੯ ਚੇਤ ੨੦੧੩ ਬਿਕ੍ਰਮੀ ਸੰਤ ਲਾਭ ਸਿੰਘ ਪਾਸ ਜਾ ਕੇ ਸ਼ਬਦ ਉਚਾਰਿਆ ਪਿੰਡ ਸੈਦਪੁਰ ਜ਼ਿਲਾ ਅੰਮ੍ਰਿਤਸਰ
ਸਚ ਪਲੰਘ ਪ੍ਰਭ ਆਪ ਸੁਹਾਇਆ। ਲੁਹਾਰ ਤਰਖਾਣ ਨਾ ਕਿਸੇ ਬਣਾਇਆ। ਜਗਤ ਵਾਣ ਨਾ ਕੋਇ ਉਣਾਇਆ। ਸ਼ਬਦ ਬਿਬਾਣ ਇਕ ਰਖਾਇਆ। ਆਪੇ ਬੈਠ ਸ੍ਰੀ ਭਗਵਾਨ, ਸਾਚੀ ਬਣਤ ਬਣਾਇਆ। ਵੇਖ ਵਖਾਏ ਵਾਲੀ ਦੋ ਜਹਾਨ, ਦਿਸ ਕਿਸੇ ਨਾ ਆਇਆ। ਇਕ ਝੁੱਲਾਏ ਸਚ ਨਿਸ਼ਾਨ, ਸਤਿ ਪੁਰਖ ਅਬਿਨਾਸ਼ੀ ਆਪ ਉਠਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਲੱਖ ਚੁਰਾਸੀ ਵਿਚ ਸਮਾਇਆ। ਲੋਕਮਾਤੀ ਗੁਰ ਗੁਰ ਪੀਰਾਂ ਸਾਧਨ ਸੰਤਾਂ ਬ੍ਰਹਮ ਗਿਆਨ ਸ਼ਬਦ ਸੁਨੇਹੜਾ ਰਿਹਾ ਘਲਾਇਆ। ਉਪਜੇ ਧੁਨ ਤੁੱਟੇ ਸੁਨ ਕਾਇਆ ਮੰਦਰ ਸਚ ਮਕਾਨ, ਬੇੜਾ ਸਾਚਾ ਹੱਥ ਵਖਾਇਆ। ਮੰਗੇ ਮੰਗ ਸ਼ਬਦ ਦਾਨ, ਉਡੇ ਉਠਾਏ ਵਿਚ ਬਿਬਾਣ, ਖਾਣੀ ਬਾਣੀ ਹੋਏ ਹੈਰਾਨ, ਜਾਣੀ ਜਾਣ ਮੇਲ ਮਿਲਾਇਆ। ਜੋਤ ਜਾਮਾ ਧੁਰ ਦੀ ਬਾਣ, ਕਲਜੁਗ ਅੰਤਮ ਕਰੇ ਪਛਾਣ, ਵੇਖ ਵਖਾਏ ਰਾਜ ਰਾਜਾਨ, ਚਤੁਰ ਸੁਘੜ ਸਿਆਣ ਗਿਆਨ ਬੋਧ, ਬੋਧ ਅਗਾਧਾ ਪ੍ਰਭ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਇਕ ਸੁਹਾਇਆ। ਸ਼ਬਦ ਸਿੰਘਾਸਣ ਹਰਿ ਬਿਰਾਜੇ, ਜੋਤੀ ਜੋਤ ਜਗਾਈਆ। ਏਕਾ ਰੱਖੇ ਸੀਸ ਤਾਜੇ, ਦੋ ਜਹਾਨਾਂ ਰਾਜ ਕਮਾਈਆ। ਆਪ ਸਵਾਰੇ ਆਪਣਾ ਕਾਜੇ, ਸ਼ਬਦ ਨਿਸ਼ਾਨਾ ਸਾਚਾ ਤੀਰ ਜਗਤ ਕਮਾਨ ਉਠਾਈਆ। ਵੇਖ ਵਖਾਣੇ ਸੰਤ ਔਲੀਏ ਸ਼ੇਖ਼ ਮੁਲਾਂ ਪੀਰ ਜਗਤ ਨਾਇਕ ਮੁਸਾਇਕ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਬੈਠ ਹਰਿ, ਪਾਵਾ ਚੂਲਾ ਨਾ ਕੋਈ ਰਖਾਈਆ। ਪਾਵਾ ਚੂਲ ਨਾ ਰੱਖਿਆ ਕੋਏ, ਪ੍ਰਭ ਸਾਚੇ ਬਣਤ ਬਣਾਈਆ। ਖਾਲੀ ਹੱਥੀਂ ਵੱਸਿਆ ਦਿਵਸ ਰੈਣ ਕਦੇ ਨਾ ਸੋਏ, ਨਾ ਜਨਮੇ ਨਾ ਮੋਏ, ਅੱਠੇ ਪਹਿਰ ਗੁਰਮੁਖ ਅੰਦਰ ਵੱੜ ਵੱੜ ਹੱਸਿਆ। ਸ਼ਬਦ ਨਿਰਾਲਾ ਤੀਰ ਕੱਸਿਆ। ਦਿਸ ਨਾ ਆਏ ਲੋਚਨ ਦੋਏ, ਮੇਟ ਮਿਟਾਏ ਅੰਧ ਅੰਧੇਰੀ ਰੈਣ ਮੱਸਿਆ। ਏਕਾ ਰਾਹ ਸਾਚਾ ਦੱਸਿਆ, ਜੋ ਜਨ ਸਰਨ ਸਰਨਾਈ ਸਾਚੀ ਹੋਏ। ਘਟ ਘਟ ਅੰਦਰ ਆਪੇ ਵਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਡੇਰਾ ਲਾਏ, ਦਿਵਸ ਰੈਣ ਡਗਮਗਾਏ। ਗੁਰ ਪੂਰੇ ਅਵਰ ਨਾ ਕੋਈ ਜਾਣੀ ਜਾਏ। ਗੁਰ ਪੂਰਾ ਜਾਨਣਹਾਰ ਹੈ, ਪੁਰਖ ਅਬਿਨਾਸ਼ੀ ਬਣਤ ਬਣਾਈ। ਭਰਮੇ ਭੁੱਲਾ ਸਰਬ ਸੰਸਾਰ ਹੈ, ਗਤ ਅੰਤਰ ਭੇਵ ਨਾ ਰਾਈ। ਸੁਰਤ ਸਵਾਣੀ ਹੋਈ ਗਵਾਰ ਹੈ, ਸ਼ਬਦ ਭਤਾਰ ਨਾ ਕੋਈ ਹੰਢਾਈ। ਚੜ੍ਹ ਚੜ੍ਹ ਥੱਕੇ ਨੌਂ ਦਵਾਰ ਹੈ, ਮਹੱਲ ਅਟੱਲ ਦਿਸ ਨਾ ਆਈ। ਹਰਿਜਨ ਮੇਲਾ ਇਕ ਦਵਾਰ ਹੈ, ਏਕਾ ਏਕ ਲਿਵ ਲਾਈ। ਆਪੇ ਖੋਲ੍ਹੇ ਬੰਦ ਕਿਵਾੜ ਹੈ, ਜਿਸ ਦਿਤਾ ਬੰਦ ਕਰਾਈ। ਅੰਮ੍ਰਿਤ ਆਤਮ ਸਾਚੀ ਧਾਰ ਹੈ, ਸ਼ਬਦ ਖੰਡਾ ਹੱਥ ਉਠਾਈ। ਜੋਤ ਜਗਾਏ ਬਹੱਤਰ ਨਾੜ ਹੈ, ਸਾਚੀ ਜੋਤ ਕਰੇ ਰੁਸ਼ਨਾਈ। ਸਾਚੇ ਦਰ ਘਰ ਦੇਵੇ ਵਾੜ ਹੈ, ਧੁਨ ਆਤਮਕ ਵੱਜੇ ਸਚ ਵਧਾਈ। ਸਾਚੇ ਘੋੜੇ ਆਪੇ ਚਾੜ੍ਹ ਹੈ, ਨਾਮ ਸਿਹਰਾ ਦਏ ਲਗਾਈ। ਲਾੜੀ ਜੋਤ ਕਰ ਪਿਆਰ ਹੈ, ਘਰ ਦਸਵੇਂ ਲਏ ਵਿਆਹੀ। ਏਕਾ ਸੇਜਾ ਸੁੱਤੇ ਪੁਰਖ ਨਾਰੀ ਭਤਾਰ ਹੈ, ਦਿਵਸ ਰੈਣ ਖ਼ੁਸ਼ੀ ਮਨਾਈ। ਸਾਚਾ ਮੰਦਰ ਪ੍ਰਭ ਕਰੇ ਤਿਆਰ ਹੈ, ਆਤਮ ਸੇਜਾ ਇਕ ਵਿਛਾਈ। ਸਿੰਘ ਭਗਵਾਨ ਗੁਰਮੁਖ ਵਿਰਲਾ ਸੰਤ ਕਰੇ ਦੀਦਾਰ ਹੈ, ਭਰਮੇ ਭੁੱਲੀ ਲੋਕਾਈ। ਜੋਤੀ ਜੋਤ ਸਰੂਪ ਹਰਿ, ਸਚ ਘਰ ਆਣ ਆਪਣਾ ਲਾਏ, ਸ਼ਬਦ ਸਿੰਘਾਸਣ ਇਕ ਵਿਛਾਈ। ਗੁਰਮੁਖ ਸਾਚੇ ਸੰਤ ਬਹਾਏ ਦਿਵਸ ਰੈਣ ਦਰਸ ਦਿਖਾਏ, ਭਾਣਾ ਸਹਿਣਾ ਹੁਕਮ ਜਣਾਏ, ਸ਼ਬਦ ਗਹਿਣਾ ਤਨ ਪਹਿਨਾਏ, ਸੋਲਾਂ ਕਰੇ ਤਨ ਸ਼ਿੰਗਾਰ। ਸੰਤਨ ਧਾਮ ਜਗਤ ਨਿਆਰਾ, ਜਾਣੇ ਪੁਰਖ ਅਬਿਨਾਸ਼ੀ। ਕਰੇ ਖੇਲ ਅਗੰਮ ਅਪਾਰਾ, ਵੇਖੇ ਘਟ ਘਟ ਵਾਸੀ। ਨਾ ਕੋਈ ਮਿਲੇ ਚਾਰ ਦਿਵਾਰਾ, ਜੋਤ ਸਰੂਪ ਏਕਾ ਮੰਡਲ ਰਾਸੀ। ਨਾ ਕੋਈ ਜਾਣੇ ਵੇਦ ਪੁਰਾਨ ਅੰਜ਼ੀਲ ਕੁਰਾਨਾ, ਪੰਡਤ ਪੜ੍ਹ ਪੜ੍ਹ ਥੱਕੇ ਕਾਂਸ਼ੀ। ਹਰਿਜਨ ਸਾਚਾ ਸੁਘੜ ਸਿਆਣਾ, ਜਿਸ ਜਨ ਮਿਲਿਆ ਸ਼ਬਦ ਬਿਬਾਣਾ, ਉਡੇ ਉਡਾਏ ਆਕਾਸ਼ ਆਕਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਏਕਾ ਮੰਗੇ, ਦਰ ਦਵਾਰੇ ਮੂਲ ਨਾ ਸੰਗੇ, ਦਸਵੀਂ ਗਲੀ ਦਸਮ ਦਵਾਰਾ ਆਪੇ ਲੰਘੇ, ਵੇਖੇ ਖੇਲ ਤਮਾਸ਼ੀ। ਉਠੋ ਜਾਗੋ ਸੁਰਤ ਸੰਭਾਲੋ, ਵੇਲਾ ਅੰਤਮ ਆਇਆ। ਦੁਰਮਤ ਮੈਲ ਧੋਵੋ ਦਾਗੋ, ਰਿਹਾ ਕਾਗ ਹੰਸ ਬਣਾਇਆ। ਸਤਿਗੁਰ ਸਾਚੇ ਸਰਨੀ ਲਾਗੋ, ਜਗਤ ਬੁਝਾਏ ਤ੍ਰਿਸ਼ਨਾ ਆਗੋ, ਆਤਮ ਜੋਤ ਦਏ ਜਗਾਇਆ। ਪੁਰਖ ਅਬਿਨਾਸ਼ੀ ਏਕ ਹੈ, ਸੰਤਨ ਰਿਹਾ ਉਪਾਏ। ਸ਼ਬਦ ਸਵਾਸੀ ਦੇਵੇ ਸਾਚੀ ਟੇਕ ਹੈ, ਆਤਮ ਬ੍ਰਹਮ ਜਣਾਏ। ਜਗਤ ਮਾਇਆ ਨਾ ਲਾਏ ਸੇਕ ਹੈ, ਜਿਸ ਜਨ ਸਮਰਥ ਆਪਣਾ ਹੱਥ ਟਿਕਾਏ। ਆਤਮ ਆਪੇ ਆਏ ਆਪਣਾ ਵਹਾਏ ਨੀਰ ਹੈ, ਜਗਤ ਦਿਸ ਨਾ ਆਏ। ਸਦ ਵਸੇ ਆਪ ਵਿਸੇਖ ਹੈ, ਦਸਵੇਂ ਹਿਸੇ ਵੰਡ ਵੰਡਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਤ ਅਸੰਤਾ ਆਤਮ ਅੰਦਰ ਸਾਚੇ ਮੰਦਰ ਭੇਦ ਅਭੇਦਾ ਅਛਲ ਅਛੇਦਾ ਅਛਲ ਅਛੇਦਾ ਭੇਵ ਗੂਝ ਖੁਲ੍ਹਾਏ। ਹਰਿ ਵਡੀ ਵਡਿਆਈ ਸਾਚੇ ਸੰਤ ਮਾਤ ਉਪਾਇਆ। ਘਰ ਸੰਤ ਵੱਜੀ ਵਧਾਈ, ਪ੍ਰਭ ਅਬਿਨਾਸ਼ੀ ਰਸਨਾ ਗਾਇਆ। ਪੁਰਖ ਅਬਿਨਾਸ਼ੀ ਕਰੇ ਕੁੜਮਾਈ, ਸਵਾਣੀ ਜੋਤੀ ਸ਼ਬਦ ਵਿਆਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੰਤ ਮੇਲਾ ਇਕ ਇਕੰਤ ਦਸਮ ਦਵਾਰੀ ਕਰ ਵਿਚਾਰੀ, ਸ਼ਬਦ ਵੇਖੇ ਤਿੱਖੀ ਧਾਰੀ, ਦਰ ਘਰ ਸਾਚੇ ਵੇਖਣ ਆਇਆ। ਸੰਤ ਜਗਤ ਬਲਵਾਨ ਹੈ, ਸਤਿ ਪੁਰਖ ਸਮਾਏ। ਸਤਿ ਪੁਰਖ ਸੱਚਾ ਦਾਤਾ ਦੇਵੇ ਦਾਨ ਹੈ, ਆਤਮਕ ਸ਼ਬਦ ਧੁਨ ਉਪਜਾਏ। ਸੰਤ ਰੱਖੇ ਚਰਨ ਧਿਆਨ ਹੈ, ਪੁਰਖ ਅਬਿਨਾਸ਼ੀ ਰਿਹਾ ਦਿਖਾਏ। ਪੁਰਖ ਅਬਿਨਾਸ਼ੀ ਸਦਾ ਅਬਿਨਾਸ਼ ਹੈ, ਸਾਚੇ ਸੰਤਾਂ ਹੁਕਮ ਜਣਾਏ। ਸਾਚਾ ਸੰਤ ਹੋਏ ਦਾਸ ਹੈ, ਸਤਿਗੁਰ ਸਾਚੀ ਦਇਆ ਕਮਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗਾ ਜੁਗੰਤਰ ਵੇਖ ਵਖਾਏ। ਸਾਧ ਸੰਤ ਅੰਦਰ ਬਾਹਰ ਆਪੇ ਹੋਏ। ਸੰਤ ਸੁਣਾਏ ਗੀਤ ਸ੍ਰਿਸ਼ਟ ਸਬਾਈਆ। ਪੁਰਖ ਅਬਿਨਾਸ਼ੀ ਸ਼ਬਦ ਜਣਾਈਆ। ਦਿਸ ਕਿਸੇ ਨਾ ਆਏ ਆਪ ਵਸੇ ਕਾਇਆ ਗੁਰਦਵਾਰਾ ਮੰਦਰ ਮਸੀਤ, ਸਚ ਮਹੱਲਾ ਰਿਹਾ ਵਸਾਈਆ। ਅੱਠੇ ਪਹਿਰ ਪਰਖੇ ਨੀਤ, ਸਦ ਅਤੀਤ ਕਰਮ ਕਮਾਈਆ। ਸ੍ਰਿਸ਼ਟ ਸਬਾਈ ਰਿਹਾ ਜੀਤ, ਅਜਿੱਤ ਆਪ ਅਖਵਾਈਆ। ਏਕਾ ਰੱਖੇ ਸੁਹਾਗੀ ਗੀਤ, ਸਾਚੇ ਸੰਤਾਂ ਸਾਚਾ ਛੰਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖਣ ਆਇਆ ਦਰ ਦਰ, ਕਵਣ ਨਾਰੀ ਹੋਈ ਮੁਟਿਆਰ, ਪ੍ਰੇਮ ਮਹਿੰਦੀ ਹੱਥੀਂ ਲਾਈਆ। ਸੋਲਾਂ ਕਰੇ ਤਨ ਸ਼ਿੰਗਾਰ, ਲਹਿੰਦੀ ਦਿਸ਼ਾ ਇਕ ਵਖਾਈਆ। ਆਪ ਖੁਲ੍ਹਾਏ ਬੰਦ ਕਿਵਾੜ, ਆਤਮ ਸੇਜਾ ਕਿਸ ਵਿਛਾਈਆ। ਸੰਤ ਸੁਹੇਲਾ ਸਾਚੀ ਨਾਰੀ, ਪੁਰਖ ਅਬਿਨਾਸ਼ੀ ਮਾਤ ਬਣਾਈਆ। ਆਪੇ ਕਰੇ ਸਚ ਪਿਆਰੀ, ਆਤਮ ਬੀਜ ਸਾਚਾ ਪਾਈਆ। ਹਰੀ ਕਰੇ ਤਨ ਕਿਆਰੀ, ਫੁੱਲ ਫੁੱਲਵਾੜੀ ਸਚ ਵਖਾਈਆ। ਨਾਤਾ ਤੁੱਟੇ ਪੰਜ ਯਾਰੀ, ਸ਼ਬਦ ਸਰੂਪੀ ਫੇਰ ਬਹਾਰੀ, ਸਾਚਾ ਧਾਮ ਇਕ ਸੁਹਾਈਆ। ਫੂਲਨ ਸੇਜਾ ਕਰ ਤਿਆਰੀ, ਆਪ ਬਣਾਏ ਕੰਤ ਭਤਾਰੀ, ਸਾਚੇ ਸੰਤ ਵਡੀ ਵਡਿਆਈਆ। ਦੋਵੇ ਸੁੱਤੇ ਏਕਾ ਸੇਜਾ ਪੈਰ ਪਸਾਰੀ, ਧੁਰ ਦਰਗਾਹੀ ਸਾਚੀ ਯਾਰੀ, ਆਪੇ ਕੰਤਾ ਆਪੇ ਨਾਰੀ, ਭੇਦ ਭੇਵ ਕੋਈ ਨਾ ਰਾਈਆ। ਰਸਨਾ ਕਹਿ ਕਹਿ ਥੱਕੀ ਹਾਰੀ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖਣ ਆਇਆ ਸੰਤ ਦਰ, ਪੁਰਖ ਨਿਰੰਜਣ ਜਿਸ ਘਰ ਆਇਆ, ਤੁਠਿਆ ਦੀਪਕ ਜੋਤ ਜਗਾਇਆ, ਸਾਚੇ ਘਰ ਕਰੀ ਉਜਿਆਰੀ। ਸੰਤਨ ਘਰ ਕਰ ਉਜਿਆਰ, ਨਾ ਹੋਏ ਕਦੇ ਅੰਧੇਰਾ। ਨੇਤਰ ਪੇਖਣ ਮੀਤ ਮੁਰਾਰ, ਚੁੱਕੇ ਮੇਰਾ ਤੇਰਾ। ਏਕਾ ਅੰਮ੍ਰਿਤ ਆਤਮ ਬਖ਼ਸ਼ੇ ਸਾਚੀ ਧਾਰ, ਸ਼ਬਦ ਸਰੂਪੀ ਪਾਏ ਘੇਰਾ। ਜੋਤ ਸਰੂਪੀ ਕਰ ਆਕਾਰ, ਆਪ ਚੁਕਾਏ ਭਰਮਾ ਡੇਰਾ। ਇਕ ਵਖਾਏ ਦਰ ਸੱਚਾ ਦਰਬਾਰ, ਨਾ ਕੋਈ ਜਾਣੇ ਸੰਞ ਸਵੇਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖਣ ਆਇਆ ਸੰਤ ਦਰ, ਕਵਣ ਕਰੇ ਜਗਤ ਨਿਬੇੜਾ। ਜਗਤ ਨਿਬੇੜਾ ਹੱਕ, ਕਵਣ ਕਰਾਈਆ। ਜੀਵ ਜੰਤ ਰਾਹ ਤੱਕ ਗਏ ਥੱਕ, ਸਾਧ ਸੰਤ ਨਾ ਕੋਇ ਭਾਰ ਉਠਾਈਆ। ਆਪਣਾ ਆਪ ਚਲਾਇਆ ਘਰ ਘਰ ਮਤ, ਏਕਾ ਮਿਟਿਆ ਧਰਮ ਸਤਿ, ਨਾਮ ਬੇੜਾ ਨਾ ਕੋਈ ਵਖਾਈਆ। ਬਹੱਤਰ ਨਾੜੀ ਉਬਲੀ ਰਤ, ਪੁਰਖ ਅਬਿਨਾਸ਼ੀ ਤੇਰਾ ਭੁੱਲਿਆ ਏਕਾ ਨੱਤ, ਮਨ ਮਤ ਰਹੀ ਭੜਕਾਈਆ। ਪਰਗਟ ਹੋਏ ਹਰਿ ਸਮਰਥ, ਸ੍ਰਿਸ਼ਟ ਸਬਾਈ ਪਾਏ ਨੱਥ, ਦੋਵੇਂ ਵਾਗਾਂ ਰੱਖੇ ਹੱਥ, ਚਾਰੋਂ ਕੁੰਟ ਰਿਹਾ ਖਿਚਾਈਆ। ਸੰਮਤ ਸੋਲਾਂ ਸਗਲ ਵਸੂਰੇ ਜਾਇਣ ਲੱਥ, ਭੇਖ ਪਖੰਡਾ ਪ੍ਰਭ ਦੇਵੇ ਮਥ, ਅਗੰਮੀ ਜੋਤ ਜਗਾਏ ਏਕ ਅਲੱਖ, ਗੁਰਮੁਖ ਵਿਰਲੇ ਆਤਮ ਅੰਦਰ ਰਹਿ ਜਾਏ ਸਾਚਾ ਤਥ, ਨਾ ਕੋਈ ਰਹਿ ਜਾਏ ਤੀਰਥ ਤੱਟ, ਅੰਦਰ ਮੰਦਰ ਲੇਖਾ ਰਿਹਾ ਲਿਖਾਈਆ। ਪ੍ਰਭ ਚਰਨ ਦਵਾਰੇ ਇਕ ਇਕੱਠ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖਣ ਜਾਏ ਦਰ ਦਰ ਸੰਤ ਸੁਹੇਲਾ ਕੋਇ ਮਿਲਾਏ ਦਇਆ ਕਮਾਏ, ਦਰ ਦਵਾਰਾ ਇਕ ਵਖਾਈਆ। ਨਕਦ ਸੌਦਾ ਮਿਲੇ ਜਿਸ ਹੱਟ, ਸੋ ਹੱਟ ਕਿਉਂ ਮਾਤ ਛੁਪਾਇਆ। ਆਪੇ ਵੇਖ ਕਾਇਆ ਮੱਟ, ਚੌਦਾਂ ਹਟ ਜਿਸ ਉਪਾਇਆ। ਆਤਮ ਅੰਦਰ ਤੀਰਥ ਤੱਟ, ਦੁਰਮਤ ਮੈਲ ਦੇਵੇ ਕੱਟ, ਸਿੰਘ ਲਾਭ ਦੋਆਬ ਕਿਸ ਧਾਮ ਰਖਾਇਆ। ਦੂਈ ਦਵੈਤੀ ਮੇਟੇ ਫੱਟ, ਜਗਤ ਵਿਸ਼ਨਾ ਲਏ ਚੱਟ, ਘਟ ਘਟ ਨਜ਼ਰੀ ਆਇਆ। ਜੋਤ ਜਗੇ ਲਟ ਲਟ, ਸ਼ਬਦ ਮਾਰੇ ਭਾਰੀ ਸੱਟ, ਬਜਰ ਕਪਾਟੀ ਕੁੰਡਾ ਲਾਹਿਆ। ਸਾਡੇ ਵਾਸਤੇ ਕੀਤਾ ਹੱਠ, ਨੌਂ ਦਵਾਰੇ ਰਿਹਾ ਨੱਠ, ਦਸਮ ਨਾ ਗਿੜੀ ਸਾਚੀ ਲੱਠ, ਕਾਇਆ ਅੱਗਨੀ ਲੱਗੀ ਮੱਠ, ਸ਼ਬਦ ਭਠ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਗੇ ਸ਼ਬਦ ਵਰ, ਦੀਪਕ ਜੋਤੀ ਮੇਲ ਦਰ, ਅਗਿਆਨ ਅੰਧੇਰਾ ਦਏ ਮਿਟਾਇਆ। ਸੰਤ ਸਦਾ ਨਿਰਵੈਰ ਹੈ, ਸਤਿ ਸਰੂਪ ਸਮਾਏ। ਨੌਂ ਦਵਾਰੇ ਵਸੇ ਬਾਹਰ ਹੈ, ਦਸਵੇਂ ਸ਼ਾਂਤ ਸਮਾਏ। ਕਾਇਆ ਮਾਟੀ ਜਗਤ ਝੂਠੀ ਸੀਰ ਹੈ, ਰਸਨ ਫਿਰੀ ਹਲਕਾਏ। ਭਰਮ ਭੁਲਾਇਆ ਐਰ ਗੈਰ ਹੈ, ਏਕਾ ਰੰਗ ਨਾ ਜਾਣੇ ਰਾਏ। ਜੋਤ ਸਰੂਪੀ ਗੰਭੀਰ ਗਹਿਰ ਹੈ, ਹਰਿ ਘਟ ਮੇਂ ਰਿਹਾ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਦਰ, ਜੂਠੀ ਝੂਠੀ ਜਗਤ ਲਹਿਰ ਹੈ। ਕਲਜੁਗ ਝੂਠਾ ਮਰਦੰਗ ਵਜਾਈਆ। ਗੁਰਮੁਖ ਵਿਰਲੇ ਆਤਮ ਵਸ, ਮੇਹਰ ਹੋ ਦਲੇਰ ਜਿਸ ਤਨ ਮਨ ਮਨ ਤਨ ਲਿਆ ਬੰਧਾਈਆ। ਮਨਮੁਖ ਜੀਵਾਂ ਆਤਮ ਤ੍ਰਿਸ਼ਨਾ ਰਹੀ ਘੇਰ, ਕਾਇਆ ਛੇੜ ਰਿਹਾ ਛਿੜਾਈਆ। ਬੱਤੀ ਦੰਦਾਂ ਹੋਇਆ ਭੇੜ, ਸਾਚੇ ਗੇੜ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਸਚ ਨਿਬੇੜ, ਜਗਤ ਨਿਬੇੜਾ ਕਵਣ ਕਰਾਈਆ। ਮਨ ਮਤ ਜਗਤ ਪਰਧਾਨ, ਕਲਜੁਗ ਜੀਵ ਮੱਤਿਆ। ਦੁਰਮਤ ਨਾਲ ਰਲੀ ਸ਼ੈਤਾਨ, ਪਾਣੀ ਪਾਇਆ ਉਤੇ ਤੱਤਿਆ। ਗੁਰਮਤ ਹੋਈ ਜਗਤ ਨਿਧਾਨ, ਕਲਜੁਗ ਲੱਥੀ ਅੰਤਮ ਪਤਿਆ। ਗੁਰ ਪੂਰਾ ਹੋਏ ਜਿਸ ਮਿਹਰਵਾਨ, ਧੀਰਜ ਦੇਵੇ ਸਾਚੀ ਸਤਿਆ। ਆਤਮ ਉਪਜੇ ਬ੍ਰਹਮ ਗਿਆਨ, ਚਰਨ ਬੰਧਾਏ ਸਾਚਾ ਨੱਤਿਆ। ਚਰਨ ਧੂੜ ਕਰਾਏ ਇਕ ਇਸ਼ਨਾਨ, ਨਾਮ ਰੰਗਣ ਸਾਚੀ ਰੱਤਿਆ। ਕਿਸੇ ਹੱਥ ਨਾ ਆਏ ਵੇਦ ਪੁਰਾਨ, ਰਸਨਾ ਕਹਿ ਕਹਿ ਆਪੇ ਅੱਕਿਆ। ਆਪੇ ਕਰੇ ਪੁਣ ਛਾਣ, ਨਾਤਾ ਤੋੜੇ ਭਾਈ ਭੈਣ ਸਕਿਆ। ਬੈਠ ਕਾਇਆ ਮੰਦਰ ਵਿਚ ਮਕਾਨ, ਨੌਂ ਦਵਾਰੇ ਨਜ਼ਰ ਨਾ ਆਏ ਕਿਸੇ ਤੱਕਿਆ। ਜਿਸ ਜਨ ਮਿਲੇ ਸ਼ਬਦ ਨਿਸ਼ਾਨ, ਪੰਜਾਂ ਚੋਰਾਂ ਲਾਹੇ ਵਿੱਖਿਆ। ਮਿਲੇ ਮੇਲ ਸ਼ਬਦ ਗੁਰ ਬਲਵਾਨ, ਪਾਰ ਲੰਘਾਏ ਡੂੰਘੀ ਗਾਰ ਵਡੀ ਢੱਕਿਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸ਼ਬਦ ਸਰੂਪੀ ਦੇਵੇ ਵਰ, ਆਪ ਵਖਾਏ ਏਕਾ ਕਾਅਬਾ ਏਕਾ ਹਾਜ਼ੀ ਏਕਾ ਸਾਚਾ ਮੱਕਿਆ। ਹਰਿ ਸੰਤ ਸਤਿਗੁਰ ਰੂਪ ਹੈ, ਸਤਿਗੁਰ ਵਿਚ ਸਮਾਏ। ਸਤਿਗੁਰ ਵਡਾ ਸ਼ਾਹੋ ਭੂਪ ਹੈ, ਦੇਵਣਹਾਰ ਸਬਾਏ। ਨਾ ਕੋਈ ਰੰਗ ਨਾ ਕੋਈ ਰੂਪ ਹੈ, ਮਹਿੰਮਾ ਅਨੂਪ ਗਣੀ ਨਾ ਜਾਏ। ਗੁਰਸਿਖ ਗੁਰਮੁਖ ਸਾਚਾ ਸਤਿ ਸਪੂਤ ਹੈ, ਪੁਰਖ ਅਬਿਨਾਸ਼ੀ ਆਪਣੀ ਗੋਦ ਉਠਾਏ। ਮਨਮੁਖ ਭੁੱਲੇ ਜੀਵ ਅਵਧੂਤ ਹੈ, ਵਿਕਾਰ ਹੰਕਾਰ ਜਗਤ ਤ੍ਰਿਸ਼ਨਾ ਤਨ ਵਸਾਏ। ਜਿਸ ਜਨ ਬਖ਼ਸ਼ੇ ਚਰਨ ਭਬੂਤ ਹੈ, ਮਾਨਸ ਜਨਮ ਲੇਖੇ ਲਾਏ। ਏਕਾ ਪੇਟਾ ਤਾਣਾ ਸੂਤ ਹੈ, ਲੱਖ ਚੁਰਾਸੀ ਬਣਤ ਬਣਾਏ। ਪੰਜਾਂ ਚੋਰਾਂ ਕੱਢੇ ਕੁੱਟ ਹੈ, ਸ਼ਬਦ ਖੰਡਾ ਹੱਥ ਫੜਾਏ। ਗੁਰ ਸੰਗਤ ਸ਼ਬਦ ਪੰਘੂੜਾ ਲੈਣਾ ਝੂਟ ਹੈ, ਪ੍ਰਭ ਇਕ ਹੁਲਾਰ ਚੜ੍ਹਾਏ। ਸ਼ਬਦ ਪਾਵੇ ਤਨ ਸਾਚਾ ਸੂਟ ਹੈ, ਉਤਰ ਕਦੀ ਨਾ ਜਾਏ। ਅੰਤਮ ਛੱਡਣਾ ਤਨ ਕਲਬੂਤ ਹੈ, ਸੁਰਤ ਸਵਾਣੀ ਸ਼ਬਦੀ ਮੇਲ ਮਿਲਾਏ। ਜਗਤ ਨਾਤਾ ਝੂਠੋ ਝੂਠ ਹੈ, ਭੇਖ ਪਖੰਡਾ ਕੋਈ ਰਹਿਣ ਨਾ ਪਾਏ। ਅੰਤਮ ਖਾਲੀ ਦਿਸਣਾ ਸਭ ਨੂੰ ਠੂਠ ਹੈ, ਨਾਮ ਵਸਤ ਕਿਸੇ ਹੱਥ ਨਾ ਆਏ। ਪੁਰਖ ਅਬਿਨਾਸ਼ੀ ਜਿਸ ਜਨ ਗਿਆ ਤੁਠ ਹੈ, ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ ਹੈ, ਚਾਰੇ ਕੁੰਟਾਂ ਵੇਖ ਵਖਾਏ। ਸ਼ਬਦ ਪੱਲੂ ਬੰਨ੍ਹੇ ਕਰੇ ਏਕਾ ਮੁੱਠ ਹੈ, ਸਾਚਾ ਰਾਹ ਵਖਾਏ। ਮਨਮੁਖ ਜੀਵਾਂ ਅੰਤਮ ਟੰਗੇ ਕਰ ਕਰ ਪੁੱਠ ਹੈ, ਧਰਮ ਰਾਏ ਦਏ ਸਜਾਏ। ਹਰਿ ਜਨ ਸਾਚੇ ਦਰ ਘਰ ਸਾਚੇ ਲਾਹਾ ਰਹੇ ਲੁੱਟ ਹੈ, ਅੰਮ੍ਰਿਤ ਆਤਮ ਜਾਮ ਪਿਆਏ। ਸ਼ਬਦ ਨਿਰਾਲਾ ਤੀਰ ਰਿਹਾ ਛੁੱਟ ਹੈ, ਲੋਆਂ ਪੁਰੀਆਂ ਰਿਹਾ ਹਿਲਾਏ। ਸ਼ਬਦ ਭੰਡਾਰਾ ਸਦਾ ਅਤੁੱਟ ਹੈ, ਦੇਵਣਹਾਰ ਆਪ ਰਘੁਰਾਏ। ਨਾ ਜਾਏ ਮਾਤ ਨਿਖੁੱਟ ਹੈ, ਏਕਾ ਪੜਦਾ ਮਾਤ ਪਾਏ। ਜਿਸ ਜਨ ਲੱਗੇ ਸਾਚੀ ਚੋਟ ਹੈ, ਧੁਨੀ ਨਾਦ ਵੱਜੇ ਰੈਣ ਸਬਾਏ। ਦੁਰਮਤ ਮੈਲ ਕੱਢੇ ਖੋਟ ਹੈ, ਆਪ ਆਪਣੀ ਦਇਆ ਕਮਾਏ। ਜੀਵ ਜੰਤ ਆਲ੍ਹਣਿਓ ਡਿਗੇ ਬੋਟ ਹੈ, ਕਲਜੁਗ ਮਾਇਆ ਅੰਤ ਉਠਾਏ। ਭਰਮੇ ਭੁਲੇ ਕੋਟੀ ਕੋਟ ਹੈ, ਸਤਿਗੁਰ ਸਾਚਾ ਵਿਰਲਾ ਗੁਰਮੁਖ ਪਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਧ ਸੰਗਤ ਏਕਾ ਮੰਗੇ ਸਾਚੀ ਮੰਗ, ਸਚ ਪ੍ਰੀਤੀ ਭਿਛਿਆ ਪਾਏ। ਮੰਗੇ ਮੰਗ ਪ੍ਰੀਤ, ਬਣ ਸਵਾਲੀਆ। ਪ੍ਰਭ ਪਰਖੇ ਸਾਚੀ ਨੀਤ, ਜੋਤ ਅਕਾਲੀਆ। ਅਚਰਜ ਕਲਜੁਗ ਚਲੇ ਰੀਤ, ਮਨਮੁਖਾਂ ਕੱਢੇ ਅੰਤ ਦਵਾਲੀਆ। ਵੇਖ ਵਖਾਏ ਗੁਰ ਦਰ ਦਵਾਰਾ ਮੰਦਰ ਮਸੀਤ, ਕਿਸ ਘਰ ਜਗੇ ਦੀਪਕ ਜੋਤ ਦਿਵਾਲੀਆ। ਗੁਰਮੁਖ ਸਾਚਾ ਸੰਤ ਸੁਹੇਲਾ ਇਕ ਇਕੇਲਾ ਪ੍ਰਭ ਮਿਲੇ ਸਾਚਾ ਮੀਤ, ਫ਼ਲ ਲਗੇ ਕਾਇਆ ਡਾਲ੍ਹੀਆ। ਸੁਣੇ ਸੁਣਾਏ ਸ਼ਬਦ ਸੁਹਾਗੀ ਗੀਤ ਬਣਾਏ ਦੋ ਜਹਾਨੀ ਇਕ ਦਲਾਲੀਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਲੋਕਮਾਤ ਨਾ ਜਾਏ ਡਰ, ਵੇਖੇ ਪਰਖੇ ਘਰ ਘਰ ਨਾਮ ਵਸਤ ਸਾਚਾ ਧਨ ਵਡ ਮਾਲ ਮਾਲੀਆ। ਨਾਮ ਧੰਨ ਮਾਲ ਖਜੀਨਾ, ਹਰਿ ਮੰਗੇ ਬਣ ਭਿਖਾਰੀ। ਅੱਠੇ ਪਹਿਰ ਹੋਏ ਅਧੀਨਾ, ਜੋਤ ਸਰੂਪੀ ਕਰ ਅਕਾਰੀ। ਦਿਵਸ ਰੈਣ ਰਹੇ ਭੀਨਾ, ਅੰਮ੍ਰਿਤ ਆਤਮ ਸੀਤਲ ਧਾਰੀ। ਆਪ ਆਪਣਾ ਵੱਖਰ ਕੀਨਾ, ਵਸਿਆ ਕਾਇਆ ਮਹੱਲ ਅਚੱਲ ਉਚ ਅਟਾਰੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸੰਗਤ ਮੰਗੇ ਇਕ ਵਰ, ਕਰੇ ਕਰਾਏ ਜਗਤ ਭਗਤ ਭਗਤ ਜਗਤ ਸ਼ਬਦ ਸੱਚੀ ਵਣਜਾਰੀ। ਸ਼ਬਦ ਵਣਜਾਰਾ ਭਗਤ ਹੈ, ਆਤਮ ਧਨ ਪਾਏ। ਮਿਲੇ ਨਾਮ ਸੱਚੀ ਸ਼ਕਤ ਹੈ, ਦਿਵਸ ਰੈਣ ਇਕ ਜੈਕਾਰ ਕਰਾਏ। ਲੇਖੇ ਲਾਏ ਬੂੰਦ ਰਕਤ ਹੈ, ਪੁਰਖ ਭਤਾਰਾ ਸਾਚਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਸਰਨ ਸਰਨਾਈ ਜੋ ਜਨ ਦਰ ਘਰ ਸਾਚੇ ਏਕਾ ਆਏ। ਹਰਿ ਸੰਤ ਦਵਾਰਾ ਧਨ ਹੈ, ਸਤਿ ਪੁਰਖ ਮਿਲਾਏ। ਜਿਸ ਜਨ ਆਤਮ ਜਾਏ ਮੰਨ ਹੈ, ਭਾਂਡਾ ਭਰਮ ਭਉ ਭੰਨਾਏ। ਆਪੇ ਰਾਗ ਸੁਣਾਏ ਕੰਨ ਹੈ, ਰਾਗ ਰਾਗਣੀ ਸਾਰ ਨਾ ਪਾਏ। ਦੇਵੇ ਸੱਚਾ ਮਾਲ ਧਨ ਹੈ, ਚੋਰ ਯਾਰ ਲੁੱਟ ਕੋਇ ਨਾ ਜਾਏ। ਜਿਸ ਮਨ ਚੜ੍ਹਿਆ ਆਤਮ ਸਾਚਾ ਚੰਨ ਹੈ, ਅੰਧ ਅੰਧੇਰ ਰਹਿਣ ਨਾ ਪਾਏ। ਸਤਿਗੁਰ ਪੂਰਾ ਬੇੜਾ ਰਿਹਾ ਬੰਨ੍ਹ ਹੈ, ਬੇੜਾ ਬੰਨਣਹਾਰ ਇਕ ਅਖਵਾਏ। ਜੋ ਘੜਿਆ ਸੋ ਦੇਵੇ ਭੰਨ ਹੈ, ਰੰਗ ਕੋਈ ਰਹਿਣ ਨਾ ਪਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਦੇਵੇ ਡੰਨ, ਮਿਲੇ ਵਰ ਘਰ ਸਾਚੇ ਕਰੇ ਸਚ ਨਿਆਏ। ਨਿਮਸਕਾਰ ਗੁਰਦੇਵ ਕੋ, ਕਰਨ ਕਰਾਵਣਹਾਰ। ਸਾਚਾ ਸੇਵਨਹਾਰ ਸੇਵ ਕੋ, ਪਾਰਬ੍ਰਹਮ ਪੁਰਖ ਅਪਾਰ। ਸੁਰਤ ਗਾਏ ਜਿਹਵਾ ਜੇਹਵ ਕੋ, ਗੁਣਵੰਤਾ ਭਰੇ ਆਤਮ ਭੰਡਾਰ। ਆਪੇ ਜਾਣੇ ਭੇਵ ਅਭੇਦ ਕੋ, ਵੇਖੇ ਖੇਲ ਸ਼ਬਦ ਸੁਨਿਆਰ। ਮਾਤ ਪਿਤ ਸਭ ਦੇਵੀ ਦੇਵ ਕੋ, ਕਰੋੜ ਤੇਤੀਸਾ ਸਭ ਬਣੇ ਚਰਨ ਭਿਖਾਰ। ਨੇਤਨ ਨੇਤੀ ਸਾਚਾ ਨੇਵ ਕੋ, ਸ਼ਿਵ ਸ਼ੰਕਰ ਬੈਠਾ ਕਰੇ ਪੁਕਾਰ। ਬ੍ਰਹਮਾ ਵੇਖੇ ਏਕਾ ਏਕ ਕੋ, ਨੇਤਰ ਅੱਠੇ ਰਿਹਾ ਉਘਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਦੂਸਰ ਕਿਸੇ ਨਾ ਦਿਸੇ ਦਰ, ਗੁਣਵੰਤਾ ਗੁਣ ਰਿਹਾ ਵਿਚਾਰ। ਨਿਮਸਕਾਰ ਗੁਰ ਚਰਨ ਦਰ, ਏਕਾ ਰੰਗ ਰੰਗਾਏ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਹੰਸ ਕਾਗ ਬਣਾਏ। ਕਲਜੁਗ ਜੀਵਾਂ ਦਰ ਚੁੱਕੇ ਡਰ, ਏਕਾ ਪੱਲਾ ਨਾਮ ਫੜਾਏ। ਸਾਚੀ ਤਰਨੀ ਗੁਰਮੁਖ ਵਿਰਲਾ ਲੋਕਮਾਤ ਕਲ ਜਾਏ ਤਰ, ਬੰਸ ਸਰਬੰਸ ਏਕਾ ਪਾਰ ਕਰਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦਰ ਦਰਵੇਸ਼ ਨਰ ਨਰੇਸ਼, ਨਾ ਕੋਈ ਮੁੱਛ ਦਾਹੜੀ ਨਾ ਦਿਸੇ ਕੇਸ, ਗੁਰਮੁਖ ਸਾਚੇ ਵਿਚ ਸਮਾਏ। ਸਾਚੇ ਮੰਦਰ ਆਪ ਸਮਾਇਆ। ਆਪ ਆਪਣੀ ਕਲ ਧਾਰੀ, ਤਨ ਮਨ ਵੱਜਾ ਜੰਦਰ ਆਪ ਦਿਸ ਨਾ ਆਇਆ। ਪ੍ਰਭ ਚਰਨਾਂ ਥੱਲੇ ਰਿਹਾ ਲਿਤਾੜੀ, ਸ਼ਬਦ ਸਿੰਘਾਸਣ ਇਕ ਵਿਛਾਇਆ। ਨਾਮ ਆਧਾਰ ਪ੍ਰਭ ਆਪ ਅਖਵਾਇਆ। ਧਰਤ ਧਵਲ ਆਕਾਸ਼ ਪਰਕਾਸ਼ ਨੂਰੋ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖੇ ਘਰ, ਆਵਣ ਜਾਵਣ ਖੇਲ ਰਚਾਇਆ। ਆਵੇ ਜਾਵੇ ਲੋਕਮਾਤ, ਖੇਲੇ ਖੇਲ ਚੁਰਾਸੀਆ। ਭਗਤਾਂ ਦੇਵੇ ਸ਼ਬਦ ਦਾਤ, ਗੱਲ ਟੁੱਟੇ ਜਮ ਕੀ ਫਾਸੀਆ। ਚਰਨ ਪ੍ਰੀਤੀ ਬੰਨ੍ਹੇ ਸਾਚਾ ਨਾਤ, ਜੋ ਜਨ ਤਜਾਏ ਮਦਿਰਾ ਮਾਸੀਆ। ਲੇਖੇ ਲਾਏ ਪਵਣ ਸਵਾਸ, ਆਦਿ ਪੁਰਖ ਸਦਾ ਅਬਿਨਾਸੀਆ। ਗੁਰਮੁਖ ਸਾਚੇ ਬਲ ਬਲ ਜਾਸ, ਪ੍ਰਭ ਹੋਏ ਦਾਸਨ ਦਾਸਿਆ। ਚਰਨ ਕਵਲ ਕਵਲ ਚਰਨ ਦਏ ਨਿਵਾਸ, ਲੇਖੇ ਲਾਏ ਕਾਇਆ ਰਾਸਿਆ। ਆਪੇ ਵਸੇ ਆਸ ਪਾਸ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਜਗਤ ਮੇਲ ਭਗਤ ਸੁਹੇਲ ਰੰਗ ਨਵੇਲ ਇਕ ਵਖਾਸਿਆ। ਸੀਸ ਝੁਕਾਏ ਭਗਤ ਜਨ, ਗੁਰ ਪੂਰਾ ਲੇਖੇ ਲਾਏ। ਪੰਚ ਪੰਚਾਇਣੀ ਨਾ ਦੇਵੇ ਡੰਨ, ਭਾਂਡਾ ਭਰਮ ਭੰਨਾਏ। ਜੋਤ ਆਕਾਰਾ ਕਰੇ ਸਾਚੇ ਤਨ, ਪਿੰਡ ਦੇਸ ਤਜ ਜਾਏ। ਬ੍ਰਹਿਮੰਡ ਖੰਡ ਚੜ੍ਹੇ ਸਾਚਾ ਚੰਨ, ਜੇਰਜ ਅੰਡ ਰਹਿਣ ਨਾ ਪਾਏ। ਰਸਨਾ ਜਿਹਵਾ ਨਾ ਕੋਈ ਦਿਸੇ ਗਾਏ ਧੰਨ ਧੰਨ, ਸ਼ਬਦੀ ਸ਼ਬਦ ਜਣਾਏ। ਏਕਾ ਸਾਚਾ ਘਰ ਵਖਾਏ। ਨਾ ਕੋਈ ਛਪਰੀ ਨਾ ਕੋਈ ਛੰਨ, ਪੁਰਖ ਅਬਿਨਾਸ਼ੀ ਡੇਰਾ ਲਾਏ। ਗੁਰਸਿਖ ਗੁਰਸਿਖ ਹਰਿਜਨ ਜਨ ਭਗਤ ਆਤਮ ਆਤਮ ਆਤਮ ਜਾਏ ਮੰਨ, ਸੁਣੇ ਸੁਣਾਏ ਰਾਗ ਕੰਨ, ਜੋਤੀ ਜੋਤ ਅੰਤ ਮਿਲ ਜਾਏ। ਮਿਲੇ ਜੋਤ ਪੁਰਖ ਅਬਿਨਾਸ਼ਾ, ਸਾਚਾ ਧਾਮ ਸੁਹਾਇੰਦਾ। ਆਪ ਆਪਣੇ ਘਰ ਰੱਖੇ ਵਾਸਾ, ਆਪੇ ਪਰਗਟ ਹੋ ਹੋ ਆਇੰਦਾ। ਆਪੇ ਵਰਤੇ ਹੋ ਹੋ ਦਾਸਾ, ਦਾਸੀ ਦਾਸ ਆਪ ਅਖਵਾਇੰਦਾ। ਕਲਜੁਗ ਅੰਤਮ ਵੇਖੇ ਮਾਤ ਤਮਾਸ਼ਾ, ਕਾਲਾ ਸੂਸਾ ਦਰ ਦਰਵੇਸ਼ਾ ਆਪ ਰਖਾਇੰਦਾ। ਕਵਣ ਦਵਾਰੇ ਨਾਮ ਰਤੀ ਤੋਲਾ ਮਾਸਾ, ਦਸਮ ਦਵਾਰੀ ਕਵਣ ਖੁਲ੍ਹਾਇੰਦਾ। ਕਵਣ ਉਡੇ ਮਾਤ ਪਾਤਾਲ ਆਕਾਸਾ, ਪੁਰੀਆਂ ਲੋਆਂ ਪਾਰ ਕਰਾਇੰਦਾ। ਕਵਣ ਦਵਾਰੇ ਨੌਂ ਦਰ ਕਰੇ ਹਾਸਾ, ਮਨਮਤੀ ਮਾਤ ਚਲਾਇੰਦਾ। ਕਲਜੁਗ ਅੰਤਮ ਉਲਟੇ ਪਾਸਾ, ਸਤਿਜੁਗ ਸਾਚੀ ਬਾਜ਼ੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਰਾਸਾ, ਆਦਿ ਅੰਤ ਜੁਗਾ ਜੁਗੰਤ ਬਣਤ ਬਣਾਇੰਦਾ। ਆਪੇ ਆਏ ਆਪੇ ਜਾਏ, ਬਣਤ ਬਣਾਏ ਅਵੱਲੀ। ਜੋਤ ਸਰੂਪੀ ਜਾਮਾ ਪਾਏ, ਸ਼ਬਦ ਡੰਕ ਇਕ ਵਜਾਏ, ਰਾਓ ਰੰਕ ਰਿਹਾ ਉਠਾਏ, ਹੋਕਾ ਦੇਵੇ ਗਲੀ ਗਲੀ। ਗੁਰਮੁਖਾਂ ਜੋਤੀ ਤਨਕ ਲਗਾਏ, ਆਤਮ ਸਹਿੰਸਾ ਸ਼ੰਕ ਮਿਟਾਏ, ਸ਼ਬਦ ਸਰੂਪੀ ਹਰਿ ਵਡ ਸ਼ਾਹੋ ਭੂਪੀ ਦਰਸ ਵਾਰ ਅਨਕ ਦਿਖਾਏ, ਜੋਤ ਜਗਾਏ ਅੰਧ ਕੂਪੀ। ਮਨੂਆਂ ਮਨ ਮਨਕ ਭਵਾਏ, ਮਿਲੇ ਵਡਿਆਈ ਜਿਉਂ ਰਾਜੇ ਜਨਕ ਗਿਆਨ ਗਿਆਨ ਗਿਆਨ ਧਿਆਨ ਛਿੰਨ ਭੰਗਰ ਆਪ ਦਵਾਏ, ਦਰਸ ਦਿਖਾਏ ਸਤਿ ਸਰੂਪੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਾ ਕੋਈ ਰੰਗ ਨਾ ਕੋਈ ਰੂਪੀ।