੂਪ ਹਰਿ, ਸਾਚੇ ਘਰ ਆਪ ਸਹਾਈ ਹੈ। ਸਾਚਾ ਘਰ ਇਕ ਟਿਕਾਣਾ। ਨਾ ਕੋਈ ਜਾਣੇ ਜੰਤ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪੇ ਬੈਠੇ ਸਚ ਬਿਬਾਣਾ। ਸਚ ਬਬਾਣਾ ਹਰਿ ਦਵਾਰ। ਰੂਪ ਰੰਗ ਨਾ ਰੇਖ ਭੇਖ, ਸ਼ਬਦ ਸਹਾਰ ਅਪਾਰ। ਨਾ ਕੋਈ ਸਕੇ ਵੇਖ ਲੇਖ, ਪਵਣ ਅਸਵਾਰਾ ਸ਼ਬਦ ਅਧਾਰ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਏਕਾ ਜੋਤੀ ਕਰੇ ਅਕਾਰ। ਮਾਤਲੋਕ ਲਏ ਅਵਤਾਰਾ। ਜੁਗਾ ਜੁਗੰਤਰ ਵਾਰੋ ਵਾਰਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ। ਬਰਾਹ ਰੂਪ ਯਗਯ ਪੁਰਸ਼ ਖੇਲ ਅਪਾਰਾ। ਹਾਵ ਗਰੀਵ ਚੌਥੀ ਵਾਰਾ। ਨਰਾਇਣ ਨਰ ਸਾਚੀ ਧਾਰਾ। ਕਪਲ ਮੁਨ ਰੂਪ ਨਿਆਰਾ। ਦੱਤਾ ਤ੍ਰੈ ਰਿਖਵ ਦੇਵ ਭਗਤ ਸੁਧਾਰਾ। ਪ੍ਰਿਥੂ ਵੇਖ ਪ੍ਰਭ ਸਹਾਰਾ। ਮਤਸ ਬੰਨ੍ਹੇ ਸਾਚੀ ਧਾਰਾ। ਕਛਪ ਰੂਪ ਵਿਚ ਜਲ ਧਾਰਾ। ਮੋਹਣੀ ਰੂਪ ਬਲ ਦਵਾਰਾ। ਬਾਵਨ ਭੇਖ ਭੇਖ ਭਿਖਾਰਾ। ਹੰਸਾ ਚੋਗ ਚੁਗੇ ਅਪਾਰਾ। ਨਰ ਸਿੰਘ ਜਾਮਾ ਭਗਤ ਅਧਾਰਾ। ਹਰਿ ਜੀ ਗਜ ਸਹਾਰਾ। ਨਰ ਨਰਾਇਣ ਧਰੂ ਉਧਾਰਾ। ਪਰਸ ਰਾਮ ਕਸ਼ਤਰੀ ਮਾਰਾ। ਰਾਮ ਰਮਈਆ ਰਾਵਣ ਸੰਘਾਰਾ। ਵੇਦ ਵਿਆਸਾ ਆਈ ਵਾਰਾ। ਕ੍ਰਿਸ਼ਨ ਘਨਈਆ ਨੈਣ ਮੁੰਧਾਰਾ ਕੰਸ ਸੰਘਾਰਾ। ਬੁੱਧ ਚਲਾਈ ਸਾਚੀ ਨਈਆ, ਸਤਿਜੁਗ ਤੇਰੀ ਵਿਚ ਸੰਸਾਰਾ। ਈਸਾ ਮੂਸਾ ਖੇਲ ਰਚਾਇਆ, ਕਲਜੁਗ ਸੂਸਾ ਤਨ ਛੁਹਾਇਆ, ਪ੍ਰਭ ਅਬਿਨਾਸ਼ੀ ਰਚਨ ਰਚਾਇਆ, ਸੰਗ ਮੁਹੰਮਦ ਚਾਰ ਯਾਰਾ। ਨਾਨਕ ਦਾਤ ਲੈ ਕੇ ਆਇਆ, ਸਤਿਨਾਮ ਮੰਤਰ ਅਪਾਰਾ। ਦਸਵੇਂ ਗੁਰ ਭੇਖ ਵਟਾਇਆ, ਪੁਰਖ ਅਬਿਨਾਸ਼ੀ ਸ਼ਬਦ ਅਪਾਰਾ। ਏਕਾ ਓਟ ਹਰਿ ਰਖਾਇਆ, ਕਲਜੁਗ ਸਾਰੇ ਗਏ ਹਾਰਾ। ਸ਼ਬਦ ਚੋਟ ਡੰਕ ਲਗਾਇਆ, ਚਾਰੋਂ ਕੁੰਟ ਹੋਏ ਧੁੰਦੂਕਾਰਾ। ਕੋਟਾਂ ਵਿਚੋਂ ਇਕ ਜਗਾਇਆ, ਗੁਰਮੁਖ ਸਾਚਾ ਸੰਤ ਪਿਆਰਾ। ਜੋਤੀ ਜਾਮਾ ਹਰਿ ਜੀ ਪਾਇਆ, ਕਲਜੁਗ ਵੇਖੇ ਮਾਤ ਵਣਜਾਰਾ। ਚਵੀਆਂ ਜਾਮਾ ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਵਿਚ ਸੰਸਾਰਾ। ਨਿਹਕਲੰਕ ਕਲਗੀ ਅਵਤਾਰਾ। ਸ਼ਬਦ ਤੋੜਾ ਸੀਸ ਅਪਾਰਾ। ਸਾਚਾ ਘੋੜਾ ਪਵਣ ਅਸਵਾਰਾ। ਚਿੱਟਾ ਜੋੜਾ ਨਰ ਨਿਰੰਕਾਰਾ। ਕਲਜੁਗ ਜੀਵ ਮਿੱਠਾ ਕੌੜਾ, ਪਰਖਣ ਆਇਆ ਵਡ ਸੰਸਾਰਾ। ਤਿੰਨਾਂ ਲੋਆਂ ਇੱਕਾ ਪੌੜਾ, ਆਪੇ ਜਾਣੇ ਪਾਰ ਕਿਨਾਰਾ। ਨਾ ਕੋਈ ਜਾਣੇ ਲੰਬਾ ਚੌੜਾ, ਸ਼ਬਦ ਡੰਡਾ ਇਕ ਸਹਾਰਾ। ਕਲਜੁਗ ਵਕਤ ਰਹਿ ਗਿਆ ਥੋੜਾ, ਨਿਹਕਲੰਕ ਲਏ ਅਵਤਾਰਾ। ਧੁਰ ਦਰਗਾਹੋਂ ਆਇਆ ਦੌੜਾ, ਗੁਰਮੁਖਾਂ ਕਰੇ ਸਚ ਪਿਆਰਾ। ਵੇਲੇ ਅੰਤਮ ਹਰਿ ਜੀ ਬਹੁੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਪਾਏ ਸਾਚੀ ਸਾਰਾ। ਸਾਚੀ ਸਾਰ ਹਰਿ ਜੀ ਪਾਏ। ਲੋਕਮਾਤ ਸ਼ਬਦ ਜਣਾਏ। ਚਾਰ ਕੁੰਟਾਂ ਵੇਖੇ ਮਾਰ ਝਾਤ, ਗੁਰਮੁਖਾਂ ਸਾਚੀ ਬਣਤ ਬਣਾਏ, ਕਲਜੁਗ ਰੈਣ ਅੰਧੇਰੀ ਰਾਤ, ਬੇਮੁਖਾਂ ਕੋਈ ਦੀਸੇ ਨਾਹੇ। ਜਨ ਭਗਤਾਂ ਮਿਲੇ ਕਮਲਾਪਾਤ, ਚਰਨ ਨਾਤ ਇਕ ਬੰਧਾਏ। ਸ਼ਬਦ ਦੇਵੇ ਸਾਚੀ ਦਾਤ, ਪੁਰਖ ਬਿਧਾਤਾ ਅੰਤਮ ਵੇਲੇ ਪੁੱਛੇ ਵਾਤ, ਹੋਏ ਆਪ ਸਹਾਈ, ਨਾ ਕੋਈ ਜਾਣੇ ਜਾਤ ਪਾਤ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਨਿਸ਼ਾਨ, ਚਾਰ ਕੁੰਟ ਚਲਾਏ। ਸਾਚਾ ਨਾਮ ਨਿਧਾਨ, ਹਰਿ ਦਵਾਰ ਹੈ। ਪੁਰਖ ਅਬਿਨਾਸ਼ੀ ਹੋਏ ਮਿਹਰਬਾਨ, ਜਨ ਭਗਤਾਂ ਖੋਲ੍ਹੇ ਬੰਦ ਕਵਾੜ ਹੈ। ਏਕਾ ਮਾਰੇ ਤਿੱਖਾ ਬਾਣ, ਹਰਿ ਮੇਟ ਮਿਟਾਏ ਪੰਜਾਂ ਧਾੜ ਹੈ। ਲੱਖ ਚੁਰਾਸੀ ਪੁਣ ਛਾਣ, ਗੁਰਸਿਖ ਸਾਚੇ ਲੱਭੇ ਲਾੜ ਹੈ। ਆਪ ਰਖਾਏ ਆਪਣੀ ਆਣ, ਸ਼ਬਦ ਘੋੜੇ ਰਿਹਾ ਚਾੜ੍ਹ ਹੈ। ਅੰਤਮ ਦੇਵੇ ਇਕ ਬਿਬਾਣ ਹੈ। ਧੁਰਦਰਗਾਹੀ ਸਾਚਾ ਮਾਹੀ, ਦਰ ਘਰ ਸਾਚੇ ਰਿਹਾ ਵਾੜ ਹੈ। ਆਪ ਕਟਾਏ ਜਮ ਕੀ ਫਾਹੀ, ਜੋਤ ਜਗਾਏ ਬਹੱਤਰ ਨਾੜ ਹੈ। ਗੁਰ ਸੰਗਤ ਨਾਤਾ ਭੈਣਾਂ ਭਾਈ, ਪ੍ਰਭ ਆਪ ਬੰਧਾਏ ਸਤਾਰਾਂ ਹਾੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਲੱਖ ਚੁਰਾਸੀ ਚਬਾਏ ਆਪਣੀ ਦਾੜ੍ਹ ਹੈ। ਲੱਖ ਚੁਰਾਸੀ ਚਬਾਏ ਆਪਣੀ ਦਾੜ੍ਹ। ਲੇਖ ਲਿਖਾਏ ਸਤਾਰਾਂ ਹਾੜ। ਰਾਜੇ ਰਾਣਿਆਂ ਸੀਨੇ ਪਾੜ। ਸ਼ਬਦ ਲਗਾਏ ਮਗਰ ਧਾੜ। ਨਾ ਕੋਈ ਛੁਡਾਏ, ਕਲਜੁਗ ਦਿਨ ਆਏ ਮਾੜ। ਚਾਰੋਂ ਕੁੰਟਾਂ ਰਹੇ ਬਿਲਲਾਏ, ਸ਼ਬਦ ਖੰਡਾ ਚਲੇ ਕਾੜ ਕਾੜ। ਬੇਮੁੱਖ ਜੀਵ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਾੜ। ਧਰਮ ਰਾਏ ਦਵਾਰ ਖੁਲ੍ਹਾਇੰਦਾ। ਪ੍ਰਭ ਅਬਿਨਾਸ਼ੀ ਹੁਕਮ ਸੁਣਾਇੰਦਾ। ਘਨਕਪੁਰ ਵਾਸੀ ਸਾਚੀ ਬਣਤ ਬਣਾਇੰਦਾ। ਲੱਖ ਚੁਰਾਸੀ ਦੇਵੇ ਫਾਸੀ, ਮਾਤਲੋਕ ਨਾ ਕੋਈ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਬਣਾਇੰਦਾ। ਸਾਚੀ ਬਣਤ ਹਰਿ ਮਾਤ ਬਣਾਈ। ਗੁਰਮੁਖ ਸਾਚੇ ਸੇਵਾ ਲਾਈ। ਜਗਤ ਜਗਦੀਸ਼ੇ ਤ਼ੇਰੀ ਵਾਰੀ ਆਈ। ਮਿਟਣਾ ਭੇਵ ਬੀਸ ਇਕੀਸੇ, ਬੇਮੁਖਾਂ ਸਿਰ ਪੈਣੀ ਛਾਹੀ। ਝੁੱਲੇ ਛਤਰ ਇਕ ਜਗਦੀਸ਼ੇ, ਚਾਰ ਕੁੰਟ ਸਭਨੀ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਆਪੇ ਤਾਰੇ, ਫੜ ਫੜ ਦੋਵੇਂ ਬਾਹੀਂ। ਜਗਤ ਜਗਦੀਸ਼ਾ ਕਰ ਤਿਆਰ। ਪ੍ਰਭ ਅਬਿਨਾਸ਼ੀ ਕਰੇ ਵਿਚਾਰ। ਧਰਤ ਮਾਤ ਰੋ ਰੋ ਪੁਕਾਰੇ ਧਾਹਾਂ ਮਾਰੇ, ਜੂਠੇ ਝੂਠੇ ਕਲਜੁਗ ਜੀਵ ਮਾਇਆ ਰਾਣੀ ਸ਼ਿੰਗਾਰ। ਵਡ ਵਡ ਭੁੱਲੇ ਰਾਜੇ ਰਾਣੇ, ਗਊ ਗਰੀਬ ਨਿਮਾਣੇ ਨਾ ਕੋਈ ਪਾਵੇ ਸਾਰ। ਝੂਠੇ ਹੋਏ ਤਹਿਸੀਲਾਂ ਠਾਣਿਆਂ, ਦਰ ਦਰ ਭਿਖਾਰੀ ਲੱਖ ਚੁਰਾਸੀ ਬੇਮੁਹਾਣਿਆ, ਨਾ ਮਿਲੇ ਕੋਈ ਸੱਚੀ ਸਰਕਾਰ। ਗੁਰਮੁਖ ਵਿਰਲੇ ਮਾਤ ਪਛਾਣਿਆ, ਨਿਹਕਲੰਕ ਲਿਆ ਅਵਤਾਰ। ਹਰਿਜਨ ਚਲਾਏ ਆਪਣੇ ਭਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਅਪਾਰ। ਹਰਿ ਸਾਚਾ ਖੇਲ ਰਚਾਇਆ। ਗੁਰਮੁਖ ਸਾਚਾ ਲੇਖੇ ਲਾਇਆ। ਉਨੀਂ ਕੱਤਕ ਖ਼ੁਸ਼ੀ ਮਨਾਇਆ। ਵਜੀ ਵਧਾਈ ਸੁਣੀ ਲੋਕਾਈ, ਜੈ ਜੈ ਜੈਕਾਰ ਕਰਾਇਆ। ਪੁਰੀਆਂ ਲੋਆਂ ਕਰੇ ਰੁਸ਼ਨਾਈ, ਪ੍ਰਭ ਅਬਿਨਾਸ਼ੀ ਦਰਸ਼ਨ ਪਾਇਆ। ਸੱਤ ਨੌਂ ਛੱਡੇ ਭੈਣਾਂ ਭਾਈ, ਜਗਤ ਜੰਜਾਲਾ ਮੋਹ ਤਜਾਇਆ। ਏਕਾ ਮਿਲਿਆ ਸਚ ਗੁਸਾਈਂ, ਸਾਚੀ ਗੋਦ ਜਿਸ ਉਠਾਇਆ। ਗੁਰਮੁਖਾਂ ਉਠਾਏ ਫੜ ਕੇ ਬਾਹੀਂ, ਅੰਮ੍ਰਿਤ ਸਾਚਾ ਦੁੱਧ ਪਿਆਇਆ। ਸਦਾ ਰੱਖੇ ਠੰਡੀ ਛਾਂਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਾਧ ਬੋਧ ਬੋਧ ਅਗਾਧ ਸਾਚਾ ਹੁਕਮ ਸੁਣਾਇਆ। ਸਾਚਾ ਹੁਕਮ ਹਰਿ ਦਵਾਰ। ਸ਼ਿਵ ਸ਼ੰਕਰ ਬੈਠਾ ਕਰ ਵਿਚਾਰ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਨਿਹਕਲੰਕ ਲਏ ਅਵਤਾਰ। ਕਲਜੁਗ ਅੰਤਮ ਮਾਣ ਗਵਾਇਆ, ਅੰਤਮ ਵੇਲਾ ਆਈ ਹਾਰ। ਗੁਰਮੁਖ ਸਾਚੇ ਮਾਣ ਦਵਾਇਆ, ਸ਼ਿਵ ਪੁਰੀ ਜੋਤ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚੜ੍ਹਾਏ ਸ਼ਬਦ ਬਿਬਾਣ। ਸ਼ਬਦ ਬਿਬਾਣੇ ਆਪ ਚੜ੍ਹਾਇਆ। ਸਾਚੇ ਰਾਣੇ ਹੁਕਮ ਸੁਣਾਇਆ। ਏਕਾ ਅੰਮ੍ਰਿਤ ਸਾਚਾ ਪੀਣਾ ਖਾਣਾ, ਆਵਣ ਜਾਵਣ ਗੇੜ ਚੁਕਾਇਆ। ਲੱਖ ਚੁਰਾਸੀ ਵੇਖੇ ਨੈਣਾਂ, ਸਾਚੇ ਧਾਮ ਆਪ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਦਾਨਾ ਬੀਨਾ, ਆਪਣੇ ਭਾਣੇ ਸਦ ਸਮਾਇਆ। ਹਰਿ ਭਾਣਾ ਬਲੀ ਬਲਵਾਨ ਹੈ। ਨਾ ਕੋਈ ਜਾਣੇ ਰਾਜਾ ਰਾਣਾ ਵਿਚ ਜਹਾਨ ਹੈ। ਗੁਰਮੁਖ ਵਿਰਲੇ ਮਾਤ ਪਛਾਣਾ, ਜਿਸ ਬਖ਼ਸ਼ੇ ਚਰਨ ਧਿਆਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਚਾਰ ਵਰਨ ਝੁਲਾਏ ਸੱਚਾ ਇਕ ਨਿਸ਼ਾਨ ਹੈ। ਛੱਬੀ ਪੋਹ ਦਿਵਸ ਜਾਏ ਚੜ੍ਹ। ਗੁਰਮੁਖਾਂ ਪ੍ਰਭ ਕਰੇ ਮੋਹ, ਆਪ ਫੜਾਏ ਆਪਣਾ ਲੜ। ਆਤਮ ਬੀਜ ਰਿਹਾ ਬੋ, ਸੋਹੰ ਅੱਖਰ ਲੈਣਾ ਪੜ੍ਹ। ਜੀਵ ਜੰਤ ਨਾ ਜਾਣੇ ਕੋ, ਹਰਿ ਵਸੇ ਕਾਇਆ ਕੋਟ ਗੜ੍ਹ। ਲੱਖ ਚੁਰਾਸੀ ਰਹੀ ਰੋ, ਕਿਸੇ ਨਾ ਦਿਸੇ ਸੀਸ ਧੜ। ਗੁਰਮੁਖਾਂ ਅੰਮ੍ਰਿਤ ਆਤਮ ਰਿਹਾ ਚੋ, ਲੋਕਮਾਤ ਬਾਹੋਂ ਫੜ ਫੜ। ਮਿਲੇ ਵਧਾਈ ਗੁਰ ਸੰਗਤ ਛੱਬੀ ਪੋਹ, ਸ਼ਬਦ ਘੋੜੇ ਜਾਣਾ ਚੜ੍ਹ। ਗੁਰ ਸੰਗਤ ਮਨ ਵੱਜੇ ਵਧਾਈ। ਛੱਬੀ ਪੋਹ ਪ੍ਰਭ ਰੁੱਤ ਸੁਹਾਈ। ਜਗਤ ਜਗਦੀਸ਼ਾ ਸਾਚਾ ਸੁਤ, ਗੁਰ ਸੰਗਤ ਸੇਵਾ ਸਾਚੀ ਲਾਈ। ਪਾਰਬ੍ਰਹਮ ਸਾਚਾ ਅਚੁੱਤ, ਅੰਮ੍ਰਿਤ ਫਲ ਸਾਚਾ ਮੇਵਾ ਰਿਹਾ ਖਵਾਈ। ਲੋਕਮਾਤ ਵਡ ਦੇਵੀ ਦੇਵਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸਾਚਾ ਮੇਘ ਰਿਹਾ ਬਰਸਾਈ। ਧਰਤ ਮਾਤ ਲਾਇਆ ਸਾਚਾ ਥੇਵਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਬਾਰਾ ਵਿਚ ਸੰਸਾਰਾ ਏਕਾ ਏਕ ਖੁਲ੍ਹਾਈ। ਸਚ ਦਰਬਾਰਾ ਮਾਤ ਖੁਲ੍ਹਾਇਆ। ਨਰ ਨਿਰੰਕਾਰ ਬਣਤ ਬਣਾਇਆ। ਸ਼ਬਦ ਜੈਕਾਰਾ ਇਕ ਕਰਾਇਆ। ਜਗਤ ਜਗਦੀਸ਼ੇ ਤੇਰੀ ਸਾਚੀ ਖ਼ਾਕ, ਲਹੂ ਮਿਝ ਗਾਰਾ ਨਾਲ ਰਲਾਇਆ। ਗੁਰਮੁਖਾਂ ਖੋਲ੍ਹੇ ਆਤਮ ਤਾਕ, ਤੇਰੀ ਜੋਤੀ ਦਏ ਜਗਾਇਆ। ਰਾਜੇ ਰਾਣਿਆਂ ਲਿਖੇ ਲੇਖ ਭਵਿੱਖਤ ਵਾਕ, ਪੰਚਮ ਪੋਹ ਨੀਂਹ ਰਖਾਇਆ। ਪ੍ਰਗਟ ਹੋਇਆ ਪਾਕੀ ਪਾਕ, ਸ਼ਬਦ ਡੰਡਾ ਹੱਥ ਉਠਾਇਆ। ਲੱਖ ਚੁਰਾਸੀ ਹੋਣੀ ਖ਼ਾਕ, ਝੂਠੀ ਛਾਰ ਪ੍ਰਭ ਦਏ ਉਡਾਇਆ। ਕੋਈ ਨਾ ਬਣੇ ਸੱਜਣ ਸਾਕ, ਝੂਠਾ ਜਗਤ ਮੋਹ ਵਧਾਇਆ। ਪ੍ਰਭ ਮਗਰ ਲਗਾਏ ਲਾੜੀ ਮੌਤ, ਬੀਰ ਬੇਤਾਲੇ ਹਾਕਨ ਡਾਕਨ ਰਹੇ ਤਕਾਇਆ। ਧਰਮ ਰਾਏ ਲੋਕਮਾਤ ਮਾਰ ਝਾਕ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਅਠਾਈ ਕੁੰਡਾਂ ਖੋਲ੍ਹੇ ਤਾਕ, ਇੱਕੋ ਧੱਕਾ ਦਏ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਦੀਨਾ ਮੱਕਾ ਬੂਰਾ ਕੱਕਾ ਅੰਤਮ ਅੰਤ ਆਪੇ ਦਏ ਮਿਟਾਇਆ। ਛੱਬੀ ਪੋਹ ਕਰ ਤਿਆਰ। ਪੁਰਖ ਅਬਿਨਾਸ਼ੀ ਪਾਵੇ ਸਾਰ। ਸੋਲਾਂ ਕਲੀਆਂ ਕਰ ਤਨ ਸ਼ਿੰਗਾਰ। ਵਡ ਜੋਧਾ ਹਰਿ ਬਲ ਬਲੀਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਰੀਤੀ ਸਦਾ ਅਤੀਤੀ, ਕਰੇ ਕਰਾਏ ਆਪਣੀ ਵਾਰ। ਸਾਚੀ ਰੀਤ ਜਗਤ ਚਲਾਉਣੀ। ਗੁਰਸਿਖਾਂ ਪ੍ਰੀਤ ਚਰਨ ਬੰਧਾਉਣੀ । ਮੰਦਰ ਮਸੀਤ ਕਾਇਆ ਸਾਚੀ ਮਾਤ ਬਣਾਉਣੀ । ਸਚ ਦਵਾਰਾ ਇਕ ਜਗਦੀਸ਼, ਨੌਂ ਦਵਾਰੇ ਤਾਕ ਰਖਾਉਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਮਗਰੀ ਵਿਚ ਰਖਾਉਣੀ। ਸਚ ਸਮਗਰੀ ਦੇਵੇ ਰੱਖ। ਲੱਖ ਚੁਰਾਸੀ ਕਰੇ ਵਖ। ਚਾਰੋਂ ਕੁੰਟ ਲਾਉਂਦੇ ਭੱਖ। ਗੁਰਮੁਖ ਸਾਚੇ ਲਏ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਸ੍ਰੀ ਭਗਵਾਨਾ, ਕਰੇ ਖੇਲ ਅਲੱਖਣਾ ਅਲੱਖ। ਸਾਚਾ ਦਰ ਦਰ ਦਰਬਾਰ। ਲੋਕਮਾਤ ਸੱਚੀ ਸਰਕਾਰ। ਰਾਓ ਉਮਰਾਓ ਕਰੇ ਖ਼ਬਰਦਾਰ। ਚਾਰੋਂ ਕੁੰਟ ਵੇਖ ਵਖਾਣੇ ਜੀਵ ਜੰਤ ਸਾਧ ਸੰਤ ਮੂਰਖ ਮੁਗਧ ਜੀਵ ਗਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰਿਹਾ ਪੈਜ ਸਵਾਰ।