Granth 05 Likhat 111: 17 Harh 2013 Bikarmi Har Bhagat Dwar Jethuwal Akal Takhat Amritsar waaste Shabad

੧੭ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਅਕਾਲ ਤਖ਼ਤ ਅੰਮ੍ਰਿਤਸਰ ਵਾਸਤੇ ਸ਼ਬਦ

ਅਕਾਲ ਤਖ਼ਤ ਪ੍ਰਭ ਤਖ਼ਤ ਰਚਾਇਆ, ਸ਼ਬਦੀ ਬਣਤ ਬਣਾਈਆ। ਲੋਕਮਾਤੀ ਬਾਡੀ ਕੋਇ ਨਾ ਲਾਇਆ, ਦਿਸ ਕਿਸੇ ਨਾ ਆਈਆ। ਤਿੰਨ ਸੌ ਸੱਠ ਹਾਡੀ ਜੋੜ ਜੁੜਾਇਆ, ਨਾੜੀ ਬਹੱਤਰ ਤਾਣਾ ਪੇਟਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਤਖ਼ਤ ਸੁਹਾਈਆ। ਤਖ਼ਤ ਰਖਾਇਆ ਸਚ ਰੰਗ, ਹਰਿ ਸਾਚੇ ਸ਼ਾਹ ਸੁਲਤਾਨਿਆ। ਧੁਰ ਦਰਗਾਹੀ ਏਕਾ ਮੰਗ, ਨਾ ਕੋਈ ਦਿਸੇ ਹੋਰ ਨਿਸ਼ਾਨਿਆ। ਸ਼ਬਦ ਰੰਗੀਲਾ ਸਚ ਪਲੰਘ, ਹਰਿ ਸਾਚਾ ਆਪ ਵਿਛਾਨਿਆ। ਚਾਰੇ ਕੁੰਟਾਂ ਅੰਮ੍ਰਿਤ ਧਾਰਾ ਗੰਗ, ਪਵਣ ਠੰਢੀ ਠਾਰ ਰਖਾਨਿਆ। ਵੱਜੇ ਸ਼ਬਦ ਅਨਾਦੀ ਮਰਦੰਗ, ਹਰਿ ਏਕਾ ਤਾਲ ਵਜਾਨਿਆ। ਆਪੇ ਵਸੇ ਅੰਗ ਸੰਗ, ਚਾਰੇ ਕੁੰਟਾਂ ਵੇਖ ਵਖਾਨਿਆ। ਕੋਈ ਨਾ ਦਿਸੇ ਭੁੱਖ ਨੰਗ, ਨਾ ਮੰਗੇ ਪੈਸੇ ਧੇਲੇ ਦਵਾਨੀ ਚਵਾਨੀਆ। ਸਚ ਦਵਾਰਾ ਬੈਠਾ ਲੰਘ, ਅੱਠੇ ਪਹਿਰ ਸ਼ਬਦ ਕਹਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਖ਼ਸ਼ੇ ਜਗਤ ਨਿਸ਼ਾਨੀਆ। ਅਕਾਲ ਤਖ਼ਤ ਤਖ਼ਤ ਅਕਾਲ ਕਵਣ ਦੁਵਾਰ ਬਣਾਇੰਦਾ। ਕਵਣ ਕਰੇ ਕਰਾਏ ਪ੍ਰਿਤਪਾਲ, ਕਵਣ ਧਾਮ ਸੁਹਾਇੰਦਾ। ਕਵਣ ਵਿਛਾਏ ਉਪਰ ਦੁਸ਼ਾਲ, ਕਵਣ ਸਿੰਘਾਸਣ ਲਾਇੰਦਾ। ਕਵਣ ਰੰਗ ਚੜ੍ਹਾਏ ਗੁਲਾਲ, ਕਵਣ ਰੂਪ ਵਟਾਇੰਦਾ। ਕਵਣ ਸੁਹਾਏ ਸਾਚਾ ਤਾਲ, ਅੰਮ੍ਰਿਤ ਨਾਮ ਰਖਾਇੰਦਾ। ਕਵਣ ਮਾਰੇ ਸ਼ਬਦ ਉਛਾਲ, ਸਚ ਮੋਤੀ ਬਾਹਰ ਕਢਾਇੰਦਾ। ਕਵਣ ਤੋੜੇ ਜਗਤ ਜੰਜ਼ਾਲ, ਕਾਲ ਮਹਾਂਕਾਲ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਆਪ ਆਪਣਾ ਆਪ ਵਟਾਇੰਦਾ। ਤਖ਼ਤ ਅਕਾਲ ਜੋਤ ਅਕਾਲੀ, ਹਰਿ ਹਰਿ ਮਾਤ ਜਗਾਈਆ। ਏਕਾ ਮੰਗੇ ਸ਼ਬਦ ਦਲਾਲੀ, ਦੂਸਰ ਵਸਤ ਨਾ ਪਾਈਆ। ਆਤਮ ਵੱਜੇ ਸਾਚਾ ਤਾਲੀ, ਢੋਲਕ ਛੈਣਾ ਨਾ ਕੋਈ ਵਜਾਈਆ। ਉਚੇ ਮੰਦਰ ਦਿਸਣ ਖਾਲੀ, ਸਾਚੇ ਨੈਣਾ ਨਾ ਦਰਸ਼ਨ ਪਾਈਆ। ਨੀਲੇ ਬਸਤਰ ਰੰਗ ਰੰਗੀਲਾ ਕਾਲੀ, ਕਾਲੀ ਧਾਰ ਵਹਾਈਆ। ਪੁਰਖ ਅਬਿਨਾਸ਼ੀ ਅਵੱਲੜੀ ਚਾਲੀ, ਦੀਪਕ ਜੋਤ ਜਗੇ ਨਿਰਾਲੀ, ਸਚ ਸਿੰਘਾਸਣ ਡੇਰਾ ਲਾਈਆ। ਅੱਠੇ ਪਹਿਰ ਸਦਾ ਪ੍ਰਿਤਪਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਹਰਿ ਰਘੁਰਾਈਆ। ਅਕਾਲ ਤਖ਼ਤ ਕਲ ਕਾਲਾ ਬਾਣਾ, ਨੀਲੀ ਧਾਰ ਵਹਾਇੰਦਾ। ਕਵਣ ਗਿਆਨੀ ਸੁਘੜ ਸਿਆਣਾ, ਗੁਰ ਗੋਬਿੰਦਾ ਦਰਸ਼ਨ ਪਾਇੰਦਾ। ਕਵਣ ਬੁਧੀ ਜਗਤ ਬਿਬੇਕ ਆਤਮ ਜਾਣੇ ਬ੍ਰਹਮ ਗਿਆਨਾ, ਆਤਮ ਹਰਸ ਮਿਟਾਇੰਦਾ। ਕਵਣ ਫੜੇ ਤੀਰ ਕਮਾਨਾ, ਸ਼ਬਦ ਨਿਸ਼ਾਨਾ ਇਕ ਰਖਾਇੰਦਾ। ਕਵਣ ਜਗੇ ਜੋਤ ਮਹਾਨਾ, ਗੁਰੂ ਗ੍ਰੰਥ ਬਤਲਾਇੰਦਾ। ਕਵਣ ਰੂਪ ਸ੍ਰੀ ਭਗਵਾਨਾ, ਅਕਾਲ ਤਖ਼ਤ ਸੁਹਾਇੰਦਾ। ਕਵਣ ਬੰਨ੍ਹੇ ਹੱਥੀਂ ਗਾਨਾ, ਵੇਖ ਵਕਤ ਜਣਾਇੰਦਾ। ਕਵਣ ਸਰੋਵਰ ਸਚ ਇਸ਼ਨਾਨਾ, ਮੈਲ ਦੁਰਮਤ ਗਵਾਇੰਦਾ। ਕਵਣ ਆਤਮ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਕਵਣ ਸ਼ਬਦ ਗੁਰ ਮੰਤਰ ਜਗਤ ਬਿਬਾਣਾ, ਲੋਆਂ ਪੁਰੀਆਂ ਪਾਰ ਕਰਾਇੰਦਾ। ਕਵਣ ਵਖਾਏ ਸਚ ਟਿਕਾਣਾ, ਜ਼ਾਤ ਪਾਤੀ ਭੇਵ ਮਿਟਾਇੰਦਾ। ਕਵਣ ਸੁਣਾਏ ਸਾਚਾ ਗਾਣਾ, ਰਾਗ ਛਤੀਸਾ ਕਵਣ ਅਲਾਇੰਦਾ। ਕਵਣ ਬਤਾਏ ਆਪਣਾ ਭਾਣਾ, ਦੰਦ ਬਤੀਸਾ ਕਵਣ ਸੁਹਾਇੰਦਾ। ਕਵਣ ਬਣਾਏ ਰਾਜਾ ਰਾਣਾ, ਗਊ ਗਰੀਬਾਂ ਮਾਣ ਦਵਾਇੰਦਾ। ਕਵਣ ਸੋ ਹੋਏ ਜਾਣੀ ਜਾਣਾ, ਕਵਣ ਰਾਜ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰਿ ਮੰਦਰ ਵੇਖ ਵਖਾਇੰਦਾ। ਹਰਿ ਮੰਦਰ ਮਹੱਲ ਅਪਾਰ, ਕਵਣ ਬਣਾਇੰਦਾ। ਕਵਣ ਰਿਹਾ ਨੀਂਹ ਉਸਾਰ, ਦਰ ਦਰਵਾਜ਼ਾ ਕਵਣ ਲਗਾਇੰਦਾ। ਕਵਣ ਅੰਮ੍ਰਿਤ ਦੇਵੇ ਧਾਰ, ਬੂੰਦ ਸਵਾਂਤੀ ਮੁਖ ਚੁਆਇੰਦਾ। ਕਵਣ ਖੋਲ੍ਹੇ ਬੰਦ ਕਿਵਾੜ, ਇਕ ਇਕਾਂਤੀ ਖੇਲ ਰਚਾਇੰਦਾ। ਕਵਣ ਮਿਟਾਏ ਪੰਚਮ ਧਾੜ, ਪੰਚਮ ਮੇਲ ਮਿਲਾਇੰਦਾ। ਕਵਣ ਪੰਚਮ ਦੇਵੇ ਸਾੜ, ਕਵਣ ਪੰਚਮ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦਾ ਲੇਖ ਦਰ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਧੁਰ ਫ਼ਰਮਾਣਾ ਹਰਿ ਭਗਵਾਨ, ਸ਼ਬਦ ਲੇਖ ਲਿਖਾਈਆ। ਸੰਬਲ ਨਗਰੀ ਹਰਿ ਮਿਹਰਵਾਨ, ਏਕਾ ਜੋਤ ਜਗਾਈਆ। ਨੌਂ ਖੰਡ ਪ੍ਰਿਥਮੀ ਵੇਖਣਾ ਮਾਰ ਧਿਆਨ, ਕਵਣ ਧਾਮ ਸੁਹਾਈਆ। ਸਤਾਂ ਦੀਪਾਂ ਕਵਣ ਨਿਸ਼ਾਨ, ਗੁਰ ਗੋਬਿੰਦਾ ਲੇਖ ਲਿਖਾਈਆ। ਖਾਣੀ ਬਾਣੀ ਹੋਏ ਹੈਰਾਨ, ਵਾਲੀ ਹਿੰਦ ਦਿਸ ਨਾ ਆਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਆਤਮ ਚਿੰਦ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਸੁਨੇਹੜਾ ਦਰ ਘਲਾਈਆ। ਸ਼ਬਦ ਸੁਨੇਹੜਾ ਆਏ ਦਰ, ਲੈ ਕੇ ਧੁਰ ਫ਼ਰਮਾਣਾ। ਅੰਮ੍ਰਿਤ ਆਤਮ ਵੇਖੇ ਸਰ, ਸਰ ਅੰਮ੍ਰਿਤ ਕਵਣ ਟਿਕਾਣਾ। ਕਵਣ ਭੰਡਾਰੇ ਰਿਹਾ ਭਰ, ਦੇਵੇ ਸੱਚਾ ਦਾਨਾ। ਨਾ ਜਨਮੇ ਨਾ ਜਾਏ ਮਰ, ਖੇਲੇ ਖੇਲ ਮਹਾਨਾ। ਸੰਬਲ ਨਗਰੀ ਮਿਲਿਆ ਵਰ, ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ। ਆਪ ਚੁਕਾਇਆ ਆਪਣਾ ਡਰ, ਜਗਤ ਭੈ ਵਿਚ ਰਖਾਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਘਰ ਮੰਦਰ ਖੋਜ ਖੁਜਾਨਾ। ਹਰਿ ਮੰਦਰ ਚਾਰ ਦਿਵਾਰੀ ਚਾਰ ਦਰਵਾਜ਼ਿਆ। ਕਵਣ ਦਵਾਰੇ ਰਿਹਾ ਪੈਜ ਸਵਾਰੀ, ਮਾਰੇ ਅਵਾਜ਼ਿਆ। ਨੀਲੇ ਘੋੜੇ ਕਰ ਅਸਵਾਰੀ, ਦੁੜਾਏ ਵਡ ਰਾਜਨ ਰਾਜਿਆ। ਚਾਰੋਂ ਕੁੰਟ ਦਹਿ ਦਿਸ਼ਾ ਰਿਹਾ ਵਿਚਾਰੀ, ਪੁਰਖ ਅਬਿਨਾਸ਼ੀ ਸਾਚਾ ਸਾਜਨ ਸਾਜਿਆ। ਆਪੇ ਜਾਣੇ ਆਪਣੀ ਧਾਰੀ, ਪੁਰਖ ਅਗੰਮੜਾ ਅਗੰਮੜੀ ਕਾਰੀ, ਕਰੇ ਕਰਾਏ ਆਪਣਾ ਕਾਜਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਰ ਅੰਮ੍ਰਿਤ ਵੇਖੇ ਸ਼ਬਦ ਉਡਾਰੀ, ਕਵਣ ਦਵਾਰਾ ਕਵਣ ਰਿਹਾ ਉਡਾਈਆ। ਕਵਣ ਘੋੜੇ ਹੋ ਅਸਵਾਰਾ, ਪ੍ਰਭ ਵੇਖੇ ਥਾਉਂ ਥਾਈਂਆ। ਕਵਣ ਖੰਡਾ ਸ਼ਬਦ ਦੋ ਧਾਰਾ, ਆਤਮ ਲੇਖਾ ਰਿਹਾ ਚੁਕਾਈਆ। ਕਵਣ ਜੋਤੀ ਹਰਿ ਨਿਰੰਕਾਰ, ਲੋਕਮਾਤੀ ਦਇਆ ਕਮਾਈਆ। ਕਵਣ ਕਲੰਕੀ ਲੈ ਅਵਤਾਰ, ਵਰਨ ਗੋਤੀ ਦਏ ਮਿਟਾਈਆ। ਕਵਣ ਬੰਕੀ ਸੋਹੇ ਦਵਾਰ, ਹਰਿ ਰਸਨਾ ਸ਼ਬਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖ ਲਿਖਤ ਵਾਕ, ਦਰ ਦਵਾਰੇ ਰਿਹਾ ਪੁਜਾਈਆ। ਗੋਬਿੰਦ ਗੁਰੂ ਕਲ ਜਾਮਾ ਪਾਇਆ, ਅਲ੍ਹੜ ਵਰੇਸ ਨਿਧਾਨੀ। ਸ੍ਰਿਸ਼ਟ ਸਬਾਈ ਨਿੰਦ ਲਗਾਇਆ, ਭਰਮ ਭੁਲਾਏ ਵਡ ਵਡ ਗਿਆਨੀ। ਸਗਲੀ ਚਿੰਦ ਨਾ ਕੋਇ ਮਿਟਾਇਆ, ਪੜ੍ਹ ਪੜ੍ਹ ਥੱਕੇ ਵਡ ਵਿਦਵਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਲੇਖ ਅਠਾਰਾਂ ਮਾਰੇ ਤੀਰ ਕਾਨੀ। ਤੀਰ ਕਾਨੀ ਲੱਗੇ ਤਨ, ਹੋਏ ਆਤਮ ਘਾਤਿਆ। ਜਗਤ ਮਨੂਆਂ ਦੇਵੇ ਡੰਨ, ਹਰਿ ਖੇਲ ਕਮਲਾਪਾਤਿਆ। ਦਿਵਸ ਦਿਹਾੜੇ ਲਾਏ ਸੰਨ੍ਹ, ਕਲਜੁਗ ਰੈਣ ਅੰਧੇਰੀ ਰਾਤਿਆ। ਮਾਇਆ ਮਮਤਾ ਇਕੱਠਾ ਕੀਤਾ ਧਨ, ਅੰਤਮ ਪੈਣਾ ਡੂੰਘੇ ਖਾਤਿਆ। ਸੰਮਤ ਸਤਾਰਾਂ ਦੇਵੇ ਭੰਨ, ਲੇਖਾ ਚੁਕੇ ਜ਼ਾਤ ਪਾਤਿਆ। ਸੰਮਤ ਸੋਲਾਂ ਬੇੜਾ ਬੰਨ੍ਹ, ਆਪ ਨਿਭਾਏ ਆਪਣਾ ਸਾਥਿਆ। ਪਾਰ ਬਿਆਸੋਂ ਚਾੜ੍ਹੇ ਚੰਨ, ਹਰਿ ਹਰਿ ਤ੍ਰੈਲੋਕੀ ਨਾਥਿਆ। ਮੰਡਪ ਮਾੜੀ ਖੰਨ ਖੰਨ, ਨਾ ਕੋਈ ਗ੍ਰੰਥੀ ਗਾਏ ਗਾਥਿਆ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲਿਖਣਹਾਰ ਮਸਤਕ ਮਾਥਿਆ। ਸੰਬਲ ਨਗਰ ਭੇਵ ਖੁਲ੍ਹਾਉਣਾ, ਆਤਮ ਗਿਆਨ ਵਿਚਾਰੀ। ਪੁਰਖ ਅਬਿਨਾਸ਼ੀ ਧਾਮ ਸੁਹਾਉਣਾ, ਕਰੇ ਖੇਲ ਨਿਆਰੀ। ਬੀਸ ਇਕੀਸਾ ਹਰਿ ਅਖਵਾਉਣਾ, ਆਪੇ ਰਾਮ ਮੁਰਾਰੀ। ਰਾਗ ਛਤੀਸਾ ਲੇਖ ਚੁਕਾਉਣਾ, ਇਕ ਸ਼ਬਦ ਜੈਕਾਰੀ। ਵਰਨ ਗੋਤ ਕੋਈ ਰਹਿਣ ਨਾ ਪਾਉਣਾ, ਆਪੇ ਜਾਣੇ ਕੇਸਾ ਧਾਰੀ। ਸਰਨ ਵਰਨ ਪ੍ਰਭ ਇਕ ਰਖਾਉਣਾ, ਚਾਰ ਵਰਨਾ ਸੱਚੀ ਯਾਰੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਤਮ ਲੇਖਾ ਵੇਖ ਦਰ, ਸੰਬਲ ਨਗਰੀ ਇਕ ਇਕਗਰੀ ਵੇਖੇ ਚਾਰ ਦਿਵਾਰੀ। ਚਾਰ ਦਵਾਰੀ ਕਾਇਆ ਮਾਟ, ਕਵਣ ਕੂਟ ਉਪਾਈਆ। ਕਵਣ ਤੀਰਥ ਸਾਚਾ ਤਾਟ, ਅੰਮ੍ਰਿਤ ਘੁਟ ਪਿਆਈਆ। ਕਵਣ ਦੁਰਮਤ ਮੈਲ ਦੇਵੇ ਕਾਟ, ਸਚ ਸੀਰਤ ਮੁਖ ਚੁਆਈਆ। ਕਵਣ ਦੀਪਕ ਜੋਤ ਲਿਲਾਟ, ਕਾਇਆ ਮਾਟ ਜਗਾਈਆ। ਤਖ਼ਤ ਅਕਾਲ ਕਵਣ ਵਣਜ ਸਾਚੇ ਹਾਟ, ਕਵਣ ਮਾਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਸ਼ਬਦ ਮੰਗੇ ਇਕ ਵਰ, ਭੇਵ ਅਭੇਦਾ ਭੇਵ ਖੁਲ੍ਹਾਈਆ।

Leave a Reply

This site uses Akismet to reduce spam. Learn how your comment data is processed.