Granth 05 Likhat 100: 17 Chet 2013 Bikarmi Tara Singh de Greh Pind Chambal Jila Amritsar

੧੭ ਚੇਤ ੨੦੧੩ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਜਗਤ ਬੁਲਾਇਆ ਬੋਲਦਾ, ਪ੍ਰਭ ਆਪ ਬੁਲਾਵਣਹਾਰਾ। ਕਾਇਆ ਮਾਟੀ ਸਭ ਦੀ ਫੋਲਦਾ, ਕਵਣ ਸ਼ਬਦ ਵਣਜਾਰਾ। ਨਾਮ ਹਾਟੀ ਏਕਾ ਖੋਲ੍ਹਦਾ, ਭਰਿਆ ਰਹੇ ਸਚ ਭੰਡਾਰਾ। ਵੇਲਾ ਨੇੜੇ ਕਲਾ ਸੋਲ ਦਾ, ਸੰਮਤ ਸੋਲਾਂ ਖੇਲ ਅਪਾਰਾ। ਚੁੱਕਿਆ ਝੇੜਾ ਰਸਨਾ ਬੋਲ ਦਾ, ਨਾ ਕੋਈ ਕਰੇ ਬੋਲ ਵਿਕਾਰਾ। ਹਰਿਜਨ ਸਾਚੇ ਫੜ ਫੜ ਆਪੇ ਮੇਲਦਾ, ਮੇਲਣਹਾਰ ਸੱਚੀ ਸਰਕਾਰਾ। ਵੇਖੇ ਖੇਲ ਗੁਰ ਗੁਰ ਚੇਲ ਦਾ, ਦ੍ਰਿਸ਼ਟ ਇਸ਼ਟ ਵੇਖੇ ਆਤਮ ਧਾਰਾ। ਏਕਾ ਰੰਗ ਰੰਗ ਨਵੇਲ ਦਾ, ਸ੍ਰਿਸ਼ਟ ਸਬਾਈ ਦਏ ਸਹਾਰਾ। ਜਨ ਭਗਤਾਂ ਨਾਤਾ ਤੁੱਟੇ ਧਰਮ ਰਾਏ ਦੀ ਜੇਲ੍ਹ ਦਾ, ਦੇਵੇ ਦਰਸ ਅਗੰਮ ਅਪਾਰਾ। ਜੁਗਾਂ ਜੁਗਾਂ ਦੇ ਵਿਛੜੇ ਫੜ ਫੜ ਬਾਹੋਂ ਮੇਲਦਾ, ਸਾਚੇ ਸ਼ਬਦ ਕਰੇ ਵਣਜਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਰੰਗ ਨਵੇਲ ਦਾ, ਹਰਿ ਕਰਤਾ ਕਰਨਹਾਰਾ। ਜਗਤ ਨਵੇਲਾ ਵਸਿਆ ਵੱਖਰ ਸੋਹੇ ਥਾਉਂ। ਏਕਾ ਰਾਹ ਸਾਚਾ ਦਸਿਆ, ਪੁਰਖ ਅਬਿਨਾਸ਼ੀ ਅਗੰਮ ਅਥਾਹੋ। ਸਚ ਦਵਾਰਾ ਆਪੇ ਬਹਿ ਬਹਿ ਹੱਸਿਆ, ਕਾਇਆ ਖੇੜਾ ਵੇਖੇ ਨਗਰ ਗਰਾਉਂ। ਸਚ ਵਣਜਾਰਾ ਜਗਤ ਵਸਿਆ, ਹੋਏ ਸਹਾਈ ਹਰਿਜਨ ਸਾਚੇ ਪੁਰਖ ਅਬਿਨਾਸ਼ੀ ਸਾਚੇ ਥਾਉਂ। ਏਕਾ ਤੀਰ ਨਿਰਾਲਾ ਕੱਸਿਆ, ਸੋਹੰ ਜਪਿਆ ਅਜਪਾ ਨਾਉਂ। ਮੇਟ ਮਿਟਾਏ ਰੈਣ ਅੰਧੇਰੀ ਮੱਸਿਆ, ਫੜ ਫੜ ਹੰਸ ਬਣਾਏ ਕਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਸੁਹੇਲਾ ਦੇਵੇ ਠੰਢੀ ਛਾਉਂ।