Granth 05 Likhat 089: 10 Chet 2013 Bikarmi Sant Harnam Singh Naam Dharie de Paas ja ke Shabad Ucharia Prantu uh Andro Kunda Mar ke beh gia Pind Nushehra Mja Singh

੧੦ ਚੇਤ ੨੦੧੩ ਬਿਕ੍ਰਮੀ ਸੰਤ ਹਰਨਾਮ ਸਿੰਘ ਨਾਮ ਧਾਰੀਏ ਦੇ ਪਾਸ ਜਾ ਕੇ ਸ਼ਬਦ ਉਚਾਰਿਆ ਪ੍ਰੰਤੂ ਉਹ ਅੰਦਰੋਂ ਕੁੰਡਾ ਮਾਰ ਕੇ ਬਹਿ ਗਿਆ ਪਿੰਡ ਨੁਸ਼ਹਿਰਾ ਮਜਾ ਸਿੰਘ

ਹਰਿ ਸੰਤ ਪੁਰਖ ਅਗੰਮ ਹੈ, ਸਤਿਗੁਰ ਉਪਾਏ। ਦੇਵੇ ਸ਼ਬਦ ਸੱਚਾ ਮਾਲ ਧਨ ਹੈ, ਦਿਵਸ ਰੈਣ ਹੋਏ ਸਹਾਏ। ਏਕਾ ਰਾਗ ਸੁਣਾਏ ਆਤਮ ਅੰਦਰ ਸਾਚੇ ਕੰਨ ਹੈ, ਗਿਆਨ ਬੋਧ ਅਗਾਧ ਸੁਣਾਏ। ਜੀਵਾਂ ਜੰਤਾਂ ਬੇੜਾ ਰਿਹਾ ਬੰਨ੍ਹ ਹੈ, ਸਾਚੀ ਵੰਡਣ ਮਾਤ ਵੰਡਾਏ। ਭਾਂਡਾ ਭਰਮ ਭਉ ਦੇਵੇ ਮਾਤ ਭੰਨ ਹੈ, ਜੋ ਜਨ ਸਰਨਾਈ ਆਏ। ਇਕ ਵਖਾਏ ਸਾਚਾ ਘਰ ਨਾ ਕੋਈ ਛੱਪਰੀ ਨਾ ਛੰਨ ਹੈ, ਜੋਤ ਸਰੂਪੀ ਡਗਮਗਾਏ। ਹਰਿਆ ਕਰੇ ਕਾਇਆ ਮਾਟੀ ਕਾਲਾ ਚੰਮ ਹੈ, ਦੀਪਕ ਜੋਤੀ ਇਕ ਜਗਾਏ। ਸ਼ਬਦ ਸਹਾਰਾ ਦੇਵੇ ਨੌਂ ਖੰਡ ਪ੍ਰਿਥਮੀ ਸਾਚਾ ਥੰਮ੍ਹ ਹੈ, ਨਾ ਸਕੇ ਕੋਇ ਹਿਲਾਏ। ਸਤਿਗੁਰ ਪੂਰਾ ਕਦੇ ਨਾ ਸੋਏ ਦੇ ਕਰ ਕੰਡ ਹੈ, ਦਰ ਦਵਾਰੇ ਮੰਗਣ ਮੰਗ ਜਨ ਭਿਖਾਰੀ ਆਏ। ਗੁਰ ਗੋਬਿੰਦੇ ਵਾਲੀ ਹਿੰਦੇ ਜਿਸ ਹੱਥ ਫੜੀ ਚੰਡ ਪਰਚੰਡ ਹੈ, ਲੋਆਂ ਪੁਰੀਆਂ ਏਕਾ ਰਾਹ ਵਖਾਏ। ਸੰਤ ਸੁਹੇਲਾ ਸਦਾ ਸੁਹਾਗੀ ਨਾਰ ਨਾ ਹੋਏ ਰੰਡ ਹੈ, ਕੰਤ ਸੁਹਾਗੀ ਆਤਮ ਸੇਜਾ ਇਕ ਹੰਢਾਏ। ਖੋਜ ਖੁਜਾਏ ਵਿਚ ਬ੍ਰਹਿਮੰਡ ਹੈ, ਜੇਰਜ ਅੰਡ ਉਤਭੁਜ ਸੇਤਜ ਭੇਵ ਅਭੇਦਾ ਆਪ ਅਖਵਾਏ। ਨਾਮ ਖਜ਼ਾਨਾ ਧੁਰ ਦਰਗਾਹੀ ਗੰਢ ਹੈ, ਨਿਖੁੱਟ ਕਦੇ ਨਾ ਜਾਏ। ਸਾਚੇ ਸੰਤਾਂ ਗਊ ਗਰੀਬਾਂ ਸਿਰ ਉਠਾਈ ਵਡੀ ਪੰਡ ਹੈ, ਅੰਤਮ ਬੇੜਾ ਬੰਨ੍ਹੇ ਲਾਏ। ਮੇਟ ਮਿਟਾਏ ਸੰਤ ਸੁਹੇਲੇ ਜਗਤ ਝੂਠ ਪਖੰਡ ਹੈ, ਏਕਾ ਏਕ ਅਕਾਲ ਦਿਆਲ ਪ੍ਰਿਤਪਾਲ ਸਾਚਾ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਸਾਚੇ ਸੰਤਾਂ ਧੁਰ ਦਰਗਾਹੀ ਇਕ ਦਿਸਾਏ ਆਤਮ ਘਰ, ਦੂਸਰ ਦਰ ਕੋਇ ਦਿਸ ਨਾ ਆਏ। ਸੰਤ ਸੁਹੇਲਾ ਸਤਿ ਹੈ, ਪੁਰਖ ਅਬਿਨਾਸ਼ੀ ਪਾਇਆ। ਏਕਾ ਦੇ ਸਮਝਾਏ ਮਤ ਹੈ, ਸਾਚਾ ਰਾਗ ਕੰਤ ਸੁਹਾਗ ਜਗਤ ਵੈਰਾਗ ਝੋਲੀ ਪਾਇਆ। ਜਗਤ ਬੁਝਾਏ ਤ੍ਰਿਸ਼ਨਾ ਆਗ ਹੈ, ਹੰਸਾ ਹੰਸ ਬਣਾਇਆ। ਫੜ ਫੜ ਕਾਗ ਦੁਰਮਤ ਮੈਲ ਧੋਇਆ ਦਾਗ ਹੈ, ਦੀਪਕ ਜੋਤੀ ਇਕ ਚਿਰਾਗ ਜਗਾਇਆ। ਆਪ ਆਪਣੇ ਹੱਥ ਰਖੇ ਵਾਗ, ਹੈ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਸੰਤ ਸੁਹੇਲੇ ਵਸੇ ਦਰ, ਮਾਇਆ ਡੱਸੇ ਨਾ ਡੱਸਣੀ ਨਾਗ ਹੈ, ਏਕਾ ਬ੍ਰਹਮ ਗਿਆਨ ਜਣਾਇਆ। ਬ੍ਰਹਮ ਗਿਆਨ ਜਣਾਈ, ਧੁਨ ਆਤਮ ਅੰਤਰ ਸਾਚੇ ਘਰ ਵੱਜੀ ਵਧਾਈ। ਪੰਜਾਂ ਚੋਰਾਂ ਬੁਝੀ ਬਸੰਤਰ, ਗੁਰ ਪੂਰੇ ਕਰੀ ਸ਼ਬਦ ਕੁੜਮਾਈ। ਲੇਖੇ ਲਾਇਆ ਅੰਤਮ ਅੰਤਰ ਏਕਾ ਰੰਗ ਮਹੱਲ ਅਟੱਲ ਸ਼ਬਦ ਸਿੰਘਾਸਣ ਸੇਜ ਵਿਛਾਈ। ਆਪਣੀ ਹੱਥੀਂ ਆਪੇ ਡਾਹਿਆ ,ਗੁਰਮੁਖ ਸਾਚੇ ਲਿਆ ਬਿਠਾਈ। ਫੂਲਨ ਬਰਖਾ ਏਕਾ ਲਾਈ, ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਸੰਤ ਸੁਹੇਲਾ ਇਕ ਇਕੇਲਾ ਚੌਥੇ ਪਦ ਘਰ ਸਾਚੇ ਸਦ ਨਾਮ ਵਜਾਏ ਸਾਚਾ ਨਦ, ਨਾਦ ਅਨਾਦੀ ਸ਼ਬਦ ਬ੍ਰਹਿਮਾਦੀ ਬੋਧ ਅਗਾਧੀ ਆਦਿ ਜੁਗਾਦੀ ਜੁਗਾ ਜੁਗੰਤ ਸਾਚੇ ਕੰਤ ਨਾ ਮਾਤ ਵਿਛੋੜਾ ਹੋਈ। ਸੰਤਨ ਮੇਲਾ ਧੁਰ ਦਰਗਾਹ, ਭੁੱਲੀ ਸਰਬ ਲੋਕਾਈਆ। ਸ਼ਬਦ ਵਿਚੋਲਾ ਜਗਤ ਮਲਾਹ, ਏਕਾ ਰਾਹ ਵਖਾਈਆ। ਨੌਂ ਦਵਾਰੇ ਜੀਵ ਜੰਤ ਗੋਲਾ, ਗੁਰਮੁਖ ਸਾਚਾ ਸੁਣੇ ਸਾਚਾ ਢੋਲਾ, ਪੁਰਖ ਅਬਿਨਾਸ਼ੀ ਰਿਹਾ ਸੁਣਾਈਆ। ਭਾਗ ਲੱਗੇ ਕਿਸੇ ਕਾਇਆ ਚੋਲਾ, ਗੁਰ ਸ਼ਬਦ ਕਾਇਆ ਜਿਸ ਮੇਂ ਮਵਲਾ, ਉਲਟੀ ਹੋਏ ਨਾਭ ਕਵਲਾ, ਅੰਮ੍ਰਿਤ ਝਿਰਨਾ ਰਿਹਾ ਝਿਰਾਈਆ। ਮਿਲੇ ਮੇਲ ਹਰਿ ਸਾਵਲ ਸਵਲਾ, ਜਗਤ ਵਡਿਆਈ ਉਪਰ ਧਵਲਾ, ਕਮਲਾ ਰਮਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਸਚ ਵਸਿਆ ਆਤਮ ਘਰ, ਜਗਤ ਭੁਲੇਖਾ ਮੁੱਕਿਆ ਡਰ, ਏਕਾ ਰੰਗਣ ਰੰਗ ਰੰਗਾਈਆ। ਸੰਤਾਂ ਰੰਗੀ ਕਾਇਆ ਚੋਲੀ, ਚੋਜੀ ਕਰਮ ਕਮਾਇਆ। ਜਗਤ ਵਿਆਹੀ ਝੂਠੀ ਬੋਲੀ, ਆਤਮ ਖੋਜੀ ਖੋਜ ਖੁਜਾਇਆ। ਪੂਰਾ ਤੋਲ ਮਾਤ ਰਹੇ ਤੋਲੀ, ਜੀਵਾਂ ਜੰਤਾਂ ਬੋਝ ਉਠਾਇਆ। ਸਾਚੇ ਸੰਤ ਹਉਂ ਘੋਲ ਘੋਲੀ, ਆਤਮ ਗੂਝ ਜਿਸ ਭੇਵ ਖੁਲ੍ਹਾਇਆ। ਪੁਰਖ ਅਬਿਨਾਸ਼ੀ ਆਪੇ ਬੈਠਾ ਬਣ ਕਹਾਰਾ ਸਾਚੀ ਡੋਲੀ, ਦਰ ਘਰ ਸਾਚੇ ਜੀਓ ਪਿੰਡ ਕਾਚੇ ਜਿਸ ਸਾਚਾ ਨੇਂਹ ਲਗਾਇਆ। ਏਕਾ ਪੁਰਖ ਅਗੰਮ ਅਗੰਮਾ ਜੋਤ ਸਰੂਪੀ ਸਾਚੋ ਸਾਚੇ ਹਰਿ ਦਰ ਵਾਚੇ, ਡੂੰਘੀ ਕੰਦਰ ਕਾਇਆ ਮੰਦਰ ਲਾਇਆ ਜਿੰਦਾ ਆਪ ਆਪਣਾ ਭੇਵ ਛੁਪਾਇਆ। ਧੰਨ ਨਗਰ ਧੰਨ ਗਰਾਮ ਧੰਨ ਖੇੜਾ, ਘਰ ਵੱਜੀ ਵਧਾਇਆ। ਪੰਜਾਂ ਚੁੱਕੇ ਜਗਤ ਝੇੜਾ, ਖੁਲ੍ਹਾ ਵਿਹੜਾ ਇਕ ਵਖਾਇਆ। ਮਾਇਆ ਮਮਤਾ ਮਿਟੇ ਗੇੜਾ, ਗੁਰ ਪੂਰਾ ਕਰੇ ਅੰਤ ਨਿਬੇੜਾ, ਬੇੜਾ ਆਪਣਾ ਰਿਹਾ ਬੰਨ੍ਹਾਇਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਆਤਮ ਵਸਿਆ ਘਰ, ਦਰ ਦਰਵਾਜ਼ਾ ਗਰੀਬ ਨਿਵਾਜਾ, ਰਖੇ ਲਾਜਾ ਦੇਸ ਮਾਝਾ ਸਵਾਰੇ ਕਾਜਾ, ਸ਼ਬਦ ਨਿਰਮਲ ਇਕ ਆਵਾਜ਼ ਰਿਹਾ ਲਗਾਇਆ। ਸ਼ਬਦ ਅਵਾਜ਼ ਭਗਤਨ ਘਨਘੋਰ, ਸਾਚਾ ਕਾਜ ਸਾਜਨ ਸਾਜ। ਨਾਮ ਪਾਏ ਸਾਚੀ ਡੋਰ, ਸੰਤ ਸੁਹੇਲਾ ਰੱਖੇ ਲਾਜ। ਦਰਸ ਦਿਖਾਏ ਉਠ ਉਠ ਆਜ। ਭਰਮ ਚੁਕਾਏ ਮੋਰ ਤੋਰ, ਗੁਰ ਸੰਗਤ ਚਾੜ੍ਹੇ ਨਾਮ ਰੰਗਤ, ਦਰ ਦਵਾਰੇ ਆਈ ਮੰਗਤ, ਮਾਨਸ ਜਨਮ ਨਾ ਹੋਏ ਭੰਗਤ, ਜੂਠਾ ਝੂਠਾ ਉਤਰੇ ਪਾਜ। ਜੋਤੀ ਜੋਤ ਸਰੂਪ ਹਰਿ, ਸੰਤਨ ਹਿਰਦੇ ਵਸਿਆ ਸਾਚੇ ਘਰ, ਗਰੀਬ ਨਿਮਾਣਿਆ ਜਗਤ ਨਿਤਾਣਿਆ ਸਦਾ ਸਦ ਰੱਖੇ ਲਾਜ। ਹਰਿ ਭਿਖਾਰੀ ਵਿਚ ਭੇਖ ਹੈ, ਭੇਖ ਅਵੱਲਾ ਧਾਰ। ਸ਼ਬਦ ਖੁਮਾਰੀ ਸਾਚਾ ਲੇਖ ਹੈ, ਲੇਖਾ ਲਿਖੇ ਲਿਖਣਹਾਰ। ਨਾ ਕੋਈ ਜਾਣੇ ਔਲੀਆ ਪੀਰ ਮੁਸਾਇਕ ਸ਼ੇਖ਼ ਹੈ, ਕਲਜੁਗ ਅੰਤਮ ਵਹਿੰਦੀ ਧਾਰ। ਪਰਗਟ ਹੋਏ ਗੁਰ ਦਸਮੇਸ਼ ਹੈ, ਕਲਗੀ ਤੋੜਾ ਨਾਮ ਜੋੜਾ ਸੀਸ ਅਪਾਰ। ਸ਼ਬਦ ਘੋੜਾ ਰੱਖੇ ਹੇਠ ਹੈ, ਲੋਆਂ ਪੁਰੀਆਂ ਰਿਹਾ ਦੌੜਾ, ਵੇਖ ਵਖਾਣੇ ਬ੍ਰਹਿਮਣ ਗੌੜਾ, ਲੱਖ ਚੁਰਾਸੀ ਮਿੱਠਾ ਕੌੜਾ ਸ਼ਬਦ ਖੰਡਾ ਦੋ ਧਾਰ। ਵੇਖੇ ਖੇਲ ਵਿਚ ਬ੍ਰਹਿਮੰਡਾਂ, ਮਨਮੁਖ ਜੀਵਾਂ ਵੱਢੇ ਕੰਡਾਂ, ਕੋਈ ਨਾ ਬਚਿਆ ਰਹੇ ਜੇਰਜ ਅੰਡਾਂ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਗੋਦ ਲਏ ਉਠਾਲ। ਜੋਤੀ ਜੋਤ ਸਰੂਪ ਹਰਿ, ਸੰਤਨ ਵਸਿਆ ਸਾਚੇ ਘਰ, ਦਿਵਸ ਰੈਣ ਨੇਤਰ ਲੋਚਨ ਵੇਖੇ ਸਦਾ ਹਮੇਸ਼ ਹੈ।

Leave a Reply

This site uses Akismet to reduce spam. Learn how your comment data is processed.